Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਰਮੇਸ਼ੁਰ ਦੇ ਲੋਕ ਕਦੋਂ ਤੋਂ ਲੈ ਕੇ ਕਦੋਂ ਤਕ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਸਨ?

ਪਰਮੇਸ਼ੁਰ ਦੇ ਲੋਕ ਦੂਜੀ ਸਦੀ ਤੋਂ ਲੈ ਕੇ ਵੀਹਵੀਂ ਸਦੀ ਯਾਨੀ 1919 ਤਕ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਸਨ। ਇਸ ਗੱਲ ਬਾਰੇ ਸਾਡੀ ਪੁਰਾਣੀ ਸਮਝ ਵਿਚ ਸੁਧਾਰ ਕਰਨ ਦੀ ਲੋੜ ਕਿਉਂ ਪਈ?

ਸਾਰੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ 1919 ਵਿਚ ਚੁਣੇ ਹੋਏ ਮਸੀਹੀਆਂ ਨੂੰ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਇਆ ਗਿਆ ਅਤੇ ਉਨ੍ਹਾਂ ਨੂੰ ਸ਼ੁੱਧ ਕੀਤੀ ਗਈ ਮੰਡਲੀ ਵਿਚ ਇਕੱਠਾ ਕੀਤਾ ਗਿਆ। ਇਸ ਗੱਲ ਬਾਰੇ ਸੋਚੋ: 1914 ਵਿਚ ਪਰਮੇਸ਼ੁਰ ਦਾ ਸਵਰਗੀ ਰਾਜ ਸ਼ੁਰੂ ਹੋਣ ਤੋਂ ਇਕਦਮ ਬਾਅਦ ਪਰਮੇਸ਼ੁਰ ਦੇ ਲੋਕਾਂ ਦੀ ਪਰਖ ਕੀਤੀ ਗਈ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਕੀਤਾ ਗਿਆ। * (ਮਲਾ. 3:1-4) ਫਿਰ 1919 ਵਿਚ ਯਿਸੂ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕੀਤਾ ਤਾਂਕਿ ਉਹ ਪਰਮੇਸ਼ੁਰ ਦੇ ਸ਼ੁੱਧ ਕੀਤੇ ਗਏ ਲੋਕਾਂ ਨੂੰ “ਸਹੀ ਸਮੇਂ ਤੇ ਭੋਜਨ ਦੇਵੇ।” (ਮੱਤੀ 24:45-47) ਇਸੇ ਸਾਲ ਪਰਮੇਸ਼ੁਰ ਦੇ ਲੋਕਾਂ ਨੂੰ ਮਹਾਂ ਬਾਬਲ ਤੋਂ ਆਜ਼ਾਦ ਕਰਾਇਆ ਗਿਆ। (ਪ੍ਰਕਾ. 18:4) ਪਰ ਪਰਮੇਸ਼ੁਰ ਦੇ ਲੋਕ ਮਹਾਂ ਬਾਬਲ ਦੇ ਗ਼ੁਲਾਮ ਕਦੋਂ ਬਣੇ?

ਪੁਰਾਣੇ ਪ੍ਰਕਾਸ਼ਨਾਂ ਵਿਚ ਸਮਝਾਇਆ ਗਿਆ ਸੀ ਕਿ ਪਰਮੇਸ਼ੁਰ ਦੇ ਲੋਕ 1918 ਵਿਚ ਕੁਝ ਸਮੇਂ ਲਈ ਮਹਾਂ ਬਾਬਲ ਦੇ ਗ਼ੁਲਾਮ ਸਨ। 15 ਮਾਰਚ 1992 ਦੇ ਪਹਿਰਾਬੁਰਜ ਵਿਚ ਲਿਖਿਆ ਸੀ: “ਜਿੱਦਾਂ ਇਜ਼ਰਾਈਲੀਆਂ ਨੂੰ ਬਾਬਲ ਸ਼ਹਿਰ ਵਿਚ ਗ਼ੁਲਾਮ ਬਣਾ ਕੇ ਲਿਜਾਇਆ ਗਿਆ ਸੀ, ਉਸੇ ਤਰ੍ਹਾਂ 1918 ਵਿਚ ਯਹੋਵਾਹ ਦੇ ਸੇਵਕ ਮਹਾਂ ਬਾਬਲ ਦੇ ਗ਼ੁਲਾਮ ਬਣ ਗਏ ਸਨ।” ਪਰ ਕਾਫ਼ੀ ਰੀਸਰਚ ਕਰ ਕੇ ਪਤਾ ਲੱਗਾ ਹੈ ਕਿ ਪਰਮੇਸ਼ੁਰ ਦੇ ਲੋਕ 1918 ਤੋਂ ਕਿਤੇ ਪਹਿਲਾਂ ਗ਼ੁਲਾਮੀ ਵਿਚ ਸਨ।

ਹਿਜ਼ਕੀਏਲ 37:1-14 ਦੀ ਭਵਿੱਖਬਾਣੀ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਦੇ ਲੋਕ ਗ਼ੁਲਾਮ ਬਣਾਏ ਜਾਣਗੇ ਅਤੇ ਬਾਅਦ ਵਿਚ ਉਨ੍ਹਾਂ ਨੂੰ ਆਜ਼ਾਦ ਕੀਤਾ ਜਾਵੇਗਾ। ਹਿਜ਼ਕੀਏਲ ਨੂੰ ਹੱਡੀਆਂ ਨਾਲ ਭਰੀ ਇਕ ਵਾਦੀ ਦਾ ਦਰਸ਼ਣ ਦਿਖਾਇਆ ਗਿਆ ਸੀ। ਯਹੋਵਾਹ ਨੇ ਕਿਹਾ: “ਇਹ ਹੱਡੀਆਂ ਇਸਰਾਏਲ ਦਾ ਸਾਰਾ ਘਰਾਣਾ ਹੈ।” (ਆਇਤ 11) ਇਹ ਆਇਤ ਇਜ਼ਰਾਈਲ ਕੌਮ ਅਤੇ “ਪਰਮੇਸ਼ੁਰ ਦੇ ਇਜ਼ਰਾਈਲ” ਯਾਨੀ ਚੁਣੇ ਹੋਏ ਮਸੀਹੀਆਂ ’ਤੇ ਵੀ ਢੁਕਦੀ ਹੈ। (ਗਲਾ. 6:16; ਰਸੂ. 3:21) ਉਸ ਦਰਸ਼ਣ ਵਿਚ ਸਾਰੀਆਂ ਹੱਡੀਆਂ ਵਿਚ ਜਾਨ ਆ ਗਈ ਅਤੇ ਉਨ੍ਹਾਂ ਤੋਂ ਲੋਕਾਂ ਦੀ ਇਕ ਵੱਡੀ ਫ਼ੌਜ ਬਣ ਗਈ। ਇਸ ਦਰਸ਼ਣ ਨੇ ਦਰਸਾਇਆ ਕਿ ਪਰਮੇਸ਼ੁਰ ਦੇ ਲੋਕਾਂ ਨੂੰ 1919 ਵਿਚ ਕਿਵੇਂ ਆਜ਼ਾਦ ਕੀਤਾ ਗਿਆ। ਪਰ ਇਸ ਭਵਿੱਖਬਾਣੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਹ ਬਹੁਤ ਲੰਬੇ ਸਮੇਂ ਤਕ ਗ਼ੁਲਾਮੀ ਵਿਚ ਸਨ?

ਪਹਿਲੀ ਗੱਲ, ਹਿਜ਼ਕੀਏਲ ਨੇ ਦੇਖਿਆ ਕਿ ਮਰੇ ਹੋਏ ਲੋਕਾਂ ਦੀਆਂ ਹੱਡੀਆਂ “ਬਹੁਤ ਸੁੱਕੀਆਂ” ਹੋਈਆਂ ਸਨ। (ਹਿਜ਼. 37:2, 11) ਇਸ ਦਾ ਮਤਲਬ ਹੈ ਕਿ ਬਹੁਤ ਲੰਬੇ ਸਮੇਂ ਤੋਂ ਇਹ ਲੋਕ ਮਰੇ ਹੋਏ ਸਨ। ਦੂਜੀ ਗੱਲ, ਹਿਜ਼ਕੀਏਲ ਨੇ ਦੇਖਿਆ ਕਿ ਲੋਕ ਇਕਦਮ ਜੀਉਂਦੇ ਨਹੀਂ, ਸਗੋਂ ਹੌਲੀ-ਹੌਲੀ ਜੀਉਂਦੇ ਹੋਏ ਸਨ। ਉਸ ਨੇ ਪਹਿਲਾਂ “ਇਕ ਸ਼ੋਰ” ਸੁਣਿਆ ਅਤੇ ਫਿਰ “ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ, ਹਰੇਕ ਹੱਡੀ ਆਪਣੀ ਹੱਡੀ ਨਾਲ।” ਫਿਰ ਉਸ ਨੇ ਦੇਖਿਆ ਹੱਡੀਆਂ ’ਤੇ “ਨਾੜਾਂ ਤੇ ਮਾਸ” ਚੜ੍ਹ ਗਿਆ। ਬਾਅਦ ਵਿਚ ਮਾਸ ਨੂੰ ਚੰਮ ਨੇ ਢੱਕ ਲਿਆ। ਫਿਰ ਲਾਸ਼ਾਂ ਵਿਚ ਸਾਹ ਪੈ ਗਿਆ ਅਤੇ ਲੋਕ ‘ਜੀਉਂਦੇ’ ਹੋ ਗਏ। ਅਖ਼ੀਰ ਵਿਚ ਯਹੋਵਾਹ ਨੇ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦੀ ਜ਼ਮੀਨ ਰਹਿਣ ਲਈ ਦਿੱਤੀ। ਇਹ ਸਾਰਾ ਕੁਝ ਹੋਣ ਲਈ ਸਮਾਂ ਲੱਗਣਾ ਸੀ।​—ਹਿਜ਼. 37:7-10, 14.

ਇਸ ਭਵਿੱਖਬਾਣੀ ਅਨੁਸਾਰ ਇਜ਼ਰਾਈਲੀ ਲੋਕ ਬਹੁਤ ਲੰਬੇ ਸਮੇਂ ਤਕ ਗ਼ੁਲਾਮੀ ਵਿਚ ਸਨ। 740 ਈਸਵੀ ਪੂਰਵ ਵਿਚ ਦਸ-ਗੋਤੀ ਉੱਤਰੀ ਰਾਜ ’ਤੇ ਹਮਲਾ ਹੋਇਆ ਅਤੇ ਬਹੁਤ ਸਾਰਿਆਂ ਨੂੰ ਗ਼ੁਲਾਮ ਬਣਾਇਆ ਗਿਆ। ਫਿਰ 607 ਈਸਵੀ ਪੂਰਵ ਵਿਚ ਬਾਬਲੀ ਲੋਕਾਂ ਨੇ ਯਰੂਸ਼ਲਮ ਦਾ ਨਾਸ਼ ਕੀਤਾ ਅਤੇ ਉਹ ਦੱਖਣੀ ਯਹੂਦਾਹ ਦੇ ਦੋ-ਗੋਤੀ ਰਾਜ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਲੈ ਗਏ। ਇਨ੍ਹਾਂ ਇਜ਼ਰਾਈਲੀਆਂ ਨੂੰ ਉਦੋਂ ਆਜ਼ਾਦੀ ਮਿਲੀ ਜਦੋਂ 537 ਈਸਵੀ ਪੂਰਵ ਵਿਚ ਕੁਝ ਯਹੂਦੀ ਮੰਦਰ ਬਣਾਉਣ ਅਤੇ ਸੱਚੀ ਭਗਤੀ ਦੁਬਾਰਾ ਸ਼ੁਰੂ ਕਰਨ ਲਈ ਯਰੂਸ਼ਲਮ ਵਾਪਸ ਆਏ।

ਸੋ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਚੁਣੇ ਹੋਏ ਮਸੀਹੀ ਜ਼ਰੂਰ ਕਾਫ਼ੀ ਲੰਬੇ ਸਮੇਂ ਤਕ ਮਹਾਂ ਬਾਬਲ ਦੇ ਗ਼ੁਲਾਮ ਸਨ, ਨਾ ਕਿ ਸਿਰਫ਼ 1918 ਤੋਂ 1919 ਤਕ। ਯਿਸੂ ਨੇ ਵੀ ਇਸ ਲੰਬੇ ਸਮੇਂ ਬਾਰੇ ਗੱਲ ਕੀਤੀ ਸੀ ਜਦੋਂ ਉਸ ਨੇ ਕਿਹਾ ਸੀ ਕਿ ਜੰਗਲੀ ਬੂਟੀ ਯਾਨੀ ਝੂਠੇ ਮਸੀਹੀ ਚੰਗੀ ਫ਼ਸਲ ਯਾਨੀ ‘ਰਾਜ ਦੇ ਪੁੱਤਰਾਂ’ ਦੇ ਨਾਲ-ਨਾਲ ਵਧਣਗੇ। (ਮੱਤੀ 13:36-43) ਇਸ ਸਮੇਂ ਦੌਰਾਨ ਸਿਰਫ਼ ਮੁੱਠੀ ਭਰ ਸੱਚੇ ਮਸੀਹੀ ਸਨ। ਜ਼ਿਆਦਾਤਰ ਲੋਕ ਸੱਚੇ ਮਸੀਹੀ ਹੋਣ ਦਾ ਦਾਅਵਾ ਕਰਦੇ ਸਨ, ਪਰ ਇਹ ਲੋਕ ਝੂਠੀਆਂ ਸਿੱਖਿਆਵਾਂ ਅਪਣਾ ਕੇ ਧਰਮ-ਤਿਆਗੀ ਬਣ ਗਏ ਸਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਮਸੀਹੀ ਮੰਡਲੀ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਸੀ। ਇਹ ਗ਼ੁਲਾਮੀ ਦੂਜੀ ਸਦੀ ਤੋਂ ਸ਼ੁਰੂ ਹੋ ਕੇ ਉਸ ਸਮੇਂ ਤਕ ਰਹੀ ਜਦੋਂ ਆਖ਼ਰੀ ਦਿਨਾਂ ਦੌਰਾਨ ਪਰਮੇਸ਼ੁਰ ਦੇ ਮੰਦਰ ਦੀ ਸਫ਼ਾਈ ਕੀਤੀ ਗਈ।​—ਰਸੂ. 20:29, 30; 2 ਥੱਸ. 2:3, 6; 1 ਯੂਹੰ. 2:18, 19.

ਉਨ੍ਹਾਂ ਸੈਂਕੜੇ ਸਾਲਾਂ ਦੀ ਗ਼ੁਲਾਮੀ ਦੌਰਾਨ ਚਰਚ ਅਤੇ ਰਾਜਨੀਤਿਕ ਆਗੂਆਂ ਕੋਲ ਬਹੁਤ ਜ਼ਿਆਦਾ ਤਾਕਤ ਸੀ। ਉਹ ਲੋਕਾਂ ਤੋਂ ਪਰਮੇਸ਼ੁਰ ਦਾ ਬਚਨ ਦੂਰ ਰੱਖਦੇ ਸਨ। ਮਿਸਾਲ ਲਈ, ਉਸ ਸਮੇਂ ਆਪਣੇ ਕੋਲ ਬਾਈਬਲ ਰੱਖਣੀ ਜਾਂ ਸੌਖੀ ਭਾਸ਼ਾ ਵਿਚ ਬਾਈਬਲ ਪੜ੍ਹਨੀ ਗੁਨਾਹ ਸੀ। ਇੱਥੋਂ ਤਕ ਕਿ ਬਾਈਬਲ ਪੜ੍ਹਨ ਕਰਕੇ ਕੁਝ ਜਣਿਆਂ ਨੂੰ ਸੂਲ਼ੀ ’ਤੇ ਜੀਉਂਦੇ ਸਾੜਿਆ ਗਿਆ ਸੀ। ਨਾਲੇ ਜਿਹੜੇ ਲੋਕ ਚਰਚ ਦੀਆਂ ਸਿੱਖਿਆਵਾਂ ਖ਼ਿਲਾਫ਼ ਕੁਝ ਕਹਿੰਦੇ ਸਨ, ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ। ਉਸ ਸਮੇਂ ਪਰਮੇਸ਼ੁਰ ਬਾਰੇ ਸਿੱਖਣਾ ਜਾਂ ਕਿਸੇ ਹੋਰ ਨੂੰ ਬਾਈਬਲ ਦੀ ਸੱਚਾਈ ਸਿਖਾਉਣੀ ਬਹੁਤ ਹੀ ਔਖੀ ਸੀ।

ਅਸੀਂ ਹਿਜ਼ਕੀਏਲ ਦੇ ਦਰਸ਼ਣ ਤੋਂ ਇਹ ਵੀ ਸਿੱਖਦੇ ਹਾਂ ਕਿ ਪਰਮੇਸ਼ੁਰ ਦੇ ਲੋਕ ਹੌਲੀ-ਹੌਲੀ ਜੀਉਂਦੇ ਹੋ ਕੇ ਝੂਠੇ ਧਰਮਾਂ ਤੋਂ ਆਜ਼ਾਦ ਹੋਏ। ਸੋ ਇਹ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ ਸੀ? ਦਰਸ਼ਣ ਵਿਚ “ਇੱਕ ਸ਼ੋਰ” ਦਾ ਜ਼ਿਕਰ ਕੀਤਾ ਗਿਆ ਹੈ। ਇਹ ਸ਼ੋਰ ਆਖ਼ਰੀ ਸਮੇਂ ਤੋਂ ਕੁਝ ਸੈਂਕੜੇ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਉਨ੍ਹਾਂ ਸਾਲਾਂ ਦੌਰਾਨ ਸਾਰੇ ਪਾਸੇ ਝੂਠੀਆਂ ਸਿੱਖਿਆਵਾਂ ਹੋਣ ਦੇ ਬਾਵਜੂਦ ਵੀ ਕੁਝ ਵਫ਼ਾਦਾਰ ਲੋਕ ਸੱਚਾਈ ਦੀ ਤਲਾਸ਼ ਵਿਚ ਸਨ ਅਤੇ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੁੰਦੇ ਸਨ। ਉਨ੍ਹਾਂ ਨੇ ਬਾਈਬਲ ਨੂੰ ਚੰਗੀ ਤਰ੍ਹਾਂ ਪੜ੍ਹਿਆ ਅਤੇ ਹੋਰਨਾਂ ਨੂੰ ਵੀ ਬਾਈਬਲ ਬਾਰੇ ਸਿਖਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ। ਕੁਝ ਲੋਕਾਂ ਨੇ ਬਾਈਬਲ ਦਾ ਸੌਖੀ ਭਾਸ਼ਾ ਵਿਚ ਅਨੁਵਾਦ ਕਰਨ ਲਈ ਸਖ਼ਤ ਮਿਹਨਤ ਕੀਤੀ।

ਫਿਰ ਲਗਭਗ 1870 ਵਿਚ ਚਾਰਲਸ ਟੇਜ਼ ਰਸਲ ਅਤੇ ਉਸ ਦੇ ਸਾਥੀਆਂ ਨੇ ਬਾਈਬਲ ਦੀਆਂ ਸੱਚਾਈਆਂ ਨੂੰ ਲੱਭਣ ਅਤੇ ਯਹੋਵਾਹ ਦੀ ਭਗਤੀ ਕਰਨ ਵਿਚ ਅੱਡੀ-ਚੋਟੀ ਦਾ ਜ਼ੋਰ ਲਾਇਆ। ਕਿਹਾ ਜਾ ਸਕਦਾ ਹੈ ਕਿ ਉਸ ਸਮੇਂ ਹੱਡੀਆਂ ’ਤੇ ਨਾੜਾਂ, ਮਾਸ ਅਤੇ ਚੰਮ ਚੜ੍ਹਨਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਨੇ ਜ਼ਾਇਨਸ ਵਾਚ ਟਾਵਰ ਅਤੇ ਹੋਰ ਪ੍ਰਕਾਸ਼ਨਾਂ ਰਾਹੀਂ ਲੋਕਾਂ ਦੀ ਸੱਚਾਈ ਸਮਝਣ ਵਿਚ ਮਦਦ ਕੀਤੀ। ਫਿਰ 1914 ਵਿਚ “ਸ੍ਰਿਸ਼ਟੀ ਦੇ ਫੋਟੋ-ਡਰਾਮਾ” (ਅੰਗ੍ਰੇਜ਼ੀ) ਅਤੇ 1917 ਵਿਚ ਪ੍ਰਗਟ ਹੋਇਆ ਭੇਦ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਨੇ ਯਹੋਵਾਹ ਦੇ ਲੋਕਾਂ ਦੀ ਨਿਹਚਾ ਪੱਕੀ ਕੀਤੀ। ਇਹ ਸਾਰਾ ਕੁਝ ਹੋਣ ਤੋਂ ਬਾਅਦ 1919 ਵਿਚ ਪਰਮੇਸ਼ੁਰ ਨੇ ਮਾਨੋ ਆਪਣੇ ਲੋਕਾਂ ਨੂੰ ਜ਼ਿੰਦਗੀ ਅਤੇ ਰਹਿਣ ਲਈ ਇਕ ਨਵੀਂ ਜ਼ਮੀਨ ਦਿੱਤੀ ਹੋਵੇ। ਉਸ ਸਮੇਂ ਤੋਂ ਧਰਤੀ ’ਤੇ ਹਮੇਸ਼ਾ ਰਹਿਣ ਦੀ ਉਮੀਦ ਰੱਖਣ ਵਾਲੇ ਮਸੀਹੀ ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਆਏ ਹਨ ਅਤੇ ਉਹ “ਇੱਕ ਬਹੁਤ ਹੀ ਵੱਡੀ ਫੌਜ” ਬਣ ਗਏ ਹਨ।​—ਹਿਜ਼. 37:10; ਜ਼ਕ. 8:20-23. *

ਇਨ੍ਹਾਂ ਸਾਰੀਆਂ ਗੱਲਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਲੋਕ ਦੂਜੀ ਸਦੀ ਵਿਚ ਮਹਾਂ ਬਾਬਲ ਦੇ ਗ਼ੁਲਾਮ ਬਣੇ ਸਨ। ਇਹ ਬਹੁਤ ਹੀ ਬੁਰਾ ਸਮਾਂ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸੱਚਾਈ ਠੁਕਰਾ ਦਿੱਤੀ ਸੀ ਅਤੇ ਝੂਠੇ ਧਰਮਾਂ ਦੀਆਂ ਸਿੱਖਿਆਵਾਂ ਅਪਣਾ ਕੇ ਧਰਮ-ਤਿਆਗੀ ਬਣ ਗਏ ਸਨ। ਕਾਫ਼ੀ ਸਾਲਾਂ ਤਕ ਪਰਮੇਸ਼ੁਰ ਦੇ ਲੋਕਾਂ ਲਈ ਉਸ ਦੀ ਭਗਤੀ ਕਰਨੀ ਬਹੁਤ ਮੁਸ਼ਕਲ ਸੀ, ਜਿੱਦਾਂ ਬਾਬਲ ਦੀ ਗ਼ੁਲਾਮੀ ਵਿਚ ਇਜ਼ਰਾਈਲੀਆਂ ਲਈ ਸੀ। ਪਰ ਅੱਜ ਅਸੀਂ ਕਿੰਨੇ ਖ਼ੁਸ਼ ਹਾਂ ਕਿ ਪਰਮੇਸ਼ੁਰ ਦੇ ਲੋਕ ਝੂਠੇ ਧਰਮਾਂ ਦੀ ਸੈਂਕੜੇ ਸਾਲਾਂ ਦੀ ਗ਼ੁਲਾਮੀ ਤੋਂ ਬਾਅਦ ਉਸ ਸਮੇਂ ਵਿਚ ਜੀ ਰਹੇ ਹਨ ਜਦੋਂ “ਬੁੱਧਵਾਨ . . . ਚਮਕਣਗੇ” ਅਤੇ “ਬਥੇਰੇ ਆਪਣੇ ਆਪ ਨੂੰ ਪਵਿੱਤ੍ਰ ਕਰਨਗੇ” ਅਤੇ “ਤਾਏ ਜਾਣਗੇ।”​—ਦਾਨੀ. 12:3, 10.

ਜਦੋਂ ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ, ਕੀ ਉਹ ਯਿਸੂ ਨੂੰ ਸੱਚੀਂ-ਮੁੱਚੀ ਮੰਦਰ ਵਿਚ ਲੈ ਕੇ ਗਿਆ ਸੀ ਜਾਂ ਉਸ ਨੂੰ ਸਿਰਫ਼ ਦਰਸ਼ਨ ਵਿਚ ਮੰਦਰ ਦਿਖਾਇਆ ਸੀ?

ਅਸੀਂ ਪੱਕੀ ਤਰ੍ਹਾਂ ਨਹੀਂ ਜਾਣਦੇ ਕਿ ਸ਼ੈਤਾਨ ਨੇ ਯਿਸੂ ਨੂੰ ਮੰਦਰ ਕਿਵੇਂ ਦਿਖਾਇਆ ਸੀ।

ਬਾਈਬਲ ਦੇ ਲਿਖਾਰੀਆਂ ਮੱਤੀ ਅਤੇ ਲੂਕਾ ਦੋਵਾਂ ਨੇ ਲਿਖਿਆ ਕਿ ਉਸ ਵੇਲੇ ਕੀ ਹੋਇਆ ਸੀ। ਮੱਤੀ ਨੇ ਕਿਹਾ: “ਸ਼ੈਤਾਨ ਉਸ [ਯਿਸੂ] ਨੂੰ ਪਵਿੱਤਰ ਸ਼ਹਿਰ ਵਿਚ ਲੈ ਗਿਆ ਅਤੇ ਉਸ ਨੂੰ ਮੰਦਰ ਦੀ ਇਕ ਬਹੁਤ ਉੱਚੀ ਕੰਧ ਉੱਤੇ ਖੜ੍ਹਾ” ਕੀਤਾ। (ਮੱਤੀ 4:5) ਲੂਕਾ ਨੇ ਵੀ ਕਿਹਾ: “ਸ਼ੈਤਾਨ ਉਸ ਨੂੰ ਯਰੂਸ਼ਲਮ ਵਿਚ ਲੈ ਗਿਆ ਅਤੇ ਮੰਦਰ ਦੀ ਇਕ ਬਹੁਤ ਉੱਚੀ ਕੰਧ ਉੱਤੇ ਖੜ੍ਹਾ” ਕੀਤਾ।​—ਲੂਕਾ 4:9.

ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਦੱਸਿਆ ਗਿਆ ਸੀ ਕਿ ਸ਼ੈਤਾਨ ਯਿਸੂ ਦੀ ਪਰੀਖਿਆ ਲੈਣ ਲਈ ਸ਼ਾਇਦ ਉਸ ਨੂੰ ਸੱਚੀਂ-ਮੁੱਚੀ ਮੰਦਰ ਵਿਚ ਨਹੀਂ ਲੈ ਕੇ ਗਿਆ ਸੀ। ਪਹਿਰਾਬੁਰਜ 1 ਮਾਰਚ 1961 ਵਿਚ ਇਸ ਦੀ ਤੁਲਨਾ ਉਸ ਪਰੀਖਿਆ ਨਾਲ ਕੀਤੀ ਸੀ ਜਦੋਂ ਸ਼ੈਤਾਨ ਨੇ ਯਿਸੂ ਨੂੰ ਪਹਾੜ ਤੋਂ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਦਿਖਾਈਆਂ ਸਨ। ਪਹਿਰਾਬੁਰਜ ਵਿਚ ਕਿਹਾ ਗਿਆ ਸੀ ਕਿ ਅਜਿਹਾ ਕੋਈ ਵੀ ਉੱਚਾ ਪਹਾੜ ਨਹੀਂ ਹੈ ਜਿੱਥੋਂ ਕੋਈ ਵੀ ਇਨਸਾਨ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਦੇਖ ਸਕੇ। ਫਿਰ ਉਸੇ ਪਹਿਰਾਬੁਰਜ ਵਿਚ ਕਿਹਾ ਗਿਆ ਸੀ ਕਿ ਇਸੇ ਤਰ੍ਹਾਂ ਸ਼ਾਇਦ ਸ਼ੈਤਾਨ ਯਿਸੂ ਨੂੰ ਸੱਚੀਂ-ਮੁੱਚੀ ਮੰਦਰ ਨਹੀਂ ਲੈ ਕੇ ਗਿਆ ਸੀ। ਪਰ ਬਾਅਦ ਵਿਚ ਪਹਿਰਾਬੁਰਜ ਦੇ ਹੋਰ ਲੇਖਾਂ ਵਿਚ ਦੱਸਿਆ ਗਿਆ ਸੀ ਕਿ ਜੇ ਯਿਸੂ ਮੰਦਰ ਤੋਂ ਛਾਲ ਮਾਰ ਦਿੰਦਾ, ਤਾਂ ਸ਼ਾਇਦ ਉਹ ਮਰ ਜਾਂਦਾ।

ਕੁਝ ਕਹਿੰਦੇ ਹਨ ਕਿ ਲੇਵੀ ਨਾ ਹੋਣ ਕਰਕੇ ਯਿਸੂ ਨੂੰ ਮੰਦਰ ਦੀ ਪਵਿੱਤਰ ਜਗ੍ਹਾ ’ਤੇ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਲਈ ਉਹ ਕਹਿੰਦੇ ਹਨ ਕਿ ਸ਼ੈਤਾਨ ਨੇ ਯਿਸੂ ਨੂੰ ਦਰਸ਼ਨ ਦਿਖਾ ਕੇ ਪਰਖਣ ਦੀ ਕੋਸ਼ਿਸ਼ ਕੀਤੀ ਸੀ। ਸੈਂਕੜੇ ਸਾਲ ਪਹਿਲਾਂ ਹਿਜ਼ਕੀਏਲ ਨੂੰ ਵੀ ਦਰਸ਼ਣ ਵਿਚ ਮੰਦਰ ਲਿਜਾਇਆ ਗਿਆ ਸੀ।​—ਹਿਜ਼. 8:3, 7-10; 11:1, 24; 37:1, 2.

ਪਰ ਜੇ ਯਿਸੂ ਨੂੰ ਦਰਸ਼ਨ ਵਿਚ ਮੰਦਰ ਲਿਜਾਇਆ ਗਿਆ ਸੀ, ਤਾਂ ਕਈ ਸ਼ਾਇਦ ਸੋਚਣ:

  • ਕੀ ਯਿਸੂ ਸੱਚੀ ਮੰਦਰ ਤੋਂ ਛਾਲ ਮਾਰਨ ਲਈ ਭਰਮਾਇਆ ਜਾਂਦਾ?

  • ਜਦੋਂ ਹੋਰ ਮੌਕਿਆਂ ’ਤੇ ਸ਼ੈਤਾਨ ਨੇ ਯਿਸੂ ਨੂੰ ਪਰਖਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਯਿਸੂ ਨੂੰ ਕਿਹਾ ਕਿ ਉਹ ਸੱਚੀਂ-ਮੁੱਚੀ ਦੇ ਪੱਥਰਾਂ ਨੂੰ ਰੋਟੀਆਂ ਬਣਾ ਦੇਵੇ ਅਤੇ ਯਿਸੂ ਸੱਚੀਂ-ਮੁੱਚੀ ਉਸ ਨੂੰ ਮੱਥਾ ਟੇਕੇ। ਸੋ ਕੀ ਇਹ ਮੁਮਕਿਨ ਹੈ ਕਿ ਸ਼ੈਤਾਨ ਇਹ ਵੀ ਚਾਹੁੰਦਾ ਸੀ ਕਿ ਯਿਸੂ ਮੰਦਰ ਤੋਂ ਸੱਚੀ ਛਾਲ ਮਾਰੇ?

ਪਰ ਜੇ ਸ਼ੈਤਾਨ ਨੇ ਯਿਸੂ ਨੂੰ ਦਰਸ਼ਨ ਨਹੀਂ ਦਿਖਾਇਆ ਸੀ ਅਤੇ ਉਸ ਨੂੰ ਸੱਚੀ ਮੰਦਰ ਲੈ ਕੇ ਗਿਆ ਸੀ, ਤਾਂ ਕਈ ਸ਼ਾਇਦ ਸੋਚਣ:

  • ਕੀ ਮੰਦਰ ਦੀ ਪਵਿੱਤਰ ਜਗ੍ਹਾ ਵਿਚ ਖੜ੍ਹੇ ਹੋ ਕੇ ਯਿਸੂ ਨੇ ਮੂਸਾ ਦਾ ਕਾਨੂੰਨ ਤੋੜਿਆ ਸੀ?

  • ਯਿਸੂ ਉਜਾੜ ਵਿੱਚੋਂ ਯਰੂਸ਼ਲਮ ਦੇ ਮੰਦਰ ਕਿਵੇਂ ਪਹੁੰਚਿਆ?

ਆਓ ਆਪਾਂ ਕੁਝ ਹੋਰ ਜਾਣਕਾਰੀ ’ਤੇ ਸੋਚ-ਵਿਚਾਰ ਕਰੀਏ ਜੋ ਸਾਡੀ ਇਨ੍ਹਾਂ ਆਖ਼ਰੀ ਦੋ ਸਵਾਲਾਂ ਦੇ ਜਵਾਬ ਲੈਣ ਵਿਚ ਮਦਦ ਕਰੇਗੀ।

ਪ੍ਰੋਫ਼ੈਸਰ ਡੀ. ਏ. ਕਾਰਸਨ ਨੇ ਲਿਖਿਆ ਕਿ ਮੱਤੀ ਤੇ ਲੂਕਾ ਨੇ “ਮੰਦਰ” ਲਈ ਜੋ ਯੂਨਾਨੀ ਸ਼ਬਦ ਵਰਤਿਆ, ਉਹ ਸ਼ਾਇਦ ਪੂਰੇ ਮੰਦਰ ਨੂੰ ਸੰਕੇਤ ਕਰਦਾ ਹੈ, ਨਾ ਕਿ ਸਿਰਫ਼ ਪਵਿੱਤਰ ਜਗ੍ਹਾ ਨੂੰ ਜਿੱਥੇ ਸਿਰਫ਼ ਲੇਵੀਆਂ ਨੂੰ ਜਾਣ ਦੀ ਇਜਾਜ਼ਤ ਸੀ। ਮੰਦਰ ਦੇ ਦੱਖਣ-ਪੂਰਬ ਵੱਲ ਇਕ ਛੱਤ ਸੀ ਜੋ ਮੰਦਰ ਵਿਚ ਸਭ ਤੋਂ ਉੱਚੀ ਸੀ। ਸ਼ਾਇਦ ਯਿਸੂ ਨੂੰ ਉਸ ਛੱਤ ’ਤੇ ਲਿਜਾਇਆ ਗਿਆ ਹੋਵੇ। ਉੱਥੋਂ ਕਿਦਰੋਨ ਘਾਟੀ ਲਗਭਗ 450 ਫੁੱਟ (140 ਮੀਟਰ) ਡੂੰਘੀ ਸੀ। ਇਤਿਹਾਸਕਾਰ ਜੋਸੀਫ਼ਸ ਨੇ ਕਿਹਾ ਕਿ ਇਹ ਜਗ੍ਹਾ ਇੰਨੀ ਉੱਚੀ ਸੀ ਕਿ ਜੇ ਕੋਈ ਇੱਥੋਂ ਖੜ੍ਹਾ ਹੋ ਕੇ ਥੱਲੇ ਨੂੰ ਦੇਖਦਾ, ਤਾਂ ਉਸ ਨੂੰ “ਚੱਕਰ ਆਉਣ ਲੱਗ ਪੈਣੇ ਸਨ।” ਭਾਵੇਂ ਕਿ ਯਿਸੂ ਲੇਵੀ ਨਹੀਂ ਸੀ, ਪਰ ਉਹ ਮੰਦਰ ਦੀ ਉਸ ਜਗ੍ਹਾ ’ਤੇ ਜਾ ਸਕਦਾ ਸੀ ਅਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਸੀ।

ਪਰ ਯਿਸੂ ਉਜਾੜ ਵਿੱਚੋਂ ਯਰੂਸ਼ਲਮ ਦੇ ਮੰਦਰ ਕਿਵੇਂ ਪਹੁੰਚਿਆ? ਸਾਨੂੰ ਪੱਕਾ ਨਹੀਂ ਪਤਾ। ਬਾਈਬਲ ਸਿਰਫ਼ ਇਹੀ ਕਹਿੰਦੀ ਹੈ ਕਿ ਯਿਸੂ ਨੂੰ ਯਰੂਸ਼ਲਮ ਲਿਜਾਇਆ ਗਿਆ। ਇਹ ਨਹੀਂ ਦੱਸਿਆ ਗਿਆ ਕਿ ਉਹ ਯਰੂਸ਼ਲਮ ਤੋਂ ਕਿੰਨੀ ਦੂਰ ਸੀ ਜਾਂ ਸ਼ੈਤਾਨ ਨੇ ਉਸ ਦੀ ਕਿੰਨੀ ਦੇਰ ਤਕ ਪਰੀਖਿਆ ਲਈ। ਸੋ ਹੋ ਸਕਦਾ ਹੈ ਕਿ ਯਿਸੂ ਯਰੂਸ਼ਲਮ ਨੂੰ ਤੁਰ ਕੇ ਗਿਆ ਹੋਵੇ ਭਾਵੇਂ ਉਸ ਨੂੰ ਪਹੁੰਚਣ ਲਈ ਸ਼ਾਇਦ ਕਾਫ਼ੀ ਸਮਾਂ ਲੱਗਾ ਹੋਵੇ।

ਸ਼ੈਤਾਨ ਨੇ ਯਿਸੂ ਨੂੰ “ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ” ਸ਼ਾਇਦ ਦਰਸ਼ਨ ਰਾਹੀਂ ਦਿਖਾਈਆਂ ਹੋਣ ਕਿਉਂਕਿ ਧਰਤੀ ’ਤੇ ਕਿਸੇ ਵੀ ਪਹਾੜ ਤੋਂ ਸਾਰੀਆਂ ਬਾਦਸ਼ਾਹੀਆਂ ਨਹੀਂ ਦੇਖੀਆਂ ਜਾ ਸਕਦੀਆਂ। ਸ਼ੈਤਾਨ ਨੇ ਸ਼ਾਇਦ ਬਾਦਸ਼ਾਹੀਆਂ ਇਸ ਤਰ੍ਹਾਂ ਦਿਖਾਈਆਂ ਹੋਣ ਜਿਵੇਂ ਅਸੀਂ ਕਿਸੇ ਨੂੰ ਦੁਨੀਆਂ ਦੇ ਕਿਸੇ ਹੋਰ ਹਿੱਸੇ ਦੀਆਂ ਤਸਵੀਰਾਂ ਟੀ. ਵੀ. ਰਾਹੀਂ ਦਿਖਾ ਸਕਦੇ ਹਾਂ। ਭਾਵੇਂ ਕਿ ਸ਼ੈਤਾਨ ਨੇ ਯਿਸੂ ਨੂੰ ਦਰਸ਼ਨ ਦਿਖਾਇਆ ਹੋਵੇ, ਪਰ ਉਹ ਚਾਹੁੰਦਾ ਸੀ ਕਿ ਯਿਸੂ ਸੱਚੀਂ-ਮੁੱਚੀ ਝੁਕ ਕੇ ਉਸ ਨੂੰ ‘ਮੱਥਾ ਟੇਕੇ।’ (ਮੱਤੀ 4:8, 9) ਸੋ ਜਦੋਂ ਸ਼ੈਤਾਨ ਯਿਸੂ ਨੂੰ ਮੰਦਰ ਵਿਚ ਲੈ ਕੇ ਗਿਆ, ਤਾਂ ਮੁਮਕਿਨ ਹੈ ਕਿ ਉਹ ਚਾਹੁੰਦਾ ਸੀ ਕਿ ਯਿਸੂ ਸੱਚੀਂ-ਮੁੱਚੀ ਮੰਦਰ ਤੋਂ ਛਾਲ ਮਾਰ ਕੇ ਆਪਣੀ ਜਾਨ ਖ਼ਤਰੇ ਵਿਚ ਪਾਵੇ। ਪਰ ਯਿਸੂ ਨੇ ਇਸ ਤਰ੍ਹਾਂ ਨਹੀਂ ਕੀਤਾ। ਸੋ ਜੇ ਯਿਸੂ ਨੂੰ ਦਰਸ਼ਨ ਰਾਹੀਂ ਮੰਦਰ ਲਿਜਾਇਆ ਜਾਂਦਾ, ਤਾਂ ਪਰੀਖਿਆ ਦਾ ਕੋਈ ਮਤਲਬ ਨਹੀਂ ਰਹਿਣਾ ਸੀ।

ਸੋ ਇਹ ਮੁਮਕਿਨ ਹੈ ਕਿ ਯਿਸੂ ਸੱਚੀ ਯਰੂਸ਼ਲਮ ਗਿਆ ਸੀ ਅਤੇ ਮੰਦਰ ਦੀ ਸਭ ਤੋਂ ਉੱਚੀ ਜਗ੍ਹਾ ਖੜ੍ਹਾ ਹੋਇਆ ਸੀ। ਪਰ ਜਿੱਦਾਂ ਅਸੀਂ ਸ਼ੁਰੂ ਵਿਚ ਕਿਹਾ ਸੀ ਕਿ ਸਾਨੂੰ ਪੱਕਾ ਨਹੀਂ ਪਤਾ ਕਿ ਸ਼ੈਤਾਨ ਨੇ ਯਿਸੂ ਨੂੰ ਮੰਦਰ ਕਿਵੇਂ ਦਿਖਾਇਆ ਸੀ। ਪਰ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਸ਼ੈਤਾਨ ਲਗਾਤਾਰ ਯਿਸੂ ਨੂੰ ਪਰਮੇਸ਼ੁਰ ਦੀ ਇੱਛਾ ਤੋਂ ਉਲਟ ਕੰਮ ਕਰਨ ਲਈ ਭਰਮਾਉਂਦਾ ਰਿਹਾ, ਪਰ ਯਿਸੂ ਨੇ ਹਰ ਵਾਰ ਸਾਫ਼ ਇਨਕਾਰ ਕੀਤਾ।

^ ਪੈਰਾ 12 ਹਿਜ਼ਕੀਏਲ 37:1-14 ਅਤੇ ਪ੍ਰਕਾਸ਼ ਦੀ ਕਿਤਾਬ 11:7-12 ਦੀਆਂ ਆਇਤਾਂ 1919 ਵਿਚ ਹੋਈਆਂ ਘਟਨਾਵਾਂ ਬਾਰੇ ਦੱਸਦੀਆਂ ਹਨ। ਹਿਜ਼ਕੀਏਲ 37:1-14 ਦੀ ਭਵਿੱਖਬਾਣੀ ਪਰਮੇਸ਼ੁਰ ਦੇ ਉਨ੍ਹਾਂ ਸਾਰੇ ਲੋਕਾਂ ਬਾਰੇ ਦੱਸਦੀ ਹੈ ਜੋ ਲੰਬੇ ਸਮੇਂ ਦੀ ਗ਼ੁਲਾਮੀ ਤੋਂ ਬਾਅਦ 1919 ਵਿਚ ਦੁਬਾਰਾ ਸੱਚੀ ਭਗਤੀ ਕਰਨ ਲੱਗ ਪਏ ਸਨ। ਪਰ ਪ੍ਰਕਾਸ਼ ਦੀ ਕਿਤਾਬ 11:7-12 ਪਰਮੇਸ਼ੁਰ ਦੀ ਅਗਵਾਈ ਕਰਨ ਵਾਲੇ ਛੋਟੇ ਜਿਹੇ ਸਮੂਹ ਬਾਰੇ ਦੱਸਦੀ ਹੈ ਜਿਸ ਨੂੰ 1919 ਵਿਚ ਨਿਯੁਕਤ ਕੀਤਾ ਗਿਆ ਸੀ।