Skip to content

Skip to table of contents

ਭੈਣਾਂ-ਭਰਾਵਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਨੂੰ ਬਾਈਬਲ ਤੋਂ ਹੌਸਲਾ ਦਿਓ

ਕੀ ਤੁਸੀਂ ਆਪਣੀ ਹੀ ਮੰਡਲੀ ਵਿਚ ਹੋਰ ਸੇਵਾ ਕਰ ਸਕਦੇ ਹੋ?

ਕੀ ਤੁਸੀਂ ਆਪਣੀ ਹੀ ਮੰਡਲੀ ਵਿਚ ਹੋਰ ਸੇਵਾ ਕਰ ਸਕਦੇ ਹੋ?

ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਤੁਸੀਂ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।’ (ਰਸੂ. 1:8) ਪਰ ਪਹਿਲੀ ਸਦੀ ਦੇ ਮਸੀਹੀਆਂ ਲਈ ਇੰਨੇ ਵੱਡੇ ਪੱਧਰ ’ਤੇ ਕੰਮ ਕਰਨਾ ਕਿਵੇਂ ਮੁਮਕਿਨ ਹੋਣਾ ਸੀ?

ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮਾਰਟਿਨ ਗੁਡਮਨ ਨੇ ਕਿਹਾ ਕਿ “ਰੋਮੀ ਸਾਮਰਾਜ ਦੇ ਸ਼ੁਰੂ ਵਿਚ ਯਹੂਦੀਆਂ ਅਤੇ ਹੋਰ ਧਾਰਮਿਕ ਸਮੂਹਾਂ ਤੋਂ ਮਸੀਹੀ ਵੱਖਰੇ ਨਜ਼ਰ ਆਏ ਕਿਉਂਕਿ ਉਨ੍ਹਾਂ ਨੇ ਪ੍ਰਚਾਰ ਕਰਨ ਦਾ ਦ੍ਰਿੜ੍ਹ ਇਰਾਦਾ ਕੀਤਾ ਹੋਇਆ ਸੀ।” ਯਿਸੂ ਪ੍ਰਚਾਰ ਕਰਨ ਲਈ ਜਗ੍ਹਾ-ਜਗ੍ਹਾ ਗਿਆ। ਸੱਚੇ ਮਸੀਹੀਆਂ ਨੇ ਉਸ ਦੀ ਰੀਸ ਕਰਦੇ ਹੋਏ ਹਰ ਜਗ੍ਹਾ ਰਾਜ ਦੀ “ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨਾ ਸੀ। (ਲੂਕਾ 4:43) ਮਸੀਹੀਆਂ ਨੂੰ ਉਨ੍ਹਾਂ ਲੋਕਾਂ ਨੂੰ ਲੱਭਣ ਦੀ ਲੋੜ ਸੀ ਜੋ ਸੱਚਾਈ ਜਾਣਨੀ ਚਾਹੁੰਦੇ ਸਨ। ਇਸੇ ਕਰਕੇ ਪਹਿਲੀ ਸਦੀ ਦੀਆਂ ਮੰਡਲੀਆਂ ਵਿਚ “ਰਸੂਲ” ਸਨ। ਰਸੂਲ ਸ਼ਬਦ ਦਾ ਮਤਲਬ ਹੈ, “ਭੇਜਿਆ ਹੋਇਆ।” (ਮਰ. 3:14) ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ: “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।”​—ਮੱਤੀ 28:18-20.

ਯਿਸੂ ਦੇ 12 ਰਸੂਲਾਂ ਵਿੱਚੋਂ ਅੱਜ ਕੋਈ ਵੀ ਸਾਡੇ ਨਾਲ ਨਹੀਂ ਹੈ, ਪਰ ਯਹੋਵਾਹ ਦੇ ਬਹੁਤ ਸਾਰੇ ਸੇਵਕ ਪ੍ਰਚਾਰ ਵਿਚ ਉਨ੍ਹਾਂ ਦੀ ਰੀਸ ਕਰਦੇ ਹਨ। ਜਦੋਂ ਉਨ੍ਹਾਂ ਨੂੰ ਉੱਥੇ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਤਾਂ ਉਹ ਕਹਿੰਦੇ ਹਨ: “ਮੈਂ ਹਾਜ਼ਰ ਹਾਂ। ਮੈਨੂੰ ਘੱਲੋ।” (ਯਸਾ. 6:8) ਕੁਝ ਭੈਣ-ਭਰਾ ਦੂਰ-ਦੂਰ ਦੇਸ਼ਾਂ ਵਿਚ ਪ੍ਰਚਾਰ ਕਰਨ ਗਏ ਹਨ, ਜਿਵੇਂ ਹਜ਼ਾਰਾਂ ਹੀ ਉਹ ਭੈਣ-ਭਰਾ ਜਿਨ੍ਹਾਂ ਨੂੰ ਗਿਲਿਅਡ ਸਕੂਲ ਤੋਂ ਟ੍ਰੇਨਿੰਗ ਮਿਲੀ ਹੈ। ਕੁਝ ਆਪਣੇ ਹੀ ਦੇਸ਼ ਦੇ ਕਿਸੇ ਹੋਰ ਇਲਾਕੇ ਵਿਚ ਪ੍ਰਚਾਰ ਕਰਨ ਗਏ। ਬਹੁਤ ਸਾਰਿਆਂ ਨੇ ਕਿਸੇ ਮੰਡਲੀ ਜਾਂ ਗਰੁੱਪ ਦੀ ਮਦਦ ਕਰਨ ਲਈ ਹੋਰ ਭਾਸ਼ਾ ਸਿੱਖੀ ਹੈ। ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ, ਪਰ ਇਨ੍ਹਾਂ ਸਾਰੇ ਭੈਣਾਂ-ਭਰਾਵਾਂ ਨੇ ਯਹੋਵਾਹ ਅਤੇ ਲੋਕਾਂ ਲਈ ਪਿਆਰ ਦਿਖਾਉਣ ਲਈ ਖ਼ੁਸ਼ੀ-ਖ਼ੁਸ਼ੀ ਕੁਰਬਾਨੀਆਂ ਕੀਤੀਆਂ ਹਨ। ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉੱਥੇ ਜਾ ਕੇ ਪ੍ਰਚਾਰ ਕਰਨ ਲਈ ਇਨ੍ਹਾਂ ਨੇ ਸੋਚ-ਸਮਝ ਕੇ ਯੋਜਨਾ ਬਣਾਈ ਅਤੇ ਆਪਣੇ ਸਮੇਂ, ਤਾਕਤ ਅਤੇ ਪੈਸਿਆਂ ਦੀ ਸਹੀ ਵਰਤੋ ਕੀਤੀ ਹੈ। (ਲੂਕਾ 14:28-30) ਇਨ੍ਹਾਂ ਭੈਣਾਂ-ਭਰਾਵਾਂ ਵੱਲੋਂ ਕੀਤੇ ਕੰਮਾਂ ਦਾ ਫ਼ਾਇਦਾ ਹੋ ਰਿਹਾ ਹੈ।

ਪਰ ਸਾਡੇ ਸਾਰਿਆਂ ਦੇ ਹਾਲਾਤ ਵੱਖੋ-ਵੱਖਰੇ ਹਨ। ਇਸ ਕਰਕੇ ਅਸੀਂ ਸਾਰੇ ਜਣੇ ਉੱਥੇ ਨਹੀਂ ਜਾ ਸਕਦੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਜਾਂ ਨਵੀਂ ਭਾਸ਼ਾ ਨਹੀਂ ਸਿੱਖ ਸਕਦੇ। ਪਰ ਅਸੀਂ ਸਾਰੇ ਜਣੇ ਆਪਣੀਆਂ ਮੰਡਲੀਆਂ ਵਿਚ ਹੀ ਹੋਰ ਵਧ-ਚੜ੍ਹ ਕੇ ਸੇਵਾ ਕਰ ਸਕਦੇ ਹਾਂ।

ਆਪਣੀ ਮੰਡਲੀ ਵਿਚ ਹੋਰ ਜੋਸ਼ ਨਾਲ ਸੇਵਾ ਕਰੋ

ਆਪਣੇ ਹਾਲਾਤਾਂ ਮੁਤਾਬਕ ਦੂਜਿਆਂ ਦੀ ਮਦਦ ਕਰੋ

ਭਾਵੇਂ ਕਿ ਪਹਿਲੀ ਸਦੀ ਦੇ ਜ਼ਿਆਦਾਤਰ ਮਸੀਹੀ ਹੋਰ ਜਗ੍ਹਾ ਜਾ ਕੇ ਸੇਵਾ ਨਹੀਂ ਕਰ ਸਕਦੇ ਸਨ, ਫਿਰ ਵੀ ਉਹ ਆਪਣੇ ਸ਼ਹਿਰ ਵਿਚ ਹੀ ਜੋਸ਼ ਨਾਲ ਪ੍ਰਚਾਰ ਕਰਦੇ ਸਨ। ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: “ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ, ਸੇਵਾ ਦਾ ਆਪਣਾ ਕੰਮ ਪੂਰਾ ਕਰ।” (2 ਤਿਮੋ. 4:5) ਇਹ ਸ਼ਬਦ ਪਹਿਲੀ ਸਦੀ ਦੇ ਮਸੀਹੀਆਂ ’ਤੇ ਲਾਗੂ ਹੋਣ ਦੇ ਨਾਲ-ਨਾਲ ਅੱਜ ਸਾਡੇ ’ਤੇ ਵੀ ਲਾਗੂ ਹੁੰਦੇ ਹਨ। ਸਾਰੇ ਮਸੀਹੀਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਅਸੀਂ ਕਈ ਤਰੀਕਿਆਂ ਨਾਲ ਆਪਣੀ ਹੀ ਮੰਡਲੀ ਵਿਚ ਹੋਰ ਜੋਸ਼ ਨਾਲ ਸੇਵਾ ਕਰ ਸਕਦੇ ਹਾਂ।

ਮਿਸਾਲ ਲਈ, ਜਦੋਂ ਭੈਣ-ਭਰਾ ਕਿਸੇ ਹੋਰ ਦੇਸ਼ ਜਾ ਕੇ ਸੇਵਾ ਕਰਦੇ ਹਨ, ਤਾਂ ਉੱਥੇ ਕਾਫ਼ੀ ਕੁਝ ਅਲੱਗ ਹੁੰਦਾ ਹੈ। ਉਨ੍ਹਾਂ ਨੂੰ ਨਵੇਂ ਹਾਲਾਤਾਂ ਮੁਤਾਬਕ ਢਲ਼ਣ ਦੀ ਲੋੜ ਹੁੰਦੀ ਹੈ। ਭਾਵੇਂ ਕਿ ਅਸੀਂ ਸਾਰੇ ਜਣੇ ਉਸ ਜਗ੍ਹਾ ਪ੍ਰਚਾਰ ਕਰਨ ਲਈ ਨਹੀਂ ਜਾ ਸਕਦੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਪਰ ਫਿਰ ਵੀ ਕੀ ਅਸੀਂ ਆਪਣੇ ਇਲਾਕੇ ਵਿਚ ਹੀ ਲੋਕਾਂ ਨੂੰ ਪ੍ਰਚਾਰ ਕਰਨ ਦੇ ਨਵੇਂ ਤਰੀਕੇ ਲੱਭ ਸਕਦੇ ਹਾਂ? ਮਿਸਾਲ ਲਈ, 1940 ਵਿਚ ਪਹਿਲੀ ਵਾਰ ਭੈਣਾਂ-ਭਰਾਵਾਂ ਨੂੰ ਹਫ਼ਤੇ ਵਿਚ ਇਕ ਦਿਨ ਸੜਕ ’ਤੇ ਗਵਾਹੀ ਦੇਣ ਦੀ ਹੱਲਾਸ਼ੇਰੀ ਦਿੱਤੀ ਗਈ। ਕੀ ਤੁਸੀਂ ਸੜਕ ’ਤੇ ਗਵਾਹੀ ਦੇਣ ਦੀ ਕੋਸ਼ਿਸ਼ ਕੀਤੀ ਹੈ? ਕੀ ਤੁਸੀਂ ਕਦੇ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਲੈ ਕੇ ਪ੍ਰਚਾਰ ਕੀਤਾ ਹੈ? ਕਹਿਣ ਦਾ ਮਤਲਬ: ਕੀ ਤੁਸੀਂ ਖ਼ੁਸ਼ ਖ਼ਬਰੀ ਸੁਣਾਉਣ ਦੇ ਨਵੇਂ ਤਰੀਕੇ ਵਰਤਣ ਲਈ ਤਿਆਰ ਹੋ?

“ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ” ਕੇ ਦੂਜਿਆਂ ਨੂੰ ਹੌਸਲਾ ਦਿਓ

ਜਿਹੜੇ ਭੈਣ ਜਾਂ ਭਰਾ ਸਹੀ ਰਵੱਈਆ ਰੱਖਦੇ ਹਨ ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਉਨ੍ਹਾਂ ਦੇ ਸ਼ਹਿਰ ਵਿਚ ਲੋਕ ਸੱਚਾਈ ਦਾ ਸੰਦੇਸ਼ ਸੁਣਨਗੇ। ਨਾਲੇ ਉਹ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਚਾਰ ਕਰ ਕੇ ਸਫ਼ਲ ਹੋਣਗੇ। ਨਤੀਜੇ ਵਜੋਂ, ਉਹ ਵਧ-ਚੜ੍ਹ ਕੇ ਅਤੇ ਜੋਸ਼ ਨਾਲ ਪ੍ਰਚਾਰ ਕਰ ਸਕਣਗੇ। ਜਿਹੜੇ ਭੈਣ-ਭਰਾ ਉਸ ਜਗ੍ਹਾ ਪ੍ਰਚਾਰ ਕਰਨ ਗਏ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਜਾਂ ਜਿਨ੍ਹਾਂ ਨੇ ਹੋਰ ਭਾਸ਼ਾ ਸਿੱਖੀ ਹੈ, ਉਹ ਅਕਸਰ ਤਜਰਬੇਕਾਰ ਪ੍ਰਚਾਰਕ ਹੁੰਦੇ ਹਨ। ਇਨ੍ਹਾਂ ਤਜਰਬੇਕਾਰ ਪ੍ਰਚਾਰਕਾਂ ਨਾਲ ਮੰਡਲੀ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਮਿਸਾਲ ਲਈ, ਉਹ ਪ੍ਰਚਾਰ ਦੇ ਕੰਮ ਦੀ ਅਗਵਾਈ ਲੈਂਦੇ ਹਨ। ਇਹ ਤਜਰਬੇਕਾਰ ਭਰਾ ਅਕਸਰ ਮੰਡਲੀ ਦੀ ਅਗਵਾਈ ਕਰਦੇ ਹਨ ਜਦੋਂ ਤਕ ਉੱਥੇ ਦੇ ਭਰਾ ਕਾਬਲ ਨਹੀਂ ਹੋ ਜਾਂਦੇ। ਜੇ ਤੁਸੀਂ ਬਪਤਿਸਮਾ-ਪ੍ਰਾਪਤ ਭਰਾ ਹੋ, ਤਾਂ ਕੀ ਤੁਸੀਂ “ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼” ਕਰ ਰਹੇ ਹੋ ਯਾਨੀ ਕੀ ਤੁਸੀਂ ਮੰਡਲੀ ਵਿਚ ਬਜ਼ੁਰਗ ਜਾਂ ਸਹਾਇਕ ਸੇਵਕ ਵਜੋਂ ਭੈਣਾਂ-ਭਰਾਵਾਂ ਦੀ ਸੇਵਾ ਕਰਨ ਲਈ ਤਿਆਰ ਹੋ?​—1 ਤਿਮੋ. 3:1.

“ਹੌਸਲਾ” ਦੇਣ ਵਾਲੇ ਬਣੋ

ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰੋ

ਅਸੀਂ ਆਪਣੀ ਮੰਡਲੀ ਵਿਚ ਹੋਰ ਤਰੀਕਿਆਂ ਨਾਲ ਵੀ ਮਦਦ ਕਰ ਸਕਦੇ ਹਾਂ। ਛੋਟਿਆਂ ਤੋਂ ਲੈ ਕੇ ਵੱਡਿਆਂ ਤਕ ਸਾਰੇ ਜਣੇ ਆਪਣੇ ਭੈਣਾਂ-ਭਰਾਵਾਂ ਨੂੰ “ਹੌਸਲਾ” ਦੇਣ ਵਾਲੇ ਬਣ ਸਕਦੇ ਹਨ।​—ਕੁਲੁ. 4:11.

ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ। ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਮਿਲਦੇ ਹਾਂ, ਤਾਂ ਅਸੀਂ ਉਨ੍ਹਾਂ ਦਾ “ਧਿਆਨ ਰੱਖੀਏ।” (ਇਬ. 10:24) ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਹਮੇਸ਼ਾ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕੀ-ਕੀ ਹੋ ਰਿਹਾ ਹੈ। ਇਸ ਦੀ ਬਜਾਇ, ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਜਾਣਨਾ ਚਾਹੀਦਾ ਹੈ। ਸ਼ਾਇਦ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮਦਦ, ਸਹਾਰੇ ਜਾਂ ਬਾਈਬਲ ਤੋਂ ਹੌਸਲੇ ਦੀ ਲੋੜ ਹੋਵੇ। ਇਹ ਸੱਚ ਹੈ ਕਿ ਕਈ ਮਾਮਲਿਆਂ ਵਿਚ ਸਿਰਫ਼ ਬਜ਼ੁਰਗ ਅਤੇ ਸਹਾਇਕ ਸੇਵਕ ਹੀ ਮਦਦ ਕਰ ਸਕਦੇ ਹਨ। (ਗਲਾ. 6:1) ਪਰ ਅਸੀਂ ਸਾਰੇ ਜਣੇ ਸ਼ਾਇਦ ਸਿਆਣੇ ਭੈਣਾਂ-ਭਰਾਵਾਂ ਜਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਪਰਿਵਾਰਾਂ ਦੀ ਮਦਦ ਕਰ ਸਕਦੇ ਹਾਂ।

ਜ਼ਿੰਦਗੀ ਦੀਆਂ ਚਿੰਤਾਵਾਂ ਨਾਲ ਜੂਝ ਰਹੇ ਭੈਣਾਂ-ਭਰਾਵਾਂ ਨੂੰ ਸਹਾਰਾ ਦਿਓ

ਇਕ ਸਮੇਂ ’ਤੇ ਸਾਲਵਾਟੋਰੇ ਭਰਾ ਦੀ ਇਸੇ ਤਰੀਕੇ ਨਾਲ ਮਦਦ ਕੀਤੀ ਗਈ। ਪੈਸਿਆਂ ਦੀ ਬਹੁਤ ਤੰਗੀ ਹੋਣ ਕਰਕੇ ਉਸ ਨੂੰ ਆਪਣਾ ਕਾਰੋਬਾਰ, ਘਰ ਅਤੇ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਵੇਚਣੀਆਂ ਪਈਆਂ। ਉਸ ਨੂੰ ਆਪਣੇ ਪਰਿਵਾਰ ਦਾ ਬਹੁਤ ਫ਼ਿਕਰ ਸੀ। ਮੰਡਲੀ ਵਿਚ ਕਿਸੇ ਹੋਰ ਪਰਿਵਾਰ ਨੇ ਦੇਖਿਆ ਕਿ ਸਾਲਵਾਟੋਰੇ ਤੇ ਉਸ ਦੇ ਪਰਿਵਾਰ ਨੂੰ ਮਦਦ ਦੀ ਲੋੜ ਸੀ। ਉਨ੍ਹਾਂ ਨੇ ਉਸ ਨੂੰ ਕੁਝ ਪੈਸੇ ਦਿੱਤੇ ਅਤੇ ਉਸ ਜੋੜੇ ਦੀ ਕੰਮ ਲੱਭਣ ਵਿਚ ਮਦਦ ਕੀਤੀ। ਕਈ ਵਾਰ ਉਹ ਸ਼ਾਮ ਨੂੰ ਸਾਲਵਾਟੋਰੇ ਤੇ ਉਸ ਦੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਸਨ ਅਤੇ ਉਨ੍ਹਾਂ ਨੂੰ ਹੌਸਲਾ ਦਿੰਦੇ ਸਨ। ਉਹ ਬਹੁਤ ਵਧੀਆ ਦੋਸਤ ਬਣ ਗਏ। ਹੁਣ ਇਨ੍ਹਾਂ ਦੋਵੇਂ ਪਰਿਵਾਰਾਂ ਕੋਲ ਉਸ ਸਮੇਂ ਦੀਆਂ ਮਿੱਠੀਆਂ ਯਾਦਾਂ ਹਨ ਜਦੋਂ ਇਨ੍ਹਾਂ ਨੇ ਉਸ ਔਖੀ ਘੜੀ ਦੌਰਾਨ ਇਕੱਠੇ ਸਮਾਂ ਬਿਤਾਇਆ ਸੀ।

ਸੱਚੇ ਮਸੀਹੀ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸਣ ਤੋਂ ਝਿਜਕਦੇ ਨਹੀਂ। ਸਾਨੂੰ ਯਿਸੂ ਦੀ ਰੀਸ ਕਰਦਿਆਂ ਸਾਰਿਆਂ ਨੂੰ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਦੱਸਣਾ ਚਾਹੀਦਾ ਹੈ। ਕਈ ਉਸ ਜਗ੍ਹਾ ਜਾ ਕੇ ਪ੍ਰਚਾਰ ਕਰ ਸਕਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਜਦ ਕਿ ਕਈ ਇੱਦਾਂ ਨਹੀਂ ਕਰ ਸਕਦੇ। ਪਰ ਅਸੀਂ ਸਾਰੇ ਜਣੇ ਆਪਣੀ ਹੀ ਮੰਡਲੀ ਵਿਚ ਇਕ-ਦੂਜੇ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। (ਗਲਾ. 6:10) ਇੱਦਾਂ ਕਰਕੇ ਸਾਨੂੰ ਖ਼ੁਸ਼ੀ ਮਿਲੇਗੀ ਅਤੇ ਅਸੀਂ ਆਪਣੇ “ਹਰ ਚੰਗੇ ਕੰਮ ਦੇ ਵਧੀਆ ਨਤੀਜੇ ਹਾਸਲ” ਕਰਾਂਗੇ।​—ਕੁਲੁ. 1:10; ਰਸੂ. 20:35.