Skip to content

Skip to table of contents

ਮੁੱਖ ਪੰਨੇ ਤੋਂ | ਕੌਣ ਦੇ ਸਕਦਾ ਹੈ ਦਿਲਾਸਾ?

ਰੱਬ ਕਿਵੇਂ ਦਿਲਾਸਾ ਦਿੰਦਾ ਹੈ

ਰੱਬ ਕਿਵੇਂ ਦਿਲਾਸਾ ਦਿੰਦਾ ਹੈ

ਪੌਲੁਸ ਰਸੂਲ ਨਾਂ ਦੇ ਭਗਤ ਨੇ ਯਹੋਵਾਹ * ਬਾਰੇ ਕਿਹਾ ਕਿ ਉਹ ‘ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ ਜੋ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।’ (2 ਕੁਰਿੰਥੀਆਂ 1:3, 4) ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਰੱਬ ਹਰ ਕਿਸੇ ਦੀ ਮਦਦ ਕਰ ਸਕਦਾ ਹੈ। ਸਾਡੇ ਸਵਰਗੀ ਪਿਤਾ ਯਹੋਵਾਹ ਲਈ ਕੋਈ ਵੀ ਮੁਸੀਬਤ ਇੰਨੀ ਵੱਡੀ ਨਹੀਂ ਜਿਸ ਵਿਚ ਉਹ ਸਾਨੂੰ ਦਿਲਾਸਾ ਨਾ ਦੇ ਸਕੇ।

ਇਹ ਸੱਚ ਹੈ ਕਿ ਜੇ ਅਸੀਂ ਰੱਬ ਤੋਂ ਦਿਲਾਸਾ ਪਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਕੁਝ ਕਰਨ ਦੀ ਲੋੜ ਹੈ। ਜੇ ਅਸੀਂ ਹਸਪਤਾਲ ਵਿਚ ਡਾਕਟਰ ਕੋਲ ਨਾ ਜਾਈਏ, ਤਾਂ ਉਹ ਸਾਡੀ ਮਦਦ ਕਿਵੇਂ ਕਰ ਸਕਦਾ ਹੈ? ਇਸ ਲਈ ਬਾਈਬਲ ਸਾਨੂੰ ਕਹਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”​—ਯਾਕੂਬ 4:8.

ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਰੱਬ ਸਾਡੇ ਨੇੜੇ ਆਵੇਗਾ? ਪਹਿਲੀ ਗੱਲ, ਰੱਬ ਸਾਨੂੰ ਵਾਰ-ਵਾਰ ਦੱਸਦਾ ਹੈ ਕਿ ਉਹ ਸਾਡੀ ਮਦਦ ਕਰਨੀ ਚਾਹੁੰਦਾ ਹੈ। (ਇਸ ਲੇਖ ਨਾਲ ਦੀ  ਡੱਬੀ ਦੇਖੋ।) ਦੂਜੀ ਗੱਲ, ਰੱਬ ਨੇ ਅੱਜ ਅਤੇ ਪੁਰਾਣੇ ਜ਼ਮਾਨੇ ਦੇ ਜਿਨ੍ਹਾਂ ਲੋਕਾਂ ਨੂੰ ਦਿਲਾਸਾ ਦਿੱਤਾ, ਉਹ ਇਸ ਗੱਲ ਦਾ ਪੱਕਾ ਸਬੂਤ ਹਨ ਕਿ ਰੱਬ ਸਾਡੇ ਨੇੜੇ ਆਵੇਗਾ।

ਰੱਬ ਤੋਂ ਮਦਦ ਮੰਗ ਰਹੇ ਅੱਜ ਬਹੁਤ ਸਾਰੇ ਦੁਖੀ ਲੋਕਾਂ ਵਾਂਗ ਰਾਜਾ ਦਾਊਦ ਨੇ ਵੀ ਬਹੁਤ ਦੁੱਖ ਦੇਖੇ ਸਨ। ਉਸ ਨੇ ਇਕ ਵਾਰ ਰੱਬ ਅੱਗੇ ਫ਼ਰਿਆਦ ਕੀਤੀ: “ਮੇਰੀ ਅਰਜੋਈ ਦੀ ਅਵਾਜ਼ ਸੁਣ ਲੈ, ਜਦ ਮੈਂ ਤੇਰੀ ਦੁਹਾਈ ਦੇਵਾਂ।” ਕੀ ਰੱਬ ਨੇ ਉਸ ਦੀ ਫ਼ਰਿਆਦ ਸੁਣੀ? ਹਾਂ। ਦਾਊਦ ਨੇ ਅੱਗੇ ਕਿਹਾ: “ਮੇਰੀ ਸਹਾਇਤਾ ਹੋਈ ਹੈ, ਇਸ ਲਈ ਮੇਰਾ ਮਨ ਮੌਜ ਮਾਨਦਾ ਹੈ।”​—ਜ਼ਬੂਰਾਂ ਦੀ ਪੋਥੀ 28:2, 7.

ਯਿਸੂ ਨੇ ਦੁਖੀਆਂ ਨੂੰ ਦਿਲਾਸਾ ਦਿੱਤਾ

ਰੱਬ ਚਾਹੁੰਦਾ ਸੀ ਕਿ ਯਿਸੂ ਦੂਸਰਿਆਂ ਨੂੰ ਹੌਸਲਾ ਦੇਵੇ। ਰੱਬ ਵੱਲੋਂ ਦਿੱਤੇ ਹੋਰ ਕੰਮ ਕਰਨ ਦੇ ਨਾਲ-ਨਾਲ ਯਿਸੂ ਨੇ ‘ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਣੀ’ ਸੀ ਅਤੇ “ਸੋਗੀਆਂ ਨੂੰ ਦਿਲਾਸਾ” ਦੇਣਾ ਸੀ। (ਯਸਾਯਾਹ 61:1, 2) ਜਿਵੇਂ ਯਿਸੂ ਬਾਰੇ ਭਵਿੱਖਬਾਣੀ ਕੀਤੀ ਗਈ ਸੀ, ਉਸ ਨੇ ‘ਥੱਕੇ ਅਤੇ ਭਾਰ ਹੇਠ ਦੱਬੇ ਹੋਏ ਲੋਕਾਂ’ ਵਿਚ ਖ਼ਾਸ ਦਿਲਚਸਪੀ ਲਈ।​—ਮੱਤੀ 11:28-30.

ਯਿਸੂ ਨੇ ਚੰਗੀ ਸਲਾਹ ਦੇ ਕੇ, ਲੋਕਾਂ ਨਾਲ ਪਿਆਰ ਨਾਲ ਪੇਸ਼ ਆ ਕੇ ਅਤੇ ਬੀਮਾਰ ਲੋਕਾਂ ਨੂੰ ਠੀਕ ਕਰ ਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਇਕ ਵਾਰ ਇਕ ਕੋੜ੍ਹੀ ਨੇ ਯਿਸੂ ਅੱਗੇ ਫ਼ਰਿਆਦ ਕੀਤੀ: “ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।” ਯਿਸੂ ਨੇ ਤਰਸ ਖਾ ਕੇ ਉਸ ਨੂੰ ਜਵਾਬ ਦਿੱਤਾ: “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾਵੇਂ। ਤੂੰ ਸ਼ੁੱਧ ਹੋ ਜਾ।” (ਮਰਕੁਸ 1:40, 41) ਉਹ ਕੋੜ੍ਹੀ ਠੀਕ ਹੋ ਗਿਆ।

ਅੱਜ ਪਰਮੇਸ਼ੁਰ ਦਾ ਪੁੱਤਰ ਸਾਨੂੰ ਦਿਲਾਸਾ ਦੇਣ ਲਈ ਧਰਤੀ ’ਤੇ ਨਹੀਂ ਹੈ। ਪਰ ਉਸ ਦਾ ਪਿਤਾ ਯਹੋਵਾਹ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ” ਜੋ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦਾ ਹੈ। (2 ਕੁਰਿੰਥੀਆਂ 1:3) ਅਸੀਂ ਚਾਰ ਮੁੱਖ ਤਰੀਕੇ ਦੇਖਦੇ ਹਾਂ ਜਿਨ੍ਹਾਂ ਰਾਹੀਂ ਰੱਬ ਲੋਕਾਂ ਨੂੰ ਦਿਲਾਸਾ ਦਿੰਦਾ ਹੈ।

  • ਬਾਈਬਲ। “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਇਹ ਸਿੱਖਿਆ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦੀ ਹੈ ਅਤੇ ਸਾਨੂੰ ਧਰਮ-ਗ੍ਰੰਥ ਤੋਂ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।”​—ਰੋਮੀਆਂ 15:4.

  • ਰੱਬ ਦੀ ਪਵਿੱਤਰ ਸ਼ਕਤੀ। ਯਿਸੂ ਦੀ ਮੌਤ ਤੋਂ ਬਾਅਦ ਮਸੀਹੀ ਮੰਡਲੀ ਨੂੰ ਦਿਲਾਸੇ ਦੀ ਬਹੁਤ ਲੋੜ ਸੀ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਉਨ੍ਹਾਂ ਨੂੰ ਦਿਲਾਸਾ ਦਿੱਤਾ। (ਰਸੂਲਾਂ ਦੇ ਕੰਮ 9:31) ਪਵਿੱਤਰ ਸ਼ਕਤੀ ਯਾਨੀ ਰੱਬ ਦੀ ਕੰਮ ਕਰਨ ਦੀ ਤਾਕਤ ਬਹੁਤ ਸ਼ਕਤੀਸ਼ਾਲੀ ਹੈ। ਇਸ ਸ਼ਕਤੀ ਰਾਹੀਂ ਰੱਬ ਕਿਸੇ ਵੀ ਹਾਲਾਤ ਵਿਚ ਕਿਸੇ ਨੂੰ ਵੀ ਦਿਲਾਸਾ ਦੇ ਸਕਦਾ ਹੈ।

  • ਪ੍ਰਾਰਥਨਾ। ਬਾਈਬਲ ਸਾਨੂੰ ਸਲਾਹ ਦਿੰਦੀ ਹੈ: ‘ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਪਰਮੇਸ਼ੁਰ ਨੂੰ ਬੇਨਤੀ ਕਰੋ ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।’​—ਫ਼ਿਲਿੱਪੀਆਂ 4:6, 7.

  • ਮਸੀਹੀ ਭੈਣ-ਭਰਾ ਸਾਡੇ ਸੱਚੇ ਦੋਸਤ ਬਣ ਸਕਦੇ ਹਨ ਜੋ ਮੁਸ਼ਕਲ ਵੇਲੇ ਸਾਨੂੰ ਦਿਲਾਸਾ ਦੇ ਸਕਦੇ ਹਨ। ਪੌਲੁਸ ਰਸੂਲ ਨੇ ਆਪਣੇ ਸਾਥੀਆਂ ਬਾਰੇ ਕਿਹਾ: ‘ਇਨ੍ਹਾਂ ਤੋਂ ਮੈਨੂੰ ਕਸ਼ਟਾਂ ਅਤੇ ਮੁਸੀਬਤਾਂ ਵਿਚ ਬਹੁਤ ਹੌਸਲਾ ਮਿਲਿਆ ਹੈ।’​—ਕੁਲੁੱਸੀਆਂ 4:11; 1 ਥੱਸਲੁਨੀਕੀਆਂ 3:7.

ਤੁਸੀਂ ਸ਼ਾਇਦ ਸੋਚੋ ਕਿ ਹਕੀਕਤ ਵਿਚ ਇਹ ਕਿਵੇਂ ਹੁੰਦਾ ਹੈ। ਕਿਉਂ ਨਾ ਆਪਾਂ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਲੋਕਾਂ ਦੇ ਤਜਰਬਿਆਂ ’ਤੇ ਗੌਰ ਕਰੀਏ ਜਿਨ੍ਹਾਂ ਨੇ ਮੁਸ਼ਕਲਾਂ ਸਹੀਆਂ ਸਨ। ਉਨ੍ਹਾਂ ਵਾਂਗ ਤੁਸੀਂ ਵੀ ਦੇਖ ਸਕਦੇ ਹੋ ਕਿ ਰੱਬ ਅੱਜ ਵੀ ਦਿਲਾਸੇ ਭਰਿਆ ਇਹ ਵਾਅਦਾ ਪੂਰਾ ਕਰਦਾ ਹੈ: ‘ਮੈਂ ਤੈਨੂੰ ਉਸੇ ਤਰ੍ਹਾਂ ਤਸੱਲੀ ਦੇਵਾਂਗਾ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਤਸੱਲੀ ਦਿੰਦੀ ਹੈ।’​—ਯਸਾਯਾਹ 66:13, CL.

^ ਪੈਰਾ 3 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।