Skip to content

Skip to table of contents

ਏਲਾਹ ਦੀ ਵਾਦੀ

ਦਾਊਦ ਅਤੇ ਗੋਲਿਅਥ​—⁠ਕੀ ਇਹ ਕਹਾਣੀ ਸੱਚੀ ਹੈ?

ਦਾਊਦ ਅਤੇ ਗੋਲਿਅਥ​—⁠ਕੀ ਇਹ ਕਹਾਣੀ ਸੱਚੀ ਹੈ?

ਕੁਝ ਲੋਕ ਸ਼ੱਕ ਕਰਦੇ ਹਨ ਕਿ ਦਾਊਦ ਅਤੇ ਗੋਲਿਅਥ ਦੀ ਕਹਾਣੀ ਸੱਚੀ ਹੈ ਜਾਂ ਕਿ ਮਿਥ। ਜਦੋਂ ਤੁਸੀਂ ਪਿਛਲਾ ਲੇਖ ਪੜ੍ਹਿਆ, ਤਾਂ ਕੀ ਤੁਹਾਡੇ ਮਨ ਵਿਚ ਵੀ ਇਹ ਸ਼ੱਕ ਪੈਦਾ ਹੋਇਆ ਸੀ? ਜੇ ਹਾਂ, ਤਾਂ ਥੱਲੇ ਦੱਸੇ ਸਵਾਲਾਂ ’ਤੇ ਗੌਰ ਕਰੋ।

1 | ਕੀ ਕੋਈ ਆਦਮੀ ਲਗਭਗ ਸਾਢੇ ਨੌਂ ਫੁੱਟ (2.9 ਮੀਟਰ) ਲੰਬਾ ਹੋ ਸਕਦਾ ਹੈ?

ਬਾਈਬਲ ਦੱਸਦੀ ਹੈ ਕਿ ਗੋਲਿਅਥ ਦਾ ਕੱਦ “ਛੇ ਹੱਥ ਅਤੇ ਇੱਕ ਗਿੱਠ” ਸੀ। (1 ਸਮੂਏਲ 17:4) ਬਾਈਬਲ ਵਿਚ ਦੱਸਿਆ ਇਕ ਹੱਥ 17.5 ਇੰਚ (44.5 ਸੈਂਟੀਮੀਟਰ) ਲੰਬਾ ਹੁੰਦਾ ਸੀ ਅਤੇ ਇਕ ਗਿੱਠ 8.75 ਇੰਚ (22.2 ਸੈਂਟੀਮੀਟਰ) ਹੁੰਦੀ ਸੀ। ਛੇ ਹੱਥ ਅਤੇ ਇਕ ਗਿੱਠ ਮਿਲਾ ਕੇ 9 ਫੁੱਟ 6 ਇੰਚ (2.9 ਮੀਟਰ) ਬਣਦੇ ਹਨ। ਕੁਝ ਲੋਕ ਇਹ ਗੱਲ ਦਾਅਵੇ ਨਾਲ ਕਹਿੰਦੇ ਹਨ ਕਿ ਗੋਲਿਅਥ ਇੰਨਾ ਲੰਬਾ ਹੋ ਹੀ ਨਹੀਂ ਸਕਦਾ। ਪਰ ਜ਼ਰਾ ਸੋਚੋ: ਕਿਹਾ ਜਾਂਦਾ ਹੈ ਕਿ ਅੱਜ ਸਭ ਤੋਂ ਲੰਬੇ ਆਦਮੀ ਦਾ ਕੱਦ 8 ਫੁੱਟ 11 ਇੰਚ (2.7 ਮੀਟਰ) ਹੈ। ਕੀ ਗੋਲਿਅਥ ਦਾ ਉਸ ਤੋਂ 6 ਇੰਚ (15 ਸੈਂਟੀਮੀਟਰ) ਜ਼ਿਆਦਾ ਲੰਬਾ ਹੋਣਾ ਨਾਮੁਮਕਿਨ ਗੱਲ ਹੈ? ਉਹ ਰਫ਼ਾਈਆਂ ਦੇ ਗੋਤ ਵਿੱਚੋਂ ਸੀ। ਇਸ ਗੋਤ ਦੇ ਆਦਮੀ ਆਪਣੇ ਉੱਚੇ-ਲੰਮੇ ਕੱਦ-ਕਾਠ ਲਈ ਜਾਣੇ ਜਾਂਦੇ ਸਨ। 13 ਈ. ਪੂ. ਦੇ ਇਕ ਮਿਸਰੀ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ ਕਨਾਨ ਇਲਾਕੇ ਵਿਚ ਕੁਝ ਸ਼ਕਤੀਸ਼ਾਲੀ ਯੋਧਿਆਂ ਦਾ ਕੱਦ 8 ਫੁੱਟ (2.4 ਮੀਟਰ) ਤੋਂ ਜ਼ਿਆਦਾ ਲੰਬਾ ਹੁੰਦਾ ਸੀ। ਇਸ ਲਈ ਗੋਲਿਅਥ ਦਾ ਇੰਨਾ ਲੰਬਾ ਕੱਦ ਹੋਣਾ ਕੋਈ ਅਨੋਖੀ ਗੱਲ ਨਹੀਂ ਹੈ।

2 | ਕੀ ਦਾਊਦ ਅਸਲੀ ਵਿਅਕਤੀ ਸੀ?

ਇਕ ਸਮਾਂ ਸੀ ਜਦੋਂ ਵਿਦਵਾਨਾਂ ਨੇ ਰਾਜਾ ਦਾਊਦ ਨੂੰ ਮਿਥਿਹਾਸਕ ਵਿਅਕਤੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਤਰ੍ਹਾਂ ਕਰ ਨਹੀਂ ਸਕੇ। ਪੁਰਾਤੱਤਵ-ਵਿਗਿਆਨੀਆਂ ਨੂੰ ਇਕ ਪੁਰਾਣਾ ਪੱਥਰ ਮਿਲਿਆ ਜਿਸ ਉੱਤੇ ਲਿਖਿਆ ਹੋਇਆ ਸੀ “ਦਾਊਦ ਦਾ ਘਰਾਣਾ।” ਇਸ ਤੋਂ ਇਲਾਵਾ, ਯਿਸੂ ਨੇ ਵੀ ਦਾਊਦ ਦਾ ਜ਼ਿਕਰ ਕੀਤਾ ਸੀ। (ਮੱਤੀ 12:3; 22:43-45) ਮਸੀਹ ਵਜੋਂ ਯਿਸੂ ਦੀ ਪਛਾਣ ਕਰਾਉਣ ਵਾਲੀਆਂ ਦੋ ਵੰਸ਼ਾਵਲੀਆਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਰਾਜਾ ਦਾਊਦ ਦੇ ਘਰਾਣੇ ਵਿੱਚੋਂ ਸੀ। (ਮੱਤੀ 1:6-16; ਲੂਕਾ 3:23-31) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਦਾਊਦ ਅਸਲੀ ਵਿਅਕਤੀ ਸੀ।

3 | ਕੀ ਕਹਾਣੀ ਵਿਚ ਦੱਸੀਆਂ ਘਟਨਾਵਾਂ ਅਸਲੀ ਜਗ੍ਹਾ ’ਤੇ ਹੋਈਆਂ ਸਨ?

ਬਾਈਬਲ ਦੱਸਦੀ ਹੈ ਕਿ ਇਹ ਲੜਾਈ ਏਲਾਹ ਦੀ ਵਾਦੀ ਵਿਚ ਹੋਈ ਸੀ। ਪਰ ਬਾਈਬਲ ਇਸ ਗੱਲ ਨੂੰ ਹੋਰ ਪੱਕਾ ਕਰਦੀ ਹੋਈ ਕਹਿੰਦੀ ਹੈ ਕਿ ਫਲਿਸਤੀਆਂ ਨੇ ਪਹਾੜੀ ਉੱਤੇ ਸੋਕੋਹ ਅਤੇ ਅਜ਼ੇਕਾਹ ਨਾਂ ਦੇ ਕਸਬਿਆਂ ਵਿਚਕਾਰ ਕਿਤੇ ਡੇਰੇ ਲਾਏ ਸਨ। ਇਜ਼ਰਾਈਲੀਆਂ ਨੇ ਵਾਦੀ ਦੇ ਦੂਜੇ ਪਾਸੇ ਪਹਾੜੀ ’ਤੇ ਡੇਰਾ ਲਾਇਆ ਹੋਇਆ ਸੀ। ਕੀ ਇਹ ਥਾਵਾਂ ਅਸਲ ਵਿਚ ਸਨ?

ਧਿਆਨ ਦਿਓ ਕਿ ਹਾਲ ਹੀ ਵਿਚ ਉਸ ਇਲਾਕੇ ਵਿਚ ਘੁੰਮਣ ਗਏ ਆਦਮੀ ਨੇ ਦੱਸਿਆ: “ਟੂਰ ਕਰਾਉਣ ਵਾਲਾ ਆਦਮੀ, ਜੋ ਰੱਬ ਨੂੰ ਨਹੀਂ ਮੰਨਦਾ ਸੀ, ਸਾਨੂੰ ਏਲਾਹ ਦੀ ਵਾਦੀ ਨੂੰ ਲੈ ਕੇ ਗਿਆ। ਅਸੀਂ ਉਸ ਰਸਤਿਓਂ ਗਏ ਜੋ ਸਾਨੂੰ ਪਹਾੜੀ ਦੇ ਸਿਖਰ ’ਤੇ ਲੈ ਗਿਆ। ਜਦੋਂ ਅਸੀਂ ਵਾਦੀ ਨੂੰ ਦੇਖ ਰਹੇ ਸੀ, ਤਾਂ ਉਸ ਨੇ ਸਾਨੂੰ 1 ਸਮੂਏਲ 17:1-3 ਪੜ੍ਹ ਕੇ ਸੁਣਾਇਆ। ਫਿਰ ਉਸ ਨੇ ਵਾਦੀ ਦੇ ਇਕ ਪਾਸੇ ਇਸ਼ਾਰਾ ਕਰਦੇ ਹੋਏ ਕਿਹਾ: ‘ਤੁਹਾਡੇ ਖੱਬੇ ਪਾਸੇ ਸੋਕੋਹ ਦੇ ਖੰਡਰ ਹਨ।’ ਦੂਜੇ ਪਾਸੇ ਨੂੰ ਮੁੜ ਕੇ ਉਸ ਨੇ ਕਿਹਾ: ‘ਉੱਧਰ ਤੁਹਾਡੇ ਸੱਜੇ ਪਾਸੇ ਅਜ਼ੇਕਾਹ ਦੇ ਖੰਡਰ ਹਨ। ਫਲਿਸਤੀਆਂ ਨੇ ਇਨ੍ਹਾਂ ਕਸਬਿਆਂ ਵਿਚਕਾਰ ਹੀ ਕਿਤੇ ਪਹਾੜੀਆਂ ’ਤੇ ਡੇਰਾ ਲਾਇਆ ਸੀ ਜੋ ਤੁਹਾਡੇ ਸਾਮ੍ਹਣੇ ਹਨ। ਅਸੀਂ ਸ਼ਾਇਦ ਉੱਥੇ ਖੜ੍ਹੇ ਹਾਂ ਜਿੱਥੇ ਇਜ਼ਰਾਈਲੀਆਂ ਨੇ ਡੇਰਾ ਲਾਇਆ ਸੀ।’ ਮੈਂ ਸੋਚਿਆ ਕਿ ਸ਼ਾਊਲ ਤੇ ਦਾਊਦ ਇੱਥੇ ਹੀ ਖੜ੍ਹੇ ਹੋਣੇ ਜਿੱਥੇ ਮੈਂ ਹੁਣ ਖੜ੍ਹਾ ਹਾਂ। ਫਿਰ ਅਸੀਂ ਥੱਲੇ ਉੱਤਰ ਆਏ ਤੇ ਅਸੀਂ ਵਾਦੀ ਵਿਚ ਪੈਂਦੀ ਪੂਰੀ ਤਰ੍ਹਾਂ ਸੁੱਕੀ ਨਦੀ ਪਾਰ ਕੀਤੀ ਜੋ ਪੱਥਰਾਂ ਨਾਲ ਭਰੀ ਪਈ ਸੀ। ਮੈਂ ਕਲਪਨਾ ਕੀਤੀ ਕਿ ਦਾਊਦ ਨੇ ਇੱਥੇ ਝੁਕ ਕੇ ਪੰਜ ਚੀਕਣੇ ਪੱਥਰ ਚੁੱਕੇ ਸਨ ਜਿਨ੍ਹਾਂ ਵਿੱਚੋਂ ਇਕ ਨੇ ਗੋਲਿਅਥ ਨੂੰ ਮਾਰ-ਮੁਕਾਇਆ ਸੀ।” ਹੋਰ ਬਹੁਤ ਸਾਰੇ ਲੋਕਾਂ ਵਾਂਗ ਇਹ ਆਦਮੀ ਵੀ ਬਾਈਬਲ ਵਿਚ ਦੱਸੀਆਂ ਸੱਚੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ।

ਇਤਿਹਾਸ ਵਿਚ ਹੋਈਆਂ ਇਨ੍ਹਾਂ ਸੱਚੀਆਂ ਘਟਨਾਵਾਂ ’ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ। ਇਸ ਕਹਾਣੀ ਵਿਚ ਦੱਸੇ ਲੋਕ ਅਤੇ ਥਾਵਾਂ ਅਸਲੀ ਸਨ। ਸਭ ਤੋਂ ਜ਼ਰੂਰੀ ਗੱਲ ਹੈ ਕਿ ਇਹ ਕਹਾਣੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਲਿਖੇ ਉਸ ਦੇ ਬਚਨ ਵਿਚ ਦੱਸੀ ਗਈ ਹੈ। ਸੋ ਇਹ ਕਹਾਣੀ ਸੱਚਾਈ ਦੇ ਪਰਮੇਸ਼ੁਰ ਨੇ ਲਿਖਵਾਈ ਹੈ ਜੋ “ਕਦੀ ਝੂਠ ਨਹੀਂ ਬੋਲ ਸਕਦਾ।”—ਤੀਤੁਸ 1:2; 2 ਤਿਮੋਥਿਉਸ 3:16. ▪ (wp16-E No. 5)