Skip to content

Skip to table of contents

ਕੀ ਬਾਈਬਲ ਹਾਲੇ ਵੀ ਤੁਹਾਡੀ ਜ਼ਿੰਦਗੀ ਵਿਚ ਸੁਧਾਰ ਕਰ ਰਹੀ ਹੈ?

ਕੀ ਬਾਈਬਲ ਹਾਲੇ ਵੀ ਤੁਹਾਡੀ ਜ਼ਿੰਦਗੀ ਵਿਚ ਸੁਧਾਰ ਕਰ ਰਹੀ ਹੈ?

“ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ।”—ਰੋਮੀ. 12:2.

ਗੀਤ: 29, 52

1-3. (ੳ) ਬਪਤਿਸਮੇ ਤੋਂ ਬਾਅਦ ਵੀ ਸਾਨੂੰ ਕਿਹੜੀਆਂ ਕੁਝ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪੈ ਸਕਦਾ ਹੈ? (ਅ) ਜਦੋਂ ਸਾਡੇ ਲਈ ਬਦਲਾਅ ਕਰਨੇ ਔਖੇ ਹੋਣ, ਤਾਂ ਸ਼ਾਇਦ ਅਸੀਂ ਕਿਹੜੇ ਸਵਾਲਾਂ ਬਾਰੇ ਸੋਚੀਏ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਕੈਵਿਨ  [1] ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਜੂਆ ਖੇਡਣ, ਨਸ਼ੇ ਕਰਨ, ਸਿਗਰਟਾਂ ਅਤੇ ਹੱਦੋਂ ਵੱਧ ਸ਼ਰਾਬ ਪੀਣ ਵਿਚ ਲਾਏ। ਫਿਰ ਉਸ ਨੂੰ ਸੱਚਾਈ ਪਤਾ ਲੱਗੀ ਅਤੇ ਉਹ ਬੱਸ ਇਹੀ ਚਾਹੁੰਦਾ ਸੀ ਕਿ ਉਹ ਯਹੋਵਾਹ ਦਾ ਦੋਸਤ ਬਣੇ। ਪਰ ਪਰਮੇਸ਼ੁਰ ਦੀ ਮਿਹਰ ਹਾਸਲ ਕਰਨ ਲਈ ਉਸ ਨੂੰ ਆਪਣੇ ਬੁਰੇ ਕੰਮ ਛੱਡਣੇ ਪੈਣੇ ਸਨ। ਉਹ ਯਹੋਵਾਹ ਅਤੇ ਬਾਈਬਲ ਦੀ ਤਾਕਤ ਨਾਲ ਆਪਣੀ ਜ਼ਿੰਦਗੀ ਦੇ ਤੌਰ-ਤਰੀਕੇ ਬਦਲ ਸਕਿਆ।​—ਇਬ. 4:12.

2 ਕੀ ਕੈਵਿਨ ਨੇ ਬਪਤਿਸਮੇ ਤੋਂ ਬਾਅਦ ਆਪਣੇ ਵਿਚ ਬਦਲਾਅ ਕਰਨੇ ਛੱਡ ਦਿੱਤੇ? ਨਹੀਂ, ਉਸ ਨੂੰ ਅਜੇ ਵੀ ਆਪਣੇ ਵਿਚ ਮਸੀਹੀ ਗੁਣ ਪੈਦਾ ਕਰਨ ਅਤੇ ਉਨ੍ਹਾਂ ਵਿਚ ਨਿਖਾਰ ਲਿਆਉਣ ਦੀ ਲੋੜ ਸੀ। (ਅਫ਼. 4:31, 32) ਮਿਸਾਲ ਲਈ, ਉਹ ਛੇਤੀ ਹੀ ਗੁੱਸੇ ਵਿਚ ਭੜਕ ਉੱਠਦਾ ਸੀ। ਉਹ ਹੈਰਾਨ ਸੀ ਕਿ ਉਸ ਲਈ ਆਪਣੇ ਗੁੱਸੇ ’ਤੇ ਕਾਬੂ ਪਾਉਣਾ ਕਿੰਨਾ ਔਖਾ ਸੀ। ਕੈਵਿਨ ਨੇ ਕਿਹਾ: “ਗ਼ਲਤ ਕੰਮਾਂ ਨੂੰ ਛੱਡਣ ਨਾਲੋਂ ਮੇਰੇ ਲਈ ਆਪਣੇ ਗੁੱਸੇ ’ਤੇ ਕਾਬੂ ਪਾਉਣਾ ਕਿਤੇ ਜ਼ਿਆਦਾ ਔਖਾ ਸੀ!” ਕੈਵਿਨ ਗਿੜਗਿੜਾ ਕੇ ਪ੍ਰਾਰਥਨਾ ਕਰਨ ਦੇ ਨਾਲ-ਨਾਲ ਬਾਈਬਲ ਦੀ ਡੂੰਘੀ ਸਟੱਡੀ ਕਰਦਾ ਰਿਹਾ ਜਿਸ ਕਰਕੇ ਉਹ ਆਪਣੀ ਜ਼ਿੰਦਗੀ ਵਿਚ ਬਦਲਾਅ ਕਰ ਸਕਿਆ।

3 ਕੈਵਿਨ ਦੀ ਤਰ੍ਹਾਂ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਬਪਤਿਸਮੇ ਤੋਂ ਪਹਿਲਾਂ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨੀਆਂ ਪਈਆਂ ਸਨ ਤਾਂਕਿ ਅਸੀਂ ਬਾਈਬਲ ਅਨੁਸਾਰ ਆਪਣੀ ਜ਼ਿੰਦਗੀ ਬਿਤਾ ਸਕੀਏ। ਪਰ ਬਪਤਿਸਮੇ ਤੋਂ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਸਾਨੂੰ ਆਪਣੇ ਵਿਚ ਛੋਟੀਆਂ-ਮੋਟੀਆਂ ਤਬਦੀਲੀਆਂ ਕਰਦੇ ਰਹਿਣ ਦੀ ਲੋੜ ਹੈ ਤਾਂਕਿ ਅਸੀਂ ਯਹੋਵਾਹ ਅਤੇ ਯਿਸੂ ਦੀ ਹੋਰ ਵੀ ਧਿਆਨ ਨਾਲ ਰੀਸ ਕਰ ਸਕੀਏ। (ਅਫ਼. 5:1, 2; 1 ਪਤ. 2:21) ਮਿਸਾਲ ਲਈ, ਸ਼ਾਇਦ ਅਸੀਂ ਆਪਣੇ ਵਿਚ ਦੇਖਿਆ ਹੋਵੇ ਕਿ ਅਸੀਂ ਦੂਜਿਆਂ ਦੀ ਬਹੁਤ ਜ਼ਿਆਦਾ ਨੁਕਤਾਚੀਨੀ ਕਰਦੇ ਹਾਂ ਜਾਂ ਦੂਜਿਆਂ ਦੀਆਂ ਚੁਗ਼ਲੀਆਂ ਕਰਦੇ ਹਾਂ ਜਾਂ ਉਨ੍ਹਾਂ ਬਾਰੇ ਬੁਰਾ-ਭਲਾ ਕਹਿੰਦੇ ਹਾਂ। ਜਾਂ ਅਸੀਂ ਸ਼ਾਇਦ ਦੂਜਿਆਂ ਦਾ ਡਰ ਰੱਖੀਏ ਜਾਂ ਸਾਡੇ ਵਿਚ ਕੋਈ ਹੋਰ ਕਮਜ਼ੋਰੀ ਹੋਵੇ। ਸ਼ਾਇਦ ਅਸੀਂ ਕਈ ਸਾਲਾਂ ਤੋਂ ਆਪਣੇ ਵਿਚ ਬਦਲਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਫਿਰ ਵੀ ਸਾਡੇ ਤੋਂ ਉਹੀ ਗ਼ਲਤੀਆਂ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਸ਼ਾਇਦ ਅਸੀਂ ਸੋਚੀਏ: ‘ਮੈਂ ਆਪਣੀ ਜ਼ਿੰਦਗੀ ਵਿਚ ਇੰਨੇ ਵੱਡੇ-ਵੱਡੇ ਬਦਲਾਅ ਕੀਤੇ ਹਨ, ਪਰ ਮੇਰੇ ਲਈ ਛੋਟੇ-ਛੋਟੇ ਬਦਲਾਅ ਕਰਨੇ ਇੰਨੇ ਔਖੇ ਕਿਉਂ ਹਨ? ਮੈਨੂੰ ਕੀ ਕਰਨ ਦੀ ਲੋੜ ਹੈ ਤਾਂਕਿ ਮੈਂ ਬਾਈਬਲ ਅਨੁਸਾਰ ਆਪਣੇ ਜ਼ਿੰਦਗੀ ਵਿਚ ਤਬਦੀਲੀਆਂ ਕਰਦਾ ਰਹਿ ਸਕਾਂ?’

ਆਪਣੇ ਤੋਂ ਹੱਦੋਂ ਵੱਧ ਉਮੀਦਾਂ ਨਾ ਰੱਖੋ

4. ਅਸੀਂ ਹਰ ਵਾਰ ਯਹੋਵਾਹ ਨੂੰ ਖ਼ੁਸ਼ ਕਿਉਂ ਨਹੀਂ ਕਰ ਸਕਦੇ?

4 ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਸਾਡੀ ਦਿਲੀ ਇੱਛਾ ਹੈ ਕਿ ਅਸੀਂ ਉਸ ਨੂੰ ਖ਼ੁਸ਼ ਕਰੀਏ। ਚਾਹੇ ਯਹੋਵਾਹ ਨੂੰ ਖ਼ੁਸ਼ ਕਰਨ ਦੀ ਸਾਡੀ ਜਿੰਨੀ ਮਰਜ਼ੀ ਇੱਛਾ ਹੋਵੇ, ਪਰ ਪਾਪੀ ਹੋਣ ਕਰਕੇ ਅਸੀਂ ਹਰ ਵਾਰ ਉਸ ਨੂੰ ਖ਼ੁਸ਼ ਨਹੀਂ ਕਰ ਸਕਦੇ। ਅਸੀਂ ਅਕਸਰ ਪੌਲੁਸ ਰਸੂਲ ਵਾਂਗ ਮਹਿਸੂਸ ਕਰਦੇ ਹਾਂ, ਜਿਸ ਨੇ ਕਿਹਾ: “ਮੈਂ ਚੰਗੇ ਕੰਮ ਕਰਨੇ ਤਾਂ ਚਾਹੁੰਦਾ ਹਾਂ, ਪਰ ਮੇਰੇ ਅੰਦਰ ਚੰਗੇ ਕੰਮ ਕਰਨ ਦੀ ਯੋਗਤਾ ਨਹੀਂ ਹੈ।”​ਰੋਮੀ. 7:18; ਯਾਕੂ. 3:2.

5. ਬਪਤਿਸਮੇ ਤੋਂ ਪਹਿਲਾਂ ਸਾਨੂੰ ਕਿਹੜੇ ਕੰਮ ਛੱਡਣੇ ਪਏ, ਪਰ ਸ਼ਾਇਦ ਸਾਨੂੰ ਹਾਲੇ ਵੀ ਕਿਹੜੀਆਂ ਕਮਜ਼ੋਰੀਆਂ ਨਾਲ ਲੜਦੇ ਰਹਿਣਾ ਪਵੇ?

5 ਮੰਡਲੀ ਦਾ ਹਿੱਸਾ ਬਣਨ ਤੋਂ ਪਹਿਲਾਂ ਸਾਨੂੰ ਉਹ ਸਾਰੇ ਕੰਮ ਛੱਡਣੇ ਪਏ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ। (1 ਕੁਰਿੰ. 6:9, 10) ਪਰ ਸਾਡੇ ਵਿਚ ਅਜੇ ਵੀ ਕਮੀਆਂ-ਕਮਜ਼ੋਰੀਆਂ ਹਨ। (ਕੁਲੁ. 3:9, 10) ਇਸ ਲਈ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਬਪਤਿਸਮੇ ਤੋਂ ਬਾਅਦ ਜਾਂ ਸੱਚਾਈ ਵਿਚ ਕਾਫ਼ੀ ਸਾਲਾਂ ਤੋਂ ਹੋਣ ਕਰਕੇ ਅਸੀਂ ਗ਼ਲਤੀਆਂ ਨਹੀਂ ਕਰਾਂਗੇ। ਨਾਲੇ ਨਾ ਹੀ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਉਹ ਕੰਮ ਨਹੀਂ ਕਰਾਂਗੇ ਜੋ ਅਸੀਂ ਛੱਡ ਚੁੱਕੇ ਹਾਂ ਜਾਂ ਸਾਡੇ ਮਨ ਵਿਚ ਗ਼ਲਤ ਖ਼ਿਆਲ ਨਹੀਂ ਆਉਣਗੇ। ਇੱਦਾਂ ਦੀਆਂ ਕਮਜ਼ੋਰੀਆਂ ਨਾਲ ਸ਼ਾਇਦ ਸਾਨੂੰ ਸਾਲਾਂ ਬੱਧੀ ਲੜਨਾ ਪਵੇ।

6, 7. (ੳ) ਪਾਪੀ ਹੋਣ ਦੇ ਬਾਵਜੂਦ ਵੀ ਅਸੀਂ ਪਰਮੇਸ਼ੁਰ ਨਾਲ ਦੋਸਤੀ ਕਿਵੇਂ ਕਰ ਸਕਦੇ ਹਾਂ? (ਅ) ਸਾਨੂੰ ਯਹੋਵਾਹ ਤੋਂ ਮਾਫ਼ੀ ਮੰਗਣ ਲਈ ਕਿਉਂ ਨਹੀਂ ਹਿਚਕਿਚਾਉਣਾ ਚਾਹੀਦਾ?

6 ਪਾਪੀ ਹੋਣ ਦੇ ਬਾਵਜੂਦ ਵੀ ਅਸੀਂ ਯਹੋਵਾਹ ਨਾਲ ਦੋਸਤੀ ਕਰ ਸਕਦੇ ਹਾਂ ਅਤੇ ਉਸ ਦੀ ਸੇਵਾ ਕਰਦੇ ਰਹਿ ਸਕਦੇ ਹਾਂ। ਇਸ ਗੱਲ ਬਾਰੇ ਸੋਚੋ: ਜਦੋਂ ਯਹੋਵਾਹ ਨੇ ਸਾਨੂੰ ਆਪਣੇ ਵੱਲ ਖਿੱਚਿਆ ਸੀ, ਤਾਂ ਉਸ ਨੂੰ ਪਤਾ ਸੀ ਕਿ ਸਾਡੇ ਤੋਂ ਗ਼ਲਤੀਆਂ ਹੋਣਗੀਆਂ ਹੀ। (ਯੂਹੰ. 6:44) ਪਰਮੇਸ਼ੁਰ ਸਾਡੀ ਰਗ-ਰਗ ਤੋਂ ਵਾਕਫ਼ ਹੈ, ਇਸ ਲਈ ਉਹ ਜਾਣਦਾ ਸੀ ਕਿ ਸਾਡੇ ਲਈ ਕਿਹੜੀਆਂ ਕਮਜ਼ੋਰੀਆਂ ਨਾਲ ਲੜਨਾ ਔਖਾ ਹੋਵੇਗਾ। ਨਾਲੇ ਉਸ ਨੂੰ ਪਤਾ ਸੀ ਕਿ ਅਸੀਂ ਕਈ ਵਾਰ ਗ਼ਲਤੀਆਂ ਕਰ ਬੈਠਾਂਗੇ। ਇਨ੍ਹਾਂ ਗੱਲਾਂ ਦੇ ਬਾਵਜੂਦ ਵੀ ਉਸ ਨੇ ਸਾਡੇ ਵੱਲ ਦੋਸਤੀ ਦਾ ਹੱਥ ਵਧਾਇਆ।

7 ਸਾਡੇ ਨਾਲ ਪਿਆਰ ਹੋਣ ਕਰਕੇ ਯਹੋਵਾਹ ਨੇ ਸਾਨੂੰ ਇਕ ਬਹੁਤ ਹੀ ਕੀਮਤੀ ਵਰਦਾਨ ਦਿੱਤਾ ਹੈ। ਉਹ ਹੈ, ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ। (ਯੂਹੰ. 3:16) ਜਦੋਂ ਅਸੀਂ ਇਸ ਕੀਮਤੀ ਵਰਦਾਨ ਦੇ ਆਧਾਰ ’ਤੇ ਮਾਫ਼ੀ ਮੰਗਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਨਾਲ ਦੋਸਤੀ ਨਹੀਂ ਤੋੜੇਗਾ। (ਰੋਮੀ. 7:24, 25; 1 ਯੂਹੰ. 2:1, 2) ਕੀ ਪਾਪੀ ਹੋਣ ਕਰਕੇ ਸਾਨੂੰ ਰਿਹਾਈ ਦੀ ਕੀਮਤ ਦੇ ਫ਼ਾਇਦੇ ਲੈਣ ਤੋਂ ਹਿਚਕਿਚਾਉਣਾ ਚਾਹੀਦਾ ਹੈ? ਕਦੇ ਨਹੀਂ! ਇਹ ਤਾਂ ਇੱਦਾਂ ਹੋਵੇਗਾ ਜਿੱਦਾਂ ਅਸੀਂ ਆਪਣੇ ਗੰਦੇ ਹੱਥ ਧੋਣ ਤੋਂ ਇਨਕਾਰ ਕਰਦੇ ਹਾਂ। ਰਿਹਾਈ ਦੀ ਕੀਮਤ ਤੋਬਾ ਕਰਨ ਵਾਲਿਆਂ ਲਈ ਹੀ ਦਿੱਤੀ ਗਈ ਹੈ। ਅਸੀਂ ਰਿਹਾਈ ਦੀ ਕੀਮਤ ਲਈ ਯਹੋਵਾਹ ਦੇ ਦਿਲੋਂ ਧੰਨਵਾਦੀ ਹਾਂ ਕਿਉਂਕਿ ਇਸ ਦੇ ਆਧਾਰ ’ਤੇ ਹੀ ਅਸੀਂ ਪਾਪੀ ਹੋਣ ਦੇ ਬਾਵਜੂਦ ਵੀ ਯਹੋਵਾਹ ਨਾਲ ਦੋਸਤੀ ਕਰ ਸਕਦੇ ਹਾਂ।​—1 ਤਿਮੋਥਿਉਸ 1:15 ਪੜ੍ਹੋ।

8. ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਿਉਂ ਨਹੀਂ ਕਰਨਾ ਚਾਹੀਦਾ?

8 ਪਰ ਸਾਨੂੰ ਨਾ ਤਾਂ ਆਪਣੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਅਤੇ ਨਾ ਹੀ ਗ਼ਲਤੀ ਹੋਣ ਤੇ ਬਹਾਨਾ ਬਣਾਉਣਾ ਚਾਹੀਦਾ ਹੈ ਕਿ ‘ਇਹ ਤਾਂ ਮੇਰੀ ਕਮਜ਼ੋਰੀ ਹੈ।’ ਯਹੋਵਾਹ ਨੇ ਸਾਨੂੰ ਦੱਸਿਆ ਹੈ ਕਿ ਉਹ ਕਿਹੋ ਜਿਹੇ ਲੋਕਾਂ ਨਾਲ ਦੋਸਤੀ ਕਰਦਾ ਹੈ। (ਜ਼ਬੂ. 15:1-5) ਸੋ ਜੇ ਅਸੀਂ ਉਸ ਨਾਲ ਦੋਸਤੀ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਅਤੇ ਉਸ ਦੇ ਪੁੱਤਰ ਦੀ ਧਿਆਨ ਨਾਲ ਰੀਸ ਕਰਦੇ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ, ਆਪਣੀਆਂ ਗ਼ਲਤ ਇੱਛਾਵਾਂ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੋ ਅਤੇ ਜੇ ਹੋ ਸਕੇ, ਤਾਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਛੱਡਣ ਦੀ ਕੋਸ਼ਿਸ਼ ਕਰੋ। ਸੋ ਚਾਹੇ ਸਾਡੇ ਬਪਤਿਸਮੇ ਨੂੰ ਜਿੰਨਾ ਮਰਜ਼ੀ ਸਮਾਂ ਹੋ ਗਿਆ ਹੈ, ਫਿਰ ਵੀ ਸਾਨੂੰ “ਆਪਣੇ ਆਪ ਨੂੰ ਸੁਧਾਰਦੇ” ਰਹਿਣ ਦੀ ਲੋੜ ਹੈ।​—2 ਕੁਰਿੰ. 13:11.

9. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਸੀਂ “ਨਵੇਂ ਸੁਭਾਅ” ਦੇ ਬਣ ਸਕਦੇ ਹਾਂ?

9 “ਆਪਣੇ ਆਪ ਨੂੰ ਸੁਧਾਰਦੇ” ਰਹਿਣ ਅਤੇ “ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ” ਪਹਿਨਣ ਲਈ ਸਾਨੂੰ ਲਗਾਤਾਰ ਕੋਸ਼ਿਸ਼ ਕਰਦੇ ਰਹਿਣ ਦੀ ਲੋੜ ਹੈ। ਪੌਲੁਸ ਨੇ ਮਸੀਹੀਆਂ ਨੂੰ ਯਾਦ ਕਰਾਇਆ: “ਤੁਸੀਂ ਆਪਣੇ ਪੁਰਾਣੇ ਸੁਭਾਅ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ ਦਿਓ, ਜੋ ਤੁਹਾਡੇ ਪੁਰਾਣੇ ਚਾਲ-ਚਲਣ ਮੁਤਾਬਕ ਹੈ ਅਤੇ ਧੋਖਾ ਦੇਣ ਵਾਲੀਆਂ ਇੱਛਾਵਾਂ ਕਰਕੇ ਖ਼ਰਾਬ ਹੁੰਦਾ ਜਾਂਦਾ ਹੈ। ਤੁਹਾਨੂੰ ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹਿਣਾ ਚਾਹੀਦਾ ਹੈ, ਅਤੇ ਤੁਸੀਂ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ ਅਤੇ ਇਹ ਸੱਚੀ ਧਾਰਮਿਕਤਾ ਤੇ ਵਫ਼ਾਦਾਰੀ ਦੀਆਂ ਮੰਗਾਂ ਮੁਤਾਬਕ ਹੈ।” (ਅਫ਼. 4:22-24) ਇੱਥੇ “ਨਵਾਂ ਬਣਾਉਂਦੇ ਰਹਿਣਾ” ਸ਼ਬਦ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਸਾਨੂੰ “ਨਵੇਂ ਸੁਭਾਅ” ਦੇ ਬਣਨ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿਣ ਦੀ ਲੋੜ ਹੈ। ਭਾਵੇਂ ਯਹੋਵਾਹ ਦੀ ਸੇਵਾ ਕਰਦਿਆਂ ਸਾਨੂੰ ਜਿੰਨੇ ਮਰਜ਼ੀ ਸਾਲ ਹੋ ਗਏ ਹੋਣ, ਫਿਰ ਵੀ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਅਸੀਂ ਸਾਰੇ ਆਪਣੇ ਵਿਚ ਮਸੀਹੀ ਗੁਣ ਅਤੇ ਨਵਾਂ ਸੁਭਾਅ ਪੈਦਾ ਕਰਦੇ ਰਹਿ ਸਕਦੇ ਹਾਂ। ਜੀ ਹਾਂ, ਬਾਈਬਲ ਦੀ ਮਦਦ ਨਾਲ ਅਸੀਂ ਆਪਣੀ ਜ਼ਿੰਦਗੀ ਵਿਚ ਸੁਧਾਰ ਕਰਦੇ ਰਹਿ ਸਕਦੇ ਹਾਂ।

ਇਸ ਤਰ੍ਹਾਂ ਕਰਨਾ ਇੰਨਾ ਔਖਾ ਕਿਉਂ ਹੈ?

10. ਬਾਈਬਲ ਦੀ ਮਦਦ ਨਾਲ ਆਪਣੇ ਵਿਚ ਸੁਧਾਰ ਕਰਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ ਅਤੇ ਸ਼ਾਇਦ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛੀਏ?

10 ਜੇ ਅਸੀਂ ਬਾਈਬਲ ਦੀ ਮਦਦ ਨਾਲ ਆਪਣੇ ਵਿਚ ਸੁਧਾਰ ਕਰਦੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਪਰ ਆਪਣੇ ਵਿਚ ਸੁਧਾਰ ਕਰਨ ਲਈ ਇੰਨੀ ਮਿਹਨਤ ਕਰਨ ਦੀ ਲੋੜ ਕਿਉਂ ਹੈ? ਜੇ ਯਹੋਵਾਹ ਸਾਡੀ ਮਿਹਨਤ ’ਤੇ ਬਰਕਤ ਪਾ ਰਿਹਾ ਹੈ, ਤਾਂ ਅਸੀਂ ਆਪਣੇ ਵਿਚ ਸੌਖਿਆਂ ਹੀ ਸੁਧਾਰ ਕਿਉਂ ਨਹੀਂ ਕਰ ਸਕਦੇ? ਕੀ ਯਹੋਵਾਹ ਚੁਟਕੀਆਂ ਵਿਚ ਸਾਡੀਆਂ ਕਮੀਆਂ ਨੂੰ ਦੂਰ ਨਹੀਂ ਕਰ ਸਕਦਾ ਤਾਂਕਿ ਅਸੀਂ ਸੌਖਿਆਂ ਹੀ ਉਸ ਵਰਗੇ ਗੁਣ ਦਿਖਾ ਸਕੀਏ?

11-13. ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਹਰ ਕਮਜ਼ੋਰੀ ’ਤੇ ਜਿੱਤ ਪਾਉਣ ਲਈ ਜੀ-ਜਾਨ ਨਾਲ ਕੋਸ਼ਿਸ਼ ਕਰੀਏ?

11 ਜਦੋਂ ਅਸੀਂ ਬ੍ਰਹਿਮੰਡ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਕੋਲ ਕੁਝ ਵੀ ਕਰਨ ਦੀ ਤਾਕਤ ਹੈ। ਮਿਸਾਲ ਲਈ, ਸੂਰਜ ਹਰ ਇਕ ਸਕਿੰਟ ਵਿਚ 50 ਲੱਖ ਟਨ ਪਦਾਰਥ ਨੂੰ ਊਰਜਾ ਵਿਚ ਬਦਲਦਾ ਹੈ। ਭਾਵੇਂ ਕਿ ਇਸ ਦਾ ਕੁਝ ਹੀ ਹਿੱਸਾ ਧਰਤੀ ’ਤੇ ਆਉਂਦਾ ਹੈ, ਫਿਰ ਵੀ ਉਹ ਇਨਸਾਨਾਂ ਨੂੰ ਗਰਮੀ ਅਤੇ ਰੋਸ਼ਨੀ ਦੇਣ ਲਈ ਕਾਫ਼ੀ ਹੈ। (ਜ਼ਬੂ. 74:16; ਯਸਾ. 40:26) ਯਹੋਵਾਹ ਆਪਣੇ ਸੇਵਕਾਂ ਨੂੰ ਲੋੜੀਂਦੀ ਤਾਕਤ ਦੇ ਕੇ ਖ਼ੁਸ਼ ਹੁੰਦਾ ਹੈ। (ਯਸਾ. 40:29) ਜੀ ਹਾਂ, ਪਰਮੇਸ਼ੁਰ ਸਾਨੂੰ ਤਾਕਤ ਦੇ ਸਕਦਾ ਹੈ ਤਾਂਕਿ ਅਸੀਂ ਬਿਨਾਂ ਜੱਦੋ-ਜਹਿਦ ਕੀਤਿਆਂ ਹਰ ਕਮਜ਼ੋਰੀ ’ਤੇ ਜਿੱਤ ਪਾ ਸਕੀਏ ਅਤੇ ਗ਼ਲਤੀਆਂ ਨਾ ਕਰੀਏ। ਪਰ ਪਰਮੇਸ਼ੁਰ ਇੱਦਾਂ ਕਿਉਂ ਨਹੀਂ ਕਰਦਾ?

12 ਯਹੋਵਾਹ ਨੇ ਸਾਨੂੰ ਆਜ਼ਾਦ ਮਰਜ਼ੀ ਦਿੱਤੀ ਹੈ। ਉਸ ਨੇ ਇਹ ਸਾਡੇ ’ਤੇ ਛੱਡਿਆ ਹੈ ਕਿ ਅਸੀਂ ਉਸ ਦੇ ਆਗਿਆਕਾਰ ਰਹਿਣਾ ਚਾਹੁੰਦੇ ਹਾਂ ਕਿ ਨਹੀਂ। ਪਰ ਜਦੋਂ ਅਸੀਂ ਉਸ ਦੇ ਆਗਿਆਕਾਰ ਰਹਿੰਦੇ ਹਾਂ ਅਤੇ ਉਸ ਦੀ ਇੱਛਾ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਸ਼ੈਤਾਨ ਨੇ ਕਿਹਾ ਕਿ ਯਹੋਵਾਹ ਨੂੰ ਰਾਜ ਕਰਨ ਦਾ ਹੱਕ ਨਹੀਂ ਹੈ। ਪਰ ਜਦੋਂ ਅਸੀਂ ਯਹੋਵਾਹ ਦੇ ਆਗਿਆਕਾਰ ਰਹਿੰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਉਹ ਸਾਡਾ ਰਾਜਾ ਹੈ। ਨਾਲੇ ਅਸੀਂ ਇਸ ਗੱਲ ਦਾ ਯਕੀਨ ਰੱਖ ਸਕਦੇ ਹਾਂ ਕਿ ਸਾਡਾ ਪਿਆਰਾ ਪਿਤਾ ਆਗਿਆਕਾਰ ਰਹਿਣ ਲਈ ਕੀਤੀਆਂ ਸਾਡੀਆਂ ਕੋਸ਼ਿਸ਼ਾਂ ਦੀ ਕਦਰ ਕਰਦਾ ਹੈ। (ਅੱਯੂ. 2:3-5; ਕਹਾ. 27:11) ਜਦੋਂ ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ’ਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕਰਦੇ ਹਾਂ, ਭਾਵੇਂ ਕਿ ਇੱਦਾਂ ਕਰਨਾ ਸੌਖਾ ਨਹੀਂ ਹੁੰਦਾ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ ਅਤੇ ਉਸ ਨੂੰ ਹੀ ਸਾਡੇ ’ਤੇ ਰਾਜ ਕਰਨ ਦਾ ਹੱਕ ਹੈ।

13 ਯਹੋਵਾਹ ਕਹਿੰਦਾ ਹੈ ਕਿ ਉਸ ਵਰਗੇ ਗੁਣ ਦਿਖਾਉਣ ਲਈ ਸਾਨੂੰ “ਜੀ-ਜਾਨ ਨਾਲ ਕੋਸ਼ਿਸ਼” ਕਰਨ ਦੀ ਲੋੜ ਹੈ। (2 ਪਤਰਸ 1:5-7 ਪੜ੍ਹੋ; ਕੁਲੁ. 3:12) ਉਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਸੋਚਾਂ ਅਤੇ ਭਾਵਨਾਵਾਂ ’ਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕਰੀਏ। (ਰੋਮੀ. 8:5; 12:9) ਜਦੋਂ ਵੀ ਅਸੀਂ ਆਪਣੇ ਵਿਚ ਬਦਲਾਅ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ ਅਤੇ ਉਸ ਵਿਚ ਸਫ਼ਲ ਹੁੰਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ।

ਬਾਈਬਲ ਨੂੰ ਆਪਣੇ ਵਿਚ ਸੁਧਾਰ ਕਰਦੇ ਰਹਿਣ ਦਿਓ

14, 15. ਪਰਮੇਸ਼ੁਰ ਵਰਗੇ ਗੁਣ ਪੈਦਾ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? ( “ਬਾਈਬਲ ਅਤੇ ਪ੍ਰਾਰਥਨਾ ਨੇ ਇਨ੍ਹਾਂ ਦੀਆਂ ਜ਼ਿੰਦਗੀਆਂ ਬਦਲੀਆਂ” ਨਾਂ ਦੀ ਡੱਬੀ ਦੇਖੋ।)

14 ਅਸੀਂ ਯਹੋਵਾਹ ਵਰਗੇ ਗੁਣ ਪੈਦਾ ਕਰਨ ਅਤੇ ਉਸ ਨੂੰ ਖ਼ੁਸ਼ ਕਰਨ ਲਈ ਕੀ ਕਰ ਸਕਦੇ ਹਾਂ? ਖ਼ੁਦ ਇਹ ਫ਼ੈਸਲਾ ਨਾ ਕਰੋ ਕਿ ਤੁਹਾਨੂੰ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ, ਸਗੋਂ ਇਸ ਬਾਰੇ ਪਰਮੇਸ਼ੁਰ ਤੋਂ ਪੁੱਛੋ। ਰੋਮੀਆਂ 12:2 ਵਿਚ ਲਿਖਿਆ ਹੈ: “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ, ਸਗੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ, ਤਾਂਕਿ ਤੁਸੀਂ ਆਪ ਦੇਖ ਸਕੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।” ਪਰਮੇਸ਼ੁਰ ਆਪਣੇ ਬਚਨ ਅਤੇ ਪਵਿੱਤਰ ਸ਼ਕਤੀ ਦੁਆਰਾ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਉਸ ਦੀ ਇੱਛਾ ਜਾਣੀਏ, ਉਸ ਦੀ ਇੱਛਾ ਪੂਰੀ ਕਰੀਏ ਅਤੇ ਉਸ ਦੇ ਮਿਆਰਾਂ ਮੁਤਾਬਕ ਆਪਣੇ ਵਿਚ ਸੁਧਾਰ ਲਿਆਈਏ। ਆਪਣੇ ਆਪ ਵਿਚ ਸੁਧਾਰ ਲਿਆਉਣ ਲਈ ਸਾਨੂੰ ਬਹੁਤ ਸਾਰੇ ਕੰਮ ਕਰਨੇ ਚਾਹੀਦੇ ਹਨ, ਜਿਵੇਂ ਕਿ ਹਰ ਰੋਜ਼ ਬਾਈਬਲ ਪੜ੍ਹਨੀ, ਬਾਈਬਲ ’ਤੇ ਸੋਚ-ਵਿਚਾਰ ਕਰਨਾ ਅਤੇ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਨੀ। (ਲੂਕਾ 11:13; ਗਲਾ. 5:22, 23) ਜਿੱਦਾਂ-ਜਿੱਦਾਂ ਅਸੀਂ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਆਪਣੀ ਜ਼ਿੰਦਗੀ ਢਾਲ਼ਾਂਗੇ ਅਤੇ ਯਹੋਵਾਹ ਵਰਗੀ ਸੋਚ ਰੱਖਾਂਗੇ, ਉੱਦਾਂ-ਉੱਦਾਂ ਅਸੀਂ ਆਪਣੀ ਸੋਚ, ਬੋਲੀ ਅਤੇ ਕੰਮਾਂ ਰਾਹੀਂ ਉਸ ਨੂੰ ਹੋਰ ਵੀ ਖ਼ੁਸ਼ ਕਰਾਂਗੇ। ਪਰ ਫਿਰ ਵੀ ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਦੇ ਰਹਿਣ ਦੀ ਲੋੜ ਪਵੇਗੀ।​—ਕਹਾ. 4:23.

ਆਪਣੀਆਂ ਕਮੀਆਂ-ਕਮਜ਼ੋਰੀਆਂ ’ਤੇ ਕਾਬੂ ਪਾਉਣ ਲਈ ਅਸੀਂ ਕੁਝ ਆਇਤਾਂ ਜਾਂ ਲੇਖ ਸੰਭਾਲ ਕੇ ਰੱਖ ਸਕਦੇ ਹਾਂ ਅਤੇ ਸਮੇਂ-ਸਮੇਂ ’ਤੇ ਇਨ੍ਹਾਂ ਨੂੰ ਪੜ੍ਹ ਸਕਦੇ ਹਾਂ (ਪੈਰਾ 15 ਦੇਖੋ)

15 ਰੋਜ਼ਾਨਾ ਬਾਈਬਲ ਪੜ੍ਹਨ ਦੇ ਨਾਲ-ਨਾਲ ਸਾਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨਾਂ, ਜਿਵੇਂ ਪਹਿਰਾਬੁਰਜ ਅਤੇ ਜਾਗਰੂਕ ਬਣੋ!, ਰਾਹੀਂ ਬਾਈਬਲ ਦੀ ਸਟੱਡੀ ਕਰਨੀ ਚਾਹੀਦੀ ਹੈ। ਇਨ੍ਹਾਂ ਰਸਾਲਿਆਂ ਦੇ ਬਹੁਤ ਸਾਰੇ ਲੇਖ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਯਹੋਵਾਹ ਦੇ ਸ਼ਾਨਦਾਰ ਗੁਣਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ ਅਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਕਿਵੇਂ ਲੜ ਸਕਦੇ ਹਾਂ। ਸਾਨੂੰ ਸ਼ਾਇਦ ਕੁਝ ਆਇਤਾਂ ਜਾਂ ਲੇਖ ਪਸੰਦ ਆਉਣ ਜੋ ਖ਼ਾਸ ਕਰਕੇ ਸਾਡੀ ਮਦਦ ਕਰਨ। ਅਸੀਂ ਇਨ੍ਹਾਂ ਆਇਤਾਂ ਅਤੇ ਲੇਖਾਂ ਨੂੰ ਸੰਭਾਲ ਕੇ ਰੱਖ ਸਕਦੇ ਹਾਂ ਤਾਂਕਿ ਅਸੀਂ ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਪੜ੍ਹ ਸਕੀਏ।

16. ਸਾਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ ਜੇ ਸਾਨੂੰ ਲੱਗਦਾ ਹੈ ਕਿ ਸਾਡੀਆਂ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਅਸਫ਼ਲ ਹੋ ਰਹੀਆਂ ਹਨ?

16 ਯਹੋਵਾਹ ਵਰਗੇ ਗੁਣ ਪੈਦਾ ਕਰਨ ਲਈ ਸਮਾਂ ਲੱਗਦਾ ਹੈ। ਸੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਆਪਣੇ ਆਪ ਵਿਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਅਸਫ਼ਲ ਹੋ ਰਹੀਆਂ ਹਨ, ਤਾਂ ਧੀਰਜ ਰੱਖੋ। ਸ਼ੁਰੂ-ਸ਼ੁਰੂ ਵਿਚ ਬਾਈਬਲ ਅਨੁਸਾਰ ਚੱਲਣਾ ਔਖਾ ਹੁੰਦਾ ਹੈ। ਇਸ ਲਈ ਸ਼ਾਇਦ ਸਾਨੂੰ ਬਾਈਬਲ ਅਨੁਸਾਰ ਚੱਲਣ ਲਈ ਆਪਣੇ ਆਪ ਨਾਲ ਸਖ਼ਤੀ ਵਰਤਣ ਦੀ ਲੋੜ ਹੋਵੇ। ਪਰ ਅਸੀਂ ਜਿੰਨਾ ਜ਼ਿਆਦਾ ਯਹੋਵਾਹ ਵਾਂਗ ਸੋਚਾਂਗੇ ਅਤੇ ਕੰਮ ਕਰਾਂਗੇ, ਉੱਨਾ ਜ਼ਿਆਦਾ ਅਸੀਂ ਸੌਖਿਆਂ ਹੀ ਉਸ ਵਰਗੀ ਸੋਚ ਰੱਖ ਸਕਾਂਗੇ ਅਤੇ ਉਹ ਕੰਮ ਕਰ ਸਕਾਂਗੇ ਜਿਨ੍ਹਾਂ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ।​—ਜ਼ਬੂ. 37:31; ਕਹਾ. 23:12; ਗਲਾ. 5:16, 17.

ਨਵੀਂ ਦੁਨੀਆਂ ਬਾਰੇ ਸੋਚੋ

17. ਜੇ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਾਂਗੇ, ਤਾਂ ਅਸੀਂ ਕਿਸ ਸਮੇਂ ਦਾ ਇੰਤਜ਼ਾਰ ਕਰ ਸਕਦੇ ਹਾਂ?

17 ਯਹੋਵਾਹ ਦੇ ਵਫ਼ਾਦਾਰ ਸੇਵਕ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਉਹ ਮੁਕੰਮਲ ਹੋ ਜਾਣਗੇ ਅਤੇ ਹਮੇਸ਼ਾ ਲਈ ਯਹੋਵਾਹ ਦੀ ਸੇਵਾ ਕਰਦੇ ਰਹਿਣਗੇ। ਉਸ ਵੇਲੇ ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨ ਦੀ ਲੋੜ ਨਹੀਂ ਪਵੇਗੀ ਅਤੇ ਅਸੀਂ ਪੂਰੀ ਤਰ੍ਹਾਂ ਯਹੋਵਾਹ ਦੀ ਰੀਸ ਕਰ ਸਕਾਂਗੇ। ਪਰ ਅਸੀਂ ਹੁਣ ਵੀ ਯਹੋਵਾਹ ਦੀ ਭਗਤੀ ਕਰ ਸਕਦੇ ਹਾਂ ਕਿਉਂਕਿ ਉਸ ਨੇ ਸਾਡੇ ਲਈ ਰਿਹਾਈ ਦੀ ਕੀਮਤ ਦਾ ਵਰਦਾਨ ਦਿੱਤਾ ਹੈ। ਭਾਵੇਂ ਕਿ ਅਸੀਂ ਪਾਪੀ ਹਾਂ, ਪਰ ਫਿਰ ਵੀ ਅਸੀਂ ਆਪਣੀ ਜ਼ਿੰਦਗੀ ਵਿਚ ਲਗਾਤਾਰ ਬਦਲਾਅ ਕਰਨ ਲਈ ਸਖ਼ਤ ਮਿਹਨਤ ਕਰ ਕੇ ਅਤੇ ਬਾਈਬਲ ਅਨੁਸਾਰ ਚੱਲ ਕੇ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਾਂ।

18, 19. ਅਸੀਂ ਪੂਰੇ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ ਕਿ ਬਾਈਬਲ ਦੀ ਤਾਕਤ ਨਾਲ ਅਸੀਂ ਆਪਣੀ ਜ਼ਿੰਦਗੀ ਵਿਚ ਸੁਧਾਰ ਕਰਦੇ ਰਹਿ ਸਕਦੇ ਹਾਂ?

18 ਪਹਿਲਾਂ ਜ਼ਿਕਰ ਕੀਤੇ ਗਏ ਕੈਵਿਨ ਨੇ ਆਪਣੇ ਗੁੱਸੇ ’ਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕੀਤੀ। ਉਸ ਨੇ ਬਾਈਬਲ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕੀਤਾ ਅਤੇ ਆਪਣੀ ਜ਼ਿੰਦਗੀ ਵਿਚ ਬਦਲਾਅ ਕਰਨ ਲਈ ਸਖ਼ਤ ਮਿਹਨਤ ਕੀਤੀ। ਉਸ ਨੇ ਮਸੀਹੀ ਭੈਣਾਂ-ਭਰਾਵਾਂ ਵੱਲੋਂ ਦਿੱਤੀ ਸਲਾਹ ਨੂੰ ਵੀ ਲਾਗੂ ਕੀਤਾ। ਭਾਵੇਂ ਕਿ ਉਸ ਨੂੰ ਆਪਣੇ ਵਿਚ ਸੁਧਾਰ ਕਰਨ ਲਈ ਕਈ ਸਾਲ ਲੱਗੇ, ਪਰ ਸਮੇਂ ਦੇ ਬੀਤਣ ਨਾਲ ਉਹ ਸਹਾਇਕ ਸੇਵਕ ਦੇ ਤੌਰ ’ਤੇ ਸੇਵਾ ਕਰ ਸਕਿਆ। ਹੁਣ ਉਹ 20 ਸਾਲਾਂ ਤੋਂ ਇਕ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਪਰ ਉਹ ਜਾਣਦਾ ਹੈ ਕਿ ਉਸ ਨੂੰ ਅਜੇ ਵੀ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨ ਦੀ ਲੋੜ ਹੈ।

19 ਕੈਵਿਨ ਦੇ ਤਜਰਬੇ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਲੋਕ ਬਾਈਬਲ ਦੀ ਮਦਦ ਨਾਲ ਆਪਣੇ ਵਿਚ ਸੁਧਾਰ ਕਰਦੇ ਰਹਿ ਸਕਦੇ ਹਨ। ਇਸ ਲਈ ਆਓ ਆਪਾਂ ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਆਪਣੇ ਵਿਚ ਸੁਧਾਰ ਕਰਦੇ ਰਹੀਏ ਅਤੇ ਉਸ ਨਾਲ ਆਪਣੀ ਦੋਸਤੀ ਗੂੜ੍ਹੀ ਕਰਦੇ ਰਹੀਏ। (ਕਹਾ. 3:32) ਫਿਰ ਜਦੋਂ ਅਸੀਂ ਦੇਖਾਂਗੇ ਕਿ ਯਹੋਵਾਹ ਸਾਡੀਆਂ ਕੋਸ਼ਿਸ਼ਾਂ ’ਤੇ ਬਰਕਤਾਂ ਪਾ ਰਿਹਾ ਹੈ, ਤਾਂ ਜ਼ਾਹਰ ਹੋਵੇਗਾ ਕਿ ਅਸੀਂ ਬਾਈਬਲ ਦੀ ਮਦਦ ਨਾਲ ਆਪਣੀ ਜ਼ਿੰਦਗੀ ਵਿਚ ਸੁਧਾਰ ਕਰਦੇ ਰਹਿ ਸਕਦੇ ਹਾਂ।​—ਜ਼ਬੂ. 34:8.

^ [1] (ਪੈਰਾ 1) ਇਹ ਨਾਂ ਬਦਲਿਆ ਗਿਆ ਹੈ।