Skip to content

Skip to table of contents

“ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ”

“ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ”

ਮੰਨ ਲਓ ਕਿ ਤੁਸੀਂ ਦੇਰ ਰਾਤ ਕਿਤੇ ਤੁਰੇ ਜਾ ਰਹੇ ਹੋ। ਅਚਾਨਕ ਕੋਈ ਤੁਹਾਡਾ ਪਿੱਛਾ ਕਰਨ ਲੱਗ ਪੈਂਦਾ ਹੈ। ਜਦੋਂ ਤੁਸੀਂ ਰੁਕਦੇ ਹੋ, ਉਹ ਵੀ ਰੁਕ ਜਾਂਦਾ ਹੈ। ਜਦੋਂ ਤੁਸੀਂ ਤੇਜ਼ ਤੁਰਨ ਲੱਗ ਪੈਂਦੇ ਹੋ, ਤਾਂ ਉਹ ਵੀ ਤੇਜ਼ ਤੁਰਨ ਲੱਗ ਪੈਂਦਾ ਹੈ। ਫਿਰ ਤੁਸੀਂ ਦੌੜਨ ਲੱਗ ਪੈਂਦੇ ਹੋ ਅਤੇ ਤੁਹਾਡੀ ਨਜ਼ਰ ਆਪਣੇ ਦੋਸਤ ਦੇ ਘਰ ’ਤੇ ਪੈਂਦੀ ਹੈ। ਤੁਸੀਂ ਦੌੜ ਕੇ ਉਸ ਦਾ ਦਰਵਾਜ਼ਾ ਖੜਕਾਉਂਦੇ ਹੋ ਅਤੇ ਉਹ ਤੁਹਾਨੂੰ ਅੰਦਰ ਬੁਲਾ ਲੈਂਦਾ ਹੈ। ਅੰਦਰ ਵੜਦਿਆਂ ਹੀ ਤੁਹਾਡੀ ਜਾਨ ਵਿਚ ਜਾਨ ਆ ਜਾਂਦੀ ਹੈ।

ਸ਼ਾਇਦ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਦਾ ਸਾਮ੍ਹਣਾ ਨਾ ਕੀਤਾ ਹੋਵੇ, ਪਰ ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਸ਼ਾਇਦ ਤੁਸੀਂ ਫ਼ਿਕਰਮੰਦ ਹੋਵੋ। ਮਿਸਾਲ ਲਈ, ਕੀ ਤੁਸੀਂ ਕਿਸੇ ਕਮਜ਼ੋਰੀ ਦਾ ਸਾਮ੍ਹਣਾ ਕਰ ਰਹੇ ਹੋ ਜਿਸ ਤੋਂ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਪਰ ਤੁਸੀਂ ਵਾਰ-ਵਾਰ ਉਹੀ ਗ਼ਲਤੀ ਕਰੀ ਜਾ ਰਹੇ ਹੋ? ਕੀ ਤੁਸੀਂ ਕਾਫ਼ੀ ਸਮੇਂ ਤੋਂ ਬੇਰੋਜ਼ਗਾਰ ਹੋ ਅਤੇ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਤੁਹਾਨੂੰ ਕੋਈ ਕੰਮ ਨਹੀਂ ਮਿਲ ਰਿਹਾ? ਕੀ ਤੁਸੀਂ ਇਸ ਚਿੰਤਾ ਵਿਚ ਹੋ ਕਿ ਤੁਹਾਡੇ ਕਦਮ ਬੁਢਾਪੇ ਵੱਲ ਵਧ ਰਹੇ ਹਨ ਅਤੇ ਤੁਹਾਨੂੰ ਭਵਿੱਖ ਵਿਚ ਕਿਸੇ ਬੀਮਾਰੀ ਦਾ ਸਾਮ੍ਹਣਾ ਕਰਨਾ ਪਵੇਗਾ? ਜਾਂ ਤੁਹਾਨੂੰ ਕਿਸੇ ਹੋਰ ਗੱਲ ਦੀ ਚਿੰਤਾ ਹੈ?

ਚਾਹੇ ਸਮੱਸਿਆ ਕੋਈ ਵੀ ਹੋਵੇ, ਪਰ ਕੀ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਕੋਈ ਦੋਸਤ ਹੋਵੇ ਜਿਸ ਨਾਲ ਤੁਸੀਂ ਆਪਣੀਆਂ ਚਿੰਤਾਵਾਂ ਸਾਂਝੀਆਂ ਕਰ ਸਕੋ ਅਤੇ ਉਹ ਤੁਹਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਹੋਵੇ? ਕੀ ਤੁਹਾਡਾ ਇੱਦਾਂ ਦਾ ਕੋਈ ਪੱਕਾ ਦੋਸਤ ਹੈ? ਜੀ ਹਾਂ, ਯਹੋਵਾਹ ਤੁਹਾਡਾ ਪੱਕਾ ਦੋਸਤ ਹੈ ਜਿਵੇਂ ਉਹ ਅਬਰਾਹਾਮ ਦਾ ਦੋਸਤ ਸੀ। ਇਹ ਗੱਲ ਯਸਾਯਾਹ 41:8-13 ਵਿਚ ਲਿਖੀ ਹੋਈ ਹੈ। ਆਇਤ 10 ਅਤੇ 13 ਵਿਚ ਯਹੋਵਾਹ ਆਪਣੇ ਸੇਵਕਾਂ ਨੂੰ ਕਹਿੰਦਾ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ। ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।”

‘ਮੈਂ ਤੈਨੂੰ ਸੰਭਾਲਾਂਗਾ’

ਕੀ ਇਨ੍ਹਾਂ ਸ਼ਬਦਾਂ ਤੋਂ ਤੁਹਾਨੂੰ ਹੌਸਲਾ ਨਹੀਂ ਮਿਲਦਾ? ਕਲਪਨਾ ਕਰੋ ਕਿ ਯਸਾਯਾਹ 41:10, 13 ਵਿਚ ਯਹੋਵਾਹ ਸਾਨੂੰ ਕੀ ਕਹਿ ਰਿਹਾ ਹੈ। ਇੱਥੇ ਆਇਤ ਵਿਚ ਇਹ ਨਹੀਂ ਦੱਸਿਆ ਗਿਆ ਕਿ ਤੁਸੀਂ ਯਹੋਵਾਹ ਦਾ ਹੱਥ ਫੜ ਕੇ ਨਾਲ-ਨਾਲ ਤੁਰ ਰਹੇ ਹੋ ਭਾਵੇਂ ਕਿ ਇੱਦਾਂ ਸੋਚਣਾ ਵਧੀਆ ਲੱਗਦਾ ਹੈ। ਜੇ ਯਹੋਵਾਹ ਤੁਹਾਡਾ ਹੱਥ ਫੜ ਕੇ ਤੁਹਾਡੇ ਨਾਲ-ਨਾਲ ਤੁਰੇਗਾ, ਤਾਂ ਉਹ ਆਪਣੇ ਸੱਜੇ ਹੱਥ ਨਾਲ ਤੁਹਾਡਾ ਖੱਬਾ ਹੱਥ ਫੜੇਗਾ। ਪਰ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਆਪਣੇ “ਫਤਹਮੰਦ ਸੱਜੇ ਹੱਥ ਨਾਲ” ਤੁਹਾਡਾ “ਸੱਜਾ ਹੱਥ” ਫੜਦਾ ਹੈ ਜਿਵੇਂ ਕਿ ਉਹ ਜ਼ਿੰਦਗੀ ਦੇ ਮੁਸ਼ਕਲ ਹਾਲਾਤਾਂ ਵਿੱਚੋਂ ਤੁਹਾਨੂੰ ਕੱਢ ਰਿਹਾ ਹੋਵੇ। ਜਦੋਂ ਉਹ ਇੱਦਾਂ ਕਰਦਾ ਹੈ, ਤਾਂ ਉਹ ਤੁਹਾਨੂੰ ਇਨ੍ਹਾਂ ਤਸੱਲੀ ਭਰੇ ਸ਼ਬਦਾਂ ਨਾਲ ਤਕੜਾ ਕਰਦਾ ਹੈ: “ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।”

ਕੀ ਤੁਸੀਂ ਯਹੋਵਾਹ ਨੂੰ ਇਕ ਪਿਆਰੇ ਪਿਤਾ ਅਤੇ ਦੋਸਤ ਵਜੋਂ ਦੇਖਦੇ ਹੋ ਜੋ ਮੁਸ਼ਕਲ ਹਾਲਾਤਾਂ ਵਿਚ ਤੁਹਾਡਾ ਹੱਥ ਫੜੇਗਾ? ਉਹ ਤੁਹਾਡੀ ਪਰਵਾਹ ਕਰਦਾ ਹੈ, ਤੁਹਾਡਾ ਭਲਾ ਚਾਹੁੰਦਾ ਹੈ ਅਤੇ ਦਿਲੋਂ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ। ਜਦੋਂ ਤੁਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਯਹੋਵਾਹ ਤੁਹਾਡੀ ਰਾਖੀ ਕਰਨੀ ਚਾਹੁੰਦਾ ਹੈ ਕਿਉਂਕਿ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਉਹ ਵਾਕਈ “ਦੁਖਾਂ ਵਿੱਚ ਵੱਡਾ ਸਹਾਇਕ” ਹੁੰਦਾ ਹੈ।—ਜ਼ਬੂ. 46:1.

ਪਿਛਲੀਆਂ ਗ਼ਲਤੀਆਂ ਕਰਕੇ ਨਿਕੰਮੇ ਮਹਿਸੂਸ ਕਰਨਾ

ਕੁਝ ਲੋਕ ਆਪਣੀਆਂ ਪਿਛਲੀਆਂ ਗ਼ਲਤੀਆਂ ਕਰਕੇ ਦੁਖੀ ਰਹਿੰਦੇ ਹਨ ਅਤੇ ਸੋਚਦੇ ਰਹਿੰਦੇ ਹਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਮਾਫ਼ ਕੀਤਾ ਵੀ ਹੈ ਕਿ ਨਹੀਂ। ਜੇ ਤੁਹਾਨੂੰ ਇੱਦਾਂ ਲੱਗਦਾ ਹੈ, ਤਾਂ ਵਫ਼ਾਦਾਰ ਆਦਮੀ ਅੱਯੂਬ ਬਾਰੇ ਸੋਚੋ ਜਿਸ ਨੇ ਆਪਣੀ “ਜੁਆਨੀ ਦੀਆਂ ਬਦੀਆਂ” ਨੂੰ ਮੰਨਿਆ। (ਅੱਯੂ. 13:26) ਰਾਜਾ ਦਾਊਦ ਨੇ ਵੀ ਇੱਦਾਂ ਹੀ ਮਹਿਸੂਸ ਕੀਤਾ ਅਤੇ ਉਸ ਨੇ ਯਹੋਵਾਹ ਅੱਗੇ ਤਰਲੇ ਕੀਤੇ: “ਮੇਰੀ ਜੁਆਨੀ ਦੇ ਪਾਪਾਂ ਅਤੇ ਮੇਰੇ ਅਪਰਾਧਾਂ ਨੂੰ ਚੇਤੇ ਨਾ ਰੱਖ।” (ਜ਼ਬੂ. 25:7) ਨਾਮੁਕੰਮਲ ਹੋਣ ਕਰਕੇ ਅਸੀਂ “ਸਾਰਿਆਂ ਨੇ ਪਾਪ ਕੀਤਾ ਹੈ ਅਤੇ ਸਾਰੇ ਪਰਮੇਸ਼ੁਰ ਦੇ ਸ਼ਾਨਦਾਰ ਗੁਣ ਜ਼ਾਹਰ ਕਰਨ ਵਿਚ ਨਾਕਾਮਯਾਬ ਹੋਏ ਹਨ।”​—ਰੋਮੀ. 3:23.

ਯਸਾਯਾਹ 41 ਦੀਆਂ ਗੱਲਾਂ ਇਜ਼ਰਾਈਲੀਆਂ ਨੂੰ ਕਹੀਆਂ ਗਈਆਂ ਸਨ। ਉਨ੍ਹਾਂ ਨੇ ਇੰਨੇ ਜ਼ਿਆਦਾ ਪਾਪ ਕੀਤੇ ਕਿ ਯਹੋਵਾਹ ਨੇ ਉਨ੍ਹਾਂ ਨੂੰ ਬਾਬਲ ਦੇ ਗ਼ੁਲਾਮ ਬਣਾ ਕੇ ਸਜ਼ਾ ਦੇਣ ਦਾ ਫ਼ੈਸਲਾ ਕੀਤਾ। (ਯਸਾ 39:6, 7) ਪਰ ਯਹੋਵਾਹ ਆਉਣ ਵਾਲੇ ਸਮੇਂ ਬਾਰੇ ਵੀ ਸੋਚ ਰਿਹਾ ਸੀ ਜਦੋਂ ਉਹ ਉਨ੍ਹਾਂ ਲੋਕਾਂ ਨੂੰ ਛੁਡਾਵੇਗਾ ਜੋ ਤੋਬਾ ਕਰਨਗੇ ਅਤੇ ਉਸ ਵੱਲ ਵਾਪਸ ਮੁੜਨਗੇ। (ਯਸਾ 41:8, 9; 49:8) ਯਹੋਵਾਹ ਅੱਜ ਵੀ ਉਨ੍ਹਾਂ ਲੋਕਾਂ ਨਾਲ ਖੁੱਲ੍ਹ-ਦਿਲੀ ਦਿਖਾਉਂਦਾ ਹੈ ਜੋ ਦਿਲੋਂ ਉਸ ਦੀ ਮਿਹਰ ਪਾਉਣੀ ਚਾਹੁੰਦੇ ਹਨ।​—ਜ਼ਬੂ. 51:1.

ਜ਼ਰਾ ਟਾਕੂਆ * ਦੀ ਮਿਸਾਲ ’ਤੇ ਗੌਰ ਕਰੋ ਜੋ ਅਸ਼ਲੀਲ ਤਸਵੀਰਾਂ ਤੇ ਫ਼ਿਲਮਾਂ ਦੇਖਣ ਅਤੇ ਹਥਰਸੀ ਦੀ ਆਦਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਸ ਨੂੰ ਵਾਰ-ਵਾਰ ਹਾਰ ਦਾ ਮੂੰਹ ਦੇਖਣਾ ਪਿਆ। ਉਸ ਨੂੰ ਕਿੱਦਾਂ ਲੱਗਦਾ ਸੀ? “ਮੈਨੂੰ ਲੱਗਦਾ ਸੀ ਕਿ ਮੈਂ ਕਿਸੇ ਕੰਮ ਦਾ ਨਹੀਂ। ਪਰ ਜਦੋਂ ਮੈਂ ਯਹੋਵਾਹ ਨੂੰ ਮਾਫ਼ੀ ਲਈ ਮਿੰਨਤਾਂ ਕੀਤੀਆਂ, ਤਾਂ ਯਹੋਵਾਹ ਨੇ ਮੈਨੂੰ ਡਿੱਗੇ ਹੋਏ ਨੂੰ ਚੁੱਕਿਆ।” ਯਹੋਵਾਹ ਨੇ ਇਹ ਕਿੱਦਾਂ ਕੀਤਾ? ਟਾਕੂਆ ਦੀ ਮੰਡਲੀ ਦੇ ਬਜ਼ੁਰਗਾਂ ਨੇ ਉਸ ਨੂੰ ਕਿਹਾ ਕਿ ਜਦੋਂ ਵੀ ਉਸ ਦਾ ਜੀ ਇਹ ਕੰਮ ਕਰਨ ਨੂੰ ਕਰੇ, ਤਾਂ ਉਹ ਉਨ੍ਹਾਂ ਨੂੰ ਫ਼ੋਨ ਕਰੇ। ਉਹ ਦੱਸਦਾ ਹੈ: “ਉਨ੍ਹਾਂ ਨੂੰ ਫ਼ੋਨ ਕਰਨਾ ਸੌਖਾ ਨਹੀਂ ਸੀ। ਪਰ ਜਦੋਂ ਵੀ ਮੈਂ ਇੱਦਾਂ ਕੀਤਾ, ਤਾਂ ਮੈਨੂੰ ਫ਼ਾਇਦਾ ਹੋਇਆ।” ਫਿਰ ਬਜ਼ੁਰਗਾਂ ਨੇ ਪ੍ਰਬੰਧ ਕੀਤਾ ਕਿ ਸਫ਼ਰੀ ਨਿਗਾਹਬਾਨ ਟਾਕੂਆ ਨੂੰ ਜਾ ਕੇ ਮਿਲੇ। ਸਫ਼ਰੀ ਨਿਗਾਹਬਾਨ ਨੇ ਉਸ ਨੂੰ ਕਿਹਾ: “ਮੇਰਾ ਇੱਥੇ ਆਉਣਾ ਇਤਫ਼ਾਕ ਨਹੀਂ ਹੈ, ਸਗੋਂ ਬਜ਼ੁਰਗ ਚਾਹੁੰਦੇ ਸਨ ਕਿ ਮੈਂ ਤੈਨੂੰ ਆ ਕੇ ਮਿਲਾ। ਉਨ੍ਹਾਂ ਨੇ ਤੈਨੂੰ ਚੁਣਿਆ ਹੈ ਕਿ ਮੈਂ ਤੈਨੂੰ ਮਿਲਾ।” ਟਾਕੂਆ ਯਾਦ ਕਰਦਾ ਹੈ: “ਪਾਪ ਤਾਂ ਮੈਂ ਕੀਤਾ ਸੀ, ਪਰ ਯਹੋਵਾਹ ਨੇ ਬਜ਼ੁਰਗਾਂ ਰਾਹੀਂ ਮੇਰੀ ਮਦਦ ਕੀਤੀ।” ਟਾਕੂਆ ਨੇ ਸੱਚਾਈ ਵਿਚ ਇੰਨੀ ਤਰੱਕੀ ਕੀਤੀ ਕਿ ਉਹ ਰੈਗੂਲਰ ਪਾਇਨੀਅਰ ਬਣ ਗਿਆ ਅਤੇ ਹੁਣ ਉਹ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰ ਰਿਹਾ ਹੈ। ਇਸ ਭਰਾ ਦੀ ਤਰ੍ਹਾਂ ਪਰਮੇਸ਼ੁਰ ਤੁਹਾਨੂੰ ਵੀ ਚੁੱਕੇਗਾ।

ਗੁਜ਼ਾਰਾ ਚਲਾਉਣ ਦੀ ਚਿੰਤਾ

ਕਈਆਂ ਨੂੰ ਬੇਰੋਜ਼ਗਾਰ ਹੋਣ ਕਰਕੇ ਚਿੰਤਾ ਹੁੰਦੀ ਹੈ। ਕਈਆਂ ਦਾ ਕੰਮ ਛੁੱਟ ਜਾਂਦਾ ਹੈ ਅਤੇ ਦੂਸਰਾ ਕੰਮ ਲੱਭਣਾ ਮੁਸ਼ਕਲ ਹੁੰਦਾ ਹੈ। ਕਲਪਨਾ ਕਰੋ ਕਿ ਤੁਹਾਨੂੰ ਕਿਵੇਂ ਲੱਗੇਗਾ ਜਦੋਂ ਤੁਹਾਨੂੰ ਕਿਤੇ ਵੀ ਕੰਮ ਨਹੀਂ ਮਿਲਦਾ। ਇਸ ਹਾਲਾਤ ਵਿਚ ਕੁਝ ਲੋਕ ਆਪਣੇ ਨਾਲ ਅੱਖਾਂ ਨਹੀਂ ਮਿਲਾ ਪਾਉਂਦੇ। ਯਹੋਵਾਹ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ? ਉਹ ਸ਼ਾਇਦ ਜਲਦੀ ਹੀ ਤੁਹਾਨੂੰ ਉਹ ਕੰਮ ਨਾ ਦਿਵਾਏ ਜੋ ਤੁਸੀਂ ਕਰਨਾ ਚਾਹੁੰਦੇ ਹੋ, ਪਰ ਉਹ ਸ਼ਾਇਦ ਤੁਹਾਡੀ ਰਾਜਾ ਦਾਊਦ ਦੀ ਗੱਲ ਯਾਦ ਰੱਖਣ ਵਿਚ ਮਦਦ ਕਰੇ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ।” (ਜ਼ਬੂ. 37:25) ਜੀ ਹਾਂ, ਯਹੋਵਾਹ ਤੁਹਾਨੂੰ ਬਹੁਤ ਅਨਮੋਲ ਸਮਝਦਾ ਹੈ ਅਤੇ ਉਹ ਆਪਣੇ “ਫਤਹਮੰਦ ਸੱਜੇ ਹੱਥ” ਨਾਲ ਤੁਹਾਡੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ ਤਾਂਕਿ ਤੁਸੀਂ ਉਸ ਦੀ ਸੇਵਾ ਕਰਦੇ ਰਹਿ ਸਕੋ।

ਜੇ ਤੁਹਾਡਾ ਕੰਮ ਛੁੱਟ ਜਾਵੇ, ਤਾਂ ਯਹੋਵਾਹ ਸ਼ਾਇਦ ਤੁਹਾਡੀ ਕਿਵੇਂ ਮਦਦ ਕਰੇ?

ਸਾਰਾ ਨਾਂ ਦੀ ਭੈਣ ਕੋਲੰਬੀਆ ਵਿਚ ਰਹਿੰਦੀ ਹੈ ਅਤੇ ਉਸ ਨੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖਿਆ। ਭਾਵੇਂ ਕਿ ਉਹ ਮੰਨੀ-ਪ੍ਰਮੰਨੀ ਕੰਪਨੀ ਵਿਚ ਕੰਮ ਕਰਦੀ ਸੀ ਤੇ ਉਸ ਨੂੰ ਕਾਫ਼ੀ ਤਨਖ਼ਾਹ ਮਿਲਦੀ ਸੀ, ਪਰ ਕੰਪਨੀ ਵਾਲੇ ਉਸ ਦਾ ਚੰਗੀ ਤਰ੍ਹਾਂ ਲਹੂ ਚੂਸਦੇ ਸਨ। ਪਰ ਉਹ ਯਹੋਵਾਹ ਦੀ ਜ਼ਿਆਦਾ ਸੇਵਾ ਕਰਨੀ ਚਾਹੁੰਦੀ ਸੀ, ਇਸ ਲਈ ਉਸ ਨੇ ਆਪਣਾ ਕੰਮ ਛੱਡ ਦਿੱਤਾ ਅਤੇ ਪਾਇਨੀਅਰਿੰਗ ਕਰਨ ਲੱਗ ਪਈ। ਉਹ ਹਫ਼ਤੇ ਵਿਚ ਸਿਰਫ਼ ਕੁਝ ਦਿਨ ਕੰਮ ਕਰਨਾ ਚਾਹੁੰਦੀ ਸੀ, ਪਰ ਇੱਦਾਂ ਦਾ ਕੰਮ ਮਿਲਣਾ ਸੌਖਾ ਨਹੀਂ ਸੀ। ਉਸ ਨੇ ਛੋਟੀ ਜਿਹੀ ਆਈਸ-ਕ੍ਰੀਮ ਦੀ ਦੁਕਾਨ ਖੋਲ੍ਹ ਲਈ, ਪਰ ਹੌਲੀ-ਹੌਲੀ ਉਸ ਕੋਲ ਪੈਸੇ ਖ਼ਤਮ ਹੋ ਗਏ ਅਤੇ ਉਸ ਨੂੰ ਦੁਕਾਨ ਬੰਦ ਕਰਨੀ ਪਈ। ਸਾਰਾ ਦੱਸਦੀ ਹੈ: “ਪੈਸੇ ਖ਼ਤਮ ਹੋਣ ਤੋਂ ਤਿੰਨ ਸਾਲਾਂ ਬਾਅਦ ਵੀ ਯਹੋਵਾਹ ਨੇ ਮੈਨੂੰ ਸੰਭਾਲਿਆ। ਇਸ ਗੱਲ ਲਈ ਮੈਂ ਯਹੋਵਾਹ ਦਾ ਧੰਨਵਾਦ ਕਰਦੀ ਹਾਂ।” ਉਸ ਨੇ ਐਸ਼ੋ-ਆਰਾਮ ਅਤੇ ਲੋੜ ਦੀਆਂ ਚੀਜ਼ਾਂ ਵਿਚ ਫ਼ਰਕ ਪਛਾਣਨ ਦੇ ਨਾਲ-ਨਾਲ ਅਗਲੇ ਦਿਨ ਦੀ ਚਿੰਤਾ ਨਾ ਕਰਨ ਬਾਰੇ ਵੀ ਸਿੱਖਿਆ। (ਮੱਤੀ 6:33, 34) ਆਖ਼ਰ ਉਸ ਦੇ ਪਹਿਲੇ ਮਾਲਕ ਨੇ ਉਸ ਨੂੰ ਬੁਲਾਇਆ ਅਤੇ ਉਸ ਨੂੰ ਉਹੀ ਕੰਮ ਦੀ ਪੇਸ਼ਕਸ਼ ਕੀਤੀ। ਉਸ ਨੇ ਜਵਾਬ ਦਿੱਤਾ ਕਿ ਉਹ ਸਿਰਫ਼ ਇਸੇ ਸ਼ਰਤ ’ਤੇ ਕੰਮ ਕਰੇਗੀ ਜੇ ਉਸ ਨੂੰ ਥੋੜ੍ਹੇ ਦਿਨਾਂ ਦਾ ਕੰਮ ਦਿੱਤਾ ਜਾਵੇ ਅਤੇ ਮੀਟਿੰਗਾਂ ਤੇ ਸੰਮੇਲਨਾਂ ਲਈ ਛੁੱਟੀ ਦਿੱਤੀ ਜਾਵੇ। ਭਾਵੇਂ ਕਿ ਸਾਰਾ ਹੁਣ ਪਹਿਲੇ ਜਿੰਨੇ ਪੈਸੇ ਨਹੀਂ ਕਮਾਉਂਦੀ, ਪਰ ਉਹ ਆਪਣੀ ਪਾਇਨੀਅਰਿੰਗ ਕਰ ਸਕਦੀ ਹੈ। ਉਹ ਕਹਿੰਦੀ ਹੈ: “ਮੈਂ ਉਨ੍ਹਾਂ ਔਖੇ ਸਾਲਾਂ ਦੌਰਾਨ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖਿਆ ਹੈ।”

ਬੁਢਾਪੇ ਦੀਆਂ ਚਿੰਤਾਵਾਂ

ਬੁਢਾਪਾ ਵੀ ਚਿੰਤਾ ਦਾ ਇਕ ਹੋਰ ਕਾਰਨ ਹੈ। ਜਦੋਂ ਬਹੁਤ ਸਾਰੇ ਲੋਕਾਂ ਦੀ ਕੰਮ ਤੋਂ ਰੀਟਾਇਰ ਹੋਣ ਦੀ ਉਮਰ ਹੋ ਜਾਂਦੀ ਹੈ, ਤਾਂ ਉਹ ਸੋਚਦੇ ਹਨ ਕਿ ਉਨ੍ਹਾਂ ਕੋਲ ਆਪਣੀ ਬਾਕੀ ਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਿਤਾਉਣ ਲਈ ਕਾਫ਼ੀ ਪੈਸੇ ਹੋਣਗੇ। ਉਨ੍ਹਾਂ ਨੂੰ ਆਪਣੀ ਸਿਹਤ ਦੀ ਵੀ ਫ਼ਿਕਰ ਹੁੰਦੀ ਹੈ ਕਿ ਸ਼ਾਇਦ ਬੁਢਾਪੇ ਕਰਕੇ ਉਨ੍ਹਾਂ ਨੂੰ ਬੀਮਾਰੀਆਂ ਦਾ ਸਾਮ੍ਹਣਾ ਕਰਨਾ ਪਵੇ। ਲੱਗਦਾ ਹੈ ਕਿ ਦਾਊਦ ਨੇ ਯਹੋਵਾਹ ਨੂੰ ਬੇਨਤੀ ਕੀਤੀ ਸੀ: “ਬੁਢੇਪੇ ਦੇ ਸਮੇਂ ਮੈਨੂੰ ਦੂਰ ਨਾ ਸੁੱਟ, ਜਾਂ ਮੇਰੇ ਬਲ ਘਟੇ ਤਾਂ ਮੈਨੂੰ ਨਾ ਤਿਆਗ!”​—ਜ਼ਬੂ. 71:9, 18.

ਤਾਂ ਫਿਰ, ਯਹੋਵਾਹ ਦੇ ਸੇਵਕ ਆਪਣੇ ਬੁਢਾਪੇ ਵਿਚ ਖ਼ੁਸ਼ ਕਿਵੇਂ ਰਹਿ ਸਕਦੇ ਹਨ? ਉਨ੍ਹਾਂ ਨੂੰ ਨਿਹਚਾ ਰੱਖਦੇ ਰਹਿਣ ਦੀ ਲੋੜ ਹੈ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ। ਦਰਅਸਲ ਜੇ ਉਨ੍ਹਾਂ ਨੇ ਪਹਿਲਾਂ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕੀਤੀ ਹੈ, ਤਾਂ ਸ਼ਾਇਦ ਹੁਣ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਸਾਦੀ ਕਰਨੀ ਪਵੇ ਅਤੇ ਥੋੜ੍ਹੀਆਂ ਚੀਜ਼ਾਂ ਵਿਚ ਖ਼ੁਸ਼ ਰਹਿਣਾ ਪਵੇ। ਉਹ ਸ਼ਾਇਦ ਦੇਖਣ ਕਿ “ਪਲੇ ਹੋਏ ਬਲਦ” ਨਾਲੋਂ “ਸਾਗ ਪੱਤ ਦਾ ਖਾਣਾ” ਮਜ਼ੇਦਾਰ ਹੋ ਸਕਦਾ ਹੈ ਅਤੇ ਇਹ ਉਨ੍ਹਾਂ ਦੀ ਸਿਹਤ ਲਈ ਚੰਗਾ ਹੋਵੇ। (ਕਹਾ. 15:17) ਜੇ ਤੁਸੀਂ ਆਪਣਾ ਧਿਆਨ ਯਹੋਵਾਹ ਦੀ ਸੇਵਾ ਕਰਨ ਵਿਚ ਲਾਉਂਦੇ ਹੋ, ਤਾਂ ਉਹ ਬੁਢਾਪੇ ਵਿਚ ਵੀ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰੇਗਾ।

ਹੋਸੇ ਤੇ ਰੌਜ਼ ਟੋਨੀ ਤੇ ਵੈਂਡੀ ਨਾਲ

ਜ਼ਰਾ ਹੋਸੇ ਅਤੇ ਰੌਜ਼ ਦੀ ਮਿਸਾਲ ’ਤੇ ਗੌਰ ਕਰੋ ਜੋ 65 ਤੋਂ ਜ਼ਿਆਦਾ ਸਾਲਾਂ ਤੋਂ ਯਹੋਵਾਹ ਦੀ ਪੂਰੇ ਸਮੇਂ ਦੀ ਸੇਵਾ ਕਰ ਰਹੇ ਹਨ। ਕਈ ਸਾਲਾਂ ਤਕ ਉਨ੍ਹਾਂ ਨੇ ਭੈਣ ਰੌਜ਼ ਦੇ ਪਿਤਾ ਦੀ ਦੇਖ-ਭਾਲ ਕੀਤੀ ਜਿਸ ਨੂੰ 24 ਘੰਟੇ ਮਦਦ ਦੀ ਲੋੜ ਸੀ। ਨਾਲੇ ਹੋਸੇ ਦਾ ਕੈਂਸਰ ਦਾ ਓਪ੍ਰੇਸ਼ਨ ਹੋਇਆ ਅਤੇ ਉਸ ਨੂੰ ਕੀਮੋਥੈਰੇਪੀ ਕਰਵਾਉਣੀ ਪੈਂਦੀ ਸੀ। ਕੀ ਯਹੋਵਾਹ ਨੇ ਇਸ ਵਫ਼ਾਦਾਰ ਜੋੜੇ ਵੱਲ ਆਪਣਾ ਸੱਜਾ ਹੱਥ ਵਧਾਇਆ? ਜੀ ਹਾਂ, ਪਰ ਕਿਵੇਂ? ਪਰਮੇਸ਼ੁਰ ਨੇ ਉਨ੍ਹਾਂ ਦੀ ਮੰਡਲੀ ਦੇ ਇਕ ਜੋੜੇ, ਟੋਨੀ ਅਤੇ ਵੈਂਡੀ, ਰਾਹੀਂ ਮਦਦ ਕੀਤੀ। ਇਸ ਜੋੜੇ ਨੇ ਇਨ੍ਹਾਂ ਨੂੰ ਆਪਣੇ ਘਰ ਵਿਚ ਰਹਿਣ ਲਈ ਕਮਰਾ ਦਿੱਤਾ। ਟੋਨੀ ਅਤੇ ਵੈਂਡੀ ਪਾਇਨੀਅਰਾਂ ਨੂੰ ਬਿਨਾਂ ਕਿਰਾਏ ਤੋਂ ਕਮਰਾ ਦੇਣਾ ਚਾਹੁੰਦੇ ਸਨ। ਸਾਲਾਂ ਪਹਿਲਾਂ ਟੋਨੀ ਆਪਣੇ ਹਾਈ ਸਕੂਲ ਦੀ ਖਿੜਕੀ ਤੋਂ ਹੋਸੇ ਅਤੇ ਰੌਜ਼ ਨੂੰ ਬਾਕਾਇਦਾ ਪ੍ਰਚਾਰ ’ਤੇ ਜਾਂਦਾ ਦੇਖਦਾ ਸੀ। ਉਨ੍ਹਾਂ ਵਿਚ ਪ੍ਰਚਾਰ ਲਈ ਬਹੁਤ ਜੋਸ਼ ਸੀ ਜੋ ਟੋਨੀ ਨੂੰ ਚੰਗਾ ਲੱਗਦਾ ਸੀ ਅਤੇ ਇਸ ਦਾ ਟੋਨੀ ਉੱਤੇ ਜ਼ਬਰਦਸਤ ਅਸਰ ਪਿਆ। ਟੋਨੀ ਅਤੇ ਵੈਂਡੀ ਨੇ ਦੇਖਿਆ ਕਿ ਇਸ ਬਜ਼ੁਰਗ ਜੋੜੇ ਨੇ ਪੂਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾ ਦਿੱਤੀ। ਇਸ ਕਰਕੇ ਉਹ ਉਨ੍ਹਾਂ ਨੂੰ ਆਪਣੇ ਘਰ ਲੈ ਆਏ। ਉਹ 15 ਸਾਲਾਂ ਤੋਂ ਹੋਸੇ ਅਤੇ ਰੌਜ਼ ਦੀ ਮਦਦ ਕਰ ਰਹੇ ਹਨ ਜੋ ਹੁਣ 84-85 ਸਾਲਾਂ ਦੇ ਹਨ। ਇਹ ਬਜ਼ੁਰਗ ਜੋੜਾ ਮੰਨਦਾ ਹੈ ਕਿ ਯਹੋਵਾਹ ਨੇ ਹੀ ਟੋਨੀ ਅਤੇ ਵੈਂਡੀ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਭੇਜਿਆ ਹੈ।

ਪਰਮੇਸ਼ੁਰ ਤੁਹਾਡੇ ਵੱਲ ਵੀ ‘ਆਪਣਾ ਫਤਹਮੰਦ ਸੱਜਾ ਹੱਥ’ ਵਧਾ ਰਿਹਾ ਹੈ। ਕੀ ਤੁਸੀਂ ਉਸ ਦਾ ਹੱਥ ਫੜੋਗੇ ਜੋ ਤੁਹਾਡੇ ਨਾਲ ਵਾਅਦਾ ਕਰਦਾ ਹੈ: “ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ”?

^ ਪੈਰਾ 11 ਕੁਝ ਨਾਂ ਬਦਲੇ ਗਏ ਹਨ।