Skip to content

Skip to table of contents

ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਦਿਆਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖੋ

ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਦਿਆਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖੋ

“ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ।”—ਜ਼ਬੂ. 119:11.

ਗੀਤ: 18, 47

1-3. (ੳ) ਚਾਹੇ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਪਰ ਸਾਡੇ ਸਾਰਿਆਂ ਲਈ ਸਭ ਤੋਂ ਜ਼ਰੂਰੀ ਗੱਲ ਕਿਹੜੀ ਹੋਣੀ ਚਾਹੀਦੀ ਹੈ? (ਅ) ਨਵੀਂ ਭਾਸ਼ਾ ਸਿੱਖ ਰਹੇ ਭੈਣਾਂ-ਭਰਾਵਾਂ ਨੂੰ ਖ਼ਾਸ ਕਰਕੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਇਸ ਕਰਕੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਅੱਜ ਹਜ਼ਾਰਾਂ ਹੀ ਯਹੋਵਾਹ ਦੇ ਗਵਾਹ ਇਹ ਭਵਿੱਖਬਾਣੀ ਪੂਰੀ ਕਰਨ ਵਿਚ ਮਦਦ ਕਰ ਰਹੇ ਹਨ ਕਿ “ਹਰ ਕੌਮ, ਹਰ ਕਬੀਲੇ, ਹਰ ਬੋਲੀ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ” ਨੂੰ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ। (ਪ੍ਰਕਾ. 14:6) ਕੀ ਤੁਸੀਂ ਕੋਈ ਨਵੀਂ ਭਾਸ਼ਾ ਸਿੱਖ ਰਹੇ ਹੋ? ਕੀ ਤੁਸੀਂ ਮਿਸ਼ਨਰੀ ਵਜੋਂ ਸੇਵਾ ਕਰ ਰਹੇ ਹੋ ਜਾਂ ਕਿਸੇ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰ ਰਹੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਜਾਂ ਕੀ ਤੁਸੀਂ ਆਪਣੇ ਹੀ ਦੇਸ਼ ਵਿਚ ਕਿਸੇ ਹੋਰ ਭਾਸ਼ਾ ਦੀ ਮੰਡਲੀ ਵਿਚ ਜਾਣਾ ਸ਼ੁਰੂ ਕੀਤਾ ਹੈ?

2 ਸਾਰੇ ਯਹੋਵਾਹ ਦੇ ਸੇਵਕਾਂ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਬਣਾਈ ਰੱਖਣ। (ਮੱਤੀ 5:3) ਪਰ ਸ਼ਾਇਦ ਕਦੀ-ਕਦੀ ਬਹੁਤ ਸਾਰੇ ਕੰਮ ਹੋਣ ਕਰਕੇ ਅਸੀਂ ਚੰਗੀ ਤਰ੍ਹਾਂ ਸਟੱਡੀ ਕਰਨ ਲਈ ਸਮਾਂ ਨਾ ਕੱਢ ਸਕੀਏ। ਪਰ ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰ ਰਹੇ ਭੈਣਾਂ-ਭਰਾਵਾਂ ਨੂੰ ਇਸ ਮੁਸ਼ਕਲ ਦੇ ਨਾਲ-ਨਾਲ ਕਈ ਹੋਰ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ।

3 ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰ ਰਹੇ ਭੈਣਾਂ-ਭਰਾਵਾਂ ਨੂੰ ਨਵੀਂ ਭਾਸ਼ਾ ਸਿੱਖਣ ਦੇ ਨਾਲ-ਨਾਲ ਬਾਈਬਲ ਦੀਆਂ ਡੂੰਘੀਆਂ ਗੱਲਾਂ ਦੀ ਸਟੱਡੀ ਕਰਦੇ ਰਹਿਣ ਦੀ ਵੀ ਲੋੜ ਹੈ। (1 ਕੁਰਿੰ. 2:10) ਪਰ ਉਹ ਇੱਦਾਂ ਕਿਵੇਂ ਕਰ ਸਕਦੇ ਹਨ ਜਦ ਕਿ ਉਨ੍ਹਾਂ ਨੂੰ ਮੰਡਲੀ ਦੀ ਭਾਸ਼ਾ ਚੰਗੀ ਤਰ੍ਹਾਂ ਸਮਝ ਹੀ ਨਹੀਂ ਆਉਂਦੀ? ਨਾਲੇ ਮਸੀਹੀ ਮਾਪਿਆਂ ਨੂੰ ਇਸ ਗੱਲ ਦਾ ਵੀ ਧਿਆਨ ਕਿਉਂ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੇ ਦਿਲਾਂ ਤਕ ਸੱਚਾਈ ਪਹੁੰਚ ਰਹੀ ਹੈ ਜਾਂ ਨਹੀਂ?

ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਖ਼ਤਰਾ

4. ਕਿਹੜੀ ਗੱਲ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ? ਮਿਸਾਲ ਦਿਓ।

4 ਕਿਸੇ ਹੋਰ ਭਾਸ਼ਾ ਵਿਚ ਪਰਮੇਸ਼ੁਰ ਦਾ ਬਚਨ ਸਮਝ ਨਾ ਆਉਣ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। ਜਦੋਂ ਪੰਜਵੀਂ ਸਦੀ ਈਸਵੀ ਪੂਰਵ ਵਿਚ ਨਹਮਯਾਹ ਯਰੂਸ਼ਲਮ ਨੂੰ ਵਾਪਸ ਆਇਆ, ਤਾਂ ਉਸ ਨੇ ਦੇਖਿਆ ਕਿ ਜਿਹੜੇ ਬੱਚੇ ਬਾਬਲ ਤੋਂ ਵਾਪਸ ਆਏ ਸਨ, ਉਨ੍ਹਾਂ ਵਿੱਚੋਂ ਕੁਝ ਬੱਚਿਆਂ ਨੂੰ ਇਬਰਾਨੀ ਬੋਲਣੀ ਨਹੀਂ ਸੀ ਆਉਂਦੀ। ਇਹ ਦੇਖ ਕੇ ਨਹਮਯਾਹ ਫ਼ਿਕਰਾਂ ਵਿਚ ਪੈ ਗਿਆ। (ਨਹਮਯਾਹ 13:23, 24 ਪੜ੍ਹੋ।) ਉਹ ਬੱਚੇ ਪਰਮੇਸ਼ੁਰ ਦੇ ਸੇਵਕਾਂ ਵਜੋਂ ਆਪਣੀ ਪਛਾਣ ਗੁਆ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਚੰਗੀ ਤਰ੍ਹਾਂ ਸਮਝ ਨਹੀਂ ਸੀ ਆਉਂਦੀ।​—ਨਹ. 8:2, 8.

5, 6. ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਦਿਆਂ ਕੁਝ ਮਾਪਿਆਂ ਨੇ ਕੀ ਦੇਖਿਆ ਹੈ ਅਤੇ ਕਿਉਂ?

5 ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰ ਰਹੇ ਕੁਝ ਮਾਪਿਆਂ ਨੇ ਦੇਖਿਆ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਹੋ ਗਿਆ ਹੈ। ਕਿਸੇ ਹੋਰ ਭਾਸ਼ਾ ਵਿਚ ਸਭਾਵਾਂ ਹੋਣ ਕਰਕੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸੀ ਆਉਂਦੀ। ਇਸ ਕਰਕੇ ਸੱਚਾਈ ਬੱਚਿਆਂ ਦੇ ਦਿਲਾਂ ਤਕ ਨਹੀਂ ਪਹੁੰਚ ਰਹੀ ਸੀ। ਪੇਡਰੋ  [1] ਨਾਂ ਦਾ ਭਰਾ ਆਪਣੇ ਪਰਿਵਾਰ ਨਾਲ ਦੱਖਣੀ ਅਮਰੀਕਾ ਤੋਂ ਆਸਟ੍ਰੇਲੀਆ ਚਲਾ ਗਿਆ ਸੀ। ਉਹ ਦੱਸਦਾ ਹੈ: “ਸੱਚਾਈ ਜਾਣਨ ਦਾ ਮਤਲਬ ਸਿਰਫ਼ ਦਿਮਾਗ਼ੀ ਗਿਆਨ ਲੈਣਾ ਹੀ ਨਹੀਂ ਹੈ, ਸਗੋਂ ਇਹ ਦਿਲ ਤਕ ਪਹੁੰਚਣੀ ਚਾਹੀਦੀ ਹੈ।”​—ਲੂਕਾ 24:32.

6 ਜਦੋਂ ਅਸੀਂ ਕਿਸੇ ਹੋਰ ਭਾਸ਼ਾ ਵਿਚ ਕੁਝ ਪੜ੍ਹਦੇ ਹਾਂ, ਤਾਂ ਸਾਡੇ ’ਤੇ ਉੱਨਾ ਅਸਰ ਨਹੀਂ ਪੈਂਦਾ ਜਿੰਨਾ ਸਾਡੀ ਮਾਂ-ਬੋਲੀ ਦਾ ਪੈਂਦਾ ਹੈ। ਨਾਲੇ ਜਿਹੜੀ ਭਾਸ਼ਾ ਸਾਨੂੰ ਚੰਗੀ ਤਰ੍ਹਾਂ ਨਹੀਂ ਆਉਂਦੀ, ਉਸ ਭਾਸ਼ਾ ਵਿਚ ਸਾਰਾ-ਸਾਰਾ ਦਿਨ ਗੱਲ ਕਰਨੀ ਬਹੁਤ ਔਖੀ ਹੋ ਸਕਦੀ ਹੈ। ਇੱਦਾਂ ਕਰ-ਕਰ ਕੇ ਅਸੀਂ ਥੱਕ ਸਕਦੇ ਹਾਂ ਅਤੇ ਯਹੋਵਾਹ ਦੀ ਸੇਵਾ ਵਿਚ ਆਪਣੀ ਖ਼ੁਸ਼ੀ ਗੁਆ ਸਕਦੇ ਹਾਂ। ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਨ ਦਾ ਜੋਸ਼ ਬਰਕਰਾਰ ਰੱਖਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖੀਏ।​—ਮੱਤੀ 4:4.

ਉਨ੍ਹਾਂ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਿਆ

7. ਬਾਬਲੀਆਂ ਨੇ ਦਾਨੀਏਲ ਨੂੰ ਆਪਣੇ ਧਰਮ ਅਤੇ ਰਹਿਣ-ਸਹਿਣੀ ਮੁਤਾਬਕ ਢਾਲ਼ਣ ਦੀ ਕਿੱਦਾਂ ਕੋਸ਼ਿਸ਼ ਕੀਤੀ?

7 ਜਦੋਂ ਦਾਨੀਏਲ ਅਤੇ ਉਸ ਦੇ ਤਿੰਨ ਦੋਸਤਾਂ ਨੂੰ ਬਾਬਲ ਲਿਜਾਇਆ ਗਿਆ ਸੀ, ਤਾਂ ਬਾਬਲੀਆਂ ਨੇ ਇਨ੍ਹਾਂ ਨੂੰ ‘ਕਸਦੀਆਂ ਦੀ ਬੋਲੀ’ ਸਿਖਾ ਕੇ ਆਪਣੀ ਰਹਿਣ-ਸਹਿਣੀ ਮੁਤਾਬਕ ਢਾਲ਼ਣ ਦੀ ਕੋਸ਼ਿਸ਼ ਕੀਤੀ। ਨਾਲੇ ਜਿਸ ਅਧਿਕਾਰੀ ਨੇ ਇਨ੍ਹਾਂ ਨੂੰ ਸਿੱਖਿਆ ਦੇਣੀ ਸੀ, ਉਸ ਨੇ ਇਨ੍ਹਾਂ ਨੂੰ ਬਾਬਲੀ ਨਾਂ ਦਿੱਤੇ। (ਦਾਨੀ. 1:3-7) ਦਾਨੀਏਲ ਨੂੰ ਜਿਹੜਾ ਨਾਂ ਦਿੱਤਾ ਗਿਆ, ਉਹ ਬਾਬਲੀਆਂ ਦੇ ਮੁੱਖ ਦੇਵਤੇ ਬੇਲ ਨਾਲ ਜੁੜਿਆ ਹੋਇਆ ਸੀ। ਸ਼ਾਇਦ ਇਹ ਨਾਂ ਦਾਨੀਏਲ ਨੂੰ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਰਾਜਾ ਨਬੂਕਦਨੱਸਰ ਦਾਨੀਏਲ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦਾ ਸੀ ਕਿ ਬਾਬਲ ਦਾ ਦੇਵਤਾ ਉਸ ਦੇ ਪਰਮੇਸ਼ੁਰ ਯਹੋਵਾਹ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਸੀ।​—ਦਾਨੀ. 4:8.

8. ਪਰਦੇਸ ਵਿਚ ਰਹਿੰਦਿਆਂ ਵੀ ਦਾਨੀਏਲ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਿਵੇਂ ਰੱਖਿਆ?

8 ਭਾਵੇਂ ਦਾਨੀਏਲ ਨੂੰ ਰਾਜੇ ਦੇ ਸੁਆਦਲੇ ਭੋਜਨ ਤੋਂ ਖਾਣ ਦਾ ਸਨਮਾਨ ਮਿਲਿਆ ਸੀ, ਪਰ ਉਸ ਨੇ “ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ” ਕਿ ਉਹ “ਆਪਣੇ ਆਪ ਨੂੰ ਨਪਾਕ” ਨਹੀਂ ਕਰੇਗਾ। (ਦਾਨੀ. 1:8) ਆਪਣੀ ਮਾਂ-ਬੋਲੀ ਵਿਚ “ਪੋਥੀਆਂ” ਪੜ੍ਹਨ ਕਰਕੇ ਦਾਨੀਏਲ ਨੇ ਪਰਦੇਸ ਵਿਚ ਵੀ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਿਆ। (ਦਾਨੀ. 9:2) ਇਸ ਕਰਕੇ ਬਾਬਲ ਵਿਚ ਲਗਭਗ 70 ਸਾਲ ਰਹਿਣ ਦੇ ਬਾਵਜੂਦ ਵੀ ਉਹ ਆਪਣੇ ਇਬਰਾਨੀ ਨਾਂ ਦਾਨੀਏਲ ਤੋਂ ਜਾਣਿਆ ਜਾਂਦਾ ਸੀ।​—ਦਾਨੀ. 5:13.

9. ਪਰਮੇਸ਼ੁਰ ਦੇ ਬਚਨ ਕਰਕੇ ਜ਼ਬੂਰ 119 ਦੇ ਲਿਖਾਰੀ ਨੂੰ ਕੀ ਕਰਨ ਦੀ ਹਿੰਮਤ ਮਿਲੀ?

9 ਜ਼ਬੂਰ 119 ਦੇ ਲਿਖਾਰੀ ਨੂੰ ਵਿਰੋਧੀਆਂ ਦਾ ਸਾਮ੍ਹਣਾ ਕਰਨ ਦੀ ਹਿੰਮਤ ਪਰਮੇਸ਼ੁਰ ਦੇ ਬਚਨ ਤੋਂ ਮਿਲੀ। ਉਸ ਨੂੰ ਰਾਜੇ ਦੇ ਕੁਝ ਅਧਿਕਾਰੀਆਂ ਦੇ ਤਾਅਨੇ-ਮਿਹਣੇ ਸਹਿਣੇ ਪਏ। (ਜ਼ਬੂ. 119:23, 61) ਪਰ ਉਸ ਨੇ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਧੁਰ ਅੰਦਰ ਤਕ ਅਸਰ ਕਰਨ ਦਿੱਤਾ।​—ਜ਼ਬੂਰਾਂ ਦੀ ਪੋਥੀ 119:11, 46 ਪੜ੍ਹੋ।

ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖੋ

10, 11. (ੳ) ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਨ ਦਾ ਸਾਡਾ ਮਕਸਦ ਕੀ ਹੋਣਾ ਚਾਹੀਦਾ ਹੈ? (ਅ) ਸਟੱਡੀ ਕਰਦਿਆਂ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ? ਮਿਸਾਲ ਦਿਓ।

10 ਭਾਵੇਂ ਪਰਮੇਸ਼ੁਰ ਦੀ ਸੇਵਾ ਕਰਦਿਆਂ ਅਤੇ ਹੋਰ ਜ਼ਿੰਮੇਵਾਰੀਆਂ ਸੰਭਾਲਦਿਆਂ ਬਹੁਤ ਸਮਾਂ ਲੱਗ ਜਾਂਦਾ ਹੈ, ਪਰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਅਤੇ ਪਰਿਵਾਰਕ ਸਟੱਡੀ ਲਈ ਸਮਾਂ ਕੱਢੀਏ। (ਅਫ਼. 5:15, 16) ਪਰ ਸਟੱਡੀ ਕਰਨ ਦਾ ਸਾਡਾ ਮਕਸਦ ਬੱਸ ਇਹੀ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਿਰਫ਼ ਪ੍ਰਕਾਸ਼ਨਾਂ ’ਤੇ ਲਕੀਰਾਂ ਲਾ ਲਈਏ ਜਾਂ ਟਿੱਪਣੀਆਂ ਦੇਣ ਲਈ ਹੀ ਸਭਾਵਾਂ ਦੀ ਤਿਆਰੀ ਕਰੀਏ। ਪਰ ਸਾਡਾ ਮਕਸਦ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਦਿਲਾਂ ਤਕ ਪਹੁੰਚਾਉਣ ਅਤੇ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਦਾ ਹੋਣਾ ਚਾਹੀਦਾ ਹੈ।

11 ਸਟੱਡੀ ਕਰਦਿਆਂ ਸਾਡਾ ਸਾਰਾ ਧਿਆਨ ਇਸ ਗੱਲ ’ਤੇ ਨਹੀਂ ਹੋਣਾ ਚਾਹੀਦਾ ਕਿ ਅਸੀਂ ਦੂਜਿਆਂ ਦੀ ਸੱਚਾਈ ਵਿਚ ਕਿਵੇਂ ਮਦਦ ਕਰ ਸਕਦੇ ਹਾਂ। ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਵੀ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਦੀ ਲੋੜ ਹੈ। (ਫ਼ਿਲਿ. 1:9, 10) ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ ਪ੍ਰਚਾਰ, ਸਭਾਵਾਂ ਅਤੇ ਭਾਸ਼ਣ ਲਈ ਤਿਆਰੀ ਕਰਦੇ ਹਾਂ, ਤਾਂ ਅਸੀਂ ਸ਼ਾਇਦ ਇਨ੍ਹਾਂ ਗੱਲਾਂ ਨੂੰ ਆਪਣੇ ਉੱਤੇ ਲਾਗੂ ਨਾ ਕਰੀਏ। ਮਿਸਾਲ ਲਈ, ਇਕ ਰਸੋਈਆ ਖਾਣਾ ਬਣਾਉਂਦਿਆਂ ਕਈ ਵਾਰ ਲੂਣ-ਮਿਰਚ ਦੇਖਦਾ ਹੈ। ਚਾਹੇ ਉਹ ਦਿਨ ਵਿਚ ਸੌ ਵਾਰੀ ਲੂਣ-ਮਿਰਚ ਦੇਖਦਾ ਹੈ, ਪਰ ਇਸ ਨਾਲ ਉਸ ਦਾ ਢਿੱਡ ਨਹੀਂ ਭਰਦਾ। ਸਿਹਤਮੰਦ ਰਹਿਣ ਲਈ ਉਸ ਨੂੰ ਵੀ ਪੌਸ਼ਟਿਕ ਖਾਣਾ ਖਾਣ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਰਹੇ, ਤਾਂ ਸਾਨੂੰ ਚੰਗਾ ਭੋਜਨ ਯਾਨੀ ਬਾਈਬਲ ਦੀਆਂ ਡੂੰਘੀਆਂ ਗੱਲਾਂ ਦੀ ਸਟੱਡੀ ਕਰਨ ਦੀ ਲੋੜ ਹੈ। ਇੱਦਾਂ ਦੀ ਚੰਗੀ ਸਟੱਡੀ ਕਰ ਕੇ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਹਾਂ।

12, 13. ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰ ਰਹੇ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਕਿਉਂ ਲੱਗਾ ਕਿ ਆਪਣੀ ਮਾਂ-ਬੋਲੀ ਵਿਚ ਬਿਨਾਂ ਨਾਗਾ ਸਟੱਡੀ ਕਰਨ ਨਾਲ ਫ਼ਾਇਦਾ ਹੁੰਦਾ ਹੈ?

12 ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰ ਰਹੇ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ “ਆਪਣੀ ਮਾਂ-ਬੋਲੀ” ਵਿਚ ਬਾਈਬਲ ਦੀ ਬਾਕਾਇਦਾ ਸਟੱਡੀ ਕਰ ਕੇ ਫ਼ਾਇਦਾ ਹੁੰਦਾ ਹੈ। (ਰਸੂ. 2:8) ਇੱਥੋਂ ਤਕ ਕਿ ਮਿਸ਼ਨਰੀਆਂ ਨੇ ਵੀ ਦੇਖਿਆ ਹੈ ਕਿ ਪਰਮੇਸ਼ੁਰ ਨਾਲ ਮਜ਼ਬੂਤ ਰਿਸ਼ਤਾ ਬਣਾਈ ਰੱਖਣ ਲਈ ਉਹ ਸਿਰਫ਼ ਮੀਟਿੰਗਾਂ ਵਿਚ ਦਿੱਤੀ ਜਾਣਕਾਰੀ ’ਤੇ ਹੀ ਨਿਰਭਰ ਨਹੀਂ ਰਹਿ ਸਕਦੇ।

13 ਏਲਨ ਲਗਭਗ ਅੱਠਾਂ ਸਾਲਾਂ ਤੋਂ ਫਾਰਸੀ ਭਾਸ਼ਾ ਸਿੱਖ ਰਿਹਾ ਹੈ। ਉਹ ਦੱਸਦਾ ਹੈ: “ਜਦੋਂ ਮੈਂ ਫਾਰਸੀ ਭਾਸ਼ਾ ਵਿਚ ਸਭਾਵਾਂ ਦੀ ਤਿਆਰੀ ਕਰਦਾ ਹਾਂ, ਤਾਂ ਮੇਰਾ ਸਾਰਾ ਧਿਆਨ ਭਾਸ਼ਾ ਸਮਝਣ ਵੱਲ ਹੀ ਹੁੰਦਾ ਹੈ। ਇਸ ਕਰਕੇ ਬਾਈਬਲ ਜਾਂ ਹੋਰ ਪ੍ਰਕਾਸ਼ਨ ਪੜ੍ਹਦਿਆਂ ਜ਼ਿਆਦਾਤਰ ਗੱਲਾਂ ਮੇਰੇ ਦਿਲ ਨੂੰ ਨਹੀਂ ਛੂਹੰਦੀਆਂ। ਇਸ ਲਈ ਮੈਂ ਆਪਣੀ ਭਾਸ਼ਾ ਵਿਚ ਬਿਨਾਂ ਨਾਗਾ ਬਾਈਬਲ ਸਟੱਡੀ ਕਰਨ ਅਤੇ ਹੋਰ ਪ੍ਰਕਾਸ਼ਨ ਪੜ੍ਹਨ ਲਈ ਜ਼ਰੂਰ ਸਮਾਂ ਕੱਢਦਾ ਹਾਂ।”

ਆਪਣੇ ਬੱਚਿਆਂ ਦੇ ਦਿਲਾਂ ਤਕ ਸੱਚਾਈ ਪਹੁੰਚਾਓ

14. ਮਾਪਿਆਂ ਨੂੰ ਕਿਹੜੀ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਕਿਉਂ?

14 ਮਸੀਹੀ ਮਾਪਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸੱਚਾਈ ਉਨ੍ਹਾਂ ਦੇ ਬੱਚਿਆਂ ਦੇ ਦਿਲਾਂ ਤਕ ਪਹੁੰਚੇ। ਸਰਜ਼ ਅਤੇ ਉਸ ਦੀ ਪਤਨੀ ਮਿਉਰਿਅਲ ਨੇ ਕਿਸੇ ਹੋਰ ਭਾਸ਼ਾ ਦੀ ਮੰਡਲੀ ਵਿਚ ਤਿੰਨ ਤੋਂ ਜ਼ਿਆਦਾ ਸਾਲਾਂ ਤਕ ਸੇਵਾ ਕੀਤੀ। ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦਾ 17 ਸਾਲਾਂ ਦਾ ਮੁੰਡਾ ਪਰਮੇਸ਼ੁਰ ਦੀ ਸੇਵਾ ਵਿਚ ਆਪਣੀ ਖ਼ੁਸ਼ੀ ਗੁਆ ਬੈਠਾ ਸੀ। ਮਿਉਰਿਅਲ ਦੱਸਦੀ ਹੈ: “ਉਸ ਨੂੰ ਹੋਰ ਕਿਸੇ ਭਾਸ਼ਾ ਵਿਚ ਪ੍ਰਚਾਰ ਕਰਨ ਤੋਂ ਖਿੱਝ ਆਉਂਦੀ ਸੀ ਜਦ ਕਿ ਪਹਿਲਾਂ ਉਸ ਨੂੰ ਆਪਣੀ ਫ੍ਰੈਂਚ ਭਾਸ਼ਾ ਵਿਚ ਪ੍ਰਚਾਰ ਕਰ ਕੇ ਮਜ਼ਾ ਆਉਂਦਾ ਸੀ।” ਸਰਜ਼ ਦੱਸਦਾ ਹੈ: “ਜਦੋਂ ਸਾਨੂੰ ਪਤਾ ਲੱਗਾ ਕਿ ਇਸ ਕਰਕੇ ਸਾਡਾ ਮੁੰਡਾ ਸੱਚਾਈ ਵਿਚ ਤਰੱਕੀ ਨਹੀਂ ਕਰ ਰਿਹਾ, ਤਾਂ ਅਸੀਂ ਆਪਣੀ ਪਹਿਲੀ ਮੰਡਲੀ ਵਿਚ ਜਾਣ ਦਾ ਫ਼ੈਸਲਾ ਕੀਤਾ।”

ਮਸੀਹੀ ਮਾਪਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਸੱਚਾਈ ਉਨ੍ਹਾਂ ਦੇ ਬੱਚਿਆਂ ਦੇ ਦਿਲਾਂ ਤਕ ਪਹੁੰਚੇ (ਪੈਰੇ 14, 15 ਦੇਖੋ)

15. (ੳ) ਜੇ ਮਾਪੇ ਉਸ ਮੰਡਲੀ ਵਿਚ ਵਾਪਸ ਜਾਣ ਬਾਰੇ ਸੋਚ ਰਹੇ ਹਨ ਜਿੱਥੇ ਬੱਚਿਆਂ ਦੀ ਭਾਸ਼ਾ ਵਿਚ ਸਭਾਵਾਂ ਹੁੰਦੀਆਂ ਹਨ, ਤਾਂ ਉਹ ਪਹਿਲਾਂ ਕਿਹੜੀਆਂ ਗੱਲ ਬਾਰੇ ਸੋਚ ਸਕਦੇ ਹਨ? (ਅ) ਮਾਪਿਆਂ ਨੂੰ ਬਿਵਸਥਾ ਸਾਰ 6:5-7 ਵਿਚ ਕਿਹੜੀ ਸਲਾਹ ਦਿੱਤੀ ਗਈ ਹੈ?

15 ਮਾਪੇ ਸ਼ਾਇਦ ਉਸ ਮੰਡਲੀ ਵਿਚ ਵਾਪਸ ਜਾਣ ਬਾਰੇ ਸੋਚਣ ਜਿੱਥੇ ਉਨ੍ਹਾਂ ਦੇ ਬੱਚਿਆਂ ਦੀ ਭਾਸ਼ਾ ਵਿਚ ਸਭਾਵਾਂ ਹੁੰਦੀਆਂ ਹਨ। ਪਰ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਮਾਪੇ ਕਿਹੜੀਆਂ ਗੱਲਾਂ ਬਾਰੇ ਸੋਚ ਸਕਦੇ ਹਨ? ਪਹਿਲਾ, ਮਾਪਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਵਾਕਈ ਇੰਨਾ ਸਮਾਂ ਅਤੇ ਤਾਕਤ ਹੈ ਕਿ ਉਹ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨ ਦੇ ਨਾਲ-ਨਾਲ ਕੋਈ ਹੋਰ ਭਾਸ਼ਾ ਵੀ ਸਿਖਾ ਸਕਦੇ ਹਨ? ਦੂਜਾ, ਮਾਪੇ ਸ਼ਾਇਦ ਦੇਖਣ ਕਿ ਉਨ੍ਹਾਂ ਦੇ ਬੱਚੇ ਹੁਣ ਕਿਸੇ ਹੋਰ ਭਾਸ਼ਾ ਦੀ ਮੰਡਲੀ ਵਿਚ ਸੇਵਾ ਨਹੀਂ ਕਰਨੀ ਚਾਹੁੰਦੇ। ਇੱਥੋਂ ਤਕ ਕਿ ਉਹ ਸ਼ਾਇਦ ਹੁਣ ਨਾ ਤਾਂ ਸਭਾਵਾਂ ਵਿਚ ਤੇ ਨਾ ਹੀ ਪ੍ਰਚਾਰ ਵਿਚ ਜਾਣਾ ਚਾਹੁਣ। ਇਨ੍ਹਾਂ ਕਾਰਨਾਂ ਕਰਕੇ ਸ਼ਾਇਦ ਮਾਪੇ ਉਸ ਮੰਡਲੀ ਵਿਚ ਜਾਣ ਦਾ ਫ਼ੈਸਲਾ ਕਰਨ ਜਿੱਥੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਆਵੇ। ਫਿਰ ਜਦੋਂ ਬੱਚਿਆਂ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਹੋ ਜਾਵੇ, ਤਾਂ ਮਾਪੇ ਸ਼ਾਇਦ ਦੁਬਾਰਾ ਕਿਸੇ ਹੋਰ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਨ ਦਾ ਫ਼ੈਸਲਾ ਕਰਨ।​—ਬਿਵਸਥਾ ਸਾਰ 6:5-7 ਪੜ੍ਹੋ।

16, 17. ਕੁਝ ਮਾਪਿਆਂ ਨੇ ਕਿਸੇ ਹੋਰ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਨ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਕਿਵੇਂ ਸਿਖਾਇਆ ਹੈ?

16 ਦੂਜੇ ਪਾਸੇ, ਕੁਝ ਮਾਪਿਆਂ ਨੇ ਕਿਸੇ ਹੋਰ ਭਾਸ਼ਾ ਦੀ ਮੰਡਲੀ ਜਾਂ ਗਰੁੱਪ ਵਿਚ ਸੇਵਾ ਕਰਦਿਆਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ-ਬੋਲੀ ਵਿਚ ਯਹੋਵਾਹ ਬਾਰੇ ਸਿਖਾਉਣ ਦੇ ਕਈ ਤਰੀਕੇ ਅਪਣਾਏ ਹਨ। ਚਾਰਲਜ਼ ਨਾਂ ਦੇ ਭਰਾ ਦੀਆਂ ਤਿੰਨ ਕੁੜੀਆਂ ਹਨ ਜਿਨ੍ਹਾਂ ਦੀ ਉਮਰ 9 ਤੋਂ 13 ਸਾਲਾਂ ਦੀ ਹੈ। ਉਹ ਲਿੰਗਾਲਾ ਭਾਸ਼ਾ ਦੇ ਗਰੁੱਪ ਵਿਚ ਸੇਵਾ ਕਰ ਰਹੇ ਹਨ। ਉਹ ਦੱਸਦਾ ਹੈ: “ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਸਟੱਡੀ ਅਤੇ ਪਰਿਵਾਰਕ ਸਟੱਡੀ ਆਪਣੀ ਮਾਂ-ਬੋਲੀ ਵਿਚ ਕਰਾਂਗੇ। ਪਰ ਅਸੀਂ ਲਿੰਗਾਲਾ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਭਾਸ਼ਾ ਸਿੱਖਣ ਲਈ ਖੇਡਾਂ ਖੇਡਦੇ ਹਾਂ। ਇੱਦਾਂ ਕਰਕੇ ਸਾਨੂੰ ਮਜ਼ਾ ਆਉਂਦਾ ਹੈ।”

17 ਕੈਵਿਨ ਦੀਆਂ ਦੋ ਕੁੜੀਆਂ ਹਨ ਜੋ ਪੰਜਾਂ ਅਤੇ ਅੱਠਾਂ ਸਾਲਾਂ ਦੀਆਂ ਹਨ। ਉਹ ਕਿਸੇ ਹੋਰ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰ ਰਹੇ ਹਨ, ਪਰ ਸਭਾਵਾਂ ਵਿਚ ਕੁੜੀਆਂ ਨੂੰ ਬਹੁਤ ਘੱਟ ਸਮਝ ਆਉਂਦੀ ਹੈ। ਇਸ ਲਈ ਉਹ ਆਪਣੇ ਬੱਚਿਆਂ ਨੂੰ ਸੱਚਾਈ ਸਿਖਾਉਣ ਲਈ ਸਖ਼ਤ ਮਿਹਨਤ ਕਰਦਾ ਹੈ। ਉਹ ਦੱਸਦਾ ਹੈ: “ਮੈਂ ਤੇ ਮੇਰੀ ਪਤਨੀ ਆਪਣੀਆਂ ਕੁੜੀਆਂ ਦੀ ਮਾਂ-ਬੋਲੀ ਵਿਚ ਯਾਨੀ ਫ਼੍ਰੈਂਚ ਵਿਚ ਉਨ੍ਹਾਂ ਨਾਲ ਸਟੱਡੀ ਕਰਦੇ ਹਾਂ। ਅਸੀਂ ਮਹੀਨੇ ਵਿਚ ਇਕ ਵਾਰ ਫ਼੍ਰੈਂਚ ਭਾਸ਼ਾ ਦੀ ਮੰਡਲੀ ਵਿਚ ਵੀ ਜਾਂਦੇ ਹਾਂ। ਨਾਲੇ ਅਸੀਂ ਆਪਣੀ ਮਾਂ-ਬੋਲੀ ਵਿਚ ਹੋਣ ਵਾਲੇ ਵੱਡੇ ਸੰਮੇਲਨ ’ਤੇ ਜਾਣ ਲਈ ਛੁੱਟੀਆਂ ਵੀ ਲੈਂਦੇ ਹਾਂ।”

ਮੰਡਲੀ ਦੀ ਭਾਸ਼ਾ ਸਿੱਖਣ ਅਤੇ ਉਸ ਭਾਸ਼ਾ ਵਿਚ ਟਿੱਪਣੀਆਂ ਦੇਣ ਦੀ ਕੋਸ਼ਿਸ਼ ਕਰੋ (ਪੈਰੇ 16, 17 ਦੇਖੋ)

18. (ੳ) ਰੋਮੀਆਂ 15:1, 2 ਵਿਚ ਦਿੱਤੇ ਅਸੂਲ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਦੀ ਭਲਾਈ ਲਈ ਕਿਹੜੇ ਫ਼ੈਸਲੇ ਕਰ ਸਕਦੇ ਹਨ? (ਅ) ਕੁਝ ਮਾਪਿਆਂ ਨੇ ਕਿਹੜੇ ਸੁਝਾਅ ਦਿੱਤੇ ਹਨ? (ਹੋਰ ਜਾਣਕਾਰੀ ਦੇਖੋ।)

18 ਦਰਅਸਲ, ਹਰ ਪਰਿਵਾਰ ਨੇ ਇਹ ਫ਼ੈਸਲਾ ਖ਼ੁਦ ਕਰਨਾ ਹੈ ਕਿ ਉਹ ਆਪਣੇ ਬੱਚਿਆਂ ਦੀ ਭਲਾਈ ਅਤੇ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰਨ ਲਈ ਕੀ ਕਰਨਗੇ।  [2] (ਗਲਾ. 6:5) ਮਿਉਰਿਅਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ ਕਿ ਉਹ ਅਤੇ ਉਸ ਦਾ ਪਤੀ ਕਿਸੇ ਹੋਰ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਦੇ ਰਹਿਣਾ ਚਾਹੁੰਦੇ ਸਨ। ਪਰ ਉਨ੍ਹਾਂ ਨੇ ਆਪਣੇ ਮੁੰਡੇ ਦੀ ਖ਼ਾਤਰ ਉਹ ਮੰਡਲੀ ਛੱਡ ਦਿੱਤੀ ਤਾਂਕਿ ਉਹ ਆਪਣੇ ਮੁੰਡੇ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰ ਸਕਣ। (ਰੋਮੀਆਂ 15:1, 2 ਪੜ੍ਹੋ।) ਸਰਜ਼ ਹੁਣ ਆਪਣੇ ਵਧੀਆ ਫ਼ੈਸਲੇ ਬਾਰੇ ਕਹਿੰਦਾ ਹੈ: “ਫ਼੍ਰੈਂਚ ਮੰਡਲੀ ਵਿਚ ਵਾਪਸ ਆਉਣ ਕਰਕੇ ਸਾਡੇ ਮੁੰਡੇ ਨੇ ਸੱਚਾਈ ਵਿਚ ਤਰੱਕੀ ਕੀਤੀ ਅਤੇ ਬਪਤਿਸਮਾ ਲੈ ਲਿਆ। ਹੁਣ ਉਹ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰ ਰਿਹਾ ਹੈ। ਨਾਲੇ ਉਹ ਕਿਸੇ ਹੋਰ ਭਾਸ਼ਾ ਦੇ ਗਰੁੱਪ ਵਿਚ ਵੀ ਵਾਪਸ ਜਾਣ ਬਾਰੇ ਸੋਚ ਰਿਹਾ ਹੈ।”

ਪਰਮੇਸ਼ੁਰ ਦਾ ਬਚਨ ਤੁਹਾਡੇ ਦਿਲਾਂ ਤਕ ਪਹੁੰਚੇ

19, 20. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪਿਆਰ ਕਰਦੇ ਹਾਂ?

19 ਪਿਆਰ ਹੋਣ ਕਰਕੇ ਯਹੋਵਾਹ ਨੇ ਸੈਂਕੜੇ ਹੀ ਭਾਸ਼ਾਵਾਂ ਵਿਚ ਬਾਈਬਲ ਉਪਲਬਧ ਕਰਵਾਈ ਹੈ ਤਾਂਕਿ ‘ਹਰ ਤਰ੍ਹਾਂ ਦੇ ਲੋਕ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।’ (1 ਤਿਮੋ. 2:4) ਪਰਮੇਸ਼ੁਰ ਜਾਣਦਾ ਹੈ ਕਿ ਇਕ ਇਨਸਾਨ ਆਪਣੀ ਮਾਂ-ਬੋਲੀ ਵਿਚ ਬਾਈਬਲ ਪੜ੍ਹ ਕੇ ਉਸ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦਾ ਹੈ।

20 ਭਾਵੇਂ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਪਰ ਸਾਨੂੰ ਸਾਰਿਆਂ ਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਦੇ ਰਹਿਣ ਦੀ ਲੋੜ ਹੈ। ਆਪਣੀ ਮਾਂ-ਬੋਲੀ ਵਿਚ ਬਾਈਬਲ ਪੜ੍ਹ ਕੇ ਅਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰ ਸਕਾਂਗੇ ਅਤੇ ਦਿਖਾਵਾਂਗੇ ਕਿ ਅਸੀਂ ਦਿਲੋਂ ਪਰਮੇਸ਼ੁਰ ਦੇ ਬਚਨ ਨੂੰ ਪਿਆਰ ਕਰਦੇ ਹਾਂ।—ਜ਼ਬੂ. 119:11.

^ [1] (ਪੈਰਾ 5) ਨਾਂ ਬਦਲੇ ਗਏ ਹਨ।

^ [2] (ਪੈਰਾ 18) ਆਪਣੇ ਪਰਿਵਾਰ ਦੀ ਮਦਦ ਕਰਨ ਲਈ ਬਾਈਬਲ ਦੇ ਅਸੂਲ ਜਾਣਨ ਲਈ ਪਹਿਰਾਬੁਰਜ 15 ਅਕਤੂਬਰ 2002 ਦੇ ਅੰਕ ਵਿਚ “ਪਰਦੇਸ ਵਿਚ ਰਹਿ ਕੇ ਬੱਚਿਆਂ ਨੂੰ ਪਾਲਣ ਵਿਚ ਆਉਂਦੀਆਂ ਮੁਸ਼ਕਲਾਂ ਤੇ ਖ਼ੁਸ਼ੀਆਂ” ਨਾਂ ਦਾ ਲੇਖ ਦੇਖੋ।