Skip to content

Skip to table of contents

ਕੀ ਤੁਸੀਂ ਬੁੱਧ ਨੂੰ ਸਾਂਭ ਕੇ ਰੱਖਦੇ ਹੋ?

ਕੀ ਤੁਸੀਂ ਬੁੱਧ ਨੂੰ ਸਾਂਭ ਕੇ ਰੱਖਦੇ ਹੋ?

ਇਹ ਕਹਾਣੀ ਦੂਰ ਦੇ ਪਿੰਡ ਵਿਚ ਇਕ ਗ਼ਰੀਬ ਮੁੰਡੇ ਦੀ ਹੈ। ਪਿੰਡ ਦੇ ਲੋਕ ਸੋਚਦੇ ਸਨ ਕਿ ਮੁੰਡੇ ਦਾ ਦਿਮਾਗ਼ ਬਹੁਤ ਘੱਟ ਸੀ ਅਤੇ ਉਹ ਉਸ ’ਤੇ ਹੱਸਦੇ ਸਨ। ਜਦੋਂ ਸ਼ਹਿਰ ਦੇ ਲੋਕ ਉਨ੍ਹਾਂ ਦੇ ਪਿੰਡ ਆਉਂਦੇ ਸਨ, ਤਾਂ ਪਿੰਡ ਦੇ ਕੁਝ ਲੋਕ ਆਪਣੇ ਦੋਸਤਾਂ-ਮਿੱਤਰਾਂ ਸਾਮ੍ਹਣੇ ਮੁੰਡੇ ਦਾ ਮਖੌਲ ਉਡਾਉਂਦੇ ਸਨ। ਉਹ ਹੱਥ ਵਿਚ ਦੋ ਸਿੱਕੇ ਰੱਖ ਕੇ ਮੁੰਡੇ ਨੂੰ ਕਹਿੰਦੇ ਸੀ: “ਜਿਹੜਾ ਲੈਣਾ ਲੈ।” ਇਕ ਵੱਡਾ ਚਾਂਦੀ ਦਾ ਸਿੱਕਾ ਸੀ ਤੇ ਦੂਜਾ ਛੋਟਾ ਸੋਨੇ ਦਾ ਜਿਸ ਦੀ ਕੀਮਤ ਦੁਗਣੀ ਸੀ। ਮੁੰਡਾ ਹਮੇਸ਼ਾ ਚਾਂਦੀ ਦਾ ਸਿੱਕਾ ਲੈ ਕੇ ਦੌੜ ਜਾਂਦਾ ਸੀ।

ਇਕ ਦਿਨ ਸ਼ਹਿਰੋਂ ਆਏ ਇਕ ਆਦਮੀ ਨੇ ਮੁੰਡੇ ਨੂੰ ਪੁੱਛਿਆ, “ਕੀ ਤੈਨੂੰ ਪਤਾ ਨਹੀਂ ਕਿ ਸੋਨੇ ਦੇ ਸਿੱਕੇ ਦੀ ਕੀਮਤ ਚਾਂਦੀ ਦੇ ਸਿੱਕੇ ਨਾਲੋਂ ਦੁਗਣੀ ਹੈ?” ਮੁੰਡੇ ਨੇ ਮੁਸਕਰਾਉਂਦਿਆਂ ਕਿਹਾ, “ਹਾਂਜੀ ਮੈਨੂੰ ਪਤਾ।” ਉਸ ਆਦਮੀ ਨੇ ਪੁੱਛਿਆ, “ਤਾਂ ਫਿਰ ਤੂੰ ਚਾਂਦੀ ਦਾ ਸਿੱਕਾ ਕਿਉਂ ਲੈਂਦਾ ਹੈਂ? ਜੇ ਤੂੰ ਸੋਨੇ ਦਾ ਸਿੱਕਾ ਲਵੇਂਗਾ, ਤਾਂ ਤੇਰੇ ਕੋਲ ਦੁਗਣੇ ਪੈਸੇ ਹੋਣਗੇ!” ਮੁੰਡੇ ਨੇ ਕਿਹਾ, “ਮੈਨੂੰ ਪਤਾ ਹੈ, ਪਰ ਜੇ ਮੈਂ ਸੋਨੇ ਦਾ ਸਿੱਕਾ ਲਵਾਂਗੇ, ਤਾਂ ਲੋਕ ਮੇਰੇ ਨਾਲ ਇਹ ਖੇਡ ਖੇਡਣੀ ਬੰਦ ਕਰ ਦੇਣਗੇ। ਤੁਹਾਨੂੰ ਪਤਾ ਮੈਂ ਚਾਂਦੀ ਦੇ ਕਿੰਨੇ ਸਿੱਕੇ ਇਕੱਠੇ ਕਰ ਲਏ ਹਨ?” ਇਸ ਕਹਾਣੀ ਵਿਚ ਇਸ ਛੋਟੇ ਮੁੰਡੇ ਨੇ ਇਕ ਅਜਿਹਾ ਗੁਣ ਜ਼ਾਹਰ ਕੀਤਾ ਜਿਸ ਤੋਂ ਵੱਡਿਆਂ ਨੂੰ ਵੀ ਫ਼ਾਇਦਾ ਹੋ ਸਕਦਾ ਹੈ। ਉਹ ਹੈ, ਬੁੱਧ।

ਬਾਈਬਲ ਕਹਿੰਦੀ ਹੈ: “ਬੁੱਧੀ ਤੇ ਸੂਝ . . . ਨੂੰ ਸਾਂਭ ਕੇ ਰੱਖ। [ਫਿਰ] ਤੂੰ ਆਪਣੇ ਰਾਹ ਉਤੇ ਸੁਰੱਖਿਅਤ ਚਲ ਸਕੇਗਾ ਅਤੇ ਠੋਕਰ ਨਹੀਂ ਖਾਵੇਗਾ।” (ਕਹਾ. 3:21, 23, CL) ਸੋ ਇਹ ਜਾਣਨਾ ਜ਼ਰੂਰੀ ਹੈ ਕਿ ‘ਬੁੱਧ’ ਹੈ ਕੀ ਅਤੇ ਅਸੀਂ ਇਸ ਮੁਤਾਬਕ ਕਿਵੇਂ ਚੱਲ ਸਕਦੇ ਹਾਂ ਕਿਉਂਕਿ ਇਹ ਸਾਡੀ ਸੁਰੱਖਿਆ ਦਾ ਮਾਮਲਾ ਹੈ। ਬੁੱਧ ਤੋਂ ਕੰਮ ਲੈ ਕੇ ਅਸੀਂ ‘ਠੋਕਰ ਖਾਣ’ ਤੋਂ ਬਚਾਂਗੇ ਅਤੇ ਸਾਡੇ ਪੈਰ ਮਜ਼ਬੂਤ ਥਾਂ ’ਤੇ ਟਿਕੇ ਰਹਿਣਗੇ।

ਬੁੱਧ ਹੈ ਕੀ?

ਬੁੱਧ, ਗਿਆਨ ਅਤੇ ਸਮਝ ਤੋਂ ਅਲੱਗ ਹੈ। ਜਿਸ ਕੋਲ ਗਿਆਨ ਹੁੰਦਾ ਹੈ, ਉਸ ਕੋਲ ਜਾਣਕਾਰੀ ਹੁੰਦੀ ਹੈ। ਜਿਸ ਕੋਲ ਸਮਝ ਹੁੰਦੀ ਹੈ, ਉਸ ਨੂੰ ਪਤਾ ਹੁੰਦਾ ਹੈ ਕਿ ਇਕ ਗੱਲ ਦਾ ਦੂਸਰੀ ਗੱਲ ਨਾਲ ਕੀ ਸੰਬੰਧ ਹੈ। ਜਿਸ ਕੋਲ ਬੁੱਧ ਹੁੰਦੀ ਹੈ, ਉਹ ਗਿਆਨ ਅਤੇ ਸਮਝ ਵਰਤ ਕੇ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਚੰਗੇ ਫ਼ੈਸਲੇ ਕਰਦਾ ਹੈ।

ਮਿਸਾਲ ਲਈ, ਸ਼ਾਇਦ ਕਿਸੇ ਨੇ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਨੂੰ ਥੋੜ੍ਹੇ ਹੀ ਸਮੇਂ ਵਿਚ ਪੜ੍ਹ ਕੇ ਇਸ ਵਿਚਲੀਆਂ ਗੱਲਾਂ ਸਮਝ ਲਈਆਂ ਹੋਣ। ਸ਼ਾਇਦ ਸਟੱਡੀ ਕਰਦਿਆਂ ਉਸ ਦੇ ਸਾਰੇ ਜਵਾਬ ਸਹੀ ਹੋਣ। ਸ਼ਾਇਦ ਉਹ ਸਭਾਵਾਂ ਵਿਚ ਜਾਣ ਦੇ ਨਾਲ-ਨਾਲ ਵਧੀਆ ਟਿੱਪਣੀਆਂ ਵੀ ਦਿੰਦਾ ਹੋਵੇ। ਇਨ੍ਹਾਂ ਗੱਲਾਂ ਤੋਂ ਅਸੀਂ ਸ਼ਾਇਦ ਸੋਚੀਏ ਕਿ ਉਹ ਤਰੱਕੀ ਕਰ ਰਿਹਾ ਹੈ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਉਸ ਨੇ ਬੁੱਧ ਪ੍ਰਾਪਤ ਕਰ ਲਈ ਹੈ? ਜ਼ਰੂਰੀ ਨਹੀਂ। ਹੋ ਸਕਦਾ ਕਿ ਉਹ ਦਾ ਦਿਮਾਗ਼ ਬਹੁਤ ਤੇਜ਼ ਹੈ। ਪਰ ਜਦੋਂ ਉਹ ਸਿੱਖੀਆਂ ਗੱਲਾਂ ਨੂੰ ਲਾਗੂ ਕਰਦਾ ਹੈ ਯਾਨੀ ਗਿਆਨ ਅਤੇ ਸਮਝ ਵਰਤ ਕੇ ਵਧੀਆ ਫ਼ੈਸਲੇ ਕਰਦਾ ਹੈ, ਉਦੋਂ ਉਹ ਬੁੱਧ ਪ੍ਰਾਪਤ ਕਰ ਰਿਹਾ ਹੁੰਦਾ ਹੈ। ਜੇ ਉਸ ਦੇ ਫ਼ੈਸਲਿਆਂ ਦੇ ਵਧੀਆ ਨਤੀਜੇ ਨਿਕਲਦੇ ਹਨ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਪਹਿਲਾਂ ਧਿਆਨ ਨਾਲ ਸੋਚ-ਵਿਚਾਰ ਕੀਤਾ ਸੀ। ਨਾਲੇ ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ਉਸ ਨੇ ਬੁੱਧ ਨਾਲ ਫ਼ੈਸਲੇ ਕੀਤੇ ਸਨ।

ਮੱਤੀ 7:24-27 ਵਿਚ ਯਿਸੂ ਨੇ ਦੋ ਬੰਦਿਆਂ ਦੀ ਮਿਸਾਲ ਦਿੱਤੀ ਜਿਨ੍ਹਾਂ ਨੇ ਘਰ ਬਣਾਏ ਸਨ। ਯਿਸੂ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇਕ ਆਦਮੀ “ਬੁੱਧਵਾਨ” ਸੀ। ਉਸ ਨੇ ਪਹਿਲਾਂ ਤੋਂ ਹੀ ਸੋਚਿਆ ਕਿ ਕੀ ਹੋ ਸਕਦਾ ਹੈ। ਇਸ ਲਈ ਉਸ ਨੇ ਆਪਣਾ ਘਰ ਚਟਾਨ ’ਤੇ ਬਣਾਇਆ। ਉਸ ਨੇ ਦੂਰ ਦੀ ਸੋਚ ਕੇ ਵਧੀਆ ਤਿਆਰੀ ਕੀਤੀ। ਕੀ ਉਸ ਨੇ ਇਹ ਸੋਚਿਆ ਕਿ ਰੇਤ ਉੱਤੇ ਘਰ ਫਟਾਫਟ ਬਣ ਜਾਣਾ ਅਤੇ ਸਸਤਾ ਵੀ ਹੋਣਾ? ਨਹੀਂ, ਉਸ ਨੇ ਬੁੱਧ ਤੋਂ ਕੰਮ ਲੈਂਦਿਆਂ ਸੋਚਿਆ ਕਿ ਉਸ ਦੇ ਕੰਮ ਦੇ ਕੀ ਅੰਜਾਮ ਹੋ ਸਕਦੇ ਹਨ। ਇਸ ਲਈ ਜਦੋਂ ਤੂਫ਼ਾਨ ਆਇਆ, ਤਾਂ ਉਹ ਦੇ ਘਰ ਦਾ ਨੁਕਸਾਨ ਨਹੀਂ ਹੋਇਆ। ਤਾਂ ਫਿਰ, ਸਵਾਲ ਇਹ ਹੈ: ਅਸੀਂ ਅਜਿਹੀ ਬੁੱਧ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਅਤੇ ਇਸ ਨੂੰ ਸਾਂਭ ਕੇ ਕਿਵੇਂ ਰੱਖ ਸਕਦੇ ਹਾਂ?

ਮੈਂ ਬੁੱਧ ਕਿਵੇਂ ਪ੍ਰਾਪਤ ਕਰਾਂ?

ਪਹਿਲੀ ਗੱਲ, ਮੀਕਾਹ 6:9 ਕਹਿੰਦਾ ਹੈ ਕਿ ਬੁੱਧਵਾਨ ਲੋਕ ਰੱਬ ਦੇ ‘ਨਾਮ ਦਾ ਭੈ ਮੰਨਣਗੇ।’ ਯਹੋਵਾਹ ਦੇ ਨਾਂ ਦਾ ਭੈ ਮੰਨਣ ਦਾ ਮਤਲਬ ਹੈ ਕਿ ਉਸ ਦਾ ਆਦਰ ਕਰਨਾ। ਇਸ ਦਾ ਇਹ ਵੀ ਮਤਲਬ ਹੈ ਕਿ ਉਸ ਦੇ ਨਾਂ ਦੀ ਅਹਿਮੀਅਤ ਸਮਝਣੀ ਅਤੇ ਉਸ ਦੇ ਮਿਆਰਾਂ ’ਤੇ ਦਿਲੋਂ ਚੱਲਣਾ। ਕਿਸੇ ਦੀ ਇੱਜ਼ਤ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਇਹ ਪਤਾ ਕਰੀਏ ਕਿ ਉਹ ਕੀ ਸੋਚਦਾ ਹੈ। ਇਹ ਜਾਣ ਕੇ ਅਸੀਂ ਉਸ ’ਤੇ ਭਰੋਸਾ ਰੱਖ ਸਕਾਂਗੇ ਅਤੇ ਉਸ ਤੋਂ ਸਿੱਖ ਸਕਾਂਗੇ। ਇਸ ਤਰ੍ਹਾਂ ਕਰ ਕੇ ਅਸੀਂ ਉਸ ਵਾਂਗ ਫ਼ੈਸਲਿਆਂ ਦੇ ਵਧੀਆ ਨਤੀਜੇ ਹਾਸਲ ਕਰ ਸਕਾਂਗੇ। ਜੇ ਅਸੀਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਬਾਰੇ ਸੋਚਾਂਗੇ ਅਤੇ ਸਾਰੇ ਫ਼ੈਸਲੇ ਉਸ ਦੇ ਮਿਆਰਾਂ ਮੁਤਾਬਕ ਕਰਾਂਗੇ, ਤਾਂ ਅਸੀਂ ਬੁੱਧ ਪ੍ਰਾਪਤ ਕਰ ਰਹੇ ਹੋਵਾਂਗੇ।

ਦੂਜੀ ਗੱਲ, ਕਹਾਉਤਾਂ 18:1 ਕਹਿੰਦਾ ਹੈ: “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਆਪਣੇ ਆਪ ਨੂੰ ਯਹੋਵਾਹ ਅਤੇ ਉਸ ਦੇ ਲੋਕਾਂ ਤੋਂ ਵੱਖਰਾ ਕਰ ਸਕਦੇ ਹਾਂ। ਇਕੱਲੇ-ਇਕੱਲੇ ਰਹਿਣ ਦੀ ਬਜਾਇ ਵਧੀਆ ਹੋਵੇਗਾ ਕਿ ਅਸੀਂ ਉਨ੍ਹਾਂ ਨਾਲ ਸੰਗਤੀ ਰੱਖੀਏ ਜੋ ਪਰਮੇਸ਼ੁਰ ਦੇ ਨਾਂ ਦਾ ਭੈ ਮੰਨਦੇ ਹਨ ਅਤੇ ਉਸ ਦੇ ਮਿਆਰਾਂ ਦੀ ਕਦਰ ਕਰਦੇ ਹਨ। ਜੇ ਤੁਹਾਡੇ ਕੋਲ ਮੀਟਿੰਗ ’ਤੇ ਨਾ ਜਾਣ ਦਾ ਕੋਈ ਜਾਇਜ਼ ਕਾਰਨ ਨਹੀਂ ਹੈ, ਤਾਂ ਇਸ ’ਤੇ ਹਾਜ਼ਰ ਹੋਣ ਦੀ ਪੂਰੀ-ਪੂਰੀ ਕੋਸ਼ਿਸ਼ ਕਰੋ। ਮੀਟਿੰਗ ਵਿਚ ਸਾਨੂੰ ਪੂਰਾ ਧਿਆਨ ਲਾ ਕੇ ਸੁਣਨਾ ਚਾਹੀਦਾ ਹੈ ਤਾਂਕਿ ਉਹ ਗੱਲਾਂ ਸਾਡੇ ਦਿਲ ਤਕ ਪਹੁੰਚ ਸਕਣ।

ਇਸ ਦੇ ਨਾਲ-ਨਾਲ ਜੇ ਅਸੀਂ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਾਂਗੇ, ਤਾਂ ਅਸੀਂ ਉਸ ਦੇ ਹੋਰ ਵੀ ਨਜ਼ਦੀਕ ਹੋਵਾਂਗੇ। (ਕਹਾ. 3:5, 6) ਸਾਨੂੰ ਬਾਈਬਲ ਅਤੇ ਸੰਗਠਨ ਵੱਲੋਂ ਤਿਆਰ ਕੀਤੇ ਪ੍ਰਕਾਸ਼ਨਾਂ ਨੂੰ ਦਿਲ ਲਾ ਕੇ ਪੜ੍ਹਨਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਸਾਨੂੰ ਪਤਾ ਲੱਗੇਗਾ ਕਿ ਸਾਡੇ ਕੰਮਾਂ ਦੇ ਕੀ-ਕੀ ਅੰਜਾਮ ਨਿਕਲ ਸਕਦੇ ਹਨ। ਇਨ੍ਹਾਂ ਅੰਜਾਮਾਂ ਬਾਰੇ ਸੋਚ ਕੇ ਅਸੀਂ ਵਧੀਆ ਫ਼ੈਸਲੇ ਕਰ ਸਕਾਂਗੇ। ਨਾਲੇ ਸਾਨੂੰ ਸਮਝਦਾਰ ਭਰਾਵਾਂ ਦੀ ਸਲਾਹ ਦਿਲੋਂ ਮੰਨਣੀ ਚਾਹੀਦੀ ਹੈ। (ਕਹਾ. 19:20) ਇਸ ਤਰ੍ਹਾਂ ਕਰ ਕੇ ਅਸੀਂ ਬੁੱਧ ਨੂੰ ਰੱਦ ਨਹੀਂ ਕਰ ਰਹੇ ਹੋਵਾਂਗੇ, ਸਗੋਂ ਹੋਰ ਵੀ ਬੁੱਧਵਾਨ ਬਣ ਰਹੇ ਹੋਵਾਂਗੇ।

ਬੁੱਧ ਮੇਰੇ ਪਰਿਵਾਰ ਦੀ ਮਦਦ ਕਿਵੇਂ ਕਰ ਸਕਦੀ ਹੈ?

ਅਸੀਂ ਬੁੱਧ ਨਾਲ ਆਪਣੇ ਪਰਿਵਾਰ ਦੀ ਰੱਖਿਆ ਕਰ ਸਕਦੇ ਹਾਂ। ਮਿਸਾਲ ਲਈ, ਬਾਈਬਲ ਕਹਿੰਦੀ ਹੈ ਕਿ ਪਤਨੀ ਨੂੰ ਆਪਣੇ ਪਤੀ ਦਾ “ਗਹਿਰਾ ਆਦਰ” ਕਰਨਾ ਚਾਹੀਦਾ ਹੈ। (ਅਫ਼. 5:33) ਪਤੀ ਆਪਣੀ ਪਤਨੀ ਤੋਂ ਗਹਿਰਾ ਆਦਰ ਕਿਵੇਂ ਪਾ ਸਕਦਾ ਹੈ? ਜੇ ਉਹ ਰੋਅਬ ਪਾ ਕੇ ਜਾਂ ਗੁੱਸੇ ਨਾਲ ਆਦਰ ਦੀ ਮੰਗ ਕਰੇਗਾ, ਤਾਂ ਉਸ ਦੀ ਪਤਨੀ ਕੁਝ ਹੱਦ ਤਕ ਹੀ ਉਸ ਦਾ ਆਦਰ ਕਰੇਗੀ। ਲੜਾਈ ਤੋਂ ਬਚਣ ਲਈ ਪਤਨੀ ਸ਼ਾਇਦ ਉਹ ਦੇ ਮੋਹਰੇ ਥੋੜ੍ਹਾ-ਬਹੁਤਾ ਉਸ ਦਾ ਆਦਰ ਕਰੇ। ਪਰ ਜਦੋਂ ਉਸ ਦਾ ਪਤੀ ਉਸ ਨਾਲ ਨਹੀਂ ਹੁੰਦਾ, ਤਾਂ ਕੀ ਉਹ ਉਸ ਦਾ ਆਦਰ ਕਰੇਗੀ? ਸ਼ਾਇਦ ਨਹੀਂ। ਪਤੀ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕੀ ਕਰ ਸਕਦਾ ਹੈ ਤਾਂਕਿ ਉਸ ਦੀ ਪਤਨੀ ਉਸ ਦਾ ਗਹਿਰਾ ਆਦਰ ਕਰਦੀ ਰਹੇ। ਜੇ ਉਹ ਪਵਿੱਤਰ ਸ਼ਕਤੀ ਦੇ ਗੁਣਾਂ ਯਾਨੀ ਪਿਆਰ ਅਤੇ ਦਇਆ ਨਾਲ ਪੇਸ਼ ਆਵੇਗਾ, ਤਾਂ ਉਹ ਆਪਣੀ ਪਤਨੀ ਤੋਂ ਗਹਿਰਾ ਆਦਰ ਪਾ ਸਕੇਗਾ। ਦਰਅਸਲ, ਮਸੀਹੀ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ, ਚਾਹੇ ਉਹ ਇਸ ਦੇ ਲਾਇਕ ਹੋਵੇ ਜਾਂ ਨਾ।​—ਗਲਾ. 5:22, 23.

ਬਾਈਬਲ ਇਹ ਵੀ ਕਹਿੰਦੀ ਹੈ ਕਿ ਪਤੀ ਨੂੰ ਆਪਣੀ ਪਤਨੀ ਨਾਲ ਪਿਆਰ ਕਰਨਾ ਚਾਹੀਦਾ ਹੈ। (ਅਫ਼. 5:28, 33) ਪਤਨੀ ਸ਼ਾਇਦ ਸੋਚੇ ਕਿ ਆਪਣੇ ਪਤੀ ਦਾ ਪਿਆਰ ਪਾਉਣ ਲਈ ਕੁਝ ਗੱਲਾਂ ਲੁਕਾਉਣੀਆਂ ਹੀ ਸਹੀ ਹਨ, ਭਾਵੇਂ ਪਤੀ ਦਾ ਇਨ੍ਹਾਂ ਗੱਲਾਂ ਨੂੰ ਜਾਣਨ ਦਾ ਹੱਕ ਹੈ। ਪਰ ਕੀ ਇੱਦਾਂ ਕਰ ਕੇ ਉਹ ਬੁੱਧੀਮਾਨੀ ਦਿਖਾ ਰਹੀ ਹੋਵੇਗੀ? ਬਾਅਦ ਵਿਚ ਜਦੋਂ ਪਤੀ ਨੂੰ ਉਨ੍ਹਾਂ ਗੱਲਾਂ ਦਾ ਪਤਾ ਲੱਗੇਗਾ, ਤਾਂ ਇਸ ਦਾ ਕੀ ਅੰਜਾਮ ਹੋਵੇਗਾ? ਕੀ ਉਹ ਆਪਣੀ ਪਤਨੀ ਨਾਲ ਜ਼ਿਆਦਾ ਪਿਆਰ ਕਰੇਗਾ? ਉਸ ਲਈ ਇੱਦਾਂ ਕਰਨਾ ਔਖਾ ਹੋਵੇਗਾ। ਜੇ ਪਤਨੀ ਗੱਲਾਂ ਲੁਕਾਉਣ ਦੀ ਬਜਾਇ ਸਹੀ ਸਮੇਂ ’ਤੇ ਪਤੀ ਨੂੰ ਇਨ੍ਹਾਂ ਬਾਰੇ ਦੱਸੇਗੀ, ਤਾਂ ਪਤੀ ਦਾ ਆਪਣੀ ਪਤਨੀ ’ਤੇ ਭਰੋਸਾ ਵਧੇਗਾ। ਇਸ ਤਰ੍ਹਾਂ ਕਰਨ ਨਾਲ ਉਸ ਦਾ ਆਪਣੀ ਪਤਨੀ ਨਾਲ ਪਿਆਰ ਹੋਰ ਗੂੜ੍ਹਾ ਹੋਵੇਗਾ।

ਜਿਸ ਤਰੀਕੇ ਨਾਲ ਤੁਸੀਂ ਅੱਜ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦਿੰਦੇ ਹੋ, ਉਸ ਦਾ ਅਸਰ ਭਵਿੱਖ ਵਿਚ ਉਨ੍ਹਾਂ ਨਾਲ ਤੁਹਾਡੇ ਰਿਸ਼ਤੇ ’ਤੇ ਪਵੇਗਾ

ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਨਾਲੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਮੁਤਾਬਕ ਚੱਲਣਾ ਸਿਖਾਉਣਾ ਚਾਹੀਦਾ ਹੈ। (ਅਫ਼. 6:1, 4) ਕੀ ਇਸ ਦਾ ਇਹ ਮਤਲਬ ਹੈ ਕਿ ਮਾਪਿਆਂ ਨੂੰ ਬੱਚਿਆਂ ਲਈ ਲੰਬੀ-ਚੌੜੀ ਲਿਸਟ ਬਣਾਉਣੀ ਚਾਹੀਦੀ ਹੈ ਕਿ ਉਹ ਕੀ ਕਰ ਸਕਦੇ ਹਨ ਤੇ ਕੀ ਨਹੀਂ? ਬੱਚਿਆਂ ਲਈ ਸਿਰਫ਼ ਇਹ ਜਾਣਨਾ ਕਾਫ਼ੀ ਨਹੀਂ ਹੈ ਕਿ ਘਰ ਦੇ ਕੀ ਅਸੂਲ ਹਨ ਅਤੇ ਗ਼ਲਤੀਆਂ ਕਰਨ ’ਤੇ ਉਨ੍ਹਾਂ ਨੂੰ ਕਿਹੜੀ ਸਜ਼ਾ ਮਿਲੇਗੀ। ਇਸ ਦੀ ਬਜਾਇ, ਬੁੱਧਵਾਨ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਇਹ ਸਮਝਣ ਵਿਚ ਮਦਦ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ।

ਮੰਨ ਲਓ ਕਿ ਇਕ ਬੱਚਾ ਆਪਣੇ ਮੰਮੀ ਜਾਂ ਡੈਡੀ ਨਾਲ ਬਦਤਮੀਜ਼ੀ ਨਾਲ ਗੱਲ ਕਰਦਾ ਹੈ। ਜੇ ਮਾਪੇ ਗੁੱਸੇ ਨਾਲ ਜਵਾਬ ਦੇਣਗੇ ਜਾਂ ਉਸੇ ਵੇਲੇ ਸਜ਼ਾ ਦੇਣਗੇ, ਤਾਂ ਬੱਚੇ ਨੂੰ ਸ਼ਾਇਦ ਸ਼ਰਮ ਆਵੇ ਜਾਂ ਉਹ ਗੁੰਮ-ਸੁੰਮ ਰਹਿਣ ਲੱਗ ਪਵੇ। ਪਰ ਹੋ ਸਕਦਾ ਹੈ ਕਿ ਉਹ ਦਿਲ ਵਿਚ ਨਾਰਾਜ਼ਗੀ ਰੱਖੇ ਜਿਸ ਕਰਕੇ ਉਹ ਮਾਪਿਆਂ ਤੋਂ ਦੂਰ-ਦੂਰ ਰਹਿਣ ਲੱਗ ਪਵੇ।

ਜਿਹੜੇ ਮਾਪੇ ਹੋਰ ਬੁੱਧ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਧਿਆਨ ਨਾਲ ਸੋਚਣਗੇ ਕਿ ਉਹ ਆਪਣੇ ਬੱਚਿਆਂ ਨੂੰ ਕਿਵੇਂ ਅਨੁਸ਼ਾਸਨ ਦਿੰਦੇ ਹਨ ਅਤੇ ਇਸ ਦਾ ਬੱਚਿਆਂ ਦੇ ਆਉਣ ਵਾਲੇ ਕੱਲ੍ਹ ’ਤੇ ਕੀ ਅਸਰ ਪਵੇਗਾ। ਭਾਵੇਂ ਮਾਪਿਆਂ ਨੂੰ ਆਪਣੇ ਬੱਚੇ ਦੀ ਬਦਤਮੀਜ਼ੀ ਕਰਕੇ ਸ਼ਰਮ ਆਉਂਦੀ ਹੈ, ਪਰ ਫਿਰ ਵੀ ਮਾਪਿਆਂ ਨੂੰ ਉਸੇ ਵੇਲੇ ਤਾੜਨਾ ਨਹੀਂ ਦੇਣੀ ਚਾਹੀਦੀ। ਸ਼ਾਇਦ ਉਹ ਬਾਅਦ ਵਿਚ ਬੱਚੇ ਨਾਲ ਇਕੱਲੇ ਬਹਿ ਕੇ ਪਿਆਰ ਅਤੇ ਧੀਰਜ ਨਾਲ ਗੱਲ ਕਰ ਸਕਦੇ ਹਨ। ਉਸ ਨੂੰ ਸਮਝਾ ਸਕਦੇ ਹਨ ਕਿ ਯਹੋਵਾਹ ਚਾਹੁੰਦਾ ਹੈ ਕਿ ਉਹ ਉਨ੍ਹਾਂ ਦਾ ਕਹਿਣਾ ਮੰਨੇ। ਨਾਲੇ ਦੱਸੋ ਕਿ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਸਦਾ ਲਈ ਫ਼ਾਇਦਾ ਹੋਵੇਗਾ। ਸੋ ਜਦੋਂ ਬੱਚਾ ਆਪਣੇ ਮਾਪਿਆਂ ਦੀ ਇੱਜ਼ਤ ਕਰੇਗਾ, ਤਾਂ ਉਸ ਨੂੰ ਅਹਿਸਾਸ ਹੋਵੇਗਾ ਕਿ ਉਹ ਯਹੋਵਾਹ ਦੀ ਇੱਜ਼ਤ ਕਰ ਰਿਹਾ ਹੈ। (ਅਫ਼. 6:2, 3) ਇਸ ਤਰ੍ਹਾਂ ਪਿਆਰ ਨਾਲ ਸਮਝਾ ਕੇ ਮਾਪੇ ਬੱਚੇ ਦਾ ਦਿਲ ਜਿੱਤ ਸਕਦੇ ਹਨ। ਬੱਚੇ ਨੂੰ ਅਹਿਸਾਸ ਹੋਵੇਗਾ ਕਿ ਮਾਪਿਆਂ ਨੂੰ ਉਸ ਦਾ ਫ਼ਿਕਰ ਹੈ ਅਤੇ ਉਹ ਉਨ੍ਹਾਂ ਦੀ ਹੋਰ ਵੀ ਇੱਜ਼ਤ ਕਰੇਗਾ। ਮਾਪਿਓ, ਪਿਆਰ ਨਾਲ ਪੇਸ਼ ਆਉਣ ਕਰਕੇ ਤੁਹਾਡਾ ਬੱਚਾ ਕਿਸੇ ਵੀ ਮਾਮਲੇ ਬਾਰੇ ਤੁਹਾਡੇ ਨਾਲ ਗੱਲ ਕਰਨ ਤੋਂ ਨਹੀਂ ਝਿਜਕੇਗਾ।

ਕੁਝ ਮਾਪੇ ਸ਼ਾਇਦ ਆਪਣੇ ਬੱਚਿਆਂ ਨੂੰ ਇਸ ਲਈ ਤਾੜਨਾ ਨਾ ਦੇਣ ਕਿਉਂਕਿ ਉਹ ਉਨ੍ਹਾਂ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੇ। ਪਰ ਤਾੜਨਾ ਨਾ ਦੇਣ ਕਰਕੇ ਉਹ ਕਿਹੋ ਜਿਹੇ ਇਨਸਾਨ ਬਣਨਗੇ? ਕੀ ਉਹ ਯਹੋਵਾਹ ਦਾ ਡਰ ਰੱਖਣਗੇ ਅਤੇ ਉਸ ਦੇ ਮਿਆਰਾਂ ਅਨੁਸਾਰ ਚੱਲਣ ਦੇ ਫ਼ਾਇਦਿਆਂ ਬਾਰੇ ਸੋਚਣਗੇ? ਕੀ ਉਹ ਪੂਰੇ ਦਿਲ ਨਾਲ ਯਹੋਵਾਹ ਦੀ ਸਿੱਖਿਆ ਸਵੀਕਾਰ ਕਰਨਗੇ ਜਾਂ ਕੀ ਉਹ ਯਹੋਵਾਹ ਤੋਂ ਦੂਰ ਹੋ ਜਾਣਗੇ?​—ਕਹਾ. 13:1; 29:21.

ਬੁੱਤਕਾਰ ਪਹਿਲਾਂ ਤੋਂ ਹੀ ਸੋਚ ਕੇ ਰੱਖਦਾ ਕਿ ਉਸ ਨੇ ਕੀ ਬਣਾਉਣਾ ਹੈ। ਉਹ ਪੱਥਰ ਨੂੰ ਐਵੇਂ ਨਹੀਂ ਤਰਾਸ਼ਦਾ ਅਤੇ ਨਾ ਹੀ ਇਹ ਉਮੀਦ ਰੱਖਦਾ ਕਿ ਆਪਣੇ ਆਪ ਕੁਝ ਵਧੀਆ ਬਣ ਜਾਵੇਗਾ। ਬੁੱਧਵਾਨ ਮਾਪੇ ਯਹੋਵਾਹ ਦਾ ਭੈ ਰੱਖ ਕੇ ਘੰਟਿਆਂ-ਬੱਧੀ ਉਸ ਦੇ ਮਿਆਰਾਂ ਬਾਰੇ ਸਿੱਖਦੇ ਹਨ ਅਤੇ ਇਨ੍ਹਾਂ ਨੂੰ ਲਾਗੂ ਕਰਦੇ ਹਨ। ਉਹ ਯਹੋਵਾਹ ਅਤੇ ਉਸ ਦੇ ਸੰਗਠਨ ਤੋਂ ਦੂਰ ਨਹੀਂ ਰਹਿੰਦੇ ਅਤੇ ਇਸ ਤਰ੍ਹਾਂ ਉਹ ਬੁੱਧ ਪ੍ਰਾਪਤ ਕਰ ਕੇ ਆਪਣੇ ਪਰਿਵਾਰ ਨੂੰ ਤਕੜਾ ਕਰਦੇ ਹਨ।

ਸਾਨੂੰ ਹਰ ਰੋਜ਼ ਫ਼ੈਸਲੇ ਕਰਨੇ ਪੈਂਦੇ ਹਨ ਜਿਨ੍ਹਾਂ ਦਾ ਅਸਰ ਸਾਲਾਂ ਤਕ ਸਾਡੀ ਜ਼ਿੰਦਗੀ ’ਤੇ ਪੈ ਸਕਦਾ ਹੈ। ਕੋਈ ਵੀ ਕੰਮ ਕਰਨ ਵਿਚ ਕਾਹਲੀ ਕਰਨ ਅਤੇ ਖੜ੍ਹੇ ਪੈਰ ਫ਼ੈਸਲੇ ਕਰਨ ਦੀ ਬਜਾਇ ਕਿਉਂ ਨਾ ਰੁਕ ਕੇ ਸੋਚੋ? ਸੋਚੋ ਕਿ ਇਨ੍ਹਾਂ ਫ਼ੈਸਲਿਆਂ ਦਾ ਤੁਹਾਡੇ ਆਉਣ ਵਾਲੇ ਕੱਲ੍ਹ ਉੱਤੇ ਕੀ ਅਸਰ ਪੈ ਸਕਦਾ ਹੈ। ਯਹੋਵਾਹ ਦੀ ਸੇਧ ਭਾਲੋ ਅਤੇ ਉਸ ਦੀ ਬੁੱਧ ਅਨੁਸਾਰ ਚੱਲੋ। ਇਸ ਤਰ੍ਹਾਂ ਕਰ ਕੇ ਅਸੀਂ ਬੁੱਧ ਨੂੰ ਸਾਂਭ ਕੇ ਰੱਖਿਆ ਹੋਵੇਗਾ ਅਤੇ ਇਸ ਕਰਕੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।​—ਕਹਾ. 3:21, 22.