Skip to content

Skip to table of contents

ਦਿਲਾਂ ਨੂੰ ਛੂੰਹਣ ਵਾਲਾ ਸ਼ਬਦ

ਦਿਲਾਂ ਨੂੰ ਛੂੰਹਣ ਵਾਲਾ ਸ਼ਬਦ

“ਬੀਬੀ।” ਯਿਸੂ ਨੇ ਕਦੀ-ਕਦਾਈਂ ਇਹ ਸ਼ਬਦ ਕਹਿ ਕੇ ਔਰਤਾਂ ਨਾਲ ਗੱਲ ਕੀਤੀ। ਮਿਸਾਲ ਲਈ, ਇਕ ਔਰਤ ਦਾ ਅਠਾਰਾਂ ਸਾਲਾਂ ਤੋਂ ਕੁੱਬ ਨਿਕਲਿਆ ਹੋਇਆ ਸੀ। ਉਸ ਔਰਤ ਨੂੰ ਠੀਕ ਕਰਦਿਆਂ ਯਿਸੂ ਨੇ ਕਿਹਾ: “ਬੀਬੀ, ਤੂੰ ਆਪਣੀ ਬੀਮਾਰੀ ਤੋਂ ਛੁੱਟ ਗਈ ਹੈਂ।” (ਲੂਕਾ 13:10-13) ਉਸ ਸਮੇਂ ਔਰਤਾਂ ਨਾਲ ਗੱਲ ਕਰਦਿਆਂ “ਬੀਬੀ” ਕਹਿਣਾ ਆਮ ਸੀ। ਯਿਸੂ ਨੇ ਮਰੀਅਮ ਮਗਦਲੀਨੀ ਨਾਲ ਗੱਲ ਕਰਦਿਆਂ ਵੀ ਇਹ ਸ਼ਬਦ ਵਰਤਿਆ ਸੀ। (ਯੂਹੰ. 20:15) ਪਰ ਬਾਈਬਲ ਜ਼ਮਾਨੇ ਵਿਚ ਲੋਕ ਔਰਤਾਂ ਨਾਲ ਗੱਲ ਕਰਦਿਆਂ ਇਕ ਹੋਰ ਵੀ ਸ਼ਬਦ ਵਰਤਦੇ ਸਨ।

ਕੁਝ ਔਰਤਾਂ ਦਾ ਜ਼ਿਕਰ ਕਰਦਿਆਂ ਬਾਈਬਲ ਇਕ ਹੋਰ ਪਿਆਰ ਅਤੇ ਕੋਮਲਤਾ ਭਰਿਆ ਸ਼ਬਦ ਵਰਤਦੀ ਹੈ। ਯਿਸੂ ਨੇ ਇਹ ਸ਼ਬਦ ਉਸ ਔਰਤ ਨੂੰ ਕਿਹਾ ਜੋ 12 ਸਾਲਾਂ ਤੋਂ ਲਹੂ ਵਹਿਣ ਕਰਕੇ ਦੁਖੀ ਸੀ। ਮੂਸਾ ਦੇ ਕਾਨੂੰਨ ਮੁਤਾਬਕ ਇਹ ਔਰਤ ਅਸ਼ੁੱਧ ਸੀ। ਪਰ ਉਹ ਕਾਨੂੰਨ ਦੀ ਉਲੰਘਣਾ ਕਰ ਕੇ ਯਿਸੂ ਕੋਲ ਗਈ। ਕਈ ਲੋਕ ਕਾਨੂੰਨ ਨੂੰ ਲੈ ਕੇ ਬਹਿਸ ਕਰਦੇ ਹਨ ਕਿ ਬੀਮਾਰੀ ਕਰਕੇ ਉਸ ਨੂੰ ਆਪਣੇ ਆਪ ਨੂੰ ਦੂਜਿਆਂ ਤੋਂ ਵੱਖ ਰੱਖਣਾ ਚਾਹੀਦਾ ਸੀ। (ਲੇਵੀ. 15:19-27) ਪਰ ਉਹ ਆਪਣੀ ਬੀਮਾਰੀ ਤੋਂ ਅੱਕ ਗਈ ਸੀ। ਦਰਅਸਲ, “ਉਸ ਨੇ ਕਈ ਹਕੀਮਾਂ ਤੋਂ ਇਲਾਜ ਕਰਾ-ਕਰਾ ਕੇ ਬੜਾ ਦੁੱਖ ਝੱਲਿਆ ਅਤੇ ਉਹ ਆਪਣਾ ਸਾਰਾ ਪੈਸਾ ਖ਼ਰਚ ਕਰ ਚੁੱਕੀ ਸੀ, ਫਿਰ ਵੀ ਉਸ ਨੂੰ ਆਰਾਮ ਨਹੀਂ ਆਇਆ ਸੀ, ਸਗੋਂ ਉਸ ਦਾ ਹਾਲ ਹੋਰ ਵੀ ਬੁਰਾ ਹੋ ਗਿਆ ਸੀ।”​—ਮਰ. 5:25, 26.

ਉਸ ਔਰਤ ਨੇ ਚੁੱਪ-ਚਾਪ ਭੀੜ ਦੇ ਪਿੱਛਿਓਂ ਦੀ ਆ ਕੇ ਯਿਸੂ ਦੇ ਕੱਪੜੇ ਦੀ ਝਾਲਰ ਨੂੰ ਛੂਹਿਆ। ਉਸੇ ਵੇਲੇ ਉਸ ਦੇ ਲਹੂ ਦਾ ਵਹਾਅ ਰੁਕ ਗਿਆ। ਉਸ ਔਰਤ ਨੇ ਸੋਚਿਆ ਕਿ ਉਹ ਚੁੱਪ-ਚਪੀਤੇ ਉੱਥੋਂ ਨਿਕਲ ਸਕਦੀ ਸੀ, ਪਰ ਯਿਸੂ ਨੇ ਪੁੱਛਿਆ: “ਮੈਨੂੰ ਕਿਸ ਨੇ ਛੂਹਿਆ?” (ਲੂਕਾ 8:45-47) ਯਿਸੂ ਦੀ ਇਹ ਗੱਲ ਸੁਣਦਿਆਂ ਹੀ ਉਹ ਡਰਦੀ ਅਤੇ ਕੰਬਦੀ ਹੋਈ ਯਿਸੂ ਦੇ ਪੈਰੀਂ ਪੈ ਗਈ ਅਤੇ “ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ।”​—ਮਰ. 5:33.

ਉਸ ਦਾ ਡਰ ਅਤੇ ਘਬਰਾਹਟ ਦੂਰ ਕਰਨ ਲਈ ਯਿਸੂ ਨੇ ਪਿਆਰ ਨਾਲ ਉਸ ਨੂੰ ਕਿਹਾ: “ਹੌਸਲਾ ਰੱਖ ਧੀਏ।” (ਮੱਤੀ 9:22) ਬਾਈਬਲ ਦੇ ਖੋਜਕਾਰਾਂ ਮੁਤਾਬਕ ਇਬਰਾਨੀ ਅਤੇ ਯੂਨਾਨੀ ਵਿਚ “ਧੀਏ” ਲਈ ਵਰਤਿਆ ਸ਼ਬਦ ਕਿਸੇ ਨਾਲ “ਪਿਆਰ ਅਤੇ ਕੋਮਲਤਾ” ਨਾਲ ਪੇਸ਼ ਆਉਣ ਲਈ ਕਿਹਾ ਜਾ ਸਕਦਾ ਹੈ। ਯਿਸੂ ਨੇ ਉਸ ਔਰਤ ਦਾ ਹੌਸਲਾ ਹੋਰ ਵੀ ਵਧਾਉਣ ਲਈ ਕਿਹਾ: “ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ। ਰਾਜੀ ਰਹਿ ਅਤੇ ਆਪਣੀ ਦਰਦਨਾਕ ਬੀਮਾਰੀ ਤੋਂ ਬਚੀ ਰਹਿ।”​—ਮਰ. 5:34.

ਅਮੀਰ ਇਜ਼ਰਾਈਲੀ ਬੋਅਜ਼ ਨੇ ਵੀ ਮੋਆਬਣ ਰੂਥ ਨੂੰ “ਧੀਏ” ਕਹਿ ਕੇ ਬੁਲਾਇਆ। ਰੂਥ ਵੀ ਡਰੀ ਅਤੇ ਘਬਰਾਈ ਹੋਈ ਸੀ ਕਿਉਂਕਿ ਉਹ ਇਕ ਅਜਨਬੀ ਆਦਮੀ ਦੇ ਖੇਤ ਵਿੱਚੋਂ ਜੌਂ ਦੇ ਸਿੱਟੇ ਚੁਗ ਰਹੀ ਸੀ। ਬੋਅਜ਼ ਨੇ ਕਿਹਾ: “ਹੇ ਮੇਰੀਏ ਧੀਏ, ਤੂੰ ਮੇਰੀ ਗੱਲ ਨਹੀਂ ਸੁਣਦੀ?” ਫਿਰ ਉਸ ਨੇ ਰੂਥ ਨੂੰ ਕਿਹਾ ਕਿ ਉਹ ਬਿਨਾਂ ਡਰੇ ਖੇਤ ਵਿੱਚੋਂ ਸਿੱਟੇ ਚੁਗਦੀ ਰਹੇ। ਰੂਥ ਨੇ ਬੋਅਜ਼ ਅੱਗੇ ਗੋਡੇ ਟੇਕ ਕੇ ਪੁੱਛਿਆ ਕਿ ਉਹ ਇਕ ਪਰਦੇਸਣ ਉੱਤੇ ਇੰਨੀ ਦਇਆ ਕਿਉਂ ਕਰ ਰਿਹਾ ਸੀ। ਬੋਅਜ਼ ਨੇ ਉਸ ਨੂੰ ਹੋਰ ਹੌਸਲੇ ਭਰੇ ਸ਼ਬਦ ਕਹੇ: “ਮੈਨੂੰ ਉਸ ਸਾਰੀ ਗੱਲ ਦੀ ਖਬਰ ਹੈ ਜੋ ਤੈਂ ਆਪਣੇ ਪਤੀ ਦੇ ਮਰਨ ਦੇ ਮਗਰੋਂ ਆਪਣੀ ਸੱਸ [ਵਿਧਵਾ ਨਾਓਮੀ] ਦੇ ਨਾਲ ਕੀਤੀ . . . ਯਹੋਵਾਹ ਤੇਰੇ ਕੰਮ ਦਾ ਵੱਟਾ ਦੇਵੇ।”​—ਰੂਥ 2:8-12.

ਯਿਸੂ ਅਤੇ ਬੋਅਜ਼ ਨੇ ਮੰਡਲੀ ਦੇ ਬਜ਼ੁਰਗਾਂ ਲਈ ਕਿੰਨੀਆਂ ਹੀ ਵਧੀਆ ਮਿਸਾਲਾਂ ਰੱਖੀਆਂ! ਕਦੀ-ਕਦੀ ਮੰਡਲੀ ਦੇ ਦੋ ਬਜ਼ੁਰਗ ਸ਼ਾਇਦ ਇਕ ਮਸੀਹੀ ਭੈਣ ਨੂੰ ਮਿਲਣ ਜਿਸ ਨੂੰ ਬਾਈਬਲ ਤੋਂ ਸਲਾਹ ਅਤੇ ਹੌਸਲੇ ਦੀ ਲੋੜ ਹੈ। ਬਜ਼ੁਰਗਾਂ ਨੂੰ ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਸੇਧ ਮੰਗਣ ਦੇ ਨਾਲ-ਨਾਲ ਉਸ ਭੈਣ ਦੀ ਗੱਲ ਵੀ ਧਿਆਨ ਨਾਲ ਸੁਣਨੀ ਚਾਹੀਦੀ ਹੈ। ਇੱਦਾਂ ਕਰ ਕੇ ਹੀ ਉਹ ਉਸ ਭੈਣ ਨੂੰ ਬਾਈਬਲ ਤੋਂ ਹੌਸਲਾ ਅਤੇ ਦਿਲਾਸਾ ਦੇ ਸਕਣਗੇ।​—ਰੋਮੀ. 15:4.