Skip to content

Skip to table of contents

ਉਹ ਝੂਠੇ ਧਰਮਾਂ ਤੋਂ ਆਜ਼ਾਦ ਹੋ ਗਏ

ਉਹ ਝੂਠੇ ਧਰਮਾਂ ਤੋਂ ਆਜ਼ਾਦ ਹੋ ਗਏ

“ਹੇ ਮੇਰੇ ਲੋਕੋ, . . . ਉਸ ਤੋਂ ਦੂਰ ਹੋ ਜਾਵੋ।”—ਪ੍ਰਕਾ. 18:4.

ਗੀਤ: 3, 21

1. ਸਾਨੂੰ ਕਿਵੇਂ ਪਤਾ ਹੈ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਮਹਾਂ ਬਾਬਲ ਤੋਂ ਆਜ਼ਾਦ ਕਰਾਇਆ ਜਾਣਾ ਸੀ? ਸਾਨੂੰ ਕਿਨ੍ਹਾਂ ਸਵਾਲਾਂ ਦੇ ਜਵਾਬ ਲੈਣ ਦੀ ਲੋੜ ਹੈ?

ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਵਫ਼ਾਦਾਰ ਮਸੀਹੀ ਮਹਾਂ ਬਾਬਲ ਦੇ ਗ਼ੁਲਾਮ ਬਣੇ ਸਨ। ਪਰ ਖ਼ੁਸ਼ੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਹਮੇਸ਼ਾ ਲਈ ਗ਼ੁਲਾਮੀ ਵਿਚ ਨਹੀਂ ਰਹਿਣਾ ਸੀ। ਅਸੀਂ ਇਹ ਗੱਲ ਜਾਣਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਬਾਈਬਲ ਵਿਚ ਆਪਣੇ ਲੋਕਾਂ ਨੂੰ ਝੂਠੇ ਧਰਮਾਂ ਦੇ ਸਾਮਰਾਜ ਤੋਂ “ਦੂਰ ਹੋ” ਜਾਣ ਦਾ ਹੁਕਮ ਦਿੱਤਾ ਹੈ। (ਪ੍ਰਕਾਸ਼ ਦੀ ਕਿਤਾਬ 18:4 ਪੜ੍ਹੋ।) ਸੋ ਇਸ ਤੋਂ ਸਬੂਤ ਮਿਲਦਾ ਹੈ ਕਿ ਮਸੀਹੀਆਂ ਨੂੰ ਮਹਾਂ ਬਾਬਲ ਤੋਂ ਆਜ਼ਾਦ ਕਰਾਇਆ ਜਾਣਾ ਸੀ। ਅਸੀਂ ਇਹ ਜਾਣਨ ਲਈ ਉਤਸੁਕ ਹਾਂ ਕਿ ਉਨ੍ਹਾਂ ਨੂੰ ਕਦੋਂ ਆਜ਼ਾਦ ਕਰਾਇਆ ਗਿਆ ਸੀ। ਪਰ ਪਹਿਲਾਂ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਦੀ ਲੋੜ ਹੈ: 1914 ਤੋਂ ਪਹਿਲਾਂ ਹੀ ਬਾਈਬਲ ਸਟੂਡੈਂਟਸ ਨੇ ਮਹਾਂ ਬਾਬਲ ਸੰਬੰਧੀ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਸੀ? ਪਹਿਲੇ ਵਿਸ਼ਵ ਯੁੱਧ ਦੌਰਾਨ ਭੈਣ-ਭਰਾ ਪ੍ਰਚਾਰ ਦੇ ਕੰਮ ਲਈ ਕਿੰਨੇ ਕੁ ਜੋਸ਼ੀਲੇ ਸਨ? ਕੀ ਇਹ ਸੱਚ ਹੈ ਕਿ ਪਰਮੇਸ਼ੁਰ ਨੇ ਇਸ ਲਈ ਆਪਣੇ ਲੋਕਾਂ ਨੂੰ ਗ਼ੁਲਾਮ ਬਣਾਇਆ ਸੀ ਕਿਉਂਕਿ ਉਹ ਉਨ੍ਹਾਂ ਨੂੰ ਸੁਧਾਰਨਾ ਚਾਹੁੰਦਾ ਸੀ?

“ਮਹਾਂ ਬਾਬਲ ਢਹਿ ਗਿਆ”

2. ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਹੀ ਬਾਈਬਲ ਸਟੂਡੈਂਟਸ ਨੇ ਕੀ ਕਰਨ ਦਾ ਫ਼ੈਸਲਾ ਕੀਤਾ ਸੀ?

2 ਪਹਿਲੇ ਵਿਸ਼ਵ ਯੁੱਧ (1914-1918) ਤੋਂ ਬਹੁਤ ਸਾਲ ਪਹਿਲਾਂ ਚਾਰਲਸ ਟੇਜ਼ ਰਸਲ ਅਤੇ ਹੋਰ ਬਾਈਬਲ ਸਟੂਡੈਂਟਸ ਨੂੰ ਅਹਿਸਾਸ ਹੋਇਆ ਕਿ ਈਸਾਈ-ਜਗਤ ਸਹੀ ਸਿੱਖਿਆਵਾਂ ਨਹੀਂ ਦੇ ਰਿਹਾ ਸੀ। ਇਸ ਲਈ ਇਹ ਬਾਈਬਲ ਸਟੂਡੈਂਟਸ ਝੂਠੇ ਧਰਮਾਂ ਨਾਲ ਕੋਈ ਨਾਤਾ ਨਹੀਂ ਰੱਖਣਾ ਚਾਹੁੰਦੇ ਸਨ। 1879 ਦੇ ਜ਼ਾਇਨਸ ਵਾਚ ਟਾਵਰ ਵਿਚ ਪਹਿਲਾਂ ਹੀ ਲਿਖਿਆ ਗਿਆ ਸੀ ਕਿ ਜਿਹੜਾ ਵੀ ਚਰਚ ਇਹ ਦਾਅਵਾ ਕਰਦਾ ਹੈ ਕਿ ਉਹ ਮਸੀਹ ਦੀ ਪਵਿੱਤਰ ਲਾੜੀ ਹੈ, ਪਰ ਸਰਕਾਰਾਂ ਦਾ ਸਾਥ ਦਿੰਦਾ ਹੈ, ਉਹ ਅਸਲ ਵਿਚ ਮਹਾਂ ਬਾਬਲ ਦਾ ਹਿੱਸਾ ਹੈ। ਬਾਈਬਲ ਵਿਚ ਮਹਾਂ ਬਾਬਲ ਨੂੰ ਕੰਜਰੀ ਕਿਹਾ ਗਿਆ ਹੈ।​—ਪ੍ਰਕਾਸ਼ ਦੀ ਕਿਤਾਬ 17:1, 2 ਪੜ੍ਹੋ।

3. ਬਾਈਬਲ ਸਟੂਡੈਂਟਸ ਨੇ ਕਿਵੇਂ ਦਿਖਾਇਆ ਕਿ ਉਹ ਝੂਠੇ ਧਰਮਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਾਸਤਾ ਨਹੀਂ ਰੱਖਣਾ ਚਾਹੁੰਦੇ ਸਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 ਵਫ਼ਾਦਾਰ ਆਦਮੀ ਅਤੇ ਔਰਤਾਂ ਜਾਣਦੇ ਸਨ ਕਿ ਜੇ ਉਹ ਝੂਠੇ ਧਰਮਾਂ ਦਾ ਸਾਥ ਦਿੰਦੇ ਰਹੇ, ਤਾਂ ਉਨ੍ਹਾਂ ’ਤੇ ਪਰਮੇਸ਼ੁਰ ਦੀ ਮਿਹਰ ਨਹੀਂ ਹੋਵੇਗੀ। ਇਸ ਲਈ ਇਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਚਰਚਾਂ ਨੂੰ ਚਿੱਠੀਆਂ ਭੇਜੀਆਂ ਕਿ ਉਹ ਹੁਣ ਤੋਂ ਚਰਚ ਦੇ ਮੈਂਬਰ ਨਹੀਂ ਹਨ। ਕਈਆਂ ਨੇ ਤਾਂ ਚਰਚ ਵਿਚ ਸਾਰਿਆਂ ਦੇ ਸਾਮ੍ਹਣੇ ਆਪਣੀਆਂ ਚਿੱਠੀਆਂ ਪੜ੍ਹੀਆਂ। ਜਿੱਥੇ ਇੱਦਾਂ ਕਰਨ ਦੀ ਇਜਾਜ਼ਤ ਨਹੀਂ ਸੀ, ਉੱਥੇ ਉਨ੍ਹਾਂ ਨੇ ਚਰਚ ਦੇ ਹਰੇਕ ਮੈਂਬਰ ਨੂੰ ਚਿੱਠੀ ਭੇਜੀ। ਬਾਈਬਲ ਸਟੂਡੈਂਟਸ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਉਹ ਝੂਠੇ ਧਰਮਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਾਸਤਾ ਨਹੀਂ ਰੱਖਣਾ ਚਾਹੁੰਦੇ ਸਨ। ਕਈ ਸਾਲ ਪਹਿਲਾਂ ਇੱਦਾਂ ਕਰਨ ਕਰਕੇ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਸੀ। ਪਰ 1870 ਤੋਂ ਪਹਿਲਾਂ ਹੀ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਪਹਿਲਾਂ ਵਾਂਗ ਚਰਚਾਂ ਦਾ ਸਾਥ ਦੇਣਾ ਛੱਡ ਦਿੱਤਾ ਸੀ। ਹੁਣ ਲੋਕ ਬਿਨਾਂ ਡਰੇ ਬਾਈਬਲ ਬਾਰੇ ਗੱਲ ਕਰ ਸਕਦੇ ਸਨ ਅਤੇ ਇੱਥੋਂ ਤਕ ਕਿ ਚਰਚ ਦੀਆਂ ਸਿੱਖਿਆਵਾਂ ’ਤੇ ਸਵਾਲ ਖੜ੍ਹੇ ਕਰ ਸਕਦੇ ਸਨ।

4. ਬਾਈਬਲ ਸਟੂਡੈਂਟਸ ਨੇ ਮਹਾਂ ਬਾਬਲ ਸੰਬੰਧੀ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਸੀ? ਸਮਝਾਓ।

4 ਬਾਈਬਲ ਸਟੂਡੈਂਟਸ ਨੂੰ ਇਹ ਗੱਲ ਸਮਝ ਲੱਗ ਗਈ ਸੀ ਕਿ ਸਿਰਫ਼ ਆਪਣੇ ਪਰਿਵਾਰਾਂ, ਕਰੀਬੀ ਦੋਸਤਾਂ ਅਤੇ ਚਰਚ ਦੇ ਮੈਂਬਰਾਂ ਨੂੰ ਹੀ ਦੱਸਣਾ ਕਾਫ਼ੀ ਨਹੀਂ ਸੀ ਕਿ ਉਹ ਹੁਣ ਤੋਂ ਝੂਠੇ ਧਰਮਾਂ ਦਾ ਸਾਥ ਨਹੀਂ ਦੇਣਗੇ। ਪਰ ਉਹ ਸਾਰੀ ਦੁਨੀਆਂ ਨੂੰ ਦੱਸਣਾ ਚਾਹੁੰਦੇ ਸਨ ਕਿ ਮਹਾਂ ਬਾਬਲ ਇਕ ਕੰਜਰੀ ਹੈ। ਸੋ ਦਸੰਬਰ 1917 ਤੋਂ ਲੈ ਕੇ 1918 ਦੇ ਸ਼ੁਰੂ ਤਕ ਕੁਝ ਕੁ ਹਜ਼ਾਰ ਬਾਈਬਲ ਸਟੂਡੈਂਟਸ ਨੇ ਜੋਸ਼ ਨਾਲ “ਬਾਬਲ ਦਾ ਪਤਨ” (ਅੰਗ੍ਰੇਜ਼ੀ) ਨਾਂ ਦੇ ਪਰਚੇ ਦੀਆਂ 1 ਕਰੋੜ ਕਾਪੀਆਂ ਵੰਡੀਆਂ। ਇਸ ਪਰਚੇ ਵਿਚ ਈਸਾਈ-ਜਗਤ ਦਾ ਪਰਦਾਫ਼ਾਸ਼ ਕੀਤਾ ਗਿਆ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਚਰਚ ਦੇ ਆਗੂ ਕਿੰਨੇ ਗੁੱਸੇ ਵਿਚ ਭੜਕ ਗਏ ਹੋਣੇ। ਪਰ ਬਾਈਬਲ ਸਟੂਡੈਂਟਸ ਆਪਣਾ ਕੰਮ ਕਰਨ ਤੋਂ ਨਹੀਂ ਰੁਕੇ। ਉਨ੍ਹਾਂ ਨੇ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਉਹ ਪ੍ਰਚਾਰ ਕਰਦੇ ਰਹਿਣਗੇ ਅਤੇ ‘ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੁਕਮ ਮੰਨਦੇ’ ਰਹਿਣਗੇ। (ਰਸੂ. 5:29) ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਇਸ ਤੋਂ ਪਤਾ ਲੱਗਦਾ ਹੈ ਕਿ ਪਹਿਲੇ ਵਿਸ਼ਵ ਯੁੱਧ ਵਿਚ ਇਹ ਮਸੀਹੀ ਮਹਾਂ ਬਾਬਲ ਦੇ ਗ਼ੁਲਾਮ ਨਹੀਂ ਬਣ ਰਹੇ ਸਨ, ਸਗੋਂ ਇਸ ਤੋਂ ਆਜ਼ਾਦ ਹੋ ਰਹੇ ਸਨ। ਨਾਲੇ ਇੱਦਾਂ ਕਰਨ ਵਿਚ ਉਹ ਦੂਜਿਆਂ ਦੀ ਵੀ ਮਦਦ ਕਰ ਰਹੇ ਸਨ।

ਪਹਿਲੇ ਵਿਸ਼ਵ ਯੁੱਧ ਦੌਰਾਨ ਜੋਸ਼ ਨਾਲ ਕੰਮ

5. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਭੈਣ-ਭਰਾ ਜੋਸ਼ ਨਾਲ ਪ੍ਰਚਾਰ ਕਰ ਰਹੇ ਸਨ?

5 ਪਹਿਲਾਂ ਅਸੀਂ ਕਹਿੰਦੇ ਸੀ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਪਰਮੇਸ਼ੁਰ ਦੇ ਲੋਕਾਂ ’ਤੇ ਉਸ ਦੀ ਮਿਹਰ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਉਸ ਸਮੇਂ ਜੋਸ਼ ਨਾਲ ਪ੍ਰਚਾਰ ਨਹੀਂ ਕੀਤਾ ਸੀ। ਇਸ ਕਰਕੇ ਅਸੀਂ ਮੰਨਦੇ ਸੀ ਕਿ ਯਹੋਵਾਹ ਨੇ ਥੋੜ੍ਹੇ ਸਮੇਂ ਲਈ ਉਨ੍ਹਾਂ ਨੂੰ ਮਹਾਂ ਬਾਬਲ ਦੇ ਗ਼ੁਲਾਮ ਬਣਾ ਦਿੱਤਾ। ਪਰ ਜਿਹੜੇ ਵਫ਼ਾਦਾਰ ਭੈਣ-ਭਰਾ 1914 ਤੋਂ ਲੈ ਕੇ 1918 ਤਕ ਪਰਮੇਸ਼ੁਰ ਦੀ ਸੇਵਾ ਕਰ ਰਹੇ ਸਨ, ਉਨ੍ਹਾਂ ਨੇ ਬਾਅਦ ਵਿਚ ਦੱਸਿਆ ਕਿ ਇਕ ਸਮੂਹ ਵਜੋਂ ਉਨ੍ਹਾਂ ਨੇ ਪ੍ਰਚਾਰ ਕਰਨ ਵਿਚ ਆਪਣੀ ਪੂਰੀ ਵਾਹ ਲਾਈ। ਉਸ ਸਮੇਂ ਦੌਰਾਨ ਬਾਈਬਲ ਸਟੂਡੈਂਟਸ ਨਾਲ ਜੋ ਹੋਇਆ, ਉਸ ਬਾਰੇ ਜਾਣ ਕੇ ਅਸੀਂ ਬਾਈਬਲ ਵਿਚ ਦਰਜ ਕੁਝ ਘਟਨਾਵਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਪਾਵਾਂਗੇ।

6, 7. (ੳ) ਪਹਿਲੇ ਵਿਸ਼ਵ ਯੁੱਧ ਦੌਰਾਨ ਬਾਈਬਲ ਸਟੂਡੈਂਟਸ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ? (ਅ) ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਸਟੂਡੈਂਟਸ ਜੋਸ਼ੀਲੇ ਸਨ?

6 ਪਹਿਲੇ ਵਿਸ਼ਵ ਯੁੱਧ ਦੌਰਾਨ ਬਾਈਬਲ ਸਟੂਡੈਂਟਸ ਪ੍ਰਚਾਰ ਵਿਚ ਰੁੱਝੇ ਹੋਏ ਸਨ। ਪਰ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ। ਆਓ ਆਪਾਂ ਦੋ ਚੁਣੌਤੀਆਂ ਬਾਰੇ ਗੱਲ ਕਰੀਏ। ਪਹਿਲੀ, ਜਦੋਂ 1918 ਦੇ ਸ਼ੁਰੂ ਵਿਚ ਸਰਕਾਰ ਨੇ ਪ੍ਰਗਟ ਹੋਇਆ ਭੇਦ (ਅੰਗ੍ਰੇਜ਼ੀ) ਨਾਂ ਦੀ ਕਿਤਾਬ ’ਤੇ ਪਾਬੰਦੀ ਲਾ ਦਿੱਤੀ, ਤਾਂ ਬਹੁਤ ਸਾਰੇ ਭੈਣਾਂ-ਭਰਾਵਾਂ ਲਈ ਪ੍ਰਚਾਰ ਕਰਨਾ ਔਖਾ ਹੋ ਗਿਆ। ਕਿਉਂ? ਕਿਉਂਕਿ ਬਾਈਬਲ ਸਟੂਡੈਂਟਸ ਨੂੰ ਬਾਈਬਲ ਤੋਂ ਪ੍ਰਚਾਰ ਕਰਨਾ ਨਹੀਂ ਸੀ ਆਉਂਦਾ। ਦੂਜੀ, ਉਸ ਸਾਲ ਸਪੈਨਿਸ਼ ਫਲੂ ਫੈਲ ਗਿਆ। ਇਸ ਖ਼ਤਰਨਾਕ ਛੂਤ ਦੀ ਬੀਮਾਰੀ ਕਰਕੇ ਭੈਣਾਂ-ਭਰਾਵਾਂ ਲਈ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਪ੍ਰਚਾਰ ਕਰਨਾ ਔਖਾ ਸੀ। ਪਰ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਵੀ ਬਾਈਬਲ ਸਟੂਡੈਂਟਸ ਨੇ ਪ੍ਰਚਾਰ ਦਾ ਕੰਮ ਜਾਰੀ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ।

ਇਹ ਬਾਈਬਲ ਸਟੂਡੈਂਟਸ ਕਿੰਨੇ ਹੀ ਜੋਸ਼ੀਲੇ ਸਨ! (ਪੈਰੇ 6, 7 ਦੇਖੋ)

7 ਸਾਲ 1914 ਵਿਚ ਬਾਈਬਲ ਸਟੂਡੈਂਟਸ ਦੇ ਇਕ ਛੋਟੇ ਜਿਹੇ ਸਮੂਹ ਨੇ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦਿਖਾਉਣਾ ਸ਼ੁਰੂ ਕੀਤਾ। ਇਸ ਡਰਾਮੇ ਵਿਚ ਤਸਵੀਰਾਂ, ਛੋਟੀਆਂ-ਛੋਟੀਆਂ ਫ਼ਿਲਮਾਂ ਅਤੇ ਆਵਾਜ਼ਾਂ ਸਨ। ਇਹ ਉਸ ਜ਼ਮਾਨੇ ਦੇ ਲੋਕਾਂ ਲਈ ਬਿਲਕੁਲ ਨਵੀਂ ਚੀਜ਼ ਸੀ। ਇਸ ਡਰਾਮੇ ਵਿਚ ਆਦਮ ਤੋਂ ਲੈ ਕੇ ਮਸੀਹ ਦੇ ਰਾਜ ਦੇ ਅੰਤ ਤਕ ਦੀ ਕਹਾਣੀ ਸੀ। 1914 ਵਿਚ 90 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਦੇਖਿਆ। ਜ਼ਰਾ ਇਸ ਬਾਰੇ ਸੋਚੋ। ਇਹ ਗਿਣਤੀ ਅੱਜ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਨਾਲੋਂ ਜ਼ਿਆਦਾ ਸੀ। ਹੋਰ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ 1916 ਵਿਚ ਅਮਰੀਕਾ ਵਿਚ 8 ਲੱਖ 9 ਹਜ਼ਾਰ ਤੋਂ ਜ਼ਿਆਦਾ ਲੋਕ ਸਭਾਵਾਂ ਵਿਚ ਆਏ ਸਨ। 1918 ਵਿਚ ਇਹ ਗਿਣਤੀ ਵਧ ਕੇ ਲਗਭਗ 9 ਲੱਖ 50 ਹਜ਼ਾਰ ਹੋ ਗਈ ਸੀ। ਇਹ ਬਾਈਬਲ ਸਟੂਡੈਂਟਸ ਕਿੰਨੇ ਹੀ ਜੋਸ਼ੀਲੇ ਸਨ!

8. ਪਹਿਲੇ ਵਿਸ਼ਵ ਯੁੱਧ ਦੌਰਾਨ ਅਗਵਾਈ ਕਰਨ ਵਾਲੇ ਭਰਾਵਾਂ ਨੇ ਬਾਈਬਲ ਸਟੂਡੈਂਟਸ ਦਾ ਹੌਸਲਾ ਕਿਵੇਂ ਵਧਾਇਆ?

8 ਪਹਿਲੇ ਵਿਸ਼ਵ ਯੁੱਧ ਦੌਰਾਨ ਅਗਵਾਈ ਕਰਨ ਵਾਲੇ ਭਰਾਵਾਂ ਨੇ ਬਾਈਬਲ ਸਟੂਡੈਂਟਸ ਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨ ਅਤੇ ਹੌਸਲਾ ਦੇਣ ਵਿਚ ਸਖ਼ਤ ਮਿਹਨਤ ਕੀਤੀ। ਇਸ ਪਿਆਰ ਭਰੀ ਮਦਦ ਕਰਕੇ ਉਹ ਲਗਾਤਾਰ ਪ੍ਰਚਾਰ ਕਰਦੇ ਰਹਿ ਸਕੇ। ਉਸ ਸਮੇਂ ਦੌਰਾਨ ਰਿਚਰਡ ਐੱਚ. ਬਾਰਬਰ ਜੋਸ਼ੀਲਾ ਪ੍ਰਚਾਰਕ ਸੀ। ਉਸ ਨੇ ਕਿਹਾ: “ਸਾਡੀਆਂ ਕੋਸ਼ਿਸ਼ਾਂ ਕਰਕੇ ਕੁਝ ਸਫ਼ਰੀ ਨਿਗਾਹਬਾਨ ਆਪਣਾ ਕੰਮ ਕਰਦੇ ਰਹਿ ਸਕੇ। ਅਸੀਂ ਪਹਿਰਾਬੁਰਜ ਛਾਪਦੇ ਰਹੇ ਅਤੇ ਇਸ ਨੂੰ ਕੈਨੇਡਾ ਭੇਜਦੇ ਰਹੇ ਜਿੱਥੇ ਇਨ੍ਹਾਂ ’ਤੇ ਪਾਬੰਦੀ ਲੱਗੀ ਹੋਈ ਸੀ। ਮੇਰੇ ਲਈ ਇਹ ਵੀ ਬਹੁਤ ਵੱਡਾ ਸਨਮਾਨ ਸੀ ਕਿ ਮੈਂ ਆਪਣੇ ਕੁਝ ਦੋਸਤਾਂ ਨੂੰ ਪ੍ਰਗਟ ਹੋਇਆ ਭੇਦ (ਅੰਗ੍ਰੇਜ਼ੀ) ਛੋਟੀ ਕਿਤਾਬ ਭੇਜ ਸਕਿਆ ਜਿਨ੍ਹਾਂ ਦੀਆਂ ਕਿਤਾਬਾਂ ਜ਼ਬਤ ਕਰ ਲਈਆਂ ਗਈਆਂ ਸਨ। ਭਰਾ ਰਦਰਫ਼ਰਡ ਨੇ ਸਾਨੂੰ ਕਿਹਾ ਕਿ ਅਸੀਂ ਪੱਛਮੀ ਅਮਰੀਕਾ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਵੱਡੇ ਸੰਮੇਲਨਾਂ ਦੇ ਪ੍ਰਬੰਧ ਕਰੀਏ ਅਤੇ ਭਾਸ਼ਣਕਾਰ ਘੱਲੀਏ ਤਾਂਕਿ ਉਹ ਵੱਧ ਤੋਂ ਵੱਧ ਭੈਣ-ਭਰਾਵਾਂ ਨੂੰ ਹੌਸਲਾ ਦੇ ਸਕਣ।”

ਸੁਧਾਰ ਦੀ ਲੋੜ

9. (ੳ) ਪਰਮੇਸ਼ੁਰ ਦੇ ਲੋਕਾਂ ਵਿਚ 1914 ਤੋਂ ਲੈ ਕੇ 1919 ਤਕ ਸੁਧਾਰ ਕਰਨ ਦੀ ਕਿਉਂ ਲੋੜ ਸੀ? (ਅ) ਭਾਵੇਂ ਕਿ ਉਨ੍ਹਾਂ ਵਿਚ ਸੁਧਾਰ ਕਰਨ ਦੀ ਲੋੜ ਸੀ, ਪਰ ਕੀ ਸੋਚਣਾ ਗ਼ਲਤ ਹੈ?

9 ਸਾਲ 1914 ਤੋਂ ਲੈ ਕੇ 1919 ਤਕ ਬਾਈਬਲ ਸਟੂਡੈਂਟਸ ਨੇ ਸਾਰੇ ਕੰਮ ਬਾਈਬਲ ਦੇ ਅਸੂਲਾਂ ਮੁਤਾਬਕ ਨਹੀਂ ਕੀਤੇ ਸਨ। ਭਾਵੇਂ ਉਹ ਸਾਰੇ ਕੰਮ ਦਿਲੋਂ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸੀ ਕਿ ਉਨ੍ਹਾਂ ਨੂੰ ਕਿਸ ਹੱਦ ਤਕ ਸਰਕਾਰਾਂ ਦੇ ਅਧੀਨ ਰਹਿਣਾ ਚਾਹੀਦਾ ਸੀ। (ਰੋਮੀ. 13:1) ਇਸੇ ਕਰਕੇ ਉਹ ਇਕ ਸਮੂਹ ਵਜੋਂ ਹਮੇਸ਼ਾ ਯੁੱਧ ਦੌਰਾਨ ਨਿਰਪੱਖ ਨਹੀਂ ਰਹੇ। ਮਿਸਾਲ ਲਈ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਜਣੇ 30 ਮਈ 1918 ਨੂੰ ਸ਼ਾਂਤੀ ਲਈ ਪ੍ਰਾਰਥਨਾ ਕਰਨ, ਤਾਂ ਪਹਿਰਾਬੁਰਜ ਵਿਚ ਬਾਈਬਲ ਸਟੂਡੈਂਟਸ ਨੂੰ ਵੀ ਪ੍ਰਾਰਥਨਾ ਕਰਨ ਲਈ ਕਿਹਾ ਗਿਆ। ਕੁਝ ਭੈਣਾਂ-ਭਰਾਵਾਂ ਨੇ ਯੁੱਧ ਲਈ ਦਾਨ ਦਿੱਤਾ, ਕੁਝ ਫ਼ੌਜ ਵਿਚ ਭਰਤੀ ਹੋਏ ਅਤੇ ਕੁਝ ਯੁੱਧ ਵਿਚ ਗਏ। ਭਾਵੇਂ ਕਿ ਉਨ੍ਹਾਂ ਵਿਚ ਸੁਧਾਰ ਕਰਨ ਦੀ ਲੋੜ ਸੀ, ਫਿਰ ਵੀ ਇਹ ਸੋਚਣਾ ਗ਼ਲਤ ਹੈ ਕਿ ਉਹ ਇਸੇ ਕਾਰਨ ਕਰਕੇ ਮਹਾਂ ਬਾਬਲ ਦੇ ਗ਼ੁਲਾਮ ਬਣੇ ਸਨ। ਸੱਚ ਤਾਂ ਇਹ ਹੈ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਕਾਫ਼ੀ ਹੱਦ ਤਕ ਆਪਣੇ ਆਪ ਨੂੰ ਝੂਠੇ ਧਰਮਾਂ ਦੇ ਸਾਮਰਾਜ ਤੋਂ ਅਲੱਗ ਕਰ ਲਿਆ ਸੀ।​—ਲੂਕਾ 12:47, 48 ਪੜ੍ਹੋ।

10. ਬਾਈਬਲ ਸਟੂਡੈਂਟਸ ਨੇ ਜ਼ਿੰਦਗੀ ਪ੍ਰਤੀ ਕਦਰ ਕਿਵੇਂ ਦਿਖਾਈ?

10 ਇਹ ਸੱਚ ਹੈ ਕਿ ਬਾਈਬਲ ਸਟੂਡੈਂਟਸ ਨਿਰਪੱਖ ਰਹਿਣ ਦਾ ਮਤਲਬ ਪੂਰੀ ਤਰ੍ਹਾਂ ਨਹੀਂ ਸਮਝ ਸਕੇ ਸਨ। ਪਰ ਉਹ ਇਹ ਗੱਲ ਜ਼ਰੂਰ ਜਾਣਦੇ ਸਨ ਕਿ ਕਿਸੇ ਦਾ ਖ਼ੂਨ ਕਰਨਾ ਗ਼ਲਤ ਹੈ। ਸੋ ਭਾਵੇਂ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਕੁਝ ਭਰਾ ਲੜਾਈ ਵਿਚ ਗਏ, ਪਰ ਉਨ੍ਹਾਂ ਨੇ ਕਤਲ ਕਰਨ ਤੋਂ ਇਨਕਾਰ ਕੀਤਾ। ਜਿਹੜੇ ਵੀ ਕਿਸੇ ਨੂੰ ਮਾਰਨ ਤੋਂ ਇਨਕਾਰ ਕਰਦੇ ਸਨ, ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਯੁੱਧ ਦੇ ਅੱਗੇ ਭੇਜ ਦਿੱਤਾ ਜਾਂਦਾ ਸੀ ਤਾਂਕਿ ਉਹ ਆਪੇ ਮਾਰੇ ਜਾਣ।

11. ਬਾਈਬਲ ਸਟੂਡੈਂਟਸ ਦੇ ਯੁੱਧਾਂ ਵਿਚ ਹਿੱਸਾ ਨਾ ਲੈਣ ਕਰਕੇ ਸਰਕਾਰਾਂ ਨੇ ਕਿਹੜੀ ਸਾਜ਼ਸ਼ ਘੜੀ?

11 ਭੈਣਾਂ-ਭਰਾਵਾਂ ਦੀ ਵਫ਼ਾਦਾਰੀ ਕਰਕੇ ਸ਼ੈਤਾਨ ਗੁੱਸੇ ਵਿਚ ਸੀ। ਇਸ ਕਰਕੇ ਉਸ ਨੇ ‘ਬਿਧੀ ਦੀ ਓਟ ਵਿੱਚ ਸ਼ਰਾਰਤ ਘੜੀ।’ (ਜ਼ਬੂ. 94:20) ਅਮਰੀਕੀ ਫ਼ੌਜ ਦੇ ਜਨਰਲ ਜੇਮਜ਼ ਫਰੈਂਕਲਿਨ ਬੈੱਲ ਨੇ ਭਰਾ ਰਦਰਫ਼ਰਡ ਅਤੇ ਭਰਾ ਵੈਨ ਐਮਬਰਗ ਨੂੰ ਕਿਹਾ ਕਿ ਨਿਆਂ ਵਿਭਾਗ ਨੇ ਸਰਕਾਰ ਨੂੰ ਇਕ ਨਵਾਂ ਕਾਨੂੰਨ ਬਣਾਉਣ ਲਈ ਕਿਹਾ ਸੀ। ਉਸ ਕਾਨੂੰਨ ਅਨੁਸਾਰ ਉਨ੍ਹਾਂ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਸੀ ਜੋ ਯੁੱਧ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਦੇ ਸਨ। ਉਸ ਦਾ ਮਤਲਬ ਸੀ ਕਿ ਇਹ ਕਾਨੂੰਨ ਖ਼ਾਸ ਕਰਕੇ ਬਾਈਬਲ ਸਟੂਡੈਂਟਸ ਲਈ ਬਣਾਇਆ ਜਾਣਾ ਸੀ। ਜਨਰਲ ਬੈੱਲ ਬਹੁਤ ਗੁੱਸੇ ਵਿਚ ਸੀ ਅਤੇ ਉਸ ਨੇ ਭਰਾ ਰਦਰਫ਼ਰਡ ਨੂੰ ਕਿਹਾ: “ਇਹ ਕਾਨੂੰਨ ਰਾਸ਼ਟਰਪਤੀ ਵਿਲਸਨ ਕਰਕੇ ਪਾਸ ਹੋਣ ਤੋਂ ਰਹਿ ਗਿਆ। ਪਰ ਇਹ ਨਾ ਸੋਚੋ ਕਿ ਤੁਸੀਂ ਬਚ ਗਏ। ਦੇਖਿਓ ਅਸੀਂ ਤੁਹਾਡਾ ਕੀ ਹਾਲ ਕਰਦੇ।”

12, 13. (ੳ) ਅੱਠ ਜ਼ਿੰਮੇਵਾਰ ਭਰਾਵਾਂ ਨੂੰ ਲੰਬੇ ਸਮੇਂ ਦੀ ਜੇਲ੍ਹ ਕਿਉਂ ਹੋਈ? (ਅ) ਕੀ ਜੇਲ੍ਹ ਦੀਆਂ ਸਲਾਖਾਂ ਨੇ ਇਨ੍ਹਾਂ ਭਰਾਵਾਂ ਦਾ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦਾ ਇਰਾਦਾ ਕਮਜ਼ੋਰ ਕਰ ਦਿੱਤਾ ਸੀ? ਸਮਝਾਓ।

12 ਆਖ਼ਰ ਸਰਕਾਰ ਨੇ ਬਾਈਬਲ ਸਟੂਡੈਂਟਸ ਨੂੰ ਸਜ਼ਾ ਦੇਣ ਦਾ ਰਾਹ ਲੱਭ ਹੀ ਲਿਆ। ਭਰਾ ਰਦਰਫ਼ਰਡ ਅਤੇ ਭਰਾ ਵੈਨ ਐਮਬਰਗ ਦੇ ਨਾਲ ਹੋਰ ਛੇ ਭਰਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜੋ ਵਾਚ ਟਾਵਰ ਸੋਸਾਇਟੀ ਦੇ ਨੁਮਾਇੰਦੇ ਸਨ। ਇਸ ਕੇਸ ਦੀ ਸੁਣਵਾਈ ਕਰਨ ਵਾਲੇ ਜੱਜ ਨੇ ਕਿਹਾ ਕਿ ਇਹ ਭਰਾ ਜਰਮਨ ਦੇ ਫ਼ੌਜੀਆਂ ਤੋਂ ਵੀ ਜ਼ਿਆਦਾ ਖ਼ਤਰਨਾਕ ਸਨ। ਉਸ ਨੇ ਕਿਹਾ ਕਿ ਇਹ ਸਰਕਾਰ, ਫ਼ੌਜ ਅਤੇ ਸਾਰੇ ਚਰਚਾਂ ਦੇ ਖ਼ਿਲਾਫ਼ ਹੋ ਗਏ ਸਨ। ਇਸ ਕਰਕੇ ਇਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ। (ਏ. ਐੱਚ. ਮੈਕਮਿਲਨ ਦੁਆਰਾ ਲਿਖੀ ਕਿਤਾਬ ਫੇਥ ਆਨ ਦ ਮਾਰਚ ਦਾ ਸਫ਼ਾ 99) ਇਸ ਲਈ ਇਨ੍ਹਾਂ ਅੱਠਾਂ ਬਾਈਬਲ ਸਟੂਡੈਂਟਸ ਨੂੰ ਲੰਬੇ ਸਮੇਂ ਲਈ ਐਟਲਾਂਟਾ, ਜਾਰਜੀਆ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਪਰ ਜਦੋਂ ਯੁੱਧ ਖ਼ਤਮ ਹੋ ਗਿਆ, ਤਾਂ ਰਿਹਾ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਵੀ ਬਰੀ ਕਰ ਦਿੱਤਾ ਗਿਆ।

13 ਜੇਲ੍ਹ ਵਿਚ ਵੀ ਇਨ੍ਹਾਂ ਅੱਠਾਂ ਭਰਾਵਾਂ ਨੇ ਯਹੋਵਾਹ ਦੇ ਕਾਨੂੰਨ ਮੰਨਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਅਸੀਂ ਇਹ ਕਿਵੇਂ ਜਾਣਦੇ ਹਾਂ? ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾ ਕੀਤਾ ਜਾਵੇ। ਉਨ੍ਹਾਂ ਨੇ ਚਿੱਠੀ ਵਿਚ ਲਿਖਿਆ ਕਿ ਬਾਈਬਲ ਕਹਿੰਦੀ ਹੈ ਕਿ ਸਾਨੂੰ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ। ਇਸ ਲਈ ਜਿਹੜਾ ਵੀ ਪਰਮੇਸ਼ੁਰ ਦਾ ਸੇਵਕ ਜਾਣ-ਬੁੱਝ ਕੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਦਾ, ਉਹ ਉਸ ਦੀ ਮਿਹਰ ਗੁਆ ਬੈਠੇਗਾ ਅਤੇ ਉਸ ਦਾ ਨਾਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਕਰਕੇ ਉਹ ਨਾ ਤਾਂ ਕਿਸੇ ਨੂੰ ਮਾਰ ਸਕਦੇ ਤੇ ਨਾ ਹੀ ਮਾਰਨਗੇ। ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੇ ਕਿੰਨੀ ਹੀ ਦਲੇਰੀ ਦਿਖਾਈ! ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਨ੍ਹਾਂ ਭਰਾਵਾਂ ਦੇ ਮਨ ਵਿਚ ਸਮਝੌਤਾ ਕਰਨ ਦਾ ਕਦੇ ਖ਼ਿਆਲ ਵੀ ਨਹੀਂ ਸੀ ਆਇਆ।

ਅਖ਼ੀਰ ਆਜ਼ਾਦੀ ਮਿਲ ਹੀ ਗਈ

14. ਬਾਈਬਲ ਤੋਂ ਸਮਝਾਓ ਕਿ 1914 ਤੋਂ ਲੈ ਕੇ 1919 ਤਕ ਕੀ ਹੋਇਆ?

14 ਮਲਾਕੀ 3:1-3 ਵਿਚ ਸਮਝਾਇਆ ਗਿਆ ਹੈ ਕਿ 1914 ਤੋਂ ਲੈ ਕੇ 1919 ਦੇ ਸ਼ੁਰੂ ਵਿਚ ਬਾਈਬਲ ਸਟੂਡੈਂਟਸ ਨਾਲ ਕੀ ਹੋਇਆ ਸੀ। (ਪੜ੍ਹੋ।) ਯਹੋਵਾਹ ਅਤੇ “ਨੇਮ ਦਾ ਦੂਤ” ਯਾਨੀ ਯਿਸੂ ਮਸੀਹ “ਲੇਵੀਆਂ” ਯਾਨੀ ਚੁਣੇ ਹੋਏ ਮਸੀਹੀਆਂ ਦੀ ਜਾਂਚ ਕਰਨ ਆਏ ਸਨ। ਇਨ੍ਹਾਂ ਨੂੰ ਸ਼ੁੱਧ ਕੀਤੇ ਜਾਣ ਅਤੇ ਇਨ੍ਹਾਂ ਵਿਚ ਸੁਧਾਰ ਕੀਤੇ ਜਾਣ ਤੋਂ ਬਾਅਦ ਇਹ ਹੁਣ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਸਨ। 1919 ਵਿਚ ਯਿਸੂ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਚੁਣਿਆ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਸੇਵਕਾਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। (ਮੱਤੀ 24:45) ਅਖ਼ੀਰ ਪਰਮੇਸ਼ੁਰ ਦੇ ਲੋਕਾਂ ਨੂੰ ਮਹਾਂ ਬਾਬਲ ਤੋਂ ਆਜ਼ਾਦੀ ਮਿਲ ਹੀ ਗਈ। ਉਸ ਸਮੇਂ ਤੋਂ ਉਹ ਹੋਰ ਜ਼ਿਆਦਾ ਪਰਮੇਸ਼ੁਰ ਦੀ ਇੱਛਾ ਬਾਰੇ ਜਾਣ ਰਹੇ ਹਨ ਅਤੇ ਉਨ੍ਹਾਂ ਦਾ ਪਰਮੇਸ਼ੁਰ ਲਈ ਪਿਆਰ ਹੋਰ ਵੀ ਗੂੜ੍ਹਾ ਹੋਇਆ ਹੈ। ਉਹ ਯਹੋਵਾਹ ਦੀ ਮਿਹਰ ਲਈ ਕਿੰਨੇ ਹੀ ਸ਼ੁਕਰਗੁਜ਼ਾਰ ਹਨ!  [1]

15. ਮਹਾਂ ਬਾਬਲ ਤੋਂ ਆਜ਼ਾਦ ਕਰਾਏ ਜਾਣ ਲਈ ਅਸੀਂ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ?

15 ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਮਹਾਂ ਬਾਬਲ ਤੋਂ ਆਜ਼ਾਦ ਕਰਾਇਆ ਗਿਆ ਹੈ। ਭਾਵੇਂ ਸ਼ੈਤਾਨ ਨੇ ਸੱਚੀ ਭਗਤੀ ਨੂੰ ਖ਼ਤਮ ਕਰਨ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ, ਪਰ ਉਸ ਦੇ ਹੱਥ ਕੁਝ ਨਹੀਂ ਲੱਗਾ। ਪਰ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਨੇ ਸਾਨੂੰ ਕਿਉਂ ਆਜ਼ਾਦ ਕਰਾਇਆ ਹੈ। ਉਸ ਦਾ ਮਕਸਦ ਹੈ ਕਿ ਸਾਰੇ ਲੋਕ ਬਚਾਏ ਜਾਣ। (2 ਕੁਰਿੰ. 6:1) ਅਜੇ ਵੀ ਲੱਖਾਂ ਨੇਕਦਿਲ ਲੋਕ ਝੂਠੇ ਧਰਮਾਂ ਦੀ ਜਕੜ ਵਿਚ ਹਨ ਅਤੇ ਉਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ। ਆਓ ਆਪਾਂ ਆਪਣੇ ਵਫ਼ਾਦਾਰ ਭਰਾਵਾਂ ਦੀ ਰੀਸ ਕਰਦਿਆਂ ਇਨ੍ਹਾਂ ਲੋਕਾਂ ਦੀ ਆਜ਼ਾਦ ਹੋਣ ਵਿਚ ਮਦਦ ਕਰੀਏ।

^ [1] (ਪੈਰਾ 14) ਯਹੂਦੀਆਂ ਦੀ ਬਾਬਲ ਵਿਚ ਗ਼ੁਲਾਮੀ ਅਤੇ ਮਸੀਹੀਆਂ ਦੀ ਮਹਾਂ ਬਾਬਲ ਵਿਚ ਗ਼ੁਲਾਮੀ ਦੀਆਂ ਬਹੁਤ ਸਾਰੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਯਹੂਦੀਆਂ ਦੀ ਗ਼ੁਲਾਮੀ ਇਸ ਗੱਲ ਨੂੰ ਦਰਸਾਉਂਦੀ ਸੀ ਕਿ ਚੁਣੇ ਹੋਏ ਮਸੀਹੀਆਂ ਨਾਲ ਕੀ ਹੋਣਾ ਸੀ। ਇਸ ਲਈ ਸਾਨੂੰ ਯਹੂਦੀਆਂ ਦੀ ਗ਼ੁਲਾਮੀ ਦੀ ਹਰ ਛੋਟੀ-ਛੋਟੀ ਗੱਲ ਦਾ ਸੰਬੰਧ ਮਸੀਹੀਆਂ ਦੀ ਗ਼ੁਲਾਮੀ ਨਾਲ ਨਹੀਂ ਜੋੜਨਾ ਚਾਹੀਦਾ। ਇਨ੍ਹਾਂ ਵਿਚ ਕਈ ਗੱਲਾਂ ਵੱਖਰੀਆਂ ਵੀ ਸਨ। ਮਿਸਾਲ ਲਈ, ਯਹੂਦੀ 70 ਸਾਲ ਗ਼ੁਲਾਮ ਰਹੇ, ਪਰ ਮਸੀਹੀਆਂ ਦੀ ਗ਼ੁਲਾਮੀ ਦਾ ਸਮਾਂ ਇਨ੍ਹਾਂ ਨਾਲੋਂ ਕਿਤੇ ਜ਼ਿਆਦਾ ਸੀ।