Skip to content

Skip to table of contents

ਨਿਮਰ ਬਣਨਾ ਜ਼ਰੂਰੀ ਕਿਉਂ ਹੈ?

ਨਿਮਰ ਬਣਨਾ ਜ਼ਰੂਰੀ ਕਿਉਂ ਹੈ?

“ਦੀਨਾਂ ਦੇ ਨਾਲ ਬੁੱਧ ਹੈ।”ਕਹਾ. 11:2.

ਗੀਤ: 33, 41

1, 2. ਪਰਮੇਸ਼ੁਰ ਨੇ ਸ਼ਾਊਲ ਨੂੰ ਕਿਉਂ ਰੱਦਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਜਦੋਂ ਯਹੋਵਾਹ ਨੇ ਸ਼ਾਊਲ ਨੂੰ ਰਾਜਾ ਬਣਨ ਲਈ ਚੁਣਿਆ, ਤਾਂ ਉਸ ਸਮੇਂ ਉਹ ਦੀਨ ਯਾਨੀ ਨਿਮਰ ਸੀ। (1 ਸਮੂ. 9:1, 2, 21; 10:20-24) ਪਰ ਰਾਜਾ ਬਣਨ ਤੋਂ ਬਾਅਦ ਉਹ ਘਮੰਡ ਨਾਲ ਫੁੱਲ ਗਿਆ। ਇਕ ਮੌਕੇ ’ਤੇ ਹਜ਼ਾਰਾਂ ਹੀ ਫਲਿਸਤੀ ਇਜ਼ਰਾਈਲੀਆਂ ਖ਼ਿਲਾਫ਼ ਲੜਨ ਆਏ। ਸਮੂਏਲ ਨਬੀ ਨੇ ਸ਼ਾਊਲ ਨੂੰ ਕਿਹਾ ਕਿ ਉਹ ਆ ਕੇ ਯਹੋਵਾਹ ਨੂੰ ਬਲ਼ੀ ਚੜ੍ਹਾਵੇਗਾ। ਪਰ ਸਮੂਏਲ ਦੇ ਆਉਣ ਤੋਂ ਪਹਿਲਾਂ ਇਜ਼ਰਾਈਲੀ ਡਰ ਗਏ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਸ਼ਾਊਲ ਨੂੰ ਛੱਡ ਕੇ ਚਲੇ ਗਏ। ਸ਼ਾਊਲ ਬੇਸਬਰਾ ਹੋ ਗਿਆ ਅਤੇ ਉਸ ਨੇ ਸਮੂਏਲ ਦਾ ਇੰਤਜ਼ਾਰ ਕਰਨ ਦੀ ਬਜਾਇ ਖ਼ੁਦ ਬਲ਼ੀ ਚੜ੍ਹਾ ਦਿੱਤੀ। ਉਸ ਕੋਲ ਇੱਦਾਂ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਯਹੋਵਾਹ ਉਸ ਦੀ ਇਸ ਹਰਕਤ ਕਰਕੇ ਉਸ ਨਾਲ ਗੁੱਸੇ ਹੋਇਆ।1 ਸਮੂ. 13:5-9.

2 ਜਦੋਂ ਸਮੂਏਲ ਉੱਥੇ ਪਹੁੰਚਿਆ, ਤਾਂ ਉਸ ਨੇ ਸ਼ਾਊਲ ਨੂੰ ਯਹੋਵਾਹ ਦਾ ਕਾਨੂੰਨ ਨਾ ਮੰਨਣ ਕਰਕੇ ਤਾੜਨਾ ਦਿੱਤੀ। ਪਰ ਸ਼ਾਊਲ ਨੇ ਸੋਚਿਆ ਕਿ ਉਸ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਉਸ ਨੇ ਆਪਣੀ ਗ਼ਲਤੀ ਦੇ ਬਹਾਨੇ ਬਣਾਏ ਅਤੇ ਆਪਣਾ ਦੋਸ਼ ਦੂਜਿਆਂ ਉੱਤੇ ਮੜ੍ਹਿਆ। (1 ਸਮੂ. 13:10-14) ਉਸ ਸਮੇਂ ਤੋਂ ਬਾਅਦ ਸ਼ਾਊਲ ਨੇ ਘਮੰਡ ਵਿਚ ਆ ਕੇ ਹੋਰ ਬਹੁਤ ਸਾਰੇ ਗ਼ਲਤ ਕੰਮ ਕੀਤੇ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਰਾਜੇ ਵਜੋਂ ਰੱਦ ਦਿੱਤਾ। ਇਸ ਤੋਂ ਵੀ ਵੱਧ, ਉਹ ਯਹੋਵਾਹ ਦੀ ਮਿਹਰ ਗੁਆ ਬੈਠਾ। (1 ਸਮੂ. 15:22, 23) ਰਾਜੇ ਵਜੋਂ ਉਸ ਨੇ ਵਧੀਆ ਸ਼ੁਰੂਆਤ ਕੀਤੀ ਸੀ, ਪਰ ਉਸ ਦੀਆਂ ਗ਼ਲਤੀਆਂ ਦਾ ਨਤੀਜਾ ਮਾੜਾ ਨਿਕਲਿਆ।1 ਸਮੂ. 31:1-6.

3. (ੳ) ਬਹੁਤ ਸਾਰੇ ਲੋਕ ਨਿਮਰਤਾ ਬਾਰੇ ਕੀ ਸੋਚਦੇ ਹਨ? (ਅ) ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਦੇਖਾਂਗੇ?

3 ਕਾਮਯਾਬੀ ਦੀ ਦੌੜ ਵਿਚ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਅਲੱਗ ਪਛਾਣ ਬਣਾਉਣ ਦੀ ਲੋੜ ਹੈ। ਇਸ ਕਰਕੇ ਉਹ ਨਿਮਰਤਾ ਨੂੰ ਛਿੱਕੇ ’ਤੇ ਟੰਗ ਦਿੰਦੇ ਹਨ। ਉਹ ਆਪਣੇ ਆਪ ’ਤੇ ਘਮੰਡ ਕਰਦੇ ਹਨ। ਮਿਸਾਲ ਲਈ, ਇਕ ਮਸ਼ਹੂਰ ਐਕਟਰ ਅਤੇ ਨੇਤਾ ਨੇ ਕਿਹਾ: “ਮੈਂ ਨਾ ਤਾਂ ਨਿਮਰ ਬਣਨਾ ਚਾਹੁੰਦੀ ਤੇ ਨਾ ਹੀ ਮੈਨੂੰ ਲੋੜ ਹੈ।” ਪਰ ਮਸੀਹੀਆਂ ਲਈ ਨਿਮਰ ਬਣਨਾ ਕਿਉਂ ਜ਼ਰੂਰੀ ਹੈ? ਨਿਮਰਤਾ ਕੀ ਹੈ ਅਤੇ ਕੀ ਨਹੀਂ? ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਖਾਂਗੇ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਉਦੋਂ ਵੀ ਨਿਮਰ ਕਿਵੇਂ ਬਣੇ ਰਹਿ ਸਕਦੇ ਹਾਂ, ਜਦੋਂ ਇੱਦਾਂ ਕਰਨਾ ਔਖਾ ਹੁੰਦਾ ਹੈ।

ਨਿਮਰ ਬਣਨਾ ਕਿਉਂ ਜ਼ਰੂਰੀ ਹੈ?

4. ਘਮੰਡ ਵਿਚ ਆ ਕੇ ਕਿਹੜੇ ਕੰਮ ਕਰਨੇ ਸ਼ਾਮਲ ਹਨ?

4 ਬਾਈਬਲ ਦੱਸਦੀ ਹੈ ਕਿ ਘਮੰਡੀ ਅਤੇ ਨਿਮਰ ਇਨਸਾਨ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੁੰਦਾ ਹੈ। (ਕਹਾਉਤਾਂ 11:2 ਪੜ੍ਹੋ।) ਦਾਊਦ ਨੇ ਯਹੋਵਾਹ ਅੱਗੇ ਤਰਲੇ ਕੀਤੇ: “ਆਪਣੇ ਦਾਸ ਨੂੰ ਹੰਕਾਰਾਂ ਤੋਂ ਰੋਕ ਰੱਖ।” (ਜ਼ਬੂ. 19:13) ਘਮੰਡ ਵਿਚ ਆ ਕੇ ਕਿਹੜੇ ਕੰਮ ਕਰਨੇ ਸ਼ਾਮਲ ਹਨ? ਘਮੰਡ ਵਿਚ ਜਾਂ ਬੇਸਬਰੇ ਹੋ ਕੇ ਉਹ ਕੰਮ ਕਰਨੇ ਜਿਨ੍ਹਾਂ ਨੂੰ ਕਰਨ ਦਾ ਸਾਡਾ ਕੋਈ ਹੱਕ ਨਹੀਂ ਹੈ। ਪਾਪੀ ਹੋਣ ਕਰਕੇ ਅਸੀਂ ਸਾਰੇ ਜਣੇ ਘਮੰਡ ਵਿਚ ਆ ਕੇ ਕੁਝ-ਨਾ-ਕੁਝ ਗ਼ਲਤ ਕਰ ਦਿੰਦੇ ਹਾਂ। ਪਰ ਜਿੱਦਾਂ ਅਸੀਂ ਸ਼ਾਊਲ ਦੀ ਮਿਸਾਲ ਤੋਂ ਸਿੱਖਿਆ ਕਿ ਜੇ ਇੱਦਾਂ ਕਰਨਾ ਸਾਡੀ ਆਦਤ ਬਣ ਜਾਂਦੀ ਹੈ, ਤਾਂ ਯਹੋਵਾਹ ਸਾਡੇ ਤੋਂ ਖ਼ੁਸ਼ ਨਹੀਂ ਹੋਵੇਗਾ। ਜ਼ਬੂਰ 119:21 ਵਿਚ ਲਿਖਿਆ ਹੈ ਕਿ ਯਹੋਵਾਹ ‘ਹੰਕਾਰੀਆਂ ਨੂੰ ਵਰਜੇਗਾ।’ ਉਹ ਇੱਦਾਂ ਕਿਉਂ ਕਰਦਾ ਹੈ?

5. ਘਮੰਡ ਵਿਚ ਆ ਕੇ ਕੰਮ ਕਰਨੇ ਗ਼ਲਤ ਕਿਉਂ ਹਨ?

5 ਪਹਿਲੀ ਗੱਲ, ਜੇ ਅਸੀਂ ਘਮੰਡ ਵਿਚ ਆ ਕੇ ਕੁਝ ਕਰਦੇ ਹਾਂ, ਤਾਂ ਅਸੀਂ ਆਪਣੇ ਪਰਮੇਸ਼ੁਰ ਤੇ ਰਾਜੇ ਯਹੋਵਾਹ ਪ੍ਰਤੀ ਕੋਈ ਆਦਰ ਨਹੀਂ ਦਿਖਾਉਂਦੇ। ਦੂਜੀ ਗੱਲ, ਜਦੋਂ ਅਸੀਂ ਆਪਣੇ ਅਧਿਕਾਰ ਤੋਂ ਬਾਹਰ ਜਾ ਕੇ ਕੋਈ ਕੰਮ ਕਰਦੇ ਹਾਂ, ਤਾਂ ਦੂਸਰਿਆਂ ਨਾਲ ਸਾਡੇ ਝਗੜੇ ਹੋ ਸਕਦੇ ਹਨ। (ਕਹਾ. 13:10) ਤੀਜੀ ਗੱਲ, ਜਦੋਂ ਦੂਜਿਆਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਘਮੰਡ ਵਿਚ ਆ ਕੇ ਕੋਈ ਕੰਮ ਕੀਤਾ ਹੈ, ਤਾਂ ਅਸੀਂ ਸ਼ਾਇਦ ਸ਼ਰਮਿੰਦਗੀ ਜਾਂ ਬੇਇੱਜ਼ਤੀ ਮਹਿਸੂਸ ਕਰੀਏ। (ਲੂਕਾ 14:8, 9) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਨਿਮਰ ਬਣੀਏ।

ਨਿਮਰ ਬਣਨ ਵਿਚ ਕੀ ਕੁਝ ਸ਼ਾਮਲ ਹੈ?

6, 7. ਨਿਮਰ ਬਣਨ ਵਿਚ ਕੀ ਕੁਝ ਸ਼ਾਮਲ ਹੈ?

6 ਇਕ ਨਿਮਰ ਮਸੀਹੀ ‘ਦੂਸਰਿਆਂ ਨੂੰ ਆਪਣੇ ਨਾਲੋਂ ਚੰਗਾ ਸਮਝਦਾ ਹੈ।’ (ਫ਼ਿਲਿ. 2:3) ਉਹ ਆਪਣੀਆਂ ਹੱਦਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਆਪਣੀਆਂ ਗ਼ਲਤੀਆਂ ਮੰਨ ਲੈਂਦਾ ਹੈ। ਨਾਲੇ ਉਹ ਦੂਜਿਆਂ ਦੇ ਵਿਚਾਰ ਸੁਣਦਾ ਤੇ ਉਨ੍ਹਾਂ ਤੋਂ ਸਿੱਖਦਾ ਹੈ। ਨਿਮਰ ਇਨਸਾਨ ਯਹੋਵਾਹ ਦੇ ਦਿਲ ਨੂੰ ਬਹੁਤ ਖ਼ੁਸ਼ ਕਰਦਾ ਹੈ।

7 ਬਾਈਬਲ ਤੋਂ ਪਤਾ ਲੱਗਦਾ ਹੈ ਕਿ ਨਿਮਰ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਉਹ ਕੀ ਕਰ ਸਕਦਾ ਤੇ ਕੀ ਨਹੀਂ। ਨਾਲੇ ਉਹ ਇਹ ਵੀ ਜਾਣਦਾ ਹੈ ਕਿ ਉਸ ਨੂੰ ਕਿਹੜੇ ਕੰਮ ਕਰਨ ਦਾ ਅਧਿਕਾਰ ਨਹੀਂ ਹੈ। ਇਸ ਕਰਕੇ ਉਹ ਦੂਜਿਆਂ ਦਾ ਆਦਰ ਕਰਦਾ ਹੈ ਅਤੇ ਪਿਆਰ ਨਾਲ ਪੇਸ਼ ਆਉਂਦਾ ਹੈ।

8. ਨਿਮਰ ਬਣੇ ਰਹਿਣ ਲਈ ਸਾਨੂੰ ਕਿਹੜੀਆਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ?

8 ਪਰ ਅਸੀਂ ਸ਼ਾਇਦ ਜਾਣੇ-ਅਣਜਾਣੇ ਵਿਚ ਘਮੰਡ ਕਰਨ ਲੱਗ ਪਈਏ। ਇੱਦਾਂ ਕਿਵੇਂ ਹੋ ਸਕਦਾ ਹੈ? ਮੰਡਲੀ ਵਿਚ ਸਾਡੇ ਕੋਲ ਜਾਂ ਸਾਡੀ ਜਾਣ-ਪਛਾਣ ਵਾਲਿਆਂ ਕੋਲ ਖ਼ਾਸ ਜ਼ਿੰਮੇਵਾਰੀਆਂ ਹੋਣ ਕਰਕੇ ਸ਼ਾਇਦ ਅਸੀਂ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਸਮਝਣ ਲੱਗ ਪਈਏ। (ਰੋਮੀ. 12:16) ਜਾਂ ਸ਼ਾਇਦ ਅਸੀਂ ਕਿਸੇ ਤਰੀਕੇ ਨਾਲ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਲੱਗ ਪਈਏ। (1 ਤਿਮੋ. 2:9, 10) ਇੱਥੋਂ ਤਕ ਕਿ ਸ਼ਾਇਦ ਅਸੀਂ ਦੂਜਿਆਂ ’ਤੇ ਰੋਹਬ ਪਾਉਣ ਲੱਗ ਪਈਏ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ।1 ਕੁਰਿੰ. 4:6.

9. ਕੁਝ ਲੋਕ ਘਮੰਡੀ ਕਿਉਂ ਬਣ ਗਏ? ਬਾਈਬਲ ਦੀ ਕੋਈ ਮਿਸਾਲ ਦੱਸੋ।

9 ਜੇ ਅਸੀਂ ਆਪਣੀਆਂ ਗ਼ਲਤ ਇੱਛਾਵਾਂ ’ਤੇ ਕਾਬੂ ਨਹੀਂ ਪਾਉਂਦੇ, ਤਾਂ ਸ਼ਾਇਦ ਅਸੀਂ ਘਮੰਡ ਵਿਚ ਆ ਕੇ ਗ਼ਲਤ ਕੰਮ ਕਰਨ ਲੱਗ ਪਈਏ। ਬਹੁਤ ਸਾਰੇ ਲੋਕਾਂ ਨੇ ਇੱਦਾਂ ਹੀ ਕੀਤਾ ਕਿਉਂਕਿ ਉਹ ਆਪਣੀ ਵਡਿਆਈ ਕਰਾਉਣੀ ਚਾਹੁੰਦੇ ਸਨ, ਦੂਜਿਆਂ ਤੋਂ ਈਰਖਾ ਕਰਦੇ ਸਨ ਜਾਂ ਆਪਣੇ ਗੁੱਸੇ ’ਤੇ ਕਾਬੂ ਨਹੀਂ ਰੱਖਦੇ ਸਨ। ਬਾਈਬਲ ਵਿਚ ਕੁਝ ਜਣਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨਾਲ ਇੱਦਾਂ ਹੀ ਹੋਇਆ, ਜਿਵੇਂ ਅਬਸ਼ਾਲੋਮ, ਉਜ਼ੀਯਾਹ ਅਤੇ ਨਬੂਕਦਨੱਸਰ। ਯਹੋਵਾਹ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਉਨ੍ਹਾਂ ਨੂੰ ਨਿਮਰ ਬਣਨ ਦੀ ਲੋੜ ਸੀ।2 ਸਮੂ. 15:1-6; 18:9-17; 2 ਇਤ. 26:16-21; ਦਾਨੀ. 5:18-21.

10. ਸਾਨੂੰ ਦੂਜਿਆਂ ਦੇ ਇਰਾਦਿਆਂ ’ਤੇ ਸ਼ੱਕ ਕਿਉਂ ਨਹੀਂ ਕਰਨਾ ਚਾਹੀਦਾ? ਬਾਈਬਲ ਤੋਂ ਇਕ ਮਿਸਾਲ ਦਿਓ।

10 ਕਈ ਹੋਰ ਕਾਰਨਾਂ ਕਰਕੇ ਵੀ ਸ਼ਾਇਦ ਕੁਝ ਲੋਕ ਕਦੀ-ਕਦਾਈਂ ਨਿਮਰਤਾ ਨਾ ਦਿਖਾ ਸਕਣ। ਜ਼ਰਾ ਅਬੀਮਲਕ ਅਤੇ ਪਤਰਸ ਦੀਆਂ ਮਿਸਾਲਾਂ ’ਤੇ ਗੌਰ ਕਰੋ। (ਉਤ. 20:2-7; ਮੱਤੀ 26:31-35) ਕੀ ਉਹ ਆਦਮੀ ਘਮੰਡੀ ਸਨ? ਜਾਂ ਕੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਸਾਰੀ ਗੱਲ ਪਤਾ ਨਹੀਂ ਸੀ ਜਾਂ ਉਨ੍ਹਾਂ ਨੇ ਬਿਨਾਂ ਸੋਚੇ-ਸਮਝੇ ਕੰਮ ਕੀਤਾ ਸੀ? ਅਸੀਂ ਕਿਸੇ ਦਾ ਦਿਲ ਨਹੀਂ ਪੜ੍ਹ ਸਕਦੇ, ਇਸ ਲਈ ਸਾਨੂੰ ਦੂਜਿਆਂ ਦੇ ਇਰਾਦਿਆਂ ’ਤੇ ਸ਼ੱਕ ਨਹੀਂ ਕਰਨਾ ਚਾਹੀਦਾ।ਯਾਕੂਬ 4:12 ਪੜ੍ਹੋ।

ਪਰਮੇਸ਼ੁਰ ਦੇ ਸੰਗਠਨ ਵਿਚ ਤੁਹਾਡੀ ਭੂਮਿਕਾ

11. ਇਕ ਮਸੀਹੀ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

11 ਇਕ ਨਿਮਰ ਇਨਸਾਨ ਪਰਮੇਸ਼ੁਰ ਦੇ ਸੰਗਠਨ ਵਿਚ ਆਪਣੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਯਹੋਵਾਹ ਗੜਬੜੀ ਦਾ ਪਰਮੇਸ਼ੁਰ ਨਹੀਂ ਹੈ। ਇਸ ਲਈ ਉਸ ਨੇ ਮੰਡਲੀ ਵਿਚ ਹਰ ਮੈਂਬਰ ਨੂੰ ਅਲੱਗ-ਅਲੱਗ ਭੂਮਿਕਾ ਦਿੱਤੀ ਹੈ। ਮੰਡਲੀ ਵਿਚ ਸਾਰਿਆਂ ਦੀ ਲੋੜ ਹੈ। ਯਹੋਵਾਹ ਨੇ ਪਿਆਰ ਕਰਕੇ ਸਾਨੂੰ ਅਲੱਗ-ਅਲੱਗ ਵਰਦਾਨ, ਹੁਨਰ ਅਤੇ ਕਾਬਲੀਅਤਾਂ ਦਿੱਤੀਆਂ ਹਨ। ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਇਨ੍ਹਾਂ ਨੂੰ ਉੱਦਾਂ ਵਰਤਾਂਗੇ ਜਿੱਦਾਂ ਯਹੋਵਾਹ ਚਾਹੁੰਦਾ ਹੈ। (ਰੋਮੀ. 12:4-8) ਅਸੀਂ ਜਾਣਦੇ ਹਾਂ ਕਿ ਯਹੋਵਾਹ ਦੀ ਮਰਜ਼ੀ ਹੈ ਕਿ ਅਸੀਂ ਇਨ੍ਹਾਂ ਨੂੰ ਉਸ ਦਾ ਆਦਰ ਕਰਨ ਅਤੇ ਦੂਜਿਆਂ ਦੀ ਮਦਦ ਕਰਨ ਲਈ ਵਰਤੀਏ।1 ਪਤਰਸ 4:10 ਪੜ੍ਹੋ।

ਜ਼ਿੰਮੇਵਾਰੀ ਬਦਲਣ ਤੇ ਅਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (ਪੈਰੇ 12-14 ਦੇਖੋ)

12, 13. ਜੇ ਯਹੋਵਾਹ ਦੀ ਸੇਵਾ ਕਰਦਿਆਂ ਸਾਡੀ ਜ਼ਿੰਦਗੀ ਵਿਚ ਤਬਦੀਲੀਆਂ ਹੋਣ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

12 ਪਰ ਯਹੋਵਾਹ ਦੀ ਸੇਵਾ ਕਰਦਿਆਂ ਸਾਡੀ ਭੂਮਿਕਾ ਬਦਲ ਸਕਦੀ ਹੈ। ਜ਼ਰਾ ਯਿਸੂ ਦੀ ਮਿਸਾਲ ’ਤੇ ਗੌਰ ਕਰੋ। ਪਹਿਲਾਂ ਉਹ ਆਪਣੇ ਪਿਤਾ ਨਾਲ ਇਕੱਲਾ ਹੀ ਸੀ। (ਕਹਾ. 8:22) ਫਿਰ ਉਸ ਨੇ ਦੂਤ, ਬ੍ਰਹਿਮੰਡ ਅਤੇ ਇਨਸਾਨ ਬਣਾਉਣ ਵਿਚ ਯਹੋਵਾਹ ਦੀ ਮਦਦ ਕੀਤੀ। (ਕੁਲੁ. 1:16) ਇਸ ਤੋਂ ਬਾਅਦ ਉਸ ਨੂੰ ਧਰਤੀ ’ਤੇ ਭੇਜਿਆ ਗਿਆ। ਉਸ ਨੇ ਇਕ ਬੱਚੇ ਵਜੋਂ ਜਨਮ ਲਿਆ ਅਤੇ ਫਿਰ ਵੱਡਾ ਹੋਇਆ। (ਫ਼ਿਲਿ. 2:7) ਆਪਣੀ ਮੌਤ ਤੋਂ ਬਾਅਦ ਉਹ ਸਵਰਗ ਚਲਾ ਗਿਆ ਅਤੇ 1914 ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣ ਗਿਆ। (ਇਬ. 2:9) ਨਾਲੇ ਭਵਿੱਖ ਵਿਚ ਉਹ 1,000 ਸਾਲ ਲਈ ਰਾਜੇ ਵਜੋਂ ਰਾਜ ਕਰਨ ਤੋਂ ਬਾਅਦ ਰਾਜ ਯਹੋਵਾਹ ਨੂੰ ਦੇ ਦੇਵੇਗਾ ਤਾਂਕਿ “ਪਰਮੇਸ਼ੁਰ ਹੀ ਸਾਰਿਆਂ ਦਾ ਰਾਜਾ ਹੋਵੇ।”1 ਕੁਰਿੰ. 15:28.

13 ਸ਼ਾਇਦ ਸਾਡੀ ਜ਼ਿੰਦਗੀ ਵਿਚ ਵੀ ਬਹੁਤ ਸਾਰੀਆਂ ਤਬਦੀਲੀਆਂ ਹੋਣ। ਕਈ ਵਾਰ ਸ਼ਾਇਦ ਸਾਡੇ ਫ਼ੈਸਲਿਆਂ ਕਰਕੇ ਸਾਡੀਆਂ ਜ਼ਿੰਮੇਵਾਰੀਆਂ ਬਦਲ ਜਾਣ। ਮਿਸਾਲ ਲਈ, ਸ਼ਾਇਦ ਅਸੀਂ ਕੁਆਰੇ ਸੀ, ਪਰ ਹੁਣ ਸਾਡਾ ਵਿਆਹ ਹੋ ਗਿਆ। ਜਾਂ ਸ਼ਾਇਦ ਸਾਡੇ ਬੱਚੇ ਹੋ ਗਏ। ਜਾਂ ਕਈ ਸਾਲਾਂ ਬਾਅਦ ਸ਼ਾਇਦ ਅਸੀਂ ਆਪਣੀ ਜ਼ਿੰਦਗੀ ਸਾਦੀ ਕੀਤੀ ਤਾਂਕਿ ਅਸੀਂ ਪੂਰੇ ਸਮੇਂ ਲਈ ਯਹੋਵਾਹ ਦੀ ਸੇਵਾ ਕਰ ਸਕੀਏ। ਕਈ ਵਾਰ ਸ਼ਾਇਦ ਸਾਡੇ ਹਾਲਾਤਾਂ ਕਰਕੇ ਸਾਡੀਆਂ ਜ਼ਿੰਮੇਵਾਰੀਆਂ ਬਦਲ ਜਾਣ। ਇਸ ਕਰਕੇ ਸ਼ਾਇਦ ਅਸੀਂ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰ ਸਕੀਏ ਜਾਂ ਘੱਟ। ਪਰ ਚਾਹੇ ਅਸੀਂ ਜਵਾਨ ਹਾਂ ਜਾਂ ਬੁੱਢੇ, ਸਿਹਤਮੰਦ ਹਾਂ ਜਾਂ ਕਮਜ਼ੋਰ, ਯਹੋਵਾਹ ਜਾਣਦਾ ਹੈ ਕਿ ਹਰ ਮਸੀਹੀ ਉਸ ਦੀ ਕਿੰਨੀ ਸੇਵਾ ਕਰ ਸਕਦਾ ਹੈ। ਉਹ ਸਾਡੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਦਾ। ਅਸੀਂ ਉਸ ਲਈ ਜੋ ਵੀ ਕਰਦੇ ਹਾਂ, ਉਹ ਉਸ ਤੋਂ ਬਹੁਤ ਖ਼ੁਸ਼ ਹੁੰਦਾ ਹੈ।ਇਬ. 6:10.

14. ਨਿਮਰ ਰਹਿਣ ਕਰਕੇ ਅਸੀਂ ਕਿਸੇ ਵੀ ਹਾਲਾਤ ਵਿਚ ਖ਼ੁਸ਼ ਅਤੇ ਸੰਤੁਸ਼ਟ ਕਿਵੇਂ ਰਹਿ ਸਕਦੇ ਹਾਂ?

14 ਯਹੋਵਾਹ ਨੇ ਯਿਸੂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਸੀ, ਯਿਸੂ ਉਸ ਨਾਲ ਖ਼ੁਸ਼ ਸੀ। ਅਸੀਂ ਵੀ ਖ਼ੁਸ਼ ਹੋ ਸਕਦੇ ਹਾਂ। (ਕਹਾ. 8:30, 31) ਇਕ ਨਿਮਰ ਇਨਸਾਨ ਮੰਡਲੀ ਵਿਚ ਮਿਲੀਆਂ ਜ਼ਿੰਮੇਵਾਰੀਆਂ ਤੋਂ ਸੰਤੁਸ਼ਟ ਹੁੰਦਾ ਹੈ। ਉਹ ਇਸ ਗੱਲ ’ਤੇ ਧਿਆਨ ਨਹੀਂ ਲਾਉਂਦਾ ਕਿ ਹੋਰ ਮਸੀਹੀ ਕੀ ਕਰ ਰਹੇ ਹਨ। ਇਸ ਦੀ ਬਜਾਇ, ਉਹ ਪਰਮੇਸ਼ੁਰ ਦੇ ਸੰਗਠਨ ਵਿਚ ਆਪਣੀ ਭੂਮਿਕਾ ਤੋਂ ਸੰਤੁਸ਼ਟ ਹੁੰਦਾ ਹੈ। ਉਹ ਜਾਣਦਾ ਹੈ ਕਿ ਇਹ ਭੂਮਿਕਾ ਉਸ ਨੂੰ ਯਹੋਵਾਹ ਵੱਲੋਂ ਮਿਲੀ ਹੈ। ਇਕ ਨਿਮਰ ਇਨਸਾਨ ਦੂਜਿਆਂ ਦੀ ਇੱਜ਼ਤ ਕਰਦਾ ਹੈ ਅਤੇ ਉਨ੍ਹਾਂ ਦੀ ਮਦਦ ਕਰ ਕੇ ਖ਼ੁਸ਼ ਹੁੰਦਾ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਨ੍ਹਾਂ ਨੂੰ ਵੀ ਯਹੋਵਾਹ ਨੇ ਅਲੱਗ-ਅਲੱਗ ਭੂਮਿਕਾਵਾਂ ਦਿੱਤੀਆਂ ਹਨ।ਰੋਮੀ. 12:10.

ਨਿਮਰਤਾ ਕੀ ਨਹੀਂ ਹੈ?

15. ਅਸੀਂ ਗਿਦਾਊਨ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

15 ਗਿਦਾਊਨ ਨੇ ਨਿਮਰਤਾ ਦੀ ਸ਼ਾਨਦਾਰ ਮਿਸਾਲ ਰੱਖੀ। ਜਦੋਂ ਯਹੋਵਾਹ ਨੇ ਉਸ ਨੂੰ ਜ਼ਿੰਮੇਵਾਰੀ ਦਿੱਤੀ ਕਿ ਉਹ ਇਜ਼ਰਾਈਲੀਆਂ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਵੇ, ਤਾਂ ਉਸ ਨੇ ਕਿਹਾ: “ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਉ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ।” (ਨਿਆ. 6:15) ਪਰ ਗਿਦਾਊਨ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਅਤੇ ਉਸ ਵੱਲੋਂ ਮਿਲੀ ਜ਼ਿੰਮੇਵਾਰੀ ਕਬੂਲ ਕੀਤੀ। ਫਿਰ ਗਿਦਾਊਨ ਨੇ ਯਹੋਵਾਹ ਦੀ ਇੱਛਾ ਨੂੰ ਪੂਰੀ ਤਰ੍ਹਾਂ ਸਮਝਣ ਲਈ ਉਸ ਤੋਂ ਜਾਣਕਾਰੀ ਲਈ। ਨਾਲੇ ਉਸ ਨੇ ਸੇਧ ਲਈ ਪ੍ਰਾਰਥਨਾ ਵੀ ਕੀਤੀ। (ਨਿਆ. 6:36-40) ਗਿਦਾਊਨ ਤਾਕਤਵਰ ਅਤੇ ਦਲੇਰ ਹੋਣ ਦੇ ਨਾਲ-ਨਾਲ ਬੁੱਧੀਮਾਨ ਅਤੇ ਸਮਝਦਾਰ ਵੀ ਸੀ। (ਨਿਆ. 6:11, 27) ਬਾਅਦ ਵਿਚ ਜਦੋਂ ਲੋਕ ਉਸ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ, ਤਾਂ ਉਸ ਨੇ ਇਨਕਾਰ ਕਰ ਦਿੱਤਾ। ਯਹੋਵਾਹ ਨੇ ਉਸ ਨੂੰ ਜੋ ਕਰਨ ਲਈ ਕਿਹਾ, ਉਹ ਕਰਨ ਤੋਂ ਬਾਅਦ ਗਿਦਾਊਨ ਆਪਣੇ ਘਰ ਵਾਪਸ ਚਲਾ ਗਿਆ।ਨਿਆ. 8:22, 23, 29.

16, 17. ਨਿਮਰ ਇਨਸਾਨ ਤਰੱਕੀ ਕਿਵੇਂ ਕਰ ਸਕਦਾ ਹੈ?

16 ਜੇ ਮੰਡਲੀ ਵਿਚ ਕੋਈ ਮਸੀਹੀ ਨਵੀਂ ਜ਼ਿੰਮੇਵਾਰੀ ਕਬੂਲ ਕਰਦਾ ਹੈ ਜਾਂ ਹੋਰ ਸੇਵਾ ਕਰਨੀ ਚਾਹੁੰਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਨਿਮਰ ਨਹੀਂ ਹੈ। ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਸਾਰੇ ਤਰੱਕੀ ਕਰੀਏ। (1 ਤਿਮੋ. 4:13-15) ਪਰ ਕੀ ਤਰੱਕੀ ਕਰਨ ਲਈ ਜ਼ਰੂਰੀ ਹੈ ਕਿ ਸਾਨੂੰ ਕੋਈ ਨਵੀਂ ਜ਼ਿੰਮੇਵਾਰੀ ਮਿਲੇ? ਨਹੀਂ। ਯਹੋਵਾਹ ਦੀ ਮਿਹਰ ਨਾਲ ਅਸੀਂ ਸੱਚਾਈ ਵਿਚ ਤਰੱਕੀ ਕਰ ਸਕਦੇ ਹਾਂ, ਚਾਹੇ ਸਾਡੀ ਕੋਈ ਵੀ ਭੂਮਿਕਾ ਕਿਉਂ ਨਾ ਹੋਵੇ। ਅਸੀਂ ਯਹੋਵਾਹ ਵੱਲੋਂ ਮਿਲੀਆਂ ਆਪਣੀਆਂ ਕਾਬਲੀਅਤਾਂ ਵਿਚ ਸੁਧਾਰ ਕਰਨ ਦੇ ਨਾਲ-ਨਾਲ ਪਰਮੇਸ਼ੁਰ ਦੀ ਸੇਵਾ ਵੀ ਹੋਰ ਵਧ-ਚੜ੍ਹ ਕੇ ਕਰਦੇ ਰਹਿ ਸਕਦੇ ਹਾਂ।

17 ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਇਕ ਨਿਮਰ ਇਨਸਾਨ ਇਹ ਪਤਾ ਕਰਦਾ ਹੈ ਕਿ ਇਸ ਨੂੰ ਨਿਭਾਉਣ ਲਈ ਉਸ ਨੂੰ ਕੀ ਕਰਨ ਦੀ ਲੋੜ ਹੈ। ਉਹ ਇਸ ਬਾਰੇ ਪ੍ਰਾਰਥਨਾ ਕਰਦਾ ਹੈ ਅਤੇ ਧਿਆਨ ਨਾਲ ਸੋਚ-ਵਿਚਾਰ ਕਰਦਾ ਹੈ ਕਿ ਉਹ ਇਹ ਜ਼ਿੰਮੇਵਾਰੀ ਨਿਭਾ ਸਕੇਗਾ ਜਾਂ ਨਹੀਂ। ਕੀ ਹੋਰ ਜ਼ਰੂਰੀ ਕੰਮ ਕਰਨ ਲਈ ਉਸ ਕੋਲ ਸਮਾਂ ਅਤੇ ਤਾਕਤ ਬਚੇਗੀ? ਜੇ ਨਹੀਂ, ਤਾਂ ਕੀ ਉਸ ਦੇ ਕੁਝ ਕੰਮ ਕਿਸੇ ਹੋਰ ਨੂੰ ਦਿੱਤੇ ਜਾ ਸਕਦੇ ਹਨ? ਇਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਸ਼ਾਇਦ ਇਕ ਨਿਮਰ ਇਨਸਾਨ ਫ਼ੈਸਲਾ ਕਰੇ ਕਿ ਉਹ ਨਵੀਂ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਜੇ ਅਸੀਂ ਨਿਮਰ ਹਾਂ, ਤਾਂ ਸਾਨੂੰ ਸ਼ਾਇਦ ਨਾ ਕਹਿਣ ਦੀ ਲੋੜ ਪਵੇ।

18. (ੳ) ਕੋਈ ਨਵੀਂ ਜ਼ਿੰਮੇਵਾਰੀ ਮਿਲਣ ਤੇ ਇਕ ਨਿਮਰ ਇਨਸਾਨ ਕੀ ਕਰੇਗਾ? (ਅ) ਰੋਮੀਆਂ 12:3 ਸਾਡੀ ਨਿਮਰ ਬਣਨ ਵਿਚ ਕਿਵੇਂ ਮਦਦ ਕਰਦਾ ਹੈ?

18 ਯਹੋਵਾਹ ਚਾਹੁੰਦਾ ਹੈ ਕਿ ਅਸੀਂ “ਅਧੀਨ ਹੋ ਕੇ” ਉਸ ਦੇ ਨਾਲ ਚੱਲੀਏ। (ਮੀਕਾ. 6:8) ਸੋ ਜਦੋਂ ਸਾਨੂੰ ਕੋਈ ਨਵੀਂ ਜ਼ਿੰਮੇਵਾਰੀ ਮਿਲਦੀ ਹੈ, ਤਾਂ ਗਿਦਾਊਨ ਵਾਂਗ ਸਾਨੂੰ ਵੀ ਪਰਮੇਸ਼ੁਰ ਦੀ ਸੇਧ ਅਤੇ ਮਦਦ ਭਾਲਣੀ ਚਾਹੀਦੀ ਹੈ। ਸਾਨੂੰ ਗਹਿਰਾਈ ਨਾਲ ਸੋਚਣ ਦੀ ਲੋੜ ਹੈ ਕਿ ਯਹੋਵਾਹ ਬਾਈਬਲ ਅਤੇ ਆਪਣੇ ਸੰਗਠਨ ਰਾਹੀਂ ਸਾਨੂੰ ਕੀ ਕਹਿ ਰਿਹਾ ਹੈ। ਆਓ ਆਪਾਂ ਯਾਦ ਰੱਖੀਏ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਜੋ ਵੀ ਕਰਦੇ ਹਾਂ, ਉਹ ਆਪਣੀਆਂ ਕਾਬਲੀਅਤਾਂ ਕਰਕੇ ਨਹੀਂ, ਸਗੋਂ ਯਹੋਵਾਹ ਦੇ ਨਿਮਰਤਾ ਦੇ ਗੁਣ ਅਤੇ ਉਸ ਦੀ ਮਦਦ ਸਦਕਾ ਕਰ ਪਾਉਂਦੇ ਹਾਂ। (ਜ਼ਬੂ. 18:35) ਇਕ ਨਿਮਰ ਇਨਸਾਨ ‘ਆਪਣੇ ਆਪ ਨੂੰ ਲੋੜੋਂ ਵੱਧ ਨਹੀਂ ਸਮਝੇਗਾ।’ਰੋਮੀਆਂ 12:3 ਪੜ੍ਹੋ।

19. ਸਾਨੂੰ ਨਿਮਰ ਕਿਉਂ ਹੋਣਾ ਚਾਹੀਦਾ ਹੈ?

19 ਇਕ ਨਿਮਰ ਇਨਸਾਨ ਨੂੰ ਪਤਾ ਹੈ ਕਿ ਯਹੋਵਾਹ ਹੀ ਮਹਿਮਾ ਦਾ ਹੱਕਦਾਰ ਹੈ ਕਿਉਂਕਿ ਉਹ ਸ੍ਰਿਸ਼ਟੀਕਰਤਾ ਅਤੇ ਅੱਤ ਮਹਾਨ ਹੈ। (ਪ੍ਰਕਾ. 4:11) ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਯਹੋਵਾਹ ਦੀ ਸੇਵਾ ਵਿਚ ਕੋਈ ਵੀ ਜ਼ਿੰਮੇਵਾਰੀ ਨਿਭਾ ਕੇ ਖ਼ੁਸ਼ ਹੋਵਾਂਗੇ। ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਜਜ਼ਬਾਤਾਂ ਅਤੇ ਵਿਚਾਰਾਂ ਦਾ ਆਦਰ ਕਰਾਂਗੇ ਜਿਸ ਕਰਕੇ ਸਾਡੇ ਵਿਚ ਏਕਤਾ ਹੋਵੇਗੀ। ਇਕ ਨਿਮਰ ਇਨਸਾਨ ਕੁਝ ਵੀ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚਦਾ ਹੈ। ਇਸ ਤਰ੍ਹਾਂ ਉਹ ਗੰਭੀਰ ਗ਼ਲਤੀਆਂ ਕਰਨ ਤੋਂ ਬਚਿਆ ਰਹਿੰਦਾ ਹੈ। ਯਹੋਵਾਹ ਨਿਮਰ ਇਨਸਾਨਾਂ ਤੋਂ ਖ਼ੁਸ਼ ਹੁੰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਪਰਮੇਸ਼ੁਰ ਦੇ ਲੋਕਾਂ ਲਈ ਨਿਮਰ ਹੋਣਾ ਬਹੁਤ ਜ਼ਰੂਰੀ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਉਦੋਂ ਵੀ ਕਿਵੇਂ ਨਿਮਰ ਬਣੇ ਰਹਿ ਸਕਦੇ ਹਾਂ, ਜਦੋਂ ਇੱਦਾਂ ਕਰਨਾ ਔਖਾ ਹੁੰਦਾ ਹੈ।