Skip to content

Skip to table of contents

ਯਹੋਵਾਹ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ!

ਯਹੋਵਾਹ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ!

“ਮੈਂ ਬੋਲਿਆ ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ।”ਯਸਾ. 46:11.

ਗੀਤ: 46, 5

1, 2. (ੳ) ਯਹੋਵਾਹ ਨੇ ਸਾਨੂੰ ਕਿਹੜੀ ਜਾਣਕਾਰੀ ਦਿੱਤੀ ਹੈ? (ਅ) ਯਸਾਯਾਹ 46:10, 11 ਅਤੇ 55:11 ਵਿਚ ਕਿਹੜਾ ਵਾਅਦਾ ਕੀਤਾ ਗਿਆ ਹੈ?

“ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤ. 1:1) ਬਾਈਬਲ ਦੇ ਸ਼ੁਰੂ ਵਿਚ ਕਹੇ ਇਹ ਸ਼ਬਦ ਚਾਹੇ ਬਹੁਤ ਸਾਧਾਰਣ ਹਨ, ਪਰ ਇਨ੍ਹਾਂ ਦਾ ਅਰਥ ਬਹੁਤ ਡੂੰਘਾ ਹੈ। ਸ੍ਰਿਸ਼ਟੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਬਾਰੇ ਸਾਨੂੰ ਹਾਲੇ ਤਕ ਬਹੁਤ ਹੀ ਘੱਟ ਜਾਣਕਾਰੀ ਹੈ, ਜਿਵੇਂ ਪੁਲਾੜ, ਰੌਸ਼ਨੀ ਅਤੇ ਗੁਰੂਤਾ ਸ਼ਕਤੀ। (ਉਪ. 3:11) ਪਰ ਯਹੋਵਾਹ ਨੇ ਧਰਤੀ ਅਤੇ ਇਨਸਾਨਾਂ ਲਈ ਰੱਖੇ ਆਪਣੇ ਮਕਸਦ ਬਾਰੇ ਸਾਨੂੰ ਜ਼ਰੂਰੀ ਜਾਣਕਾਰੀ ਦਿੱਤੀ ਹੈ। ਉਸ ਨੇ ਇਨਸਾਨਾਂ ਨੂੰ ਆਪਣੇ ਸਰੂਪ ਉੱਤੇ ਬਣਾਇਆ ਹੈ ਅਤੇ ਉਹ ਚਾਹੁੰਦਾ ਸੀ ਕਿ ਉਹ ਇਸ ਧਰਤੀ ’ਤੇ ਜ਼ਿੰਦਗੀ ਦਾ ਮਜ਼ਾ ਲੈਣ। (ਉਤ. 1:26) ਇਨਸਾਨਾਂ ਨੇ ਯਹੋਵਾਹ ਦੇ ਬੱਚੇ ਹੋਣਾ ਸੀ ਅਤੇ ਉਸ ਨੇ ਉਨ੍ਹਾਂ ਦਾ ਪਿਤਾ ਹੋਣਾ ਸੀ।

2 ਉਤਪਤ ਦੇ ਤੀਸਰੇ ਅਧਿਆਇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਇਸ ਮਕਸਦ ਦੇ ਰਾਹ ਵਿਚ ਰੁਕਾਵਟ ਖੜ੍ਹੀ ਕੀਤੀ ਗਈ। (ਉਤ. 3:1-7) ਪਰ ਇਹੋ ਜਿਹੀ ਕੋਈ ਮੁਸ਼ਕਲ ਨਹੀਂ ਜਿਸ ਨੂੰ ਯਹੋਵਾਹ ਹੱਲ ਨਹੀਂ ਕਰ ਸਕਦਾ। ਕੋਈ ਵੀ ਯਹੋਵਾਹ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਰੋਕ ਨਹੀਂ ਸਕਦਾ। (ਯਸਾ. 46:10, 11; 55:11) ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਅਦਨ ਦੇ ਬਾਗ਼ ਵਿੱਚ ਰੱਖਿਆ ਯਹੋਵਾਹ ਦਾ ਮਕਸਦ ਸਹੀ ਸਮੇਂ ’ਤੇ ਪੂਰਾ ਹੋਵੇਗਾ।

3. (ੳ) ਕਿਹੜੀਆਂ ਅਹਿਮ ਸੱਚਾਈਆਂ ਪਰਮੇਸ਼ੁਰ ਦੇ ਮਕਸਦ ਨੂੰ ਸਮਝਣ ਵਿਚ ਸਾਡੀ ਮਦਦ ਕਰਦੀਆਂ ਹਨ? (ਅ) ਅਸੀਂ ਹੁਣ ਇਨ੍ਹਾਂ ਸੱਚਾਈਆਂ ’ਤੇ ਚਰਚਾ ਕਿਉਂ ਕਰਾਂਗੇ? (ੲ) ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?

3 ਅਸੀਂ ਧਰਤੀ ਅਤੇ ਇਨਸਾਨਾਂ ਲਈ ਰੱਖੇ ਯਹੋਵਾਹ ਦੇ ਮਕਸਦ ਅਤੇ ਇਸ ਵਿਚ ਯਿਸੂ ਦੀ ਖ਼ਾਸ ਭੂਮਿਕਾ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰ ਕੇ ਅਸੀਂ ਬਾਈਬਲ ਦੀਆਂ ਇਹ ਅਹਿਮ ਸੱਚਾਈਆਂ ਸਿੱਖਣੀਆਂ ਸ਼ੁਰੂ ਕੀਤੀਆਂ। ਅਸੀਂ ਹੁਣ ਇਹ ਅਹਿਮ ਸੱਚਾਈਆਂ ਜਾਣਨ ਵਿਚ ਦੂਸਰਿਆਂ ਦੀ ਮਦਦ ਕਰਦੇ ਹਾਂ। ਇਨ੍ਹਾਂ ਮਹੀਨਿਆਂ ਦੌਰਾਨ ਸਾਡੇ ਕੋਲ ਇੱਦਾਂ ਕਰਨ ਦਾ ਖ਼ਾਸ ਮੌਕਾ ਹੈ। ਕਿਵੇਂ? ਅਸੀਂ ਲੋਕਾਂ ਨੂੰ ਯਿਸੂ ਦੀ ਮੌਤ ਦੀ ਯਾਦਗਾਰ ’ਤੇ ਆਉਣ ਦਾ ਸੱਦਾ ਦਿੰਦੇ ਹਾਂ। (ਲੂਕਾ 22:19, 20) ਜੇਕਰ ਉਹ ਇਸ ਅਹਿਮ ਮੌਕੇ ’ਤੇ ਆਉਣਗੇ, ਤਾਂ ਉਹ ਪਰਮੇਸ਼ੁਰ ਦੇ ਮਹਾਨ ਮਕਸਦ ਬਾਰੇ ਜਾਣ ਸਕਣਗੇ। ਹੁਣ ਹੀ ਸਾਡੇ ਕੋਲ ਸਮਾਂ ਹੈ ਕਿ ਅਸੀਂ ਉਨ੍ਹਾਂ ਅਹਿਮ ਸਵਾਲਾਂ ਬਾਰੇ ਸੋਚ-ਵਿਚਾਰ ਕਰੀਏ ਜਿਨ੍ਹਾਂ ਰਾਹੀਂ ਅਸੀਂ ਲੋਕਾਂ ਨੂੰ ਯਿਸੂ ਦੀ ਯਾਦਗਾਰ ’ਤੇ ਆਉਣ ਲਈ ਉਤਸ਼ਾਹਿਤ ਕਰ ਸਕਦੇ ਹਾਂ। ਇਸ ਲੇਖ ਵਿਚ ਅਸੀਂ ਤਿੰਨ ਸਵਾਲਾਂ ’ਤੇ ਗੌਰ ਕਰਾਂਗੇ: ਧਰਤੀ ਅਤੇ ਇਨਸਾਨਾਂ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ? ਉਹ ਮਕਸਦ ਪੂਰਾ ਕਿਉਂ ਨਹੀਂ ਹੋਇਆ? ਯਿਸੂ ਦੀ ਕੁਰਬਾਨੀ ਕਰਕੇ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਦਾ ਰਾਹ ਕਿਵੇਂ ਖੁੱਲ੍ਹਿਆ?

ਸ੍ਰਿਸ਼ਟੀਕਰਤਾ ਦਾ ਮਕਸਦ ਕੀ ਸੀ?

4. ਸ੍ਰਿਸ਼ਟੀ “ਪਰਮੇਸ਼ੁਰ ਦੀ ਮਹਿਮਾ ਦਾ ਵਰਨਣ” ਕਿਵੇਂ ਕਰਦੀ ਹੈ?

4 ਯਹੋਵਾਹ ਕਮਾਲ ਦਾ ਸ੍ਰਿਸ਼ਟੀਕਰਤਾ ਹੈ। ਉਸ ਨੇ ਜੋ ਵੀ ਸ੍ਰਿਸ਼ਟ ਕੀਤਾ, ਉਹ ਸਭ ਉੱਤਮ ਦਰਜੇ ਦਾ ਹੈ। (ਉਤ. 1:31; ਯਿਰ. 10:12) ਅਸੀਂ ਸ੍ਰਿਸ਼ਟੀ ਦੀ ਸੁੰਦਰਤਾ ਅਤੇ ਇਸ ਦੇ ਤਾਲ-ਮੇਲ ਤੋਂ ਕੀ ਸਿੱਖਦੇ ਹਾਂ? ਅਸੀਂ ਸਿੱਖਿਆ ਹੈ ਕਿ ਯਹੋਵਾਹ ਵੱਲੋਂ ਬਣਾਈ ਹਰ ਛੋਟੀ ਤੋਂ ਲੈ ਕੇ ਵੱਡੀ ਚੀਜ਼ ਸਾਡੇ ਫ਼ਾਇਦੇ ਲਈ ਹੈ। ਜਦੋਂ ਅਸੀਂ ਇਨਸਾਨੀ ਸਰੀਰ ਦੇ ਗੁੰਝਲਦਾਰ ਸੈੱਲ, ਨਵ-ਜੰਮੇ ਬੱਚੇ ਜਾਂ ਸੂਰਜ ਢਲ਼ਣ ਦੇ ਬੇਹੱਦ ਖ਼ੂਬਸੂਰਤ ਨਜ਼ਾਰੇ ਨੂੰ ਦੇਖਦੇ ਹਾਂ, ਤਾਂ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ? ਅਸੀਂ ਇਨ੍ਹਾਂ ਚੀਜ਼ਾਂ ਦੀ ਤਾਰੀਫ਼ ਕਰਦੇ ਹਾਂ ਕਿਉਂਕਿ ਯਹੋਵਾਹ ਨੇ ਸਾਨੂੰ ਸੁੰਦਰ ਚੀਜ਼ਾਂ ਨੂੰ ਪਛਾਣਨ ਦੀ ਕਾਬਲੀਅਤ ਨਾਲ ਰਚਿਆ ਹੈ।ਜ਼ਬੂਰਾਂ ਦੀ ਪੋਥੀ 19:1; 104:24 ਪੜ੍ਹੋ।

5. ਯਹੋਵਾਹ ਨੇ ਕਿਵੇਂ ਪੱਕਾ ਕੀਤਾ ਹੈ ਕਿ ਸ੍ਰਿਸ਼ਟੀ ਮਿਲ ਕੇ ਕੰਮ ਕਰੇ?

5 ਯਹੋਵਾਹ ਨੇ ਜੋ ਵੀ ਸ੍ਰਿਸ਼ਟ ਕੀਤਾ ਹੈ, ਉਨ੍ਹਾਂ ਸਭ ਚੀਜ਼ਾਂ ਲਈ ਹੱਦਾਂ ਠਹਿਰਾਈਆਂ ਹਨ। ਉਸ ਨੇ ਕੁਦਰਤ ਅਤੇ ਇਨਸਾਨਾਂ ਲਈ ਨਿਯਮ ਬਣਾਏ ਹਨ ਤਾਂਕਿ ਸ੍ਰਿਸ਼ਟੀ ਦੀ ਹਰ ਚੀਜ਼ ਇਕ-ਦੂਜੇ ਨਾਲ ਮਿਲ ਕੇ ਵਧੀਆ ਤਰੀਕੇ ਨਾਲ ਕੰਮ ਕਰੇ। (ਜ਼ਬੂ. 19:7-9) ਬ੍ਰਹਿਮੰਡ ਵਿਚ ਹਰ ਚੀਜ਼ ਦੀ ਇਕ ਖ਼ਾਸ ਜਗ੍ਹਾ ਹੈ ਤੇ ਹਰ ਚੀਜ਼ ਖ਼ਾਸ ਤਰੀਕੇ ਨਾਲ ਕੰਮ ਕਰਦੀ ਹੈ। ਮਿਸਾਲ ਲਈ, ਗੁਰੂਤਾ ਸ਼ਕਤੀ ਦਾ ਨਿਯਮ ਵਾਤਾਵਰਣ ਦੀਆਂ ਗੈਸਾਂ ਨੂੰ ਧਰਤੀ ਉੱਤੇ ਖਿੱਚ ਕੇ ਰੱਖਦਾ ਹੈ ਤਾਂਕਿ ਉਹ ਪੁਲਾੜ ਵਿਚ ਨਾ ਉੱਡ ਜਾਣ। ਨਾਲੇ ਇਹ ਸਮੁੰਦਰ ਅਤੇ ਇਸ ਦੀਆਂ ਲਹਿਰਾਂ ’ਤੇ ਵੀ ਕਾਬੂ ਰੱਖਦਾ ਹੈ। ਗੁਰੂਤਾ ਸ਼ਕਤੀ ਤੋਂ ਬਿਨਾਂ ਧਰਤੀ ’ਤੇ ਜ਼ਿੰਦਗੀ ਸੰਭਵ ਨਹੀਂ ਹੈ। ਸ੍ਰਿਸ਼ਟੀ ਵਿਚ ਠਹਿਰਾਈਆਂ ਹੱਦਾਂ ਕਰਕੇ ਪੂਰਾ ਬ੍ਰਹਿਮੰਡ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਧਰਤੀ ਅਤੇ ਇਨਸਾਨਾਂ ਲਈ ਕੋਈ ਮਕਸਦ ਰੱਖਿਆ ਹੈ। ਅਸੀਂ ਪ੍ਰਚਾਰ ਵਿਚ ਲੋਕਾਂ ਨੂੰ ਸ੍ਰਿਸ਼ਟੀਕਰਤਾ ਬਾਰੇ ਦੱਸ ਸਕਦੇ ਹਾਂ।ਪ੍ਰਕਾ. 4:11.

6, 7. ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਕਿਹੜੇ ਤੋਹਫ਼ੇ ਦਿੱਤੇ?

6 ਯਹੋਵਾਹ ਦਾ ਮਕਸਦ ਸੀ ਕਿ ਇਨਸਾਨ ਹਮੇਸ਼ਾ ਧਰਤੀ ’ਤੇ ਜੀਉਂਦੇ ਰਹਿਣ। (ਉਤ. 1:28; ਜ਼ਬੂ. 37:29) ਉਸ ਨੇ ਆਦਮ ਤੇ ਹੱਵਾਹ ਨੂੰ ਕਈ ਤੋਹਫ਼ੇ ਦੇ ਕੇ ਦਰਿਆ-ਦਿਲੀ ਦਿਖਾਈ। (ਯਾਕੂਬ 1:17 ਪੜ੍ਹੋ।) ਯਹੋਵਾਹ ਨੇ ਉਨ੍ਹਾਂ ਨੂੰ ਆਜ਼ਾਦ ਮਰਜ਼ੀ, ਸੋਚ-ਵਿਚਾਰ ਕਰਨ ਦੀ ਕਾਬਲੀਅਤ, ਪਿਆਰ ਕਰਨ ਅਤੇ ਦੋਸਤੀ ਦਾ ਆਨੰਦ ਮਾਣਨ ਵਰਗੇ ਤੋਹਫ਼ੇ ਦਿੱਤੇ ਹਨ। ਸ੍ਰਿਸ਼ਟੀਕਰਤਾ ਨੇ ਆਦਮ ਨਾਲ ਗੱਲ ਕੀਤੀ ਅਤੇ ਉਸ ਨੂੰ ਆਗਿਆਕਾਰ ਰਹਿਣ ਬਾਰੇ ਹਿਦਾਇਤਾਂ ਦਿੱਤੀਆਂ। ਆਦਮ ਨੇ ਜਾਨਵਰਾਂ, ਧਰਤੀ ਅਤੇ ਆਪਣੀ ਦੇਖ-ਭਾਲ ਕਰਨੀ ਸਿੱਖੀ। (ਉਤ. 2:15-17, 19, 20) ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਸ੍ਰਿਸ਼ਟੀ ਦਾ ਮਜ਼ਾ ਲੈਣ ਲਈ ਸੁਆਦ ਚੱਖਣ, ਛੋਹਣ, ਦੇਖਣ, ਸੁਣਨ ਅਤੇ ਸੁੰਘਣ ਦੀ ਕਾਬਲੀਅਤ ਦਿੱਤੀ। ਇਸ ਤਰ੍ਹਾਂ ਉਹ ਆਪਣੇ ਸੋਹਣੇ ਘਰ ਵਿਚ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਸਨ। ਆਦਮ ਤੇ ਹੱਵਾਹ ਕੋਲ ਬਹੁਤ ਸਾਰਾ ਕੰਮ ਸੀ। ਉਹ ਹਮੇਸ਼ਾ ਲਈ ਨਵੀਆਂ ਤੋਂ ਨਵੀਆਂ ਚੀਜ਼ਾਂ ਦੀ ਖੋਜ ਕਰ ਸਕਦੇ ਸਨ।

7 ਪਰਮੇਸ਼ੁਰ ਦੇ ਮਕਸਦ ਵਿਚ ਹੋਰ ਕੀ ਸ਼ਾਮਲ ਸੀ? ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਮੁਕੰਮਲ ਬੱਚੇ ਪੈਦਾ ਕਰਨ ਦੀ ਕਾਬਲੀਅਤ ਦਿੱਤੀ। ਉਨ੍ਹਾਂ ਦੇ ਬੱਚਿਆਂ ਨੇ ਤਦ ਤਕ ਬੱਚੇ ਪੈਦਾ ਕਰਨੇ ਸਨ ਜਦ ਤਕ ਪੂਰੀ ਧਰਤੀ ਭਰ ਨਾ ਜਾਂਦੀ। ਯਹੋਵਾਹ ਚਾਹੁੰਦਾ ਸੀ ਕਿ ਮਾਪੇ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਪਿਆਰ ਕਰਨ ਜਿਸ ਤਰ੍ਹਾਂ ਪਰਮੇਸ਼ੁਰ ਆਦਮ ਤੇ ਹੱਵਾਹ ਨੂੰ ਪਿਆਰ ਕਰਦਾ ਸੀ। ਯਹੋਵਾਹ ਨੇ ਇਨਸਾਨਾਂ ਨੂੰ ਧਰਤੀ ਅਤੇ ਇਸ ਵਿਚਲੀਆਂ ਸਾਰੀਆਂ ਸੁੰਦਰ ਤੇ ਕੀਮਤੀ ਚੀਜ਼ਾਂ ਦਿੱਤੀਆਂ। ਇਹ ਉਨ੍ਹਾਂ ਦਾ ਘਰ ਹੋਣਾ ਸੀ ਜੋ ਕਦੇ ਉਨ੍ਹਾਂ ਤੋਂ ਖੋਹਿਆ ਨਹੀਂ ਸੀ ਜਾਣਾ।ਜ਼ਬੂ. 115:16.

ਉਹ ਮਕਸਦ ਪੂਰਾ ਕਿਉਂ ਨਹੀਂ ਹੋਇਆ?

8. ਯਹੋਵਾਹ ਨੇ ਉਤਪਤ 2:16, 17 ਵਿਚ ਦਰਜ ਕਾਨੂੰਨ ਕਿਉਂ ਦਿੱਤਾ ਸੀ?

8 ਯਹੋਵਾਹ ਦਾ ਮਕਸਦ ਉਸ ਵੇਲੇ ਪੂਰਾ ਨਹੀਂ ਸੀ ਹੋਇਆ। ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਇਕ ਛੋਟਾ ਜਿਹਾ ਕਾਨੂੰਨ ਦਿੱਤਾ ਤਾਂਕਿ ਉਹ ਜਾਣ ਸਕਣ ਕਿ ਉਨ੍ਹਾਂ ਕੋਲ ਸਿਰਫ਼ ਕੁਝ ਹੱਦ ਤਕ ਹੀ ਆਜ਼ਾਦੀ ਸੀ। ਪਰਮੇਸ਼ੁਰ ਨੇ ਕਿਹਾ: “ਬਾਗ਼ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤ. 2:16, 17) ਉਨ੍ਹਾਂ ਲਈ ਇਸ ਕਾਨੂੰਨ ਨੂੰ ਸਮਝਣਾ ਅਤੇ ਮੰਨਣਾ ਕੋਈ ਔਖੀ ਗੱਲ ਨਹੀਂ ਸੀ। ਉਨ੍ਹਾਂ ਕੋਲ ਤਾਂ ਖਾਣ-ਪੀਣ ਦਾ ਭੰਡਾਰ ਸੀ।

9, 10. (ੳ) ਸ਼ੈਤਾਨ ਨੇ ਯਹੋਵਾਹ ਉੱਤੇ ਕਿਹੜਾ ਦੋਸ਼ ਲਾਇਆ? (ਅ) ਆਦਮ ਤੇ ਹੱਵਾਹ ਨੇ ਕਿਹੜਾ ਫ਼ੈਸਲਾ ਕੀਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

9 ਸ਼ੈਤਾਨ ਨੇ ਸੱਪ ਰਾਹੀਂ ਹੱਵਾਹ ਨੂੰ ਗੁਮਰਾਹ ਕੀਤਾ ਤਾਂਕਿ ਉਹ ਆਪਣੇ ਪਿਤਾ ਯਹੋਵਾਹ ਦੇ ਖ਼ਿਲਾਫ਼ ਜਾਵੇ। (ਉਤਪਤ 3:1-5 ਪੜ੍ਹੋ; ਪ੍ਰਕਾ. 12:9) ਸ਼ੈਤਾਨ ਨੇ ਇਸ ਗੱਲ ਨੂੰ ਲੈ ਕੇ ਸਵਾਲ ਖੜ੍ਹਾ ਕੀਤਾ ਕਿ ਪਰਮੇਸ਼ੁਰ ਦੇ ਬੱਚੇ ਬਾਗ਼ ਦੇ ਸਾਰੇ ਦਰਖ਼ਤਾਂ ਦੇ ਫਲ ਕਿਉਂ ਨਹੀਂ ਖਾ ਸਕਦੇ। ਉਹ ਇਕ ਤਰੀਕੇ ਨਾਲ ਇਹ ਕਹਿ ਰਿਹਾ ਸੀ: ‘ਕੀ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ?’ ਉਸ ਨੇ ਝੂਠ ਬੋਲਦਿਆਂ ਕਿਹਾ: “ਤੁਸੀਂ ਕਦੀ ਨਹੀਂ ਮਰੋਗੇ।” ਉਸ ਨੇ ਹੱਵਾਹ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਪਰਮੇਸ਼ੁਰ ਦੀ ਗੱਲ ਸੁਣਨ ਦੀ ਕੋਈ ਲੋੜ ਨਹੀਂ। ਸ਼ੈਤਾਨ ਨੇ ਕਿਹਾ: “ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ।” ਸ਼ੈਤਾਨ ਇਕ ਤਰੀਕੇ ਨਾਲ ਇਹ ਕਹਿ ਰਿਹਾ ਸੀ ਕਿ ਯਹੋਵਾਹ ਨਹੀਂ ਚਾਹੁੰਦਾ ਕਿ ਉਹ ਇਹ ਫਲ ਖਾ ਕੇ ਉਸ ਵਾਂਗ ਸਮਝਦਾਰ ਬਣ ਜਾਣ। ਆਖ਼ਰ ਉਸ ਨੇ ਇਹ ਝੂਠਾ ਵਾਅਦਾ ਕੀਤਾ: “ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।”

10 ਆਦਮ ਤੇ ਹੱਵਾਹ ਨੂੰ ਹੁਣ ਇਹ ਫ਼ੈਸਲਾ ਕਰਨਾ ਪੈਣਾ ਸੀ ਕਿ ਉਹ ਪਰਮੇਸ਼ੁਰ ਦੇ ਆਗਿਆਕਾਰ ਰਹਿਣਗੇ ਜਾਂ ਸੱਪ ਦੀ ਗੱਲ ਸੁਣਨਗੇ? ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ। ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣਾ ਪਿਤਾ ਮੰਨਣ ਤੋਂ ਇਨਕਾਰ ਕੀਤਾ ਅਤੇ ਸ਼ੈਤਾਨ ਦੇ ਮਗਰ ਲੱਗ ਗਏ। ਹੁਣ ਉਨ੍ਹਾਂ ਦੇ ਕਿਸੇ ਵੀ ਕੰਮ ’ਤੇ ਯਹੋਵਾਹ ਦੀ ਮਿਹਰ ਨਹੀਂ ਹੋਣੀ ਸੀ।ਉਤ. 3:6-13.

11. ਯਹੋਵਾਹ ਨੇ ਆਦਮ ਤੇ ਹੱਵਾਹ ਦੇ ਪਾਪ ਨੂੰ ਨਜ਼ਰਅੰਦਾਜ਼ ਕਿਉਂ ਨਹੀਂ ਕੀਤਾ?

11 ਪਰਮੇਸ਼ੁਰ ਦਾ ਹੁਕਮ ਤੋੜ ਕੇ ਆਦਮ ਤੇ ਹੱਵਾਹ ਮੁਕੰਮਲ ਨਹੀਂ ਰਹੇ। ਇਸ ਤੋਂ ਇਲਾਵਾ, ਉਹ ਪਰਮੇਸ਼ੁਰ ਦੇ ਦੁਸ਼ਮਣ ਬਣ ਗਏ ਕਿਉਂਕਿ ਯਹੋਵਾਹ ਦੀਆਂ “ਅੱਖਾਂ ਬਦੀ ਦੇ ਵੇਖਣ ਨਾਲੋਂ ਸ਼ੁੱਧ ਹਨ, ਜੋ ਅਨ੍ਹੇਰ ਉੱਤੇ ਨਿਗਾਹ ਨਹੀਂ ਰੱਖ ਸੱਕਦਾ।” (ਹਬ. 1:13) ਜੇਕਰ ਯਹੋਵਾਹ ਆਦਮ ਤੇ ਹੱਵਾਹ ਦੀ ਗ਼ਲਤੀ ਖ਼ਿਲਾਫ਼ ਕਦਮ ਨਾ ਚੁੱਕਦਾ, ਤਾਂ ਸਵਰਗ ਅਤੇ ਧਰਤੀ ਉੱਤੇ ਏਕਤਾ ਤੇ ਸ਼ਾਂਤੀ ਨਹੀਂ ਸੀ ਰਹਿਣੀ। ਇਸ ਤੋਂ ਵੀ ਵਧ ਕੇ, ਦੂਤਾਂ ਅਤੇ ਇਨਸਾਨਾਂ ਦਾ ਪਰਮੇਸ਼ੁਰ ਤੋਂ ਭਰੋਸਾ ਉੱਠ ਜਾਣਾ ਸੀ। ਪਰ ਯਹੋਵਾਹ ਆਪਣੇ ਮਿਆਰਾਂ ਦਾ ਪੱਕਾ ਹੈ, ਉਹ ਇਨ੍ਹਾਂ ਨਾਲ ਕਦੀ ਸਮਝੌਤਾ ਨਹੀਂ ਕਰਦਾ। (ਜ਼ਬੂ. 119:142) ਚਾਹੇ ਆਦਮ ਤੇ ਹੱਵਾਹ ਕੋਲ ਆਜ਼ਾਦ ਮਰਜ਼ੀ ਸੀ, ਪਰ ਉਨ੍ਹਾਂ ਕੋਲ ਪਰਮੇਸ਼ੁਰ ਦੇ ਕਾਨੂੰਨ ਤੋੜਨ ਦਾ ਹੱਕ ਨਹੀਂ ਸੀ। ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਕਰਕੇ ਉਹ ਮਰ ਗਏ ਅਤੇ ਮਿੱਟੀ ਵਿਚ ਮੁੜ ਗਏ ਜਿਸ ਤੋਂ ਉਨ੍ਹਾਂ ਨੂੰ ਬਣਾਇਆ ਗਿਆ ਸੀ।ਉਤ. 3:19.

12. ਆਦਮ ਦੇ ਬੱਚਿਆਂ ਨਾਲ ਕੀ ਹੋਇਆ?

12 ਜਦੋਂ ਆਦਮ ਤੇ ਹੱਵਾਹ ਨੇ ਮਨ੍ਹਾ ਕੀਤਾ ਹੋਇਆ ਫਲ ਖਾਧਾ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਵਿੱਚੋਂ ਬੇਦਖ਼ਲ ਕਰ ਦਿੱਤਾ। ਉਸ ਨੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਅਤੇ ਉਹ ਦੁਬਾਰਾ ਕਦੇ ਵੀ ਇਸ ਵਿਚ ਦਾਖ਼ਲ ਨਹੀਂ ਹੋ ਸਕੇ। (ਉਤ. 3:23, 24) ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਫ਼ੈਸਲਿਆਂ ਦੇ ਨਤੀਜੇ ਭੁਗਤਣ ਦਿੱਤੇ। (ਬਿਵਸਥਾ ਸਾਰ 32:4, 5 ਪੜ੍ਹੋ।) ਪਾਪੀ ਹੋਣ ਕਰਕੇ ਉਹ ਹੁਣ ਪੂਰੀ ਤਰ੍ਹਾਂ ਯਹੋਵਾਹ ਵਰਗੇ ਗੁਣ ਨਹੀਂ ਦਿਖਾ ਸਕਦੇ ਸਨ। ਆਦਮ ਨੇ ਨਾ ਸਿਰਫ਼ ਆਪਣਾ, ਸਗੋਂ ਆਪਣੇ ਬੱਚਿਆਂ ਦਾ ਵੀ ਸੁਨਹਿਰਾ ਭਵਿੱਖ ਹੱਥੋਂ ਗੁਆ ਲਿਆ। ਉਹ ਆਪਣੇ ਬੱਚਿਆਂ ਨੂੰ ਨਾਮੁਕੰਮਲਤਾ, ਪਾਪ ਅਤੇ ਮੌਤ ਦੇ ਸਿਵਾਇ ਹੋਰ ਕੁਝ ਨਹੀਂ ਦੇ ਸਕਦਾ ਸੀ। (ਰੋਮੀ. 5:12) ਉਸ ਨੇ ਆਪਣੇ ਬੱਚਿਆਂ ਦੇ ਹੱਥੋਂ ਹਮੇਸ਼ਾ ਲਈ ਇਸ ਧਰਤੀ ’ਤੇ ਜੀਉਣ ਦਾ ਮੌਕਾ ਖੋਹ ਲਿਆ। ਆਦਮ ਤੇ ਹੱਵਾਹ ਦੇ ਬੱਚੇ ਅਤੇ ਅੱਗੇ ਉਨ੍ਹਾਂ ਦੇ ਬੱਚੇ ਨਾਮੁਕੰਮਲ ਪੈਦਾ ਹੋਣੇ ਸਨ। ਜਦੋਂ ਤੋਂ ਸ਼ੈਤਾਨ ਨੇ ਆਦਮ ਤੇ ਹੱਵਾਹ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਕੀਤਾ ਹੈ, ਉਦੋਂ ਤੋਂ ਉਹ ਸਾਰੇ ਇਨਸਾਨਾਂ ਨੂੰ ਬਹਿਕਾ ਰਿਹਾ ਹੈ।ਯੂਹੰ. 8:44.

ਰਿਹਾਈ ਦੀ ਕੀਮਤ ਕਰਕੇ ਪਰਮੇਸ਼ੁਰ ਨਾਲ ਦੋਸਤੀ ਮੁਮਕਿਨ

13. ਯਹੋਵਾਹ ਇਨਸਾਨਾਂ ਲਈ ਕੀ ਚਾਹੁੰਦਾ ਹੈ?

13 ਯਹੋਵਾਹ ਹਾਲੇ ਵੀ ਇਨਸਾਨਾਂ ਨਾਲ ਪਿਆਰ ਕਰਦਾ ਹੈ। ਚਾਹੇ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ, ਫਿਰ ਵੀ ਯਹੋਵਾਹ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਉਸ ਨਾਲ ਦੋਸਤੀ ਕਰਨ। ਉਹ ਨਹੀਂ ਚਾਹੁੰਦਾ ਕਿ ਕੋਈ ਵੀ ਮਰੇ। (2 ਪਤ. 3:9) ਇਸੇ ਕਰਕੇ ਉਸ ਨੇ ਉਸੇ ਵੇਲੇ ਪ੍ਰਬੰਧ ਕੀਤੇ ਤਾਂਕਿ ਇਨਸਾਨ ਉਸ ਨਾਲ ਫਿਰ ਤੋਂ ਦੋਸਤੀ ਕਰ ਸਕਣ। ਆਪਣੇ ਉੱਚੇ-ਸੁੱਚੇ ਮਿਆਰਾਂ ’ਤੇ ਪੱਕਾ ਰਹਿ ਕੇ ਉਹ ਇਹ ਸਭ ਕੁਝ ਕਿਵੇਂ ਕਰ ਪਾਇਆ? ਆਓ ਆਪਾਂ ਦੇਖੀਏ।

14. (ੳ) ਯੂਹੰਨਾ 3:16 ਮੁਤਾਬਕ ਪਰਮੇਸ਼ੁਰ ਨੇ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਬਚਾਉਣ ਲਈ ਕੀ ਕੀਤਾ? (ਅ) ਅਸੀਂ ਲੋਕਾਂ ਨਾਲ ਕਿਹੜੇ ਸਵਾਲ ’ਤੇ ਚਰਚਾ ਕਰ ਸਕਦੇ ਹਾਂ?

14 ਯੂਹੰਨਾ 3:16 ਪੜ੍ਹੋ। ਜਿਨ੍ਹਾਂ ਨੂੰ ਅਸੀਂ ਮੈਮੋਰੀਅਲ ’ਤੇ ਸੱਦਦੇ ਹਾਂ, ਸ਼ਾਇਦ ਉਨ੍ਹਾਂ ਵਿੱਚੋਂ ਕਈਆਂ ਨੂੰ ਇਸ ਆਇਤ ਬਾਰੇ ਪਤਾ ਹੋਵੇ। ਪਰ ਯਿਸੂ ਦੀ ਕੁਰਬਾਨੀ ਨਾਲ ਹਮੇਸ਼ਾ ਦੀ ਜ਼ਿੰਦਗੀ ਕਿਵੇਂ ਮਿਲ ਸਕਦੀ ਹੈ? ਮੈਮੋਰੀਅਲ ਦੀ ਮੁਹਿੰਮ ਦੌਰਾਨ, ਮੈਮੋਰੀਅਲ ’ਤੇ ਅਤੇ ਬਾਅਦ ਵਿਚ ਜਦੋਂ ਅਸੀਂ ਹਾਜ਼ਰ ਹੋਏ ਲੋਕਾਂ ਨੂੰ ਮਿਲਣ ਜਾਂਦੇ ਹਾਂ, ਤਾਂ ਸਾਡੇ ਕੋਲ ਉਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਦੇਣ ਦਾ ਮੌਕਾ ਹੁੰਦਾ ਹੈ। ਜਿੰਨਾ ਜ਼ਿਆਦਾ ਉਹ ਰਿਹਾਈ ਦੀ ਕੀਮਤ ਬਾਰੇ ਜਾਣਨਗੇ, ਉੱਨਾ ਜ਼ਿਆਦਾ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਯਹੋਵਾਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਉਹ ਕਿੰਨਾ ਬੁੱਧੀਮਾਨ ਹੈ। ਰਿਹਾਈ ਦੀ ਕੀਮਤ ਬਾਰੇ ਅਸੀਂ ਉਨ੍ਹਾਂ ਨੂੰ ਕੀ ਦੱਸ ਸਕਦੇ ਹਾਂ?

15. ਯਿਸੂ, ਆਦਮ ਤੋਂ ਕਿਵੇਂ ਵੱਖਰਾ ਸੀ?

15 ਯਹੋਵਾਹ ਨੇ ਇਕ ਮੁਕੰਮਲ ਇਨਸਾਨ ਦਾ ਇੰਤਜ਼ਾਮ ਕੀਤਾ ਜੋ ਰਿਹਾਈ ਦੀ ਕੀਮਤ ਦੇ ਸਕੇ। ਇਸ ਮੁਕੰਮਲ ਇਨਸਾਨ ਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਦੀ ਜ਼ਰੂਰਤ ਸੀ। ਉਸ ਨੂੰ ਇਨਸਾਨਾਂ ਲਈ ਆਪਣੀ ਜਾਨ ਦੇਣ ਲਈ ਤਿਆਰ ਹੋਣਾ ਚਾਹੀਦਾ ਸੀ। (ਰੋਮੀ. 5:17-19) ਯਹੋਵਾਹ ਨੇ ਯਿਸੂ ਨੂੰ ਸਵਰਗ ਤੋਂ ਧਰਤੀ ’ਤੇ ਭੇਜਿਆ ਜੋ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ। (ਯੂਹੰ. 1:14) ਇਸ ਤਰ੍ਹਾਂ ਯਿਸੂ, ਆਦਮ ਵਾਂਗ ਮੁਕੰਮਲ ਇਨਸਾਨ ਬਣਿਆ। ਪਰ ਆਦਮ ਤੋਂ ਉਲਟ, ਯਿਸੂ ਯਹੋਵਾਹ ਦੇ ਮਿਆਰਾਂ ’ਤੇ ਖਰਾ ਉੱਤਰਿਆ ਜਿਸ ਤਰ੍ਹਾਂ ਉਹ ਮੁਕੰਮਲ ਇਨਸਾਨਾਂ ਤੋਂ ਚਾਹੁੰਦਾ ਸੀ। ਯਿਸੂ ਨੇ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਪਰਮੇਸ਼ੁਰ ਦਾ ਕੋਈ ਕਾਨੂੰਨ ਨਹੀਂ ਤੋੜਿਆ।

16. ਰਿਹਾਈ ਦੀ ਕੀਮਤ ਇਕ ਅਨਮੋਲ ਤੋਹਫ਼ਾ ਕਿਉਂ ਹੈ?

16 ਇਕ ਮੁਕੰਮਲ ਇਨਸਾਨ ਵਜੋਂ ਮਰ ਕੇ ਉਹ ਸਾਰੇ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਬਚਾ ਸਕਦਾ ਸੀ। ਆਦਮ ਨੂੰ ਜਿਸ ਤਰ੍ਹਾਂ ਦਾ ਇਨਸਾਨ ਸਾਬਤ ਹੋਣਾ ਚਾਹੀਦਾ ਸੀ, ਯਿਸੂ ਉਸੇ ਤਰ੍ਹਾਂ ਦਾ ਇਨਸਾਨ ਸਾਬਤ ਹੋਇਆ ਯਾਨੀ ਮੁਕੰਮਲ, ਵਫ਼ਾਦਾਰ ਅਤੇ ਆਗਿਆਕਾਰ। (1 ਤਿਮੋ. 2:6) ਉਸ ਨੇ ਆਪਣੀ ਜਾਨ ਦੇ ਕੇ ਸਾਰੇ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦਿੱਤਾ। (ਮੱਤੀ 20:28) ਯਿਸੂ ਦੀ ਕੁਰਬਾਨੀ ਕਰਕੇ ਪਰਮੇਸ਼ੁਰ ਦਾ ਮਕਸਦ ਪੂਰਾ ਹੋਣ ਦਾ ਰਾਹ ਖੁੱਲ੍ਹਿਆ।2 ਕੁਰਿੰ. 1:19, 20.

ਯਹੋਵਾਹ ਨੇ ਮੁੜ ਆਉਣ ਲਈ ਰਾਹ ਖੋਲ੍ਹਿਆ

17. ਰਿਹਾਈ ਦੀ ਕੀਮਤ ਨਾਲ ਕੀ-ਕੀ ਮੁਮਕਿਨ ਹੋਇਆ?

17 ਯਹੋਵਾਹ ਨੇ ਰਿਹਾਈ ਦੀ ਕੀਮਤ ਦਾ ਇੰਤਜ਼ਾਮ ਕਰਨ ਲਈ ਭਾਰੀ ਕੀਮਤ ਚੁਕਾਈ। (1 ਪਤ. 1:19) ਯਹੋਵਾਹ ਸਾਨੂੰ ਬੇਹੱਦ ਪਿਆਰ ਕਰਦਾ ਹੈ ਜਿਸ ਕਰਕੇ ਉਹ ਸਾਡੇ ਲਈ ਆਪਣਾ ਪੁੱਤਰ ਕੁਰਬਾਨ ਕਰਨ ਲਈ ਤਿਆਰ ਸੀ। (1 ਯੂਹੰ. 4:9, 10) ਕਿਹਾ ਜਾ ਸਕਦਾ ਹੈ ਕਿ ਆਦਮ ਦੀ ਜਗ੍ਹਾ ਯਿਸੂ ਸਾਡਾ ਪਿਤਾ ਬਣਿਆ। (1 ਕੁਰਿੰ. 15:45) ਯਿਸੂ ਨੇ ਸਿਰਫ਼ ਸਾਡੇ ਲਈ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਹੀ ਨਹੀਂ ਖੋਲ੍ਹਿਆ, ਸਗੋਂ ਸਾਨੂੰ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਬਣਨ ਦਾ ਵੀ ਮੌਕਾ ਦਿੱਤਾ। ਰਿਹਾਈ ਦੀ ਕੀਮਤ ਦੇ ਆਧਾਰ ’ਤੇ ਸਾਰੇ ਇਨਸਾਨ ਮੁਕੰਮਲ ਬਣਨਗੇ ਅਤੇ ਯਹੋਵਾਹ ਆਪਣੇ ਮਿਆਰਾਂ ਨਾਲ ਸਮਝੌਤਾ ਕੀਤੇ ਬਿਨਾਂ ਇਨਸਾਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਵੇਗਾ। ਜ਼ਰਾ ਸੋਚੋ ਕਿ ਉਦੋਂ ਕਿੰਨਾ ਵਧੀਆ ਹੋਵੇਗਾ ਜਦੋਂ ਸਾਰੇ ਵਫ਼ਾਦਾਰ ਇਨਸਾਨ ਮੁਕੰਮਲ ਹੋ ਜਾਣਗੇ! ਆਖ਼ਰਕਾਰ ਸਵਰਗ ਅਤੇ ਧਰਤੀ ਵਿਚ ਸਾਰੇ ਲੋਕ ਇੱਕੋ ਹੀ ਪਰਿਵਾਰ ਦਾ ਹਿੱਸਾ ਹੋਣਗੇ। ਅਸੀਂ ਸਾਰੇ ਪਰਮੇਸ਼ੁਰ ਦੇ ਬੱਚੇ ਹੋਵਾਂਗੇ।ਰੋਮੀ. 8:21.

18. ਯਹੋਵਾਹ ‘ਪਰਮੇਸ਼ੁਰ ਸਾਰਿਆਂ ਦਾ ਰਾਜਾ ਕਦੋਂ ਹੋਵੇਗਾ?’

18 ਹਾਲਾਂਕਿ ਸਾਡੇ ਪਹਿਲੇ ਮਾਪਿਆਂ ਨੇ ਯਹੋਵਾਹ ਨੂੰ ਠੁਕਰਾ ਦਿੱਤਾ, ਪਰ ਪਰਮੇਸ਼ੁਰ ਅਜੇ ਵੀ ਲੋਕਾਂ ਨੂੰ ਪਿਆਰ ਕਰਦਾ ਹੈ। ਨਾਲੇ ਉਸ ਨੇ ਰਿਹਾਈ ਦੀ ਕੀਮਤ ਦਾ ਇੰਤਜ਼ਾਮ ਕੀਤਾ। ਭਾਵੇਂ ਕਿ ਅਸੀਂ ਨਾਮੁਕੰਮਲ ਹਾਂ, ਪਰ ਸ਼ੈਤਾਨ ਸਾਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਤੋਂ ਨਹੀਂ ਰੋਕ ਸਕਦਾ। ਰਿਹਾਈ ਦੀ ਕੀਮਤ ਦੇ ਜ਼ਰੀਏ ਯਹੋਵਾਹ ਸਾਡੀ ਮਦਦ ਕਰੇਗਾ ਕਿ ਅਸੀਂ ਉਸ ਦੀਆਂ ਨਜ਼ਰਾਂ ਵਿਚ ਧਰਮੀ ਬਣ ਸਕੀਏ। ਕਲਪਨਾ ਕਰੋ ਕਿ ਉਸ ਵੇਲੇ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਦੋਂ ‘ਹਰ ਕੋਈ ਯਿਸੂ ਨੂੰ ਜਾਣਦਾ ਹੋਵੇਗਾ ਅਤੇ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦੇਵੇਗਾ।’ (ਯੂਹੰ. 6:40) ਸਾਡਾ ਪਿਆਰਾ ਅਤੇ ਬੁੱਧੀਮਾਨ ਪਿਤਾ ਆਪਣਾ ਮਕਸਦ ਪੂਰਾ ਕਰੇਗਾ ਅਤੇ ਸਾਰੇ ਇਨਸਾਨਾਂ ਦੀ ਮੁਕੰਮਲ ਬਣਨ ਵਿਚ ਮਦਦ ਕਰੇਗਾ। ਫਿਰ ਯਹੋਵਾਹ ‘ਪਰਮੇਸ਼ੁਰ ਹੀ ਸਾਰਿਆਂ ਦਾ ਰਾਜਾ ਹੋਵੇਗਾ।’—1 ਕੁਰਿੰ. 15:28.

19. (ੳ) ਰਿਹਾਈ ਦੀ ਕੀਮਤ ਪ੍ਰਤੀ ਸਾਡੀ ਸ਼ੁਕਰਗੁਜ਼ਾਰੀ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰੇਗੀ? (“ ਆਓ ਆਪਾਂ ਉਨ੍ਹਾਂ ਨੂੰ ਲੱਭਦੇ ਰਹੀਏ ਜੋ ਸੰਦੇਸ਼ ਸੁਣਨ ਦੇ ਯੋਗ ਹਨ” ਨਾਂ ਦੀ ਡੱਬੀ ਦੇਖੋ।) (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

19 ਰਿਹਾਈ ਦੀ ਕੀਮਤ ਪ੍ਰਤੀ ਸਾਡੀ ਸ਼ੁਕਰਗੁਜ਼ਾਰੀ ਸਾਨੂੰ ਪ੍ਰੇਰਿਤ ਕਰੇਗੀ ਕਿ ਅਸੀਂ ਸਾਰਿਆਂ ਨੂੰ ਇਸ ਅਨਮੋਲ ਤੋਹਫ਼ੇ ਬਾਰੇ ਦੱਸੀਏ। ਲੋਕਾਂ ਨੂੰ ਜਾਣਨ ਦੀ ਲੋੜ ਹੈ ਕਿ ਰਿਹਾਈ ਦੀ ਕੀਮਤ ਦੇ ਜ਼ਰੀਏ ਯਹੋਵਾਹ ਸਾਰੀ ਮਨੁੱਖਜਾਤੀ ਨੂੰ ਇਸ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਜੀਉਣ ਦਾ ਮੌਕਾ ਦਿੰਦਾ ਹੈ। ਪਰ ਰਿਹਾਈ ਦੀ ਕੀਮਤ ਦੁਆਰਾ ਹੋਰ ਵੀ ਬਹੁਤ ਕੁਝ ਮੁਮਕਿਨ ਹੋਇਆ। ਇਸ ਰਾਹੀਂ ਅਦਨ ਦੇ ਬਾਗ਼ ਵਿਚ ਸ਼ੈਤਾਨ ਦੁਆਰਾ ਖੜ੍ਹੇ ਕੀਤੇ ਗਏ ਮਸਲਿਆਂ ਨੂੰ ਹੱਲ ਕੀਤਾ ਜਾਵੇਗਾ। ਇਸ ਬਾਰੇ ਅਸੀਂ ਅਗਲੇ ਲੇਖ ਵਿਚ ਦੇਖਾਂਗੇ।