Skip to content

Skip to table of contents

ਜੋਰਜ ਰੋਲਸਟਨ ਅਤੇ ਆਰਥਰ ਵਿਲਿਸ ਗੱਡੀ ਵਿਚ ਪਾਣੀ ਪਾਉਣ ਲਈ ਰੁਕੇ ਹੋਏ।—ਉੱਤਰੀ ਇਲਾਕਾ, 1933

ਇਤਿਹਾਸ ਦੇ ਪੰਨਿਆਂ ਤੋਂ

“ਕੋਈ ਵੀ ਰਾਹ ਬਹੁਤਾ ਔਖਾ ਜਾਂ ਲੰਬਾ ਨਹੀਂ”

“ਕੋਈ ਵੀ ਰਾਹ ਬਹੁਤਾ ਔਖਾ ਜਾਂ ਲੰਬਾ ਨਹੀਂ”

26 ਮਾਰਚ 1937 ਵਿਚ ਦੋ ਥੱਕੇ-ਟੁੱਟੇ ਆਦਮੀ ਮਿੱਟੀ ਨਾਲ ਭਰੀ ਆਪਣੀ ਗੱਡੀ ਵਿਚ ਸਿਡਨੀ, ਆਸਟ੍ਰੇਲੀਆ ਪਹੁੰਚੇ। ਸਿਡਨੀ ਸ਼ਹਿਰ ਛੱਡਿਆ ਉਨ੍ਹਾਂ ਨੂੰ ਇਕ ਸਾਲ ਹੋ ਚੁੱਕਾ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੇ 19,300 ਕਿਲੋਮੀਟਰ (12,000 ਮੀਲ) ਤੋਂ ਜ਼ਿਆਦਾ ਦਾ ਸਫ਼ਰ ਤੈਅ ਕੀਤਾ। ਉਹ ਆਸਟ੍ਰੇਲੀਆ ਮਹਾਂਦੀਪ ਦੇ ਕੁਝ ਸਭ ਤੋਂ ਜ਼ਿਆਦਾ ਬੰਜਰ, ਵਿਰਾਨ ਤੇ ਦੂਰ-ਦੁਰਾਡੇ ਇਲਾਕਿਆਂ ਵਿੱਚੋਂ ਦੀ ਲੰਘੇ। ਇਹ ਆਦਮੀ ਨਾ ਤਾਂ ਖੋਜਕਾਰ ਸਨ ਤੇ ਨਾ ਹੀ ਸੈਲਾਨੀ। ਆਰਥਰ ਵਿਲਿਸ ਅਤੇ ਬਿਲ ਨਿਓਲੈਂਡਜ਼ ਦੋ ਜੋਸ਼ੀਲੀ ਪਾਇਨੀਅਰ ਸਨ। ਇਨ੍ਹਾਂ ਵਰਗੇ ਹੋਰ ਬਹੁਤ ਸਾਰੇ ਜੋਸ਼ੀਲੇ ਪਾਇਨੀਅਰ ਆਸਟ੍ਰੇਲੀਆ ਦੇ ਸਭ ਤੋਂ ਦੂਰ-ਦੁਰਾਡੇ ਅਤੇ ਵਿਰਾਨ ਇਲਾਕਿਆਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਸਖ਼ਤ ਮਿਹਨਤ ਕਰਨ ਲਈ ਤਿਆਰ ਸਨ।

ਲਗਭਗ 1930 ਤਕ ਆਸਟ੍ਰੇਲੀਆ ਦੇ ਮੁੱਠੀ ਭਰ ਬਾਈਬਲ ਸਟੂਡੈਂਟਸ * ਨੇ ਜ਼ਿਆਦਾਤਰ ਪ੍ਰਚਾਰ ਸਿਰਫ਼ ਆਸਟ੍ਰੇਲੀਆ ਦੇ ਕੰਢੇ ’ਤੇ ਹੀ ਕੀਤਾ ਸੀ। ਆਸਟ੍ਰੇਲੀਆ ਦੀਆਂ ਬਾਕੀ ਥਾਵਾਂ ਬੰਜਰ ਹਨ ਜਿਸ ਕਰਕੇ ਇੱਥੇ ਬਹੁਤ ਹੀ ਘੱਟ ਲੋਕ ਰਹਿੰਦੇ ਹਨ ਅਤੇ ਉਹ ਵੀ ਖਿੰਡੇ-ਪੁੰਡੇ। ਇਹ ਬੰਜਰ ਇਲਾਕਾ ਇੰਨਾ ਵੱਡਾ ਹੈ ਕਿ ਇਹ ਅਮਰੀਕਾ ਦੇ ਅੱਧੇ ਹਿੱਸੇ ਤੋਂ ਵੀ ਵੱਡਾ ਹੈ। ਪਰ ਭੈਣਾਂ-ਭਰਾਵਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਯਿਸੂ ਦੇ ਚੇਲਿਆਂ ਨੇ ਉਸ ਬਾਰੇ “ਧਰਤੀ ਦੇ ਕੋਨੇ-ਕੋਨੇ ਵਿਚ” ਪ੍ਰਚਾਰ ਕਰਨਾ ਸੀ। ਇਸ ਵਿਚ ਆਸਟ੍ਰੇਲੀਆ ਦੇ ਦੂਰ-ਦੁਰਾਡੇ ਬੰਜਰ ਇਲਾਕੇ ਵੀ ਸ਼ਾਮਲ ਹਨ। (ਰਸੂ. 1:8) ਪਰ ਉਹ ਇੰਨਾ ਵੱਡਾ ਕੰਮ ਕਿੱਦਾਂ ਕਰਦੇ? ਉਹ ਪੂਰੀ ਵਾਹ ਲਾਉਣ ਲਈ ਤਿਆਰ ਸਨ ਕਿਉਂਕਿ ਉਹ ਜਾਣਦੇ ਸਨ ਕਿ ਯਹੋਵਾਹ ਉਨ੍ਹਾਂ ਦੀ ਮਿਹਨਤ ’ਤੇ ਜ਼ਰੂਰ ਬਰਕਤ ਪਾਵੇਗਾ।

ਪਾਇਨੀਅਰਾਂ ਨੇ ਸ਼ੁਰੂਆਤ ਕੀਤੀ

ਇਸ ਵਿਸ਼ਾਲ ਇਲਾਕੇ ਦੇ ਕੋਨੇ-ਕੋਨੇ ਤਕ ਪਹੁੰਚਣ ਲਈ 1929 ਵਿਚ ਕੁਈਨਜ਼ਲੈਂਡ ਅਤੇ ਆਸਟ੍ਰੇਲੀਆ ਦੀਆਂ ਕੁਝ ਪੱਛਮੀ ਮੰਡਲੀਆਂ ਨੇ ਕਾਫ਼ੀ ਸਾਰੀਆਂ ਖ਼ਾਸ ਕਿਸਮ ਦੀਆਂ ਗੱਡੀਆਂ ਬਣਾਈਆਂ। ਇਨ੍ਹਾਂ ਨੂੰ ਹਿੰਮਤੀ ਅਤੇ ਮਿਹਨਤੀ ਪਾਇਨੀਅਰ ਚਲਾਉਂਦੇ ਸਨ ਜੋ ਬੰਜਰ ਇਲਾਕੇ ਦੀਆਂ ਮੁਸ਼ਕਲਾਂ ਪਾਰ ਕਰ ਸਕਣ। ਨਾਲੇ ਗੱਡੀ ਖ਼ਰਾਬ ਹੋਣ ’ਤੇ ਇਸ ਨੂੰ ਠੀਕ ਵੀ ਕਰ ਸਕਣ। ਇਨ੍ਹਾਂ ਪਾਇਨੀਅਰਾਂ ਨੇ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕੀਤਾ ਜਿੱਥੇ ਪਹਿਲਾਂ ਕਦੀ ਪ੍ਰਚਾਰ ਨਹੀਂ ਸੀ ਹੋਇਆ।

ਜਿਨ੍ਹਾਂ ਪਾਇਨੀਅਰਾਂ ਕੋਲ ਆਪਣੀ ਗੱਡੀ ਖ਼ਰੀਦਣ ਲਈ ਪੈਸੇ ਨਹੀਂ ਸਨ, ਉਹ ਸਾਈਕਲਾਂ ’ਤੇ ਜਾਂਦੇ ਸਨ। ਮਿਸਾਲ ਲਈ, 1932 ਵਿਚ 23 ਸਾਲ ਦਾ ਬੈੱਨਟ ਬ੍ਰਿਕੱਲ ਕੁਈਨਜ਼ਲੈਂਡ ਪ੍ਰਾਂਤ ਦੇ ਰਾਕਹੈਂਪਟਨ ਸ਼ਹਿਰ ਤੋਂ ਪ੍ਰਚਾਰ ਕਰਨ ਲਈ ਤੁਰ ਪਿਆ। ਉਹ ਪੰਜ ਮਹੀਨਿਆਂ ਲਈ ਕੁਈਨਜ਼ਲੈਂਡ ਦੇ ਦੂਰ-ਦੁਰਾਡੇ ਉੱਤਰੀ ਇਲਾਕਿਆਂ ਵਿਚ ਪ੍ਰਚਾਰ ਕਰਨ ਗਿਆ। ਉਹ ਕੰਬਲ, ਕੱਪੜੇ, ਖਾਣਾ ਅਤੇ ਬਹੁਤ ਸਾਰੀਆਂ ਕਿਤਾਬਾਂ ਨਾਲ ਲੈ ਗਿਆ ਸੀ ਜਿਸ ਕਰਕੇ ਉਸ ਦੀ ਸਾਈਕਲ ਬਹੁਤ ਭਾਰੀ ਸੀ। ਸਾਈਕਲ ਦੇ ਪਹੀਏ ਘਿਸ ਜਾਣ ਤੇ ਵੀ ਉਹ ਇਸ ਭਰੋਸੇ ਨਾਲ ਤੁਰਿਆ ਰਿਹਾ ਕਿ ਯਹੋਵਾਹ ਉਸ ਦੀ ਮਦਦ ਕਰੇਗਾ। ਉਸ ਨੇ 320 ਕਿਲੋਮੀਟਰ (200 ਮੀਲ) ਦਾ ਆਖ਼ਰੀ ਸਫ਼ਰ ਸਾਈਕਲ ਰੇੜ ਕੇ ਕੀਤਾ। ਉਹ ਉਨ੍ਹਾਂ ਇਲਾਕਿਆਂ ਵਿੱਚੋਂ ਦੀ ਲੰਘਿਆ ਜਿੱਥੇ ਲੋਕ ਪਿਆਸ ਨਾਲ ਮਰ ਗਏ ਸਨ। ਅਗਲੇ 30 ਤੋਂ ਜ਼ਿਆਦਾ ਸਾਲਾਂ ਤਕ ਭਰਾ ਬ੍ਰਿਕੱਲ ਨੇ ਸਾਈਕਲ ’ਤੇ, ਮੋਟਰ ਸਾਈਕਲ ’ਤੇ ਅਤੇ ਗੱਡੀ ਵਿਚ ਆਸਟ੍ਰੇਲੀਆ ਦੇ ਬਹੁਤ ਸਾਰੇ ਇਲਾਕਿਆਂ ਵਿਚ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕੀਤਾ। ਉਹ ਪਹਿਲਾ ਇਨਸਾਨ ਸੀ ਜਿਸ ਨੇ ਆਸਟ੍ਰੇਲੀਆ ਦੇ ਆਦਿਵਾਸੀ ਲੋਕਾਂ ਨੂੰ ਵੀ ਪ੍ਰਚਾਰ ਕੀਤਾ ਅਤੇ ਨਵੀਆਂ ਮੰਡਲੀਆਂ ਸ਼ੁਰੂ ਕੀਤੀਆਂ। ਇਸ ਕੰਮ ਕਰਕੇ ਆਸਟ੍ਰੇਲੀਆ ਦੇ ਬੰਜਰ ਅਤੇ ਦੂਰ-ਦੁਰਾਡੇ ਇਲਾਕਿਆਂ ਦੇ ਬਹੁਤ ਸਾਰੇ ਲੋਕ ਉਸ ਨੂੰ ਜਾਣਦੇ ਸਨ ਅਤੇ ਉਸ ਦੀ ਇੱਜ਼ਤ ਕਰਦੇ ਸਨ।

ਮੁਸ਼ਕਲਾਂ ਪਾਰ ਕਰਨੀਆਂ

ਆਸਟ੍ਰੇਲੀਆ ਦੇ ਖੇਤਰਫਲ ਦੇ ਹਿਸਾਬ ਨਾਲ ਇਸ ਦੀ ਆਬਾਦੀ ਬਹੁਤ ਘੱਟ ਹੈ, ਖ਼ਾਸ ਕਰਕੇ ਉਸ ਦੇ ਬੰਜਰ ਅਤੇ ਦੂਰ-ਦੁਰਾਡੇ ਇਲਾਕਿਆਂ ਵਿਚ ਬਹੁਤ ਘੱਟ ਲੋਕ ਰਹਿੰਦੇ ਹਨ। ਇਨ੍ਹਾਂ ਇਲਾਕਿਆਂ ਵਿਚ ਵੀ ਲੋਕ ਇਕ-ਦੂਜੇ ਤੋਂ ਬਹੁਤ ਦੂਰ-ਦੂਰ ਰਹਿੰਦੇ ਹਨ। ਸੋ ਯਹੋਵਾਹ ਦੇ ਲੋਕਾਂ ਨੇ ਇਸ ਮਹਾਂਦੀਪ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਲੋਕਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਹੈ।

ਸਟੂਅਰਟ ਕੈਲਟੀ ਅਤੇ ਵਿਲਿਅਮ ਟੌਰਿੰਗਟਨ ਇੱਦਾਂ ਦੇ ਹੀ ਮਿਹਨਤੀ ਪਾਇਨੀਅਰ ਸਨ। ਉਨ੍ਹਾਂ ਨੇ 1933 ਵਿਚ ਐਲਿਸ ਸਪ੍ਰਿੰਗਜ਼ ਕਸਬੇ ਵਿਚ ਪ੍ਰਚਾਰ ਕਰਨ ਲਈ ਸਿਮਸਨ ਨਾਂ ਦੇ ਵਿਸ਼ਾਲ ਰੇਗਿਸਤਾਨ ਨੂੰ ਪਾਰ ਕੀਤਾ ਜਿਸ ਵਿਚ ਰੇਤ ਦੇ ਪਹਾੜ ਹਨ। ਇਹ ਕਸਬਾ ਆਸਟ੍ਰੇਲੀਆ ਮਹਾਂਦੀਪ ਦੇ ਬਿਲਕੁਲ ਵਿਚਕਾਰ ਹੈ। ਗੱਡੀ ਖ਼ਰਾਬ ਹੋਣ ਤੇ ਉਨ੍ਹਾਂ ਨੂੰ ਆਪਣੀ ਗੱਡੀ ਉੱਥੇ ਹੀ ਛੱਡਣੀ ਪਈ। ਪਰ ਭਰਾ ਕੈਲਟੀ ਨੇ, ਜਿਸ ਦੀ ਇਕ ਲੱਤ ਲੱਕੜ ਦੀ ਸੀ, ਆਪਣਾ ਪ੍ਰਚਾਰ ਦਾ ਕੰਮ ਜਾਰੀ ਰੱਖਣ ਲਈ ਊਠ ਉੱਤੇ ਸਫ਼ਰ ਕੀਤਾ। ਇਨ੍ਹਾਂ ਪਾਇਨੀਅਰਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ। ਉਨ੍ਹਾਂ ਨੂੰ ਵਿਲਿਅਮ ਕਰੀਕ ਨਾਂ ਦੇ ਦੂਰ-ਦੁਰਾਡੇ ਰੇਲਵੇ ਸਟੇਸ਼ਨ ’ਤੇ ਇਕ ਹੋਟਲ ਮੈਨੇਜਰ ਮਿਲਿਆ। ਚਾਰਲਜ਼ ਬਰਨਹਾਰਟ ਨਾਂ ਦੇ ਹੋਟਲ ਮੈਨੇਜਰ ਨੇ ਬਾਅਦ ਵਿਚ ਸੱਚਾਈ ਕਬੂਲ ਕੀਤੀ। ਉਸ ਨੇ ਆਪਣਾ ਹੋਟਲ ਵੇਚ ਕੇ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਉਸ ਨੇ ਆਸਟ੍ਰੇਲੀਆ ਦੇ ਸਭ ਤੋਂ ਦੂਰ ਅਤੇ ਵਿਰਾਨ ਇਲਾਕਿਆਂ ਵਿਚ 15 ਸਾਲ ਇਕੱਲਿਆਂ ਹੀ ਪਾਇਨੀਅਰਿੰਗ ਕੀਤੀ।

ਆਰਥਰ ਵਿਲਿਸ ਆਸਟ੍ਰੇਲੀਆ ਦੇ ਦੂਰ-ਦੁਰਾਡੇ ਅਤੇ ਬੰਜਰ ਇਲਾਕਿਆਂ ਵਿਚ ਪ੍ਰਚਾਰ ’ਤੇ ਜਾਣ ਲਈ ਤਿਆਰੀ ਕਰਦਾ ਹੋਇਆ।—ਪਰਥ, ਪੱਛਮੀ ਆਸਟ੍ਰੇਲੀਆ, 1936

ਇਸ ਦੇਸ਼ ਦੇ ਸਭ ਤੋਂ ਪਹਿਲੇ ਪਾਇਨੀਅਰਾਂ ਨੂੰ ਮੁਸ਼ਕਲਾਂ ਪਾਰ ਕਰਨ ਲਈ ਹਿੰਮਤ ਅਤੇ ਜਿਗਰੇ ਦੀ ਲੋੜ ਸੀ। ਸ਼ੁਰੂ ਵਿਚ ਜ਼ਿਕਰ ਕੀਤੇ ਆਰਥਰ ਵਿਲਿਸ ਅਤੇ ਬਿਲ ਨਿਓਲੈਂਡਜ਼ ਨੂੰ ਇਕ ਵਾਰ ਆਸਟ੍ਰੇਲੀਆ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਜਾਣ ਲਈ 32 ਕਿਲੋਮੀਟਰ (20 ਮੀਲ) ਦਾ ਸਫ਼ਰ ਕਰਨ ਲਈ ਦੋ ਹਫ਼ਤੇ ਲੱਗ ਗਏ। ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਰੇਗਿਸਤਾਨ ਚਿੱਕੜ ਨਾਲ ਭਰ ਗਿਆ। ਕਦੀ-ਕਦੀ ਉਨ੍ਹਾਂ ਨੂੰ ਆਪਣੀ ਗੱਡੀ ਨੂੰ ਰੇਤ ਦੇ ਬਣੇ ਪਹਾੜਾਂ ਤੋਂ ਲੰਘਾਉਣ ਲਈ ਧੱਕਾ ਮਾਰਨ ਲਈ ਖ਼ੂਨ-ਪਸੀਨਾ ਇਕ ਕਰਨਾ ਪੈਂਦਾ ਸੀ। ਉਨ੍ਹਾਂ ਨੂੰ ਨਦੀਆਂ ਨੂੰ ਪਾਰ ਕਰਨਾ ਅਤੇ ਵਾਦੀਆਂ ਵਿੱਚੋਂ ਦੀ ਲੰਘਣਾ ਪੈਂਦਾ ਸੀ। ਅਕਸਰ ਉਨ੍ਹਾਂ ਦੀ ਗੱਡੀ ਖ਼ਰਾਬ ਹੋ ਜਾਂਦੀ ਸੀ। ਇਸ ਕਰਕੇ ਉਨ੍ਹਾਂ ਨੂੰ ਸਭ ਤੋਂ ਨੇੜਲੇ ਕਸਬੇ ਤਕ ਪਹੁੰਚਣ ਲਈ ਪੈਦਲ ਜਾਂ ਸਾਈਕਲ ’ਤੇ ਸਫ਼ਰ ਕਰਦਿਆਂ ਕਈ-ਕਈ ਦਿਨ ਲੱਗ ਜਾਂਦੇ ਸਨ। ਗੱਡੀ ਦੇ ਨਵੇਂ ਪੁਰਜੇ ਆਉਣ ਤਕ ਉਨ੍ਹਾਂ ਨੂੰ ਉੱਥੇ ਕਈ ਹਫ਼ਤੇ ਇੰਤਜ਼ਾਰ ਕਰਨਾ ਪੈਂਦਾ ਸੀ। ਇਨ੍ਹਾਂ ਔਖੇ ਹਾਲਾਤਾਂ ਦੇ ਬਾਵਜੂਦ ਵੀ ਉਨ੍ਹਾਂ ਨੇ ਸਹੀ ਰਵੱਈਆ ਬਣਾਈ ਰੱਖਿਆ। ਦ ਗੋਲਡਨ ਏਜ ਰਸਾਲੇ ਵਿਚ ਇਕ ਗੱਲ ਯਾਦ ਕਰਦਿਆਂ ਆਰਥਰ ਵਿਲਿਸ ਕਹਿੰਦਾ ਹੈ: “ਗਵਾਹਾਂ ਲਈ ਕੋਈ ਵੀ ਰਾਹ ਬਹੁਤਾ ਔਖਾ ਜਾਂ ਲੰਬਾ ਨਹੀਂ।”

ਬਹੁਤ ਸਾਲ ਪਾਇਨੀਅਰ ਕਰਨ ਵਾਲੇ ਭਰਾ ਚਾਰਲਜ਼ ਹੈਰਿਸ ਨੇ ਕਿਹਾ ਕਿ ਆਸਟ੍ਰੇਲੀਆ ਦੇ ਬੰਜਰ ਅਤੇ ਦੂਰ-ਦੁਰਾਡੇ ਇਲਾਕਿਆਂ ਵਿਚ ਇਕੱਲੇ ਰਹਿਣ ਅਤੇ ਔਖੀਆਂ ਘੜੀਆਂ ਦਾ ਸਾਮ੍ਹਣਾ ਕਰਨ ਕਰਕੇ ਉਸ ਦਾ ਯਹੋਵਾਹ ਨਾਲ ਰਿਸ਼ਤਾ ਹੋਰ ਵੀ ਗੂੜ੍ਹਾ ਹੋਇਆ। ਉਹ ਇਹ ਵੀ ਕਹਿੰਦਾ ਹੈ: “ਸਾਡੇ ਕੋਲ ਜਿੰਨਾ ਘੱਟ ਸਾਮਾਨ ਹੋਵੇਗਾ, ਪਰੇਸ਼ਾਨੀਆਂ ਉੱਨੀਆਂ ਹੀ ਥੋੜ੍ਹੀਆਂ ਹੋਣਗੀਆਂ। ਜੇ ਲੋੜ ਪੈਣ ਤੇ ਯਿਸੂ ਖ਼ੁਸ਼ੀ-ਖ਼ੁਸ਼ੀ ਖੁੱਲ੍ਹੇ ਅੰਬਰ ਥੱਲੇ ਸੌਣ ਲਈ ਤਿਆਰ ਸੀ, ਤਾਂ ਸਾਨੂੰ ਵੀ ਲੋੜ ਪੈਣ ਤੇ ਖ਼ੁਸ਼ੀ-ਖ਼ੁਸ਼ੀ ਇੱਦਾਂ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।” ਬਹੁਤ ਸਾਰੇ ਪਾਇਨੀਅਰਾਂ ਨੇ ਇੱਦਾਂ ਹੀ ਕੀਤਾ। ਉਨ੍ਹਾਂ ਦੇ ਅਣਥੱਕ ਜਤਨਾਂ ਕਰਕੇ ਇਸ ਮਹਾਂਦੀਪ ਦੇ ਕੋਨੇ-ਕੋਨੇ ਤਕ ਸੱਚਾਈ ਪਹੁੰਚੀ ਹੈ ਅਤੇ ਅਣਗਿਣਤ ਲੋਕਾਂ ਨੇ ਪਰਮੇਸ਼ੁਰ ਦੇ ਰਾਜ ਦਾ ਪੱਖ ਲਿਆ ਹੈ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦਾ ਬਹੁਤ ਕਰਦੇ ਹਾਂ।

^ ਪੈਰਾ 4 1931 ਵਿਚ ਬਾਈਬਲ ਸਟੂਡੈਂਟਸ ਨੇ ਆਪਣਾ ਨਾਂ ਬਦਲ ਕੇ ਯਹੋਵਾਹ ਦੇ ਗਵਾਹ ਰੱਖ ਲਿਆ।ਯਸਾ. 43:10.