Skip to content

Skip to table of contents

ਯਹੋਵਾਹ ਦੀ ਸੇਵਾ ਕਰਨ ਵਿਚ ਸ਼ਰਨਾਰਥੀਆਂ ਦੀ ਮਦਦ ਕਰੋ

ਯਹੋਵਾਹ ਦੀ ਸੇਵਾ ਕਰਨ ਵਿਚ ਸ਼ਰਨਾਰਥੀਆਂ ਦੀ ਮਦਦ ਕਰੋ

“ਯਹੋਵਾਹ ਪਰਦੇਸੀਆਂ ਦੀ ਪਾਲਨਾ ਕਰਦਾ ਹੈ।”ਜ਼ਬੂ. 146:9.

ਗੀਤ: 25, 50

1, 2. (ੳ) ਸਾਡੇ ਕੁਝ ਭੈਣਾਂ-ਭਰਵਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ? (ਅ) ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?

ਲੀਜੇ ਨਾਂ ਦਾ ਭਰਾ ਦੱਸਦਾ ਹੈ: “ਜਦੋਂ ਬੁਰੁੰਡੀ ਵਿਚ ਯੁੱਧ ਸ਼ੁਰੂ ਹੋਇਆ, ਤਾਂ ਅਸੀਂ ਸੰਮੇਲਨ ਵਿਚ ਸੀ। ਉੱਥੇ ਗੋਲੀਆਂ ਚੱਲਣ ਲੱਗੀਆਂ ਅਤੇ ਹੱਲ-ਚੱਲ ਮੱਚ ਗਈ। ਮੇਰੇ ਮਾਪੇ ਅਤੇ ਅਸੀਂ 11 ਭੈਣ-ਭਰਾ ਆਪਣੀਆਂ ਜ਼ਿੰਦਗੀਆਂ ਬਚਾਉਣ ਲਈ ਭੱਜੇ। ਸਾਡੇ ਕੋਲ ਬਹੁਤ ਹੀ ਘੱਟ ਸਾਮਾਨ ਸੀ। ਮੇਰੇ ਪਰਿਵਾਰ ਦੇ ਕੁਝ ਮੈਂਬਰ ਆਖ਼ਰ ਵਿਚ ਮਲਾਵੀ ਦੇ ਸ਼ਰਨਾਰਥੀ ਕੈਂਪ ਪਹੁੰਚੇ, ਜੋ 1,600 ਕਿਲੋਮੀਟਰ (1,000 ਮਾਲ) ਦੂਰ ਸੀ। ਬਾਕੀ ਸਾਰੇ ਸਾਡੇ ਤੋਂ ਵਿੱਛੜ ਗਏ।”

2 ਯੁੱਧ ਅਤੇ ਅਤਿਆਚਾਰ ਕਰਕੇ 6 ਕਰੋੜ 50 ਲੱਖ ਲੋਕਾਂ ਨੂੰ ਆਪਣੇ ਘਰਾਂ ਤੋਂ ਭੱਜਣਾ ਪਿਆ। ਇਤਿਹਾਸ ਵਿਚ ਪਹਿਲਾਂ ਕਦੀ ਵੀ ਇੰਨੀ ਜ਼ਿਆਦਾ ਗਿਣਤੀ ਵਿਚ ਲੋਕਾਂ ਨੂੰ ਆਪਣੇ ਘਰਾਂ ਤੋਂ ਨਹੀਂ ਭੱਜਣਾ ਪਿਆ। * ਇਨ੍ਹਾਂ ਸ਼ਰਨਾਰਥੀਆਂ ਵਿਚ ਹਜ਼ਾਰਾਂ ਹੀ ਯਹੋਵਾਹ ਦੇ ਗਵਾਹ ਵੀ ਹਨ। ਕਈ ਤਾਂ ਆਪਣਾ ਸਭ ਕੁਝ ਗੁਆ ਚੁੱਕੇ ਹਨ, ਇੱਥੋਂ ਤਕ ਆਪਣੇ ਪਰਿਵਾਰ ਦੇ ਕੁਝ ਜੀਆਂ ਨੂੰ ਵੀ। ਇਨ੍ਹਾਂ ਨੂੰ ਹੋਰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ? ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ ਤਾਂਕਿ ਉਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਰਹਿਣ? (ਜ਼ਬੂ. 100:2) ਇਸ ਦੇ ਨਾਲ-ਨਾਲ ਅਸੀਂ ਉਨ੍ਹਾਂ ਸ਼ਰਨਾਰਥੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜਿਨ੍ਹਾਂ ਨੂੰ ਅਜੇ ਯਹੋਵਾਹ ਬਾਰੇ ਨਹੀਂ ਪਤਾ?

ਸ਼ਰਨਾਰਥੀ ਦੀ ਜ਼ਿੰਦਗੀ

3. ਯਿਸੂ ਦੇ ਪਰਿਵਾਰ ਅਤੇ ਉਸ ਦੇ ਕਈ ਚੇਲਿਆਂ ਨੂੰ ਆਪਣੇ ਘਰ ਕਿਉਂ ਛੱਡਣੇ ਪਏ?

3 ਯਹੋਵਾਹ ਦੇ ਦੂਤ ਨੇ ਯੂਸੁਫ਼ ਨੂੰ ਚੇਤਾਵਨੀ ਦਿੱਤੀ ਸੀ ਕਿ ਰਾਜਾ ਹੇਰੋਦੇਸ ਯਿਸੂ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ। ਇਸ ਲਈ ਉਹ ਮਿਸਰ ਨੂੰ ਭੱਜ ਗਏ ਜਿੱਥੇ ਉਨ੍ਹਾਂ ਨੇ ਸ਼ਰਨਾਰਥੀਆਂ ਵਜੋਂ ਜ਼ਿੰਦਗੀ ਗੁਜ਼ਾਰੀ। ਰਾਜਾ ਹੇਰੋਦੇਸ ਦੀ ਮੌਤ ਹੋਣ ਤਕ ਯਿਸੂ ਅਤੇ ਉਸ ਦੇ ਮਾਪੇ ਮਿਸਰ ਵਿਚ ਰਹੇ। (ਮੱਤੀ 2:13, 14, 19-21) ਬਹੁਤ ਸਾਲ ਬਾਅਦ ਯਿਸੂ ਦੇ ਚੇਲਿਆਂ ’ਤੇ ਅਤਿਆਚਾਰ ਹੋਣ ਕਰਕੇ ਉਹ “ਯਹੂਦੀਆ ਅਤੇ ਸਾਮਰੀਆ ਦੇ ਇਲਾਕਿਆਂ ਵਿਚ ਖਿੰਡ-ਪੁੰਡ ਗਏ।” (ਰਸੂ. 8:1) ਯਿਸੂ ਜਾਣਦਾ ਸੀ ਕਿ ਉਸ ਦੇ ਬਹੁਤ ਸਾਰੇ ਚੇਲਿਆਂ ਨੂੰ ਆਪਣੇ ਘਰੋਂ ਭੱਜਣਾ ਪਵੇਗਾ। ਉਸ ਨੇ ਕਿਹਾ: “ਜਦ ਉਹ ਇਕ ਸ਼ਹਿਰ ਵਿਚ ਤੁਹਾਡੇ ’ਤੇ ਅਤਿਆਚਾਰ ਕਰਨ, ਤਾਂ ਤੁਸੀਂ ਦੂਸਰੇ ਸ਼ਹਿਰ ਨੂੰ ਭੱਜ ਜਾਇਓ।” (ਮੱਤੀ 10:23) ਆਪਣੇ ਘਰਾਂ ਨੂੰ ਛੱਡਣਾ ਬਹੁਤ ਔਖਾ ਹੈ।

4, 5. ਸ਼ਰਨਾਰਥੀਆਂ ਭੈਣਾਂ-ਭਰਾਵਾਂ ਨੂੰ ਕਿਹੜੇ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਦੋਂ ਉਹ (ੳ) ਘਰੋਂ ਭੱਜਦੇ ਹਨ? (ਅ) ਸ਼ਰਨਾਰਥੀ ਕੈਂਪਾਂ ਵਿਚ ਰਹਿੰਦੇ ਹਨ?

4 ਲੋਕਾਂ ਨੂੰ ਆਪਣੇ ਘਰੋਂ ਭੱਜਦਿਆਂ ਅਤੇ ਸ਼ਰਨਾਰਥੀ ਕੈਂਪਾਂ ਵਿਚ ਰਹਿੰਦਿਆਂ ਅਲੱਗ-ਅਲੱਗ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਲੀਜੇ ਦਾ ਛੋਟਾ ਭਰਾ ਗਾਦ ਕਹਿੰਦਾ ਹੈ: “ਅਸੀਂ ਕਈ ਹਫ਼ਤੇ ਤੁਰਦੇ ਰਹੇ। ਰਸਤੇ ਵਿਚ ਅਸੀਂ ਸੈਂਕੜੇ ਲਾਸ਼ਾਂ ਉੱਪਰੋਂ ਦੀ ਲੰਘੇ। ਮੈਂ ਉਸ ਸਮੇਂ 12 ਸਾਲਾਂ ਦਾ ਸੀ। ਮੇਰੇ ਪੈਰ ਇੰਨੇ ਬੁਰੀ ਤਰ੍ਹਾਂ ਸੁੱਜ ਗਏ ਸਨ ਕਿ ਮੈਂ ਆਪਣੇ ਪਰਿਵਾਰ ਨੂੰ ਕਿਹਾ ਕਿ ਉਹ ਮੈਨੂੰ ਛੱਡ ਕੇ ਚੱਲੇ ਜਾਣ। ਮੇਰੇ ਪਿਤਾ ਜੀ ਮੈਨੂੰ ਦੁਸ਼ਮਣ ਫ਼ੌਜਾਂ ਦੇ ਹਵਾਲੇ ਕਦੀ ਵੀ ਨਹੀਂ ਕਰਨਾ ਚਾਹੁੰਦੇ ਸਨ। ਇਸ ਲਈ ਉਹ ਮੈਨੂੰ ਕਨੇੜੀ ਚੁੱਕ ਕੇ ਲੈ ਗਏ। ਮੈਂ ਦੱਸ ਨਹੀਂ ਸਕਦਾ ਕਿ ਇਕ-ਇਕ ਦਿਨ ਅਸੀਂ ਕਿੱਦਾਂ ਕੱਟਿਆ। ਅਸੀਂ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੇ ਅਤੇ ਉਸ ’ਤੇ ਭਰੋਸਾ ਕਰਨਾ ਨਹੀਂ ਛੱਡਿਆ। ਅਸੀਂ ਜ਼ਿਆਦਾਤਰ ਅੰਬ ਖਾ ਕੇ ਹੀ ਗੁਜ਼ਾਰਾ ਕਰਦੇ ਸੀ।”ਫ਼ਿਲਿ. 4:12, 13.

5 ਲੀਜੇ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਕਈ ਸਾਲਾਂ ਤਕ ਸੰਯੁਕਤ ਰਾਸ਼ਟਰ-ਸੰਘ ਦੇ ਸ਼ਰਨਾਰਥੀ ਕੈਂਪਾਂ ਵਿਚ ਰਹੇ। ਪਰ ਉੱਥੇ ਵੀ ਖ਼ਤਰੇ ਸਨ। ਲੀਜੇ ਹੁਣ ਸਫ਼ਰੀ ਨਿਗਾਹਬਾਨ ਹੈ। ਉਹ ਦੱਸਦਾ ਹੈ: “ਉੱਥੇ ਜ਼ਿਆਦਾਤਰ ਲੋਕ ਵਿਹਲੇ ਰਹਿੰਦੇ ਸਨ। ਉਹ ਚੁਗ਼ਲੀਆਂ ਕਰਦੇ, ਸ਼ਰਾਬ ਪੀਂਦੇ, ਜੂਆ ਖੇਡਦੇ ਅਤੇ ਗੰਦੇ ਕੰਮ ਕਰਦੇ ਸਨ।” ਇਨ੍ਹਾਂ ਸਾਰੇ ਬੁਰੇ ਕੰਮਾਂ ਤੋਂ ਬਚਣ ਲਈ ਜ਼ਰੂਰੀ ਸੀ ਕਿ ਭੈਣ-ਭਰਾ ਮੰਡਲੀ ਦੇ ਕੰਮਾਂ ਵਿਚ ਰੁੱਝੇ ਰਹਿਣ। (ਇਬ. 6:11, 12; 10:24, 25) ਸੱਚਾਈ ਵਿਚ ਪੱਕੇ ਰਹਿਣ ਲਈ ਉਨ੍ਹਾਂ ਨੇ ਆਪਣੇ ਸਮੇਂ ਦੀ ਸਹੀ ਵਰਤੋਂ ਕੀਤੀ। ਬਹੁਤ ਜਣਿਆਂ ਨੇ ਪਾਇਨੀਅਰਿੰਗ ਵੀ ਕੀਤੀ। ਉਨ੍ਹਾਂ ਨੇ ਇਹ ਗੱਲ ਯਾਦ ਰੱਖੀ ਕਿ ਜਿੱਦਾਂ ਇਜ਼ਰਾਈਲੀਆਂ ਦਾ ਉਜਾੜ ਵਿਚਲਾ ਬੁਰਾ ਸਮਾਂ ਖ਼ਤਮ ਹੋ ਗਿਆ ਸੀ, ਉੱਦਾਂ ਹੀ ਇਹ ਦਿਨ ਵੀ ਨਿਕਲ ਜਾਣਗੇ। ਇਹ ਗੱਲ ਯਾਦ ਰੱਖ ਕੇ ਉਹ ਉਦਾਸ ਹੋਣ ਦੀ ਬਜਾਇ, ਖ਼ੁਸ਼ ਰਹੇ।2 ਕੁਰਿੰ. 4:18.

ਸ਼ਰਨਾਰਥੀਆਂ ਨੂੰ ਪਿਆਰ ਦਿਖਾਓ

6, 7. (ੳ) “ਪਰਮੇਸ਼ੁਰ ਨਾਲ ਪਿਆਰ” ਹੋਣ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਕਿੱਦਾਂ ਪੇਸ਼ ਆਉਂਦੇ ਹਾਂ? (ਅ) ਮਿਸਾਲ ਦਿਓ।

6 “ਪਰਮੇਸ਼ੁਰ ਨਾਲ ਪਿਆਰ” ਹੋਣ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਂਦੇ ਹਾਂ ਖ਼ਾਸ ਕਰਕੇ ਜਦੋਂ ਉਹ ਮੁਸ਼ਕਲਾਂ ਵਿਚ ਹੋਣ। (1 ਯੂਹੰਨਾ 3:17, 18 ਪੜ੍ਹੋ।) ਮਿਸਾਲ ਲਈ, ਜਦੋਂ ਯਹੂਦੀਆ ਵਿਚ ਰਹਿਣ ਵਾਲੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਕਾਲ਼ ਦਾ ਸਾਮ੍ਹਣਾ ਕਰਨਾ ਪਿਆ, ਤਾਂ ਦੂਸਰੀਆਂ ਮੰਡਲੀਆਂ ਨੇ ਉਨ੍ਹਾਂ ਲਈ ਖਾਣਾ ਘੱਲਿਆ। (ਰਸੂ. 11:28, 29) ਪੌਲੁਸ ਅਤੇ ਪਤਰਸ ਰਸੂਲ ਨੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਇਕ-ਦੂਜੇ ਦੀ ਪਰਾਹੁਣਚਾਰੀ ਕਰਨ। (ਰੋਮੀ. 12:13; 1 ਪਤ. 4:9) ਸਾਨੂੰ ਵੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਅਸੀਂ ਦੂਸਰੀ ਜਗ੍ਹਾ ਤੋਂ ਆਏ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਈਏ। ਫਿਰ ਕੀ ਇਹ ਜ਼ਰੂਰੀ ਨਹੀਂ ਕਿ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਵੀ ਪਿਆਰ ਦਿਖਾਈਏ ਜੋ ਖ਼ਤਰੇ ਵਿਚ ਹੋਣ ਜਾਂ ਜਿਨ੍ਹਾਂ ਨੂੰ ਆਪਣੀ ਨਿਹਚਾ ਕਰਕੇ ਸਤਾਇਆ ਜਾਂਦਾ ਹੈ?ਕਹਾਉਤਾਂ 3:27 ਪੜ੍ਹੋ। *

7 ਹਾਲ ਹੀ ਦੇ ਸਮੇਂ ਵਿਚ ਪੂਰਬੀ ਯੂਕਰੇਨ ਵਿਚ ਹਜ਼ਾਰਾਂ ਹੀ ਯਹੋਵਾਹ ਦੇ ਗਵਾਹਾਂ ਨੂੰ ਯੁੱਧ ਅਤੇ ਅਤਿਆਚਾਰ ਕਰਕੇ ਆਪਣੇ ਘਰੋਂ ਭੱਜਣਾ ਪਿਆ। ਬਹੁਤ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਵਿੱਚੋਂ ਕੁਝ ਜਣੇ ਮਾਰੇ ਵੀ ਗਏ। ਪਰ ਇਨ੍ਹਾਂ ਸ਼ਰਨਾਰਥੀਆਂ ਲਈ ਯੂਕਰੇਨ ਦੇ ਬਾਕੀ ਭੈਣਾਂ-ਭਰਾਵਾਂ ਦੇ ਨਾਲ-ਨਾਲ ਰੂਸ ਦੇ ਭੈਣਾਂ-ਭਰਾਵਾਂ ਨੇ ਵੀ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹੇ। ਪਰ ਦੋਨਾਂ ਦੇਸ਼ਾਂ ਦੇ ਭੈਣ-ਭਰਾ ਨਿਰਪੱਖ ਰਹਿੰਦੇ ਹੋਏ ਇਸ “ਦੁਨੀਆਂ ਵਰਗੇ ਨਹੀਂ” ਬਣੇ, ਸਗੋਂ ਉਹ “ਪਰਮੇਸ਼ੁਰ ਦੇ ਬਚਨ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਜੋਸ਼ ਨਾਲ ਕਰਦੇ ਰਹੇ।ਯੂਹੰ. 15:19; ਰਸੂ. 8:4.

ਸ਼ਰਨਾਰਥੀਆਂ ਦੀ ਨਿਹਚਾ ਮਜ਼ਬੂਤ ਰੱਖਣ ਵਿਚ ਮਦਦ ਕਰੋ

8, 9. (ੳ) ਸ਼ਰਨਾਰਥੀਆਂ ਨੂੰ ਨਵੇਂ ਦੇਸ਼ ਵਿਚ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? (ਅ) ਉਨ੍ਹਾਂ ਨੂੰ ਸਾਡੀ ਮਦਦ ਦੀ ਕਿਉਂ ਲੋੜ ਹੈ?

8 ਕੁਝ ਲੋਕਾਂ ਨੂੰ ਆਪਣੇ ਪਿੰਡ ਜਾਂ ਸ਼ਹਿਰ ਛੱਡਣੇ ਪੈਂਦੇ ਹਨ। ਪਰ ਬਹੁਤ ਸਾਰੇ ਲੋਕਾਂ ਨੂੰ ਆਪਣਾ ਦੇਸ਼ ਛੱਡ ਕੇ ਅਣਜਾਣ ਦੇਸ਼ ਨੂੰ ਭੱਜਣਾ ਪੈਂਦਾ ਹੈ। ਚਾਹੇ ਕੁਝ ਸਰਕਾਰਾਂ ਇਨ੍ਹਾਂ ਸ਼ਰਨਾਰਥੀਆਂ ਨੂੰ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਸਹੂਲਤਾਂ ਦਿੰਦੀਆਂ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ। ਮਿਸਾਲ ਲਈ, ਸ਼ਾਇਦ ਉੱਥੇ ਦਾ ਖਾਣਾ ਬਿਲਕੁਲ ਹੀ ਵੱਖਰਾ ਹੋਵੇ। ਕੁਝ ਸ਼ਰਨਾਰਥੀ ਗਰਮ ਦੇਸ਼ਾਂ ਤੋਂ ਆਏ ਹੁੰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਠੰਢ ਤੋਂ ਕਿਵੇਂ ਬਚਣਾ ਹੈ। ਕਈਆਂ ਨੂੰ ਸ਼ਾਇਦ ਉਸ ਦੇਸ਼ ਦੀਆਂ ਨਵੀਆਂ-ਨਵੀਆਂ ਚੀਜ਼ਾਂ ਨਾ ਵਰਤਣੀਆਂ ਆਉਣ।

9 ਦੇਸ਼ ਵਿਚ ਆਏ ਸ਼ਰਨਾਰਥੀਆਂ ਦੀ ਮਦਦ ਕਰਨ ਲਈ ਕੁਝ ਸਰਕਾਰਾਂ ਉਸ ਦੇਸ਼ ਦੀ ਰਹਿਣੀ-ਸਹਿਣੀ ਬਾਰੇ ਸਿਖਾਉਂਦੀਆਂ ਹਨ। ਪਰ ਕੁਝ ਮਹੀਨਿਆਂ ਬਾਅਦ ਉਨ੍ਹਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸੋਚੋ ਕਿ ਉਨ੍ਹਾਂ ਨੂੰ ਕਿੰਨੀਆਂ ਨਵੀਆਂ ਗੱਲਾਂ ਸਿੱਖਣੀਆਂ ਪੈਂਦੀਆਂ ਹਨ, ਜਿਵੇਂ ਕਿ ਨਵੀਂ ਭਾਸ਼ਾ, ਨਵੇਂ ਕਾਨੂੰਨ ਅਤੇ ਨਵੇਂ ਰਿਵਾਜ। ਉਨ੍ਹਾਂ ਨੂੰ ਘਰ ਦੇ ਬਿਲ ਦੇਣੇ, ਟੈਕਸ ਭਰਨੇ ਅਤੇ ਉਸ ਦੇਸ਼ ਦੇ ਕਾਨੂੰਨ ਮੁਤਾਬਕ ਬੱਚਿਆਂ ਨੂੰ ਤਾੜਨਾ ਦੇਣ ਅਤੇ ਸਕੂਲ ਸੰਬੰਧੀ ਹੋਰ ਗੱਲਾਂ ਸਿੱਖਣੀਆਂ ਪੈਂਦੀਆਂ ਹਨ। ਕੀ ਤੁਸੀਂ ਧੀਰਜ ਅਤੇ ਪਿਆਰ ਨਾਲ ਇੱਦਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਸ਼ਰਨਾਰਥੀ ਭੈਣ-ਭਰਾਵਾਂ ਦੀ ਮਦਦ ਕਰ ਸਕਦੇ ਹੋ?ਫ਼ਿਲਿ. 2:3, 4.

10. ਅਸੀਂ ਸ਼ਰਨਾਰਥੀ ਭੈਣਾਂ-ਭਰਾਵਾਂ ਦੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

10 ਕਦੀ-ਕਦੀ ਸਰਕਾਰੀ ਅਧਿਕਾਰੀ ਸ਼ਰਨਾਰਥੀ ਭੈਣਾਂ-ਭਰਾਵਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਲਈ ਸਭਾਵਾਂ ਵਿਚ ਜਾਣਾ ਔਖਾ ਹੁੰਦਾ ਹੈ। ਕੁਝ ਸਰਕਾਰੀ ਸੰਸਥਾਵਾਂ ਸਾਡੇ ਭੈਣਾਂ-ਭਰਾਵਾਂ ਨੂੰ ਮਦਦ ਨਾ ਦੇਣ ਦਾ ਡਰਾਵਾ ਦਿੰਦੀਆਂ ਹਨ। ਮਿਸਾਲ ਲਈ, ਸ਼ਾਇਦ ਸਰਕਾਰੀ ਸੰਸਥਾਵਾਂ ਭੈਣਾਂ-ਭਰਾਵਾਂ ਨੂੰ ਨੌਕਰੀਆਂ ਦੇਣ। ਪਰ ਇਨ੍ਹਾਂ ਨੌਕਰੀਆਂ ਕਰਕੇ ਭੈਣਾਂ-ਭਰਾਵਾਂ ਲਈ ਸਭਾਵਾਂ ਵਿਚ ਜਾਣਾ ਨਾਮੁਮਕਿਨ ਹੋ ਜਾਵੇ। ਇਸ ਲਈ ਕੁਝ ਭੈਣ-ਭਰਾ ਨੌਕਰੀਆਂ ਨਾ ਲੈਣ। ਨਤੀਜੇ ਵਜੋਂ, ਸਰਕਾਰਾਂ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦੇਣ ਦੀਆਂ ਧਮਕੀਆਂ ਦੇਣ। ਹੋਰ ਕੋਈ ਚਾਰਾ ਨਾ ਹੋਣ ਕਰਕੇ ਸ਼ਾਇਦ ਕਈ ਭੈਣ-ਭਰਾ ਨੌਕਰੀਆਂ ਲੈ ਲੈਣ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਦੋਂ ਇਹ ਭੈਣ-ਭਰਾ ਸਾਡੇ ਦੇਸ਼ ਆਉਣ, ਤਾਂ ਅਸੀਂ ਜਲਦੀ ਤੋਂ ਜਲਦੀ ਇਨ੍ਹਾਂ ਨੂੰ ਜਾ ਕੇ ਮਿਲੀਏ ਅਤੇ ਆਪਣੇ ਪਿਆਰ ਦਾ ਅਹਿਸਾਸ ਕਰਾਈਏ। ਪਿਆਰ ਤੇ ਪਰਵਾਹ ਦਿਖਾਉਣ ਨਾਲ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਵੇਗੀ।ਕਹਾ. 12:25; 17:17.

ਸ਼ਰਨਾਰਥੀਆਂ ਦੀ ਮਦਦ ਕਰੋ

11. (ੳ) ਸ਼ਰਨਾਰਥੀਆਂ ਨੂੰ ਸ਼ੁਰੂ-ਸ਼ੁਰੂ ਵਿਚ ਕਿਹੜੀਆਂ ਚੀਜ਼ਾਂ ਦੀ ਲੋੜ ਪਵੇ? (ਅ) ਸ਼ਰਨਾਰਥੀ ਭੈਣ-ਭਰਾ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਨ?

11 ਸ਼ੁਰੂ-ਸ਼ੁਰੂ ਵਿਚ ਸ਼ਾਇਦ ਸਾਨੂੰ ਆਪਣੇ ਸ਼ਰਨਾਰਥੀ ਭੈਣਾਂ-ਭਰਾਵਾਂ ਦੀਆਂ ਰੋਟੀ-ਕੱਪੜੇ ਵਰਗੀਆਂ ਲੋੜਾਂ ਪੂਰੀਆਂ ਕਰਨੀਆਂ ਪੈਣ। * ਛੋਟੀਆਂ-ਛੋਟੀਆਂ ਚੀਜ਼ਾਂ ਦੇਣੀਆਂ ਬਹੁਤ ਮਾਅਨੇ ਰੱਖਦੀਆਂ ਹਨ, ਜਿਵੇਂ ਕਿ ਇਕ ਭਰਾ ਨੂੰ ਟਾਈ ਦੇਣੀ। ਸਾਡੇ ਸ਼ਰਨਾਰਥੀ ਭੈਣ-ਭਰਾ ਇਸ ਗੱਲ ਦੀ ਉਮੀਦ ਨਹੀਂ ਰੱਖਦੇ ਕਿ ਮੰਡਲੀ ਦੇ ਭੈਣ-ਭਰਾ ਉਨ੍ਹਾਂ ਦੀ ਹਰੇਕ ਲੋੜ ਪੂਰੀ ਕਰਨ। ਪਰ ਮਦਦ ਮਿਲਣ ’ਤੇ ਉਹ ਬਹੁਤ ਸ਼ੁਕਰਗੁਜ਼ਾਰ ਹੁੰਦੇ ਹਨ। ਮਦਦ ਕਰਨ ਵਾਲੇ ਨੂੰ ਵੀ ਖ਼ੁਸ਼ੀ ਹੁੰਦੀ ਹੈ। ਪਰ ਇਹ ਜ਼ਰੂਰੀ ਹੈ ਕੀ ਸ਼ਰਨਾਰਥੀ ਭੈਣ-ਭਰਾ ਅਖ਼ੀਰ ਵਿਚ ਆਪਣੀਆਂ ਲੋੜਾਂ ਆਪ ਪੂਰੀਆਂ ਕਰਨ। ਇੱਦਾਂ ਕਰਨ ਨਾਲ ਉਹ ਆਪਣੇ ਆਪ ਨੂੰ ਨੀਵਾਂ ਮਹਿਸੂਸ ਨਹੀਂ ਕਰਨਗੇ ਅਤੇ ਉਨ੍ਹਾਂ ਦਾ ਭੈਣਾਂ-ਭਰਾਵਾਂ ਨਾਲ ਵੀ ਵਧੀਆ ਰਿਸ਼ਤਾ ਬਣਿਆ ਰਹੇਗਾ। (2 ਥੱਸ. 3:7-10) ਫਿਰ ਵੀ ਸ਼ਰਨਾਰਥੀ ਭੈਣਾਂ-ਭਰਾਵਾਂ ਨੂੰ ਸਾਡੀ ਮਦਦ ਦੀ ਲੋੜ ਹੈ।

ਅਸੀਂ ਸ਼ਰਨਾਰਥੀ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ? (ਪੈਰੇ 11-13 ਦੇਖੋ)

12, 13. (ੳ) ਅਸੀਂ ਸ਼ਰਨਾਰਥੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ? (ਅ) ਮਿਸਾਲ ਦਿਓ।

12 ਇਹ ਜ਼ਰੂਰੀ ਨਹੀਂ ਕਿ ਸ਼ਰਨਾਰਥੀਆਂ ਦੀ ਮਦਦ ਕਰਨ ਲਈ ਸਾਡੇ ਕੋਲ ਢੇਰ ਸਾਰਾ ਪੈਸਾ ਹੋਵੇ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸਾਡੇ ਸਮੇਂ ਅਤੇ ਪਿਆਰ ਦੀ ਲੋੜ ਹੈ। ਮਿਸਾਲ ਲਈ, ਅਸੀਂ ਉਨ੍ਹਾਂ ਨੂੰ ਆਉਣ-ਜਾਣ ਦੇ ਸਾਧਨਾਂ ਤੋਂ ਜਾਣੂ ਕਰਾ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਦਿਖਾ ਸਕਦੇ ਹਾਂ ਕਿ ਸਸਤਾ ਅਤੇ ਵਧੀਆ ਖਾਣਾ ਕਿੱਥੋਂ ਮਿਲਦਾ ਹੈ। ਇਹ ਵੀ ਦੱਸ ਸਕਦੇ ਹਾਂ ਕਿ ਉਹ ਜ਼ਰੂਰੀ ਚੀਜ਼ਾਂ ਕਿੱਥੋਂ ਲੈ ਸਕਦੇ ਹਨ, ਜਿਨ੍ਹਾਂ ਨਾਲ ਕੰਮ ਕਰ ਕੇ ਉਹ ਆਪਣਾ ਗੁਜ਼ਾਰਾ ਤੋਰ ਸਕਦੇ ਹਨ, ਜਿਵੇਂ ਕਿ ਸਿਲਾਈ ਮਸ਼ੀਨ। ਪਰ ਸਭ ਤੋਂ ਵੱਧ, ਤੁਸੀਂ ਉਨ੍ਹਾਂ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਜਾਣਨ ਵਿਚ ਮਦਦ ਕਰ ਸਕਦੇ ਹੋ। ਜੇ ਹੋ ਸਕੇ, ਤਾਂ ਸਭਾਵਾਂ ਵਿਚ ਉਨ੍ਹਾਂ ਨੂੰ ਆਪਣੀ ਗੱਡੀ ਵਿਚ ਲੈ ਜਾਓ। ਉਨ੍ਹਾਂ ਦੇ ਨਾਲ ਪ੍ਰਚਾਰ ਕਰ ਕੇ ਵੀ ਤੁਸੀਂ ਸਿਖਾ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਲੋਕਾਂ ਨਾਲ ਕਿਵੇਂ ਗੱਲ ਕਰਨੀ ਹੈ।

13 ਜਦੋਂ ਚਾਰ ਜਵਾਨ ਸ਼ਰਨਾਰਥੀ ਇਕ ਮੰਡਲੀ ਵਿਚ ਆਏ, ਤਾਂ ਬਜ਼ੁਰਗਾਂ ਨੇ ਉਨ੍ਹਾਂ ਦੀ ਮਦਦ ਕੀਤੀ। ਬਜ਼ੁਰਗਾਂ ਨੇ ਇਨ੍ਹਾਂ ਭਰਾਵਾਂ ਨੂੰ ਗੱਡੀ ਚਲਾਉਣੀ, ਕੰਪਿਊਟਰ ’ਤੇ ਚਿੱਠੀ ਲਿਖਣੀ ਅਤੇ ਨੌਕਰੀ ਲਈ ਅਰਜ਼ੀ ਲਿਖਣੀ ਸਿਖਾਈ। ਉਨ੍ਹਾਂ ਨੇ ਇਹ ਵੀ ਸਿਖਾਇਆ ਕਿ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਲਈ ਉਹ ਆਪਣੇ ਸਮੇਂ ਦੀ ਸਹੀ ਵਰਤੋਂ ਕਿਵੇਂ ਕਰ ਸਕਦੇ ਹਨ। (ਗਲਾ. 6:10) ਜਲਦੀ ਹੀ ਉਹ ਚਾਰੇ ਭਰਾ ਪਾਇਨੀਅਰ ਬਣ ਗਏ। ਬਜ਼ੁਰਗਾਂ ਦੀ ਮਦਦ ਦੇ ਨਾਲ-ਨਾਲ ਉਨ੍ਹਾਂ ਨੇ ਆਪ ਵੀ ਮਿਹਨਤ ਕੀਤੀ। ਨਤੀਜੇ ਵਜੋਂ, ਉਨ੍ਹਾਂ ਨੇ ਸੱਚਾਈ ਵਿਚ ਤਰੱਕੀ ਕੀਤੀ ਅਤੇ ਸ਼ੈਤਾਨ ਦੀ ਦੁਨੀਆਂ ਦਾ ਸ਼ਿਕਾਰ ਹੋਣ ਤੋਂ ਬਚੇ ਰਹੇ।

14. (ੳ) ਸ਼ਰਨਾਰਥੀਆਂ ਨੂੰ ਕਿਹੜੇ ਫੰਦੇ ਤੋਂ ਬਚਣਾ ਚਾਹੀਦਾ ਹੈ? (ਅ) ਮਿਸਾਲ ਦਿਓ।

14 ਸਾਰੇ ਮਸੀਹੀਆਂ ਵਾਂਗ ਸ਼ਰਨਾਰਥੀ ਭੈਣਾਂ-ਭਰਾਵਾਂ ਨੂੰ ਵੀ ਧਨ-ਦੌਲਤ ਦੇ ਫੰਦੇ ਵਿਚ ਫਸਣ ਦਾ ਖ਼ਤਰਾ ਹੁੰਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਕੀਮਤ ’ਤੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਦਾਅ ’ਤੇ ਨਾ ਲਾਓ। * ਲੀਜੇ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਉਹ ਅਤੇ ਉਸ ਦੇ ਭੈਣ-ਭਰਾ ਯਾਦ ਕਰਦੇ ਹਨ ਜਦੋਂ ਉਹ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਸਨ, ਤਾਂ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਨਿਹਚਾ ਬਾਰੇ ਅਹਿਮ ਸਬਕ ਸਿਖਾਏ। ਉਹ ਕਹਿੰਦੇ ਹਨ: “ਸਾਡੇ ਕੋਲ ਜੋ ਦੋ-ਚਾਰ ਚੀਜ਼ਾਂ ਸਨ, ਪਿਤਾ ਜੀ ਨੇ ਉਹ ਵੀ ਸੁੱਟ ਦਿੱਤੀਆਂ। ਅਖ਼ੀਰ ਪਿਤਾ ਜੀ ਨੇ ਮੁਸਕਰਾਉਂਦੇ ਹੋਏ ਖਾਲੀ ਝੋਲ਼ਾ ਦਿਖਾਉਂਦਿਆਂ ਕਿਹਾ: ‘ਦੇਖੋ, ਬੱਸ ਇਹ ਚਾਹੀਦਾ ਸੀ।’”1 ਤਿਮੋਥਿਉਸ 6:8 ਪੜ੍ਹੋ।

ਸ਼ਰਨਾਰਥੀ ਭੈਣਾਂ-ਭਰਾਵਾਂ ਦੀ ਸਭ ਤੋਂ ਜ਼ਰੂਰੀ ਲੋੜ

15, 16. (ੳ) ਅਸੀਂ ਸ਼ਰਨਾਰਥੀ ਭੈਣਾਂ-ਭਰਾਵਾਂ ਦੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ? (ਅ) ਅਸੀਂ ਉਨ੍ਹਾਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ?

15 ਕੱਪੜੇ ਅਤੇ ਖਾਣੇ ਤੋਂ ਇਲਾਵਾ ਸ਼ਰਨਾਰਥੀਆਂ ਨੂੰ ਹੋਰ ਵੀ ਚੀਜ਼ਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਸਾਡੇ ਸਹਾਰੇ ਅਤੇ ਬਾਈਬਲ ਤੋਂ ਹੌਸਲੇ ਦੀ ਲੋੜ ਹੁੰਦੀ ਹੈ। (ਮੱਤੀ 4:4) ਮੰਡਲੀ ਦੇ ਬਜ਼ੁਰਗ ਉਨ੍ਹਾਂ ਦੀ ਭਾਸ਼ਾ ਵਿਚ ਪ੍ਰਕਾਸ਼ਨ ਮੰਗਵਾ ਸਕਦੇ ਹਨ ਅਤੇ ਉਨ੍ਹਾਂ ਦੀ ਭਾਸ਼ਾ ਬੋਲਣ ਵਾਲੇ ਹੋਰ ਭੈਣਾਂ-ਭਰਾਵਾਂ ਨਾਲ ਮਿਲਾ ਸਕਦੇ ਹਨ। ਇੱਦਾਂ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਸ਼ਰਨਾਰਥੀ ਆਪਣਾ ਸਭ ਕੁਝ ਛੱਡ ਕੇ ਆਏ ਹੁੰਦੇ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰ, ਆਪਣੇ ਲੋਕ ਅਤੇ ਆਪਣੀ ਮੰਡਲੀ ਦੀ ਬਹੁਤ ਯਾਦ ਆਉਂਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਉਹ ਮਸੀਹੀਆਂ ਵਿਚ ਰਹਿ ਕੇ ਯਹੋਵਾਹ ਦਾ ਪਿਆਰ ਮਹਿਸੂਸ ਕਰਨ। ਜੇ ਉਨ੍ਹਾਂ ਨੂੰ ਪਿਆਰ ਨਹੀਂ ਮਿਲਦਾ, ਤਾਂ ਉਹ ਸ਼ਾਇਦ ਆਪਣੀ ਕੌਮ ਦੇ ਲੋਕਾਂ ਤੋਂ ਪਿਆਰ ਭਾਲਣ ਜੋ ਯਹੋਵਾਹ ਦੇ ਗਵਾਹ ਨਾ ਹੋਣ। (1 ਕੁਰਿੰ. 15:33) ਜਦੋਂ ਅਸੀਂ ਯਹੋਵਾਹ ਨਾਲ ਮਿਲ ਕੇ “ਪਰਦੇਸੀਆਂ” ਦੀ ਰਾਖੀ ਕਰਦੇ ਹਾਂ, ਤਾਂ ਉਹ ਓਪਰਾ ਮਹਿਸੂਸ ਨਹੀਂ ਕਰਨਗੇ।ਜ਼ਬੂ. 146:9.

16 ਯਿਸੂ ਅਤੇ ਉਸ ਦਾ ਪਰਿਵਾਰ ਉਦੋਂ ਤਕ ਆਪਣੇ ਘਰ ਵਾਪਸ ਨਹੀਂ ਜਾ ਸਕਦਾ ਸੀ, ਜਦੋਂ ਤਕ ਉਨ੍ਹਾਂ ’ਤੇ ਅਤਿਆਚਾਰ ਕਰਨ ਵਾਲੇ ਰਾਜ ਕਰ ਰਹੇ ਸਨ। ਇੱਦਾਂ ਦੇ ਕੁਝ ਕਾਰਨਾਂ ਕਰਕੇ ਅੱਜ ਵੀ ਕੁਝ ਸ਼ਰਨਾਰਥੀ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ। ਪਰ ਹੋ ਸਕਦਾ ਹੈ ਕਿ ਕੁਝ ਜਣੇ ਵਾਪਸ ਜਾਣਾ ਹੀ ਨਾ ਚਾਹੁਣ। ਲੀਜੇ ਦੱਸਦਾ ਹੈ ਕਿ ਜਿਨ੍ਹਾਂ ਮਾਪਿਆਂ ਨੇ ਆਪਣੀ ਅੱਖੀਂ ਆਪਣੇ ਘਰਦਿਆਂ ਦਾ ਬਲਾਤਕਾਰ ਅਤੇ ਹੱਤਿਆ ਹੁੰਦੀ ਦੇਖੀ, ਉਹ ਕਦੀ ਵੀ ਬੱਚਿਆਂ ਨੂੰ ਆਪਣੇ ਦੇਸ਼ ਵਾਪਸ ਨਹੀਂ ਲਿਜਾਣਾ ਚਾਹੁੰਦੇ। ਸ਼ਰਨਾਰਥੀ ਭੈਣਾਂ-ਭਰਾਵਾਂ ਦੀ ਮਦਦ ਕਰਦਿਆਂ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ: “ਦੁੱਖਾਂ ਵਿਚ ਇਕ-ਦੂਜੇ ਦਾ ਸਾਥ ਦਿਓ, ਭਰਾਵਾਂ ਨਾਲ ਪਿਆਰ ਰੱਖੋ, ਇਕ-ਦੂਜੇ ਲਈ ਹਮਦਰਦੀ ਦਿਖਾਓ ਅਤੇ ਨਿਮਰ ਬਣੋ।” (1 ਪਤ. 3:8) ਅਤਿਆਚਾਰ ਸਹਿਣ ਕਰਕੇ ਕੁਝ ਸ਼ਰਨਾਰਥੀ ਗੁੰਮ-ਸੁੰਮ ਰਹਿਣ ਲੱਗ ਪੈਂਦੇ ਹਨ। ਉਨ੍ਹਾਂ ਨਾਲ ਜੋ ਵੀ ਬੀਤੀ ਉਸ ਬਾਰੇ ਉਹ ਸ਼ਾਇਦ ਗੱਲ ਹੀ ਨਾ ਕਰਨੀ ਚਾਹੁੰਣ, ਖ਼ਾਸ ਕਰਕੇ ਆਪਣੇ ਬੱਚਿਆਂ ਦੇ ਸਾਮ੍ਹਣੇ। ਆਪਣੇ ਆਪ ਤੋਂ ਪੁੱਛੋ, ‘ਜੇ ਮੇਰੇ ਨਾਲ ਇਸ ਤਰ੍ਹਾਂ ਹੋਇਆ ਹੁੰਦਾ, ਤਾਂ ਮੈਂ ਕੀ ਚਾਹੁੰਦਾ ਕਿ ਲੋਕ ਮੇਰੇ ਨਾਲ ਕਿੱਦਾਂ ਪੇਸ਼ ਆਉਣ?’ਮੱਤੀ 7:12.

ਅਵਿਸ਼ਵਾਸੀ ਸ਼ਰਨਾਰਥੀਆਂ ਦੀ ਮਦਦ ਕਰੋ

17. ਸਾਡੇ ਪ੍ਰਚਾਰ ਦੇ ਕੰਮ ਨਾਲ ਸ਼ਰਨਾਰਥੀਆਂ ਨੂੰ ਕਿਵੇਂ ਮਦਦ ਮਿਲ ਰਹੀ ਹੈ?

17 ਅੱਜ ਬਹੁਤ ਸਾਰੇ ਸ਼ਰਨਾਰਥੀ ਉਨ੍ਹਾਂ ਦੇਸ਼ਾਂ ਤੋਂ ਆਉਂਦੇ ਹਨ ਜਿੱਥੇ ਸਾਡੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਹੈ। ਪਰ ਜੋਸ਼ੀਲੇ ਪ੍ਰਚਾਰਕਾਂ ਦੀ ਮਿਹਨਤ ਕਰਕੇ ਹਜ਼ਾਰਾਂ ਹੀ ਸ਼ਰਨਾਰਥੀ ਪਹਿਲੀ ਵਾਰ “ਰਾਜ ਬਾਰੇ ਪਰਮੇਸ਼ੁਰ ਦਾ ਬਚਨ” ਸੁਣ ਰਹੇ ਹਨ। ਇਹ ਬਹੁਤ ਖ਼ੁਸ਼ੀ ਦੀ ਗੱਲ ਹੈ। (ਮੱਤੀ 13:19, 23) ਦੁੱਖਾਂ ਦੇ “ਭਾਰ ਹੇਠ ਦੱਬੇ ਹੋਏ” ਬਹੁਤ ਸਾਰੇ ਲੋਕ ਸਾਡੀਆਂ ਸਭਾਵਾਂ ਤੋਂ ਦਿਲਾਸਾ ਅਤੇ ਰਾਹਤ ਪਾ ਰਹੇ ਹਨ। ਉਹ ਕਹਿੰਦੇ ਹਨ: “ਪਰਮੇਸ਼ੁਰ ਵਾਕਈ ਤੁਹਾਡੇ ਨਾਲ ਹੈ।”ਮੱਤੀ 11:28-30; 1 ਕੁਰਿੰ. 14:25.

18, 19. ਸ਼ਰਨਾਰਥੀਆਂ ਨੂੰ ਪ੍ਰਚਾਰ ਕਰਦਿਆਂ ਅਸੀਂ ਸਮਝਦਾਰੀ ਤੋਂ ਕੰਮ ਕਿਵੇਂ ਲੈ ਸਕਦੇ ਹਾਂ?

18 ਸ਼ਰਨਾਰਥੀਆਂ ਨੂੰ ਪ੍ਰਚਾਰ ਕਰਨ ਵੇਲੇ ਸਾਨੂੰ “ਸਾਵਧਾਨ” ਰਹਿਣ ਅਤੇ ‘ਸਿਆਣੇ’ ਬਣਨ ਦੀ ਲੋੜ ਹੈ। (ਮੱਤੀ 10:16; ਕਹਾ. 22:3) ਧੀਰਜ ਨਾਲ ਸ਼ਰਨਾਰਥੀਆਂ ਦੀ ਗੱਲ ਸੁਣੋ, ਪਰ ਰਾਜਨੀਤਿਕ ਮਾਮਲੇ ਨਾ ਛੇੜੋ। ਸ਼ਾਖ਼ਾ-ਦਫ਼ਤਰ ਅਤੇ ਸਰਕਾਰੀ ਅਧਿਕਾਰੀਆਂ ਤੋਂ ਮਿਲਦੀਆਂ ਹਿਦਾਇਤਾਂ ਮੰਨ ਕੇ ਅਸੀਂ ਖ਼ੁਦ ਨੂੰ ਅਤੇ ਦੂਜਿਆਂ ਨੂੰ ਖ਼ਤਰਿਆਂ ਤੋਂ ਬਚਾ ਸਕਦੇ ਹਾਂ। ਸ਼ਰਨਾਰਥੀਆਂ ਦੇ ਅਲੱਗ-ਅਲੱਗ ਧਰਮ ਅਤੇ ਸਭਿਆਚਾਰ ਹੋ ਸਕਦੇ ਹਨ। ਇਸ ਲਈ ਸਾਨੂੰ ਇਨ੍ਹਾਂ ਬਾਰੇ ਜਾਣਨਾ ਚਾਹੀਦਾ ਅਤੇ ਇਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਮਿਸਾਲ ਲਈ, ਕੁਝ ਦੇਸ਼ਾਂ ਦੇ ਲੋਕ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ ਕਿ ਔਰਤਾਂ ਦੇ ਕੱਪੜੇ ਕਿੱਦਾਂ ਦੇ ਹੋਣੇ ਚਾਹੀਦੇ ਹਨ। ਇਸ ਲਈ ਪ੍ਰਚਾਰ ਕਰਦਿਆਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇੱਦਾਂ ਦੇ ਕੱਪੜੇ ਨਾ ਪਾਈਏ ਜਿਸ ਨਾਲ ਉਨ੍ਹਾਂ ਨੂੰ ਠੇਸ ਪਹੁੰਚੇ।

19 ਅਸੀਂ ਦੁੱਖ ਝੱਲ ਰਹੇ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਾਂ, ਉਨ੍ਹਾਂ ਦੀ ਵੀ ਜੋ ਯਹੋਵਾਹ ਨੂੰ ਨਹੀਂ ਮੰਨਦੇ। ਇਸ ਤਰ੍ਹਾਂ ਕਰ ਕੇ ਅਸੀਂ ਯਿਸੂ ਦੀ ਮਿਸਾਲ ਵਿਚ ਦੱਸੇ ਸਾਮਰੀ ਆਦਮੀ ਦੀ ਰੀਸ ਕਰ ਰਹੇ ਹੋਵਾਂਗੇ। (ਲੂਕਾ 10:33-37) ਲੋਕਾਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਈਏ। ਇਕ ਬਜ਼ੁਰਗ ਭਰਾ ਨੇ ਬਹੁਤ ਸਾਰੇ ਸ਼ਰਨਾਰਥੀਆਂ ਦੀ ਮਦਦ ਕੀਤੀ ਹੈ। ਉਹ ਕਹਿੰਦਾ ਹੈ ਕਿ ਸਾਨੂੰ ਪਹਿਲੀ ਮੁਲਾਕਾਤ ਵਿਚ ਹੀ ਦੱਸਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ ਅਤੇ ਅਸੀਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਉਮੀਦ ਦੇਣ ਆਏ ਹਾਂ, ਨਾ ਕਿ ਪੈਸੇ ਦੇਣ।

ਮਿਹਨਤ ਦੇ ਵਧੀਆ ਨਤੀਜੇ

20, 21. (ੳ) ਪਰਦੇਸੀਆਂ ਨੂੰ ਸੱਚਾ ਪਿਆਰ ਦਿਖਾਉਣ ਨਾਲ ਕਿਹੜੇ ਵਧੀਆ ਨਤੀਜੇ ਨਿਕਲਦੇ ਹਨ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

20 “ਪਰਦੇਸੀਆਂ” ਨੂੰ ਸੱਚਾ ਪਿਆਰ ਦਿਖਾਉਣ ਨਾਲ ਵਧੀਆ ਨਤੀਜੇ ਨਿਕਲਦੇ ਹਨ। ਇਕ ਮਸੀਹੀ ਭੈਣ ਦਾ ਪਰਿਵਾਰ ਐਰੀਟ੍ਰੀਆ ਵਿਚ ਰਹਿੰਦਾ ਸੀ, ਜਿੱਥੇ ਲੋਕਾਂ ’ਤੇ ਬਹੁਤ ਜ਼ੁਲਮ ਢਾਹੇ ਜਾ ਰਹੇ ਸਨ। ਉਸ ਦੇ ਪਰਿਵਾਰ ਨੂੰ ਆਪਣੇ ਦੇਸ਼ ਤੋਂ ਭੱਜਣਾ ਪਿਆ। ਉਸ ਦੇ ਚਾਰ ਨਿਆਣਿਆਂ ਨੇ ਰੇਗਿਸਤਾਨ ਵਿੱਚੋਂ ਦੀ ਅੱਠ ਦਿਨ ਦਾ ਸਫ਼ਰ ਤਹਿ ਕੀਤਾ। ਅਖ਼ੀਰ ਵਿਚ ਉਹ ਥੱਕੇ-ਟੁੱਟੇ ਸੂਡਾਨ ਦੇਸ਼ ਪਹੁੰਚੇ। ਉਹ ਭੈਣ ਕਹਿੰਦੀ ਹੈ: “ਉੱਥੇ ਦੇ ਭੈਣਾਂ-ਭਰਾਵਾਂ ਨੇ ਉਨ੍ਹਾਂ ਨੂੰ ਖਾਣਾ, ਕੱਪੜੇ ਅਤੇ ਸਫ਼ਰ ਕਰਨ ਲਈ ਪੈਸੇ ਦਿੱਤੇ ਅਤੇ ਉਨ੍ਹਾਂ ਨਾਲ ਕਰੀਬੀ ਰਿਸ਼ਤੇਦਾਰਾਂ ਵਾਂਗ ਪੇਸ਼ ਆਏ। ਦੁਨੀਆਂ ਵਿਚ ਹੋਰ ਕਿਹੜੇ ਲੋਕ ਹਨ ਜੋ ਇੱਕੋ ਪਰਮੇਸ਼ੁਰ ਨੂੰ ਮੰਨਣ ਕਰਕੇ ਅਜਨਬੀਆਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹਦੇ ਹਨ? ਸਿਰਫ਼ ਯਹੋਵਾਹ ਦੇ ਗਵਾਹ।”ਯੂਹੰਨਾ 13:35 ਪੜ੍ਹੋ।

21 ਪਰ ਉਨ੍ਹਾਂ ਹਜ਼ਾਰਾਂ ਸ਼ਰਨਾਰਥੀ ਮਾਪਿਆਂ ਦੇ ਬੱਚਿਆਂ ਬਾਰੇ ਕੀ? ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਅਸੀਂ ਇਨ੍ਹਾਂ ਪਰਿਵਾਰਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ।

^ ਪੈਰਾ 2 ਇਸ ਲੇਖ ਵਿਚ ਉਨ੍ਹਾਂ ਲੋਕਾਂ ਨੂੰ ਸ਼ਰਨਾਰਥੀ ਕਿਹਾ ਗਿਆ ਹੈ ਜਿਨ੍ਹਾਂ ਨੂੰ ਯੁੱਧ, ਅਤਿਆਚਾਰ ਜਾਂ ਕੁਦਰਤੀ ਆਫ਼ਤਾਂ ਕਰਕੇ ਆਪਣੇ ਘਰਾਂ ਤੋਂ ਭੱਜਣਾ ਪੈਂਦਾ ਹੈ। ਇਨ੍ਹਾਂ ਨੂੰ ਸ਼ਾਇਦ ਕਿਸੇ ਹੋਰ ਦੇਸ਼ ਵਿਚ ਜਾਂ ਆਪਣੇ ਦੇਸ਼ ਦੇ ਕਿਸੇ ਹੋਰ ਇਲਾਕੇ ਵਿਚ ਜਾ ਕੇ ਰਹਿਣਾ ਪਵੇ। ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ (UNHCR) ਕਹਿੰਦਾ ਹੈ ਕਿ ਦੁਨੀਆਂ ਭਰ ਵਿਚ 113 ਜਣਿਆਂ ਵਿੱਚੋਂ 1 ਜਣੇ ਨੂੰ ਆਪਣੇ ਘਰੋਂ ਭੱਜਣਾ ਪਿਆ ਹੈ।

^ ਪੈਰਾ 6 ਅਕਤੂਬਰ 2016 ਦੇ ਪਹਿਰਾਬੁਰਜ ਦੇ ਸਫ਼ੇ 8-12 ’ਤੇ “ਅਜਨਬੀਆਂ ਲਈ ਪਿਆਰ ਦਿਖਾਉਣਾ ਨਾ ਭੁੱਲੋ” ਨਾਂ ਦਾ ਲੇਖ ਦੇਖੋ।

^ ਪੈਰਾ 11 ਜਿੱਦਾਂ ਹੀ ਸ਼ਰਨਾਰਥੀ ਭੈਣ-ਭਰਾ ਤੁਹਾਡੇ ਦੇਸ਼ ਪਹੁੰਚਣ, ਤਾਂ ਬਜ਼ੁਰਗਾਂ ਨੂੰ ਜਲਦੀ ਹੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ 8ਵੇਂ ਅਧਿਆਏ ਦੇ ਪੈਰਾ 30 ਵਿਚ ਦਿੱਤੀਆਂ ਹਿਦਾਇਤਾਂ ਅਨੁਸਾਰ ਕਦਮ ਚੁੱਕਣੇ ਚਾਹੀਦੇ ਹਨ। ਜੇ ਬਜ਼ੁਰਗ ਸ਼ਰਨਾਰਥੀ ਭੈਣਾਂ-ਭਰਾਵਾਂ ਦੀ ਪੁਰਾਣੀ ਮੰਡਲੀ ਤੋਂ ਜਾਣਕਾਰੀ ਲੈਣੀ ਚਾਹੁੰਣ, ਤਾਂ ਉਹ ਆਪਣੇ ਦੇਸ਼ ਦੇ ਸ਼ਾਖ਼ਾ ਦਫ਼ਤਰ ਨੂੰ jw.org ਰਾਹੀਂ ਚਿੱਠੀ ਲਿਖ ਸਕਦੇ ਹਨ। ਫਿਲਹਾਲ, ਬਜ਼ੁਰਗ ਸ਼ਰਨਾਰਥੀ ਕੋਲੋਂ ਉਸ ਦੀ ਮੰਡਲੀ ਅਤੇ ਸੇਵਕਾਈ ਬਾਰੇ ਸਮਝਦਾਰੀ ਨਾਲ ਸਵਾਲ ਪੁੱਛ ਸਕਦੇ ਹਨ, ਤਾਂਕਿ ਉਹ ਜਾਣ ਸਕਣ ਕਿ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਕਿਹੋ ਜਿਹਾ ਹੈ।

^ ਪੈਰਾ 14 ਪਹਿਰਾਬੁਰਜ 15 ਅਪ੍ਰੈਲ 2014 ਦੇ ਸਫ਼ੇ 17-26 ’ਤੇ “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ” ਅਤੇ “ਹੌਸਲਾ ਰੱਖੋ—ਯਹੋਵਾਹ ਤੁਹਾਡਾ ਸਹਾਰਾ ਹੈ!” ਨਾਂ ਦੇ ਲੇਖ ਦੇਖੋ।