Skip to content

Skip to table of contents

ਸ਼ਰਨਾਰਥੀ ਮਾਪਿਆਂ ਦੇ ਬੱਚਿਆਂ ਦੀ ਮਦਦ ਕਰੋ

ਸ਼ਰਨਾਰਥੀ ਮਾਪਿਆਂ ਦੇ ਬੱਚਿਆਂ ਦੀ ਮਦਦ ਕਰੋ

“ਮੇਰੇ ਲਈ ਇਸ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਹੋਰ ਕੋਈ ਨਹੀਂ ਕਿ ਮੈਂ ਸੁਣਾਂ ਕਿ ਮੇਰੇ ਬੱਚੇ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਨ।”3 ਯੂਹੰ. 4.

ਗੀਤ: 41, 53

1, 2. (ੳ) ਸ਼ਰਨਾਰਥੀ ਬੱਚਿਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

ਜੋਸ਼ੁਆ ਦੇ ਮਾਪੇ ਸ਼ਰਨਾਰਥੀ ਹਨ ਅਤੇ ਉਹ ਦੱਸਦਾ ਹੈ: “ਬਚਪਨ ਤੋਂ ਹੀ ਮੈਂ ਘਰ ਅਤੇ ਮੰਡਲੀ ਵਿਚ ਆਪਣੀ ਮਾਪਿਆਂ ਦੀ ਬੋਲੀ ਵਿਚ ਹੀ ਗੱਲ ਕਰਦਾ ਸੀ। ਪਰ ਜਦੋਂ ਮੈਂ ਸਕੂਲ ਜਾਣ ਲੱਗ ਪਿਆ, ਤਾਂ ਉਸ ਨਵੇਂ ਦੇਸ਼ ਦੀ ਭਾਸ਼ਾ ਮੇਰੀ ਜ਼ਬਾਨ ’ਤੇ ਚੜ੍ਹ ਗਈ। ਥੋੜ੍ਹੇ ਹੀ ਸਾਲਾਂ ਵਿਚ ਮੈਂ ਸਿਰਫ਼ ਉਹੀ ਭਾਸ਼ਾ ਬੋਲਣ ਲੱਗਾ ਅਤੇ ਮੈਨੂੰ ਆਪਣੇ ਮਾਪਿਆਂ ਦੀ ਬੋਲੀ ਵਿਚ ਹੁੰਦੀਆਂ ਸਭਾਵਾਂ ’ਤੇ ਜ਼ਿਆਦਾ ਕੁਝ ਸਮਝ ਨਹੀਂ ਸੀ ਆਉਂਦਾ। ਮੈਨੂੰ ਲੱਗਣ ਲੱਗਾ ਕਿ ਮੇਰਾ ਸਭਿਆਚਾਰ ਮੇਰੇ ਮਾਪਿਆਂ ਤੋਂ ਬਿਲਕੁਲ ਵੱਖਰਾ ਸੀ।” ਅੱਜ ਬਹੁਤ ਸਾਰੇ ਬੱਚੇ ਜੋਸ਼ੁਆ ਵਾਂਗ ਮਹਿਸੂਸ ਕਰਦੇ ਹਨ।

2 ਅੱਜ 24 ਕਰੋੜ ਤੋਂ ਵੀ ਜ਼ਿਆਦਾ ਲੋਕ ਪਰਦੇਸੀਆਂ ਵਜੋਂ ਰਹਿੰਦੇ ਹਨ। ਜੇ ਤੁਸੀਂ ਸ਼ਰ­ਨਾਰਥੀ ਹੋ, ਤਾਂ ਤੁਸੀਂ ਆਪਣੇ ਬੱਚਿਆਂ ਦੀ ਯਹੋਵਾਹ ਨਾਲ ਪਿਆਰ ਕਰਨ ਅਤੇ “ਸੱਚਾਈ ਦੇ ਰਾਹ ਉੱਤੇ” ਚੱਲਦੇ ਰਹਿਣ ਵਿਚ ਕਿਵੇਂ ਮਦਦ ਕਰ ਸਕਦੇ ਹੋ? (3 ਯੂਹੰ. 4) ਬਾਕੀ ਭੈਣ-ਭਰਾ ਵੀ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ?

ਮਾਪਿਓ, ਵਧੀਆ ਮਿਸਾਲ ਬਣੋ

3, 4. (ੳ) ਮਾਪੇ ਆਪਣੇ ਬੱਚਿਆਂ ਲਈ ਕਿਵੇਂ ਵਧੀਆ ਮਿਸਾਲ ਬਣ ਸਕਦੇ ਹਨ? (ਅ) ਮਾਪਿਆਂ ਨੂੰ ਆਪਣੇ ਬੱਚਿਆਂ ਤੋਂ ਕੀ ਉਮੀਦ ਨਹੀਂ ਰੱਖਣੀ ਚਾਹੀਦੀ?

3 ਮਾਪਿਓ, ਆਪਣੇ ਬੱਚਿਆਂ ਲਈ ਵਧੀਆ ਮਿਸਾਲ ਬਣੋ ਤਾਂਕਿ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਹੋਵੇ ਅਤੇ ਉਹ ਸਦਾ ਦੀ ਜ਼ਿੰਦਗੀ ਪਾਉਣ। ਜਦੋਂ ਤੁਹਾਡੇ ਬੱਚੇ ਤੁਹਾਨੂੰ ‘ਪਰਮੇਸ਼ੁਰ ਦੇ ਰਾਜ ਨੂੰ ਹਮੇਸ਼ਾ ਪਹਿਲ’ ਦਿੰਦਿਆਂ ਦੇਖਦੇ ਹਨ, ਤਾਂ ਉਹ ਵੀ ਆਪਣੀ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਯਹੋਵਾਹ ਉੱਤੇ ਭਰੋਸਾ ਰੱਖਣਾ ਸਿੱਖਣਗੇ। (ਮੱਤੀ 6:33, 34) ਵਧ ਤੋਂ ਵਧ ਚੀਜ਼ਾਂ ­ਇਕੱਠੀਆਂ ਕਰਨ ਦੀ ਬਜਾਇ, ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓ। ਸਾਦੀ ਜ਼ਿੰਦਗੀ ਜੀਓ ਅਤੇ ਕਰਜ਼ੇ ਹੇਠ ਆਉਣ ਤੋਂ ਬਚੋ। ਧਨ ਇਕੱਠਾ ਕਰਨ ਜਾਂ “ਇਨਸਾਨਾਂ ਤੋਂ ਮਹਿਮਾ” ਕਰਾਉਣ ਦੀ ਬਜਾਇ, “ਸਵਰਗ ਵਿਚ ਖ਼ਜ਼ਾਨਾ” ਜੋੜੋ ਯਾਨੀ ਯਹੋਵਾਹ ਦਾ ਦਿਲ ਖ਼ੁਸ਼ ਕਰੋ।ਮਰਕੁਸ 10:21, 22 ਪੜ੍ਹੋ; ਯੂਹੰ. 12:43.

4 ਆਪਣੇ ਕੰਮਾਂ ਵਿਚ ਇੰਨੇ ਵਿਅਸਤ ਨਾ ਹੋ ਜਾਓ ਕਿ ਤੁਹਾਡੇ ਕੋਲ ਆਪਣੇ ਬੱਚਿਆਂ ਲਈ ਸਮਾਂ ਹੀ ਨਾ ਬਚੇ। ਜਦੋਂ ਤੁਹਾਡੇ ਬੱਚੇ ਇਹ ਫ਼ੈਸਲਾ ਕਰਦੇ ਹਨ ਕਿ ਉਹ ਪੈਸਾ ਜਾਂ ਨਾਂ ਕਮਾਉਣ ਦੀ ਬਜਾਇ ਯਹੋਵਾਹ ਦੀ ਸੇਵਾ ਕਰਨਗੇ, ਤਾਂ ਉਨ੍ਹਾਂ ਦੀ ਤਾਰੀਫ਼ ਕਰੋ। ਇਸ ਸੋਚ ਤੋਂ ਬਚੋ ਕਿ ਤੁਹਾਡੇ ਬੱਚਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਤੁਹਾਡੇ ਲਈ ਬਹੁਤ ਸਾਰੇ ਪੈਸੇ ਕਮਾ ਕੇ ਤੁਹਾਨੂੰ ਐਸ਼ੋ-ਆਰਾਮ ਦੀ ਜ਼ਿੰਦਗੀ ਦੇਣ। ਯਾਦ ਰੱਖੋ, “ਬੱਚਿਆਂ ਤੋਂ ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਉਹ ਆਪਣੇ ਮਾਪਿਆਂ ਲਈ ਪੈਸੇ ਜੋੜ-ਜੋੜ ਕੇ ਰੱਖਣ, ਸਗੋਂ ਮਾਪਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਲਈ ਪੈਸੇ ਜੋੜਨ।”2 ਕੁਰਿੰ. 12:14.

ਮਾਪਿਓ, ਬੱਚਿਆਂ ਦੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰੋ

5. ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਯਹੋਵਾਹ ਬਾਰੇ ਚਰਚਾ ਕਿਉਂ ਕਰਨੀ ਚਾਹੀਦੀ ਹੈ?

5 ਜਿਵੇਂ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਅੱਜ “ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ” ਦੇ ਲੋਕ ਯਹੋਵਾਹ ਦੇ ਸੰਗਠਨ ਵੱਲ ਖਿੱਚੇ ਆ ਰਹੇ ਹਨ। (ਜ਼ਕ. 8:23) ਜੇਕਰ ਤੁਹਾਡੇ ਬੱਚੇ ਤੁਹਾਡੀ ਮਾਂ-ਬੋਲੀ ਚੰਗੀ ਤਰ੍ਹਾਂ ਨਹੀਂ ਸਮਝਦੇ, ਤਾਂ ਉਨ੍ਹਾਂ ਨੂੰ ਬਾਈਬਲ ਦੀ ਸੱਚਾਈ ਸਿਖਾ­ਉਣੀ ਔਖੀ ਹੋ ਸਕਦੀ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਪਹਿਲਾ ਆਪਣੇ ਬੱਚਿਆਂ ਨੂੰ ਸੱਚਾਈ ਸਿਖਾਓ। ਜੇ ਤੁਸੀਂ ਉਨ੍ਹਾਂ ਦੀ ਯਹੋਵਾਹ ਬਾਰੇ “ਸਿੱਖਦੇ ਰਹਿਣ” ਵਿਚ ਮਦਦ ਕਰੋਗੇ, ਤਾਂ ਉਹ ਹਮੇਸ਼ਾ ਦੀ ਜ਼ਿੰਦਗੀ ਪਾ ਸਕਣਗੇ। (ਯੂਹੰ. 17:3) ਯਹੋਵਾਹ ਬਾਰੇ ਸਿਖਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨਾਲ ਹਰ ਮੌਕੇ ’ਤੇ ਉਸ ਬਾਰੇ “ਚਰਚਾ” ਕਰੋ।ਬਿਵਸਥਾ ਸਾਰ 6:6, 7 ਪੜ੍ਹੋ।

6. ਤੁਹਾਡੀ ਮਾਂ-ਬੋਲੀ ਸਿੱਖ ਕੇ ਤੁਹਾਡੇ ਬੱਚਿਆਂ ਨੂੰ ਕੀ ਫ਼ਾਇਦੇ ਹੋ ਸਕਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

6 ਤੁਹਾਡੇ ਬੱਚੇ ਉਸ ਨਵੇਂ ਦੇਸ਼ ਦੀ ਭਾਸ਼ਾ ਸਕੂਲ ਵਿਚ ਜਾਂ ਆਲੇ-ਦੁਆਲੇ ਦੇ ਲੋਕਾਂ ਤੋਂ ਸਿੱਖ ਲੈਂਦੇ ਹਨ। ਪਰ ਜੇ ਤੁਸੀਂ ਉਨ੍ਹਾਂ ਨਾਲ ਆਪਣੀ ਮਾਂ-ਬੋਲੀ ਵਿਚ ਗੱਲ ਕਰਦੇ ਰਹੋਗੇ, ਤਾਂ ਉਹ ਤੁਹਾਡੀ ਭਾਸ਼ਾ ਨਹੀਂ ਭੁੱਲਣਗੇ। ਉਨ੍ਹਾਂ ਲਈ ਤੁਹਾਡੇ ਨਾਲ ਗੱਲ ਕਰਨੀ ਵੀ ਸੌਖੀ ਹੋਵੇਗੀ। ਨਾਲੇ ਉਹ ਤੁਹਾਨੂੰ ਆਪਣੀ ਦਿਲ ਦੀਆਂ ਗੱਲਾਂ ਵੀ ਦੱਸ ਪਾਉਣਗੇ। ਤੁਹਾਡੀ ਮਾਂ-ਬੋਲੀ ਸਿੱਖਣ ਨਾਲ ਉਨ੍ਹਾਂ ਨੂੰ ਹੋਰ ਵੀ ਫ਼ਾਇਦੇ ਹੋਣਗੇ। ਜਿਨ੍ਹਾਂ ਬੱਚਿਆਂ ਨੂੰ ਇਕ ਤੋਂ ਜ਼ਿਆਦਾ ਭਾਸ਼ਾਵਾਂ ਆਉਂਦੀਆਂ ਹਨ ਉਹ ਅਕਸਰ ਜ਼ਿਆਦਾ ਹੁਸ਼ਿਆਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਨਾਲ ਵਧੀਆ ਤਰੀਕੇ ਨਾਲ ਮਿਲਣਾ-ਵਰਤਣਾ ਆਉਂਦਾ ਹੈ। ਨਾਲੇ ਯਹੋਵਾਹ ਦੀ ਸੇਵਾ ਵਿਚ ਉਨ੍ਹਾਂ ਕੋਲ ਜ਼ਿਆਦਾ ਮੌਕੇ ਹੁੰਦੇ ਹਨ। ­ਕਾਰੋਲੀਨਾ ਦੇ ਮਾਪੇ ਸ਼ਰਨਾਰਥੀ ਹਨ। ਉਹ ਕਹਿੰਦੀ ਹੈ: “ਅਸੀਂ ਉਸ ਮੰਡਲੀ ਵਿਚ ਜਾਂਦੇ ਹਾਂ ਜਿੱਥੇ ਮੇਰੇ ਮਾਪਿਆਂ ਦੀ ਮਾਂ-ਬੋਲੀ ਵਿਚ ਸਭਾਵਾਂ ਹੁੰਦੀਆਂ ਹਨ। ਉਸ ਮੰਡਲੀ ਵਿਚ ਸੇਵਾ ਕਰ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਜਿੱਥੇ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਹੈ, ਉੱਥੇ ਸੇਵਾ ਕਰਨ ਦਾ ਅਲੱਗ ਹੀ ਮਜ਼ਾ ਹੈ।”

7. ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡੇ ਬੱਚਿਆਂ ਦੀ ਭਾਸ਼ਾ ਤੁਹਾਡੇ ਤੋਂ ਵੱਖਰੀ ਹੈ?

7 ਸ਼ਰਨਾਰਥੀ ਮਾਪਿਆਂ ਦੇ ਬੱਚੇ ਉਸ ਨਵੇਂ ਦੇਸ਼ ਦੀ ਭਾਸ਼ਾ ਸਿੱਖ ਲੈਂਦੇ ਹਨ ਅਤੇ ਸਭਿਆਚਾਰ ਅਪਣਾ ਲੈਂਦੇ ਹਨ। ਪਰ ਕਦੀ-ਕਦੀ ਕੁਝ ਬੱਚੇ ਆਪਣੀ ਮਾਪਿਆਂ ਦੀ ਮਾਂ-ਬੋਲੀ ਵਿਚ ਜਾਂ ਤਾਂ ਗੱਲ ਨਾ ਕਰਨੀ ਚਾਹੁਣ ਜਾਂ ਉਹ ਭੁੱਲ ਜਾਣ। ਮਾਪਿਓ, ਜੇ ਤੁਹਾਡੇ ਬੱਚੇ ਇਸ ਤਰ੍ਹਾਂ ਮਹਿਸੂਸ ਕਰਦੇ ਹਨ, ਤਾਂ ਕੀ ਤੁਸੀਂ ਉਸ ਜਗ੍ਹਾ ਦੀ ਭਾਸ਼ਾ ਮਾੜੀ-ਮੋਟੀ ਸਿੱਖ ਸਕਦੇ ਹੋ? ਜੇ ਤੁਸੀਂ ਉਨ੍ਹਾਂ ਦੀ ਗੱਲਬਾਤ, ਮਨੋਰੰਜਨ ਅਤੇ ਸਕੂਲ ਦੇ ਕੰਮ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰੋਗੇ ਅਤੇ ਉਨ੍ਹਾਂ ਦੇ ਅਧਿਆਪਕਾਂ ਨਾਲ ਗੱਲਬਾਤ ਕਰੋਗੇ, ਤਾਂ ਸੱਚਾਈ ਵਿਚ ਉਨ੍ਹਾਂ ਦੀ ਪਰਵਰਿਸ਼ ਕਰਨੀ ਸੌਖੀ ਹੋਵੇਗੀ। ਕੋਈ ਸ਼ੱਕ ਨਹੀਂ ਕਿ ਨਵੀਂ ਭਾਸ਼ਾ ਸਿੱਖਣ ਲਈ ਸਮਾਂ ਤੇ ਮਿਹਨਤ ਲੱਗਦੀ ਹੈ ਅਤੇ ਨਿਮਰ ਰਹਿਣਾ ਵੀ ਜ਼ਰੂਰੀ ਹੁੰਦਾ ਹੈ। ਪਰ ਇਸ ਦੇ ਬਹੁਤ ਫ਼ਾਇਦੇ ਹਨ। ਮੰਨ ਲਓ ਕਿ ਜੇ ਬੱਚੇ ਨੂੰ ਸੁਣਨਾ ਬੰਦ ਹੋ ਜਾਂਦਾ ਹੈ, ਤਾਂ ਕੀ ਤੁਸੀਂ ਉਸ ਨਾਲ ਗੱਲ ਕਰਨ ਲਈ ਸੈਨਤ ਭਾਸ਼ਾ ਨਹੀਂ ਸਿੱਖੋਗੇ? ਉਸੇ ਤਰ੍ਹਾਂ, ਜੇ ਤੁਹਾਡੇ ਬੱਚੇ ਨੂੰ ਕਿਸੇ ਹੋਰ ਭਾਸ਼ਾ ਵਿਚ ਗੱਲ ਕਰਨੀ ਜ਼ਿਆਦਾ ਸੌਖੀ ਲੱਗਦੀ ਹੈ, ਤਾਂ ਕੀ ਤੁਹਾਨੂੰ ਉਸ ਨਾਲ ਉਸੇ ਭਾਸ਼ਾ ਵਿਚ ਗੱਲ ਨਹੀਂ ਕਰਨੀ ਚਾਹੀਦੀ? *

8. ਜੇ ਤੁਹਾਨੂੰ ਆਪਣੇ ਬੱਚਿਆਂ ਦੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ, ਤਾਂ ਤੁਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹੋ?

8 ਸ਼ਰਨਾਰਥੀ ਮਾਪਿਆਂ ਲਈ ਆਪਣੇ ਬੱਚਿਆਂ ਦੀ ਨਵੀਂ ਭਾਸ਼ਾ ਵਿਚ ਚੰਗੀ ਤਰ੍ਹਾਂ ਗੱਲ ਕਰਨੀ ਸ਼ਾਇਦ ਔਖੀ ਹੋਵੇ। ਇਸ ਗੱਲ ਕਰਕੇ ਮਾਪਿਆਂ ਲਈ “ਪਵਿੱਤਰ ਲਿਖਤਾਂ” ਨੂੰ ਚੰਗੀ ਤਰ੍ਹਾਂ ਸਮਝਾਉਣਾ ਸ਼ਾਇਦ ਔਖਾ ਹੋਵੇ। (2 ਤਿਮੋ. 3:15) ਜੇ ਤੁਹਾਡੇ ਹਾਲਾਤ ਇਸ ਤਰ੍ਹਾਂ ਦੇ ਹਨ, ਤਾਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰ ਸਕਦੇ ਹੋ। ਬਜ਼ੁਰਗ ਵਜੋਂ ਸੇਵਾ ਕਰ ਰਿਹਾ ਭਰਾ ਸ਼ਾਨ ਕਹਿੰਦਾ ਹੈ: “ਮੰਮੀ ਜੀ ਨੇ ਇਕੱਲਿਆਂ ਹੀ ਮੇਰੀ ਤੇ ਮੇਰੀਆਂ ਦੋ ਭੈਣਾਂ ਦੀ ਪਰਵਰਿਸ਼ ਕੀਤੀ। ਨਾ ਤਾਂ ਸਾਨੂੰ ਮੰਮੀ ਜੀ ਦੀ ਮਾਂ-ਬੋਲੀ ਚੰਗੀ ਤਰ੍ਹਾਂ ਸਮਝ ਆਉਂਦੀ ਸੀ ਤੇ ਨਾ ਹੀ ਮੰਮੀ ਜੀ ਨੂੰ ਸਾਡੀ ਭਾਸ਼ਾ ਚੰਗੀ ਤਰ੍ਹਾਂ ਸਮਝ ਆਉਂਦੀ ਸੀ। ਪਰ ਅਸੀਂ ਦੇਖਦੇ ਸੀ ਕਿ ਮੰਮੀ ਜੀ ਪ੍ਰਾਰਥਨਾ, ਬਾਈਬਲ ਸਟੱਡੀ ਅਤੇ ਹਰ ਹਫ਼ਤੇ ਸਾਡੀ ਭਾਸ਼ਾ ਵਿਚ ਪਰਿਵਾਰਕ ਸਟੱਡੀ ਕਰਾਉਣ ਲਈ ਕਿੰਨੀ ਮਿਹਨਤ ਕਰਦੇ ਸਨ। ਮੰਮੀ ਜੀ ਦੀ ਸਖ਼ਤ ਮਿਹਨਤ ਦੇਖ ਕੇ ਸਾਨੂੰ ਅਹਿਸਾਸ ਹੋਇਆ ਕਿ ਯਹੋਵਾਹ ਬਾਰੇ ਸਿੱਖਣਾ ਕਿੰਨਾ ਹੀ ਜ਼ਰੂਰੀ ਸੀ।”

9. ਜੇ ਤੁਹਾਡੇ ਬੱਚੇ ਦੋ ਬੋਲੀਆਂ ਬੋਲਦੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਸਟੱਡੀ ਕਿਵੇਂ ਕਰਾ ਸਕਦੇ ਹੋ?

9 ਕਈ ਬੱਚਿਆਂ ਨੂੰ ਸ਼ਾਇਦ ਦੋ ਬੋਲੀਆਂ ਵਿਚ ਯਹੋਵਾਹ ਬਾਰੇ ਸਿੱਖਣਾ ਪਵੇ। ਕਿਉਂ? ਕਿਉਂਕਿ ਉਹ ਸਕੂਲ ਵਿਚ ਅਲੱਗ ਅਤੇ ਘਰ ਵਿਚ ਅਲੱਗ ਭਾਸ਼ਾ ਬੋਲਦੇ ਹਨ। ਇਸ ਲਈ ਕੁਝ ਮਾਪੇ ਦੋਨੋਂ ਭਾਸ਼ਾਵਾਂ ਦੇ ਪ੍ਰਕਾਸ਼ਨ ਵਰਤਦੇ ਹਨ, ਚਾਹੇ ਉਹ ਪੜ੍ਹਨ ਵਾਲੇ ਹੋਣ, ਸੁਣਨ ਵਾਲੇ ਜਾਂ ਦੇਖਣ ਲਈ ਵਿਡਿਓ ਹੋਣ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸ਼ਰਨਾਰਥੀ ਮਾਪਿਆਂ ਨੂੰ ਬੱਚਿਆਂ ਨੂੰ ਜ਼ਿਆਦਾ ਸਮਾਂ ਦੇਣਾ ਚਾਹੀਦਾ ਹੈ ਤਾਂਕਿ ਬੱਚਿਆਂ ਦਾ ਯਹੋਵਾਹ ਨਾਲ ਕਰੀਬੀ ਰਿਸ਼ਤਾ ਹੋਵੇ।

ਅਸੀਂ ਕਿਹੜੀ ਭਾਸ਼ਾ ਵਾਲੀ ਮੰਡਲੀ ਵਿਚ ਜਾਈਏ?

10. (ੳ) ਕੌਣ ਫ਼ੈਸਲਾ ਕਰੇਗਾ ਕਿ ਪਰਿਵਾਰ ਕਿਹੜੀ ਭਾਸ਼ਾ ਦੀ ਮੰਡਲੀ ਵਿਚ ਜਾਵੇਗਾ? (ਅ) ਘਰ ਦੇ ਮੁਖੀ ਨੂੰ ਫ਼ੈਸਲਾ ਲੈਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ?

10 ਕੁਝ ‘ਪਰਦੇਸੀ’ ਆਪਣੀ ਮਾਂ-ਬੋਲੀ ਬੋਲਣ ਵਾਲੇ ਭੈਣ-ਭਰਾਵਾਂ ਦੇ ਘਰਾਂ ਤੋਂ ਕਾਫ਼ੀ ਦੂਰ ਰਹਿੰਦੇ ਹੋਣ। ਚਾਹੇ ਉੱਥੇ ਉਨ੍ਹਾਂ ਦੀ ਭਾਸ਼ਾ ਵਿਚ ਸਭਾਵਾਂ ਨਹੀਂ ਵੀ ਹੁੰਦੀਆਂ, ਪਰ ਫਿਰ ਵੀ ਉਨ੍ਹਾਂ ਨੂੰ ਸਭਾਵਾਂ ਵਿਚ ਜਾਣਾ ਚਾਹੀਦਾ ਹੈ। (ਜ਼ਬੂ. 146:9) ਪਰ ਜੇ ਉਨ੍ਹਾਂ ਦੇ ਨੇੜੇ-ਤੇੜੇ ਉਨ੍ਹਾਂ ਦੀ ਮਾਂ-ਬੋਲੀ ਵਿਚ ਸਭਾਵਾਂ ਹੁੰਦੀਆਂ ਹਨ, ਤਾਂ ਘਰ ਦੇ ਮੁਖੀ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਸ ਦਾ ਪਰਿਵਾਰ ਕਿਹੜੀ ਭਾਸ਼ਾ ਦੀ ਮੰਡਲੀ ਵਿਚ ਜਾਵੇਗਾ। ਪ੍ਰਾਰਥਨਾ ਕਰਨ ਦੇ ਨਾਲ-ਨਾਲ ਉਸ ਨੂੰ ਸੋਚ-ਸਮਝ ਕੇ ਫ਼ੈਸਲਾ ਲੈਣਾ ਚਾਹੀਦਾ ਹੈ। ਉਸ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੀ ਵੀ ਸਲਾਹ ਲੈਣੀ ਚਾਹੀਦਾ ਹੈ। (1 ਕੁਰਿੰ. 11:3) ਉਸ ਨੂੰ ਕਿਨ੍ਹਾਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ? ਬਾਈਬਲ ਦੇ ਕਿਹੜੇ ਅਸੂਲ ਉਸ ਦੀ ਮਦਦ ਕਰ ਸਕਦੇ ਹਨ?

11, 12. (ੳ) ਬੱਚਿਆਂ ਦੀ ਭਾਸ਼ਾ ਵਿਚ ਹੋਣ ਵਾਲੀਆਂ ਸਭਾਵਾਂ ’ਤੇ ਜਾਣ ਦਾ ਕੀ ਫ਼ਾਇਦਾ ਹੋ ਸਕਦਾ ਹੈ? (ਅ) ਕੁਝ ਬੱਚੇ ਆਪਣੇ ਮਾਪਿਆਂ ਦੀ ਭਾਸ਼ਾ ਕਿਉਂ ਨਹੀਂ ਸਿੱਖਣੀ ਚਾਹੁੰਦੇ?

11 ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਲੋੜਾਂ ਬਾਰੇ ਸੋਚਣਾ ਚਾਹੀਦਾ ਹੈ। ਬੱਚਿਆਂ ਨੂੰ ਸੱਚਾਈ ਸਿਖਾਉਣ ਲਈ ਹਰ ਹਫ਼ਤੇ ਦੋ-ਤਿੰਨ ਘੰਟੇ ਸਭਾਵਾਂ ਵਿਚ ਲਿਜਾਣਾ ਹੀ ਕਾਫ਼ੀ ਨਹੀਂ ਹੈ। ਪਰ ਸੋਚੋ: ਜੇ ਤੁਹਾਡੇ ਬੱਚੇ ਉਨ੍ਹਾਂ ਸਭਾਵਾਂ ਵਿਚ ਜਾਣ ਜਿੱਥੇ ਉਨ੍ਹਾਂ ਦੀ ਭਾਸ਼ਾ ਵਿਚ ਸਭਾਵਾਂ ਹੁੰਦੀਆਂ ਹਨ, ਤਾਂ ਕੀ ਇਸ ਦਾ ਬੱਚਿਆਂ ਨੂੰ ਜ਼ਿਆਦਾ ਫ਼ਾਇਦਾ ਨਹੀਂ ਹੋਵੇਗਾ? ਕੀ ਪਤਾ ਉਨ੍ਹਾਂ ਨੂੰ ਤੁਹਾਡੀ ਮਾਂ-ਬੋਲੀ ਨਾਲੋਂ ਆਪਣੀ ਭਾਸ਼ਾ ਦੀਆਂ ਸਭਾਵਾਂ ਵਿਚ ਸਿੱਖ ਕੇ ਜ਼ਿਆਦਾ ਫ਼ਾਇਦਾ ਹੋਵੇ। (1 ਕੁਰਿੰਥੀਆਂ 14: 9, 11 ਪੜ੍ਹੋ।) ਹੋ ਸਕਦਾ ਹੈ ਕਿ ਜਿਹੜੀ ਭਾਸ਼ਾ ਵਿਚ ਤੁਸੀਂ ਆਪਣੇ ਬੱਚਿਆਂ ਨਾਲ ਬਚਪਨ ਤੋਂ ਹੀ ਗੱਲ ਕਰਦੇ ਆਏ ਹੋ, ਸ਼ਾਇਦ ਵੱਡੇ ਹੋ ਕੇ ਉਹ ਉਸ ਭਾਸ਼ਾ ਵਿਚ ਗੱਲ ਨਾ ਕਰਨੀ ਚਾਹੁਣ। ਉਹ ਸ਼ਾਇਦ ਆਪਣੀ ਨਵੀਂ ਭਾਸ਼ਾ ਵਿਚ ਆਪਣੀਆਂ ਭਾਵਨਾਵਾਂ ਜ਼ਾਹਰ ­ਕਰਨੀਆਂ ਪਸੰਦ ਕਰਨ। ਇਹ ਵੀ ਹੋ ਸਕਦਾ ਹੈ ਕਿ ਕੁਝ ਬੱਚੇ ਆਪਣੇ ਮਾਪਿਆਂ ਦੀ ਬੋਲੀ ਵਿਚ ਟਿੱਪਣੀਆਂ ਦੇਣ, ਪ੍ਰਦਰਸ਼ਨ ਕਰਨ ਅਤੇ ਗੱਲ ਕਰਨ। ਪਰ ਸ਼ਾਇਦ ਉਹ ਇਹ ਸਭ ਕੁਝ ਆਪਣੇ ਦਿਲੋਂ ਨਾ ਕਰ ਪਾਉਣ।

12 ਭਾਸ਼ਾ ਦੇ ਨਾਲ-ਨਾਲ ਹੋਰ ਵੀ ਕਈ ਗੱਲਾਂ ਬੱਚਿਆਂ ਦੇ ਦਿਲਾਂ ’ਤੇ ਅਸਰ ਪਾਉਂਦੀਆਂ ਹਨ। ਭਰਾ ਜੋਸ਼ੁਆ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਉਸ ਨਾਲ ਅਤੇ ਉਸ ਦੀ ਭੈਣ ਐਸਤਰ ਨਾਲ ਵੀ ਇਸ ਤਰ੍ਹਾਂ ਹੋਇਆ। ਉਹ ਕਹਿੰਦੀ ਹੈ: “ਬੱਚਿਆਂ ’ਤੇ ਉਨ੍ਹਾਂ ਦੇ ਮਾਪਿਆਂ ਦੇ ਧਰਮ, ਭਾਸ਼ਾ ਅਤੇ ਸਭਿਆ­ਚਾਰ ਦਾ ਡੂੰਘਾ ਅਸਰ ਪੈਂਦਾ ਹੈ।” ਜੇ ਬੱਚਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਸਭਿਆਚਾਰ ਉਨ੍ਹਾਂ ਦੇ ਮਾਪਿਆਂ ਤੋਂ ਵੱਖਰਾ ਹੈ, ਤਾਂ ਸ਼ਾਇਦ ਉਹ ਆਪਣੇ ਮਾਪਿਆਂ ਦੀ ਬੋਲੀ ਨਾ ਸਿੱਖਣ ਤੇ ਨਾ ਹੀ ਉਨ੍ਹਾਂ ਦਾ ਧਰਮ ਅਪਣਾਉਣ। ਸ਼ਰਨਾਰਥੀ ਮਾਪੇ ਫਿਰ ਕੀ ਕਰ ਸਕਦੇ ਹਨ?

13, 14. (ੳ) ਸ਼ਰਨਾਰਥੀ ਮਾਪਿਆਂ ਨੇ ਦੂਸਰੀ ਭਾਸ਼ਾ ਦੀ ਮੰਡਲੀ ਵਿਚ ਜਾਣ ਦਾ ਫ਼ੈਸਲਾ ਕਿਉਂ ਕੀਤਾ? (ਅ) ਮਾਪਿਆਂ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਰੱਖਿਆ?

13 ਮਾਪਿਆਂ ਨੂੰ ਆਪਣੀਆਂ ਨਹੀਂ, ਸਗੋਂ ਆਪਣੇ ਬੱਚਿਆਂ ਦੀਆਂ ਲੋੜਾਂ ਨੂੰ ਪਹਿਲ ਦੇਣੀ ਚਾਹੀਦੀ ਹੈ। (1 ਕੁਰਿੰ. 10:24) ਜੋਸ਼ੁਆ ਅਤੇ ਐਸਤਰ ਦੇ ਡੈਡੀ ਸੈਮੁਅਲ ਨੇ ਦੱਸਿਆ: “ਮੈਂ ਅਤੇ ਮੇਰੀ ਪਤਨੀ ਜਾਣਨਾ ਚਾਹੁੰਦੇ ਸੀ ਕਿ ਕਿਹੜੀ ਭਾਸ਼ਾ ਵਿਚ ਸੱਚਾਈ ਸਿੱਖ ਕੇ ਸਾਡੇ ਬੱਚਿਆਂ ਨੂੰ ਜ਼ਿਆਦਾ ਫ਼ਾਇਦਾ ਹੋਵੇਗਾ। ਇਸ ਲਈ ਅਸੀਂ ਸੇਧ ਲਈ ਪ੍ਰਾਰਥਨਾ ਕੀਤੀ। ਜਵਾਬ ਉਹ ਨਹੀਂ ਸੀ ਜੋ ਅਸੀਂ ਸੋਚਿਆ ਸੀ। ਅਸੀਂ ਦੇਖਿਆ ਕਿ ਸਾਡੀ ­ਮਾਂ-ਬੋਲੀ ਵਿਚ ਹੁੰਦੀਆਂ ਸਭਾਵਾਂ ਤੋਂ ਸਾਡੇ ਬੱਚਿਆਂ ਨੂੰ ਬਹੁਤ ਘੱਟ ਫ਼ਾਇਦਾ ਹੋ ਰਿਹਾ ਸੀ। ਇਸ ਲਈ ਅਸੀਂ ਉਸ ਭਾਸ਼ਾ ਵਾਲੀ ਮੰਡਲੀ ਵਿਚ ਜਾਣ ਲੱਗ ਪਏ ਜਿੱਥੇ ਸਾਡੇ ਬੱਚਿਆਂ ਨੂੰ ਜ਼ਿਆਦਾ ਸਮਝ ਆਉਂਦੀ ਸੀ। ਅਸੀਂ ਸਾਰੇ ਮਿਲ ਕੇ ਸਭਾਵਾਂ ਅਤੇ ਪ੍ਰਚਾਰ ਵਿਚ ਜਾਂਦੇ ਸੀ। ਅਸੀਂ ਉਸ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਖਾਣੇ ’ਤੇ ਬੁਲਾਉਂਦੇ ਸੀ ਅਤੇ ਉਨ੍ਹਾਂ ਨਾਲ ਘੁੰਮਣ-ਫਿਰਨ ਜਾਂਦੇ ਸੀ। ਇਹ ਸਭ ਕੁਝ ਕਰਨ ਨਾਲ ਸਾਡੇ ਬੱਚੇ ਯਹੋਵਾਹ ਅਤੇ ਭੈਣਾਂ-ਭਰਾਵਾਂ ਦੇ ਹੋਰ ਨੇੜੇ ਹੋਏ। ਹੁਣ ਯਹੋਵਾਹ ਸਿਰਫ਼ ਉਨ੍ਹਾਂ ਦਾ ਰੱਬ ਹੀ ਨਹੀਂ, ਬਲਕਿ ਇਕ ਪਿਤਾ ਅਤੇ ਦੋਸਤ ਵੀ ਹੈ। ਸਾਡੀ ਬੋਲੀ ਸਿੱਖਣ ਨਾਲੋਂ ਬੱਚਿਆਂ ਲਈ ਇਹ ਸਾਰੀਆਂ ਗੱਲਾਂ ਜ਼ਿਆਦਾ ਜ਼ਰੂਰੀ ਸਨ।”

14 ਸੈਮੁਅਲ ਅੱਗੇ ਦੱਸਦਾ ਹੈ: “ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਬਣਾਈ ਰੱਖਣ ਲਈ ਮੈਂ ਤੇ ਮੇਰੀ ਪਤਨੀ ਆਪਣੀ ਮਾਂ-ਬੋਲੀ ਦੀਆਂ ਸਭਾਵਾਂ ’ਤੇ ਵੀ ਜਾਂਦੇ ਰਹੇ। ਭਾਵੇਂ ਭੱਜ-ਦੌੜ ਲੱਗੀ ਰਹਿੰਦੀ ਸੀ ਤੇ ਅਸੀਂ ਬਹੁਤ ਥੱਕ ਵੀ ਜਾਂਦੇ ਸੀ, ਪਰ ਅਸੀਂ ਯਹੋਵਾਹ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਸ ਨੇ ਸਾਡੇ ਜਤਨਾਂ ਅਤੇ ਕੁਰਬਾਨੀਆਂ ’ਤੇ ਬਰਕਤ ਪਾਈ। ਅੱਜ ਸਾਡੇ ਤਿੰਨ ਬੱਚੇ ਪੂਰੇ ਸਮੇਂ ਦੀ ਸੇਵਾ ਕਰ ਰਹੇ ਹਨ।”

ਬੱਚਿਓ, ਤੁਸੀਂ ਕੀ ਕਰ ਸਕਦੇ ਹੋ?

15. ਕ੍ਰਿਸਟੀਨਾ ਨੂੰ ਕਿਉਂ ਲੱਗਾ ਕਿ ਉਸ ਮੰਡਲੀ ਵਿਚ ਜਾਣਾ ਵਧੀਆ ਹੈ ਜਿੱਥੇ ਉਸ ਦੀ ਭਾਸ਼ਾ ਵਿਚ ਸਭਾਵਾਂ ਹੁੰਦੀਆਂ ਹਨ?

15 ਵੱਡੇ ਹੋ ਕੇ ਬੱਚੇ ਸ਼ਾਇਦ ਉਸ ਮੰਡਲੀ ਵਿਚ ਜਾਣਾ ਚਾਹੁਣ ਜਿੱਥੇ ਉਨ੍ਹਾਂ ਦੀ ਭਾਸ਼ਾ ਵਿਚ ਸਭਾਵਾਂ ਹੁੰਦੀਆਂ ਹਨ। ਜੇ ਇਸ ਤਰ੍ਹਾਂ ਹੈ, ਤਾਂ ਮਾਪਿਓ ਇਹ ਨਾ ਸੋਚੋ ਕਿ ਤੁਹਾਡੇ ਬੱਚੇ ਤੁਹਾਨੂੰ ਪਿਆਰ ਨਹੀਂ ਕਰਦੇ ਅਤੇ ਤੁਹਾਨੂੰ ਛੱਡ ਕੇ ਜਾ ਰਹੇ ਹਨ। ਕ੍ਰਿਸਟੀਨਾ ਨਾਂ ਦੀ ਭੈਣ ਯਾਦ ਕਰਦੀ ਹੈ: “ਮੈਂ ਆਪਣੇ ਮਾਪਿਆਂ ਦੀ ਮਾਂ-ਬੋਲੀ ਥੋੜ੍ਹੀ-ਬਹੁਤ ਸਮਝਦੀ ਸੀ। ਪਰ ਸਭਾਵਾਂ ਵਿਚ ਜੋ ਵੀ ਕਿਹਾ ਜਾਂਦਾ ਸੀ ਉਹ ਸਾਰਾ ਕੁਝ ਮੇਰੇ ਸਿਰ ਉੱਪਰੋਂ ਦੀ ਲੰਘ ਜਾਂਦਾ ਸੀ। 12 ਸਾਲਾਂ ਦੀ ਉਮਰ ਵਿਚ ਮੈਂ ਵੱਡੇ ਸੰਮੇਲਨ ’ਤੇ ਗਈ। ਉਹ ਸੰਮੇਲਨ ਮੇਰੀ ਭਾਸ਼ਾ ਵਿਚ ਸੀ ਜੋ ਮੈਂ ਚੰਗੀ ਤਰ੍ਹਾਂ ਸਮਝਦੀ ਸੀ। ਮੈਨੂੰ ਪਹਿਲੀ ਵਾਰ ਅਹਿ­ਸਾਸ ਹੋਇਆ ਕਿ ਇਹੀ ਸੱਚਾਈ ਸੀ। ਮੇਰੀ ਜ਼ਿੰਦਗੀ ਵਿਚ ਇਕ ਹੋਰ ਵਧੀਆ ਮੋੜ ਆਇਆ ਜਦੋਂ ਮੈਂ ਆਪਣੀ ਭਾਸ਼ਾ ਵਿਚ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਮੈਂ ਦਿਲੋਂ ਯਹੋਵਾਹ ਨਾਲ ਗੱਲ ਕਰ ਸਕਦੀ ਸੀ।” (ਰਸੂ. 2:11, 41) ਜਦੋਂ ਕ੍ਰਿਸਟੀਨਾ 18 ਸਾਲਾਂ ਦੀ ਹੋਈ, ਤਾਂ ਉਸ ਨੇ ਇਸ ਬਾਰੇ ਆਪਣੇ ਮਾਪਿਆਂ ਨਾਲ ਗੱਲ ਕੀਤੀ। ਉਸ ਨੇ ਆਪਣੀ ਭਾਸ਼ਾ ਵਾਲੀ ਮੰਡਲੀ ਵਿਚ ਜਾਣ ਦਾ ਫ਼ੈਸਲਾ ਕੀਤਾ। ਉਹ ਕਹਿੰਦੀ ਹੈ: “ਆਪਣੀ ਭਾਸ਼ਾ ਵਿਚ ਯਹੋਵਾਹ ਬਾਰੇ ਸਿੱਖ ਕੇ ਮੇਰੇ ’ਤੇ ਡੂੰਘਾ ਅਸਰ ਪਿਆ।” ਕ੍ਰਿਸਟੀਨਾ ਜਲਦੀ ਹੀ ਰੈਗੂਲਰ ਪਾਇਨੀਅਰ ਬਣ ਗਈ ਅਤੇ ਹੁਣ ਉਹ ਬਹੁਤ ਖ਼ੁਸ਼ ਹੈ।

16. ਨਾਡੀਆ ਆਪਣੇ ਮਾਪਿਆਂ ਦੀ ਮੰਡਲੀ ਵਿਚ ਰਹਿ ਕੇ ਖ਼ੁਸ਼ ਕਿਉਂ ਸੀ?

16 ਨੌਜਵਾਨੋ, ਕੀ ਤੁਸੀਂ ਆਪਣੀ ਭਾਸ਼ਾ ਵਾਲੀ ਮੰਡਲੀ ਵਿਚ ਜਾਣਾ ਚਾਹੁੰਦੇ ਹੋ? ਜੇ ਹਾਂ, ਤਾਂ ਆਪਣੇ ਆਪ ਨੂੰ ਪੁੱਛੋ ‘ਕਿਉਂ?’ ਕੀ ਇਸ ਤਰ੍ਹਾਂ ਕਰਨ ਨਾਲ ਤੁਸੀਂ ਯਹੋਵਾਹ ਦੇ ਨੇੜੇ ਜਾਓਗੇ? (ਯਾਕੂ. 4:8) ਜਾਂ ਇਸ ਕਰਕੇ ਕਿ ਤੁਹਾਡੇ ਮਾਪੇ ਤੁਹਾਡੇ ’ਤੇ ਨਜ਼ਰ ਨਾ ਰੱਖ ਪਾਉਣ ਅਤੇ ਤੁਹਾਨੂੰ ਕੁਝ ਜ਼ਿਆਦਾ ਨਾ ਕਰਨਾ ਪਵੇ? ਬੈਥਲ ਵਿਚ ਸੇਵਾ ਕਰਨ ਵਾਲੀ ਭੈਣ ਨਾਡੀਆ ਕਹਿੰਦੀ ਹੈ: “ਜਦੋਂ ਮੈਂ ਤੇ ਮੇਰੇ ਭੈਣ-ਭਰਾ ਅੱਲ੍ਹੜ ਉਮਰ ਦੇ ਹੋਏ, ਤਾਂ ਅਸੀਂ ਉਸ ਭਾਸ਼ਾ ਵਾਲੀ ਮੰਡਲੀ ਵਿਚ ਜਾਣਾ ਚਾਹੁੰਦੇ ਸੀ ਜਿੱਥੇ ਸਾਨੂੰ ਸਮਝ ਆਉਂਦੀ ਸੀ।” ਪਰ ਉਨ੍ਹਾਂ ਦੇ ਮਾਪਿਆਂ ਨੂੰ ਲੱਗਾ ਕਿ ਬੱਚਿਆਂ ਲਈ ਦੂਸਰੀ ਮੰਡਲੀ ਵਿਚ ਜਾਣਾ ਠੀਕ ਨਹੀਂ ਹੋਵੇਗਾ ਕਿਉਂਕਿ ਬੱਚਿਆਂ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਪੈ ਸਕਦਾ ਸੀ। ਨਾਡੀਆ ਕਹਿੰਦੀ ਹੈ: “ਹੁਣ ਅਸੀਂ ਆਪਣੇ ਮਾਪਿਆਂ ਦੇ ਬਹੁਤ ਅਹਿਸਾਨਮੰਦ ਹਾਂ ਕਿਉਂਕਿ ਉਨ੍ਹਾਂ ਨੇ ਸਾਨੂੰ ਆਪਣੀ ਮਾਂ-ਬੋਲੀ ਸਿਖਾਉਣ ਲਈ ਬਹੁਤ ਮਿਹਨਤ ਕੀਤੀ ਅਤੇ ਸਾਨੂੰ ਦੂਜੀ ਮੰਡਲੀ ਵਿਚ ਜਾਣ ਤੋਂ ਰੋਕਿਆ। ਇਸ ਨਾਲ ਸਾਨੂੰ ਬਹੁਤ ਬਰਕਤਾਂ ਮਿਲੀਆਂ ਅਤੇ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਣ ਦੇ ਬਹੁਤ ਸਾਰੇ ਮੌਕੇ ਮਿਲੇ।”

ਭੈਣ-ਭਰਾ ਕਿਵੇਂ ਮਦਦ ਕਰ ਸਕਦੇ ਹਨ?

17. (ੳ) ਯਹੋਵਾਹ ਨੇ ਬੱਚਿਆਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਹੈ? (ਅ) ਆਪਣੇ ਬੱਚਿਆਂ ਨੂੰ ਸੱਚਾਈ ­ਸਿਖਾਉਣ ਲਈ ਮਾਪੇ ਕਿਨ੍ਹਾਂ ਤੋਂ ਮਦਦ ਲੈ ਸਕਦੇ ਹਨ?

17 ਯਹੋਵਾਹ ਨੇ ਬੱਚਿਆਂ ਨੂੰ ਸੱਚਾਈ ਸਿਖਾਉਣ ਦੀ ਜ਼ਿੰਮੇਵਾਰੀ ਮਾਪਿਆਂ ਨੂੰ ਦਿੱਤੀ ਹੈ। ਇਹ ਜ਼ਿੰਮੇਵਾਰੀ ਦਾਦਾ-ਦਾਦੀ, ਨਾਨਾ-ਨਾਨੀ ਜਾਂ ਕਿਸੇ ਹੋਰ ਦੀ ਨਹੀਂ ਹੈ। (ਕਹਾਉਤਾਂ 1:8; 31:10, 27, 28 ਪੜ੍ਹੋ।) ਜਿਨ੍ਹਾਂ ਮਾਪਿਆਂ ਦੇ ਬੱਚੇ ਦੂਸਰੀ ਭਾਸ਼ਾ ਬੋਲਦੇ ਹਨ, ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਸੱਚਾਈ ਸਿਖਾਉਣ ਲਈ ਸ਼ਾਇਦ ਦੂਜਿਆਂ ਤੋਂ ਮਦਦ ਲੈਣੀ ਪਵੇ। ਪਰ ਦੂਜਿਆਂ ਕੋਲੋਂ ਮਦਦ ਲੈਣ ਦਾ ਇਹ ਮਤਲਬ ਨਹੀਂ ਕਿ ਮਾਪੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਇਸ ਦੀ ਬਜਾਇ, ਉਹ “ਯਹੋਵਾਹ ਦੀ ਤਾੜਨਾ ਅਤੇ ਸਿੱਖਿਆ” ਦਿੰਦੇ ਹੋਏ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੇ ਹਨ। (ਅਫ਼. 6:4) ਮਿਸਾਲ ਲਈ, ਮਾਪੇ ਮੰਡਲੀ ਦੇ ਬਜ਼ੁਰਗਾਂ ਤੋਂ ਪਰਿਵਾਰਕ ਸਟੱਡੀ ਲਈ ਸਲਾਹ ਲੈ ਸਕਦੇ ਹਨ ਅਤੇ ਬੱਚਿਆਂ ਲਈ ਚੰਗੇ ਦੋਸਤ ਚੁਣਨ ਵਿਚ ਮਦਦ ਮੰਗ ਸਕਦੇ ਹਨ।

ਮਾਪਿਆਂ ਅਤੇ ਬੱਚਿਆਂ ਨੂੰ ਮੰਡਲੀ ਦੇ ਭੈਣਾਂ-ਭਰਾਵਾਂ ਦੀ ਸੰਗਤੀ ਤੋਂ ਫ਼ਾਇਦਾ ਹੁੰਦਾ ਹੈ (ਪੈਰੇ 18, 19 ਦੇਖੋ)

18, 19. (ੳ) ਭੈਣ-ਭਰਾ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ? (ਅ) ਭੈਣਾਂ-ਭਰਾਵਾਂ ਦੀ ਮਦਦ ਦੇ ਬਾਵਜੂਦ ਵੀ ਮਾਪਿਆਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ?

18 ਆਪਣੇ ਬੱਚਿਆਂ ਦੀ ਮਦਦ ਕਰਨ ਲਈ ਮਾਪੇ ਕਦੇ-ਕਦੇ ਦੂਸਰੇ ਪਰਿਵਾਰਾਂ ਨੂੰ ਆਪਣੇ ਨਾਲ ਪਰਿਵਾਰਕ ਸਟੱਡੀ ਕਰਨ ਲਈ ਬੁਲਾ ਸਕਦੇ ਹਨ। ਇਸ ਦੇ ਨਾਲ-ਨਾਲ ਜਦੋਂ ਨੌਜਵਾਨ ਦੂਸਰੇ ਮਸੀਹੀਆਂ ਨਾਲ ਪ੍ਰਚਾਰ ’ਤੇ ਜਾਂਦੇ ਹਨ ਅਤੇ ਮਿਲ ਕੇ ਹੋਰ ਕੰਮ ਕਰਦੇ ਹਨ, ਤਾਂ ਉਹ ਬਹੁਤ ਕੁਝ ਸਿੱਖਦੇ ਹਨ। (ਕਹਾ. 27:17) ਸ਼ਾਨ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਕਹਿੰਦਾ ਹੈ: “ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਭਰਾਵਾਂ ਨੇ ਮੇਰਾ ਕਿੰਨਾ ਖ਼ਿਆਲ ਰੱਖਿਆ। ਜਦੋਂ ਉਹ ਭਾਸ਼ਣ ਤਿਆਰ ਕਰਨ ਵਿਚ ਮੇਰੀ ਮਦਦ ਕਰਦੇ ਸੀ, ਤਾਂ ਮੈਂ ਬਹੁਤ ਕੁਝ ਸਿੱਖਦਾ ਸੀ। ਭੈਣਾਂ-ਭਰਾਵਾਂ ਨਾਲ ਘੁੰਮਣ-ਫਿਰਨ ਨਾਲ ਵੀ ਮੈਨੂੰ ਬਹੁਤ ਮਜ਼ਾ ਆਉਂਦਾ ਸੀ।”

19 ਜਿਹੜੇ ਭੈਣ-ਭਰਾ ਮਦਦ ਕਰਦੇ ਹਨ ਉਨ੍ਹਾਂ ਨੂੰ ਬੱਚਿਆਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਉਹ ਹਮੇਸ਼ਾ ਆਪਣੇ ਮਾਪਿਆਂ ਦਾ ਆਦਰ ਕਰਨ। ਭੈਣਾਂ-ਭਰਾਵਾਂ ਨੂੰ ਮਾਪਿਆਂ ਬਾਰੇ ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਪਰ ਉਨ੍ਹਾਂ ਨੂੰ ਮਾਪਿਆਂ ਦੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ। ਮਦਦ ਕਰਨ ਵਾਲੇ ਭੈਣ-ਭਰਾ ਨੂੰ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਜਿਸ ਕਰਕੇ ਦੂਜੇ ਲੋਕ ਜਾਂ ਮੰਡਲੀ ਦੇ ਭੈਣ-ਭਰਾ ਉਸ ਦੇ ਚਾਲ-ਚਲਣ ’ਤੇ ਸਵਾਲ ਖੜ੍ਹੇ ਕਰਨ ਜਾਂ ਕਹਿਣ ਕਿ ਉਹ ਬੱਚਿਆਂ ਨਾਲ ਗ਼ਲਤ ਕੰਮ ਕਰ ਰਿਹਾ ਹੈ। (1 ਪਤ. 2:12) ਚਾਹੇ ਮਾਪੇ ਦੂਸਰਿਆਂ ਤੋਂ ਮਦਦ ਲੈਣ, ਪਰ ਬੱਚਿਆਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੀ ਹੈ। ਜਦੋਂ ਭੈਣ-ਭਰਾ ਬੱਚਿਆਂ ਦੀ ਮਦਦ ਕਰਦੇ ਹਨ, ਤਾਂ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ।

20. ਯਹੋਵਾਹ ਦੇ ਚੰਗੇ ਸੇਵਕ ਬਣਨ ਵਿਚ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?

20 ਮਾਪਿਓ, ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ। (2 ਇਤਹਾਸ 15:7 ਪੜ੍ਹੋ।) ਆਪਣੀਆਂ ਲੋੜਾਂ ਨੂੰ ਪਹਿਲ ਦੇਣ ਦੀ ਬਜਾਇ, ਮਾਪਿਆਂ ਨੂੰ ਯਹੋਵਾਹ ਨਾਲ ਆਪਣੇ ਬੱਚਿਆਂ ਦੇ ਰਿਸ਼ਤੇ ਮਜ਼ਬੂਤ ਕਰਨ ਨੂੰ ਪਹਿਲ ਦਿਓ। ਆਪਣੇ ਬੱਚਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਬਚਨ ਬਿਠਾਉਣ ਲਈ ਪੂਰੀ ਕੋਸ਼ਿਸ਼ ਕਰੋ। ਇਸ ਉਮੀਦ ਨੂੰ ਘੁੱਟ ਕੇ ਫੜੀ ਰੱਖੋ ਕਿ ਤੁਹਾਡੇ ਬੱਚੇ ਜ਼ਰੂਰ ਯਹੋਵਾਹ ਦੇ ਸੇਵਕ ਬਣਨਗੇ। ਜਦੋਂ ਤੁਹਾਡੇ ਬੱਚੇ ਪਰਮੇਸ਼ੁਰ ਦੇ ਬਚਨ ਅਨੁਸਾਰ ਅਤੇ ਤੁਹਾਡੀ ਮਿਸਾਲ ’ਤੇ ਚੱਲਦੇ ਹਨ, ਤਾਂ ਤੁਸੀਂ ਵੀ ਯੂਹੰਨਾ ਰਸੂਲ ਵਾਂਗ ਮਹਿਸੂਸ ਕਰੋਗੇ। ਉਸ ਨੇ ਕਈ ਲੋਕਾਂ ਨੂੰ ਸੱਚਾਈ ਸਿਖਾਈ ਸੀ ਜੋ ਉਸ ਲਈ ਬੱਚਿਆਂ ਵਾਂਗ ਸਨ। ਹਾਰ ਨਾ ਮੰਨ ਕੇ ਤੁਸੀਂ ਵੀ ਉਸ ਵਾਂਗ ਕਹੋਗੇ: “ਮੇਰੇ ਲਈ ਇਸ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਹੋਰ ਕੋਈ ਨਹੀਂ ਕਿ ਮੈਂ ਸੁਣਾਂ ਕਿ ਮੇਰੇ ਬੱਚੇ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਨ।”3 ਯੂਹੰ. 4.

^ ਪੈਰਾ 7 ਹੋਰ ਜਾਣਕਾਰੀ ਲਈ ਅਪ੍ਰੈਲ 2007 ਦੇ ਜਾਗਰੂਕ ਬਣੋ! ਦੇ ਸਫ਼ੇ 12-14 ਉੱਤੇ “ਤੁਸੀਂ ਹੋਰ ਭਾਸ਼ਾ ਸਿੱਖ ਸਕਦੇ ਹੋ!” ਨਾਂ ਦਾ ਲੇਖ ਦੇਖੋ।