Skip to content

Skip to table of contents

ਆਪਣਾ ਪਿਆਰ ਠੰਢਾ ਨਾ ਪੈਣ ਦਿਓ

ਆਪਣਾ ਪਿਆਰ ਠੰਢਾ ਨਾ ਪੈਣ ਦਿਓ

“ਬੁਰਾਈ ਦੇ ਵਧਣ ਕਰਕੇ ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ।”ਮੱਤੀ 24:12.

ਗੀਤ: 60, 24

1, 2. (ੳ) ਮੱਤੀ 24:12 ਕਿਨ੍ਹਾਂ ਲੋਕਾਂ ’ਤੇ ਲਾਗੂ ਹੋਇਆ ਸੀ? (ਅ) ਰਸੂਲਾਂ ਦੀ ਕਿਤਾਬ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਮਸੀਹੀਆਂ ਨੇ ਆਪਣਾ ਪਿਆਰ ਠੰਢਾ ਨਹੀਂ ਪੈਣ ਦਿੱਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ “ਯੁਗ ਦੇ ਆਖ਼ਰੀ ਸਮੇਂ” ਦੀਆਂ ਨਿਸ਼ਾਨੀਆਂ ਬਾਰੇ ਦੱਸਿਆ। ਇਨ੍ਹਾਂ ਨਿਸ਼ਾਨੀਆਂ ਵਿਚ ਉਸ ਨੇ ਦੱਸਿਆ ਕਿ “ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ।” (ਮੱਤੀ 24:3, 12) ਪਹਿਲੀ ਸਦੀ ਦੇ ਯਹੂਦੀ ਇਹ ਦਾਅਵਾ ਕਰਦੇ ਸਨ ਕਿ ਉਹ ਪਰਮੇਸ਼ੁਰ ਦੇ ਲੋਕ ਸਨ। ਪਰ ਪਰਮੇਸ਼ੁਰ ਲਈ ਉਨ੍ਹਾਂ ਦਾ ਪਿਆਰ ਠੰਢਾ ਪੈ ਗਿਆ ਸੀ।

2 ਦੂਸਰੇ ਪਾਸੇ, ਉਸ ਸਮੇਂ ਦੇ ਜ਼ਿਆਦਾਤਰ ਮਸੀਹੀਆਂ ਦਾ ਰਵੱਈਆ ਬਿਲਕੁਲ ਵੱਖਰਾ ਸੀ। ਉਹ ਬੜੇ ਜੋਸ਼ ਨਾਲ “ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹੇ।” ਉਹ ਪਰਮੇਸ਼ੁਰ, ਭੈਣਾਂ-ਭਰਾਵਾਂ ਅਤੇ ਅਵਿਸ਼ਵਾਸੀ ਲੋਕਾਂ ਲਈ ਪਿਆਰ ਦਿਖਾ ਰਹੇ ਸਨ। ਇਨ੍ਹਾਂ ਮਸੀਹੀਆਂ ਨੇ ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਠੰਢਾ ਨਹੀਂ ਪੈਣ ਦਿੱਤਾ। (ਰਸੂ. 2:44-47; 5:42) ਪਰ ਦੁੱਖ ਦੀ ਗੱਲ ਹੈ ਕਿ ਪਹਿਲੀ ਸਦੀ ਦੇ ਕੁਝ ਮਸੀਹੀਆਂ ਦਾ ਪਿਆਰ ਠੰਢਾ ਪੈ ਗਿਆ ਸੀ। ਪਰ ਉਹ ਕਿੱਦਾਂ?

3. ਸ਼ਾਇਦ ਕਿਨ੍ਹਾਂ ਗੱਲਾਂ ਕਰਕੇ ਕੁਝ ਮਸੀਹੀਆਂ ਦਾ ਪਿਆਰ ਠੰਢਾ ਪੈ ਗਿਆ ਸੀ?

3 ਯਿਸੂ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਕਿਹਾ: ‘ਮੈਨੂੰ ਤੁਹਾਡੇ ਨਾਲ ਇਕ ਗਿਲਾ ਹੈ ਕਿ ਤੁਸੀਂ ਹੁਣ ਪਹਿਲਾਂ ਵਾਂਗ ਪਿਆਰ ਨਹੀਂ ਕਰਦੇ।’ (ਪ੍ਰਕਾ. 2:4) ਹੋ ਸਕਦਾ ਹੈ ਕਿ ਇਨ੍ਹਾਂ ਮਸੀਹੀਆਂ ’ਤੇ ਆਲੇ-ਦੁਆਲੇ ਦੇ ਲੋਕਾਂ ਦਾ ਅਸਰ ਪਿਆ ਹੋਵੇ ਜੋ ਸਿਰਫ਼ ਆਪਣੀ ਹੀ ਇੱਛਾਵਾਂ ਪੂਰੀਆਂ ਕਰਨ ਵਿਚ ਲੱਗੇ ਹੋਏ ਸਨ। (ਅਫ਼. 2:2, 3) ਅਫ਼ਸੁਸ ਦੇ ਲੋਕ ਅਮੀਰ ਸਨ ਅਤੇ ਉਨ੍ਹਾਂ ਦਾ ਜ਼ਿਆਦਾ ਧਿਆਨ ਐਸ਼ੋ-ਆਰਾਮ ਕਰਨ ਵੱਲ ਲੱਗਾ ਰਹਿੰਦਾ ਸੀ। ਇਨ੍ਹਾਂ ਲੋਕਾਂ ਦਾ ਚਾਲ-ਚਲਣ ਬਹੁਤ ਖ਼ਰਾਬ ਸੀ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਹੁਕਮਾਂ ਦੀ ਕੋਈ ਪਰਵਾਹ ਨਹੀਂ ਸੀ। ਪਰਮੇਸ਼ੁਰ ਅਤੇ ਲੋਕਾਂ ਨੂੰ ਪਿਆਰ ਕਰਨ ਦੀ ਬਜਾਇ ਉਹ ਮੌਜ-ਮਸਤੀ ਕਰਨ ਵਿਚ ਲੱਗੇ ਹੋਏ ਸਨ।

4. (ੳ) ਅੱਜ ਲੋਕਾਂ ਦਾ ਪਿਆਰ ਕਿਵੇਂ ਠੰਢਾ ਪੈ ਗਿਆ ਹੈ? (ਅ) ਸਾਨੂੰ ਕਿਹੜੀਆਂ ਤਿੰਨ ਗੱਲਾਂ ਵਿਚ ਆਪਣਾ ਪਿਆਰ ਗੂੜ੍ਹਾ ਕਰਨਾ ਚਾਹੀਦਾ ਹੈ?

4 ਮੱਤੀ 24:12 ਵਿਚ ਕਹੇ ਯਿਸੂ ਦੇ ਸ਼ਬਦ ਅੱਜ ਸਾਡੇ ਦਿਨਾਂ ਵਿਚ ਵੀ ਲਾਗੂ ਹੁੰਦੇ ਹਨ। ਅੱਜ ਲੋਕਾਂ ਦਾ ਪਰਮੇਸ਼ੁਰ ਨਾਲ ਪਿਆਰ ਨਾ ਦੇ ਬਰਾਬਰ ਹੈ। ਦੁਨੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਲੱਖਾਂ ਹੀ ਲੋਕ ਪਰਮੇਸ਼ੁਰ ’ਤੇ ਭਰੋਸਾ ਰੱਖਣ ਦੀ ਬਜਾਇ ਦੁਨੀਆਂ ਦੇ ਸੰਗਠਨਾਂ ’ਤੇ ਭਰੋਸਾ ਰੱਖਦੇ ਹਨ। ਲੋਕਾਂ ਦਾ ਆਪਸੀ ਪਿਆਰ ਦਿਨ-ਬਦਿਨ ਘੱਟਦਾ ਜਾ ਰਿਹਾ ਹੈ। ਜਿਵੇਂ ਅਫ਼ਸੁਸ ਦੇ ਮਸੀਹੀਆਂ ਦਾ ਪਿਆਰ ਠੰਢਾ ਪੈ ਗਿਆ ਸੀ, ਉਸੇ ਤਰ੍ਹਾਂ ਅੱਜ ਵੀ ਯਹੋਵਾਹ ਦੇ ਸੇਵਕਾ ਦਾ ਪਿਆਰ ਠੰਢਾ ਪੈ ਸਕਦਾ ਹੈ। ਸੋ ਆਓ ਆਪਾਂ ਤਿੰਨ ਗੱਲਾਂ ’ਤੇ ਗੌਰ ਕਰੀਏ ਜਿਨ੍ਹਾਂ ਵਿਚ ਸਾਨੂੰ ਆਪਣੇ ਪਿਆਰ ਨੂੰ ਗੂੜ੍ਹਾ ਕਰਨਾ ਚਾਹੀਦਾ ਹੈ: (1) ਯਹੋਵਾਹ ਲਈ ਪਿਆਰ, (2) ਬਾਈਬਲ ਦੀਆਂ ਸੱਚਾਈਆਂ ਲਈ ਪਿਆਰ ਅਤੇ (3) ਭੈਣਾਂ-ਭਰਾਵਾਂ ਲਈ ਪਿਆਰ।

ਯਹੋਵਾਹ ਲਈ ਪਿਆਰ

5. ਸਾਨੂੰ ਪਰਮੇਸ਼ੁਰ ਨੂੰ ਪਿਆਰ ਕਿਉਂ ਕਰਨਾ ਚਾਹੀਦਾ ਹੈ?

5 ਸਾਨੂੰ ਸਭ ਤੋਂ ਜ਼ਿਆਦਾ ਕਿਸ ਨੂੰ ਪਿਆਰ ਕਰਨਾ ਚਾਹੀਦਾ ਹੈ? ਯਿਸੂ ਨੇ ਕਿਹਾ: “‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।’ ਇਹੀ ਪਹਿਲਾ ਅਤੇ ਸਭ ਤੋਂ ਵੱਡਾ ਹੁਕਮ ਹੈ।” (ਮੱਤੀ 22:37, 38) ਪਰਮੇਸ਼ੁਰ ਲਈ ਪਿਆਰ ਹੋਣ ਕਰਕੇ ਅਸੀਂ ਉਸ ਦੇ ਹੁਕਮਾਂ ਨੂੰ ਮੰਨਦੇ, ਧੀਰਜ ਰੱਖਦੇ ਅਤੇ ਬੁਰਾਈ ਨਾਲ ਨਫ਼ਰਤ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 97:10 ਪੜ੍ਹੋ।) ਸ਼ੈਤਾਨ ਅਤੇ ਉਸ ਦੀ ਦੁਨੀਆਂ ਪਰਮੇਸ਼ੁਰ ਲਈ ਸਾਡੇ ਪਿਆਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਨ।

6. ਪਰਮੇਸ਼ੁਰ ਨਾਲ ਪਿਆਰ ਖ਼ਤਮ ਹੋਣ ਦਾ ਕੀ ਨਤੀਜਾ ਨਿਕਲਦਾ ਹੈ?

6 ਪਿਆਰ ਬਾਰੇ ਦੁਨੀਆਂ ਦੀ ਅਲੱਗ ਹੀ ਸੋਚ ਹੈ। ਪਰਮੇਸ਼ੁਰ ਨੂੰ ਪਿਆਰ ਕਰਨ ਦੀ ਬਜਾਇ ਬਹੁਤ ਸਾਰੇ ਲੋਕ “ਸੁਆਰਥੀ” ਹਨ। (2 ਤਿਮੋ. 3:2) ਉਨ੍ਹਾਂ ਦਾ ਧਿਆਨ “ਸਰੀਰ ਦੀ ਲਾਲਸਾ ਅਤੇ ਅੱਖਾਂ ਦੀ ਲਾਲਸਾ ਅਤੇ ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ” ਕਰਨ ਵੱਲ ਲੱਗਾ ਹੋਇਆ ਹੈ। (1 ਯੂਹੰ. 2:16) ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਕਿ ਖ਼ੁਦ ਨੂੰ ਪਿਆਰ ਕਰਨ ਦਾ ਅੰਜਾਮ ਮਾੜਾ ਹੀ ਹੁੰਦਾ ਹੈ। ਉਸ ਨੇ ਕਿਹਾ: “ਸਰੀਰ ਦੀਆਂ ਇੱਛਾਵਾਂ ਉੱਤੇ ਮਨ ਲਾਉਣ ਦਾ ਅੰਜਾਮ ਹੈ ਮੌਤ।” ਕਿਉਂ? ਕਿਉਂਕਿ “ਸਰੀਰ ਦੀਆਂ ਇੱਛਾਵਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਪਰਮੇਸ਼ੁਰ ਨਾਲ ਦੁਸ਼ਮਣੀ।” (ਰੋਮੀ. 8:6, 7) ਜਿਹੜੇ ਲੋਕ ਆਪਣੀ ਪੂਰੀ ਜ਼ਿੰਦਗੀ ਪੈਸਾ ਕਮਾਉਣ ਜਾਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਵਿਚ ਲਾ ਦਿੰਦੇ ਹਨ, ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ।1 ਕੁਰਿੰ. 6:18; 1 ਤਿਮੋ. 6:9, 10.

7. ਮਸੀਹੀਆਂ ਲਈ ਹੋਰ ਕਿਹੜੇ ਖ਼ਤਰੇ ਹੋ ਸਕਦੇ ਹਨ?

7 ਦੁਨੀਆਂ ਵਿਚ ਅਜਿਹੇ ਕੁਝ ਲੋਕ ਹਨ ਜੋ ਮੰਨਦੇ ਹੀ ਨਹੀਂ ਕਿ ਰੱਬ ਹੈ, ਕੁਝ ਪਰਮੇਸ਼ੁਰ ਦੀ ਹੋਂਦ ’ਤੇ ਸ਼ੱਕ ਕਰਦੇ ਹਨ ਅਤੇ ਕੁਝ ਵਿਕਾਸਵਾਦ ਨੂੰ ਮੰਨਦੇ ਹਨ। ਇਨ੍ਹਾਂ ਲੋਕਾਂ ਦੀ ਸਿੱਖਿਆ ਕਰਕੇ ਪਰਮੇਸ਼ੁਰ ਨਾਲ ਸਾਡਾ ਪਿਆਰ ਠੰਢਾ ਪੈ ਸਕਦਾ ਹੈ। ਉਹ ਕਹਿੰਦੇ ਹਨ ਕਿ ਸਿਰਫ਼ ਮੂਰਖ ਜਾਂ ਅਨਪੜ੍ਹ ਲੋਕ ਹੀ ਪਰਮੇਸ਼ੁਰ ’ਤੇ ਵਿਸ਼ਵਾਸ ਕਰਦੇ ਹਨ। ਇਸ ਦੇ ਨਾਲ-ਨਾਲ ਬਹੁਤ ਸਾਰੇ ਲੋਕ ਸਿਰਜਣਹਾਰ ਦੀ ਬਜਾਇ ਵਿਗਿਆਨੀਆਂ ’ਤੇ ਯਕੀਨ ਕਰਦੇ ਹਨ। (ਰੋਮੀ. 1:25) ਇਨ੍ਹਾਂ ਗੱਲਾਂ ਦਾ ਮਸੀਹੀਆਂ ’ਤੇ ਵੀ ਅਸਰ ਪੈ ਸਕਦਾ ਹੈ। ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਹੋਣ ਦੇ ਨਾਲ-ਨਾਲ ਉਸ ਲਈ ਸਾਡਾ ਪਿਆਰ ਵੀ ਠੰਢਾ ਪੈ ਸਕਦਾ ਹੈ।ਇਬ. 3:12.

8. (ੳ) ਕਿਨ੍ਹਾਂ ਹਾਲਾਤਾਂ ਵਿਚ ਯਹੋਵਾਹ ਦੇ ਲੋਕ ਨਿਰਾਸ਼ ਹੋ ਸਕਦੇ ਹਨ? (ਅ) ਜ਼ਬੂਰ 136 ਤੋਂ ਸਾਨੂੰ ਕਿਵੇਂ ਹੌਸਲਾ ਮਿਲਦਾ ਹੈ?

8 ਸ਼ੈਤਾਨ ਦੀ ਦੁਸ਼ਟ ਦੁਨੀਆਂ ਵਿਚ ਰਹਿਣ ਕਰਕੇ ਨਿਰਾਸ਼ ਹੋਣ ਦੇ ਕਈ ਕਾਰਨ ਹਨ। (1 ਯੂਹੰ. 5:19) ਪਰ ਜੇ ਅਸੀਂ ਬਹੁਤ ਹੀ ਜ਼ਿਆਦਾ ਨਿਰਾਸ਼ਾ ਹੋ ਜਾਈਏ, ਤਾਂ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ ਅਤੇ ਪਰਮੇਸ਼ੁਰ ਲਈ ਸਾਡਾ ਪਿਆਰ ਠੰਢਾ ਪੈ ਸਕਦਾ ਹੈ। ਮਿਸਾਲ ਲਈ, ਵਧਦੀ ਉਮਰ, ਖ਼ਰਾਬ ਸਿਹਤ ਜਾਂ ਪੈਸੇ ਦੀ ਤੰਗੀ ਕਰਕੇ ਅਸੀਂ ਸ਼ਾਇਦ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਾਂ। ਸਾਡੀ ਨਿਰਾਸ਼ਾ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਅਸੀਂ ਉੱਨਾ ਨਹੀਂ ਕਰ ਸਕਦੇ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ। ਜਾਂ ਜ਼ਿੰਦਗੀ ਵਿਚ ਜੋ ਵੀ ਅਸੀਂ ਉਮੀਦਾਂ ਰੱਖੀਆਂ ਸਨ ਉਨ੍ਹਾਂ ’ਤੇ ਪਾਣੀ ਫਿਰ ਗਿਆ। ਮੁਸ਼ਕਲਾਂ ਚਾਹੇ ਜੋ ਵੀ ਹੋਣ, ਪਰ ਇਹ ਨਾ ਸੋਚੋ ਕਿ ਯਹੋਵਾਹ ਨੇ ਸਾਨੂੰ ਛੱਡ ਦਿੱਤਾ ਹੈ। ਜ਼ਬੂਰ 136:23 ਦੇ ਹੌਸਲੇ ਭਰੇ ਸ਼ਬਦਾਂ ਵੱਲ ਧਿਆਨ ਦਿਓ: “ਜਿਸ ਸਾਡੇ ਮੰਦੇ ਹਾਲ ਵਿੱਚ ਸਾਨੂੰ ਚੇਤੇ ਕੀਤਾ, ਉਹ ਦੀ ਦਯਾ ਜੋ ਸਦਾ ਦੀ ਹੈ।” ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀਆਂ “ਅਰਜੋਈਆਂ ਨੂੰ ਸੁਣਦਾ ਹੈ” ਅਤੇ ਉਨ੍ਹਾਂ ਦਾ ਜਵਾਬ ਵੀ ਦਿੰਦਾ ਹੈ।ਜ਼ਬੂ. 116:1; 136:24-26.

9. ਪੌਲੁਸ ਨੇ ਪਰਮੇਸ਼ੁਰ ਨਾਲ ਆਪਣਾ ਪਿਆਰ ਕਿਵੇਂ ਬਰਕਰਾਰ ਰੱਖਿਆ?

9 ਪੌਲੁਸ ਰਸੂਲ ਪਰਮੇਸ਼ੁਰ ਦਾ ਸੇਵਕ ਸੀ। ਉਸ ਨੇ ਬੜੇ ਧਿਆਨ ਨਾਲ ਸੋਚਿਆ ਕਿ ਯਹੋਵਾਹ ਨੇ ਕਿਵੇਂ ਉਸ ਨੂੰ ਸਹਾਰਾ ਦਿੱਤਾ ਸੀ। ਇਸ ਕਰਕੇ ਉਹ ਤਕੜਾ ਰਹਿ ਸਕਿਆ। ਉਸ ਨੇ ਲਿਖਿਆ: “ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ। ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?” (ਇਬ. 13:6) ਯਹੋਵਾਹ ਉੱਤੇ ਭਰੋਸਾ ਰੱਖਣ ਕਰਕੇ ਪੌਲੁਸ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਇਆ। ਮੁਸ਼ਕਲ ਹਾਲਾਤਾਂ ਵਿਚ ਵੀ ਪੌਲੁਸ ਨੇ ਯਹੋਵਾਹ ’ਤੇ ਭਰੋਸਾ ਕਰਨਾ ਨਹੀਂ ਛੱਡਿਆ। ਜੇਲ੍ਹ ਵਿਚ ਹੁੰਦਿਆਂ ਵੀ ਉਸ ਨੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਚਿੱਠੀਆਂ ਲਿਖੀਆਂ। (ਅਫ਼. 4:1; ਫ਼ਿਲਿ. 1:7; ਫਿਲੇ. 1) ਭਾਵੇਂ ਉਸ ਨੂੰ ਕਿੰਨੀਆਂ ਹੀ ਮੁਸੀਬਤਾਂ ਝੱਲਣੀਆਂ ਪਈਆਂ, ਫਿਰ ਵੀ ਉਸ ਨੇ ਯਹੋਵਾਹ ਲਈ ਆਪਣੇ ਪਿਆਰ ਨੂੰ ਠੰਢਾ ਨਹੀਂ ਪੈਣ ਦਿੱਤਾ। ਉਸ ਨੂੰ ਭਰੋਸਾ ਸੀ ਕਿ ‘ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।’ (2 ਕੁਰਿੰ. 1:3, 4) ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਯਹੋਵਾਹ ਲਈ ਪਿਆਰ ਦਿਖਾਓ (ਪੈਰਾ 10 ਦੇਖੋ)

10. ਅਸੀਂ ਯਹੋਵਾਹ ਨਾਲ ਆਪਣਾ ਪਿਆਰ ਬਰਕਰਾਰ ਕਿਵੇਂ ਰੱਖ ਸਕਦੇ ਹਾਂ?

10 ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖਣ ਬਾਰੇ ਪੌਲੁਸ ਨੇ ਕਿਹਾ: “ਲਗਾਤਾਰ ਪ੍ਰਾਰਥਨਾ ਕਰਦੇ ਰਹੋ।” (1 ਥੱਸ. 5:17; ਰੋਮੀ. 12:12) ਪ੍ਰਾਰਥਨਾ ਕਰ ਕੇ ਅਸੀਂ ਪਰਮੇਸ਼ੁਰ ਦੇ ਹੋਰ ਨੇੜੇ ਕਿਉਂ ਜਾਂਦੇ ਹਾਂ? ਕਿਉਂਕਿ ਪ੍ਰਾਰਥਨਾ ਰਾਹੀਂ ਅਸੀਂ ਪਰਮੇਸ਼ੁਰ ਨਾਲ ਗੱਲ ਕਰ ਰਹੇ ਹੁੰਦੇ ਹਾਂ। ਇੱਦਾਂ ਕਰਨ ਨਾਲ ਸਾਡਾ ਪਰਮੇਸ਼ੁਰ ਨਾਲ ਰਿਸ਼ਤਾ ਵਧੀਆ ਬਣਦਾ ਹੈ। (ਜ਼ਬੂ. 86:3) ਜਦੋਂ ਅਸੀਂ ਆਪਣੇ ਸਵਰਗੀ ਪਿਤਾ ਅੱਗੇ ਆਪਣਾ ਦਿਲ ਖੋਲ੍ਹਦੇ ਹਾਂ, ਤਾਂ ਅਸੀਂ ਉਸ ਦੇ ਹੋਰ ਨੇੜੇ ਜਾਂਦੇ ਹਾਂ। (ਜ਼ਬੂ. 65:2) ਇਸ ਦੇ ਨਾਲ-ਨਾਲ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲਣ ’ਤੇ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੁੰਦਾ ਹੈ। ਸਾਨੂੰ ਭਰੋਸਾ ਹੈ ਕਿ “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ।” (ਜ਼ਬੂ. 145:18) ਯਹੋਵਾਹ ਦੇ ਪਿਆਰ ਅਤੇ ਸਹਾਰੇ ਕਰਕੇ ਅਸੀਂ ਨਾ ਸਿਰਫ਼ ਅੱਜ, ਸਗੋਂ ਕੱਲ੍ਹ ਦੀਆਂ ਸਮੱਸਿਆਵਾਂ ਨਾਲ ਵੀ ਨਜਿੱਠ ਸਕਾਂਗੇ।

ਬਾਈਬਲ ਦੀਆਂ ਸੱਚਾਈਆਂ ਲਈ ਪਿਆਰ

11, 12. ਬਾਈਬਲ ਦੀਆਂ ਸੱਚਾਈਆਂ ਲਈ ਅਸੀਂ ਆਪਣਾ ਪਿਆਰ ਹੋਰ ਗੂੜ੍ਹਾ ਕਿਵੇਂ ਕਰ ਸਕਦੇ ਹਾਂ?

11 ਮਸੀਹੀ ਸੱਚ ਨੂੰ ਪਿਆਰ ਕਰਦੇ ਹਨ। ਸਾਨੂੰ ਸਿਰਫ਼ ਪਰਮੇਸ਼ੁਰ ਦੇ ਬਚਨ ਵਿੱਚੋਂ ਹੀ ਸੱਚਾਈ ਮਿਲਦੀ ਹੈ। ਯਿਸੂ ਨੇ ਆਪਣੇ ਪਿਤਾ ਨੂੰ ਕਿਹਾ: “ਤੇਰਾ ਬਚਨ ਹੀ ਸੱਚਾਈ ਹੈ।” (ਯੂਹੰ. 17:17) ਬਾਈਬਲ ਦੀਆਂ ਸੱਚਾਈਆਂ ਨੂੰ ਪਿਆਰ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਜਾਣੀਏ ਕਿ ਬਾਈਬਲ ਵਿਚ ਕੀ ਦੱਸਿਆ ਗਿਆ ਹੈ। (ਕੁਲੁ. 1:10) ਪਰ ਸਾਨੂੰ ਹੋਰ ਵੀ ਕੁਝ ਕਰਨ ਦੀ ਲੋੜ ਹੈ। ਗੌਰ ਕਰੋ ਕਿ ਜ਼ਬੂਰ 119 ਦਾ ਲਿਖਾਰੀ ਸਾਨੂੰ ਕੀ ਕਰਨ ਨੂੰ ਕਹਿੰਦਾ ਹੈ। (ਜ਼ਬੂਰਾਂ ਦੀ ਪੋਥੀ 119:97-100 ਪੜ੍ਹੋ।) ਸਾਨੂੰ ਦਿਨ ਭਰ ਦੇ ਕੰਮਾਂ ਦੌਰਾਨ ਬਾਈਬਲ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਅਸੀਂ ਇਹ ਸੋਚ-ਵਿਚਾਰ ਕਰਾਂਗੇ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਬਾਈਬਲ ਦੀਆਂ ਸੱਚਾਈਆਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ, ਤਾਂ ਅਸੀਂ ਇਨ੍ਹਾਂ ਸੱਚਾਈਆਂ ਨੂੰ ਹੋਰ ਵੀ ਪਿਆਰ ਕਰਾਂਗੇ।

12 ਜ਼ਬੂਰਾਂ ਦੇ ਲਿਖਾਰੀ ਨੇ ਅੱਗੇ ਕਿਹਾ: “ਤੇਰੇ ਬਚਨ ਮੇਰੇ ਤਾਲੂ ਨੂੰ ਕੇਡੇ ਮਿੱਠੇ ਲੱਗਦੇ ਹਨ, ਸ਼ਹਿਤ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ!” (ਜ਼ਬੂ. 119:103) ਪਰਮੇਸ਼ੁਰ ਦੇ ਸੰਗਠਨ ਵੱਲੋਂ ਤਿਆਰ ਕੀਤੇ ਗਏ ਬਾਈਬਲ-ਆਧਾਰਿਤ ਪ੍ਰਕਾਸ਼ਨ ਸਾਡੇ ਲਈ ਸੁਆਦਲੇ ਭੋਜਨ ਵਾਂਗ ਹਨ। ਆਪਣਾ ਮਨਪਸੰਦ ਖਾਣਾ ਖਾਂਦਿਆਂ ਅਸੀਂ ਅਰਾਮ ਨਾਲ ਉਸ ਦਾ ਪੂਰਾ ਸੁਆਦ ਲੈਂਦੇ ਹਾਂ। ਬਿਲਕੁਲ ਉਸੇ ਤਰ੍ਹਾਂ, ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਵੇਲੇ ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ, ਸਗੋਂ ਸਾਨੂੰ ਧਿਆਨ ਨਾਲ ਅਧਿਐਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਸੱਚਾਈ ਦੀਆਂ “ਮਨ ਭਾਉਂਦੀਆਂ ਗੱਲਾਂ” ਤੋਂ ਪੂਰਾ-ਪੂਰਾ ਫ਼ਾਇਦਾ ਲੈ ਸਕਾਂਗੇ, ਇਨ੍ਹਾਂ ਨੂੰ ਯਾਦ ਰੱਖ ਸਕਾਂਗੇ ਅਤੇ ਦੂਸਰਿਆਂ ਦੀ ਮਦਦ ਵੀ ਕਰ ਸਕਾਂਗੇ।ਉਪ. 12:10.

13. ਯਿਰਮਿਯਾਹ ਪਰਮੇਸ਼ੁਰ ਦੀਆਂ ਗੱਲਾਂ ਨੂੰ ਕਿਉਂ ਪਿਆਰ ਕਰਦਾ ਸੀ? ਇਸ ਦਾ ਉਸ ’ਤੇ ਕੀ ਅਸਰ ਪਿਆ?

13 ਯਿਰਮਿਯਾਹ ਨਬੀ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਨੂੰ ਪਿਆਰ ਕਰਦਾ ਸੀ। ਉਸ ਨੇ ਕਿਹਾ: “ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਨ੍ਹਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ।” (ਯਿਰ. 15:16) ਯਿਰਮਿਯਾਹ ਨੇ ਪਰਮੇਸ਼ੁਰ ਦੀਆਂ ਅਨਮੋਲ ਗੱਲਾਂ ’ਤੇ ਬੜੇ ਧਿਆਨ ਨਾਲ ਸੋਚ-ਵਿਚਾਰ ਕੀਤਾ ਅਤੇ ਉਸ ਲਈ ਇਹ ਗੱਲਾਂ ਬਹੁਤ ਮਾਅਨੇ ਰੱਖਦੀਆਂ ਸਨ। ਉਸ ਨੂੰ ਮਾਣ ਸੀ ਕਿ ਉਹ ਯਹੋਵਾਹ ਦਾ ਸੇਵਕ ਅਤੇ ਪ੍ਰਚਾਰਕ ਸੀ। ਜੇ ਅਸੀਂ ਬਾਈਬਲ ਦੀਆਂ ਸੱਚਾਈਆਂ ਨੂੰ ਪਿਆਰ ਕਰਾਂਗੇ, ਤਾਂ ਸਾਨੂੰ ਅਹਿਸਾਸ ਹੋਵੇਗਾ ਕਿ ਯਹੋਵਾਹ ਦੇ ਗਵਾਹ ਹੋਣਾ ਅਤੇ ਆਖ਼ਰੀ ਦਿਨਾਂ ਵਿਚ ਰਾਜ ਦਾ ਪ੍ਰਚਾਰ ਕਰਨਾ ਸਾਡੇ ਲਈ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ।

ਬਾਈਬਲ ਦੀਆਂ ਸੱਚਾਈਆਂ ਲਈ ਪਿਆਰ ਦਿਖਾਓ (ਪੈਰਾ 14 ਦੇਖੋ)

14. ਬਾਈਬਲ ਦੀਆਂ ਸੱਚਾਈਆਂ ਲਈ ਆਪਣਾ ਪਿਆਰ ਗੂੜ੍ਹਾ ਕਰਨ ਲਈ ਅਸੀਂ ਹੋਰ ਕੀ ਕਰ ਸਕਦੇ ਹਾਂ?

14 ਬਾਈਬਲ ਦੀਆਂ ਸੱਚਾਈਆਂ ਲਈ ਆਪਣਾ ਪਿਆਰ ਹੋਰ ਗੂੜ੍ਹਾ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਬਾਕਾਇਦਾ ਸਭਾਵਾਂ ਵਿਚ ਜਾਣਾ ਚਾਹੀਦਾ ਹੈ। ਹਰ ਹਫ਼ਤੇ ਅਸੀਂ ਪਹਿਰਾਬੁਰਜ ਰਾਹੀਂ ਬਾਈਬਲ ਦੀ ਸਟੱਡੀ ਕਰਦੇ ਹਾਂ। ਪਰਮੇਸ਼ੁਰ ਦਾ ਗਿਆਨ ਹਾਸਲ ਕਰਨ ਦਾ ਇਹ ਮੁੱਖ ਜ਼ਰੀਆ ਹੈ। ਜੇ ਅਸੀਂ ਇਸ ਸਭਾ ਤੋਂ ਪੂਰਾ ਫ਼ਾਇਦਾ ਲੈਣਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਤੋਂ ਹੀ ਤਿਆਰੀ ਕਰ ਕੇ ਜਾਈਏ। ਮਿਸਾਲ ਲਈ, ਅਸੀਂ ਲੇਖ ਵਿਚ ਦਿੱਤੀਆਂ ਸਾਰੀਆਂ ਆਇਤਾਂ ਪੜ੍ਹ ਸਕਦੇ ਹਾਂ। ਅੱਜ ਬਹੁਤ ਸਾਰੇ ਲੋਕ ਆਸਾਨੀ ਨਾਲ ਪਹਿਰਾਬੁਰਜ ਨੂੰ ਡਾਊਨਲੋਡ ਕਰ ਕੇ ਪੜ੍ਹ ਸਕਦੇ ਹਨ। ਅੱਜ ਇਹ ਰਸਾਲਾ jw.org ਅਤੇ JW ਲਾਇਬ੍ਰੇਰੀ ਐਪ ’ਤੇ ਕਈ ਭਾਸ਼ਾਵਾਂ ਵਿਚ ਉਪਲਬਧ ਹੈ। ਇਸ ਰਸਾਲੇ ਨੂੰ ਅਲੱਗ-ਅਲੱਗ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ। ਕੁਝ ਇਸ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਆਇਤਾਂ ਸਿੱਧੀਆਂ ਖੋਲ੍ਹ ਕੇ ਪੜ੍ਹੀਆਂ ਜਾ ਸਕਦੀਆਂ ਹਨ। ਚਾਹੇ ਅਸੀਂ ਛਪੇ ਹੋਏ ਰਸਾਲੇ ਤੋਂ ਸਟੱਡੀ ਕਰੀਏ ਜਾਂ ਕੋਈ ਹੋਰ ਤਰੀਕੇ ਨਾਲ, ਪਰ ਜ਼ਰੂਰੀ ਹੈ ਕਿ ਅਸੀਂ ਬਾਈਬਲ ਦੀਆਂ ਆਇਤਾਂ ਨੂੰ ਧਿਆਨ ਨਾਲ ਪੜ੍ਹੀਏ ਅਤੇ ਇਨ੍ਹਾਂ ਉੱਤੇ ਸੋਚ-ਵਿਚਾਰ ਕਰੀਏ। ਇੱਦਾਂ ਕਰਨ ਨਾਲ ਬਾਈਬਲ ਦੀਆਂ ਸੱਚਾਈਆਂ ਲਈ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੋਵੇਗਾ।ਜ਼ਬੂਰਾਂ ਦੀ ਪੋਥੀ 1:2 ਪੜ੍ਹੋ।

ਭੈਣਾਂ-ਭਰਾਵਾਂ ਲਈ ਪਿਆਰ

15, 16. (ੳ) ਯੂਹੰਨਾ 13:34, 35 ਵਿਚ ਯਿਸੂ ਨੇ ਸਾਨੂੰ ਕਿਹੜਾ ਹੁਕਮ ਦਿੱਤਾ ਹੈ? (ਅ) ਪਰਮੇਸ਼ੁਰ ਅਤੇ ਬਾਈਬਲ ਨੂੰ ਪਿਆਰ ਕਰਨ ਦਾ ਮਤਲਬ ਭੈਣਾਂ-ਭਰਾਵਾਂ ਨੂੰ ਪਿਆਰ ਕਰਨਾ ਕਿਉਂ ਹੈ?

15 ਧਰਤੀ ’ਤੇ ਆਪਣੀ ਆਖ਼ਰੀ ਰਾਤ ਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ। ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”ਯੂਹੰ. 13:34, 35.

16 ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨ ਦਾ ਸੰਬੰਧ ਯਹੋਵਾਹ ਨੂੰ ਪਿਆਰ ਕਰਨ ਨਾਲ ਹੈ। ਜੇ ਅਸੀਂ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦੇ, ਤਾਂ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ। ਨਾਲੇ ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਨਹੀਂ ਕਰਦੇ, ਤਾਂ ਅਸੀਂ ਇਹ ਵੀ ਕਿੱਦਾਂ ਕਹਿ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ। ਯੂਹੰਨਾ ਰਸੂਲ ਨੇ ਲਿਖਿਆ: “ਜਿਹੜਾ ਆਪਣੇ ਭਰਾ ਨਾਲ ਪਿਆਰ ਨਹੀਂ ਕਰਦਾ ਜਿਸ ਨੂੰ ਉਸ ਨੇ ਦੇਖਿਆ ਹੈ, ਉਹ ਪਰਮੇਸ਼ੁਰ ਨਾਲ ਪਿਆਰ ਨਹੀਂ ਕਰ ਸਕਦਾ ਜਿਸ ਨੂੰ ਉਸ ਨੇ ਕਦੇ ਦੇਖਿਆ ਹੀ ਨਹੀਂ।” (1 ਯੂਹੰ. 4:20) ਯਹੋਵਾਹ ਅਤੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨ ਦਾ ਇਹ ਵੀ ਮਤਲਬ ਹੈ ਕਿ ਅਸੀਂ ਬਾਈਬਲ ਨੂੰ ਪਿਆਰ ਕਰਦੇ ਹਾਂ। ਕਿਉਂ? ਕਿਉਂਕਿ ਬਾਈਬਲ ਦੀਆਂ ਸੱਚਾਈਆਂ ਲਈ ਪਿਆਰ ਹੋਣ ਕਰਕੇ ਅਸੀਂ ਯਹੋਵਾਹ ਅਤੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨ ਦਾ ਹੁਕਮ ਮੰਨਦੇ ਹਾਂ।1 ਪਤ. 1:22; 1 ਯੂਹੰ. 4:21.

ਭੈਣਾਂ-ਭਰਾਵਾਂ ਲਈ ਪਿਆਰ ਦਿਖਾਓ (ਪੈਰਾ 17 ਦੇਖੋ)

17. ਅਸੀਂ ਕਿਨ੍ਹਾਂ ਤਰੀਕਿਆਂ ਰਾਹੀਂ ਪਿਆਰ ਦਿਖਾ ਸਕਦੇ ਹਾਂ?

17 ਪਹਿਲਾ ਥੱਸਲੁਨੀਕੀਆਂ 4:9, 10 ਪੜ੍ਹੋ। ਅਸੀਂ ਕਿਨ੍ਹਾਂ ਤਰੀਕਿਆਂ ਨਾਲ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾ ਸਕਦੇ ਹਾਂ? ਇਕ ਬਜ਼ੁਰਗ ਭੈਣ ਜਾਂ ਭਰਾ ਨੂੰ ਸਭਾਵਾਂ ਵਿਚ ਜਾਣ ਲਈ ਸ਼ਾਇਦ ਮਦਦ ਦੀ ਲੋੜ ਹੋਵੇ। ਇਕ ਵਿਧਵਾ ਭੈਣ ਨੂੰ ਸ਼ਾਇਦ ਆਪਣੇ ਘਰ ਵਿਚ ਮੁਰੰਮਤ ਕਰਨ ਲਈ ਕਿਸੇ ਦੀ ਮਦਦ ਦੀ ਲੋੜ ਹੋਵੇ। (ਯਾਕੂ. 1:27) ਜਿਹੜੇ ਭੈਣ-ਭਰਾ ਨਿਰਾਸ਼, ਦੁਖੀ ਜਾਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਨ ਉਨ੍ਹਾਂ ਨੂੰ ਸਾਡੇ ਹੌਸਲੇ ਅਤੇ ਦਿਲਾਸੇ ਦੀ ਲੋੜ ਹੈ। (ਕਹਾ. 12:25; ਕੁਲੁ. 4:11) ਅਸੀਂ ਆਪਣੀ ਕਹਿਣੀ ਅਤੇ ਕਰਨੀ ਰਾਹੀਂ ਦਿਖਾ ਸਕਦੇ ਹਾਂ ਕਿ ਅਸੀਂ ‘ਮਸੀਹੀ ਭੈਣਾਂ-ਭਰਾਵਾਂ’ ਨੂੰ ਪਿਆਰ ਕਰਦੇ ਹਾਂ।ਗਲਾ. 6:10.

18. ਅਸੀਂ ਭੈਣਾਂ-ਭਰਾਵਾਂ ਨਾਲ ਹੋਈ ਅਣਬਣ ਨੂੰ ਕਿਵੇਂ ਸੁਲਝਾ ਸਕਦੇ ਹਾਂ?

18 ਬਾਈਬਲ ਦੱਸਦੀ ਹੈ ਕਿ ਇਸ ਦੁਸ਼ਟ ਦੁਨੀਆਂ ਦੇ ‘ਆਖ਼ਰੀ ਦਿਨਾਂ’ ਵਿਚ ਬਹੁਤ ਸਾਰੇ ਲੋਕ ਸੁਆਰਥੀ ਅਤੇ ਲਾਲਚੀ ਹੋਣਗੇ। (2 ਤਿਮੋ. 3:1, 2) ਪਰਮੇਸ਼ੁਰ, ਉਸ ਦੇ ਬਚਨ ਅਤੇ ਭੈਣਾਂ-ਭਰਾਵਾਂ ਲਈ ਆਪਣਾ ਪਿਆਰ ਗੂੜ੍ਹਾ ਕਰਨ ਲਈ ਸਾਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਅਸੀਂ ਪਾਪੀ ਹਾਂ, ਇਸ ਲਈ ਕਦੇ-ਕਦੇ ਸਾਡੇ ਵਿਚ ਮਾੜੀ-ਮੋਟੀ ਅਣਬਣ ਹੋ ਜਾਂਦੀ ਹੈ। ਪਰ ਇਕ-ਦੂਜੇ ਲਈ ਪਿਆਰ ਹੋਣ ਕਰਕੇ ਅਸੀਂ ਛੇਤੀ ਤੋਂ ਛੇਤੀ ਅਤੇ ਸ਼ਾਂਤੀ ਨਾਲ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ। (ਅਫ਼. 4:32; ਕੁਲੁ. 3:14) ਆਪਣੇ ਪਿਆਰ ਨੂੰ ਕਦੇ ਨਾ ਠੰਢਾ ਪੈਣ ਦਿਓ। ਇਸ ਦੀ ਬਜਾਇ ਯਹੋਵਾਹ, ਉਸ ਦੇ ਬਚਨ ਅਤੇ ਭੈਣਾਂ-ਭਰਾਵਾਂ ਲਈ ਆਪਣੇ ਪਿਆਰ ਨੂੰ ਗੂੜ੍ਹਾ ਕਰਦੇ ਰਹੋ।