Skip to content

Skip to table of contents

“ਮੁਬਾਰਕ ਤੇਰੀ ਮੱਤ”

“ਮੁਬਾਰਕ ਤੇਰੀ ਮੱਤ”

ਇਹ ਸ਼ਬਦ ਪੁਰਾਣੇ ਸਮੇਂ ਦੇ ਰਾਜੇ ਦਾਊਦ ਨੇ ਅਬੀਗੈਲ ਨੂੰ ਕਹੇ ਸਨ। ਇਹ ਔਰਤ ਵਾਕਈ ਤਾਰੀਫ਼ ਦੇ ਲਾਇਕ ਸੀ। ਪਰ ਦਾਊਦ ਨੇ ਉਸ ਦੀ ਤਾਰੀਫ਼ ਕਿਉਂ ਕੀਤੀ? ਅਸੀਂ ਅਬੀਗੈਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

ਦਾਊਦ ਆਪਣੀ ਜਾਨ ਬਚਾਉਣ ਲਈ ਸ਼ਾਊਲ ਤੋਂ ਭੱਜ ਰਿਹਾ ਸੀ। ਉਸ ਸਮੇਂ ਦੌਰਾਨ ਉਸ ਦੀ ਮੁਲਾਕਾਤ ਅਬੀਗੈਲ ਨਾਲ ਹੋਈ। ਅਬੀਗੈਲ ਨਾਬਾਲ ਨਾਲ ਵਿਆਹੀ ਹੋਈ ਸੀ। ਨਾਬਾਲ ਆਦਮੀ ਬਹੁਤ ਅਮੀਰ ਸੀ ਅਤੇ ਉਸ ਕੋਲ ਬਹੁਤ ਸਾਰੀਆਂ ਭੇਡਾਂ ਸਨ। ਉਸ ਦੇ ਨੌਕਰ ਯਹੂਦਾ ਦੇ ਦੱਖਣੀ ਇਲਾਕੇ ਦੇ ਪਹਾੜਾਂ ’ਤੇ ਭੇਡਾਂ ਚਾਰਦੇ ਸੀ। ਦਾਊਦ ਅਤੇ ਉਸ ਦੇ ਆਦਮੀ ਨਾਬਾਲ ਦੀਆਂ ਭੇਡਾਂ ਤੇ ਨੌਕਰਾਂ ਦੇ ਆਲੇ-ਦੁਆਲੇ ਇਕ “ਕੰਧ” ਵਾਂਗ ਸਨ। ਬਾਅਦ ਵਿਚ ਦਾਊਦ ਨੇ ਆਪਣੇ ਬੰਦਿਆਂ ਨੂੰ ਨਾਬਾਲ ਕੋਲ ਮਦਦ ਮੰਗਣ ਲਈ ਭੇਜਿਆ ਕਿ ਉਹ ਉਨ੍ਹਾਂ ਨੂੰ ਕੁਝ ਖਾਣ ਲਈ ਦੇਵੇ। ਉਸ ਦੇ ਬੰਦਿਆਂ ਨੇ ਨਾਬਾਲ ਨੂੰ ਆਦਰ ਦਿਖਾਉਂਦੇ ਹੋਏ ਕਿਹਾ: “ਜੋ ਕੁਝ ਤੇਰੇ ਹੱਥ ਆਵੇ ਆਪਣੇ ਟਹਿਲੂਆਂ ਨੂੰ ਅਤੇ ਆਪਣੇ ਪੁੱਤ੍ਰ ਦਾਊਦ ਨੂੰ ਬਖ਼ਸ਼ ਦੇਹ।” (1 ਸਮੂ. 25:8, 15, 16) ਕੀ ਦਾਊਦ ਉਸ ਤੋਂ ਕੁਝ ਜ਼ਿਆਦਾ ਮੰਗ ਰਿਹਾ ਸੀ? ਬਿਲਕੁਲ ਨਹੀਂ। ਦਾਊਦ ਅਤੇ ਉਸ ਦੇ ਆਦਮੀਆਂ ਨੇ ਨਾਬਾਲ ਦੀਆਂ ਭੇਡਾਂ ਅਤੇ ਨੌਕਰਾ ਦੀ ਰਾਖੀ ਕਰਨ ਲਈ ਬਹੁਤ ਕੁਝ ਕੀਤਾ ਸੀ।

ਨਾਬਾਲ ਦੇ ਨਾਂ ਦਾ ਮਤਲਬ ਹੈ “ਮੂਰਖ” ਜਾਂ “ਬੇਅਕਲ।” ਉਹ ਸੱਚੀ ਮੂਰਖ ਸੀ। ਉਸ ਨੇ ਦਾਊਦ ਦੇ ਬੰਦਿਆਂ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਨਾਬਾਲ ਦੀ ਇੰਨੀ ਹਿੰਮਤ! ਹੁਣ ਉਹ ਦਾਊਦ ਹੱਥੋਂ ਨਹੀਂ ਬਚ ਸਕਦਾ ਸੀ। ਨਾਬਾਲ ਦੀ ਬੇਵਕੂਫ਼ੀ ਕਰਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬੁਰਾ ਅੰਜਾਮ ਭੁਗਤਣਾ ਪੈਣਾ ਸੀ।1 ਸਮੂ. 25:2-13, 21, 22.

ਆਪਣੇ ਘਰ ’ਤੇ ਆਉਣ ਵਾਲੀ ਬਿਪਤਾ ਬਾਰੇ ਜਾਣ ਕੇ ਅਬੀਗੈਲ ਨੇ ਬਿਨਾਂ ਦੇਰ ਕੀਤਿਆਂ ਦਲੇਰੀ ਨਾਲ ਕਦਮ ਚੁੱਕਿਆ। ਉਹ ਜਾਣਦੀ ਸੀ ਕਿ ਦਾਊਦ ਲਈ ਪਰਮੇਸ਼ੁਰ ਨਾਲ ਉਸ ਰਿਸ਼ਤਾ ਬਹੁਤ ਕੀਮਤੀ ਸੀ ਅਤੇ ਉਹ ਪਰਮੇਸ਼ੁਰ ਵੱਲੋਂ ਚੁਣਿਆ ਅਗਲਾ ਰਾਜਾ ਸੀ। ਇਸ ਲਈ ਅਬੀਗੈਲ ਨੇ ਦਾਊਦ ਨੂੰ ਪਰਮੇਸ਼ੁਰ ਦਾ ਵਾਸਤਾ ਦਿੰਦਿਆਂ ਬੇਨਤੀ ਕੀਤੀ। ਉਹ ਖੁੱਲ੍ਹੇ ਦਿਲ ਨਾਲ ਦਾਊਦ ਅਤੇ ਉਸ ਦੇ ਆਦਮੀਆਂ ਲਈ ਭੋਜਨ ਲੈ ਕੇ ਗਈ। ਦਾਊਦ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਹੀ ਅਬੀਗੈਲ ਰਾਹੀਂ ਉਸ ਨੂੰ ਖ਼ੂਨ ਵਹਾਉਣ ਤੋਂ ਰੋਕਿਆ ਸੀ। ਦਾਊਦ ਨੇ ਅਬੀਗੈਲ ਨੂੰ ਕਿਹਾ: “ਮੁਬਾਰਕ ਤੇਰੀ ਮੱਤ ਅਤੇ ਮੁਬਾਰਕ ਤੂੰ ਹੈਂ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਹਟਾਇਆ।”1 ਸਮੂ. 25:18, 19, 23-35.

ਇਸ ਬਿਰਤਾਂਤ ਨੂੰ ਪੜ੍ਹ ਕੇ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਨਾਬਾਲ ਵਰਗਾ ਅਹਿਸਾਨ-ਫ਼ਰਾਮੋਸ਼ ਨਹੀਂ ਬਣਨਾ ਚਾਹੇਗਾ। ਅਸੀਂ ਹੋਰ ਕੀ ਸਿੱਖਦੇ ਹਾਂ? ਜੇ ਅਸੀਂ ਦੇਖਦੇ ਹਾਂ ਕਿ ਹਾਲਾਤ ਵਿਗੜਨ ਵਾਲੇ ਹਨ, ਤਾਂ ਕੀ ਅਸੀਂ ਅਬੀਗੈਲ ਦੀ ਰੀਸ ਕਰਦਿਆਂ ਜਲਦੀ ਹੀ ਕਦਮ ਨਹੀਂ ਚੁੱਕਾਂਗੇ? ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਪਰਮੇਸ਼ੁਰ ਨੂੰ ਕਹਾਂਗੇ: “ਮੈਨੂੰ ਚੰਗਾ ਬਿਬੇਕ ਤੇ ਗਿਆਨ ਸਿਖਲਾ।”ਜ਼ਬੂ. 119:66.

ਸ਼ਾਇਦ ਦੂਸਰੇ ਸਾਡੇ ਕੰਮਾਂ ਨੂੰ ਦੇਖ ਕੇ ਸਾਡੀ ਤਾਰੀਫ਼ ਕਰਨ ਕਿ ਅਸੀਂ ਕਿੰਨੇ ਸਮਝਦਾਰ ਹਾਂ। ਚਾਹੇ ਉਹ ਸਾਨੂੰ ਬੋਲ ਕੇ ਦੱਸਣ ਜਾਂ ਨਹੀਂ, ਪਰ ਉਹ ਸ਼ਾਇਦ ਸਾਡੇ ਬਾਰੇ ਦਾਊਦ ਵਾਂਗ ਸੋਚਣ ਜਿਸ ਨੇ ਕਿਹਾ: “ਮੁਬਾਰਕ ਤੇਰੀ ਮੱਤ।”