Skip to content

Skip to table of contents

“ਰੋਣ ਵਾਲੇ ਲੋਕਾਂ ਨਾਲ ਰੋਵੋ”

“ਰੋਣ ਵਾਲੇ ਲੋਕਾਂ ਨਾਲ ਰੋਵੋ”

“ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ।”​—1 ਥੱਸ. 5:11.

ਗੀਤ: 53, 28

1, 2. ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦੇਣ ਬਾਰੇ ਅਸੀਂ ਚਰਚਾ ਕਿਉਂ ਕਰਾਂਗੇ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਸੂਸੀ ਨਾਂ ਦੀ ਭੈਣ ਦੱਸਦੀ ਹੈ: “ਸਾਡੇ ਮੁੰਡੇ ਦੀ ਮੌਤ ਕਰਕੇ ਸਾਨੂੰ ਇੰਨੀ ਗਹਿਰੀ ਸੱਟ ਲੱਗੀ ਕਿ ਇਕ ਸਾਲ ਬਾਅਦ ਵੀ ਸਾਡੇ ਹੰਝੂ ਨਹੀਂ ਸੀ ਸੁੱਕੇ।” ਇਕ ਭਰਾ ਜਿਸ ਦੀ ਪਤਨੀ ਦੀ ਅਚਾਨਕ ਮੌਤ ਹੋ ਗਈ ਸੀ ਦੱਸਦਾ ਹੈ: “ਮੈਨੂੰ ਆਪਣੀ ਪਤਨੀ ਦੀ ਮੌਤ ਦਾ ਇੰਨਾ ਜ਼ਿਆਦਾ ਦੁੱਖ ਲੱਗਾ ਜਿੱਦਾਂ ਕਿਸੇ ਨੇ ਸੱਚ-ਮੁੱਚ ਹੀ ਮੇਰਾ ਕਲੇਜਾ ਵਿੰਨ੍ਹ ਦਿੱਤਾ ਹੋਵੇ।” ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੇ ਦਰਦ ਵਿੱਚੋਂ ਗੁਜ਼ਰਨਾ ਪੈਂਦਾ ਹੈ। ਅੱਜ ਬਹੁਤ ਸਾਰੇ ਭੈਣ-ਭਰਾ ਹਨ ਜਿਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਆਰਮਾਗੇਡਨ ਆਉਣ ਤੋਂ ਪਹਿਲਾਂ ਉਹ ਆਪਣੇ ਪਿਆਰਿਆਂ ਤੋਂ ਵਿੱਛੜ ਜਾਣਗੇ। ਸ਼ਾਇਦ ਤੁਹਾਡਾ ਕੋਈ ਪਿਆਰਾ ਮੌਤ ਦੀ ਨੀਂਦ ਸੌਂ ਗਿਆ ਹੈ ਜਾਂ ਤੁਸੀਂ ਕਿਸੇ ਸੋਗ ਮਨਾਉਣ ਵਾਲੇ ਨੂੰ ਜਾਣਦੇ ਹੋ। ਜੇ ਇੱਦਾਂ ਹੈ, ਤਾਂ ਤੁਸੀਂ ਸ਼ਾਇਦ ਸੋਚੋ ਕਿ ‘ਸੋਗ ਮਨਾਉਣ ਵਾਲਿਆਂ ਨੂੰ ਕਿੱਥੋਂ ਦਿਲਾਸਾ ਮਿਲ ਸਕਦਾ ਹੈ?’

2 ਕੁਝ ਲੋਕ ਕਹਿੰਦੇ ਹਨ ਕਿ ਸਮਾਂ ਜ਼ਖ਼ਮਾਂ ਨੂੰ ਭਰ ਦਿੰਦਾ ਹੈ। ਪਰ ਕੀ ਸਾਰਿਆਂ ਨਾਲ ਇਸ ਤਰ੍ਹਾਂ ਹੁੰਦਾ ਹੈ? ਇਕ ਵਿਧਵਾ ਦੱਸਦੀ ਹੈ: “ਕਈਆਂ ਲਈ ਇਹ ਗੱਲ ਸੱਚ ਹੋਵੇਗੀ। ਪਰ ਮੈਂ ਦੇਖਿਆ ਹੈ ਕਿ ਜੇ ਅਸੀਂ ਸਮੇਂ ਦੀ ਚੰਗੀ ਵਰਤੋਂ ਕਰਦੇ ਹਾਂ, ਤਾਂ ਗਮ ਵਿੱਚੋਂ ਨਿਕਲਣ ਵਿਚ ਸਾਡੀ ਮਦਦ ਹੋਵੇਗੀ।” ਸਰੀਰ ਦੀ ਸੱਟ ਮਲ੍ਹਮ-ਪੱਟੀ ਕਰਨ, ਖ਼ਿਆਲ ਰੱਖਣ ਅਤੇ ਸਮੇਂ ਦੇ ਬੀਤਣ ਨਾਲ ਠੀਕ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਸਾਡੇ ਦਿਲਾਂ ਦੇ ਜ਼ਖ਼ਮ ਪਿਆਰ ਦੀ ਮਲ੍ਹਮ-ਪੱਟੀ ਅਤੇ ਸਮੇਂ ਦੀ ਬੀਤਣ ਨਾਲ ਠੀਕ ਹੋ ਸਕਦੇ ਹਨ। ਪਰ ਖ਼ਾਸ ਕਰਕੇ ਉਹ ਕਿਹੜੀਆਂ ਗੱਲਾਂ ਹਨ ਜਿਸ ਨਾਲ ਸੋਗ ਮਨਾਉਣ ਵਾਲਿਆਂ ਦੇ ਦਰਦ ਨੂੰ ਘਟਾਇਆ ਜਾ ਸਕਦਾ ਹੈ?

ਯਹੋਵਾਹ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ”

3, 4. ਅਸੀਂ ਕਿਉਂ ਭਰੋਸਾ ਰੱਖਦੇ ਹਾਂ ਕਿ ਯਹੋਵਾਹ ਸਾਡੇ ਦਰਦ ਨੂੰ ਸਮਝਦਾ ਹੈ?

3 ਯਹੋਵਾਹ ਸਾਡਾ ਦਇਆਵਾਨ ਪਿਤਾ ਹੈ ਇਸ ਕਰਕੇ ਉਸ ਵਰਗਾ ਦਿਲਾਸਾ ਹੋਰ ਕਈ ਨਹੀਂ ਦੇ ਸਕਦਾ। ਉਹ ਲੋੜ ਪੈਣ ’ਤੇ ਸਾਨੂੰ ਹਮੇਸ਼ਾ ਦਿਲਾਸਾ ਦਿੰਦਾ ਹੈ। (2 ਕੁਰਿੰਥੀਆਂ 1:3, 4 ਪੜ੍ਹੋ।) ਜਿੱਦਾਂ ਯਹੋਵਾਹ ਸਾਡੇ ਨਾਲ ਹਮਦਰਦੀ ਨਾਲ ਪੇਸ਼ ਆਉਂਦਾ, ਉੱਦਾਂ ਕੋਈ ਵੀ ਨਹੀਂ ਪੇਸ਼ ਆ ਸਕਦਾ। ਉਸ ਨੇ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ “ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ।”​—ਯਸਾ. 51:12; ਜ਼ਬੂ. 119:50, 52, 76.

4 ਸਾਡੇ ਪਿਆਰੇ ਪਿਤਾ ਨੇ ਵੀ ਆਪਣੇ ਅਜ਼ੀਜ਼ਾਂ ਦੀ ਮੌਤ ਦਾ ਗਮ ਸਹਿਆ ਹੈ। ਉਸ ਨੇ ਅਬਰਾਹਾਮ, ਇਸਹਾਕ, ਯਾਕੂਬ, ਮੂਸਾ ਅਤੇ ਰਾਜਾ ਦਾਊਦ ਵਰਗੇ ਸੇਵਕਾਂ ਨੂੰ ਖੋਹਿਆ ਹੈ। (ਗਿਣ. 12:6-8; ਮੱਤੀ 22:31, 32; ਰਸੂ. 13:22) ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਜੀਉਂਦਾ ਕਰਨ ਲਈ ਤਰਸਦਾ ਹੈ। (ਅੱਯੂ. 14:14, 15) ਉਸ ਵੇਲੇ ਉਸ ਦੇ ਸਾਰੇ ਸੇਵਕ ਖ਼ੁਸ਼ ਹੋਣਗੇ ਅਤੇ ਹਮੇਸ਼ਾ ਚੰਗੀ ਸਹਿਤ ਦਾ ਆਨੰਦ ਮਾਣਨਗੇ। ਯਹੋਵਾਹ ਨੇ ਆਪਣੇ ਜੇਠੇ ਪੁੱਤਰ ਦੀ ਮੌਤ ਦਾ ਗਮ ਵੀ ਸਹਿਆ ਹੈ। ਬਾਈਬਲ ਕਹਿੰਦੀ ਹੈ ਕਿ ਯਿਸੂ ਪਰਮੇਸ਼ੁਰ ਦਾ “ਪਿਆਰਾ ਪੁੱਤਰ ਹੈ।” (ਮੱਤੀ 3:17) ਅਸੀਂ ਸੋਚ ਵੀ ਨਹੀਂ ਸਕਦੇ ਕਿ ਯਹੋਵਾਹ ਉੱਤੇ ਕੀ ਬੀਤੀ ਸੀ ਜਦੋਂ ਉਸ ਨੇ ਆਪਣੇ ਪਿਆਰੇ ਪੁੱਤਰ ਨੂੰ ਦਰਦਨਾਕ ਮੌਤ ਮਰਦੇ ਦੇਖਿਆ ਸੀ।​—ਯੂਹੰ. 5:20; 10:17.

5, 6. ਯਹੋਵਾਹ ਸਾਨੂੰ ਕਿਵੇਂ ਦਿਲਾਸਾ ਦਿੰਦਾ ਹੈ?

5 ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਸਾਡੀ ਮਦਦ ਕਰੇਗਾ। ਇਸ ਲਈ ਅਸੀਂ ਬੇਝਿਜਕ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਅਸੀਂ ਉਸ ਨੂੰ ਆਪਣੀਆਂ ਡੂੰਘੀਆਂ ਭਾਵਨਾਵਾਂ ਤੇ ਗਹਿਰੇ ਜਜ਼ਬਾਤ ਦੱਸ ਸਕਦੇ ਹਾਂ। ਇਹ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਸਾਡੀਆਂ ਭਾਵਨਾਵਾਂ ਸਮਝਦਾ ਹੈ ਅਤੇ ਮਾੜੇ ਸਮਿਆਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ। ਪਰ ਉਹ ਇਹ ਕਿਵੇਂ ਕਰਦਾ ਹੈ?

6 ਯਹੋਵਾਹ ਕਈ ਤਰੀਕਿਆਂ ਨਾਲ ਸਾਨੂੰ ਦਿਲਾਸਾ ਦਿੰਦਾ ਹੈ। ਉਨ੍ਹਾਂ ਵਿੱਚੋਂ ਇਕ ਹੈ ਆਪਣੀ ਪਵਿੱਤਰ ਸ਼ਕਤੀ ਰਾਹੀਂ। (ਰਸੂ. 9:31) ਯਿਸੂ ਨੇ ਵਾਅਦਾ ਕੀਤਾ ਸੀ ਕਿ ਸਾਡਾ ਪਿਤਾ ‘ਮੰਗਣ ਤੇ ਸਾਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ!’ (ਲੂਕਾ 11:13) ਸੂਸੀ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ ਕਹਿੰਦੀ ਹੈ: “ਕਿੰਨੀ ਵਾਰੀ ਇਸ ਤਰ੍ਹਾਂ ਹੋਇਆ ਜਦੋਂ ਸਾਡੀ ਬੱਸ ਹੋਈ ਹੁੰਦੀ ਸੀ ਅਤੇ ਅਸੀਂ ਯਹੋਵਾਹ ਦੇ ਅੱਗੇ ਡਿਗ ਕੇ ਦਿਲਾਸੇ ਲਈ ਤਰਲੇ ਕਰਦੇ ਸੀ। ਇਨ੍ਹਾਂ ਮੌਕਿਆਂ ’ਤੇ ਪਰਮੇਸ਼ੁਰ ਦੀ ਸ਼ਾਂਤੀ ਨੇ ਸਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕੀਤੀ।”​—ਫ਼ਿਲਿੱਪੀਆਂ 4:6, 7 ਪੜ੍ਹੋ।

ਯਿਸੂ ਵੀ ਸਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ

7, 8. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਿਸੂ ਸਾਨੂੰ ਜ਼ਰੂਰ ਦਿਲਾਸਾ ਦੇਵੇਗਾ?

7 ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਆਪਣੀ ਬੋਲੀ ਅਤੇ ਕੰਮਾਂ ਤੋਂ ਦਿਖਾਇਆ ਕਿ ਉਹ ਹੂ-ਬਹੂ ਆਪਣੇ ਸਵਰਗੀ ਪਿਤਾ ਵਰਗਾ ਸੀ। (ਯੂਹੰ. 5:19) ਯਹੋਵਾਹ ਨੇ ਯਿਸੂ ਨੂੰ ਧਰਤੀ ’ਤੇ “ਟੁੱਟੇ ਦਿਲ ਵਾਲਿਆਂ” ਅਤੇ “ਸੋਗੀਆਂ” ਨੂੰ ਦਿਲਾਸਾ ਦੇਣ ਲਈ ਭੇਜਿਆ ਸੀ। (ਯਸਾ. 61:1, 2; ਲੂਕਾ 4:17-21) ਲੋਕ ਜਾਣਦੇ ਸੀ ਕਿ ਯਿਸੂ ਉਨ੍ਹਾਂ ਦੇ ਦੁੱਖਾਂ ਨੂੰ ਸਮਝਦਾ ਸੀ ਅਤੇ ਉਹ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ।​—ਇਬ. 2:17.

8 ਜਦੋਂ ਯਿਸੂ ਨੌਜਵਾਨ ਸੀ, ਤਾਂ ਉਸ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਰਦੇ ਦੇਖਿਆ ਹੋਣਾ। ਮਿਸਾਲ ਲਈ, ਯਿਸੂ ਦੇ ਪਿਤਾ ਯੂਸੁਫ਼ ਦੀ ਮੌਤ ਸ਼ਾਇਦ ਉਦੋਂ ਹੋ ਗਈ ਹੋਣੀ ਜਦੋਂ ਯਿਸੂ ਹਾਲੇ ਨੌਜਵਾਨ ਹੀ ਸੀ। * ਸੋਚੋ, ਇਸ ਹਮਦਰਦ ਨੌਜਵਾਨ ਲਈ ਇਸ ਦੁੱਖ ਨੂੰ ਸਹਿਣਾ ਕਿੰਨਾ ਔਖਾ ਹੋਇਆ ਹੋਣਾ। ਉਸ ਲਈ ਆਪਣੀ ਮਾਂ ਤੇ ਆਪਣੇ ਭੈਣਾਂ-ਭਰਾਵਾਂ ਨੂੰ ਰੋਂਦਿਆਂ ਦੇਖਣਾ ਕਿੰਨਾ ਮੁਸ਼ਕਲ ਹੋਇਆ ਹੋਣਾ।

9. ਲਾਜ਼ਰ ਦੀ ਮੌਤ ਤੇ ਯਿਸੂ ਨੇ ਹਮਦਰਦੀ ਕਿਵੇਂ ਦਿਖਾਈ?

9 ਆਪਣੀ ਸੇਵਕਾਈ ਦੌਰਾਨ ਯਿਸੂ ਨੇ ਦਿਖਾਇਆ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ ਅਤੇ ਦਿਲੋਂ ਉਨ੍ਹਾਂ ਲਈ ਹਮਦਰਦੀ ਰੱਖਦਾ ਸੀ। ਮਿਸਾਲ ਲਈ, ਜਦੋਂ ਯਿਸੂ ਦੇ ਜਿਗਰੀ ਦੋਸਤ ਲਾਜ਼ਰ ਦੀ ਮੌਤ ਹੋਈ, ਤਾਂ ਉਹ ਉੱਨਾ ਹੀ ਦੁਖੀ ਸੀ ਜਿੰਨੀਆਂ ਮਰੀਅਮ ਅਤੇ ਮਾਰਥਾ ਦੁਖੀ ਸਨ। ਭਾਵੇਂ ਯਿਸੂ ਨੂੰ ਪਤਾ ਸੀ ਕਿ ਉਹ ਲਾਜ਼ਰ ਨੂੰ ਜੀਉਂਦਾ ਕਰਨ ਵਾਲਾ ਸੀ, ਪਰ ਫਿਰ ਵੀ ਉਸ ਨੂੰ ਇੰਨਾ ਦੁੱਖ ਲੱਗਾ ਕਿ ਉਹ ਰੋ ਹੀ ਪਿਆ।​—ਯੂਹੰ. 11:33-36.

10. ਅਸੀਂ ਕਿਵੇਂ ਪੱਕਾ ਕਹਿ ਸਕਦੇ ਹਾਂ ਕਿ ਯਿਸੂ ਸਾਡੇ ਦੁੱਖਾਂ ਨੂੰ ਸਮਝਦਾ ਹੈ?

10 ਯਿਸੂ ਦੇ ਕਹੇ ਸ਼ਬਦ ਸਾਨੂੰ ਅੱਜ ਕਿਵੇਂ ਦਿਲਾਸਾ ਦੇ ਸਕਦੇ ਹਨ? ਬਾਈਬਲ ਇਹ ਗੱਲ ਸਾਫ਼ ਦੱਸਦੀ ਹੈ ਕਿ “ਯਿਸੂ ਮਸੀਹ ਨਾ ਬੀਤੇ ਸਮੇਂ ਵਿਚ ਬਦਲਿਆ, ਨਾ ਅੱਜ ਬਦਲਿਆ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਬਦਲੇਗਾ।” (ਇਬ. 13:8) “ਇਨਸਾਨਾਂ ਨੂੰ ਜੀਵਨ ਦੇਣ ਲਈ” ਯਿਸੂ ਨੂੰ “ਨਿਯੁਕਤ ਕੀਤਾ ਗਿਆ ਹੈ” ਕਿਉਂਕਿ ਹਮੇਸ਼ਾ ਦੀ ਜ਼ਿੰਦਗੀ ਉਸ ਦੇ ਹੀ ਜ਼ਰੀਏ ਮਿਲੇਗੀ। ਯਿਸੂ ਨੇ ਵੀ ਆਪਣਿਆਂ ਦੀ ਮੌਤ ਦਾ ਗਮ ਸਹਿਆ ਅਤੇ ਉਹ “ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦਾ ਹੈ ਜਿਹੜੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਹਨ।” (ਰਸੂ. 3:15; ਇਬ. 2:10, 18) ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਿਸੂ ਦੂਸਰਿਆਂ ਦਾ ਦਰਦ ਸਮਝਦਾ ਹੈ। ਉਹ ਉਨ੍ਹਾਂ ਦੇ ਸੋਗ ਨੂੰ ਜਾਣਦਾ ਹੈ ਅਤੇ ਲੋੜ ਪੈਣ ਤੇ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ।​—ਇਬਰਾਨੀਆਂ 4:15, 16 ਪੜ੍ਹੋ।

“ਧਰਮ-ਗ੍ਰੰਥ ਤੋਂ ਦਿਲਾਸਾ ਮਿਲਦਾ”

11. ਕਿਨ੍ਹਾਂ ਆਇਤਾਂ ਤੋਂ ਖ਼ਾਸ ਕਰਕੇ ਤੁਹਾਨੂੰ ਦਿਲਾਸਾ ਮਿਲਦਾ ਹੈ?

11 ਬਾਈਬਲ ਵਿਚ ਦਿਲਾਸਾ ਦੇਣ ਵਾਲੀਆਂ ਬਹੁਤ ਸਾਰੀਆਂ ਆਇਤਾਂ ਹਨ। ਮਿਸਾਲ ਲਈ, ਜਦੋਂ ਲਾਜ਼ਰ ਦੀ ਮੌਤ ਹੋਈ, ਤਾਂ ਯਿਸੂ ਬਹੁਤ ਦੁਖੀ ਹੋਇਆ। ਇਹ ਆਇਤਾਂ ਸਾਨੂੰ ਹੌਸਲਾ ਦੇਣ ਲਈ ਦਰਜ ਕਰਵਾਈਆਂ ਗਈਆਂ ਹਨ ਕਿਉਂਕਿ “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਇਹ ਸਿੱਖਿਆ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦੀ ਹੈ ਅਤੇ ਸਾਨੂੰ ਧਰਮ-ਗ੍ਰੰਥ ਤੋਂ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।” (ਰੋਮੀ. 15:4) ਜੇ ਤੁਸੀਂ ਆਪਣਿਆਂ ਦੀ ਮੌਤ ਦਾ ਗਮ ਸਹਿ ਰਹੇ ਹੋ, ਤਾਂ ਹੇਠਾਂ ਦਿੱਤੀਆਂ ਆਇਤਾਂ ਤੋਂ ਤੁਸੀਂ ਦਿਲਾਸਾ ਪਾ ਸਕਦੇ ਹੋ:

  • “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ [ਮਨ] ਵਾਲਿਆਂ ਨੂੰ ਬਚਾਉਂਦਾ ਹੈ।”​—ਜ਼ਬੂ. 34:18, 19.

  • “ਜਦੋਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ [ਯਹੋਵਾਹ] ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।”​—ਜ਼ਬੂ. 94:19.

  • “ਸਾਡਾ ਪਿਤਾ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਆਪਣੀ ਅਪਾਰ ਕਿਰਪਾ ਕਰ ਕੇ ਸਾਨੂੰ ਹਮੇਸ਼ਾ ਰਹਿਣ ਵਾਲਾ ਦਿਲਾਸਾ ਦਿੱਤਾ ਹੈ ਅਤੇ ਇਕ ਸ਼ਾਨਦਾਰ ਉਮੀਦ ਵੀ ਦਿੱਤੀ ਹੈ। ਸਾਡੀ ਇਹੀ ਦੁਆ ਹੈ ਕਿ ਉਹ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਦੋਵੇਂ ਤੁਹਾਡੇ ਦਿਲਾਂ ਨੂੰ ਦਿਲਾਸਾ ਦੇਣ ਅਤੇ ਤੁਹਾਨੂੰ ਤਕੜਾ ਕਰਨ।”​—2 ਥੱਸ. 2:16, 17. *

ਮੰਡਲੀ ਤੋਂ ਦਿਲਾਸਾ

12. ਅਸੀਂ ਦੂਸਰਿਆਂ ਨੂੰ ਦਿਲਾਸਾ ਕਿਵੇਂ ਦੇ ਸਕਦੇ ਹਾਂ?

12 ਸੋਗ ਮਨਾਉਣ ਵਾਲੇ ਭੈਣਾਂ-ਭਰਾਵਾਂ ਨੂੰ ਮੰਡਲੀ ਤੋਂ ਦਿਲਾਸਾ ਮਿਲ ਸਕਦਾ ਹੈ। (1 ਥੱਸਲੁਨੀਕੀਆਂ 5:11 ਪੜ੍ਹੋ।) ਅਸੀਂ “ਉਦਾਸ” ਮਨ ਵਾਲਿਆਂ ਨੂੰ ਕਿਵੇਂ ਦਿਲਾਸਾ ਅਤੇ ਹਿੰਮਤ ਦੇ ਸਕਦੇ ਹਾਂ? (ਕਹਾ. 17:22) ਯਾਦ ਰੱਖੋ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪ. 3:7) ਇਕ ਵਿਧਵਾ ਭੈਣ ਡੀਲੇਨ ਦੱਸਦੀ ਹੈ: “ਸੋਗ ਮਨਾਉਣ ਵਾਲਿਆਂ ਨੂੰ ਆਪਣੀਆਂ ਭਾਵਨਾਵਾਂ ਅਤੇ ਦਿਲ ਦੀਆਂ ਗੱਲਾਂ ਆਪਣੇ ਅੰਦਰ ਨਹੀਂ ਰੱਖਣੀਆਂ ਚਾਹੀਦੀਆਂ, ਸਗੋਂ ਕਿਸੇ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।” ਇਸ ਲਈ ਜ਼ਰੂਰੀ ਹੈ ਕਿ ਅਸੀਂ ਬਿਨਾਂ ਟੋਕੇ ਸੋਗ ਮਨਾਉਣ ਵਾਲੇ ਦੀ ਗੱਲ ਸੁਣੀਏ। ਜੂਨੀਆ ਜਿਸ ਦੇ ਭਰਾ ਨੇ ਖ਼ੁਦਕੁਸ਼ੀ ਕਰ ਲਈ ਸੀ ਕਹਿੰਦੀ ਹੈ: “ਚਾਹੇ ਕੋਈ ਸਾਡੇ ਦੁੱਖ ਨੂੰ ਪੂਰੀ ਤਰ੍ਹਾਂ ਕਦੀ ਨਹੀਂ ਸਮਝ ਸਕਦਾ, ਪਰ ਸਾਨੂੰ ਇਸ ਗੱਲ ਤੋਂ ਤਸੱਲੀ ਮਿਲਦੀ ਹੈ ਕਿ ਲੋਕ ਸਾਡੇ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ।”

13. ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

13 ਸਾਨੂੰ ਸਾਰਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਰ ਕਿਸੇ ਦਾ ਸੋਗ ਮਨਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ। ਇਹ ਗੱਲ ਸੱਚ ਹੈ ਕਿ ਕਈ ਵਾਰ ਅਸੀਂ ਸਮਝਾ ਨਹੀਂ ਪਾਉਂਦੇ ਕਿ ਸਾਡੇ ਉੱਤੇ ਕੀ ਬੀਤ ਰਹੀ ਹੈ। ਪਰਮੇਸ਼ੁਰ ਦਾ ਬਚਨ ਦੱਸਦਾ ਹੈ: “ਮਨ ਆਪ ਹੀ ਆਪਣੀ ਕੁੜੱਤਨ ਜਾਣਦਾ ਹੈ।” (ਕਹਾ. 14:10) ਜੇ ਸੋਗ ਮਨਾਉਣ ਵਾਲਾ ਆਪਣਾ ਦੁੱਖ ਦੱਸਣ ਦੀ ਕੋਸ਼ਿਸ਼ ਵੀ ਕਰੇ, ਫਿਰ ਵੀ ਕਦੀ-ਕਦੀ ਦੂਸਰਿਆਂ ਲਈ ਉਸ ਦੇ ਦਰਦ ਨੂੰ ਸਮਝਣਾ ਬਹੁਤ ਔਖਾ ਹੋ ਸਕਦਾ ਹੈ।

14. ਅਸੀਂ ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦੇਣ ਲਈ ਕੀ ਕਹਿ ਸਕਦੇ ਹਾਂ?

14 ਕਦੀ-ਕਦੀ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਸੋਗ ਮਨਾਉਣ ਵਾਲੇ ਵਿਅਕਤੀ ਨੂੰ ਕੀ ਕਹੀਏ। ਪਰ ਬਾਈਬਲ ਕਹਿੰਦੀ ਕਿ “ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾ. 12:18) ਮੌਤ ਦਾ ਗਮ ਕਿੱਦਾਂ ਸਹੀਏ? * ਨਾਂ ਦੇ ਬਰੋਸ਼ਰ ਤੋਂ ਕਈਆਂ ਨੇ ਦਿਲਾਸੇ ਭਰੇ ਸ਼ਬਦ ਕਹਿਣੇ ਸਿੱਖੇ ਹਨ। ਪਰ ਕਦੀ-ਕਦੀ ਸਭ ਤੋਂ ਵਧੀਆ ਹੋਵੇਗਾ ਕਿ ਅਸੀਂ ਬੱਸ ‘ਰੋਣ ਵਾਲਿਆਂ ਨਾਲ ਰੋਈਏ।’ (ਰੋਮੀ. 12:15) ਗੈਬੀ ਨਾਂ ਦੀ ਇਕ ਵਿਧਵਾ ਭੈਣ ਦੱਸਦੀ ਹੈ ਕਿ ਕਈ ਵਾਰ ਉਹ ਸਿਰਫ਼ ਰੋ ਕੇ ਹੀ ਆਪਣਾ ਦਿਲ ਹਲਕਾ ਕਰਦੀ ਹੈ। ਉਹ ਇਹ ਵੀ ਕਹਿੰਦੀ ਹੈ: “ਜਦੋਂ ਮੇਰੀਆਂ ਸਹੇਲੀਆਂ ਮੇਰੇ ਨਾਲ ਰੋਂਦੀਆਂ ਹਨ, ਤਾਂ ਮੈਨੂੰ ਬਹੁਤ ਦਿਲਾਸਾ ਮਿਲਦਾ ਹੈ। ਉਸ ਵੇਲੇ ਮੈਨੂੰ ਇੱਦਾਂ ਲੱਗਦਾ ਹੈ ਕਿ ਮੈਂ ਆਪਣੇ ਦੁੱਖਾਂ ਵਿਚ ਇਕੱਲੀ ਨਹੀਂ ਹਾਂ।”

15. ਜੇ ਤੁਹਾਨੂੰ ਆਹਮੋ-ਸਾਮ੍ਹਣੇ ਕਿਸੇ ਨੂੰ ਦਿਲਾਸਾ ਦੇਣਾ ਔਖਾ ਲੱਗਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? (“ ਦਿਲਾਸੇ ਭਰੇ ਸ਼ਬਦ” ਨਾਂ ਦੀ ਡੱਬੀ ਵੀ ਦੇਖੋ।)

15 ਜੇ ਤੁਹਾਨੂੰ ਆਹਮੋ-ਸਾਮ੍ਹਣੇ ਕਿਸੇ ਨੂੰ ਦਿਲਾਸਾ ਦੇਣਾ ਔਖਾ ਲੱਗਦਾ ਹੈ, ਤਾਂ ਤੁਸੀਂ ਉਸ ਨੂੰ ਕਾਰਡ, ਈ-ਮੇਲ, ਮੈਸਿਜ ਜਾਂ ਚਿੱਠੀ ਲਿਖ ਸਕਦੇ ਹੋ। ਤੁਸੀਂ ਦਿਲਾਸਾ ਦੇਣ ਵਾਲੀ ਆਇਤ ਲਿਖ ਸਕਦੇ ਹੋ ਜਾਂ ਗੁਜ਼ਰ ਚੁੱਕੇ ਵਿਅਕਤੀ ਦੇ ਖ਼ਾਸ ਗੁਣ ਬਾਰੇ ਲਿਖ ਸਕਦੇ ਹੋ। ਇਸ ਦੇ ਨਾਲ-ਨਾਲ ਤੁਸੀਂ ਉਨ੍ਹਾਂ ਦੇ ਅਜ਼ੀਜ਼ ਨਾਲ ਜੁੜੀਆਂ ਮਿੱਠੀਆਂ ਯਾਦਾਂ ਦਾ ਜ਼ਿਕਰ ਕਰ ਸਕਦੇ ਹੋ। ਜੂਨੀਆ ਕਹਿੰਦੀ ਹੈ: “ਮੈਂ ਦੱਸ ਨਹੀਂ ਸਕਦੀ ਕਿ ਮੈਨੂੰ ਕਿੰਨੀ ਹਿੰਮਤ ਮਿਲਦੀ ਹੈ ਜਦੋਂ ਭੈਣ-ਭਰਾ ਮੈਨੂੰ ਛੋਟੀ ਜਿਹੀ ਚਿੱਠੀ ਲਿਖਦੇ ਹਨ ਜਾਂ ਆਪਣੇ ਘਰ ਬੁਲਾਉਂਦੇ ਹਨ। ਇਨ੍ਹਾਂ ਗੱਲਾਂ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਉਹ ਮੈਨੂੰ ਕਿੰਨਾ ਪਿਆਰ ਕਰਦੇ ਹਨ ਅਤੇ ਮੇਰੀ ਕਿੰਨੀ ਪਰਵਾਹ ਕਰਦੇ ਹਨ।”

16. ਦੂਸਰਿਆਂ ਨੂੰ ਦਿਲਾਸਾ ਦੇਣ ਦਾ ਹੋਰ ਕਿਹੜਾ ਤਰੀਕਾ ਹੈ?

16 ਸੋਗ ਮਨਾਉਣ ਵਾਲੇ ਭੈਣਾਂ-ਭਰਾਵਾਂ ਨੂੰ ਸਾਡੀਆਂ ਪ੍ਰਾਰਥਨਾਵਾਂ ਤੋਂ ਵੀ ਦਿਲਾਸਾ ਮਿਲ ਸਕਦਾ ਹੈ। ਅਸੀਂ ਉਨ੍ਹਾਂ ਲਈ ਜਾਂ ਉਨ੍ਹਾਂ ਨਾਲ ਪ੍ਰਾਰਥਨਾ ਕਰ ਸਕਦੇ ਹਾਂ। ਸ਼ਾਇਦ ਤੁਹਾਡੇ ਲਈ ਇਸ ਤਰ੍ਹਾਂ ਕਰਨਾ ਔਖਾ ਹੋਵੇ ਕਿਉਂਕਿ ਤੁਸੀਂ ਸੋਚਦੇ ਹੋ ਕਿ ਪ੍ਰਾਰਥਨਾ ਕਰਦਿਆਂ ਤੁਸੀਂ ਰੋ ਪਵੋਗੇ। ਪਰ ਤੁਹਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਤੋਂ ਉਨ੍ਹਾਂ ਨੂੰ ਹੌਸਲਾ ਮਿਲ ਸਕਦਾ ਹੈ। ਡੀਲੇਨ ਯਾਦ ਕਰਦੀ ਹੈ: “ਜਦੋਂ ਭੈਣਾਂ ਮੈਨੂੰ ਦਿਲਾਸਾ ਦੇਣ ਆਉਂਦੀਆਂ ਸਨ, ਤਾਂ ਮੈਂ ਉਨ੍ਹਾਂ ਨੂੰ ਪ੍ਰਾਰਥਨਾ ਕਰਨ ਲਈ ਕਹਿੰਦੀ ਸੀ। ਪ੍ਰਾਰਥਨਾ ਦੇ ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਤੋਂ ਬੋਲ ਹੀ ਨਹੀਂ ਸੀ ਹੁੰਦਾ। ਪਰ ਹਰ ਵਾਰ ਕੁਝ ਹੀ ਗੱਲਾਂ ਕਹਿਣ ਤੋਂ ਬਾਅਦ ਉਨ੍ਹਾਂ ਨੂੰ ਹਿੰਮਤ ਆ ਜਾਂਦੀ ਸੀ ਅਤੇ ਉਹ ਇੰਨੀ ਵਧੀਆ ਪ੍ਰਾਰਥਨਾ ਕਰਦੀਆਂ ਸਨ ਕਿ ਉਨ੍ਹਾਂ ਦੇ ਲਫ਼ਜ਼ ਮੇਰੇ ਧੁਰ ਅੰਦਰ ਚਲੇ ਜਾਂਦੇ ਸਨ। ਉਨ੍ਹਾਂ ਦੀ ਪੱਕੀ ਨਿਹਚਾ, ਪਿਆਰ ਅਤੇ ਪਰਵਾਹ ਕਰਕੇ ਮੇਰੀ ਨਿਹਚਾ ਮਜ਼ਬੂਤ ਹੋਈ ਹੈ।”

ਦਿਲਾਸਾ ਦਿੰਦੇ ਰਹੋ

17-19. ਸਾਨੂੰ ਦਿਲਾਸਾ ਕਿਉਂ ਦਿੰਦੇ ਰਹਿਣਾ ਚਾਹੀਦਾ ਹੈ?

17 ਅਸੀਂ ਨਹੀਂ ਦੱਸ ਸਕਦੇ ਕਿ ਕਿਸੇ ਨੂੰ ਕਿੰਨੀ ਦੇਰ ਤਕ ਸੋਗ ਮਨਾਉਣਾ ਚਾਹੀਦਾ ਹੈ। ਕਿਸੇ ਦੀ ਮੌਤ ਹੋਣ ਤੇ ਬਹੁਤ ਸਾਰੇ ਦੋਸਤ ਅਤੇ ਰਿਸ਼ਤੇਦਾਰ ਦਿਲਾਸਾ ਦੇਣ ਆਉਂਦੇ ਹਨ। ਬਾਅਦ ਵਿਚ ਸਾਰੇ ਆਪੋ-ਆਪਣੀਆਂ ਜ਼ਿੰਦਗੀਆਂ ਵਿਚ ਰੁੱਝ ਜਾਂਦੇ ਹਨ। ਪਰ ਸੋਗ ਮਨਾਉਣ ਵਾਲੇ ਨੂੰ ਬਾਅਦ ਵਿਚ ਵੀ ਦਿਲਾਸੇ ਦੀ ਲੋੜ ਹੁੰਦੀ ਹੈ। ਇਸ ਲਈ ਹਮੇਸ਼ਾ ਦਿਲਾਸਾ ਦੇਣ ਲਈ ਤਿਆਰ ਰਹੋ। “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾ. 17:17) ਜਿੰਨੀ ਦੇਰ ਤਕ ਸੋਗ ਮਨਾਉਣ ਵਾਲੇ ਦੇ ਜ਼ਖ਼ਮ ਨਹੀਂ ਭਰਦੇ, ਉੱਨੀ ਦੇਰ ਤਕ ਸਾਨੂੰ ਦਿਲਾਸਾ ਦਿੰਦੇ ਰਹਿਣਾ ਚਾਹੀਦਾ ਹੈ।​—1 ਥੱਸਲੁਨੀਕੀਆਂ 3:7 ਪੜ੍ਹੋ।

18 ਯਾਦ ਰੱਖੋ ਕਿ ਸੋਗ ਮਨਾਉਣ ਵਾਲੇ ਦਾ ਦਿਲ ਕਦੀ ਵੀ ਭਰ ਆ ਸਕਦਾ ਹੈ। ਇਹ ਕਈ ਕਾਰਨਾਂ ਕਰਕੇ ਹੋ ਸਕਦਾ, ਜਿਵੇਂ ਕਿ ਵਿਆਹ ਦੀ ਸਾਲ-ਗਿਰ੍ਹਾ, ਸੰਗੀਤ, ਤਸਵੀਰਾਂ, ਕੰਮ, ਆਵਾਜ਼, ਰੁੱਤ ਜਾਂ ਇੱਥੋਂ ਤਕ ਕਿ ਕਿਸੇ ਤਰ੍ਹਾਂ ਦੀ ਖ਼ੁਸ਼ਬੂ ਕਰਕੇ ਵੀ ਹੋ ਸਕਦਾ ਹੈ। ਆਪਣੇ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਕੋਈ ਕੰਮ ਇਕੱਲੇ ਕਰਨਾ ਬਹੁਤ ਔਖਾ ਹੋ ਸਕਦਾ ਹੈ, ਜਿਵੇਂ ਸੰਮੇਲਨ ਜਾਂ ਮੈਮੋਰੀਅਲ ’ਤੇ ਜਾਣਾ। ਇਕ ਭਰਾ ਦੱਸਦਾ ਹੈ: “ਮੇਰੀ ਪਤਨੀ ਦੀ ਮੌਤ ਤੋਂ ਬਾਅਦ ਮੈਨੂੰ ਲੱਗਾ ਕਿ ਮੇਰੇ ਲਈ ਆਪਣੇ ਵਿਆਹ ਦੀ ਸਾਲ-ਗਿਰ੍ਹਾ ਵਾਲਾ ਦਿਨ ਕੱਟਣਾ ਬਹੁਤ ਔਖਾ ਹੋਵੇਗਾ। ਸੱਚੀ ਉਸ ਦੀ ਬਹੁਤ ਯਾਦ ਆਈ। ਪਰ ਕੁਝ ਭੈਣਾਂ-ਭਰਾਵਾਂ ਨੇ ਮੰਡਲੀ ਦੇ ਮੇਰੇ ਕੁਝ ਨੇੜਲੇ ਦੋਸਤਾਂ ਨੂੰ ਇਕੱਠੇ ਕੀਤਾ ਤਾਂਕਿ ਮੈਂ ਇਕੱਲਾ ਨਾ ਮਹਿਸੂਸ ਕਰਾਂ।”

19 ਯਾਦ ਰੱਖੋ ਕਿ ਸੋਗ ਮਨਾਉਣ ਵਾਲਿਆਂ ਨੂੰ ਸਿਰਫ਼ ਖ਼ਾਸ ਮੌਕਿਆਂ ’ਤੇ ਹੀ ਦਿਲਾਸੇ ਦੀ ਲੋੜ ਨਹੀਂ ਹੁੰਦੀ। ਜੂਨੀਆ ਦੱਸਦੀ ਹੈ: “ਸੋਗ ਮਨਾਉਣ ਵਾਲੇ ਨੂੰ ਬਹੁਤ ਤਸੱਲੀ ਮਿਲਦੀ ਹੈ ਜਦੋਂ ਖ਼ਾਸ ਮੌਕਿਆਂ ਤੋਂ ਇਲਾਵਾ ਕੋਈ ਉਸ ਨਾਲ ਸਮਾਂ ਬਿਤਾਉਂਦਾ ਹੈ। ਜਦੋਂ ਅਚਾਨਕ ਕੋਈ ਮੈਨੂੰ ਯਾਦ ਕਰਦਾ ਅਤੇ ਮੇਰੀ ਮਦਦ ਕਰਦਾ ਹੈ, ਤਾਂ ਮੈਨੂੰ ਬਹੁਤ ਦਿਲਾਸਾ ਮਿਲਦਾ ਹੈ।” ਇਹ ਸੱਚ ਹੈ ਕਿ ਅਸੀਂ ਪੂਰੀ ਤਰ੍ਹਾਂ ਉਨ੍ਹਾਂ ਦੇ ਦੁੱਖ ਜਾਂ ਇਕੱਲੇਪਣ ਨੂੰ ਖ਼ਤਮ ਨਹੀਂ ਕਰ ਸਕਦੇ, ਪਰ ਛੋਟੇ-ਛੋਟੇ ਕੰਮ ਕਰ ਕੇ ਅਸੀਂ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹਾਂ। (1 ਯੂਹੰ. 3:18) ਗੈਬੀ ਕਹਿੰਦੀ ਹੈ: “ਮੈਂ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੰਡਲੀ ਦੇ ਬਜ਼ੁਰਗਾਂ ਨੇ ਕਦਮ-ਕਦਮ ’ਤੇ ਮੇਰਾ ਸਾਥ ਦਿੱਤਾ। ਉਨ੍ਹਾਂ ਦੇ ਪਿਆਰ ਕਰਕੇ ਮੈਨੂੰ ਇੱਦਾਂ ਲੱਗਾ ਜਿਵੇਂ ਯਹੋਵਾਹ ਨੇ ਮੈਨੂੰ ਆਪਣੀਆਂ ਬਾਹਾਂ ਵਿਚ ਸੰਭਾਲਿਆ ਹੈ।”

20. ਯਹੋਵਾਹ ਦੇ ਵਾਅਦਿਆਂ ਤੋਂ ਦਿਲਾਸਾ ਕਿਉਂ ਮਿਲਦਾ ਹੈ?

20 ਇਹ ਜਾਣ ਕੇ ਸਾਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਯਹੋਵਾਹ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।” ਇਸ ਕਰਕੇ ਸਾਨੂੰ ਪੱਕਾ ਯਕੀਨ ਹੈ ਕਿ ਉਹ ਸਾਡੇ ਪਿਆਰਿਆਂ ਨੂੰ ਜੀਉਂਦਾ ਕਰ ਕੇ ਸਾਡੇ ਸੋਗ ਨੂੰ ਹਮੇਸ਼ਾ ਲਈ ਮਿਟਾ ਦੇਵੇਗਾ। (ਯੂਹੰ. 5:28, 29) ਪਰਮੇਸ਼ੁਰ ਵਾਅਦਾ ਕਰਦਾ ਹੈ ਕਿ “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।” (ਯਸਾ. 25:8) ਉਸ ਵੇਲੇ ‘ਰੋਣ ਵਾਲਿਆਂ ਨਾਲ ਰੋਣ’ ਦੀ ਬਜਾਇ ਸਾਰੀ ਦੁਨੀਆਂ “ਖ਼ੁਸ਼ੀਆਂ ਮਨਾਉਣ ਵਾਲੇ ਲੋਕਾਂ ਨਾਲ ਖ਼ੁਸ਼ੀਆਂ” ਮਨਾਵੇਗੀ।​—ਰੋਮੀ. 12:15.

^ ਪੈਰਾ 8 ਬਾਈਬਲ ਦੱਸਦੀ ਹੈ ਕਿ ਜਦੋਂ ਯਿਸੂ 12 ਸਾਲ ਦਾ ਸੀ, ਉਸ ਸਮੇਂ ਯੂਸੁਫ਼ ਜੀਉਂਦਾ ਸੀ। ਪਰ ਜਦੋਂ ਯਿਸੂ ਨੇ ਆਪਣਾ ਪਹਿਲਾ ਚਮਤਕਾਰ ਕੀਤਾ ਸੀ, ਤਾਂ ਉਸ ਵੇਲੇ ਯੂਸੁਫ਼ ਦਾ ਕੋਈ ਜ਼ਿਕਰ ਨਹੀਂ ਆਇਆ ਤੇ ਨਾ ਹੀ ਇਸ ਤੋਂ ਬਾਅਦ ਕਦੇ ਆਇਆ। ਇਸ ਦਾ ਇਹ ਮਤਲਬ ਹੋ ਸਕਦਾ ਹੈ ਕਿ ਸ਼ਾਇਦ ਉਸ ਸਮੇਂ ਤਕ ਯੂਸੁਫ਼ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਇਲਾਵਾ, ਤਸੀਹੇ ਦੀ ਸੂਲ਼ੀ ’ਤੇ ਯਿਸੂ ਨੇ ਆਪਣੀ ਮਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਯੂਹੰਨਾ ਰਸੂਲ ਨੂੰ ਸੌਂਪੀ ਸੀ। ਜੇ ਯੂਸੁਫ਼ ਜੀਉਂਦਾ ਹੁੰਦਾ, ਤਾਂ ਯਿਸੂ ਸ਼ਾਇਦ ਇਸ ਤਰ੍ਹਾਂ ਨਹੀਂ ਕਰਦਾ।​—ਯੂਹੰ. 19:26, 27.

^ ਪੈਰਾ 11 ਬਹੁਤ ਸਾਰਿਆਂ ਨੂੰ ਇਨ੍ਹਾਂ ਆਇਤਾਂ ਤੋਂ ਵੀ ਦਿਸਾਲਾ ਮਿਲਿਆ ਹੈ: ਜ਼ਬੂਰਾਂ ਦੀ ਪੋਥੀ 20:1, 2; 31:7; 38:8, 9, 15; 55:22; 121:1, 2; ਯਸਾਯਾਹ 57:15; 66:13; ਫ਼ਿਲਿੱਪੀਆਂ 4:13; 1 ਪਤਰਸ 5:7.

^ ਪੈਰਾ 14 ਪਹਿਰਾਬੁਰਜ, ਨੰ. 3, 2016 ਵਿਚ “ਵਿਛੋੜੇ ਦਾ ਗਮ ਸਹਿ ਰਹੇ ਲੋਕਾਂ ਨੂੰ ਦਿਲਾਸਾ ਦਿਓ” ਨਾਂ ਦਾ ਲੇਖ ਵੀ ਦੇਖੋ।