Skip to content

Skip to table of contents

ਪੁਰਾਣਾ ਸੁਭਾਅ ਲਾਹੀ ਰੱਖੋ

ਪੁਰਾਣਾ ਸੁਭਾਅ ਲਾਹੀ ਰੱਖੋ

“ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ ਦਿਓ।”​—ਕੁਲੁ. 3:9.

ਗੀਤ: 52, 54

1, 2. ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਵਿਚ ਕਿਹੜੀਆਂ ਗੱਲਾਂ ਵੱਖਰੀਆਂ ਨਜ਼ਰ ਆਈਆਂ?

ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਯਹੋਵਾਹ ਦੇ ਲੋਕ ਵੱਖਰੇ ਹਨ। ਮਿਸਾਲ ਲਈ, ਐਨਟਨ ਗਿੱਲ ਨਾਂ ਦੇ ਲੇਖਕ ਨੇ ਜਰਮਨੀ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹਾਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੂੰ ਨਾਜ਼ੀ ਸਰਕਾਰ ਹੱਥੋਂ ਸਤਾਇਆ ਗਿਆ ਸੀ। ਉਸ ਨੇ ਲਿਖਿਆ: “ਨਾਜ਼ੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਨੂੰ ਆਪਣਾ ਖ਼ਾਸ ਨਿਸ਼ਾਨਾ ਬਣਾਇਆ ਸੀ। . . . 1939 ਤਕ 6,000 ਯਹੋਵਾਹ ਦੇ ਗਵਾਹ [ਤਸ਼ੱਦਦ ਕੈਂਪਾਂ] ਵਿਚ ਕੈਦ ਸਨ।” ਉਸ ਨੇ ਇਹ ਵੀ ਕਿਹਾ ਕਿ ਚਾਹੇ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਬੁਰੀ ਤਰ੍ਹਾਂ ਸਤਾਇਆ ਗਿਆ, ਪਰ ਫਿਰ ਵੀ ਉਹ ਭਰੋਸੇਯੋਗ, ਸ਼ਾਂਤੀ-ਪਸੰਦ, ਪਰਮੇਸ਼ੁਰ ਪ੍ਰਤੀ ਵਫ਼ਾਦਾਰ ਅਤੇ ਏਕਤਾ ਬਣਾਈ ਰੱਖਣ ਵਾਲੇ ਲੋਕ ਸਨ।

2 ਹਾਲ ਹੀ ਵਿਚ ਦੱਖਣੀ ਅਫ਼ਰੀਕਾ ਦੇ ਲੋਕਾਂ ਨੇ ਕਿਹਾ ਕਿ ਯਹੋਵਾਹ ਦੇ ਗਵਾਹ ਬਾਕੀਆਂ ਨਾਲੋਂ ਬਹੁਤ ਵੱਖਰੇ ਹਨ। ਇਕ ਅਜਿਹਾ ਜ਼ਮਾਨਾ ਸੀ ਜਦੋਂ ਕਾਲੇ-ਗੋਰੇ ਯਹੋਵਾਹ ਦੇ ਗਵਾਹ ਮਿਲ ਕੇ ਭਗਤੀ ਨਹੀਂ ਕਰ ਸਕਦੇ ਸੀ। ਪਰ 18 ਦਸੰਬਰ 2011 ਵਿਚ ਜੋਹਾਨਸਬਰਗ ਦਾ ਸਭ ਤੋਂ ਵੱਡਾ ਸਟੇਡੀਅਮ ਯਹੋਵਾਹ ਦੇ ਗਵਾਹ ਨਾਲ ਖਚਾਖਚ ਭਰ ਗਿਆ। ਕਿੰਨੀ ਹੀ ਖ਼ੁਸ਼ੀ ਦੀ ਗੱਲ ਸੀ ਜਦੋਂ ਦੱਖਣੀ ਅਫ਼ਰੀਕਾ ਦੇ ਅਲੱਗ-ਅਲੱਗ ਨਸਲਾਂ ਅਤੇ ਹੋਰ ਦੇਸ਼ਾਂ ਤੋਂ ਆਏ 78,000 ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਇਕ ਖ਼ਾਸ ਸੰਮੇਲਨ ਲਈ ਇਕੱਠੇ ਹੋਏ! ਸਟੇਡੀਅਮ ਦੇ ਪ੍ਰਬੰਧਕ ਨੇ ਕਿਹਾ: “ਮੈਂ ਅੱਜ ਤਕ ਇਸ ਸਟੇਡੀਅਮ ਵਿਚ ਇੰਨੇ ਸਲੀਕੇ ਨਾਲ ਕੰਮ ਕਰਨ ਵਾਲੇ ਲੋਕ ਕਦੇ ਨਹੀਂ ਦੇਖੇ। ਸਾਰਿਆਂ ਨੇ ਸਾਫ਼-ਸੁਥਰੇ ਕੱਪੜੇ ਪਾਏ ਹੋਏ ਸਨ। ਉਨ੍ਹਾਂ ਨੇ ਸਟੇਡੀਅਮ ਨੂੰ ਸਾਫ਼ ਕਰ ਕੇ ਚਮਕਾ ਦਿੱਤਾ। ਪਰ ਸਭ ਤੋਂ ਵਧੀਆ ਗੱਲ ਹੈ ਕਿ ਉਨ੍ਹਾਂ ਵਿਚ ਭੇਦ-ਭਾਵ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ।”

3. ਸਾਡਾ ਭਾਈਚਾਰਾ ਸਭ ਤੋਂ ਵੱਖਰਾ ਕਿਉਂ ਹੈ?

3 ਜਿਹੜੇ ਲੋਕ ਯਹੋਵਾਹ ਦੇ ਗਵਾਹ ਨਹੀਂ ਹਨ ਉਹ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਸਾਡਾ ਦੁਨੀਆਂ ਭਰ ਦਾ ਭਾਈਚਾਰਾ ਅਨੋਖਾ ਹੈ। (1 ਪਤ. 5:9) ਅਸੀਂ ਦੁਨੀਆਂ ਦੇ ਦੂਸਰੇ ਸੰਗਠਨਾਂ ਤੋਂ ਵੱਖਰੇ ਕਿਉਂ ਹਾਂ? ਕਿਉਂਕਿ ਬਾਈਬਲ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਉਹ ਚੀਜ਼ਾਂ ਕੱਢਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਤੋਂ ਪਰਮੇਸ਼ੁਰ ਨਫ਼ਰਤ ਕਰਦਾ ਹੈ। ਅਸੀਂ “ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ” ਦਿੱਤਾ ਹੈ ਅਤੇ “ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ” ਲਿਆ ਹੈ।”​—ਕੁਲੁ. 3:9, 10.

4. ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ ਅਤੇ ਕਿਉਂ?

4 ਜਦੋਂ ਅਸੀਂ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਦਿੰਦੇ ਹਾਂ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਮੁੜ ਕਦੀ ਨਾ ਪਾਈਏ। ਇਸ ਲੇਖ ਵਿਚ ਪਹਿਲਾਂ ਇਸ ਗੱਲ ’ਤੇ ਚਰਚਾ ਕੀਤੀ ਜਾਵੇਗੀ ਕਿ ਅਸੀਂ ਪੁਰਾਣੇ ਸੁਭਾਅ ਨੂੰ ਕਿਵੇਂ ਲਾਹ ਕੇ ਸੁੱਟ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ। ਅਸੀਂ ਇਹ ਵੀ ਦੇਖਾਂਗੇ ਕਿ ਜਿਸ ਇਨਸਾਨ ਨੇ ਆਪਣੀ ਜ਼ਿੰਦਗੀ ਵਿਚ ਅੱਤ ਗੰਦੇ ਕੰਮ ਕੀਤੇ ਹਨ ਉਹ ਵੀ ਬਦਲ ਸਕਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਜਿਹੜੇ ਭੈਣ-ਭਰਾ ਕਾਫ਼ੀ ਲੰਬੇ ਸਮੇਂ ਤੋਂ ਸੱਚਾਈ ਵਿਚ ਹਨ ਉਹ ਮੁੜ ਕੇ ਪੁਰਾਣੇ ਸੁਭਾਅ ਨੂੰ ਪਾਉਣ ਤੋਂ ਕਿਵੇਂ ਬਚ ਸਕਦੇ ਹਨ। ਸਾਡੇ ਲਈ ਇਨ੍ਹਾਂ ਗੱਲਾਂ ’ਤੇ ਚਰਚਾ ਕਰਨੀ ਕਿਉਂ ਜ਼ਰੂਰੀ ਹੈ? ਬਹੁਤ ਦੁੱਖ ਦੀ ਗੱਲ ਹੈ ਕਿ ਯਹੋਵਾਹ ਦੇ ਕੁਝ ਸੇਵਕਾਂ ਨੇ ਫਿਰ ਤੋਂ ਪੁਰਾਣਾ ਸੁਭਾਅ ਪਾ ਲਿਆ ਹੈ। ਉਹ ਉਸੇ ਤਰ੍ਹਾਂ ਸੋਚਣ ਅਤੇ ਕੰਮ ਕਰਨ ਲੱਗ ਪਏ ਹਨ ਜਿਵੇਂ ਉਹ ਪਰਮੇਸ਼ੁਰ ਨੂੰ ਜਾਣਨ ਤੋਂ ਪਹਿਲਾਂ ਕਰਦੇ ਸਨ। ਸਾਨੂੰ ਸਾਰਿਆਂ ਨੂੰ ਇਸ ਚੇਤਾਵਨੀ ਵੱਲ ਧਿਆਨ ਦੇਣ ਦੀ ਲੋੜ ਹੈ: “ਜਿਹੜਾ ਸੋਚਦਾ ਹੈ ਕਿ ਉਹ ਖੜ੍ਹਾ ਹੈ, ਖ਼ਬਰਦਾਰ ਰਹੇ ਕਿ ਉਹ ਕਿਤੇ ਡਿਗ ਨਾ ਪਵੇ।”​—1 ਕੁਰਿੰ. 10:12.

ਹਰਾਮਕਾਰੀ ਦੀ ਲਾਲਸਾ ਨੂੰ ਕੱਢੋ

5. (ੳ) ਇਕ ਮਿਸਾਲ ਦੇ ਕੇ ਸਮਝਾਓ ਕਿ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟਣਾ ਕਿਉਂ ਜ਼ਰੂਰੀ ਹੈ। (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਕੁਲੁੱਸੀਆਂ 3:5-9 ਵਿਚ ਪੁਰਾਣੇ ਸੁਭਾਅ ਦੇ ਕਿਹੜੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ?

5 ਤੁਸੀਂ ਕੀ ਕਰੋਗੇ ਜੇ ਤੁਹਾਡੇ ਕੱਪੜੇ ਗੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਬੋ ਆਉਂਦੀ ਹੋਵੇ? ਤੁਸੀਂ ਜ਼ਰੂਰ ਇਨ੍ਹਾਂ ਨੂੰ ਲਾਹੁਣਾ ਚਾਹੋਗੇ। ਬਿਲਕੁਲ ਉਸੇ ਤਰ੍ਹਾਂ ਜੇ ਸਾਨੂੰ ਪਤਾ ਹੈ ਕਿ ਅਸੀਂ ਉਹ ਕੰਮ ਕਰ ਰਹੇ ਹਾਂ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਕੰਮ ਕਰਨੇ ਛੱਡ ਦੇਈਏ। ਇਨ੍ਹਾਂ ਬੁਰੇ ਕੰਮਾਂ ਬਾਰੇ ਗੱਲ ਕਰਦਿਆਂ ਪੌਲੁਸ ਨੇ ਕਿਹਾ: “ਤੁਸੀਂ ਇਹ ਸਭ ਕੁਝ ਛੱਡ ਦਿਓ।” ਆਓ ਆਪਾਂ ਇਨ੍ਹਾਂ ਵਿੱਚੋਂ ਦੋ ਕੰਮਾਂ ’ਤੇ ਚਰਚਾ ਕਰੀਏ: ਹਰਾਮਕਾਰੀ ਅਤੇ ਗੰਦ-ਮੰਦ।​—ਕੁਲੁੱਸੀਆਂ 3:5-9 ਪੜ੍ਹੋ।

6, 7. (ੳ) ਪੌਲੁਸ ਦੇ ਸ਼ਬਦਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ? (ਅ) ਸਕੁਰਾ ਦੀ ਜ਼ਿੰਦਗੀ ਕਿਹੋ ਜਿਹੀ ਸੀ? ਕਿਸ ਦੀ ਮਦਦ ਨਾਲ ਉਹ ਆਪਣੀ ਜ਼ਿੰਦਗੀ ਬਦਲ ਸਕੀ?

6 ਹਰਾਮਕਾਰੀ। ਬਾਈਬਲ ਵਿਚ “ਹਰਾਮਕਾਰੀ” ਸ਼ਬਦ ਦੇ ਮਤਲਬ ਵਿਚ ਬਹੁਤ ਕੁਝ ਆ ਜਾਂਦਾ ਹੈ। ਇਸ ਵਿਚ ਸਮਲਿੰਗੀ ਸੰਬੰਧ ਬਣਾਉਣੇ ਅਤੇ ਆਪਣੇ ਕਾਨੂੰਨੀ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾਉਣੇ ਵੀ ਸ਼ਾਮਲ ਹਨ। ਪੌਲੁਸ ਨੇ ਮਸੀਹੀਆਂ ਨੂੰ ਕਿਹਾ ਕਿ ਉਹ “ਆਪਣੇ ਸਰੀਰ ਦੇ ਅੰਗਾਂ ਨੂੰ ਵੱਢ” ਸੁੱਟਣ ਜਿਨ੍ਹਾਂ ਵਿਚ ਹਰਾਮਕਾਰੀ ਦੀਆਂ ਲਾਲਸਾਵਾਂ ਪੈਦਾ ਹੁੰਦੀਆਂ ਹਨ। ਇਸ ਦਾ ਮਤਲਬ ਹੈ ਕਿ ਸਾਨੂੰ ਬੁਰੀਆਂ ਇੱਛਾਵਾਂ ਤੋਂ ਖਹਿੜਾ ਛੁਡਾਉਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਇਹ ਬਹੁਤ ਔਖਾ ਹੋ ਸਕਦਾ ਹੈ, ਪਰ ਨਾਮੁਮਕਿਨ ਨਹੀਂ ਹੈ।

7 ਅਸੀਂ ਇਹ ਗੱਲ ਜਪਾਨ ਦੀ ਰਹਿਣ ਵਾਲੀ ਭੈਣ ਸਕੁਰਾ * ਦੀ ਮਿਸਾਲ ਤੋਂ ਦੇਖ ਸਕਦੇ ਹਾਂ। ਬਚਪਨ ਤੋਂ ਹੀ ਸਕੁਰਾ ਇਕੱਲੀ ਅਤੇ ਉਦਾਸ ਰਹਿੰਦੀ ਸੀ। ਆਪਣੇ ਇਕੱਲੇਪਣ ਨੂੰ ਦੂਰ ਕਰਨ ਲਈ ਉਸ ਨੇ 15 ਸਾਲ ਦੀ ਉਮਰ ਵਿਚ ਅਲੱਗ-ਅਲੱਗ ਲੋਕਾਂ ਨਾਲ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਸਕੁਰਾ ਨੇ ਤਿੰਨ ਵਾਰ ਗਰਭਪਾਤ ਕਰਵਾਇਆ। ਉਹ ਕਹਿੰਦੀ ਹੈ: “ਸ਼ੁਰੂ-ਸ਼ੁਰੂ ਵਿਚ ਅਲੱਗ-ਅਲੱਗ ਲੋਕਾਂ ਨਾਲ ਸਰੀਰਕ ਸੰਬੰਧ ਬਣਾ ਕੇ ਮੈਨੂੰ ਲੱਗਾ ਕਿ ਮੈਨੂੰ ਖ਼ੁਸ਼ੀ ਅਤੇ ਪਿਆਰ ਮਿਲ ਰਿਹਾ ਸੀ। ਪਰ ਜਿੰਨੇ ਜ਼ਿਆਦਾ ਲੋਕਾਂ ਨਾਲ ਮੈਂ ਸਰੀਰਕ ਸੰਬੰਧ ਬਣਾਏ, ਮੈਨੂੰ ਉੱਨਾ ਹੀ ਇਕੱਲਾਪਣ ਅਤੇ ਉਦਾਸੀ ਮਹਿਸੂਸ ਹੋਈ।” ਸਕੁਰਾ 23 ਸਾਲ ਦੀ ਉਮਰ ਤਕ ਇਸੇ ਤਰ੍ਹਾਂ ਦੀ ਜ਼ਿੰਦਗੀ ਜੀਉਂਦੀ ਰਹੀ। ਪਰ ਫਿਰ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ। ਉਹ ਜੋ ਵੀ ਸਿੱਖਦੀ ਸੀ ਉਸ ਨੂੰ ਬਹੁਤ ਚੰਗਾ ਲੱਗਦਾ ਸੀ। ਯਹੋਵਾਹ ਨੇ ਉਸ ਦੀ ਮਦਦ ਕੀਤੀ ਤਾਂਕਿ ਉਹ ਆਪਣੀ ਬਦਚਲਣ ਜ਼ਿੰਦਗੀ ਨੂੰ ਛੱਡ ਕੇ ਸ਼ਰਮਿੰਦਗੀ ਅਤੇ ਦੋਸ਼ ਦੀਆਂ ਭਾਵਨਾਵਾਂ ਤੋਂ ਉੱਭਰ ਸਕੇ। ਅੱਜ ਸਕੁਰਾ ਰੈਗੂਲਰ ਪਾਇਨੀਅਰ ਹੈ ਅਤੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦੀ। ਉਹ ਕਹਿੰਦੀ ਹੈ: “ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਦਿਨ-ਪ੍ਰਤੀ-ਦਿਨ ਯਹੋਵਾਹ ਦਾ ਪਿਆਰ ਮਹਿਸੂਸ ਕਰਦੀ ਹਾਂ।”

ਗੰਦ-ਮੰਦ ਨੂੰ ਪਰੇ ਸੁੱਟੋ

8. ਹੋਰ ਕਿਹੜੇ ਕੰਮ ਹਨ ਜਿਹੜੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਹਨ?

8 ਗੰਦ-ਮੰਦ। ਬਾਈਬਲ ਵਿਚ ਦਰਜ “ਗੰਦ-ਮੰਦ” ਸ਼ਬਦ ਵਿਚ ਹਰਾਮਕਾਰੀ ਤੋਂ ਇਲਾਵਾ ਵੀ ਬਹੁਤ ਕੁਝ ਸ਼ਾਮਲ ਹੈ। ਮਿਸਾਲ ਲਈ, ਸਿਗਰਟ ਪੀਣੀ ਜਾਂ ਗੰਦੇ ਚੁਟਕਲੇ ਸੁਣਾਉਣੇ। (2 ਕੁਰਿੰ. 7:1; ਅਫ਼. 5:3, 4) ਇਨ੍ਹਾਂ ਵਿਚ ਉਹ ਗੰਦੇ ਕੰਮ ਵੀ ਸ਼ਾਮਲ ਹਨ ਜੋ ਲੋਕ ਦੁਨੀਆਂ ਦੀਆਂ ਨਜ਼ਰਾਂ ਤੋਂ ਓਹਲੇ ਕਰਦੇ ਹਨ। ਉਦਾਹਰਣ ਲਈ, ਉਹ ਕਿਤਾਬਾਂ ਪੜ੍ਹਨੀਆਂ ਜਿਨ੍ਹਾਂ ਨਾਲ ਕਾਮ-ਵਾਸ਼ਨਾ ਦੀ ਲਾਲਸਾ ਪੈਦਾ ਹੁੰਦੀ ਹੈ ਜਾਂ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣੀਆਂ। ਇੱਦਾਂ ਦੀਆਂ ਚੀਜ਼ਾਂ ਕਰਕੇ ਹੱਥ-ਰੱਸੀ ਦੀ ਗੰਦੀ ਆਦਤ ਪੈ ਸਕਦੀ ਹੈ।​—ਕੁਲੁ. 3:5. *

9. “ਕਾਮ-ਵਾਸ਼ਨਾ” ਵਧਣ ਨਾਲ ਕਿਹੜੇ ਨਤੀਜੇ ਨਿਕਲ ਸਕਦੇ ਹਨ?

9 ਜਿਹੜੇ ਲੋਕ ਲਗਾਤਾਰ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਦੇ ਹਨ ਉਨ੍ਹਾਂ ਵਿੱਚ “ਕਾਮ-ਵਾਸ਼ਨਾ” ਇੰਨੀ ਵੱਧ ਜਾਂਦੀ ਹੈ ਕਿ ਉਨ੍ਹਾਂ ਨੂੰ ਸਰੀਰਕ ਸੰਬੰਧ ਬਣਾਉਣ ਦੀ ਲਤ ਲੱਗ ਸਕਦੀ ਹੈ। ਖੋਜਕਾਰ ਦੱਸਦੇ ਹਨ ਕਿ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਦੀ ਲਤ ਬਿਲਕੁਲ ਨਸ਼ੇ ਜਾਂ ਸ਼ਰਾਬ ਦੀ ਲਤ ਵਾਂਗ ਹੁੰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਦੀ ਲਤ ਕਰਕੇ ਹਮੇਸ਼ਾ ਨੁਕਸਾਨ ਹੁੰਦਾ ਹੈ। ਮਿਸਾਲ ਲਈ, ਸ਼ਰਮਿੰਦਗੀ, ਕੰਮ ’ਤੇ ਧਿਆਨ ਨਾ ਲੱਗਣਾ, ਪਰਿਵਾਰਾਂ ਦੀ ਬਰਬਾਦੀ, ਤਲਾਕ ਅਤੇ ਇੱਥੋਂ ਤਕ ਆਤਮ-ਹੱਤਿਆ। ਇਕ ਆਦਮੀ ਨੇ ਪੂਰੇ ਇਕ ਸਾਲ ਤਕ ਕੋਈ ਵੀ ਗੰਦੀ ਤਸਵੀਰ ਜਾਂ ਫ਼ਿਲਮ ਨਹੀਂ ਦੇਖੀ। ਉਸ ਨੇ ਆਪਣੀ ਗੰਦੀ ਆਦਤ ’ਤੇ ਕਾਬੂ ਪਾਉਣ ਤੋਂ ਬਾਅਦ ਕਿਹਾ ਕਿ ਉਹ ਹੁਣ ਆਪਣੀ ਇੱਜ਼ਤ ਕਰ ਸਕਦਾ ਹੈ।

10. ਰੁਬੇਰੋ ਨੇ ਗੰਦੀਆਂ ਫ਼ਿਲਮਾਂ ਦੇਖਣ ਦੀ ਲਤ ਤੋਂ ਕਿਵੇਂ ਛੁਟਕਾਰਾ ਪਾਇਆ?

10 ਬਹੁਤ ਸਾਰੇ ਲੋਕਾਂ ਲਈ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਦੀ ਲਤ ਤੋਂ ਛੁਟਕਾਰਾ ਪਾਉਣਾ ਔਖਾ ਹੈ। ਪਰ ਇਸ ਲਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬ੍ਰਾਜ਼ੀਲ ਵਿਚ ਰਹਿਣ ਵਾਲੇ ਰੁਬੇਰੋ ਨਾਂ ਦੇ ਆਦਮੀ ਦੀ ਮਿਸਾਲ ’ਤੇ ਗੌਰ ਕਰੋ। ਜਦੋਂ ਉਹ ਅੱਲੜ੍ਹ ਉਮਰ ਦਾ ਸੀ, ਤਾਂ ਉਸ ਨੇ ਆਪਣਾ ਘਰ ਛੱਡ ਦਿੱਤਾ ਅਤੇ ਇਕ ਫੈਕਟਰੀ ਵਿਚ ਕੰਮ ਕਰਨ ਲੱਗਾ। ਉੱਥੇ ਰੱਦੀ ਕਿਤਾਬਾਂ ਤੋਂ ਕਾਗਜ਼ ਤਿਆਰ ਕੀਤਾ ਜਾਂਦਾ ਸੀ। ਫਿਰ ਇਕ ਦਿਨ ਉਸ ਨੂੰ ਉੱਥੇ ਗੰਦੀਆਂ ਤਸਵੀਰਾਂ ਵਾਲੇ ਰਸਾਲੇ ਮਿਲੇ। ਰੁਬੇਰੋ ਦੱਸਦਾ ਹੈ: “ਹੌਲੀ-ਹੌਲੀ ਮੈਨੂੰ ਇਨ੍ਹਾਂ ਦੀ ਲਤ ਲੱਗ ਗਈ। ਇਹ ਲਤ ਇੰਨੀ ਬੁਰੀ ਸੀ ਕਿ ਜਿਸ ਔਰਤ ਨਾਲ ਮੈਂ ਰਹਿੰਦਾ ਸੀ ਮੈਨੂੰ ਹਮੇਸ਼ਾ ਇਹ ਤਾਕ ਰਹਿੰਦੀ ਸੀ ਕਿ ਕਦੋਂ ਉਹ ਘਰੋਂ ਬਾਹਰ ਜਾਵੇ ਤੇ ਮੈਂ ਗੰਦੀਆਂ ਫ਼ਿਲਮਾਂ ਦੇਖਾਂ।” ਇਕ ਦਿਨ ਕੰਮ ’ਤੇ ਰੁਬੇਰੋ ਨੇ ਕਿਤਾਬਾਂ ਦੀ ਰੱਦੀ ਵਿਚ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਦੇਖੀ। ਉਸ ਨੇ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ। ਉਸ ਨੇ ਜੋ ਵੀ ਉਸ ਕਿਤਾਬ ਤੋਂ ਸਿੱਖਿਆ ਸੀ ਉਸ ਕਰਕੇ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨ ਲੱਗਾ। ਪਰ ਫਿਰ ਵੀ ਰੁਬੇਰੋ ਨੂੰ ਆਪਣੀ ਗੰਦੀ ਆਦਤ ਤੋਂ ਖਹਿੜਾ ਛੁਡਾਉਣ ਲਈ ਬਹੁਤ ਸਮਾਂ ਲੱਗਾ। ਕਿਸ ਗੱਲ ਨੇ ਉਸ ਦੀ ਮਦਦ ਕੀਤੀ? ਉਹ ਕਹਿੰਦਾ ਹੈ: “ਪ੍ਰਾਰਥਨਾ, ਬਾਈਬਲ ਦਾ ਅਧਿਐਨ ਅਤੇ ਸਿੱਖੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਕਰਕੇ ਮੇਰੀ ਮਦਦ ਹੋਈ। ਪਰਮੇਸ਼ੁਰੀ ਗੁਣਾਂ ਲਈ ਮੇਰੀ ਕਦਰ ਬਹੁਤ ਵਧ ਗਈ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਗੰਦੀਆਂ ਫ਼ਿਲਮਾਂ ਦੇਖਣ ਦੀ ਮੇਰੀ ਇੱਛਾ ਘੱਟ ਗਈ ਅਤੇ ਪਰਮੇਸ਼ੁਰ ਲਈ ਮੇਰਾ ਪਿਆਰ ਵਧ ਗਿਆ।” ਬਾਈਬਲ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਰੁਬੇਰੋ ਨੇ ਆਪਣੀ ਗੰਦੀ ਆਦਤ ਤੋਂ ਛੁਟਕਾਰਾ ਪਾ ਕੇ ਬਪਤਿਸਮਾ ਲਿਆ। ਹੁਣ ਉਹ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ।

11. ਗੰਦੀਆਂ ਫ਼ਿਲਮਾਂ ਦੇਖਣ ਦੀ ਲਤ ਤੋਂ ਅਸੀਂ ਕਿਵੇਂ ਬਚੇ ਰਹਿ ਸਕਦੇ ਹਾਂ?

11 ਰੁਬੇਰੋ ਨੂੰ ਗੰਦੀਆਂ ਫ਼ਿਲਮਾਂ ਦੇਖਣ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਬਾਈਬਲ ਪੜ੍ਹਨ ਤੋਂ ਇਲਾਵਾ ਵੀ ਬਹੁਤ ਕੁਝ ਕਰਨ ਦੀ ਲੋੜ ਸੀ। ਉਸ ਨੂੰ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਅਤੇ ਇਨ੍ਹਾਂ ਗੱਲਾਂ ਨੂੰ ਆਪਣੇ ਦਿਲ ਵਿਚ ਬਿਠਾਉਣ ਦੀ ਲੋੜ ਸੀ। ਉਸ ਨੂੰ ਯਹੋਵਾਹ ਅੱਗੇ ਮਦਦ ਲਈ ਤਰਲੇ ਕਰਨ ਦੀ ਲੋੜ ਸੀ। ਇਨ੍ਹਾਂ ਗੱਲਾਂ ਕਰਕੇ ਰੁਬੇਰੋ ਦਾ ਪਰਮੇਸ਼ੁਰ ਲਈ ਪਿਆਰ ਇੰਨਾ ਗੂੜ੍ਹਾ ਹੋ ਗਿਆ ਕਿ ਉਹ ਆਪਣੀ ਗੰਦੀ ਆਦਤ ਤੋਂ ਛੁਟਕਾਰਾ ਪਾ ਸਕਿਆ। ਗੰਦੀਆਂ ਫ਼ਿਲਮਾਂ ਦੇਖਣ ਦੇ ਫੰਦੇ ਤੋਂ ਬਚਣ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨੂੰ ਤਹਿ ਦਿਲੋਂ ਪਿਆਰ ਕਰੀਏ ਅਤੇ ਬੁਰਿਆਈ ਤੋਂ ਘਿਣ ਕਰੀਏ।​—ਜ਼ਬੂਰਾਂ ਦੀ ਪੋਥੀ 97:10 ਪੜ੍ਹੋ।

ਗੁੱਸਾ, ਗਾਲ਼ੀ-ਗਲੋਚ ਅਤੇ ਝੂਠ ਬੋਲਣਾ ਛੱਡੋ

12. ਸਟੀਫ਼ਨ ਨੇ ਗੁੱਸਾ ਕਰਨ ਅਤੇ ਗਾਲ਼ਾਂ ਕੱਢਣ ਦੀ ਆਦਤ ਕਿਵੇਂ ਛੱਡੀ?

12 ਕੁਝ ਲੋਕਾਂ ਦਾ ਪਾਰਾ ਬਹੁਤ ਛੇਤੀ ਚੜ੍ਹ ਜਾਂਦਾ ਹੈ। ਉਹ ਗੁੱਸੇ ਵਿਚ ਚੁੱਭਵੀਆਂ ਗੱਲਾਂ ਕਹਿ ਦਿੰਦੇ ਹਨ। ਇਸ ਨਾਲ ਸਾਰੇ ਪਰਿਵਾਰ ’ਤੇ ਮਾੜਾ ਅਸਰ ਪੈਂਦਾ ਹੈ। ਆਸਟ੍ਰੇਲੀਆ ਵਿਚ ਰਹਿਣ ਵਾਲੇ ਸਟੀਫ਼ਨ ਨਾਂ ਦੇ ਇਕ ਪਿਤਾ ਦੀ ਮਿਸਾਲ ਲਓ। ਉਹ ਬਹੁਤ ਗਾਲ਼ਾਂ ਕੱਢਦਾ ਸੀ ਅਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਭੜਕ ਉੱਠਦਾ ਸੀ। ਉਹ ਕਹਿੰਦਾ ਹੈ: “ਮੈਂ ਤੇ ਮੇਰੀ ਪਤਨੀ ਤਿੰਨ ਵਾਰ ਅਲੱਗ ਹੋਏ ਅਤੇ ਹਾਲਾਤ ਇੰਨੇ ਵਿਗੜ ਗਏ ਕਿ ਤਲਾਕ ਤਕ ਦੀ ਨੌਬਤ ਆ ਗਈ।” ਫਿਰ ਦੋਨਾਂ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ ਅਤੇ ਸਟੀਫ਼ਨ ਨੇ ਪੜ੍ਹੀਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਹਿੰਦਾ ਹੈ ਕਿ ਯਹੋਵਾਹ ਬਾਰੇ ਸਿੱਖਣ ਤੋਂ ਪਹਿਲਾਂ ਉਸ ਨੂੰ ਇੰਨਾ ਗੁੱਸਾ ਆਉਂਦਾ ਸੀ ਕਿ ਜਿਵੇਂ ਕੋਈ ਬੰਬ ਫਟਣ ਵਾਲਾ ਹੋਵੇ। ਪਰ ਬਾਈਬਲ ਦੀ ਸਲਾਹ ਅਨੁਸਾਰ ਚੱਲ ਕੇ ਸਟੀਫ਼ਨ ਦੇ ਘਰ ਦੇ ਹਾਲਾਤ ਕਾਫ਼ੀ ਸੁਧਰ ਗਏ। ਉਹ ਦੱਸਦਾ ਹੈ: “ਸਾਡੀ ਪਰਿਵਾਰਕ ਜ਼ਿੰਦਗੀ ਕਾਫ਼ੀ ਹੱਦ ਤਕ ਬਿਹਤਰ ਹੋ ਗਈ। ਯਹੋਵਾਹ ਦੀ ਮਦਦ ਨਾਲ ਮੈਂ ਪਹਿਲਾਂ ਨਾਲੋਂ ਹੁਣ ਬਹੁਤ ਸ਼ਾਂਤ ਅਤੇ ਠੰਢੇ ਸੁਭਾਅ ਦਾ ਬਣ ਗਿਆ ਹਾਂ।” ਅੱਜ ਸਟੀਫ਼ਨ ਇਕ ਸਹਾਇਕ ਸੇਵਕ ਵਜੋਂ ਸੇਵਾ ਕਰ ਰਿਹਾ ਹੈ ਅਤੇ ਉਸ ਦੀ ਪਤਨੀ ਨੂੰ ਪਾਇਨੀਅਰਿੰਗ ਕਰਦਿਆਂ ਕਾਫ਼ੀ ਸਾਲ ਹੋ ਗਏ ਹਨ। ਸਟੀਫ਼ਨ ਦੀ ਮੰਡਲੀ ਦੇ ਬਜ਼ੁਰਗ ਕਹਿੰਦੇ ਹਨ: “ਸਟੀਫ਼ਨ ਬਹੁਤ ਨਿਮਰ, ਮਿਹਨਤੀ ਅਤੇ ਸ਼ਾਂਤ ਸੁਭਾਅ ਵਾਲਾ ਭਰਾ ਹੈ।” ਉਹ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਵੀ ਉਸ ਨੂੰ ਗੁੱਸੇ ਹੁੰਦੇ ਨਹੀਂ ਦੇਖਿਆ। ਸਟੀਫ਼ਨ ਨੇ ਆਪਣੇ ਸੁਭਾਅ ਵਿਚ ਜੋ ਬਦਲਾਅ ਕੀਤੇ ਹਨ ਉਸ ਨੇ ਇਸ ਦਾ ਸਿਹਰਾ ਆਪਣੇ ਸਿਰ ਨਹੀਂ ਲਿਆ। ਉਹ ਕਹਿੰਦਾ ਹੈ: “ਜੇ ਮੈਂ ਯਹੋਵਾਹ ਤੋਂ ਮਦਦ ਨਾ ਲੈਂਦਾ, ਤਾਂ ਮੈਨੂੰ ਇੰਨੀਆਂ ਸ਼ਾਨਦਾਰ ਬਰਕਤਾਂ ਕਦੇ ਨਹੀਂ ਸੀ ਮਿਲਣੀਆਂ। ਯਹੋਵਾਹ ਨੇ ਮੇਰਾ ਸੁਭਾਅ ਬਿਲਕੁਲ ਹੀ ਬਦਲ ਦਿੱਤਾ।”

13. ਗੁੱਸਾ ਕਰਨਾ ਇੰਨਾ ਖ਼ਤਰਨਾਕ ਕਿਉਂ ਹੈ? ਬਾਈਬਲ ਸਾਨੂੰ ਕਿਸ ਗੱਲੋਂ ਖ਼ਬਰਦਾਰ ਕਰਦੀ ਹੈ?

13 ਬਾਈਬਲ ਸਾਨੂੰ ਗੁੱਸਾ, ਚੀਕ-ਚਿਹਾੜਾ ਅਤੇ ਚੁੱਭਵੀਆਂ ਗੱਲਾਂ ਕਰਨ ਤੋਂ ਮਨ੍ਹਾ ਕਰਦੀ ਹੈ। (ਅਫ਼. 4:31) ਇਨ੍ਹਾਂ ਗੱਲਾਂ ਕਰਕੇ ਮਾਰ-ਧਾੜ ਹੁੰਦੀ ਹੈ। ਅੱਜ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਗੁੱਸਾ ਕਰਨ ਅਤੇ ਦੂਜਿਆਂ ’ਤੇ ਹੱਥ ਚੁੱਕਣ ਵਿਚ ਕੋਈ ਖ਼ਰਾਬੀ ਨਹੀਂ ਹੈ। ਪਰ ਇਸ ਤਰ੍ਹਾਂ ਦੇ ਰਵੱਈਏ ਕਰਕੇ ਸ੍ਰਿਸ਼ਟੀਕਰਤਾ ਦੀ ਮਹਿਮਾ ਨਹੀਂ ਹੁੰਦੀ। ਇਸ ਲਈ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਆਪਣਾ ਪੁਰਾਣਾ ਸੁਭਾਅ ਲਾਹ ਕੇ ਸੁੱਟਿਆ ਹੈ ਅਤੇ ਨਵਾਂ ਸੁਭਾਅ ਪਾਇਆ ਹੈ।​—ਜ਼ਬੂਰਾਂ ਦੀ ਪੋਥੀ 37:8-11 ਪੜ੍ਹੋ।

14. ਕੀ ਇਕ ਹਿੰਸਕ ਇਨਸਾਨ ਨਿਮਰ ਬਣ ਸਕਦਾ ਹੈ?

14 ਆਸਟ੍ਰੀਆ ਵਿਚ ਰਹਿਣ ਵਾਲਾ ਹੈਨਜ਼ ਨਾਂ ਦਾ ਭਰਾ ਮੰਡਲੀ ਵਿਚ ਬਜ਼ੁਰਗ ਹੈ। ਇਸ ਭਰਾ ਦੀ ਮੰਡਲੀ ਦੇ ਸਹਾਇਕ ਬਜ਼ੁਰਗ (ਕੋਆਰਡੀਨੇਟਰ) ਨੇ ਕਿਹਾ: “ਮੈਂ ਇੱਦਾਂ ਦਾ ਨਿਮਰ ਭਰਾ ਕਦੇ ਨਹੀਂ ਦੇਖਿਆ।” ਪਰ ਹੈਨਜ਼ ਹਮੇਸ਼ਾ ਤੋਂ ਹੀ ਨਿਮਰ ਨਹੀਂ ਸੀ। ਉਸ ਨੇ ਜਵਾਨੀ ਵਿਚ ਹੱਦੋਂ ਵੱਧ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਉਹ ਬਹੁਤ ਹਿੰਸਕ ਬਣ ਗਿਆ। ਇਕ ਵਾਰ ਉਸ ਨੇ ਇੰਨੀ ਜ਼ਿਆਦਾ ਸ਼ਰਾਬ ਪੀ ਲਈ ਕਿ ਗੁੱਸੇ ਵਿਚ ਲਾਲ-ਪੀਲਾ ਹੋ ਕੇ ਉਸ ਨੇ ਆਪਣੀ ਪ੍ਰੇਮਿਕਾ ਹੀ ਮਾਰ ਸੁੱਟੀ। ਉਸ ਨੂੰ 20 ਸਾਲਾਂ ਦੀ ਸਜ਼ਾ ਹੋ ਗਈ। ਪਰ ਜੇਲ੍ਹ ਵਿਚ ਰਹਿੰਦੇ ਹੋਏ ਵੀ ਉਸ ਨੂੰ ਅਕਲ ਨਹੀਂ ਆਈ ਅਤੇ ਉਸ ਦੇ ਸੁਭਾਅ ਵਿਚ ਰਤੀ ਭਰ ਫ਼ਰਕ ਨਹੀਂ ਪਿਆ। ਫਿਰ ਉਸ ਦੀ ਮਾਂ ਨੇ ਇਕ ਮੰਡਲੀ ਦੇ ਬਜ਼ੁਰਗ ਨੂੰ ਉਸ ਨੂੰ ਮਿਲਣ ਲਈ ਕਿਹਾ ਅਤੇ ਹੈਨਜ਼ ਨੇ ਸਟੱਡੀ ਸ਼ੁਰੂ ਕਰ ਲਈ। ਹੈਨਜ਼ ਦੱਸਦਾ ਹੈ: “ਆਪਣੇ ਪੁਰਾਣੇ ਸੁਭਾਅ ਨੂੰ ਲਾਹ ਸੁੱਟਣਾ ਮੇਰੇ ਲਈ ਬਹੁਤ ਹੀ ਜ਼ਿਆਦਾ ਔਖਾ ਸੀ। ਪਰ ਮੈਨੂੰ ਇਨ੍ਹਾਂ ਬਾਈਬਲ ਦੀਆਂ ਆਇਤਾਂ ਤੋਂ ਬਹੁਤ ਹੌਸਲਾ ਮਿਲਿਆ ਜਿਵੇਂ ਕਿ ਯਸਾਯਾਹ 55:7 ਜਿਸ ਵਿਚ ਲਿਖਿਆ ਹੈ ਕਿ ‘ਦੁਸ਼ਟ ਆਪਣੇ ਰਾਹ ਨੂੰ ਤਿਆਗੇ।’ ਨਾਲੇ 1 ਕੁਰਿੰਥੀਆਂ 6:11 ਤੋਂ ਵੀ ਮੈਨੂੰ ਹਿੰਮਤ ਮਿਲੀ ਜਿਸ ਵਿਚ ਲਿਖਿਆ ਹੈ ਕਿ ‘ਤੁਹਾਡੇ ਵਿੱਚੋਂ ਕੁਝ ਪਹਿਲਾਂ ਅਜਿਹੇ ਹੀ ਸਨ’ ਯਾਨੀ ਕਈਆਂ ਨੇ ਆਪਣੇ ਗ਼ਲਤ ਕੰਮ ਕਰਨੇ ਛੱਡ ਦਿੱਤੇ। ਯਹੋਵਾਹ ਨੇ ਧੀਰਜ ਰੱਖਿਆ ਅਤੇ ਪਵਿੱਤਰ ਸ਼ਕਤੀ ਰਾਹੀਂ ਮੇਰੀ ਮਦਦ ਕੀਤੀ ਤਾਂਕਿ ਮੈਂ ਨਵੇਂ ਸੁਭਾਅ ਨੂੰ ਪਾ ਸਕਾਂ।” ਹੈਨਜ਼ ਨੇ ਜੇਲ੍ਹ ਵਿਚ ਹੀ ਬਪਤਿਸਮਾ ਲਿਆ ਅਤੇ ਉਹ ਸਾਢੇ 17 ਸਾਲ ਬਾਅਦ ਰਿਹਾ ਹੋ ਗਿਆ। ਉਹ ਨੇ ਦੱਸਿਆ: “ਮੈਂ ਯਹੋਵਾਹ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਮਾਫ਼ ਕਰ ਕੇ ਮੇਰੇ ਉੱਤੇ ਕਿੰਨੀ ਦਇਆ ਦਿਖਾਈ।”

15. ਪੁਰਾਣੇ ਸੁਭਾਅ ਵਿਚ ਹੋਰ ਕਿਹੜੀ ਗੱਲ ਸ਼ਾਮਲ ਹੈ?

15 ਪੁਰਾਣੇ ਸੁਭਾਅ ਵਿਚ ਝੂਠ ਬੋਲਣਾ ਵੀ ਸ਼ਾਮਲ ਹੈ। ਮਿਸਾਲ ਲਈ, ਬਹੁਤ ਲੋਕ ਟੈਕਸ ਭਰਨ ਤੋਂ ਬਚਣ ਲਈ ਜਾਂ ਆਪਣੀਆਂ ਗ਼ਲਤੀਆਂ ’ਤੇ ਪਰਦਾ ਪਾਉਣ ਲਈ ਝੂਠ ਬੋਲਦੇ ਹਨ। ਪਰ ਬਾਈਬਲ ਕਹਿੰਦੀ ਹੈ ਕਿ ‘ਯਹੋਵਾਹ ਸਚਿਆਈ ਦਾ ਪਰਮੇਸ਼ੁਰ’ ਹੈ। (ਜ਼ਬੂ. 31:5) ਉਹ ਆਪਣੇ ਸੇਵਕਾਂ ਤੋਂ ਚਾਹੁੰਦਾ ਹੈ ਕਿ ਉਹ ‘ਇਕ-ਦੂਜੇ ਨਾਲ ਸੱਚ ਬੋਲਣ’ ਨਾ ਕਿ “ਝੂਠ।” (ਅਫ਼. 4:25; ਕੁਲੁ. 3:9) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ, ਚਾਹੇ ਸਾਡੇ ਲਈ ਸੱਚ ਬੋਲਣਾ ਔਖਾ ਹੋਵੇ ਜਾਂ ਸਾਨੂੰ ਸ਼ਰਮਿੰਦਗੀ ਸਹਿਣੀ ਪਵੇ।​—ਕਹਾ. 6:16-19.

ਉਨ੍ਹਾਂ ਨੇ ਜਿੱਤ ਹਾਸਲ ਕੀਤੀ

16. ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

16 ਅਸੀਂ ਆਪਣੀ ਤਾਕਤ ਨਾਲ ਪੁਰਾਣੇ ਸੁਭਾਅ ਨੂੰ ਲਾਹ ਕੇ ਨਹੀਂ ਸੁੱਟ ਸਕਦੇ। ਸਕੁਰਾ, ਰੁਬੇਰੋ, ਸਟੀਫ਼ਨ ਅਤੇ ਹੈਨਜ਼ ਨੇ ਆਪਣੀ ਜ਼ਿੰਦਗੀ ਦੇ ਪੁਰਾਣੇ ਤੌਰ-ਤਰੀਕਿਆਂ ਨੂੰ ਬਦਲਣ ਲਈ ਬਹੁਤ ਜੱਦੋ-ਜਹਿਦ ਕੀਤੀ। ਉਹ ਪਰਮੇਸ਼ੁਰ ਦੇ ਬਚਨ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣੇ ਆਪ ਨੂੰ ਬਦਲ ਸਕੇ। (ਲੂਕਾ 11:13; ਇਬ. 4:12) ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਵੀ ਪਵਿੱਤਰ ਸ਼ਕਤੀ ਤੋਂ ਫ਼ਾਇਦਾ ਹੋਵੇ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਰੋਜ਼ ਬਾਈਬਲ ਪੜ੍ਹੀਏ ਅਤੇ ਇਸ ’ਤੇ ਸੋਚ-ਵਿਚਾਰ ਕਰੀਏ। ਨਾਲੇ ਲਗਾਤਾਰ ਪ੍ਰਾਰਥਨਾ ਕਰੀਏ ਕਿ ਪੜ੍ਹੀਆਂ ਗੱਲਾਂ ਨੂੰ ਲਾਗੂ ਕਰਨ ਲਈ ਪਰਮੇਸ਼ੁਰ ਸਾਨੂੰ ਬੁੱਧ ਅਤੇ ਤਾਕਤ ਦੇਵੇ। (ਯਹੋ. 1:8; ਜ਼ਬੂ. 119:97; 1 ਥੱਸ. 5:17) ਸਾਨੂੰ ਪਰਮੇਸ਼ੁਰ ਦੇ ਬਚਨ ਅਤੇ ਪਵਿੱਤਰ ਸ਼ਕਤੀ ਤੋਂ ਉਦੋਂ ਵੀ ਫ਼ਾਇਦਾ ਹੁੰਦਾ ਹੈ ਜਦੋਂ ਅਸੀਂ ਸਭਾਵਾਂ ਦੀ ਤਿਆਰੀ ਕਰਦੇ ਹਾਂ ਅਤੇ ਉਨ੍ਹਾਂ ਵਿਚ ਹਾਜ਼ਰ ਹੁੰਦੇ ਹਾਂ। (ਇਬ. 10:24, 25) ਮਦਦ ਲਈ ਸਾਨੂੰ ਯਹੋਵਾਹ ਦੇ ਸੰਗਠਨ ਦੇ ਹੋਰ ਪ੍ਰਬੰਧਾਂ ਦਾ ਵੀ ਫ਼ਾਇਦਾ ਲੈਣਾ ਚਾਹੀਦਾ ਹੈ, ਜਿਵੇਂ ਕਿ ਵੈੱਬਸਾਈਟ (jw.org), ਲਾਇਬ੍ਰੇਰੀ ਐਪ (JW Library), ਬ੍ਰਾਡਕਾਸਟਿੰਗ (JW Broadcasting) ਅਤੇ ਰਸਾਲੇ।​—ਲੂਕਾ 12:42.

ਅਸੀਂ ਪੁਰਾਣੇ ਸੁਭਾਅ ਨੂੰ ਕਿਵੇਂ ਲਾਹ ਕੇ ਸੁੱਟ ਸਕਦੇ ਹਾਂ? (ਪੈਰਾ 16 ਦੇਖੋ)

17. ਅਸੀਂ ਅਗਲੇ ਲੇਖ ਵਿਚ ਕਿਸ ਗੱਲ ’ਤੇ ਚਰਚਾ ਕਰਾਂਗੇ?

17 ਅਸੀਂ ਇਸ ਲੇਖ ਵਿਚ ਕਈ ਬੁਰੀਆਂ ਆਦਤਾਂ ਬਾਰੇ ਗੱਲ ਕੀਤੀ ਹੈ ਜੋ ਪੁਰਾਣੇ ਸੁਭਾਅ ਦਾ ਹਿੱਸਾ ਹਨ। ਇਸ ਲਈ ਯਹੋਵਾਹ ਨੂੰ ਖ਼ੁਸ਼ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਪੁਰਾਣੇ ਸੁਭਾਅ ਨੂੰ ਲਾਹੀਏ ਅਤੇ ਕਦੇ ਮੁੜ ਕੇ ਨਾ ਪਾਈਏ। ਪਰ ਇਸ ਤੋਂ ਇਲਾਵਾ ਵੀ ਸਾਨੂੰ ਕੁਝ ਕਰਨ ਦੀ ਲੋੜ ਹੈ। ਸਾਨੂੰ ਨਵੇਂ ਸੁਭਾਅ ਨੂੰ ਪਾਉਣ ਦੀ ਲੋੜ ਹੈ। ਅਸੀਂ ਅਗਲੇ ਲੇਖ ਵਿਚ ਚਰਚਾ ਕਰਾਂਗੇ ਕਿ ਅਸੀਂ ਨਵੇਂ ਸੁਭਾਅ ਨੂੰ ਹਮੇਸ਼ਾ ਲਈ ਕਿਵੇਂ ਪਾਈ ਰੱਖ ਸਕਦੇ ਹਾਂ।

^ ਪੈਰਾ 7 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੈਰਾ 8 ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਂ ਦੀ ਕਿਤਾਬ ਦੇ ਸਫ਼ੇ 218-219 ’ਤੇ ਵਧੇਰੇ ਜਾਣਕਾਰੀ ਦੇਖੋ। ਨਾਲੇ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 1 (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦਾ 25ਵਾਂ ਅਧਿਆਇ ਵੀ ਦੇਖੋ।