Skip to content

Skip to table of contents

ਸੱਚਾਈ ਕਰਕੇ ਘਰ ਵਿਚ “ਤਲਵਾਰ” ਚੱਲੇਗੀ

ਸੱਚਾਈ ਕਰਕੇ ਘਰ ਵਿਚ “ਤਲਵਾਰ” ਚੱਲੇਗੀ

“ਇਹ ਨਾ ਸੋਚੋ ਕਿ ਮੈਂ ਧਰਤੀ ’ਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ; ਮੈਂ ਸ਼ਾਂਤੀ ਕਾਇਮ ਕਰਨ ਨਹੀਂ, ਸਗੋਂ ਤਲਵਾਰ ਚਲਾਉਣ ਆਇਆ ਹਾਂ।”​—ਮੱਤੀ 10:34.

ਗੀਤ: 43, 24

1, 2. (ੳ) ਅੱਜ ਅਸੀਂ ਕਿਹੜੀ ਸ਼ਾਂਤੀ ਦਾ ਆਨੰਦ ਮਾਣਦੇ ਹਾਂ? (ਅ) ਅੱਜ ਕਿਹੜੀਆਂ ਗੱਲਾਂ ਕਰਕੇ ਸਾਨੂੰ ਪੂਰੀ ਤਰ੍ਹਾਂ ਸ਼ਾਂਤੀ ਨਹੀਂ ਮਿਲਦੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਅਸੀਂ ਸਾਰੇ ਆਪਣੀ ਜ਼ਿੰਦਗੀ ਵਿਚ ਸ਼ਾਂਤੀ ਚਾਹੁੰਦੇ ਹਾਂ, ਨਾ ਕਿ ਚਿੰਤਾਵਾਂ। ਅਸੀਂ ਯਹੋਵਾਹ ਦੇ ਬਹੁਤ ਧੰਨਵਾਦੀ ਹਾਂ ਕਿ ਉਸ ਨੇ ਸਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਦਿੱਤੀ ਹੈ। ਇਸ ਸ਼ਾਂਤੀ ਤੋਂ ਸਾਨੂੰ ਸਕੂਨ ਮਿਲਦਾ ਹੈ ਅਤੇ ਅਸੀਂ ਚਿੰਤਾਵਾਂ ਅਤੇ ਨਿਰਾਸ਼ ਕਰਨ ਵਾਲੇ ਖ਼ਿਆਲਾਂ ਤੋਂ ਬਚੇ ਰਹਿੰਦੇ ਹਾਂ। (ਫ਼ਿਲਿ. 4:6, 7) ਇਸ ਦੇ ਨਾਲ-ਨਾਲ ਸਾਡਾ “ਪਰਮੇਸ਼ੁਰ ਨਾਲ ਸ਼ਾਂਤੀ ਭਰਿਆ ਰਿਸ਼ਤਾ” ਬਣਦਾ ਹੈ ਕਿਉਂਕਿ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ।—ਰੋਮੀ. 5:1.

2 ਪਰ ਅਜੇ ਸਮਾਂ ਨਹੀਂ ਆਇਆ ਕਿ ਪਰਮੇਸ਼ੁਰ ਧਰਤੀ ਉੱਤੇ ਸ਼ਾਂਤੀ ਕਾਇਮ ਕਰੇ। ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ ਜਿਸ ਕਰਕੇ ਚਿੰਤਾਵਾਂ ਸਾਨੂੰ ਘੇਰ ਲੈਂਦੀਆਂ ਹਨ। ਚਾਰੇ ਪਾਸੇ ਵਹਿਸ਼ੀ ਅਤੇ ਹਿੰਸਕ ਲੋਕ ਹੀ ਨਜ਼ਰ ਆਉਂਦੇ ਹਨ। (2 ਤਿਮੋ. 3:1-4) ਸਾਨੂੰ ਸ਼ੈਤਾਨ ਅਤੇ ਉਸ ਦੀਆਂ ਝੂਠੀਆਂ ਸਿੱਖਿਆਵਾਂ ਤੋਂ ਵੀ ਬਚ ਕੇ ਰਹਿਣਾ ਪੈਂਦਾ ਹੈ। (2 ਕੁਰਿੰ. 10:4, 5) ਪਰ ਸ਼ਾਇਦ ਸਾਨੂੰ ਆਪਣੇ ਅਵਿਸ਼ਵਾਸੀ ਰਿਸ਼ਤੇਦਾਰਾਂ ਕਰਕੇ ਸਭ ਤੋਂ ਜ਼ਿਆਦਾ ਚਿੰਤਾ ਹੋਵੇ। ਉਹ ਸ਼ਾਇਦ ਸਾਡਾ ਵਿਰੋਧ ਕਰਨ, ਸਾਡੇ ਵਿਸ਼ਵਾਸਾਂ ਦਾ ਮਜ਼ਾਕ ਉਡਾਉਣ ਜਾਂ ਸਾਡੇ ਉੱਤੇ ਪਰਿਵਾਰ ਨੂੰ ਤੋੜਨ ਦਾ ਇਲਜ਼ਾਮ ਲਾਉਣ। ਉਹ ਸ਼ਾਇਦ ਸਾਨੂੰ ਯਹੋਵਾਹ ਦੀ ਸੇਵਾ ਕਰਨ ਕਰਕੇ ਪਰਿਵਾਰ ਵਿੱਚੋਂ ਬੇਦਖ਼ਲ ਕਰਨ ਦੀ ਧਮਕੀ ਵੀ ਦੇਣ। ਜਦੋਂ ਸਾਡੇ ਘਰਦੇ ਸਾਡਾ ਵਿਰੋਧ ਕਰਨ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ? ਉਨ੍ਹਾਂ ਹਾਲਾਤਾਂ ਵਿਚ ਅਸੀਂ ਆਪਣੇ ਮਨ ਦੀ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ?

ਪਰਿਵਾਰ ਵੱਲੋਂ ਵਿਰੋਧ ਆਉਣ ਤੇ ਇਹ ਯਾਦ ਰੱਖੋ

3, 4. (ੳ) ਯਿਸੂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਕਿਹੜੇ ਹਾਲਾਤ ਖੜ੍ਹੇ ਹੁੰਦੇ ਹਨ? (ਅ) ਯਿਸੂ ਦੇ ਪਿੱਛੇ-ਪਿੱਛੇ ਚੱਲਣਾ ਕਿਨ੍ਹਾਂ ਲਈ ਜ਼ਿਆਦਾ ਔਖਾ ਹੁੰਦਾ ਹੈ?

3 ਯਿਸੂ ਜਾਣਦਾ ਸੀ ਕਿ ਹਰ ਕੋਈ ਉਸ ਦੀਆਂ ਸਿੱਖਿਆਵਾਂ ਸਵੀਕਾਰ ਨਹੀਂ ਕਰੇਗਾ। ਉਹ ਇਹ ਵੀ ਜਾਣਦਾ ਸੀ ਕਿ ਉਸ ਦੇ ਚੇਲਿਆਂ ਦਾ ਵਿਰੋਧ ਕੀਤਾ ਜਾਵੇਗਾ ਜਿਸ ਕਰਕੇ ਉਨ੍ਹਾਂ ਨੂੰ ਹੌਸਲੇ ਦੀ ਲੋੜ ਪਵੇਗੀ। ਇਸ ਵਿਰੋਧ ਕਰਕੇ ਪਰਿਵਾਰਾਂ ਵਿਚ ਫੁੱਟ ਪਵੇਗੀ। ਯਿਸੂ ਨੇ ਕਿਹਾ: “ਇਹ ਨਾ ਸੋਚੋ ਕਿ ਮੈਂ ਧਰਤੀ ’ਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ; ਮੈਂ ਸ਼ਾਂਤੀ ਕਾਇਮ ਕਰਨ ਨਹੀਂ, ਸਗੋਂ ਤਲਵਾਰ ਚਲਾਉਣ ਆਇਆ ਹਾਂ। ਮੈਂ ਪਿਉ-ਪੁੱਤਰ ਵਿਚ, ਮਾਂ-ਧੀ ਵਿਚ ਅਤੇ ਨੂੰਹ-ਸੱਸ ਵਿਚ ਫੁੱਟ ਪਾਉਣ ਆਇਆ ਹਾਂ। ਵਾਕਈ, ਇਨਸਾਨ ਦੇ ਦੁਸ਼ਮਣ ਉਸ ਦੇ ਘਰ ਦੇ ਹੀ ਹੋਣਗੇ।”​—ਮੱਤੀ 10:34-36.

4 ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਇਹ ਨਾ ਸੋਚੋ ਕਿ ਮੈਂ ਧਰਤੀ ’ਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ”? ਉਹ ਦੱਸਣਾ ਚਾਹੁੰਦਾ ਸੀ ਉਸ ਦੇ ਚੇਲੇ ਬਣ ਕੇ ਉਨ੍ਹਾਂ ਦੀ ਜ਼ਿੰਦਗੀ ਸੌਖੀ ਨਹੀਂ ਰਹੇਗੀ। ਪਰ ਯਿਸੂ ਪਰਿਵਾਰਾਂ ਦਾ ਬਟਵਾਰਾ ਨਹੀਂ ਕਰਨ ਆਇਆ ਸੀ, ਉਹ ਲੋਕਾਂ ਨੂੰ ਪਰਮੇਸ਼ੁਰ ਬਾਰੇ ਸੱਚ ਦੱਸਣ ਆਇਆ ਸੀ। (ਯੂਹੰ. 18:37) ਪਰ ਯਿਸੂ ਦੇ ਚੇਲਿਆਂ ਨੂੰ ਇਹ ਜਾਣਨ ਦੀ ਲੋੜ ਸੀ ਕਿ ਯਿਸੂ ਦੇ ਪਿੱਛੇ-ਪਿੱਛੇ ਚੱਲਣਾ ਹਮੇਸ਼ਾ ਸੌਖਾ ਨਹੀਂ ਸੀ ਹੋਣਾ। ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਜ਼ਿਆਦਾ ਔਖਾ ਹੋਣਾ ਸੀ ਜਿਨ੍ਹਾਂ ਦੇ ਘਰਦੇ ਜਾਂ ਕਰੀਬੀ ਦੋਸਤ ਸੱਚਾਈ ਵਿਚ ਨਹੀਂ ਸਨ।

5. ਯਿਸੂ ਦੇ ਚੇਲਿਆਂ ਨੂੰ ਕੀ ਕੁਝ ਸਹਿਣਾ ਪਿਆ ਹੈ?

5 ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲਿਆਂ ਨੂੰ ਕਈ ਮੁਸ਼ਕਲਾਂ ਸਹਿਣੀਆਂ ਪੈਣਗੀਆਂ। ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਵਿਰੋਧ ਸਹਿਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। (ਮੱਤੀ 10:38) ਯਿਸੂ ਦੇ ਚੇਲੇ ਬਣ ਕੇ ਕਈਆਂ ਨੇ ਤਾਅਨੇ-ਮਿਹਣੇ ਸਹਿਣੇ ਪਏ, ਇੱਥੋਂ ਤਕ ਕਿ ਉਨ੍ਹਾਂ ਨੂੰ ਘਰੋਂ ਬੇਦਖ਼ਲ ਵੀ ਕੀਤਾ ਗਿਆ ਹੈ। ਪਰ ਜਿੰਨਾ ਉਨ੍ਹਾਂ ਨੇ ਗੁਆਇਆ, ਉਸ ਤੋਂ ਕਿਤੇ ਵੱਧ ਉਨ੍ਹਾਂ ਨੇ ਪਾਇਆ!​—ਮਰਕੁਸ 10:29, 30 ਪੜ੍ਹੇ।

6. ਪਰਿਵਾਰ ਵੱਲੋਂ ਵਿਰੋਧ ਆਉਣ ਤੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

6 ਯਹੋਵਾਹ ਦੀ ਭਗਤੀ ਕਰਨ ਕਰਕੇ ਭਾਵੇਂ ਸਾਡੇ ਘਰਦੇ ਸਾਡਾ ਵਿਰੋਧ ਕਰਦੇ ਹਨ, ਪਰ ਫਿਰ ਵੀ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਹਮੇਸ਼ਾ ਯਾਦ ਰੱਖੋ ਕਿ ਕਿਸੇ ਵੀ ਇਨਸਾਨ ਨਾਲੋਂ ਪਰਮੇਸ਼ੁਰ ਅਤੇ ਮਸੀਹ ਲਈ ਸਾਡਾ ਪਿਆਰ ਸਭ ਤੋਂ ਜ਼ਿਆਦਾ ਗੂੜ੍ਹਾ ਹੋਣਾ ਚਾਹੀਦਾ ਹੈ। (ਮੱਤੀ 10:37) ਸ਼ੈਤਾਨ ਜਾਣਦਾ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਇਸੇ ਗੱਲ ਦਾ ਫ਼ਾਇਦਾ ਉਠਾ ਕੇ ਉਹ ਪਰਮੇਸ਼ੁਰ ਪ੍ਰਤੀ ਸਾਡੀ ਵਫ਼ਾਦਾਰੀ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਆਓ ਆਪਾਂ ਕੁਝ ਔਖੇ ਹਾਲਾਤਾਂ ਬਾਰੇ ਗੱਲ ਕਰੀਏ ਅਤੇ ਦੇਖੀਏ ਕਿ ਅਸੀਂ ਉਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ।

ਅਵਿਸ਼ਵਾਸੀ ਜੀਵਨ ਸਾਥੀ

7. ਜੇ ਤੁਹਾਡਾ ਜੀਵਨ ਸਾਥੀ ਯਹੋਵਾਹ ਦੀ ਸੇਵਾ ਨਹੀਂ ਕਰਦਾ, ਤਾਂ ਤੁਹਾਡਾ ਕਿਹੋ ਜਿਹਾ ਨਜ਼ਰੀਆ ਹੋਣਾ ਚਾਹੀਦਾ ਹੈ?

7 ਬਾਈਬਲ ਖ਼ਬਰਦਾਰ ਕਰਦੀ ਹੈ ਕਿ ਵਿਆਹ ਕਰਾਉਣ ਵਾਲਿਆਂ ਨੂੰ “ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।” (1 ਕੁਰਿੰ. 7:28) ਜੇ ਤੁਹਾਡਾ ਜੀਵਨ ਸਾਥੀ ਯਹੋਵਾਹ ਦੀ ਭਗਤੀ ਨਹੀਂ ਕਰਦਾ, ਤਾਂ ਸ਼ਾਇਦ ਤੁਹਾਡੇ ਵਿਆਹੁਤਾ ਜੀਵਨ ਵਿਚ ਹੋਰ ਵੀ ਮੁਸ਼ਕਲਾਂ ਆਉਣ। ਪਰ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਹਾਲਾਤਾਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖੋ। ਯਹੋਵਾਹ ਕਹਿੰਦਾ ਹੈ ਕਿ ਜੇ ਤੁਹਾਡਾ ਜੀਵਨ ਸਾਥੀ ਅਵਿਸ਼ਵਾਸੀ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਉਸ ਤੋਂ ਤਲਾਕ ਲੈ ਲਵੋ ਜਾਂ ਉਸ ਤੋਂ ਅੱਡ ਹੋ ਜਾਵੋ। (1 ਕੁਰਿੰ. 7:12-16) ਚਾਹੇ ਤੁਹਾਡਾ ਪਤੀ ਯਹੋਵਾਹ ਦੀ ਸੇਵਾ ਨਹੀਂ ਕਰਦਾ ਜਾਂ ਸੱਚੀ ਭਗਤੀ ਕਰਨ ਵਿਚ ਤੁਹਾਡੀ ਮਦਦ ਨਹੀਂ ਕਰਦਾ, ਫਿਰ ਵੀ ਘਰ ਦਾ ਮੁਖੀਆ ਹੋਣ ਦੇ ਨਾਤੇ ਤੁਹਾਨੂੰ ਉਸ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜੇ ਤੁਹਾਡੀ ਪਤਨੀ ਯਹੋਵਾਹ ਦੀ ਸੇਵਾ ਨਹੀਂ ਕਰਦੀ, ਫਿਰ ਵੀ ਤੁਹਾਨੂੰ ਉਸ ਨਾਲ ਪਿਆਰ ਅਤੇ ਕੋਮਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ।​—ਅਫ਼. 5:22, 23, 28, 29.

8. ਜੇ ਤੁਹਾਡਾ ਜੀਵਨ ਸਾਥੀ ਤੁਹਾਡੀ ਸੇਵਾ ਵਿਚ ਰੁਕਾਵਟਾਂ ਖੜ੍ਹੀਆਂ ਕਰਦਾ ਹੈ, ਤਾਂ ਤੁਸੀਂ ਆਪਣੇ ਆਪ ਤੋਂ ਕੀ ਪੁੱਛ ਸਕਦੇ ਹੋ?

8 ਤੁਸੀਂ ਉਦੋਂ ਕੀ ਕਰ ਸਕਦੇ ਹੋ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਡੀ ਸੇਵਾ ਵਿਚ ਰੁਕਾਵਟਾਂ ਖੜ੍ਹੀਆਂ ਕਰਦਾ ਹੈ? ਇਕ ਮਸੀਹੀ ਭੈਣ ਦੇ ਪਤੀ ਨੇ ਉਸ ਨੂੰ ਕਿਹਾ ਕਿ ਉਹ ਹਫ਼ਤੇ ਵਿਚ ਸਿਰਫ਼ ਗਿਣੇ-ਚੁਣੇ ਦਿਨਾਂ ਵਿਚ ਹੀ ਪ੍ਰਚਾਰ ’ਤੇ ਜਾ ਸਕਦੀ ਹੈ। ਜੇ ਤੁਹਾਡੇ ਵੀ ਹਾਲਾਤ ਇਹੋ ਜਿਹੇ ਹਨ, ਤਾਂ ਆਪਣੇ ਆਪ ਤੋਂ ਪੁੱਛੋ: ‘ਕੀ ਮੇਰਾ ਜੀਵਨ ਸਾਥੀ ਯਹੋਵਾਹ ਦੀ ਭਗਤੀ ਕਰਨ ਤੋਂ ਮੈਨੂੰ ਪੂਰੀ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ? ਜੇ ਨਹੀਂ, ਤਾਂ ਕੀ ਉਸ ਦੀ ਗੱਲ ਮੰਨਣ ਵਿਚ ਕੋਈ ਬੁਰਾਈ ਹੈ?’ ਜੇ ਤੁਸੀਂ ਸਮਝਦਾਰੀ ਤੋਂ ਕੰਮ ਲਵੋਗੇ, ਤਾਂ ਤੁਹਾਡੇ ਵਿਆਹੁਤਾ ਜੀਵਨ ਵਿਚ ਘੱਟ ਮੁਸ਼ਕਲਾਂ ਆਉਣਗੀਆਂ।​—ਫ਼ਿਲਿ. 4:5.

9. ਤੁਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਆਪਣੇ ਅਵਿਸ਼ਵਾਸੀ ਸਾਥੀ ਲਈ ਆਦਰ ਕਿਵੇਂ ਪੈਦਾ ਕਰ ਸਕਦੇ ਹੋ?

9 ਅਵਿਸ਼ਵਾਸੀ ਜੀਵਨ ਸਾਥੀ ਹੋਣ ਕਰਕੇ ਬੱਚਿਆਂ ਦੀ ਪਰਵਰਿਸ਼ ਕਰਨੀ ਔਖੀ ਹੋ ਸਕਦੀ ਹੈ। ਮਿਸਾਲ ਲਈ, ਤੁਸੀਂ ਆਪਣੇ ਬੱਚਿਆਂ ਨੂੰ ਬਾਈਬਲ ਦਾ ਇਹ ਹੁਕਮ ਸਿਖਾਉਣਾ ਚਾਹੁੰਦੇ ਹੋ: “ਆਪਣੇ ਮਾਤਾ-ਪਿਤਾ ਦਾ ਆਦਰ ਕਰ।” (ਅਫ਼. 6:1-3) ਪਰ ਉਦੋਂ ਕੀ ਜਦੋਂ ਤੁਹਾਡਾ ਜੀਵਨ ਸਾਥੀ ਬਾਈਬਲ ਨੂੰ ਨਹੀਂ ਮੰਨਦਾ? ਫਿਰ ਵੀ ਆਪਣੇ ਜੀਵਨ ਸਾਥੀ ਦਾ ਆਦਰ ਕਰੋ ਕਿਉਂਕਿ ਇਸ ਤਰ੍ਹਾਂ ਕਰੇ ਕੇ ਤੁਸੀਂ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣ ਸਕਦੇ ਹੋ। ਆਪਣੇ ਸਾਥੀ ਦੇ ਚੰਗੇ ਗੁਣਾਂ ਬਾਰੇ ਸੋਚੋ ਅਤੇ ਉਸ ਨੂੰ ਦੱਸੋ ਕਿ ਤੁਸੀਂ ਉਸ ਦੇ ਸਾਰੇ ਕੰਮਾਂ ਲਈ ਕਿੰਨੇ ਸ਼ੁਕਰਗੁਜ਼ਾਰ ਹੋ। ਬੱਚਿਆਂ ਦੇ ਸਾਮ੍ਹਣੇ ਆਪਣੇ ਜੀਵਨ ਸਾਥੀ ਦੀ ਬੁਰਾਈ ਨਾ ਕਰੋ। ਇਸ ਬਜਾਇ, ਉਨ੍ਹਾਂ ਨੂੰ ਸਮਝਾਓ ਕਿ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਸਾਰਿਆਂ ਦਾ ਆਪੋ-ਆਪਣਾ ਹੈ। ਬੱਚਿਆਂ ਦਾ ਚੰਗਾ ਚਾਲ-ਚਲਣ ਦੇਖ ਕੇ ਸ਼ਾਇਦ ਤੁਹਾਡਾ ਅਵਿਸ਼ਵਾਸੀ ਜੀਵਨ ਸਾਥੀ ਯਹੋਵਾਹ ਵੱਲ ਖਿੱਚਿਆ ਆਵੇ।

ਮੌਕਾ ਮਿਲਣ ’ਤੇ ਆਪਣੇ ਬੱਚਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਓ (ਪੈਰਾ 10 ਦੇਖੋ)

10. ਮਸੀਹੀ ਮਾਪੇ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਨ?

10 ਕੁਝ ਅਵਿਸ਼ਵਾਸੀ ਜੀਵਨ ਸਾਥੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਧਾਰਮਿਕ ਤਿਉਹਾਰ ਮਨਾਉਣ ਜਾਂ ਉਨ੍ਹਾਂ ਦੇ ਧਰਮ ਦੀ ਸਿੱਖਿਆ ਲੈਣ। ਕੁਝ ਪਤੀ ਬਿਲਕੁਲ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਪਤਨੀਆਂ ਬੱਚਿਆਂ ਨੂੰ ਬਾਈਬਲ ਦਾ ਗਿਆਨ ਦੇਣ। ਇਨ੍ਹਾਂ ਹਾਲਾਤਾਂ ਵਿਚ ਵੀ ਪਤਨੀਆਂ ਆਪਣੇ ਬੱਚਿਆਂ ਨੂੰ ਸੱਚਾਈ ਸਿਖਾ ਸਕਦੀਆਂ ਹਨ। (ਰਸੂ. 16:1; 2 ਤਿਮੋ. 3:14, 15) ਮਿਸਾਲ ਲਈ, ਇਕ ਅਵਿਸ਼ਵਾਸੀ ਪਤੀ ਸ਼ਾਇਦ ਨਾ ਚਾਹੇ ਕਿ ਉਸ ਦੀ ਪਤਨੀ ਬੱਚਿਆਂ ਨਾਲ ਬਾਈਬਲ ਅਧਿਐਨ ਕਰੇ ਜਾਂ ਉਨ੍ਹਾਂ ਨੂੰ ਸਭਾਵਾਂ ਵਿਚ ਲੈ ਕੇ ਜਾਵੇ। ਆਪਣੇ ਪਤੀ ਦਾ ਕਹਿਣਾ ਮੰਨਦੇ ਹੋਏ, ਮੌਕਾ ਮਿਲਣ ’ਤੇ ਪਤਨੀ ਆਪਣੇ ਬੱਚਿਆਂ ਨੂੰ ਗੱਲਾਂ-ਗੱਲਾਂ ਵਿਚ ਬਾਈਬਲ ਬਾਰੇ ਸਿਖਾ ਸਕਦੀ ਹੈ। ਇਸ ਤਰ੍ਹਾਂ ਕਰ ਕੇ ਬੱਚੇ ਯਹੋਵਾਹ ਅਤੇ ਉਸ ਦੇ ਉੱਚੇ ਮਿਆਰਾਂ ਬਾਰੇ ਸਿੱਖ ਸਕਦੇ ਹਨ। (ਰਸੂ. 4:19, 20) ਪਰ ਅਖ਼ੀਰ ਵਿਚ ਬੱਚਿਆਂ ਨੇ ਇਹ ਖ਼ੁਦ ਫ਼ੈਸਲਾ ਕਰਨਾ ਹੈ ਕਿ ਉਹ ਯਹੋਵਾਹ ਦੀ ਸੇਵਾ ਕਰਨਗੇ ਜਾਂ ਨਹੀਂ।​—ਬਿਵ. 30:19, 20. *

ਸੱਚਾਈ ਦਾ ਵਿਰੋਧ ਕਰਨ ਵਾਲੇ ਰਿਸ਼ਤੇਦਾਰ

11. ਅਵਿਸ਼ਵਾਸੀ ਰਿਸ਼ਤੇਦਾਰਾਂ ਅਤੇ ਤੁਹਾਡੇ ਵਿਚ ਦਰਾੜ ਕਿਉਂ ਪੈ ਸਕਦੀ ਹੈ?

11 ਜਦੋਂ ਅਸੀਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨਾ ਸ਼ੁਰੂ ਕੀਤਾ ਸੀ, ਤਾਂ ਸ਼ਾਇਦ ਅਸੀਂ ਆਪਣੇ ਘਰਦਿਆਂ ਨੂੰ ਇਸ ਬਾਰੇ ਨਾ ਦੱਸਿਆ ਹੋਵੇ। ਪਰ ਜਿੱਦਾਂ-ਜਿੱਦਾਂ ਸਾਡੀ ਨਿਹਚਾ ਮਜ਼ਬੂਤ ਹੋਈ, ਤਾਂ ਅਸੀਂ ਸੋਚਿਆ ਕਿ ਸਾਨੂੰ ਆਪਣੇ ਅਵਿਸ਼ਵਾਸੀ ਰਿਸ਼ਤੇਦਾਰਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਚਾਹੀਦਾ ਹੈ। (ਮਰ. 8:38) ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਕਰਕੇ ਸ਼ਾਇਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਵਿਚ ਦਰਾੜ ਪੈ ਗਈ ਹੋਵੇ। ਆਓ ਆਪਾਂ ਕੁਝ ਗੱਲਾਂ ’ਤੇ ਚਰਚਾ ਕਰੀਏ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਸ਼ਾਂਤੀ ਬਣਾਈ ਰੱਖ ਸਕੋਗੇ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਵੀ ਰਹਿ ਸਕੋਗੇ।

12. ਸਾਡੇ ਰਿਸ਼ਤੇਦਾਰ ਸ਼ਾਇਦ ਸਾਡਾ ਵਿਰੋਧ ਕਿਉਂ ਕਰਨ? ਪਰ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਪ੍ਰਤੀ ਕਦਰ ਕਿਵੇਂ ਦਿਖਾ ਸਕਦੇ ਹਾਂ?

12 ਆਪਣੇ ਅਵਿਸ਼ਵਾਸੀ ਰਿਸ਼ਤੇਦਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਬਾਈਬਲ ਦੀਆਂ ਸੱਚਾਈਆਂ ਜਾਣ ਕੇ ਅਸੀਂ ਬਹੁਤ ਖ਼ੁਸ਼ ਹਾਂ। ਪਰ ਸਾਡੇ ਰਿਸ਼ਤੇਦਾਰ ਸ਼ਾਇਦ ਸੋਚਣ ਕਿ ਸਾਨੂੰ ਕਿਸੇ ਨੇ ਗੁਮਰਾਹ ਕੀਤਾ ਹੈ ਜਾਂ ਅਸੀਂ ਕਿਸੇ ਅਜੀਬੋ-ਗ਼ਰੀਬ ਧਰਮ ਨਾਲ ਜੁੜ ਗਏ ਹਾਂ। ਨਾਲੇ ਉਹ ਸ਼ਾਇਦ ਇਹ ਵੀ ਸੋਚਣ ਕਿ ਅਸੀਂ ਹੁਣ ਉਨ੍ਹਾਂ ਨੂੰ ਪਿਆਰ ਨਹੀਂ ਕਰਦੇ ਕਿਉਂਕਿ ਅਸੀਂ ਉਨ੍ਹਾਂ ਨਾਲ ਤਿਉਹਾਰ ਨਹੀਂ ਮਨਾਉਂਦੇ। ਉਨ੍ਹਾਂ ਨੂੰ ਸ਼ਾਇਦ ਇਹ ਡਰ ਹੋਵੇ ਕਿ ਮਰਨ ਤੋਂ ਬਾਅਦ ਰੱਬ ਸਾਨੂੰ ਸਜ਼ਾ ਦੇਵੇਗਾ। ਇਹ ਜਾਣਨ ਲਈ ਕਿ ਉਹ ਸਾਡੀ ਇੰਨੀ ਚਿੰਤਾ ਕਿਉਂ ਕਰਦੇ ਹਨ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਏ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੀਏ। (ਕਹਾ. 20:5) ਪੌਲੁਸ ਰਸੂਲ ਨੇ “ਹਰ ਤਰ੍ਹਾਂ ਦੇ ਲੋਕਾਂ” ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਉਨ੍ਹਾਂ ਨੂੰ ਸੱਚਾਈ ਸਿਖਾ ਸਕੇ। ਪੌਲੁਸ ਦੀ ਰੀਸ ਕਰ ਕੇ ਸਾਡੇ ਲਈ ਆਪਣੇ ਰਿਸ਼ਤੇਦਾਰਾਂ ਨੂੰ ਸੱਚਾਈ ਸਿਖਾਉਣੀ ਸ਼ਾਇਦ ਸੌਖੀ ਹੋ ਜਾਵੇਗੀ।​—1 ਕੁਰਿੰ. 9:19-23.

13. ਸਾਨੂੰ ਆਪਣੇ ਅਵਿਸ਼ਵਾਸੀ ਰਿਸ਼ਤੇਦਾਰਾਂ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ?

13 ਨਰਮਾਈ ਨਾਲ ਗੱਲ ਕਰੋ। ਬਾਈਬਲ ਸਾਨੂੰ “ਸਲੀਕੇ ਨਾਲ ਗੱਲ” ਕਰਨ ਦੀ ਸਲਾਹ ਦਿੰਦੀ ਹੈ। (ਕੁਲੁ. 4:6) ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਆਪਣੇ ਰਿਸ਼ਤੇਦਾਰਾਂ ਨਾਲ ਪਿਆਰ ਅਤੇ ਨਰਮਾਈ ਨਾਲ ਗੱਲ ਕਰਨ ਲਈ ਅਸੀਂ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗ ਸਕਦੇ ਹਾਂ। ਸਾਨੂੰ ਉਨ੍ਹਾਂ ਦੇ ਝੂਠੇ ਵਿਸ਼ਵਾਸਾਂ ਉੱਤੇ ਉਨ੍ਹਾਂ ਨਾਲ ਬਹਿਸ ਨਹੀਂ ਕਰਨੀ ਚਾਹੀਦੀ। ਜੇ ਸਾਨੂੰ ਉਨ੍ਹਾਂ ਦੀ ਕਿਸੇ ਗੱਲ ਜਾਂ ਕੰਮ ਕਰਕੇ ਦੁੱਖ ਲੱਗਦਾ ਹੈ, ਤਾਂ ਅਸੀਂ ਰਸੂਲਾਂ ਦੀ ਮਿਸਾਲ ’ਤੇ ਚੱਲ ਸਕਦੇ ਹਾਂ। ਪੌਲੁਸ ਨੇ ਕਿਹਾ: “ਜਦੋਂ ਲੋਕ ਸਾਡੀ ਬੇਇੱਜ਼ਤੀ ਕਰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਅਸੀਸਾਂ ਦਿੰਦੇ ਹਾਂ; ਜਦੋਂ ਸਾਡੇ ਉੱਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਅਸੀਂ ਧੀਰਜ ਨਾਲ ਸਹਿ ਲੈਂਦੇ ਹਾਂ; ਅਤੇ ਜਦੋਂ ਸਾਨੂੰ ਬਦਨਾਮ ਕੀਤਾ ਜਾਂਦਾ ਹੈ, ਤਾਂ ਅਸੀਂ ਨਰਮਾਈ ਨਾਲ ਜਵਾਬ ਦਿੰਦੇ ਹਾਂ।”​—1 ਕੁਰਿੰ. 4:12, 13.

14. ਚੰਗੇ ਚਾਲ-ਚਲਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ?

14 ਚੰਗਾ ਚਾਲ-ਚਲਣ ਬਣਾ ਕੇ ਰੱਖੋ। ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ? ਇਹ ਗੱਲ ਸੱਚ ਹੈ ਕਿ ਨਰਮਾਈ ਨਾਲ ਗੱਲ ਕਰ ਕੇ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਸ਼ਾਂਤੀ ਬਣਾਈ ਰੱਖ ਸਕਦੇ ਹਾਂ। ਪਰ ਸਾਡੇ ਚੰਗੇ ਚਾਲ-ਚਲਣ ਦਾ ਉਨ੍ਹਾਂ ’ਤੇ ਜ਼ਿਆਦਾ ਵਧੀਆ ਅਸਰ ਪੈ ਸਕਦਾ ਹੈ। (1 ਪਤਰਸ 3:1, 2, 16 ਪੜ੍ਹੋ।) ਆਪਣੀ ਮਿਸਾਲ ਰਾਹੀਂ ਰਿਸ਼ਤੇਦਾਰਾਂ ਨੂੰ ਦਿਖਾਓ ਕਿ ਯਹੋਵਾਹ ਦੇ ਗਵਾਹ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ ਹਨ, ਉਹ ਬੱਚਿਆਂ ਦੀ ਦੇਖ-ਭਾਲ ਕਰਦੇ ਹਨ ਅਤੇ ਉਹ ਨੈਤਿਕ, ਸ਼ੁੱਧ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ। ਭਾਵੇਂ ਸਾਡੇ ਘਰਦੇ ਕਦੇ ਵੀ ਸੱਚਾਈ ਵਿਚ ਨਾ ਆਉਣ, ਫਿਰ ਵੀ ਸਾਨੂੰ ਇਸ ਗੱਲ ਦੀ ਖ਼ੁਸ਼ ਹੋਵੇਗੀ ਕਿ ਅਸੀਂ ਚੰਗਾ ਚਾਲ-ਚਲਣ ਰੱਖ ਕੇ ਯਹੋਵਾਹ ਨੂੰ ਖ਼ੁਸ਼ ਕੀਤਾ।

15. ਆਪਣੇ ਰਿਸ਼ਤੇਦਾਰਾਂ ਨਾਲ ਬਹਿਸਬਾਜ਼ੀ ਕਰਨ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ?

15 ਪਹਿਲਾਂ ਹੀ ਸੋਚੋ। ਸੋਚੋ ਕਿ ਕਿਨ੍ਹਾਂ ਹਾਲਾਤਾਂ ਵਿਚ ਰਿਸ਼ਤੇਦਾਰਾਂ ਨਾਲ ਸਾਡੀ ਬਹਿਸ ਛਿੜ ਸਕਦੀ ਹੈ। ਨਾਲੇ ਸੋਚੋ ਕਿ ਤੁਸੀਂ ਉਸ ਵੇਲੇ ਕੀ ਕਰੋਗੇ। (ਕਹਾ. 12:16, 23) ਆਸਟ੍ਰੇਲੀਆ ਵਿਚ ਰਹਿਣ ਵਾਲੀ ਭੈਣ ਨੇ ਵੀ ਇਸੇ ਤਰ੍ਹਾਂ ਕੀਤਾ। ਉਸ ਦਾ ਸਹੁਰਾ ਸੱਚਾਈ ਦਾ ਬਹੁਤ ਵਿਰੋਧ ਕਰਦਾ ਸੀ ਅਤੇ ਕਈ ਵਾਰੀ ਤਾਂ ਗੁੱਸੇ ਵਿਚ ਭੜਕ ਉੱਠਦਾ ਸੀ। ਆਪਣੇ ਸਹੁਰੇ ਨਾਲ ਫ਼ੋਨ ’ਤੇ ਗੱਲ ਕਰਨ ਤੋਂ ਪਹਿਲਾਂ ਉਹ ਤੇ ਉਸ ਦਾ ਪਤੀ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਨ ਤਾਂਕਿ ਉਹ ਗੁੱਸੇ ਵਿਚ ਉਸ ਨੂੰ ਕੁਝ ਨਾ ਕਹਿਣ। ਉਹ ਗੱਲ ਕਰਨ ਤੋਂ ਪਹਿਲਾਂ ਕੁਝ ਚੰਗੇ ਵਿਸ਼ੇ ਚੁਣਦੇ ਹਨ। ਉਹ ਜ਼ਿਆਦਾ ਲੰਬੀ ਗੱਲਬਾਤ ਨਹੀਂ ਕਰਦੇ ਕਿਉਂਕਿ ਜ਼ਿਆਦਾ ਲੰਬੀ ਗੱਲਬਾਤ ਕਰਨ ਨਾਲ ਅਕਸਰ ਧਰਮਾਂ ’ਤੇ ਬਹਿਸ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਉਹ ਪਹਿਲਾਂ ਹੀ ਤੈਅ ਕਰਦੇ ਹਨ ਕਿ ਉਹ ਕਿੰਨੀ ਦੇਰ ਗੱਲ ਕਰਨਗੇ।

16. ਰਿਸ਼ਤੇਦਾਰਾਂ ਨੂੰ ਨਾਰਾਜ਼ ਕਰਨ ਦੀਆਂ ਦੋਸ਼ੀ ਭਾਵਨਾਵਾਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ?

16 ਇਹ ਸੱਚ ਹੈ ਕਿ ਕਦੇ-ਨਾ-ਕਦੇ ਰਿਸ਼ਤੇਦਾਰਾਂ ਨਾਲ ਸਾਡੀ ਬਹਿਸ ਹੋ ਜਾਂਦੀ ਹੈ। ਸੋ ਜਦੋਂ ਬਹਿਸ ਹੁੰਦੀ ਹੈ, ਤਾਂ ਸ਼ਾਇਦ ਤੁਸੀਂ ਆਪਣੇ ਆਪ ਵਿਚ ਦੋਸ਼ੀ ਮਹਿਸੂਸ ਕਰੋ ਕਿਉਂਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਨੂੰ ਖ਼ੁਸ਼ ਦੇਖਣਾ ਚਾਹੁੰਦੇ ਹੋ। ਪਰ ਯਾਦ ਰੱਖੋ ਕਿ ਰਿਸ਼ਤੇਦਾਰਾਂ ਲਈ ਤੁਹਾਡੇ ਪਿਆਰ ਨਾਲੋਂ ਯਹੋਵਾਹ ਪ੍ਰਤੀ ਤੁਹਾਡੀ ਵਫ਼ਾਦਾਰੀ ਜ਼ਿਆਦਾ ਮਾਅਨੇ ਰੱਖਣੀ ਚਾਹੀਦੀ ਹੈ। ਜਦੋਂ ਤੁਹਾਡੇ ਰਿਸ਼ਤੇਦਾਰਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ, ਤਾਂ ਉਹ ਸਮਝ ਜਾਣਗੇ ਕਿ ਤੁਹਾਡੇ ਲਈ ਯਹੋਵਾਹ ਦੀ ਸੇਵਾ ਕਰਨੀ ਕਿੰਨੀ ਜ਼ਰੂਰੀ ਹੈ। ਤੁਸੀਂ ਜ਼ਬਰਦਸਤੀ ਕਿਸੇ ਨੂੰ ਸੱਚਾਈ ਵਿਚ ਨਹੀਂ ਲਿਆ ਸਕਦੇ। ਪਰ ਤੁਸੀਂ ਦੂਸਰਿਆਂ ਦੀ ਇਹ ਦੇਖਣ ਵਿਚ ਮਦਦ ਕਰ ਸਕਦੇ ਹੋ ਕਿ ਯਹੋਵਾਹ ਦੇ ਰਸਤੇ ’ਤੇ ਚੱਲ ਕੇ ਤੁਹਾਨੂੰ ਕਿੰਨਾ ਫ਼ਾਇਦਾ ਹੋਇਆ ਹੈ। ਯਹੋਵਾਹ ਨੇ ਜਿਵੇਂ ਸਾਨੂੰ ਉਸ ਦੀ ਭਗਤੀ ਕਰਨ ਦੀ ਆਜ਼ਾਦੀ ਦਿੱਤੀ ਹੈ, ਉਸੇ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਵੀ ਆਜ਼ਾਦੀ ਦਿੱਤੀ ਹੈ।​—ਯਸਾ. 48:17, 18.

ਜੇ ਪਰਿਵਾਰ ਦਾ ਜੀਅ ਯਹੋਵਾਹ ਨੂੰ ਛੱਡ ਜਾਵੇ

17, 18. ਤੁਸੀਂ ਕੀ ਕਰ ਸਕਦੇ ਹੋ ਜੇ ਕੋਈ ਪਰਿਵਾਰ ਦਾ ਜੀਅ ਯਹੋਵਾਹ ਨੂੰ ਛੱਡ ਦੇਵੇ?

17 ਜਦੋਂ ਪਰਿਵਾਰ ਦਾ ਕੋਈ ਜੀਅ ਛੇਕਿਆ ਜਾਂਦਾ ਹੈ ਜਾਂ ਖ਼ੁਦ ਸੰਗਠਨ ਤੋਂ ਆਪਣਾ ਨਾਤਾ ਤੋੜ ਲੈਂਦਾ ਹੈ, ਤਾਂ ਉਸ ਵੇਲੇ ਸਾਨੂੰ ਬਹੁਤ ਦੁੱਖ ਲੱਗ ਸਕਦਾ ਹੈ। ਸ਼ਾਇਦ ਸਾਨੂੰ ਇੱਦਾਂ ਲੱਗੇ ਜਿਵੇਂ ਕਿਸੇ ਨੇ ਤਲਵਾਰ ਨਾਲ ਸਾਡਾ ਕਲੇਜਾ ਵਿੰਨ੍ਹ ਦਿੱਤਾ ਹੋਵੇ। ਤੁਸੀਂ ਇਹ ਦਰਦ ਕਿਵੇਂ ਸਹਿ ਸਕਦੇ ਹੋ?

18 ਯਹੋਵਾਹ ਦੀ ਸੇਵਾ ’ਤੇ ਆਪਣਾ ਧਿਆਨ ਲਾਈ ਰੱਖੋ। ਜਦੋਂ ਤੁਹਾਨੂੰ ਇਸ ਤਰ੍ਹਾਂ ਦਾ ਦਰਦ ਸਹਿਣਾ ਪੈਂਦਾ ਹੈ, ਤਾਂ ਤੁਹਾਨੂੰ ਆਪਣੀ ਨਿਹਚਾ ਪੱਕੀ ਕਰਨ ਦੀ ਲੋੜ ਹੈ। ਬਾਕਾਇਦਾ ਬਾਈਬਲ ਪੜ੍ਹੋ, ਸਭਾਵਾਂ ਦੀ ਤਿਆਰੀ ਕਰੋ ਤੇ ਇਨ੍ਹਾਂ ਵਿਚ ਹਾਜ਼ਰ ਹੋਵੋ, ਪ੍ਰਚਾਰ ਕਰਨ ਵਿਚ ਲੱਗੇ ਰਹੋ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਇਹ ਦਰਦ ਸਹਿਣ ਦੀ ਤਾਕਤ ਦੇਵੇ। (ਯਹੂ. 20, 21) ਪਰ ਜੇ ਇਸ ਸਭ ਦੇ ਬਾਵਜੂਦ ਵੀ ਇਹ ਦਰਦ ਖ਼ਤਮ ਨਾ ਹੋਵੇ? ਫਿਰ ਵੀ ਹਾਰ ਨਾ ਮੰਨੋ! ਯਹੋਵਾਹ ਦੀ ਸੇਵਾ ’ਤੇ ਆਪਣਾ ਧਿਆਨ ਲਾਈ ਰੱਖੋ। ਇੱਦਾਂ ਕਰ ਕੇ ਤੁਸੀਂ ਹੌਲੀ-ਹੌਲੀ ਆਪਣੀਆਂ ਸੋਚਾਂ ਤੇ ਭਾਵਨਾਵਾਂ ’ਤੇ ਕਾਬੂ ਪਾ ਸਕੋਗੇ। ਗੌਰ ਕਰੋ ਕਿ 73ਵੇਂ ਜ਼ਬੂਰ ਦੇ ਲਿਖਾਰੀ ਨਾਲ ਕੀ ਹੋਇਆ। ਉਸ ਦੀ ਜ਼ਿੰਦਗੀ ਵਿਚ ਇਕ ਅਜਿਹਾ ਸਮਾਂ ਆਇਆ ਜਦੋਂ ਉਸ ਲਈ ਆਪਣੀਆਂ ਸੋਚਾਂ ਅਤੇ ਭਾਵਨਾਵਾਂ ’ਤੇ ਕਾਬੂ ਰੱਖਣਾ ਔਖਾ ਹੋ ਗਿਆ ਸੀ। ਪਰ ਯਹੋਵਾਹ ਦੀ ਭਗਤੀ ਵਿਚ ਲੱਗੇ ਰਹਿਣ ਕਰਕੇ ਉਹ ਆਪਣੇ ਨਜ਼ਰੀਏ ਨੂੰ ਸੁਧਾਰ ਸਕਿਆ। (ਜ਼ਬੂ. 73:16, 17) ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਕੇ ਤੁਸੀਂ ਵੀ ਆਪਣੀਆਂ ਸੋਚਾਂ ਅਤੇ ਭਾਵਨਾਵਾਂ ’ਤੇ ਕਾਬੂ ਪਾ ਸਕਦੇ ਹੋ।

19. ਤੁਸੀਂ ਯਹੋਵਾਹ ਦੀ ਤਾੜਨਾ ਪ੍ਰਤੀ ਕਦਰਦਾਨੀ ਕਿਵੇਂ ਦਿਖਾ ਸਕਦੇ ਹੋ?

19 ਯਹੋਵਾਹ ਦੀ ਤਾੜਨਾ ਪ੍ਰਤੀ ਕਦਰਦਾਨੀ ਦਿਖਾਓ। ਪਰਮੇਸ਼ੁਰ ਜਾਣਦਾ ਹੈ ਕਿ ਉਸ ਦੀ ਤਾੜਨਾ ਤੋਂ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ, ਖ਼ਾਸ ਕਰਕੇ ਛੇਕੇ ਹੋਏ ਵਿਅਕਤੀ ਨੂੰ। ਹਾਂ, ਇਹ ਗੱਲ ਸੱਚ ਹੈ ਕਿ ਜਦੋਂ ਸਾਡੇ ਕਿਸੇ ਅਜ਼ੀਜ਼ ਨੂੰ ਤਾੜਨਾ ਮਿਲਦੀ ਹੈ, ਤਾਂ ਸਾਨੂੰ ਬਹੁਤ ਦੁੱਖ ਲੱਗਦਾ ਹੈ। ਪਰ ਉਸ ਤਾੜਨਾ ਕਰਕੇ ਉਹ ਭਵਿੱਖ ਵਿਚ ਯਹੋਵਾਹ ਵੱਲ ਵਾਪਸ ਮੁੜ ਕੇ ਆ ਸਕਦਾ ਹੈ। (ਇਬਰਾਨੀਆਂ 12:11 ਪੜ੍ਹੋ।) ਪਰ ਜਦੋਂ ਤਕ ਛੇਕਿਆ ਗਿਆ ਵਿਅਕਤੀ ਵਾਪਸ ਨਹੀਂ ਆਉਂਦਾ, ਉਦੋਂ ਤਕ ਯਹੋਵਾਹ ਦੇ ਫ਼ੈਸਲੇ ਦਾ ਆਦਰ ਕਰਦੇ ਹੋਏ ਅਸੀਂ ਉਸ ਨਾਲ “ਸੰਗਤ” ਨਹੀਂ ਕਰਾਂਗੇ। (1 ਕੁਰਿੰ. 5:11-13) ਇਸ ਤਰ੍ਹਾਂ ਕਰਨਾ ਸੌਖਾ ਨਹੀਂ। ਪਰ ਸਾਨੂੰ ਉਸ ਨਾਲ ਬਿਨਾਂ ਵਜਾ ਫ਼ੋਨ, ਮੈਸਿਜ, ਈ-ਮੇਲ, ਚਿੱਠੀਆਂ ਜਾਂ ਸੋਸ਼ਲ ਮੀਡੀਆ ਰਾਹੀਂ ਗੱਲ ਨਹੀਂ ਕਰਨੀ ਚਾਹੀਦੀ।

20. ਅਸੀਂ ਕਿਹੜੀ ਆਸ ਨਹੀਂ ਛੱਡਾਂਗੇ?

20 ਕਦੇ ਆਸ ਨਾ ਛੱਡੋ। ਪਿਆਰ “ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ।” ਇਸ ਲਈ ਅਸੀਂ ਆਸ ਰੱਖ ਸਕਦੇ ਹਾਂ ਕਿ ਇਕ ਦਿਨ ਸਾਡਾ ਅਜ਼ੀਜ਼ ਯਹੋਵਾਹ ਵੱਲ ਦੁਬਾਰਾ ਮੁੜ ਆਵੇਗਾ। (1 ਕੁਰਿੰ. 13:7) ਜਦੋਂ ਤੁਸੀਂ ਆਪਣੇ ਅਜ਼ੀਜ਼ ਵਿਚ ਚੰਗਾ ਬਦਲਾਅ ਦੇਖਦੇ ਹੋ, ਤਾਂ ਤੁਸੀਂ ਉਸ ਲਈ ਪ੍ਰਾਰਥਨਾ ਕਰ ਸਕਦੇ ਹੋ ਕਿ ਉਸ ਨੂੰ ਬਾਈਬਲ ਤੋਂ ਤਾਕਤ ਮਿਲੇ ਅਤੇ ਯਹੋਵਾਹ ਦੇ ਇਸ ਸੱਦੇ ਨੂੰ ਸਵੀਕਾਰ ਕਰੇ: ‘ਮੇਰੇ ਵੱਲ ਮੁੜ ਆ।’​—ਯਸਾ. 44:22.

21. ਯਿਸੂ ਦੇ ਚੇਲਿਆਂ ਨੂੰ ਪਰਿਵਾਰ ਵੱਲੋਂ ਵਿਰੋਧ ਆਉਣ ਤੇ ਕੀ ਕਰਨਾ ਚਾਹੀਦਾ ਹੈ?

21 ਯਿਸੂ ਨੇ ਕਿਹਾ ਕਿ ਸਾਨੂੰ ਕਿਸੇ ਵੀ ਇਨਸਾਨ ਨਾਲੋਂ ਉਸ ਨੂੰ ਜ਼ਿਆਦਾ ਪਿਆਰ ਕਰਨਾ ਚਾਹੀਦਾ ਹੈ। ਯਿਸੂ ਨੂੰ ਪੂਰਾ ਭਰੋਸਾ ਸੀ ਕਿ ਉਸ ਦੇ ਚੇਲੇ ਦਲੇਰੀ ਦਿਖਾਉਂਦੇ ਹੋਏ ਉਸ ਦੇ ਵਫ਼ਾਦਾਰ ਰਹਿਣਗੇ, ਇੱਥੋਂ ਤਕ ਕਿ ਆਪਣੇ ਪਰਿਵਾਰ ਵੱਲੋਂ ਵਿਰੋਧ ਆਉਣ ਤੇ ਵੀ। ਯਿਸੂ ਦੇ ਚੇਲੇ ਹੋਣ ਕਰਕੇ ਜੇ ਤੁਹਾਡਾ ਪਰਿਵਾਰ ਤੁਹਾਡਾ ਵਿਰੋਧ ਕਰਦਾ ਹੈ, ਤਾਂ ਯਹੋਵਾਹ ’ਤੇ ਭਰੋਸਾ ਰੱਖੋ। ਵਿਰੋਧ ਦਾ ਸਾਮ੍ਹਣਾ ਕਰਨ ਲਈ ਉਸ ਨੂੰ ਮਦਦ ਲਈ ਪ੍ਰਾਰਥਨਾ ਕਰੋ। (ਯਸਾ. 41:10, 13) ਇਸ ਗੱਲ ਵਿਚ ਖ਼ੁਸ਼ੀ ਮਨਾਓ ਕਿ ਯਹੋਵਾਹ ਅਤੇ ਯਿਸੂ ਤੁਹਾਡੇ ਤੋਂ ਖ਼ੁਸ਼ ਹਨ ਅਤੇ ਉਹ ਤੁਹਾਨੂੰ ਤੁਹਾਡੀ ਵਫ਼ਾਦਾਰੀ ਦਾ ਇਨਾਮ ਜ਼ਰੂਰ ਦੇਣਗੇ।

^ ਪੈਰਾ 10 ਜਦੋਂ ਮਾਪਿਆਂ ਵਿੱਚੋਂ ਇਕ ਜਣਾ ਯਹੋਵਾਹ ਦਾ ਗਵਾਹ ਨਾ ਹੋਵੇ, ਤਾਂ ਬੱਚਿਆਂ ਨੂੰ ਸਿਖਲਾਈ ਕਿਵੇਂ ਦੇਈਏ? ਇਸ ਬਾਰੇ ਹੋਰ ਜਾਣਕਾਰੀ ਲਈ 15 ਅਗਸਤ 2002 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।