Skip to content

Skip to table of contents

ਤਾਜ ਅਤੇ ਰਥ ਤੁਹਾਡੀ ਰਾਖੀ ਕਰਦੇ ਹਨ

ਤਾਜ ਅਤੇ ਰਥ ਤੁਹਾਡੀ ਰਾਖੀ ਕਰਦੇ ਹਨ

“ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਦਿਲ ਲਾ ਕੇ ਸੁਣੋਗੇ ਤਾਂ ਇਹ ਹੋ ਜਾਵੇਗਾ।”​—ਜ਼ਕ. 6:15.

ਗੀਤ: 17, 16

1, 2. ਜ਼ਕਰਯਾਹ ਦੇ ਸੱਤਵੇਂ ਦਰਸ਼ਣ ਤੋਂ ਬਾਅਦ ਯਰੂਸ਼ਲਮ ਵਿਚ ਯਹੂਦੀਆਂ ਦੇ ਕਿਹੋ ਜਿਹੇ ਹਾਲਾਤ ਸਨ?

ਸੱਤਵਾਂ ਦਰਸ਼ਣ ਦੇਖਣ ਤੋਂ ਬਾਅਦ ਜ਼ਕਰਯਾਹ ਨੂੰ ਕਾਫ਼ੀ ਗੱਲਾਂ ਬਾਰੇ ਸੋਚਣਾ ਪਿਆ। ਉਸ ਨੂੰ ਇਸ ਗੱਲ ਤੋਂ ਜ਼ਰੂਰ ਤਸੱਲੀ ਮਿਲੀ ਹੋਣੀ ਕਿ ਯਹੋਵਾਹ ਨੇ ਬੇਈਮਾਨਾਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਸੀ। ਪਰ ਹਾਲੇ ਵੀ ਹਾਲਾਤ ਬਦਲੇ ਨਹੀਂ ਸਨ। ਬਹੁਤ ਸਾਰੇ ਲੋਕ ਅਜੇ ਵੀ ਦੁਸ਼ਟ ਤੇ ਬੇਈਮਾਨ ਸਨ ਅਤੇ ਮੰਦਰ ਬਣਾਉਣ ਦਾ ਕੰਮ ਲਟਕਿਆ ਪਿਆ ਸੀ। ਯਹੂਦੀਆਂ ਨੇ ਯਹੋਵਾਹ ਵੱਲੋਂ ਮਿਲੇ ਕੰਮ ਨੂੰ ਇੰਨੀ ਛੇਤੀ ਕਿਉਂ ਛੱਡਿਆ? ਕੀ ਉਹ ਯਰੂਸ਼ਲਮ ਸਿਰਫ਼ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਆਏ ਸਨ?

2 ਜ਼ਕਰਯਾਹ ਜਾਣਦਾ ਸੀ ਕਿ ਜਿਹੜੇ ਯਹੂਦੀ ਯਰੂਸ਼ਲਮ ਵਾਪਸ ਆਏ ਸਨ ਉਹ ਯਹੋਵਾਹ ਦੀ ਭਗਤੀ ਕਰਦੇ ਸਨ। ਇਹ ਉਹ ਲੋਕ ਸਨ “ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਪਰੇਰਿਆ” ਸੀ ਜਿਸ ਕਰਕੇ ਉਹ ਬਾਬਲ ਵਿਚ ਆਪਣੇ ਘਰ ਅਤੇ ਕਾਰੋਬਾਰ ਛੱਡਣ ਲਈ ਤਿਆਰ ਹੋ ਗਏ। (ਅਜ਼. 1:2, 3, 5) ਭਾਵੇਂ ਉਹ ਬਾਬਲ ਵਿਚ ਕਾਫ਼ੀ ਸਾਲ ਰਹੇ, ਪਰ ਫਿਰ ਵੀ ਉਹ ਬਾਬਲ ਵਿਚ ਆਪਣਾ ਸਭ ਕੁਝ ਛੱਡ ਕੇ ਯਰੂਸ਼ਲਮ ਜਾਣ ਲਈ ਤਿਆਰ ਸਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਜਣਿਆਂ ਨੇ ਯਰੂਸ਼ਲਮ ਨੂੰ ਕਦੇ ਦੇਖਿਆ ਵੀ ਨਹੀਂ ਸੀ। ਯਹੂਦੀਆਂ ਲਈ ਯਹੋਵਾਹ ਦੇ ਮੰਦਰ ਨੂੰ ਦੁਬਾਰਾ ਬਣਾਉਣ ਦਾ ਕੰਮ ਇੰਨਾ ਮਾਅਨੇ ਰੱਖਦਾ ਸੀ ਕਿ ਉਹ ਲਗਭਗ 1,600 ਕਿਲੋਮੀਟਰ (1,000 ਮੀਲ) ਦਾ ਖ਼ਤਰਨਾਕ ਸਫ਼ਰ ਕਰਨ ਲਈ ਤਿਆਰ ਹੋ ਗਏ, ਉਹ ਵੀ ਟੁੱਟੇ-ਫੁੱਟੇ ਰਸਤਿਆਂ ਤੋਂ।

3, 4. ਯਰੂਸ਼ਲਮ ਵਾਪਸ ਆ ਕੇ ਯਹੂਦੀਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?

3 ਜ਼ਰਾ ਉਸ ਲੰਬੇ ਸਫ਼ਰ ਦੀ ਕਲਪਨਾ ਕਰੋ ਜੋ ਯਹੂਦੀਆਂ ਨੇ ਬਾਬਲ ਤੋਂ ਯਰੂਸ਼ਲਮ ਤਕ ਕੀਤਾ ਸੀ। ਤੁਰਦੇ-ਤੁਰਦੇ ਉਨ੍ਹਾਂ ਨੇ ਸ਼ਾਇਦ ਕਈ ਘੰਟਿਆਂ ਤਕ ਆਪਣੇ ਭਵਿੱਖ ਬਾਰੇ ਸੋਚਿਆ ਹੋਣਾ ਅਤੇ ਯਰੂਸ਼ਲਮ ਬਾਰੇ ਕਈ ਗੱਲਾਂ ਕੀਤੀਆਂ ਹੋਣੀਆਂ। ਵੱਡੀ ਉਮਰ ਵਾਲਿਆਂ ਨੇ ਬਾਕੀ ਯਾਤਰੀਆਂ ਨੂੰ ਜ਼ਰੂਰ ਦੱਸਿਆ ਹੋਣਾ ਕਿ ਯਰੂਸ਼ਲਮ ਸ਼ਹਿਰ ਤੇ ਉਸ ਦਾ ਮੰਦਰ ਕਿੰਨਾ ਸੋਹਣਾ ਸੀ। (ਅਜ਼. 3:12) ਸੋਚੋ ਕਿ ਜੇ ਤੁਸੀਂ ਉਨ੍ਹਾਂ ਨਾਲ ਸਫ਼ਰ ਕਰ ਰਹੇ ਹੁੰਦੇ, ਤਾਂ ਯਰੂਸ਼ਲਮ ਦੇ ਬਦਲੇ ਹਾਲਾਤ ਦੇਖ ਕੇ ਤੁਹਾਡੇ ਦਿਲ ਉੱਤੇ ਕੀ ਬੀਤਦੀ? ਸ਼ਹਿਰ ਦੀਆਂ ਕੰਧਾਂ ਅਤੇ ਇਮਾਰਤਾਂ ਢਹਿ-ਢੇਰੀ ਹੋਈਆਂ ਪਈਆਂ ਹਨ। ਸਾਰੀ ਜ਼ਮੀਨ ਉਜਾੜ ਪਈ ਹੋਈ ਹੈ ਅਤੇ ਚਾਰੋ ਪਾਸੇ ਜੰਗਲੀ ਝਾੜੀਆਂ ਤੋਂ ਸਿਵਾਇ ਕੁਝ ਵੀ ਨਹੀਂ ਹੈ। ਜਿੱਥੇ ਪਹਿਲਾਂ ਉੱਚੀਆਂ-ਉੱਚੀਆਂ ਮਜ਼ਬੂਤ ਕੰਧਾਂ ਤੇ ਬੁਰਜ ਹੁੰਦੇ ਸਨ, ਹੁਣ ਉੱਥੇ ਬੱਸ ਵਿਰਾਨੀ ਛਾਈ ਹੋਈ ਹੈ। ਹਰ ਪਾਸੇ ਖੰਡਰ ਹੀ ਖੰਡਰ ਹਨ। ਇਹ ਸਾਰਾ ਕੁਝ ਦੇਖ ਕੇ ਸ਼ਾਇਦ ਉਨ੍ਹਾਂ ਨੂੰ ਬਾਬਲ ਦੀਆਂ ਪੱਕੀਆਂ-ਉੱਚੀਆਂ ਕੰਧਾਂ ਚੇਤੇ ਆਈਆਂ ਹੋਣ। ਪਰ ਇਹ ਸਭ ਕੁਝ ਦੇਖ ਕੇ ਯਹੂਦੀਆਂ ਨੇ ਦਿਲ ਨਹੀਂ ਹਾਰਿਆ। ਪਰ ਕਿਉਂ? ਕਿਉਂਕਿ ਯਹੋਵਾਹ ਨੇ ਇਸ ਲੰਬੇ ਸਫ਼ਰ ਦੌਰਾਨ ਉਨ੍ਹਾਂ ਦੀ ਮਦਦ ਤੇ ਰਾਖੀ ਕੀਤੀ ਸੀ। ਯਰੂਸ਼ਲਮ ਪਹੁੰਚਦਿਆਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਉਸ ਜਗ੍ਹਾ ’ਤੇ ਵੇਦੀ ਬਣਾਈ ਜਿੱਥੇ ਪਹਿਲਾਂ ਮੰਦਰ ਹੁੰਦਾ ਸੀ। ਫਿਰ ਉਹ ਹਰ ਰੋਜ਼ ਯਹੋਵਾਹ ਨੂੰ ਬਲ਼ੀਆਂ ਚੜ੍ਹਾਉਣ ਲੱਗੇ। (ਅਜ਼. 3:1, 2) ਉਹ ਜੋਸ਼ ਨਾਲ ਭਰੇ ਹੋਏ ਸਨ ਅਤੇ ਉਹ ਕੰਮ ਕਰਨ ਲਈ ਤਿਆਰ ਸਨ। ਉਨ੍ਹਾਂ ਨੂੰ ਦੇਖ ਕੇ ਇੱਦਾਂ ਲੱਗਦਾ ਸੀ ਕਿ ਕੋਈ ਵੀ ਚੀਜ਼ ਉਨ੍ਹਾਂ ਦੇ ਜੋਸ਼ ਨੂੰ ਠੰਢਾ ਨਹੀਂ ਕਰ ਸਕਦੀ।

4 ਮੰਦਰ ਦੁਬਾਰਾ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੇ ਸ਼ਹਿਰਾਂ ਅਤੇ ਆਪਣੇ ਘਰਾਂ ਨੂੰ ਵੀ ਦੁਬਾਰਾ ਬਣਾਉਣਾ ਸੀ। ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਉਨ੍ਹਾਂ ਨੂੰ ਖੇਤੀ ਕਰਨ ਦੀ ਵੀ ਲੋੜ ਸੀ। (ਅਜ਼. 2:70) ਇੱਦਾਂ ਲੱਗਦਾ ਸੀ ਕਿ ਉਨ੍ਹਾਂ ਦਾ ਕੰਮ ਮੁਕਾਇਆ ਵੀ ਨਹੀਂ ਮੁੱਕਣਾ। ਥੋੜ੍ਹੀ ਦੇਰ ਬਾਅਦ ਦੁਸ਼ਮਣਾਂ ਨੇ ਉਨ੍ਹਾਂ ਦੇ ਕੰਮ ਵਿਚ ਰੁਕਾਵਟਾਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੁਸ਼ਮਣਾਂ ਨੇ 15 ਸਾਲ ਤਕ ਲਗਾਤਾਰ ਉਨ੍ਹਾਂ ਦਾ ਵਿਰੋਧ ਕੀਤਾ ਜਿਸ ਕਰਕੇ ਹੌਲੀ-ਹੌਲੀ ਯਹੂਦੀਆਂ ਦਾ ਹੌਸਲਾ ਢਹਿ-ਢੇਰੀ ਹੋ ਗਿਆ। (ਅਜ਼. 4:1-4) ਸਾਲ 522 ਈਸਵੀ ਪੂਰਵ ਵਿਚ ਇਕ ਹੋਰ ਬਹੁਤ ਵੱਡੀ ਮੁਸੀਬਤ ਖੜ੍ਹੀ ਹੋਈ। ਫਾਰਸ ਦੇ ਰਾਜੇ ਨੇ ਯਰੂਸ਼ਲਮ ਵਿਚ ਉਸਾਰੀ ਦੇ ਸਾਰੇ ਕੰਮਾਂ ਉੱਤੇ ਪਾਬੰਦੀ ਲਾ ਦਿੱਤੀ। ਹੁਣ ਇੱਦਾਂ ਲੱਗ ਰਿਹਾ ਸੀ ਕਿ ਉਹ ਕਦੀ ਵੀ ਆਪਣਾ ਕੰਮ ਪੂਰਾ ਨਹੀਂ ਕਰ ਸਕਣਗੇ।

5. ਯਹੋਵਾਹ ਨੇ ਆਪਣੇ ਲੋਕਾਂ ਦੀ ਮਦਦ ਕਿਵੇਂ ਕੀਤੀ?

5 ਯਹੋਵਾਹ ਜਾਣਦਾ ਸੀ ਕਿ ਉਸ ਦੇ ਲੋਕਾਂ ਨੂੰ ਤਾਕਤ ਤੇ ਹਿੰਮਤ ਦੀ ਲੋੜ ਸੀ। ਇਸ ਲਈ ਯਹੋਵਾਹ ਨੇ ਜ਼ਕਰਯਾਹ ਨੂੰ ਆਖ਼ਰੀ ਦਰਸ਼ਣ ਦਿਖਾਇਆ। ਯਹੋਵਾਹ ਨੇ ਇਸ ਦਰਸ਼ਣ ਰਾਹੀਂ ਯਹੂਦੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਸੀ ਅਤੇ ਉਸ ਲਈ ਕੀਤੇ ਉਨ੍ਹਾਂ ਦੇ ਕੰਮਾਂ ਦੀ ਕਦਰ ਕਰਦਾ ਸੀ। ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਵਾਪਸ ਜਾ ਕੇ ਉਸ ਵੱਲੋਂ ਦਿੱਤਾ ਕੰਮ ਪੂਰਾ ਕਰਨਗੇ, ਤਾਂ ਉਹ ਉਨ੍ਹਾਂ ਦੀ ਰਾਖੀ ਕਰੇਗਾ। ਮੰਦਰ ਨੂੰ ਦੁਬਾਰਾ ਬਣਾਉਣ ਬਾਰੇ ਯਹੋਵਾਹ ਨੇ ਕਿਹਾ: “ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਦਿਲ ਲਾ ਕੇ ਸੁਣੋਗੇ ਤਾਂ ਇਹ ਹੋ ਜਾਵੇਗਾ।”​—ਜ਼ਕ. 6:15.

ਸਵਰਗ ਦੂਤਾਂ ਦੀ ਸੈਨਾ

6. (ੳ) ਜ਼ਕਰਯਾਹ ਦੇ ਅੱਠਵੇਂ ਦਰਸ਼ਣ ਦੇ ਸ਼ੁਰੂ ਵਿਚ ਕੀ ਹੋਇਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਘੋੜੇ ਅਲੱਗ-ਅਲੱਗ ਰੰਗ ਦੇ ਕਿਉਂ ਸਨ?

6 ਜ਼ਕਰਯਾਹ ਦੇ ਅੱਠ ਦਰਸ਼ਣਾਂ ਵਿੱਚੋਂ ਸ਼ਾਇਦ ਆਖ਼ਰੀ ਦਰਸ਼ਣ ਸਭ ਤੋਂ ਜ਼ਿਆਦਾ ਨਿਹਚਾ ਮਜ਼ਬੂਤ ਕਰਨ ਵਾਲਾ ਹੈ। (ਜ਼ਕਰਯਾਹ 6:1-3 ਪੜ੍ਹੋ।) ਜ਼ਰਾ ਕਲਪਨਾ ਕਰੋ ਕਿ ਜ਼ਕਰਯਾਹ ਨੇ ਆਪਣੇ ਅੱਠਵੇਂ ਦਰਸ਼ਣ ਵਿਚ ਕੀ-ਕੀ ਦੇਖਿਆ: “ਦੋਂਹ ਪਹਾੜਾਂ ਦੇ ਵਿੱਚੋਂ ਚਾਰ ਰਥ ਬਾਹਰ ਨੂੰ ਨਿੱਕਲ ਰਹੇ ਸਨ ਅਤੇ ਓਹ ਪਹਾੜ ਪਿੱਤਲ ਦੇ ਪਹਾੜ ਸਨ।” * ਇਨ੍ਹਾਂ ਰਥਾਂ ਨੂੰ ਘੋੜੇ ਖਿੱਚ ਰਹੇ ਸਨ। ਘੋੜਿਆਂ ਦੇ ਰੰਗ ਅਲੱਗ-ਅਲੱਗ ਹੋਣ ਕਰਕੇ ਰਥਵਾਨਾਂ ਦੀ ਪਛਾਣ ਕਰਨੀ ਸੌਖੀ ਹੋ ਜਾਂਦੀ ਹੈ। ਜ਼ਕਰਯਾਹ ਨੇ ਪੁੱਛਿਆ: “ਏਹ ਕੀ ਹਨ?” (ਜ਼ਕ. 6:4) ਅਸੀਂ ਵੀ ਇਸ ਬਾਰੇ ਜਾਣਨਾ ਚਾਹੁੰਦੇ ਹਾਂ ਕਿਉਂਕਿ ਇਹ ਦਰਸ਼ਣ ਸਾਡੇ ਲਈ ਵੀ ਮਾਅਨੇ ਰੱਖਦਾ ਹੈ।

ਅੱਜ ਵੀ ਯਹੋਵਾਹ ਆਪਣੇ ਦੂਤਾਂ ਰਾਹੀਂ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ ਅਤੇ ਉਨ੍ਹਾਂ ਨੂੰ ਤਕੜਾ ਕਰਦਾ ਹੈ

7, 8. (ੳ) ਦੋ ਪਹਾੜ ਕਿਸ ਨੂੰ ਦਰਸਾਉਂਦੇ ਹਨ? (ਅ) ਪਹਾੜ ਤਾਂਬੇ ਦੇ ਕਿਉਂ ਬਣੇ ਹਨ?

7 ਬਾਈਬਲ ਵਿਚ ਕਦੀ-ਕਦੀ ਹਕੂਮਤਾਂ ਜਾਂ ਸਰਕਾਰਾਂ ਨੂੰ ਪਹਾੜ ਵਜੋਂ ਦਰਸਾਇਆ ਗਿਆ ਹੈ। ਜਿਹੜੇ ਦੋ ਪਹਾੜ ਜ਼ਕਰਯਾਹ ਨੇ ਦੇਖੇ ਉਹ ਦਾਨੀਏਲ ਦੀ ਭਵਿੱਖਬਾਣੀ ਵਿਚਲੇ ਦੋ ਪਹਾੜਾਂ ਵਰਗੇ ਸਨ। ਇਕ ਪਹਾੜ ਪੂਰੀ ਕਾਇਨਾਤ ਉੱਤੇ ਯਹੋਵਾਹ ਦੀ ਹਕੂਮਤ ਨੂੰ ਦਰਸਾਉਂਦਾ ਹੈ। ਦੂਜਾ ਪਹਾੜ ਮਸੀਹ ਦੇ ਰਾਜ ਨੂੰ ਦਰਸਾਉਂਦਾ ਹੈ ਜਿਸ ਦਾ ਰਾਜਾ ਯਿਸੂ ਹੈ। (ਦਾਨੀ. 2:35, 45) 1914 ਦੀ ਪਤਝੜ ਵਿਚ ਯਿਸੂ ਰਾਜਾ ਬਣਿਆ ਸੀ। ਉਸ ਸਮੇਂ ਤੋਂ ਇਹ ਦੋਨੋਂ ਪਹਾੜ ਮਿਲ ਕੇ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਵਿਚ ਖ਼ਾਸ ਭੂਮਿਕਾ ਨਿਭਾਉਂਦੇ ਆ ਰਹੇ ਹਨ।

8 ਇਹ ਪਹਾੜ ਤਾਂਬੇ ਦੇ ਕਿਉਂ ਬਣੇ ਹਨ? ਸੋਨੇ ਦੀ ਤਰ੍ਹਾਂ ਤਾਂਬਾ ਵੀ ਬਹੁਤ ਮਹਿੰਗਾ ਅਤੇ ਚਮਕੀਲੀ ਧਾਤ ਹੈ। ਇਸ ਲਈ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਤੰਬੂ ਅਤੇ ਮੰਦਰ ਬਣਾਉਣ ਲਈ ਤਾਂਬੇ ਦਾ ਇਸਤੇਮਾਲ ਕਰਨ ਲਈ ਕਿਹਾ ਸੀ। (ਕੂਚ 27:1-3; 1 ਰਾਜ. 7:13-16) * ਤਾਂਬੇ ਦੇ ਬਣੇ ਇਹ ਦੋ ਪਹਾੜ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਯਹੋਵਾਹ ਦਾ ਰਾਜ ਅਤੇ ਮਸੀਹ ਦਾ ਰਾਜ ਸਭ ਤੋਂ ਵਧੀਆ ਅਤੇ ਉੱਤਮ ਹਨ। ਮਸੀਹ ਦੇ ਰਾਜ ਅਧੀਨ ਇਨਸਾਨ ਸੁਰੱਖਿਅਤ ਮਹਿਸੂਸ ਕਰਨਗੇ ਅਤੇ ਬੇਸ਼ੁਮਾਰ ਬਰਕਤਾਂ ਦਾ ਆਨੰਦ ਮਾਣਨਗੇ।

9. ਰਥਵਾਨ ਕੌਣ ਹਨ? ਉਨ੍ਹਾਂ ਦੀ ਕੀ ਜ਼ਿੰਮੇਵਾਰੀ ਹੈ?

9 ਰਥ ਅਤੇ ਰਥਵਾਨ ਕਿਨ੍ਹਾਂ ਨੂੰ ਦਰਸਾਉਂਦੇ ਹਨ? ਰਥਵਾਨ ਦੂਤ ਹਨ ਅਤੇ ਇਹ ਅਲੱਗ-ਅਲੱਗ ਵਰਗ ਦੇ ਦੂਤ ਹੋ ਸਕਦੇ ਹਨ। (ਜ਼ਕਰਯਾਹ 6:5-8 ਪੜ੍ਹੋ।) ਇਹ ਦੂਤ “ਸਾਰੀ ਧਰਤੀ ਦੇ ਪ੍ਰਭੂ [ਯਹੋਵਾਹ] ਦੇ ਹਜ਼ੂਰ” ਖੜ੍ਹੇ ਹੋਣ ਤੋਂ ਬਾਅਦ ਖ਼ਾਸ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਭੇਜੇ ਜਾਂਦੇ ਹਨ। ਇਨ੍ਹਾਂ ਦੂਤਾਂ ਨੂੰ ਅਲੱਗ-ਅਲੱਗ ਥਾਵਾਂ ’ਤੇ ਭੇਜਿਆ ਜਾਂਦਾ ਹੈ। ਇਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਰਾਖੀ ਕੀਤੀ ਸੀ ਖ਼ਾਸ ਕਰਕੇ “ਉੱਤਰ ਦੇਸ” ਯਾਨੀ ਬਾਬਲੀਆਂ ਤੋਂ। ਇਸ ਦਰਸ਼ਣ ਰਾਹੀਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਦੱਸਿਆ ਸੀ ਕਿ ਉਹ ਫੇਰ ਕਦੇ ਵੀ ਬਾਬਲ ਦੇ ਗ਼ੁਲਾਮ ਨਹੀਂ ਬਣਨਗੇ। ਸੋਚੋ, ਇਹ ਗੱਲ ਜਾਣ ਕੇ ਮੰਦਰ ਬਣਾਉਣ ਵਾਲਿਆਂ ਨੂੰ ਕਿੰਨੀ ਹਿੰਮਤ ਮਿਲੀ ਹੋਣੀ! ਉਹ ਜਾਣਦੇ ਸਨ ਕਿ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਕਦੇ ਵੀ ਰੋਕ ਨਹੀਂ ਸਕਦੇ।

10. ਜ਼ਕਰਯਾਹ ਦੀ ਭਵਿੱਖਬਾਣੀ ਵਿਚ ਦੱਸੇ ਰਥ ਅਤੇ ਰਥਵਾਨਾਂ ਤੋਂ ਸਾਨੂੰ ਕਿਹੜੀ ਤਸੱਲੀ ਮਿਲਦੀ ਹੈ?

10 ਅੱਜ ਵੀ ਯਹੋਵਾਹ ਆਪਣੇ ਦੂਤਾਂ ਰਾਹੀਂ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ ਅਤੇ ਉਨ੍ਹਾਂ ਨੂੰ ਤਕੜਾ ਕਰਦਾ ਹੈ। (ਮਲਾ. 3:6; ਇਬ. 1:7, 14) ਭਾਵੇਂ 1919 ਤੋਂ ਬਾਅਦ ਯਹੋਵਾਹ ਦੇ ਲੋਕ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਹਮੇਸ਼ਾ ਲਈ ਆਜ਼ਾਦ ਹੋ ਗਏ ਸਨ, ਫਿਰ ਵੀ ਉਨ੍ਹਾਂ ਦੇ ਦੁਸ਼ਮਣ ਰੁਕਾਵਟਾਂ ਖੜ੍ਹੀਆਂ ਕਰਨ ਤੋਂ ਬਾਜ਼ ਨਹੀਂ ਆਏ। (ਪ੍ਰਕਾ. 18:4) ਪਰ ਦੁਸ਼ਮਣਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅੱਜ ਸਵਰਗ ਦੂਤ ਯਹੋਵਾਹ ਦੇ ਸੰਗਠਨ ਦੀ ਰਾਖੀ ਕਰ ਰਹੇ ਹਨ। ਇਸ ਲਈ ਯਹੋਵਾਹ ਦੇ ਲੋਕਾਂ ਨੂੰ ਫਿਰ ਤੋਂ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਜਾਣ ਦਾ ਡਰ ਨਹੀਂ। (ਜ਼ਬੂ. 34:7) ਇਸ ਦੀ ਬਜਾਇ, ਯਹੋਵਾਹ ਦੇ ਲੋਕ ਉਸ ਦੀ ਸੇਵਾ ਕਰ ਕੇ ਖ਼ੁਸ਼ ਅਤੇ ਰੁੱਝੇ ਰਹਿੰਦੇ ਹਨ। ਜ਼ਕਰਯਾਹ ਦੀ ਭਵਿੱਖਬਾਣੀ ਤੋਂ ਸਾਨੂੰ ਇਹ ਤਸੱਲੀ ਮਿਲਦੀ ਹੈ ਕਿ ਉਨ੍ਹਾਂ ਦੋ ਪਹਾੜਾਂ ਕਰਕੇ ਅਸੀਂ ਮਹਿਫੂਜ਼ ਅਤੇ ਸੁਰੱਖਿਅਤ ਹਾਂ।

11. ਭਵਿੱਖ ਵਿਚ ਹੋਣ ਵਾਲੇ ਹਮਲੇ ਬਾਰੇ ਸੋਚ ਕੇ ਸਾਨੂੰ ਥਰ-ਥਰ ਕੰਬਣ ਦੀ ਲੋੜ ਕਿਉਂ ਨਹੀਂ ਹੈ?

11 ਬਹੁਤ ਜਲਦ ਸ਼ੈਤਾਨ ਦੀ ਦੁਨੀਆਂ ਦੀਆਂ ਰਾਜਨੀਤਿਕ ਤਾਕਤਾਂ ਇਕੱਠੀਆਂ ਹੋ ਕੇ ਯਹੋਵਾਹ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕਰਨਗੀਆਂ। (ਹਿਜ਼. 38:2, 10-12; ਦਾਨੀ. 11:40, 44, 45; ਪ੍ਰਕਾ. 19:19) ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਦਿਖਾਇਆ ਗਿਆ ਸੀ ਕਿ ਇਨ੍ਹਾਂ ਤਾਕਤਾਂ ਨੇ ਸਾਰੀ ਧਰਤੀ ਨੂੰ ਬੱਦਲ ਵਾਂਗ ਢੱਕਿਆ ਹੋਇਆ ਹੈ। ਇਹ ਦੁਸ਼ਮਣ ਫ਼ੌਜਾਂ ਘੋੜਿਆਂ ’ਤੇ ਸਵਾਰ ਹੋ ਕੇ ਗੁੱਸੇ ਤੇ ਤੇਜ਼ੀ ਨਾਲ ਪਰਮੇਸ਼ੁਰ ਦੇ ਲੋਕਾਂ ਨੂੰ ਨਾਸ਼ ਕਰਨ ਆ ਰਹੀਆਂ ਹਨ। (ਹਿਜ਼. 38:15, 16) * ਕੀ ਸਾਨੂੰ ਉਨ੍ਹਾਂ ਤੋਂ ਥਰ-ਥਰ ਕੰਬਣ ਦੀ ਲੋੜ ਹੈ? ਬਿਲਕੁਲ ਨਹੀਂ! ਕਿਉਂ? ਕਿਉਂਕਿ ਯਹੋਵਾਹ ਦੀ ਸਵਰਗੀ ਸੈਨਾ ਜੋ ਸਾਡੇ ਨਾਲ ਹੈ। ਮਹਾਂਕਸ਼ਟ ਦੌਰਾਨ ਯਹੋਵਾਹ ਦੇ ਦੂਤ ਉਸ ਦੇ ਲੋਕਾਂ ਦੀ ਹਿਫਾਜ਼ਤ ਕਰਨਗੇ ਅਤੇ ਉਸ ਦੇ ਰਾਜ ਦੇ ਖ਼ਿਲਾਫ਼ ਖੜ੍ਹਨ ਵਾਲਿਆਂ ਦਾ ਸੱਤਿਆਨਾਸ ਕਰਨਗੇ। (2 ਥੱਸ. 1:7, 8) ਉਹ ਨਜ਼ਾਰਾ ਦੇਖਣ ਵਾਲਾ ਹੋਵੇਗਾ! ਪਰ ਇਸ ਸਵਰਗੀ ਫ਼ੌਜ ਦਾ ਸੈਨਾਪਤੀ ਕੌਣ ਹੋਵੇਗਾ?

ਯਹੋਵਾਹ ਨੇ ਪੁਜਾਰੀ ਦੀ ਰਾਜੇ ਵਜੋਂ ਤਾਜਪੋਸ਼ੀ ਕੀਤੀ

12, 13. (ੳ) ਯਹੋਵਾਹ ਨੇ ਜ਼ਕਰਯਾਹ ਨੂੰ ਅੱਗੇ ਕੀ ਕਰਨ ਲਈ ਕਿਹਾ? (ਅ) ਸਾਨੂੰ ਕਿਵੇਂ ਪਤਾ ਕਿ ਸ਼ਾਖ਼ਾ ਨਾਂ ਦਾ ਆਦਮੀ ਯਿਸੂ ਮਸੀਹ ਹੈ?

12 ਸਿਰਫ਼ ਜ਼ਕਰਯਾਹ ਨੂੰ ਹੀ ਉਹ ਅੱਠ ਦਰਸ਼ਣ ਦਿਖਾਏ ਗਏ ਸਨ। ਪਰ ਇਸ ਤੋਂ ਬਾਅਦ ਉਸ ਨੇ ਜੋ ਕੀਤਾ ਉਸ ਨੂੰ ਸਭ ਦੇਖ ਸਕਦੇ ਸਨ। ਇਨ੍ਹਾਂ ਗੱਲਾਂ ਨੂੰ ਦੇਖ ਕੇ ਪਰਮੇਸ਼ੁਰ ਦਾ ਮੰਦਰ ਬਣਾਉਣ ਵਾਲਿਆਂ ਨੂੰ ਬਹੁਤ ਹੌਸਲਾ ਮਿਲਿਆ ਹੋਣਾ। (ਜ਼ਕਰਯਾਹ 6:9-12 ਪੜ੍ਹੋ।) ਬਾਬਲ ਤੋਂ ਤਿੰਨ ਆਦਮੀ ਯਰੂਸ਼ਲਮ ਪਹੁੰਚੇ, ਹਲਦੀ, ਟੋਬੀਯਾਹ ਅਤੇ ਯਦਅਯਾਹ। ਯਹੋਵਾਹ ਨੇ ਜ਼ਕਰਯਾਹ ਨੂੰ ਉਨ੍ਹਾਂ ਆਦਮੀਆਂ ਤੋਂ ਚਾਂਦੀ ਤੇ ਸੋਨਾ ਲੈ ਕੇ ਇਕ “ਤਾਜ” ਬਣਾਉਣ ਲਈ ਕਿਹਾ। (ਜ਼ਕ. 6:11) ਕੀ ਉਸ ਨੇ ਇਹ ਤਾਜ ਹਾਕਮ ਜ਼ਰੁੱਬਾਬਲ ਲਈ ਬਣਾਉਣਾ ਸੀ ਜੋ ਯਹੂਦਾਹ ਦੇ ਗੋਤ ਅਤੇ ਦਾਊਦ ਦੀ ਪੀੜ੍ਹੀ ਵਿੱਚੋਂ ਸੀ? ਨਹੀਂ। ਯਹੋਵਾਹ ਨੇ ਜ਼ਕਰਯਾਹ ਨੂੰ ਤਾਜ ਮਹਾਂ ਪੁਜਾਰੀ ਯਹੋਸ਼ੁਆ ਦੇ ਸਿਰ ’ਤੇ ਰੱਖਣ ਲਈ ਕਿਹਾ। ਇਹ ਸਭ ਦੇਖ ਕੇ ਸਾਰੇ ਜ਼ਰੂਰ ਹੈਰਾਨ ਰਹਿ ਗਏ ਹੋਣੇ।

13 ਕੀ ਮਹਾਂ ਪੁਜਾਰੀ ਯਹੋਸ਼ੁਆ ਦੇ ਸਿਰ ਉੱਤੇ ਤਾਜ ਰੱਖਣ ਦਾ ਇਹ ਮਤਲਬ ਸੀ ਕਿ ਉਹ ਰਾਜਾ ਬਣ ਗਿਆ? ਨਹੀਂ। ਯਹੋਸ਼ੁਆ ਦਾਊਦ ਦੀ ਪੀੜ੍ਹੀ ਵਿਚ ਨਹੀਂ ਸੀ, ਇਸ ਲਈ ਉਹ ਰਾਜਾ ਬਣਨ ਦੇ ਯੋਗ ਨਹੀਂ ਸੀ। ਉਸ ਦੀ ਤਾਜਪੋਸ਼ੀ ਭਵਿੱਖ ਵਿਚ ਆਉਣ ਵਾਲੇ ਰਾਜੇ ਅਤੇ ਮਹਾਂ ਪੁਜਾਰੀ ਨੂੰ ਦਰਸਾਉਂਦੀ ਸੀ ਜੋ ਯੁੱਗ-ਯੁੱਗ ਤਕ ਰਾਜ ਕਰੇਗਾ ਅਤੇ ਜਿਸ ਦਾ ਨਾਂ ਸ਼ਾਖ਼ਾ ਹੈ। ਬਾਈਬਲ ਦੱਸਦੀ ਹੈ ਕਿ ਉਹ ਸ਼ਾਖ਼ਾ ਯਿਸੂ ਮਸੀਹ ਹੈ।​—ਯਸਾ. 11:1; ਮੱਤੀ 2:23. *

14. ਰਾਜਾ ਅਤੇ ਮਹਾਂ ਪੁਜਾਰੀ ਹੋਣ ਦੇ ਨਾਤੇ ਯਿਸੂ ਕਿਹੜਾ ਕੰਮ ਕਰ ਰਿਹਾ ਹੈ?

14 ਯਿਸੂ ਰਾਜਾ ਅਤੇ ਮਹਾਂ ਪੁਜਾਰੀ ਹੈ। ਉਹ ਯਹੋਵਾਹ ਦੀ ਸਵਰਗੀ ਫ਼ੌਜਾਂ ਦਾ ਸੈਨਾਪਤੀ ਹੈ ਅਤੇ ਇਸ ਦੁਸ਼ਟ ਦੁਨੀਆਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਮਿਹਨਤ ਕਰ ਰਿਹਾ ਹੈ। (ਯਿਰ. 23:5, 6) ਯਹੋਵਾਹ ਦੇ ਰਾਜ ਦਾ ਪੱਖ ਲੈਂਦਿਆਂ ਬਹੁਤ ਜਲਦ ਯਿਸੂ ਕੌਮਾਂ ਉੱਤੇ ਫਤਹਿ ਪਾਵੇਗਾ ਅਤੇ ਪਰਮੇਸ਼ੁਰ ਦੇ ਲੋਕਾਂ ਲਈ ਲੜੇਗਾ। (ਪ੍ਰਕਾ. 17:12-14; 19:11, 14, 15) ਪਰ ਉਹ ਦਿਨ ਆਉਣ ਤੋਂ ਪਹਿਲਾਂ ਯਿਸੂ ਯਾਨੀ ਸ਼ਾਖ਼ਾ ਕੋਲ ਬਹੁਤ ਸਾਰਾ ਕੰਮ ਹੈ।

ਉਹ ਮੰਦਰ ਬਣਾਵੇਗਾ

15, 16. (ੳ) ਸੱਚੀ ਭਗਤੀ ਨੂੰ ਦੁਬਾਰਾ ਸਥਾਪਿਤ ਕਿਵੇਂ ਕੀਤਾ ਗਿਆ ਹੈ? ਇਹ ਸਭ ਕੁਝ ਕੌਣ ਕਰ ਰਿਹਾ ਹੈ? (ਅ) ਮਸੀਹ ਦੇ ਹਜ਼ਾਰ ਸਾਲ ਦੇ ਰਾਜ ਤੋਂ ਬਾਅਦ ਧਰਤੀ ਕਿਹੋ ਜਿਹੀ ਹੋਵੇਗੀ?

15 ਰਾਜਾ ਅਤੇ ਮਹਾਂ ਪੁਜਾਰੀ ਹੋਣ ਦੇ ਨਾਲ-ਨਾਲ ਯਿਸੂ ਨੂੰ “ਯਹੋਵਾਹ ਦੀ ਹੈਕਲ” ਬਣਾਉਣ ਦਾ ਕੰਮ ਵੀ ਦਿੱਤਾ ਗਿਆ ਹੈ। (ਜ਼ਕਰਯਾਹ 6:13 ਪੜ੍ਹੋ।) ਇਸ ਉਸਾਰੀ ਦੇ ਕੰਮ ਵਿਚ ਇਹ ਸ਼ਾਮਲ ਸੀ ਕਿ ਯਿਸੂ ਨੇ ਸੱਚੀ ਭਗਤੀ ਕਰਨ ਵਾਲਿਆਂ ਨੂੰ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਛੁਡਾਉਣਾ ਸੀ ਜੋ ਉਸ ਨੇ 1919 ਵਿਚ ਕੀਤਾ। ਉਸ ਨੇ ਮਸੀਹੀ ਮੰਡਲੀ ਨੂੰ ਦੁਬਾਰਾ ਸਥਾਪਿਤ ਕੀਤਾ ਅਤੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕੀਤਾ। ਇਹ ਚੁਣੇ ਹੋਏ ਮਸੀਹੀ ਧਰਤੀ ’ਤੇ ਸੱਚੀ ਭਗਤੀ ਸੰਬੰਧੀ ਸਾਰੇ ਕੰਮਾਂ ਦੀ ਅਗਵਾਈ ਕਰ ਰਹੇ ਹਨ। (ਮੱਤੀ 24:45) ਯਿਸੂ ਪਰਮੇਸ਼ੁਰ ਦੇ ਲੋਕਾਂ ਨੂੰ ਸ਼ੁੱਧ ਵੀ ਕਰ ਰਿਹਾ ਹੈ ਤਾਂਕਿ ਉਹ ਪਰਮੇਸ਼ੁਰ ਦੀ ਸ਼ੁੱਧ ਭਗਤੀ ਕਰ ਸਕਣ।​—ਮਲਾ. 3:1-3.

16 ਮਸੀਹ ਅਤੇ 1,44,000 ਰਾਜੇ ਤੇ ਪੁਜਾਰੀ ਹਜ਼ਾਰ ਸਾਲ ਲਈ ਰਾਜ ਕਰਨਗੇ। ਉਸ ਸਮੇਂ ਦੌਰਾਨ ਉਹ ਵਫ਼ਾਦਾਰ ਲੋਕਾਂ ਦੀ ਮੁਕੰਮਲ ਬਣਨ ਵਿਚ ਮਦਦ ਕਰਨਗੇ। ਜਦੋਂ ਇਹ ਰਾਜੇ ਅਤੇ ਪੁਜਾਰੀ ਆਪਣਾ ਕੰਮ ਪੂਰਾ ਕਰ ਲੈਣਗੇ, ਤਾਂ ਧਰਤੀ ਉੱਤੇ ਸਿਰਫ਼ ਯਹੋਵਾਹ ਦੇ ਹੀ ਸੇਵਕ ਹੋਣਗੇ। ਅਖ਼ੀਰ ਵਿਚ ਧਰਤੀ ’ਤੇ ਸਿਰਫ਼ ਸੱਚੀ ਭਗਤੀ ਕੀਤੀ ਜਾਵੇਗੀ।

ਮੰਦਰ ਬਣਾਉਣ ਵਿਚ ਹੱਥ ਵਟਾਓ

17. ਯਹੋਵਾਹ ਨੇ ਯਹੂਦੀਆਂ ਨੂੰ ਕਿਹੜੀ ਗੱਲ ਦਾ ਭਰੋਸਾ ਦਿਵਾਇਆ ਅਤੇ ਇਸ ਗੱਲ ਦਾ ਉਨ੍ਹਾਂ ਉੱਤੇ ਕੀ ਅਸਰ ਪਿਆ?

17 ਜ਼ਕਰਯਾਹ ਦਾ ਸੰਦੇਸ਼ ਸੁਣ ਕੇ ਯਹੂਦੀਆਂ ਨੂੰ ਕਿਵੇਂ ਲੱਗਾ? ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੀ ਮਦਦ ਅਤੇ ਰਾਖੀ ਕਰੇਗਾ ਤਾਂਕਿ ਉਹ ਮੰਦਰ ਦੇ ਕੰਮ ਨੂੰ ਪੂਰਾ ਕਰ ਸਕਣ। ਇਸ ਵਾਅਦੇ ਤੋਂ ਉਨ੍ਹਾਂ ਨੂੰ ਉਮੀਦ ਮਿਲੀ। ਪਰ ਫਿਰ ਵੀ ਉਨ੍ਹਾਂ ਦੇ ਮਨ ਵਿਚ ਸ਼ਾਇਦ ਇਹ ਸ਼ੱਕ ਸੀ ਕਿ ਇੰਨੇ ਥੋੜ੍ਹੇ ਲੋਕ ਇੰਨਾ ਸਾਰਾ ਕੰਮ ਕਿਵੇਂ ਕਰ ਸਕਣਗੇ? ਜ਼ਕਰਯਾਹ ਦੇ ਅਗਲੇ ਸ਼ਬਦਾਂ ਨੇ ਉਨ੍ਹਾਂ ਦੇ ਡਰ ਅਤੇ ਸ਼ੱਕ ਨੂੰ ਦੂਰ ਕੀਤਾ। ਯਹੋਵਾਹ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਹਲਦੀ, ਟੋਬੀਯਾਹ ਅਤੇ ਯਦਅਯਾਹ ਦੇ ਨਾਲ-ਨਾਲ ਹੋਰ ਵੀ ਵਫ਼ਾਦਾਰ ਲੋਕ “ਯਹੋਵਾਹ ਦੀ ਹੈਕਲ” ਬਣਾਉਣ ਲਈ ਖ਼ੁਸ਼ੀ-ਖ਼ੁਸ਼ੀ ਆਉਣਗੇ। (ਜ਼ਕਰਯਾਹ 6:15 ਪੜ੍ਹੋ।) ਯਹੂਦੀਆਂ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਨ੍ਹਾਂ ਦਾ ਸਾਥ ਦੇ ਰਿਹਾ ਸੀ। ਭਾਵੇਂ ਫ਼ਾਰਸੀ ਰਾਜੇ ਨੇ ਉਨ੍ਹਾਂ ਦੇ ਕੰਮ ’ਤੇ ਪਾਬੰਦੀ ਲਾਈ ਸੀ, ਫਿਰ ਵੀ ਉਨ੍ਹਾਂ ਨੇ ਦਲੇਰੀ ਦਿਖਾਉਂਦਿਆਂ ਮੰਦਰ ਬਣਾਉਣ ਦਾ ਕੰਮ ਦੁਬਾਰਾ ਸ਼ੁਰੂ ਕੀਤਾ। ਭਾਵੇਂ ਇਹ ਪਾਬੰਦੀ ਉਨ੍ਹਾਂ ਦੇ ਕੰਮ ਵਿਚ ਪਹਾੜ ਵਾਂਗ ਸੀ, ਪਰ ਫਿਰ ਵੀ ਯਹੋਵਾਹ ਨੇ ਇਸ ਰੁਕਾਵਟ ਨੂੰ ਜਲਦੀ ਪਰੇ ਕਰ ਦਿੱਤਾ। ਅਖ਼ੀਰ 515 ਈਸਵੀ ਪੂਰਵ ਵਿਚ ਮੰਦਰ ਬਣਾਉਣ ਦਾ ਕੰਮ ਪੂਰਾ ਹੋ ਗਿਆ। (ਅਜ਼. 6:22; ਜ਼ਕ. 4:6, 7) ਪਰ ਯਹੋਵਾਹ ਦੇ ਇਹ ਸ਼ਬਦ ਅੱਜ ਸਾਡੇ ਸਮੇਂ ਵਿਚ ਇਕ ਹੋਰ ਵੀ ਜ਼ਿਆਦਾ ਅਹਿਮ ਕੰਮ ਵੱਲ ਇਸ਼ਾਰਾ ਕਰਦੇ ਹਨ।

ਯਹੋਵਾਹ ਸਾਡੇ ਪਿਆਰ ਨੂੰ ਕਦੇ ਵੀ ਨਹੀਂ ਭੁੱਲਦਾ (ਪੈਰੇ 18, 19 ਦੇਖੋ)

18. ਜ਼ਕਰਯਾਹ 6:15 ਅੱਜ ਕਿਵੇਂ ਪੂਰਾ ਹੋ ਰਿਹਾ ਹੈ?

18 ਅੱਜ ਲੱਖਾਂ ਹੀ ਲੋਕ ਯਹੋਵਾਹ ਦੀ ਭਗਤੀ ਕਰ ਰਹੇ ਹਨ। ਉਹ ਖ਼ੁਸ਼ੀ-ਖ਼ੁਸ਼ੀ ਆਪਣਾ “ਮਾਲ” ਯਾਨੀ ਆਪਣਾ ਸਮਾਂ, ਤਾਕਤ ਅਤੇ ਪੈਸਾ ਯਹੋਵਾਹ ਦੀ ਸੱਚੀ ਭਗਤੀ ਖ਼ਾਤਰ ਲਾਉਂਦੇ ਹਨ। (ਕਹਾ. 3:9) ਸਾਨੂੰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਸਾਡੀ ਵਫ਼ਾਦਾਰੀ ਨਾਲ ਕੀਤੀ ਸੇਵਾ ਦੀ ਬਹੁਤ ਕਦਰ ਕਰਦਾ ਹੈ। ਹਲਦੀ, ਟੋਬੀਯਾਹ ਅਤੇ ਯਦਅਯਾਹ ਨੂੰ ਯਾਦ ਕਰੋ ਜੋ ਸੋਨਾ-ਚਾਂਦੀ ਲੈ ਕੇ ਆਏ ਸਨ ਜਿਸ ਤੋਂ ਜ਼ਕਰਯਾਹ ਨੇ ਤਾਜ ਬਣਾਇਆ ਸੀ। ਉਹ ਤਾਜ ਉਨ੍ਹਾਂ ਦੀ ਸੱਚੀ ਭਗਤੀ ਲਈ ਕੀਤੇ ਦਾਨ ਦੀ ‘ਯਾਦਗੀਰੀ’ ਸੀ। (ਜ਼ਕ. 6:14) ਯਹੋਵਾਹ ਸਾਡੇ ਪਿਆਰ ਅਤੇ ਕੰਮਾਂ ਨੂੰ ਕਦੀ ਨਹੀਂ ਭੁੱਲੇਗਾ।​—ਇਬ. 6:10.

19. ਜ਼ਕਰਯਾਹ ਦੇ ਦਰਸ਼ਣਾਂ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

19 ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਦੇ ਲੋਕਾਂ ਨੇ ਵੱਡੇ-ਵੱਡੇ ਕੰਮ ਕੀਤੇ ਹਨ। ਇਹ ਸਾਰੇ ਕੰਮ ਸਿਰਫ਼ ਯਹੋਵਾਹ ਦੀ ਮਿਹਰ ਅਤੇ ਮਸੀਹ ਦੀ ਅਗਵਾਈ ਕਰਕੇ ਮੁਮਕਿਨ ਹੋਏ ਹਨ। ਅਸੀਂ ਬਹੁਤ ਖ਼ੁਸ਼ ਹਾਂ ਕਿ ਅਸੀਂ ਇਸ ਮਜ਼ਬੂਤ, ਸੁਰੱਖਿਅਤ ਅਤੇ ਸਥਿਰ ਸੰਗਠਨ ਦਾ ਹਿੱਸਾ ਹਾਂ। ਨਾਲੇ ਅਸੀਂ ਜਾਣਦੇ ਹਾਂ ਕਿ ਯਹੋਵਾਹ ਦੀ ਸੱਚੀ ਭਗਤੀ ਲਈ ਰੱਖਿਆ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ। ਇਸ ਲਈ ਯਹੋਵਾਹ ਦੇ ਸੰਗਠਨ ਵਿਚ ਆਪਣੀ ਭੂਮਿਕਾ ਦੀ ਕਦਰ ਕਰੋ ਅਤੇ “ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਦਿਲ ਲਾ ਕੇ” ਸੁਣੋ। ਫਿਰ ਦੂਤ, ਰਾਜਾ ਤੇ ਮਹਾਂ ਪੁਜਾਰੀ ਸਾਡੀ ਰਾਖੀ ਕਰਨਗੇ। ਸੱਚੀ ਭਗਤੀ ਕਰਨ ਲਈ ਪੂਰੀ ਵਾਹ ਲਾਓ। ਯਹੋਵਾਹ ਨਾ ਸਿਰਫ਼ ਤੁਹਾਨੂੰ ਦੁਨੀਆਂ ਦੇ ਅੰਤ ਤਕ, ਸਗੋਂ ਹਮੇਸ਼ਾ ਲਈ ਸੁਰੱਖਿਅਤ ਰੱਖੇਗਾ।

^ ਪੈਰਾ 6 ਪੰਜਾਬੀ ਦੀ ਪਵਿੱਤਰ ਬਾਈਬਲ ਵਿਚ ਜ਼ਕਰਯਾਹ 6:1 ਵਿਚ ਦੱਸਿਆ ਗਿਆ ਹੈ ਕਿ ਦੋ ਪਹਾੜ ਪਿੱਤਲ ਦੇ ਬਣੇ ਹੋਏ ਹਨ। ਪਰ ਮੂਲ ਇਬਰਾਨੀ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਹ ਪਹਾੜ ਤਾਂਬੇ ਦੇ ਬਣੇ ਹਨ।

^ ਪੈਰਾ 8 ਮੂਲ ਇਬਰਾਨੀ ਲਿਖਤਾਂ ਵਿਚ ਕੂਚ 27:1-3 ਅਤੇ 1 ਰਾਜਿਆਂ 7:13-16 ਵਿਚ ਪਿੱਤਲ ਦੀ ਜਗ੍ਹਾ ਤਾਂਬਾ ਲਿਖਿਆ ਗਿਆ ਹੈ।

^ ਪੈਰਾ 11 ਹੋਰ ਜਾਣਕਾਰੀ ਲਈ 15 ਮਈ 2015 ਦੇ ਪਹਿਰਾਬੁਰਜ ਦੇ ਸਫ਼ੇ 29-30 ਉੱਤੇ “ਪਾਠਕਾਂ ਵੱਲੋਂ ਸਵਾਲ” ਦੇਖੋ।

^ ਪੈਰਾ 13 “ਨਾਸਰੀ” ਸ਼ਬਦ ਇਬਰਾਨੀ ਭਾਸ਼ਾ ਵਿਚ “ਸ਼ਾਖ਼ਾ” ਤੋਂ ਬਣਿਆ ਹੈ।