Skip to content

Skip to table of contents

‘ਮੈਨੂੰ ਪਤਾ ਉਹ ਦੁਬਾਰਾ ਜੀਉਂਦਾ ਹੋਵੇਗਾ’

‘ਮੈਨੂੰ ਪਤਾ ਉਹ ਦੁਬਾਰਾ ਜੀਉਂਦਾ ਹੋਵੇਗਾ’

“ਸਾਡਾ ਦੋਸਤ ਸੌਂ ਰਿਹਾ ਹੈ, ਪਰ ਮੈਂ ਉਸ ਨੂੰ ਜਗਾਉਣ ਜਾ ਰਿਹਾ ਹਾਂ।”​—ਯੂਹੰ. 11:11.

ਗੀਤ: 54, 51

1. ਮਾਰਥਾ ਨੂੰ ਕਿਸ ਗੱਲ ਦਾ ਭਰੋਸਾ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਮਾਰਥਾ ਆਪਣੇ ਭਰਾ ਲਾਜ਼ਰ ਦੀ ਮੌਤ ਦਾ ਸੋਗ ਮਨਾ ਰਹੀ ਸੀ। ਕੀ ਕੋਈ ਮਾਰਥਾ ਨੂੰ ਦਿਲਾਸਾ ਦੇ ਸਕਦਾ ਸੀ? ਹਾਂਜੀ। ਮਾਰਥਾ ਯਿਸੂ ਨੂੰ ਆਪਣਾ ਭਰਾ ਅਤੇ ਗੁਰੂ ਮੰਨਦੀ ਸੀ। ਯਿਸੂ ਨੇ ਉਸ ਨਾਲ ਵਾਅਦਾ ਕੀਤਾ: “ਤੇਰਾ ਭਰਾ ਦੁਬਾਰਾ ਜੀਉਂਦਾ ਹੋ ਜਾਵੇਗਾ।” ਭਾਵੇਂ ਕਿ ਇਹ ਸ਼ਬਦ ਮਾਰਥਾ ਦੇ ਦੁੱਖ ਨੂੰ ਪੂਰੀ ਤਰ੍ਹਾਂ ਨਹੀਂ ਮਿਟਾ ਸਕੇ, ਪਰ ਫਿਰ ਵੀ ਉਸ ਨੇ ਯਿਸੂ ਦੇ ਵਾਅਦੇ ’ਤੇ ਭਰੋਸਾ ਰੱਖਿਆ ਅਤੇ ਕਿਹਾ: “ਮੈਨੂੰ ਪਤਾ ਉਹ ਆਖ਼ਰੀ ਦਿਨ ’ਤੇ ਦੁਬਾਰਾ ਜੀਉਂਦਾ ਹੋਵੇਗਾ।” (ਯੂਹੰ. 11:20-24) ਮਾਰਥਾ ਨੂੰ ਭਰੋਸਾ ਸੀ ਕਿ ਇਹ ਭਵਿੱਖ ਵਿਚ ਹੋਵੇਗਾ, ਪਰ ਯਿਸੂ ਨੇ ਉਸੇ ਦਿਨ ਚਮਤਕਾਰ ਕਰ ਕੇ ਲਾਜ਼ਰ ਨੂੰ ਜੀਉਂਦਾ ਕੀਤਾ।

2. ਤੁਸੀਂ ਮਾਰਥਾ ਵਾਂਗ ਪੱਕਾ ਭਰੋਸਾ ਕਿਉਂ ਰੱਖਣਾ ਚਾਹੁੰਦੇ ਹੋ?

2 ਅਸੀਂ ਇਹ ਆਸ ਨਹੀਂ ਰੱਖਦੇ ਕਿ ਯਹੋਵਾਹ ਅਤੇ ਯਿਸੂ ਅੱਜ ਹੀ ਸਾਡੇ ਪਿਆਰਿਆਂ ਨੂੰ ਜੀਉਂਦਾ ਕਰਨ। ਪਰ ਕੀ ਤੁਹਾਨੂੰ ਮਾਰਥਾ ਵਾਂਗ ਪੱਕਾ ਭਰੋਸਾ ਹੈ ਕਿ ਭਵਿੱਖ ਵਿਚ ਯਹੋਵਾਹ ਤੁਹਾਡੇ ਮਰ ਚੁੱਕੇ ਪਿਆਰਿਆਂ ਨੂੰ ਮੁੜ ਜੀਉਂਦਾ ਕਰੇਗਾ? ਸ਼ਾਇਦ ਤੁਸੀਂ ਵੀ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਸਹਿ ਰਹੇ ਹੋ, ਜਿਵੇਂ ਕਿ ਜੀਵਨ ਸਾਥੀ, ਮੰਮੀ-ਡੈਡੀ, ਦਾਦਾ-ਦਾਦੀ, ਨਾਨਾ-ਨਾਨੀ ਜਾਂ ਇੱਥੋਂ ਤਕ ਕਿ ਆਪਣੇ ਪਿਆਰੇ ਬੱਚੇ ਦਾ ਵੀ। ਤੁਸੀਂ ਉਨ੍ਹਾਂ ਨੂੰ ਆਪਣੀ ਗਲਵੱਕੜੀ ਵਿਚ ਲੈਣ, ਉਨ੍ਹਾਂ ਨਾਲ ਗੱਲਾਂ ਕਰਨ ਅਤੇ ਉਨ੍ਹਾਂ ਨਾਲ ਹਾਸਾ-ਮਜ਼ਾਕ ਕਰਨ ਨੂੰ ਤਰਸ ਰਹੇ ਹੋ। ਪਰ ਖ਼ੁਸ਼ੀ ਦੀ ਗੱਲ ਹੈ ਕਿ ਤੁਸੀਂ ਮਾਰਥਾ ਵਾਂਗ ਕਹਿ ਸਕਦੇ ਹੋ: ‘ਮੈਨੂੰ ਪਤਾ ਉਹ ਦੁਬਾਰਾ ਜੀਉਂਦਾ ਹੋਵੇਗਾ।’ ਪਰ ਮਸੀਹੀ ਹੋਣ ਦੇ ਨਾਤੇ ਸਾਡੇ ਲਈ ਚੰਗਾ ਹੋਵੇਗਾ ਜੇ ਅਸੀਂ ਇਸ ਸਵਾਲ ’ਤੇ ਸੋਚ-ਵਿਚਾਰ ਕਰੀਏ, ‘ਕਿ ਮੈਂ ਕਿਉਂ ਮੰਨਦਾ ਹਾਂ ਕਿ ਮੁਰਦਿਆਂ ਨੂੰ ਜੀਉਂਦਾ ਕੀਤਾ ਜਾਵੇਗਾ?’

3, 4. ਯਿਸੂ ਦੇ ਚਮਤਕਾਰਾਂ ਤੋਂ ਮਾਰਥਾ ਦੀ ਨਿਹਚਾ ਕਿੰਨੀ ਕੁ ਮਜ਼ਬੂਤ ਹੋਈ? ਸਮਝਾਓ।

3 ਯਿਸੂ ਨੇ ਗਲੀਲ ਦੇ ਨਾਇਨ ਸ਼ਹਿਰ ਨੇੜੇ ਇਕ ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕੀਤਾ ਸੀ। ਸ਼ਾਇਦ ਮਾਰਥਾ ਨੇ ਇਹ ਚਮਤਕਾਰ ਆਪਣੀ ਅੱਖੀਂ ਨਹੀਂ ਦੇਖਿਆ ਹੋਣਾ ਕਿਉਂਕਿ ਉਹ ਯਰੂਸ਼ਲਮ ਦੇ ਨੇੜੇ ਰਹਿੰਦੀ ਸੀ। ਪਰ ਉਸ ਨੇ ਇਸ ਚਮਤਕਾਰ ਬਾਰੇ ਜ਼ਰੂਰ ਸੁਣਿਆ ਹੋਣਾ। ਨਾਲੇ ਯਿਸੂ ਨੇ ਜੈਰੁਸ ਦੀ ਧੀ ਨੂੰ ਵੀ ਜੀਉਂਦਾ ਕੀਤਾ ਸੀ। ਜੈਰੁਸ ਦੇ ਘਰ ਆਏ ਸਾਰੇ ਲੋਕ “ਜਾਣਦੇ ਸਨ ਕਿ ਕੁੜੀ ਮਰ ਗਈ ਸੀ।” ਫਿਰ ਵੀ ਯਿਸੂ ਨੇ ਉਸ ਕੁੜੀ ਦਾ ਹੱਥ ਫੜ੍ਹ ਕੇ ਕਿਹਾ: “ਬੇਟੀ, ਉੱਠ!” ਕੁੜੀ ਉਸੇ ਵੇਲੇ ਉੱਠ ਖੜ੍ਹੀ ਹੋਈ। (ਲੂਕਾ 7:11-17; 8:41, 42, 49-55) ਸ਼ਾਇਦ ਮਾਰਥਾ ਨੇ ਇਸ ਚਮਤਕਾਰ ਬਾਰੇ ਵੀ ਸਿਰਫ਼ ਸੁਣਿਆ ਹੀ ਸੀ। ਮਾਰਥਾ ਅਤੇ ਉਸ ਦੀ ਭੈਣ ਮਰਿਯਮ ਜਾਣਦੀਆਂ ਸਨ ਕਿ ਯਿਸੂ ਬੀਮਾਰਾਂ ਨੂੰ ਠੀਕ ਕਰ ਸਕਦਾ ਸੀ। ਇਸ ਲਈ ਉਨ੍ਹਾਂ ਨੂੰ ਭਰੋਸਾ ਕਿ ਜੇ ਯਿਸੂ ਉਨ੍ਹਾਂ ਦੇ ਨਾਲ ਹੁੰਦਾ, ਤਾਂ ਉਨ੍ਹਾਂ ਦਾ ਵੀਰ ਨਾ ਮਰਦਾ। ਚਾਹੇ ਲਾਜ਼ਰ ਮਰ ਚੁੱਕਾ ਸੀ, ਪਰ ਫਿਰ ਵੀ ਮਾਰਥਾ ਨੂੰ ਕੀ ਉਮੀਦ ਸੀ? ਧਿਆਨ ਦਿਓ, ਮਾਰਥਾ ਨੇ ਕਿਹਾ ਸੀ ਕਿ ਲਾਜ਼ਰ “ਆਖ਼ਰੀ ਦਿਨ ’ਤੇ” ਯਾਨੀ ਭਵਿੱਖ ਵਿਚ ਜੀਉਂਦਾ ਹੋ ਜਾਵੇਗਾ। ਉਸ ਦਾ ਭਰੋਸਾ ਇੰਨਾ ਪੱਕਾ ਕਿਉਂ ਸੀ? ਨਾਲੇ ਤੁਹਾਨੂੰ ਪੱਕਾ ਭਰੋਸਾ ਕਿਉਂ ਹੈ ਕਿ ਭਵਿੱਖ ਵਿਚ ਮਰ ਚੁੱਕੇ ਲੋਕ ਜੀਉਂਦੇ ਹੋਣਗੇ ਜਿਨ੍ਹਾਂ ਵਿਚ ਸ਼ਾਇਦ ਤੁਹਾਡੇ ਆਪਣੇ ਅਜ਼ੀਜ਼ ਵੀ ਸ਼ਾਮਲ ਹੋਣਗੇ?

4 ਇਸ ਗੱਲ ’ਤੇ ਭਰੋਸਾ ਕਰਨ ਦੇ ਕਾਫ਼ੀ ਕਾਰਨ ਹਨ। ਆਓ ਆਪਾਂ ਕੁਝ ਕਾਰਨਾਂ ’ਤੇ ਗੌਰ ਕਰੀਏ। ਸ਼ਾਇਦ ਤੁਹਾਨੂੰ ਪਰਮੇਸ਼ੁਰ ਦੇ ਬਚਨ ਤੋਂ ਇਸ ਵਿਸ਼ੇ ਬਾਰੇ ਕੁਝ ਨਵੀਆਂ ਗੱਲਾਂ ਪਤਾ ਲੱਗਣ। ਇਨ੍ਹਾਂ ਗੱਲਾਂ ਨਾਲ ਆਪਣੇ ਪਿਆਰਿਆਂ ਨੂੰ ਫਿਰ ਤੋਂ ਦੇਖਣ ਦੀ ਤੁਹਾਡੀ ਉਮੀਦ ਹੋਰ ਪੱਕੀ ਹੋਵੇਗੀ।

ਉਮੀਦ ਦੇਣ ਵਾਲੀਆਂ ਘਟਨਾਵਾਂ

5. ਮਾਰਥਾ ਨੂੰ ਪੱਕਾ ਭਰੋਸਾ ਕਿਉਂ ਸੀ ਕਿ ਲਾਜ਼ਰ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ?

5 ਧਿਆਨ ਦਿਓ ਕਿ ਮਾਰਥਾ ਨੇ ਇਹ ਨਹੀਂ ਕਿਹਾ: ‘ਮੈਨੂੰ ਉਮੀਦ ਹੈ ਕਿ ਮੇਰਾ ਭਰਾ ਜੀਉਂਦਾ ਹੋ ਜਾਵੇਗਾ।’ ਇਸ ਦੀ ਬਜਾਇ, ਉਸ ਨੇ ਕਿਹਾ: ‘ਮੈਨੂੰ ਪਤਾ ਉਹ ਦੁਬਾਰਾ ਜੀਉਂਦਾ ਹੋਵੇਗਾ।’ ਮਾਰਥਾ ਨੂੰ ਇੰਨਾ ਭਰੋਸਾ ਕਿਉਂ ਸੀ? ਕਿਉਂਕਿ ਉਹ ਜਾਣਦੀ ਸੀ ਕਿ ਪੁਰਾਣੇ ਸਮਿਆਂ ਵਿਚ ਵੀ ਲੋਕਾਂ ਨੂੰ ਜੀਉਂਦਾ ਕੀਤਾ ਗਿਆ ਸੀ। ਪਰ ਉਸ ਨੂੰ ਇਹ ਗੱਲਾਂ ਕਿੱਥੋਂ ਪਤਾ ਲੱਗੀਆਂ ਸਨ? ਸ਼ਾਇਦ ਉਸ ਨੇ ਬਚਪਨ ਵਿਚ ਇਹ ਗੱਲਾਂ ਆਪਣੇ ਘਰ ਅਤੇ ਸਭਾ ਘਰ ਵਿਚ ਜਾ ਕੇ ਸਿੱਖੀਆਂ ਸਨ। ਆਓ ਆਪਾਂ ਬਾਈਬਲ ਵਿਚ ਦੱਸੀਆਂ ਤਿੰਨ ਘਟਨਾਵਾਂ ’ਤੇ ਗੌਰ ਕਰੀਏ ਜਦੋਂ ਮਰਿਆਂ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ।

6. ਮਾਰਥਾ ਨੇ ਕਿਸ ਚਮਤਕਾਰ ਬਾਰੇ ਜ਼ਰੂਰ ਸੁਣਿਆ ਹੋਣਾ?

6 ਸਭ ਤੋਂ ਪਹਿਲਾਂ ਏਲੀਯਾਹ ਨਬੀ ਨੇ ਮਰੇ ਹੋਏ ਵਿਅਕਤੀ ਨੂੰ ਜੀਉਂਦਾ ਕੀਤਾ ਸੀ। ਉਸ ਨੇ ਪਰਮੇਸ਼ੁਰ ਦੀ ਮਦਦ ਨਾਲ ਕਈ ਚਮਤਕਾਰ ਕੀਤੇ। ਇਜ਼ਰਾਈਲ ਦੇ ਉੱਤਰ ਵਿਚ ਪੈਂਦੇ ਫੈਨੀਕੇ ਇਲਾਕੇ ਦੇ ਸਾਰਫਥ ਨਗਰ ਵਿਚ ਇਕ ਗ਼ਰੀਬ ਵਿਧਵਾ ਰਹਿੰਦੀ ਸੀ। ਉਸ ਨੇ ਏਲੀਯਾਹ ਨਬੀ ਦੀ ਟਹਿਲ-ਸੇਵਾ ਕੀਤੀ ਸੀ। ਯਹੋਵਾਹ ਨੇ ਉਸ ਵਿਧਵਾ ਅਤੇ ਉਸ ਦੇ ਮੁੰਡੇ ਨੂੰ ਭੁੱਖ ਨਾਲ ਮਰਨ ਤੋਂ ਬਚਾਉਣ ਲਈ ਇਕ ਚਮਤਕਾਰ ਕੀਤਾ। ਇਸ ਕਰਕੇ ਵਿਧਵਾ ਦੇ ਘਰ ਵਿੱਚੋਂ ਨਾ ਤਾਂ ਆਟਾ ਮੁੱਕਾ ਤੇ ਨਹੀਂ ਹੀ ਤੇਲ। (1 ਰਾਜ. 17:8-16) ਕੁਝ ਸਮਾਂ ਬੀਤਣ ਤੋਂ ਬਾਅਦ ਉਸ ਦੇ ਪੁੱਤਰ ਦੀ ਮੌਤ ਹੋ ਗਈ। ਪਰ ਏਲੀਯਾਹ ਨੇ ਉਸ ਦੀ ਮਦਦ ਕੀਤੀ। ਏਲੀਯਾਹ ਨੇ ਮੁੰਡੇ ਦੀ ਲਾਸ਼ ਨੂੰ ਛੂਹਿਆ ਅਤੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਮਿੰਨਤ ਹੈ ਕਿ ਏਸ ਮੁੰਡੇ ਦੇ ਪ੍ਰਾਣ ਫੇਰ ਉਹ ਦੇ ਵਿੱਚ ਆ ਜਾਣ।” ਫਿਰ ਕੀ ਹੋਇਆ? ਪਰਮੇਸ਼ੁਰ ਨੇ ਏਲੀਯਾਹ ਦੀ ਪ੍ਰਾਰਥਨਾ ਸੁਣ ਲਈ ਅਤੇ ਮੁੰਡਾ ਜੀਉਂਦਾ ਹੋ ਗਿਆ। ਬਾਈਬਲ ਵਿਚ ਦਰਜ ਇਹ ਪਹਿਲੀ ਘਟਨਾ ਹੈ ਜਿਸ ਵਿਚ ਕਿਸੇ ਮਰੇ ਹੋਏ ਨੂੰ ਮੁੜ ਜੀਉਂਦਾ ਕੀਤਾ ਗਿਆ ਸੀ। (1 ਰਾਜਿਆਂ 17:17-24 ਪੜ੍ਹੋ।) ਬਿਨਾਂ ਸ਼ੱਕ ਮਾਰਥਾ ਇਸ ਮਾਅਰਕੇ ਦੀ ਘਟਨਾ ਬਾਰੇ ਜ਼ਰੂਰ ਜਾਣਦੀ ਹੋਣੀ।

7, 8. (ੳ) ਅਲੀਸ਼ਾ ਨੇ ਦੁਖਿਆਰੀ ਮਾਂ ਨੂੰ ਦਿਲਾਸਾ ਕਿਵੇਂ ਦਿੱਤਾ? (ਅ) ਅਲੀਸ਼ਾ ਦੇ ਚਮਤਕਾਰ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?

7 ਬਾਈਬਲ ਦੱਸਦੀ ਹੈ ਕਿ ਅਲੀਸ਼ਾ ਦੂਸਰਾ ਆਦਮੀ ਸੀ ਜਿਸ ਨੇ ਕਿਸੇ ਮਰੇ ਹੋਏ ਵਿਅਕਤੀ ਨੂੰ ਜੀਉਂਦਾ ਕੀਤਾ ਸੀ। ਸ਼ੂਨੇਮ ਸ਼ਹਿਰ ਵਿਚ ਇਕ ਇਜ਼ਰਾਈਲੀ ਔਰਤ ਰਹਿੰਦੀ ਸੀ ਜਿਸ ਦੀ ਕੋਈ ਔਲਾਦ ਨਹੀਂ ਸੀ। ਉਸ ਨੇ ਅਲੀਸ਼ਾ ਦੀ ਬਹੁਤ ਟਹਿਲ-ਸੇਵਾ ਕੀਤੀ ਇਸ ਲਈ ਯਹੋਵਾਹ ਨੇ ਉਸ ਔਰਤ ਅਤੇ ਉਸ ਦੇ ਬਜ਼ੁਰਗ ਪਤੀ ਨੂੰ ਇਕ ਪੁੱਤਰ ਦੀ ਬਰਕਤ ਦਿੱਤੀ। ਕੁਝ ਸਾਲਾਂ ਬਾਅਦ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ। ਸੋਚੋ ਕਿ ਉਸ ਮਾਂ ਦੇ ਦਿਲ ’ਤੇ ਕੀ ਬੀਤੀ ਹੋਣੀ। ਉਸ ਨੂੰ ਆਪਣੇ ਪੁੱਤਰ ਦੀ ਮੌਤ ਦਾ ਇੰਨਾ ਜ਼ਿਆਦਾ ਦੁੱਖ ਲੱਗਾ ਕਿ ਉਹ 30 ਕਿਲੋਮੀਟਰ (19 ਮੀਲ) ਦਾ ਸਫ਼ਰ ਕਰ ਕੇ ਕਰਮਲ ਪਰਬਤ ’ਤੇ ਅਲੀਸ਼ਾ ਕੋਲ ਪਹੁੰਚ ਗਈ। ਉਸ ਦੇ ਪੁੱਤਰ ਨੂੰ ਜੀਉਂਦਾ ਕਰਨ ਲਈ ਅਲੀਸ਼ਾ ਨੇ ਆਪਣੇ ਸੇਵਕ ਗੇਹਾਜੀ ਨੂੰ ਉਸ ਔਰਤ ਨਾਲ ਸ਼ੂਨੇਮ ਭੇਜਿਆ। ਪਰ ਗੇਹਾਜੀ ਉਸ ਦੇ ਪੁੱਤਰ ਨੂੰ ਜੀਉਂਦਾ ਨਹੀਂ ਕਰ ਸਕਿਆ। ਫਿਰ ਦੁਖਿਆਰੀ ਮਾਂ ਅਲੀਸ਼ਾ ਨੂੰ ਸੱਦ ਕੇ ਲਿਆਈ।​—2 ਰਾਜ. 4:8-31.

8 ਅਲੀਸ਼ਾ ਉਸ ਔਰਤ ਦੇ ਘਰ ਗਿਆ ਜਿੱਥੇ ਮੁੰਡੇ ਦੀ ਲਾਸ਼ ਪਈ ਹੋਈ ਸੀ ਅਤੇ ਉਸ ਨੇ ਪ੍ਰਾਰਥਨਾ ਕੀਤੀ। ਯਹੋਵਾਹ ਨੇ ਅਲੀਸ਼ਾ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਅਤੇ ਚਮਤਕਾਰ ਕਰ ਕੇ ਮੁੰਡੇ ਨੂੰ ਦੁਬਾਰਾ ਜੀਉਂਦਾ ਕੀਤਾ। ਜਦੋਂ ਮਾਂ ਨੇ ਆਪਣੇ ਮੁੰਡੇ ਨੂੰ ਜੀਉਂਦਾ ਦੇਖਿਆ ਹੋਣਾ, ਤਾਂ ਉਸ ਦੀ ਖ਼ੁਸ਼ੀ ਸੰਭਾਲਿਆ ਵੀ ਸੰਭਾਲੀ ਨਹੀਂ ਗਈ ਹੋਣੀ। (2 ਰਾਜਿਆਂ 4:32-37 ਪੜ੍ਹੋ।) ਸ਼ਾਇਦ ਉਸ ਔਰਤ ਨੂੰ ਹੰਨਾਹ ਦੀ ਪ੍ਰਾਰਥਨਾ ਦੇ ਸ਼ਬਦ ਯਾਦ ਆਏ ਹੋਣੇ। ਹੰਨਾਹ ਬਾਂਝ ਸੀ, ਪਰ ਯਹੋਵਾਹ ਨੇ ਉਸ ਦੀ ਝੋਲ਼ੀ ਮੁੰਡਾ ਪਾ ਕੇ ਉਸ ਨੂੰ ਬਰਕਤ ਦਿੱਤੀ। ਹੰਨਾਹ ਨੇ ਆਪਣੇ ਮੁੰਡੇ ਸਮੂਏਲ ਨੂੰ ਡੇਰੇ ਵਿਚ ਲਿਆ ਕੇ ਯਹੋਵਾਹ ਦੀ ਮਹਿਮਾ ਵਿਚ ਕਿਹਾ: “ਉਹੋ ਪਤਾਲ ਵਿੱਚ ਲਾਹੁੰਦਾ ਹੈ ਅਤੇ ਉਹੋ ਹੀ ਚੁੱਕਦਾ ਹੈ।” (1 ਸਮੂ. 2:6) ਸ਼ੂਨੇਮ ਸ਼ਹਿਰ ਵਿਚ ਮੁੰਡੇ ਨੂੰ ‘ਚੁੱਕ ਕੇ’ ਯਾਨੀ ਜੀਉਂਦਾ ਕਰ ਕੇ ਯਹੋਵਾਹ ਨੇ ਸਾਬਤ ਕੀਤਾ ਕਿ ਉਸ ਕੋਲ ਮਰਿਆਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਹੈ।

9. ਬਾਈਬਲ ਵਿਚ ਦਰਜ ਮੁੜ ਜੀਉਂਦੇ ਕੀਤੇ ਜਾਣ ਦੀ ਤੀਜੀ ਘਟਨਾ ਬਾਰੇ ਦੱਸੋ।

9 ਅਲੀਸ਼ਾ ਦੀ ਮੌਤ ਤੋਂ ਬਾਅਦ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਉਸ ਨੇ 50 ਤੋਂ ਜ਼ਿਆਦਾ ਸਾਲ ਨਬੀ ਵਜੋਂ ਸੇਵਾ ਕੀਤੀ ਸੀ। ਇਸ ਤੋਂ ਬਾਅਦ “ਅਲੀਸ਼ਾ ਉਸ ਰੋਗ ਨਾਲ ਬੀਮਾਰ ਹੋਇਆ ਜਿਹ ਦੇ ਨਾਲ ਉਹ ਮਰ ਗਿਆ।” ਸਮੇਂ ਦੇ ਬੀਤਣ ਨਾਲ ਅਲੀਸ਼ਾ ਦੀ ਕਬਰ ਵਿਚ ਸਿਰਫ਼ ਉਸ ਦੀਆਂ ਹੱਡੀਆਂ ਹੀ ਰਹਿ ਗਈਆਂ। ਇਕ ਦਿਨ ਕੁਝ ਇਜ਼ਰਾਈਲੀ ਇਕ ਮਰੇ ਹੋਏ ਆਦਮੀ ਨੂੰ ਦਫ਼ਨਾ ਰਹੇ ਸਨ ਕਿ ਅਚਾਨਕ ਉਨ੍ਹਾਂ ਨੇ ਆਪਣੇ ਦੁਸ਼ਮਣਾਂ ਨੂੰ ਆਉਂਦੇ ਦੇਖਿਆ। ਉਹ ਆਪਣੀ ਜਾਨ ਬਚਾਉਣ ਲਈ ਮਰੇ ਹੋਏ ਆਦਮੀ ਨੂੰ ਅਲੀਸ਼ਾ ਦੀ ਕਬਰ ਵਿਚ ਸੁੱਟ ਕੇ ਉੱਥੋਂ ਭੱਜੇ। ਬਾਈਬਲ ਦੱਸਦੀ ਹੈ: “ਜਦ ਉਹ ਮਨੁੱਖ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੋਹਿਆ ਤਾਂ ਉਹ ਟਹਿਕ ਪਿਆ ਅਰ ਆਪਣੇ ਪੈਰਾਂ ਉੱਤੇ ਖਲੋ ਗਿਆ।” (2 ਰਾਜ. 13:14, 20, 21) ਇਨ੍ਹਾਂ ਘਟਨਾਵਾਂ ਤੋਂ ਮਾਰਥਾ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਹੋਣਾ ਕਿ ਪਰਮੇਸ਼ੁਰ ਲੋਕਾਂ ਨੂੰ ਮੁੜ ਜੀਉਂਦਾ ਕਰ ਸਕਦਾ ਹੈ। ਇਨ੍ਹਾਂ ਘਟਨਾਵਾਂ ਤੋਂ ਤੁਹਾਡੀ ਵੀ ਨਿਹਚਾ ਪੱਕੀ ਹੋਈ ਹੋਣੀ ਕਿ ਪਰਮੇਸ਼ੁਰ ਬੇਹੱਦ ਅਤੇ ਬੇ-ਅਥਾਹ ਤਾਕਤ ਦਾ ਮਾਲਕ ਹੈ।

ਪਹਿਲੀ ਸਦੀ ਦੀਆਂ ਘਟਨਾਵਾਂ

10. ਪਤਰਸ ਨੇ ਇਕ ਮਰ ਚੁੱਕੀ ਮਸੀਹੀ ਭੈਣ ਲਈ ਕੀ ਕੀਤਾ?

10 ਬਾਈਬਲ ਦੀਆਂ ਯੂਨਾਨੀ ਲਿਖਤਾਂ ਵਿਚ ਵੀ ਕਈ ਘਟਨਾਵਾਂ ਦਰਜ ਹਨ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੇ ਮਰੇ ਹੋਇਆਂ ਨੂੰ ਮੁੜ ਜੀਉਂਦਾ ਕੀਤਾ ਸੀ। ਅਸੀਂ ਇਸ ਲੇਖ ਵਿਚ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਯਿਸੂ ਨੇ ਨਾਇਨ ਸ਼ਹਿਰ ਵਿਚ ਅਤੇ ਜੈਰੁਸ ਦੇ ਘਰ ਵਿਚ ਮਰੇ ਹੋਇਆਂ ਨੂੰ ਮੁੜ ਜੀਉਂਦਾ ਕੀਤਾ ਸੀ। ਕੁਝ ਸਮੇਂ ਬਾਅਦ ਪਤਰਸ ਰਸੂਲ ਨੇ ਤਬਿਥਾ ਉਰਫ਼ ਦੋਰਕਸ ਨੂੰ ਮੁੜ ਜੀਉਂਦਾ ਕੀਤਾ। ਪਤਰਸ ਉਸ ਕਮਰੇ ਵਿਚ ਆਇਆ ਜਿੱਥੇ ਤਬਿਥਾ ਦੀ ਲਾਸ਼ ਪਈ ਹੋਈ ਸੀ ਅਤੇ ਉਸ ਨੇ ਪ੍ਰਾਰਥਨਾ ਕਰ ਕੇ ਕਿਹਾ: “ਹੇ ਤਬਿਥਾ, ਉੱਠ!” ਉਹ ਝੱਟ ਜੀਉਂਦੀ ਹੋ ਗਈ ਅਤੇ ਪਤਰਸ ਨੇ ਉਸ ਨੂੰ ਉੱਥੇ ਹਾਜ਼ਰ ਦੂਸਰੇ ਮਸੀਹੀਆਂ ਸਾਮ੍ਹਣੇ “ਜੀਉਂਦੀ ਹਾਜ਼ਰ ਕੀਤਾ।” ਇਸ ਘਟਨਾ ਬਾਰੇ ਕਿਸੇ ਦੇ ਮਨ ਵਿਚ ਕੋਈ ਸ਼ੱਕ ਨਹੀਂ ਰਿਹਾ ਜਿਸ ਕਰਕੇ ਸ਼ਹਿਰ ਦੇ ਕਈ ਲੋਕ “ਪ੍ਰਭੂ ਉੱਤੇ ਨਿਹਚਾ ਕਰਨ ਲੱਗ ਪਏ।” ਹੁਣ ਇਹ ਨਵੇਂ ਚੇਲੇ ਦੂਸਰਿਆਂ ਨੂੰ ਯਿਸੂ ਬਾਰੇ ਦੱਸ ਸਕਦੇ ਸੀ ਅਤੇ ਇਹ ਵੀ ਦੱਸ ਸਕਦੇ ਸੀ ਕਿ ਯਹੋਵਾਹ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰ ਸਕਦਾ ਹੈ।​—ਰਸੂ. 9:36-42.

11. ਹਕੀਮ ਲੂਕਾ ਨੇ ਮੁੰਡੇ ਬਾਰੇ ਕੀ ਦੱਸਿਆ ਅਤੇ ਇਸ ਘਟਨਾ ਦਾ ਉੱਥੇ ਮੌਜੂਦ ਲੋਕਾਂ ’ਤੇ ਕੀ ਅਸਰ ਪਿਆ?

11 ਇਹੋ ਜਿਹੀ ਇਕ ਹੋਰ ਘਟਨਾ ਦੇ ਕਈ ਚਸ਼ਮਦੀਦ ਗਵਾਹ ਸਨ। ਇਕ ਵਾਰ ਪੌਲੁਸ ਤ੍ਰੋਆਸ (ਅੱਜ ਉੱਤਰ-ਪੱਛਮੀ ਤੁਰਕੀ) ਵਿਚ ਸੀ ਜਿੱਥੇ ਉਹ ਚੁਬਾਰੇ ਵਿਚ ਉਪਦੇਸ਼ ਦੇ ਰਿਹਾ ਸੀ। ਪੌਲੁਸ ਦੇਰ ਰਾਤ ਤਕ ਉਪਦੇਸ਼ ਦਿੰਦਾ ਰਿਹਾ। ਇਕ ਨੌਜਵਾਨ ਮੁੰਡਾ ਯੂਤਖੁਸ ਖਿੜਕੀ ਵਿਚ ਬੈਠਾ ਸੁਣਦਾ ਪਿਆ ਸੀ। ਪਰ ਉਹ ਗੂੜ੍ਹੀ ਨੀਂਦ ਸੌਂ ਗਿਆ ਅਤੇ ਸੁੱਤਾ-ਸੁੱਤਾ ਤੀਜੀ ਮੰਜ਼ਲ ਤੋਂ ਹੇਠਾਂ ਡਿਗ ਗਿਆ। ਉੱਥੇ ਮੌਜੂਦ ਲੋਕਾਂ ਨੂੰ ਲੱਗਾ ਕਿ ਉਸ ਨੂੰ ਸੱਟ ਲੱਗੀ ਸੀ ਜਾਂ ਉਹ ਬੇਹੋਸ਼ ਹੋ ਗਿਆ ਸੀ। ਪਰ ਸਭ ਤੋਂ ਪਹਿਲਾ ਸ਼ਾਇਦ ਹਕੀਮ ਲੂਕਾ ਯੂਤਖੁਸ ਕੋਲ ਹੇਠਾਂ ਪਹੁੰਚਿਆ ਅਤੇ ਉਸ ਨੇ ਦੱਸਿਆ ਕਿ ਮੁੰਡਾ ਮਰ ਚੁੱਕਾ ਸੀ। ਪੌਲੁਸ ਵੀ ਹੇਠਾਂ ਆਇਆ ਅਤੇ ਉਸ ਨੇ ਯੂਤਖੁਸ ਨੂੰ ਗਲ਼ੇ ਲਾਇਆ। ਸਾਰੇ ਹੈਰਾਨ ਰਹਿ ਗਏ ਜਦੋਂ ਪੌਲੁਸ ਨੇ ਕਿਹਾ: “ਮੁੰਡਾ ਜੀਉਂਦਾ ਹੋ ਗਿਆ ਹੈ।” ਇਸ ਚਮਤਕਾਰ ਨੂੰ ਦੇਖਣ ਵਾਲਿਆ ’ਤੇ ਬਹੁਤ ਡੂੰਘਾ ਅਸਰ ਪਿਆ ਹੋਣਾ। “ਉਨ੍ਹਾਂ ਨੂੰ ਬਹੁਤ ਹੀ ਦਿਲਾਸਾ ਮਿਲਿਆ ਹੋਣਾ” ਜਦੋਂ ਉਨ੍ਹਾਂ ਨੇ ਯੂਤਖੁਸ ਨੂੰ ਜੀਉਂਦਾ ਦੇਖਿਆ ਹੋਣਾ।​—ਰਸੂ. 20:7-12.

ਪੱਕੀ ਉਮੀਦ

12, 13. ਮਰੇ ਹੋਇਆਂ ਨੂੰ ਮੁੜ ਜੀਉਂਦਾ ਕਰਨ ਬਾਰੇ ਜਾਣ ਕੇ ਸਾਨੂੰ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਨ ਦੀ ਲੋੜ ਹੈ?

12 ਉੱਪਰ ਦੱਸੀਆਂ ਘਟਨਾਵਾਂ ਤੋਂ ਤੁਹਾਡਾ ਭਰੋਸਾ ਵੀ ਮਾਰਥਾ ਵਾਂਗ ਜ਼ਰੂਰ ਵਧਿਆ ਹੋਣਾ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ, ਜੋ ਸਾਡਾ ਜੀਵਨਦਾਤਾ ਹੈ, ਮਰੇ ਹੋਏ ਇਨਸਾਨ ਨੂੰ ਜੀਉਂਦਾ ਕਰ ਸਕਦਾ ਹੈ। ਇਹ ਦਿਲਚਸਪ ਗੱਲ ਹੈ ਕਿ ਜਦੋਂ ਇਨ੍ਹਾਂ ਬਿਰਤਾਂਤਾਂ ਵਿਚ ਕਿਸੇ ਨੂੰ ਜੀਉਂਦਾ ਕੀਤਾ ਗਿਆ ਸੀ, ਤਾਂ ਪਰਮੇਸ਼ੁਰ ਦਾ ਕੋਈ-ਨਾ-ਕੋਈ ਵਫ਼ਾਦਾਰ ਸੇਵਕ ਉੱਥੇ ਮੌਜੂਦ ਸੀ, ਜਿਵੇਂ ਕਿ ਏਲੀਯਾਹ, ਯਿਸੂ ਜਾਂ ਪਤਰਸ। ਨਾਲੇ ਇਹ ਘਟਨਾਵਾਂ ਉਦੋਂ ਵਾਪਰੀਆਂ ਸਨ, ਜਦੋਂ ਯਹੋਵਾਹ ਚਮਤਕਾਰ ਕਰਦਾ ਸੀ। ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਦੀ ਮੌਤ ਉਸ ਸਮੇਂ ਹੋਈ ਜਦੋਂ ਚਮਤਕਾਰ ਨਹੀਂ ਹੁੰਦੇ ਸਨ? ਕੀ ਉਨ੍ਹਾਂ ਵਫ਼ਾਦਾਰ ਆਦਮੀਆਂ-ਔਰਤਾਂ ਨੂੰ ਭਰੋਸਾ ਸੀ ਕਿ ਯਹੋਵਾਹ ਭਵਿੱਖ ਵਿਚ ਮਰਿਆਂ ਹੋਇਆਂ ਨੂੰ ਜੀਉਂਦਾ ਕਰੇਗਾ? ਕੀ ਉਨ੍ਹਾਂ ਦਾ ਭਰੋਸਾ ਮਾਰਥਾ ਜਿੰਨਾ ਪੱਕਾ ਸੀ ਜਿਸ ਨੇ ਕਿਹਾ: “ਮੈਨੂੰ ਪਤਾ [ਮੇਰਾ ਵੀਰ] ਆਖ਼ਰੀ ਦਿਨ ’ਤੇ ਦੁਬਾਰਾ ਜੀਉਂਦਾ ਹੋਵੇਗਾ”? ਮਾਰਥਾ ਨੂੰ ਕਿਉਂ ਪੱਕਾ ਭਰੋਸਾ ਸੀ ਕਿ ਮਰ ਚੁੱਕੇ ਲੋਕ ਜੀਉਂਦੇ ਹੋਣਗੇ? ਤੁਹਾਨੂੰ ਇਸ ਗੱਲ ਦਾ ਕਿਉਂ ਭਰੋਸਾ ਹੈ?

13 ਪਰਮੇਸ਼ੁਰ ਦੇ ਬਚਨ ਵਿਚ ਦਰਜ ਬਹੁਤ ਸਾਰੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਪਤਾ ਸੀ ਕਿ ਭਵਿੱਖ ਵਿਚ ਮਰਿਆਂ ਨੂੰ ਮੁੜ ਜੀਉਂਦਾ ਕੀਤਾ ਜਾਵੇਗਾ। ਆਓ ਆਪਾਂ ਉਨ੍ਹਾਂ ਵਿੱਚੋਂ ਕੁਝ ਘਟਨਾਵਾਂ ’ਤੇ ਗੌਰ ਕਰੀਏ।

14. ਅਬਰਾਹਾਮ ਦੀ ਘਟਨਾ ਤੋਂ ਮੁੜ ਜੀਉਂਦੇ ਕੀਤੇ ਜਾਣ ਦੀ ਉਮੀਦ ਬਾਰੇ ਸਾਨੂੰ ਕੀ ਪਤਾ ਲੱਗਦਾ ਹੈ?

14 ਅਬਰਾਹਾਮ ਬਹੁਤ ਸਾਲਾਂ ਤਕ ਇਕ ਪਿਤਾ ਬਣਨ ਦਾ ਸੁਪਨਾ ਦੇਖਦਾ ਰਿਹਾ। ਅਖ਼ੀਰ ਉਸ ਦਾ ਸੁਪਨਾ ਪੂਰਾ ਹੋਇਆ ਅਤੇ ਉਸ ਦੇ ਘਰ ਇਕ ਮੁੰਡਾ ਹੋਇਆ। ਪਰ ਯਹੋਵਾਹ ਨੇ ਉਸ ਨੂੰ ਕਿਹਾ: “ਹੁਣ ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਮੋਰੀਆਹ ਦੀ ਧਰਤੀ ਨੂੰ ਜਾਹ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ।” (ਉਤ. 22:2) ਸੋਚੋ, ਇਹ ਗੱਲ ਸੁਣ ਕੇ ਉਸ ਦੇ ਦਿਲ ’ਤੇ ਕੀ ਬੀਤੀ ਹੋਣੀ? ਯਹੋਵਾਹ ਨੇ ਹੀ ਵਾਅਦਾ ਕੀਤਾ ਸੀ ਕਿ ਅਬਰਾਹਾਮ ਦੀ ਔਲਾਦ ਦੇ ਜ਼ਰੀਏ ਸਾਰੀਆਂ ਕੌਮਾਂ ਨੂੰ ਬਰਕਤਾਂ ਮਿਲਣਗੀਆਂ। (ਉਤ. 13:14-16; 18:18; ਰੋਮੀ. 4:17, 18) ਯਹੋਵਾਹ ਨੇ ਇਹ ਵੀ ਦੱਸਿਆ ਕਿ ਬਰਕਤਾਂ ਉਸ ਦੇ ਪੁੱਤਰ “ਇਸਹਾਕ” ਦੇ ਜ਼ਰੀਏ ਮਿਲਣਗੀਆਂ। (ਉਤ. 21:12) ਪਰ ਜੇ ਅਬਰਾਹਾਮ ਉਸ ਦੀ ਬਲ਼ੀ ਚੜ੍ਹਾ ਦਿੰਦਾ, ਤਾਂ ਇਹ ਕਿਵੇਂ ਮੁਮਕਿਨ ਹੋਣਾ ਸੀ? ਪੌਲੁਸ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਦੱਸਿਆ ਕਿ ਅਬਰਾਹਾਮ ਨੂੰ ਵਿਸ਼ਵਾਸ ਸੀ ਕਿ ਪਰਮੇਸ਼ੁਰ ਇਸਹਾਕ ਨੂੰ ਮੁੜ ਜੀਉਂਦਾ ਕਰ ਸਕਦਾ ਸੀ। (ਇਬਰਾਨੀਆਂ 11:17-19 ਪੜ੍ਹੋ।) ਪਰ ਬਾਈਬਲ ਇਹ ਨਹੀਂ ਦੱਸਦੀ ਕਿ ਅਬਰਾਹਾਮ ਇਹ ਸੋਚਦਾ ਸੀ ਕਿ ਇਸਹਾਕ ਨੂੰ ਹੁਣੇ, ਕੁਝ ਘੰਟਿਆਂ ਬਾਅਦ, ਇਕ ਦਿਨ ਜਾਂ ਇਕ ਹਫ਼ਤੇ ਬਾਅਦ ਮੁੜ ਜੀਉਂਦਾ ਕੀਤਾ ਜਾਣਾ ਸੀ। ਅਬਰਾਹਾਮ ਨੂੰ ਨਹੀਂ ਸੀ ਪਤਾ ਕਿ ਉਸ ਦੇ ਪੁੱਤਰ ਨੂੰ ਕਦੋਂ ਜੀਉਂਦਾ ਕੀਤਾ ਜਾਵੇਗਾ। ਬਸ ਉਸ ਨੂੰ ਇਹ ਭਰੋਸਾ ਸੀ ਕਿ ਯਹੋਵਾਹ ਉਸ ਦੇ ਪੁੱਤਰ ਇਸਹਾਕ ਨੂੰ ਫਿਰ ਤੋਂ ਜ਼ਿੰਦਗੀ ਬਖ਼ਸ਼ ਸਕਦਾ ਸੀ।

15. ਵਫ਼ਾਦਾਰ ਅੱਯੂਬ ਕੋਲ ਕਿਹੜੀ ਪੱਕੀ ਉਮੀਦ ਸੀ?

15 ਵਫ਼ਾਦਾਰ ਸੇਵਕ ਅੱਯੂਬ ਵੀ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਭਵਿੱਖ ਵਿਚ ਮਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ। ਉਹ ਜਾਣਦਾ ਸੀ ਕਿ ਦਰਖ਼ਤ ਵੱਢਣ ਤੋਂ ਬਾਅਦ ਆਪਣੇ ਆਪ ਉੱਗ ਸਕਦਾ ਹੈ ਅਤੇ ਫਿਰ ਤੋਂ ਇਕ ਵੱਡਾ ਦਰਖ਼ਤ ਬਣ ਸਕਦਾ ਹੈ। ਪਰ ਇਨਸਾਨ ਨਾਲ ਇਸ ਤਰ੍ਹਾਂ ਨਹੀਂ ਹੁੰਦਾ। (ਅੱਯੂ. 14:7-12; 19:25-27) ਮਰਨ ਤੋਂ ਬਾਅਦ ਇਨਸਾਨ ਆਪਣੇ ਆਪ ਜੀਉਂਦਾ ਨਹੀਂ ਹੋ ਸਕਦਾ। (2 ਸਮੂ. 12:23; ਜ਼ਬੂ. 89:48) ਪਰ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਮਰੇ ਹੋਏ ਇਨਸਾਨ ਨੂੰ ਮੁੜ ਜੀਉਂਦਾ ਨਹੀਂ ਕਰ ਸਕਦਾ। ਦਰਅਸਲ, ਅੱਯੂਬ ਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਉਸ ਨੂੰ ਯਾਦ ਰੱਖੇਗਾ। (ਅੱਯੂਬ 14:13-15 ਪੜ੍ਹੋ।) ਅੱਯੂਬ ਨੂੰ ਨਹੀਂ ਪਤਾ ਸੀ ਕਿ ਇਹ ਕਦੋਂ ਹੋਵੇਗਾ। ਪਰ ਅੱਯੂਬ ਨੂੰ ਭਰੋਸਾ ਸੀ ਕਿ ਇਨਸਾਨਾਂ ਦਾ ਜੀਵਨਦਾਤਾ ਨਾ ਸਿਰਫ਼ ਉਸ ਨੂੰ ਯਾਦ ਰੱਖੇਗਾ, ਸਗੋਂ ਇਕ ਦਿਨ ਉਸ ਨੂੰ ਜ਼ਰੂਰ ਜੀਉਂਦਾ ਵੀ ਕਰੇਗਾ।

16. ਦੂਤ ਨੇ ਦਾਨੀਏਲ ਨੂੰ ਕਿਵੇਂ ਹੌਸਲਾ ਦਿੱਤਾ?

16 ਜ਼ਰਾ ਇਕ ਹੋਰ ਵਫ਼ਾਦਾਰ ਸੇਵਕ ’ਤੇ ਗੌਰ ਕਰੋ। ਦਾਨੀਏਲ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਕਰਦਾ ਰਿਹਾ ਅਤੇ ਯਹੋਵਾਹ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ। ਇਕ ਦੂਤ ਨੇ ਦਾਨੀਏਲ ਨੂੰ ‘ਅੱਤ ਪਿਆਰਾ ਮਨੁੱਖ’ ਸੱਦਿਆ ਅਤੇ ਉਸ ਨੂੰ ਕਿਹਾ ‘ਤੈਨੂੰ ਸੁਖ ਸਾਂਦ ਹੋਵੇ ਅਤੇ ਤੂੰ ਬਲਵਾਨ’ ਬਣ।​—ਦਾਨੀ. 9:22, 23; 10:11, 18, 19.

17, 18. ਯਹੋਵਾਹ ਨੇ ਦਾਨੀਏਲ ਨਾਲ ਕਿਹੜਾ ਵਾਅਦਾ ਕੀਤਾ ਸੀ?

17 ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਦੌਰਾਨ ਜਦੋਂ ਦਾਨੀਏਲ 100 ਸਾਲ ਦਾ ਸੀ, ਤਾਂ ਸ਼ਾਇਦ ਉਸ ਨੇ ਸੋਚਿਆ ਹੋਣਾ ਕਿ ਉਸ ਨਾਲ ਕੀ ਹੋਵੇਗਾ। ਕੀ ਦਾਨੀਏਲ ਨੂੰ ਉਮੀਦ ਸੀ ਕਿ ਉਹ ਵੀ ਇਕ ਦਿਨ ‘ਜਾਗ ਉੱਠੇਗਾ’ ਯਾਨੀ ਮੁੜ ਜੀਉਂਦਾ ਹੋਵੇਗਾ? ਬਿਲਕੁਲ ਸੀ। ਦਾਨੀਏਲ ਦੀ ਕਿਤਾਬ ਦੇ ਅਖ਼ੀਰ ਵਿਚ ਅਸੀਂ ਪੜ੍ਹ ਸਕਦੇ ਹਾਂ ਕਿ ਪਰਮੇਸ਼ੁਰ ਨੇ ਦਾਨੀਏਲ ਨਾਲ ਕਿਹੜਾ ਵਾਅਦਾ ਕੀਤਾ ਸੀ: “ਤੂੰ ਆਪਣੇ ਰਾਹ ਤੁਰਿਆ ਜਾਹ ਜਦੋਂ ਤੀਕਰ ਓੜਕ ਦਾ ਵੇਲਾ ਨਾ ਆਵੇ ਕਿਉਂ ਜੋ ਤੂੰ ਸੁਖ ਪਾਵੇਂਗਾ।” (ਦਾਨੀ. 12:13) ਬਜ਼ੁਰਗ ਦਾਨੀਏਲ ਜਾਣਦਾ ਸੀ ਕਿ ਮਰੇ ਹੋਏ “ਸੁਖ” ਦੀ ਨੀਂਦ ਸੁੱਤੇ ਪਏ ਹਨ ਅਤੇ ‘ਪਤਾਲ ਵਿੱਚ ਨਾ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।’ ਦਾਨੀਏਲ ਵੀ ਜਲਦੀ ਮੌਤ ਦੀ ਨੀਂਦ ਸੌਣ ਵਾਲਾ ਸੀ। (ਉਪ. 9:10) ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਦਾਨੀਏਲ ਲਈ ਕੋਈ ਆਸ ਨਹੀਂ ਸੀ। ਯਹੋਵਾਹ ਨੇ ਉਸ ਨੂੰ ਸ਼ਾਨਦਾਰ ਭਵਿੱਖ ਦੀ ਉਮੀਦ ਦਿੱਤੀ ਸੀ।

18 ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ: ‘ਤੂੰ ਆਪਣੀ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਂਗਾ।’ ਦਾਨੀਏਲ ਨਹੀਂ ਸੀ ਜਾਣਦਾ ਕਿ ਇਹ ਕਦੋਂ ਹੋਵੇਗਾ। ਪਰ ਉਹ ਇਹ ਜ਼ਰੂਰ ਜਾਣਦਾ ਸੀ ਕਿ ਉਹ ਮਰੇਗਾ ਅਤੇ ਸੁੱਖ ਪਾਵੇਗਾ। ਪਰ ਜਦੋਂ ਦਾਨੀਏਲ ਨੇ ਇਹ ਵਾਅਦਾ ਸੁਣਿਆ ਕਿ ‘ਤੂੰ ਆਪਣੀ ਵੰਡ ਉੱਤੇ ਉੱਠ ਖਲੋਵੇਂਗਾ,’ ਤਾਂ ਉਹ ਇਹ ਗੱਲ ਜਾਣਦਾ ਸੀ ਕਿ ਉਸ ਨੂੰ ਭਵਿੱਖ ਵਿਚ ਮੁੜ ਜੀਉਂਦਾ ਕੀਤਾ ਜਾਵੇਗਾ। ਇਹ ਉਸ ਦੇ ਮੌਤ ਤੋਂ ਕਾਫ਼ੀ ਦੇਰ ਬਾਅਦ ਹੋਣਾ ਸੀ ਯਾਨੀ “ਓੜਕ ਦੇ ਦਿਨਾਂ” ਵਿਚ।

ਮਾਰਥਾ ਵਾਂਗ ਤੁਸੀਂ ਵੀ ਭਰੋਸਾ ਰੱਖ ਸਕਦੇ ਹੋ ਕਿ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ (ਪੈਰੇ 19, 20 ਦੇਖੋ)

19, 20. (ੳ) ਜਿਨ੍ਹਾਂ ਘਟਨਾਵਾਂ ’ਤੇ ਅਸੀਂ ਚਰਚਾ ਕੀਤੀ ਹੈ ਉਹ ਯਿਸੂ ਨੂੰ ਕਹੀ ਮਾਰਥਾ ਦੀ ਗੱਲ ਦਾ ਸਮਰਥਨ ਕਿਵੇਂ ਕਰਦੀਆਂ ਹਨ? (ਅ) ਅਸੀਂ ਅਗਲੇ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?

19 ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮਾਰਥਾ ਕੋਲ ਇਸ ਗੱਲ ’ਤੇ ਯਕੀਨ ਕਰਨ ਦੇ ਕਈ ਕਾਰਨ ਸਨ ਕਿ ਉਸ ਦਾ ਵਫ਼ਾਦਾਰ ਭਰਾ ਲਾਜ਼ਰ “ਆਖ਼ਰੀ ਦਿਨ ’ਤੇ ਦੁਬਾਰਾ ਜੀਉਂਦਾ ਹੋਵੇਗਾ।” ਦਾਨੀਏਲ ਨਾਲ ਕੀਤੇ ਯਹੋਵਾਹ ਦੇ ਵਾਅਦੇ ਅਤੇ ਮਾਰਥਾ ਦੀ ਪੱਕੀ ਨਿਹਚਾ ਤੋਂ ਸਾਡਾ ਭਰੋਸਾ ਵਧਦਾ ਹੈ ਕਿ ਭਵਿੱਖ ਵਿਚ ਮਰੇ ਹੋਇਆਂ ਨੂੰ ਮੁੜ ਜੀਉਂਦਾ ਕੀਤਾ ਜਾਵੇਗਾ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਮਰੇ ਹੋਏ ਦੁਬਾਰਾ ਜੀਉਂਦੇ ਕੀਤੇ ਜਾਣਗੇ।

20 ਅਸੀਂ ਸਿੱਖਿਆ ਹੈ ਕਿ ਪੁਰਾਣੇ ਸਮੇਂ ਵਿਚ ਮਰੇ ਹੋਇਆਂ ਨੂੰ ਸੱਚ-ਮੁੱਚ ਜੀਉਂਦਾ ਕੀਤਾ ਗਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾ ਸਕਦਾ ਹੈ। ਅਸੀਂ ਇਹ ਵੀ ਦੇਖਿਆ ਹੈ ਕਿ ਪਰਮੇਸ਼ੁਰ ਦੇ ਵਫ਼ਾਦਾਰ ਆਦਮੀ ਅਤੇ ਔਰਤਾਂ ਨੂੰ ਆਸ ਸੀ ਕਿ ਉਨ੍ਹਾਂ ਨੂੰ ਭਵਿੱਖ ਵਿਚ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਪਰ ਕੀ ਇਸ ਗੱਲ ਦਾ ਕੋਈ ਸਬੂਤ ਹੈ ਕਿ ਕਿਸੇ ਨੂੰ ਜੀਉਂਦਾ ਕਰਨ ਦਾ ਵਾਅਦਾ ਕਰਨ ਤੋਂ ਬਹੁਤ ਸਾਲ ਬਾਅਦ ਉਸ ਨੂੰ ਜੀਉਂਦਾ ਕੀਤਾ ਗਿਆ? ਜੇ ਇਸ ਤਰ੍ਹਾਂ ਹੋਇਆ ਸੀ, ਤਾਂ ਸਾਡਾ ਭਰੋਸਾ ਵਧਦਾ ਹੈ ਕਿ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਇਹ ਸਮਾਂ ਕਦੋਂ ਆਵੇਗਾ? ਅਸੀਂ ਅਗਲੇ ਲੇਖ ਵਿਚ ਇਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ।