Skip to content

Skip to table of contents

1 ਮੁਸ਼ਕਲਾਂ ਤੋਂ ਬਚਣ ਲਈ ਮਦਦ

1 ਮੁਸ਼ਕਲਾਂ ਤੋਂ ਬਚਣ ਲਈ ਮਦਦ

ਬਾਈਬਲ ਵਿਚ ਦਿੱਤੀ ਗਈ ਸਲਾਹ ਰੱਬ ਵੱਲੋਂ ਹੈ ਅਤੇ ‘ਇਹ ਸਿਖਾਉਣ, ਤਾੜਨ, ਸੁਧਾਰਨ ਲਈ ਫ਼ਾਇਦੇਮੰਦ ਹੈ।’ (2 ਤਿਮੋਥਿਉਸ 3:16) ਕੀ ਇਹ ਗੱਲ ਸੱਚ ਹੈ? ਆਓ ਆਪਾਂ ਗੌਰ ਕਰੀਏ ਕਿ ਬਾਈਬਲ ਦੀ ਮਦਦ ਨਾਲ ਲੋਕ ਕਿਵੇਂ ਗੰਭੀਰ ਮੁਸ਼ਕਲਾਂ ਵਿਚ ਪੈਣ ਤੋਂ ਬਚ ਸਕੇ।

ਸ਼ਰਾਬ ਦੀ ਕੁਵਰਤੋਂ

ਡੈਲਫੀਨ, ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ, ਦੱਸਦੀ ਹੈ ਕਿ ਚਿੰਤਾ ਵਿਚ ਡੁੱਬੀ ਰਹਿਣ ਕਰਕੇ ਮੈਂ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਈ। ਬਾਈਬਲ ਸ਼ਰਾਬ ਪੀਣ ਤੋਂ ਮਨ੍ਹਾ ਨਹੀਂ ਕਰਦੀ, ਪਰ ਇਸ ਵਿਚ ਦੱਸਿਆ ਗਿਆ ਹੈ: “ਤੂੰ ਸ਼ਰਾਬੀਆਂ ਦੇ ਨਾਲ ਨਾ ਰਲ।” (ਕਹਾਉਤਾਂ 23:20) ਸ਼ਰਾਬ ਦੀ ਕੁਵਰਤੋਂ ਕਰਕੇ ਗੰਭੀਰ ਸਿਹਤ ਸਮੱਸਿਆਵਾਂ ਹੋ ਜਾਂਦੀਆਂ ਹਨ, ਰਿਸ਼ਤੇ ਟੁੱਟ ਜਾਂ ਵਿਗੜ ਜਾਂਦੇ ਹਨ ਅਤੇ ਹਰ ਸਾਲ ਲੱਖਾਂ ਹੀ ਲੋਕ ਸਮੇਂ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਜੇ ਲੋਕ ਬਾਈਬਲ ਦੀ ਸਲਾਹ ਮੰਨਣ, ਤਾਂ ਉਹ ਇਨ੍ਹਾਂ ਬੁਰੇ ਅੰਜਾਮਾਂ ਤੋਂ ਬਚ ਸਕਦੇ ਹਨ।

ਡੈਲਫੀਨ ਨੇ ਬਾਈਬਲ ਦੀ ਸਲਾਹ ਮੰਨੀ। ਉਹ ਕਹਿੰਦੀ ਹੈ: “ਮੈਨੂੰ ਅਹਿਸਾਸ ਹੋਇਆ ਕਿ ਸ਼ਰਾਬ ਪੀਣ ਨਾਲ ਵੀ ਮੇਰੀਆਂ ਚਿੰਤਾਵਾਂ ਦੂਰ ਨਹੀਂ ਹੋ ਰਹੀਆਂ ਸਨ। ਮੈਂ ਫ਼ਿਲਿੱਪੀਆਂ 4:6, 7 ਦੀ ਸਲਾਹ ਮੰਨੀ। ਇੱਥੇ ਲਿਖਿਆ: ‘ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਪਰਮੇਸ਼ੁਰ ਨੂੰ ਬੇਨਤੀ ਕਰੋ।’ ਰੋਜ਼ ਰਾਤ ਨੂੰ ਜਦੋਂ ਮੈਨੂੰ ਲੱਗਦਾ ਸੀ ਕਿ ਮੇਰੀਆਂ ਸੋਚਾਂ ਦੇ ਘੋੜੇ ਦੌੜਨ ਲੱਗ ਪਏ ਅਤੇ ਮੈਂ ਹੋਰ ਜ਼ਿਆਦਾ ਚਿੰਤਾ ਕਰਨ ਲੱਗ ਪਈ, ਤਾਂ ਮੈਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੀ ਸੀ। ਮੈਂ ਉਸ ਨੂੰ ਸਾਰਾ ਕੁਝ ਦੱਸਦੀ ਸੀ ਕਿ ਮੈਂ ਕਿਵੇਂ ਮਹਿਸੂਸ ਕਰਦੀ ਹਾਂ, ਮੈਨੂੰ ਡਰ ਲੱਗਦਾ ਹੈ, ਮੈਂ ਕਿੰਨੀ ਦੁਖੀ ਤੇ ਨਿਰਾਸ਼ ਹਾਂ। ਮੈਂ ਰੱਬ ਅੱਗੇ ਰੋ-ਰੋ ਕੇ ਪ੍ਰਾਰਥਨਾ ਕਰਦੀ ਸੀ ਕਿ ਉਹ ਮੇਰੀ ਮਦਦ ਕਰੇ ਤਾਂਕਿ ਮੈਂ ਨਿਰਾਸ਼ਾ ਵਿੱਚੋਂ ਬਾਹਰ ਆ ਸਕਾਂ ਤੇ ਚੰਗਾ ਸੋਚ ਸਕਾਂ। ਸਵੇਰ ਨੂੰ ਮੈਂ ਚੰਗੀਆਂ ਗੱਲਾਂ ’ਤੇ ਧਿਆਨ ਲਾਉਣ ਦੀ ਪੂਰੀ ਕੋਸ਼ਿਸ਼ ਕਰਦੀ ਸੀ ਤਾਂਕਿ ਮੈਂ ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਦੁਬਾਰਾ ਨਾ ਸੋਚਣ ਲੱਗ ਪਵਾਂ। ਪ੍ਰਾਰਥਨਾ ਕਰਨ ਨਾਲ ਮੈਂ ਉਨ੍ਹਾਂ ਚੀਜ਼ਾਂ ’ਤੇ ਆਪਣਾ ਧਿਆਨ ਲਾ ਪਾਉਂਦੀ ਸੀ ਜੋ ਮੇਰੇ ਕੋਲ ਸਨ। ਮੈਂ ਫ਼ੈਸਲਾ ਕੀਤਾ ਕਿ ਮੈਂ ਫਿਰ ਕਦੇ ਸ਼ਰਾਬ ਨਹੀਂ ਪੀਵਾਂਗੀ। ਇੱਦਾਂ ਕਰਕੇ ਮੈਨੂੰ ਮਨ ਦੀ ਸ਼ਾਂਤੀ ਮਿਲੀ ਜਿਸ ਨੂੰ ਮੈਂ ਕਿਸੇ ਵੀ ਹਾਲ ਵਿਚ ਗੁਆਉਣਾ ਨਹੀਂ ਸੀ ਚਾਹੁੰਦੀ।”

ਅਨੈਤਿਕਤਾ

ਅਨੈਤਿਕਤਾ ਕਰਕੇ ਦਿਲ ਟੁੱਟਦੇ ਹਨ ਅਤੇ ਘੋਰ ਨਿਰਾਸ਼ਾ ਹੁੰਦੀ ਹੈ। ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਕਿਨ੍ਹਾਂ ਕਾਰਨਾਂ ਕਰਕੇ ਅਨੈਤਿਕਤਾ ਦੇ ਫੰਦੇ ਵਿਚ ਫਸ ਸਕਦੇ ਹਾਂ, ਜਿਵੇਂ ਅਜਿਹੇ ਵਿਅਕਤੀ ਨਾਲ ਅੱਖ-ਮਟੱਕਾ ਕਰਨਾ ਜੋ ਤੁਹਾਡਾ ਜੀਵਨ ਸਾਥੀ ਨਹੀਂ ਹੈ ਅਤੇ ਅਸ਼ਲੀਲ ਤਸਵੀਰਾਂ ਜਾਂ ਫ਼ਿਲਮਾਂ ਦੇਖਣੀਆਂ। ਬਾਈਬਲ ਦੇ ਅਸੂਲ ਸਾਡੀ ਇਨ੍ਹਾਂ ਮੁਸ਼ਕਲਾਂ ਤੋਂ ਬਚਣ ਵਿਚ ਮਦਦ ਕਰ ਸਕਦੇ ਹਨ। ਸੈਮੂਏਲ ਨਾਂ ਦਾ ਨੌਜਵਾਨ ਕਹਿੰਦਾ ਹੈ: “ਅੱਖ-ਮਟੱਕਾ ਕਰਨਾ ਬਹੁਤ ਸੌਖਾ ਸੀ। ਕਈ ਵਾਰ ਮੈਨੂੰ ਕਿਸੇ ਕੁੜੀ ਵਿਚ ਦਿਲਚਸਪੀ ਨਹੀਂ ਹੁੰਦੀ ਸੀ, ਪਰ ਮੈਨੂੰ ਪਤਾ ਹੁੰਦਾ ਸੀ ਕਿ ਉਹ ਮੈਨੂੰ ਪਸੰਦ ਕਰਦੀ ਹੈ, ਇਸ ਲਈ ਮੈਂ ਉਸ ਨਾਲ ਅੱਖ-ਮਟੱਕਾ ਕਰਨ ਬਾਰੇ ਸੋਚਦਾ।” ਸੈਮੂਏਲ ਨੇ ਦੇਖਿਆ ਕਿ ਕਈ ਵਾਰ ਤਾਂ ਉਸ ਨੇ ਅੱਖ-ਮਟੱਕਾ ਕੀਤਾ ਵੀ ਨਹੀਂ ਹੁੰਦਾ ਸੀ, ਪਰ ਉਸ ’ਤੇ ਇੱਦਾਂ ਕਰਨ ਦਾ ਦੋਸ਼ ਲਾਇਆ ਜਾਂਦਾ ਸੀ। ਇਸ ਲਈ ਉਸ ਨੇ ਜਾਣ-ਬੁੱਝ ਕੇ ਅੱਖ-ਮਟੱਕਾ ਕਰਨ ਦਾ ਫ਼ੈਸਲਾ ਕੀਤਾ। ਪਰ ਇਸ ਆਦਤ ਕਰਕੇ ਉਹ ਪਰੇਸ਼ਾਨ ਸੀ। ਉਹ ਹੁਣ ਕਹਿੰਦਾ ਹੈ: “ਅੱਖ-ਮਟੱਕਾ ਕਰਨ ਨਾਲ ਨੁਕਸਾਨ ਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਕਰਕੇ ਤੁਸੀਂ ਸਿਰਫ਼ ਆਪਣੇ ਬਾਰੇ ਹੀ ਸੋਚਣ ਲੱਗ ਪੈਂਦੇ ਹੋ।”

ਸੈਮੂਏਲ ਨੇ jw.org ’ਤੇ ਨੌਜਵਾਨਾਂ ਲਈ ਛਪਿਆ ਇਕ ਲੇਖ ਪੜ੍ਹਿਆ। ਉਸ ਨੇ ਕਹਾਉਤਾਂ 20:11 ਬਾਰੇ ਸੋਚਿਆ ਜਿੱਥੇ ਲਿਖਿਆ ਹੈ: “ਬੱਚਾ ਵੀ ਆਪਣੇ ਕਰਤੱਬਾਂ ਤੋਂ ਸਿਆਣੀਦਾ ਹੈ, ਭਈ ਉਹ ਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ।” ਇਸ ਆਇਤ ਨਾਲ ਉਸ ਦੀ ਕਿੱਦਾਂ ਮਦਦ ਹੋਈ? ਸੈਮੂਏਲ ਨੂੰ ਅਹਿਸਾਸ ਹੋਇਆ ਕਿ ਅੱਖ-ਮਟੱਕਾ ਕਰਨਾ ਸਹੀ ਨਹੀਂ ਸੀ। ਉਹ ਹੁਣ ਕਹਿੰਦਾ ਹੈ: “ਮੈਂ ਇਹ ਵੀ ਸਿੱਖਿਆ ਕਿ ਜਿਹੜੇ ਨੌਜਵਾਨ ਅੱਖ-ਮਟੱਕਾ ਕਰਦੇ ਹਨ, ਉਨ੍ਹਾਂ ਵਿਚ ਅਜਿਹੇ ਔਗੁਣ ਪੈਦਾ ਹੁੰਦੇ ਹਨ ਜਿਸ ਕਰਕੇ ਉਹ ਚੰਗੇ ਜੀਵਨ ਸਾਥੀ ਨਹੀਂ ਬਣ ਪਾਉਂਦੇ। ਮੈਂ ਭਵਿੱਖ ਵਿਚ ਹੋਣ ਵਾਲੀ ਆਪਣੀ ਪਤਨੀ ਬਾਰੇ ਸੋਚਣ ਲੱਗਾ ਕਿ ਜੇ ਉਸ ਨੇ ਮੈਨੂੰ ਕਿਸੇ ਹੋਰ ਔਰਤ ਨਾਲ ਅੱਖ-ਮਟੱਕਾ ਕਰਦਿਆਂ ਦੇਖ ਲਿਆ, ਤਾਂ ਉਸ ਨੂੰ ਕਿੱਦਾਂ ਦਾ ਲੱਗੇਗਾ। ਇਸ ਕਰਕੇ ਮੈਨੂੰ ਅਹਿਸਾਸ ਹੋਇਆ ਕਿ ਇਹ ਆਦਤ ਮਾੜੀ ਹੈ। ਜੇ ਅੱਖ-ਮਟੱਕਾ ਕਰਨਾ ਸੌਖਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਇਹ ਸਹੀ ਹੈ।” ਸੈਮੂਏਲ ਬਦਲ ਗਿਆ। ਅੱਖ-ਮਟੱਕਾ ਕਰਨ ਦੀ ਆਦਤ ਤੋਂ ਛੁਟਕਾਰਾ ਪਾਉਣ ਕਰਕੇ ਉਹ ਅਨੈਤਿਕਤਾ ਤੋਂ ਵੀ ਬਚ ਸਕਿਆ।

ਐਨਟੋਨਿਓ ਨੂੰ ਅਸ਼ਲੀਲ ਤਸਵੀਰਾਂ ਅਤੇ ਫ਼ਿਲਮਾਂ ਦੇਖਣ ਦੀ ਆਦਤ ਸੀ। ਇਸ ਕਰਕੇ ਉਹ ਸੌਖਿਆਂ ਹੀ ਅਨੈਤਿਕਤਾ ਦੇ ਫੰਦੇ ਵਿਚ ਫਸ ਸਕਦਾ ਸੀ। ਭਾਵੇਂ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ, ਪਰ ਫਿਰ ਵੀ ਅਸ਼ਲੀਲ ਫ਼ਿਲਮਾਂ ਅਤੇ ਤਸਵੀਰਾਂ ਦੇਖਣ ਦੀ ਉਸ ਦੀ ਆਦਤ ਬਣੀ ਰਹੀ। ਉਹ ਕਹਿੰਦਾ ਹੈ ਕਿ 1 ਪਤਰਸ 5:8 ’ਤੇ ਸੋਚ-ਵਿਚਾਰ ਕਰਨ ਨਾਲ ਉਸ ਦੀ ਬਹੁਤ ਮਦਦ ਹੋਈ। ਇੱਥੇ ਲਿਖਿਆ: “ਹੋਸ਼ ਵਿਚ ਰਹੋ, ਖ਼ਬਰਦਾਰ ਰਹੋ। ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ ਜਾਵੇ।” ਐਨਟੋਨਿਓ ਕਹਿੰਦਾ ਹੈ: “ਇਸ ਦੁਨੀਆਂ ਵਿਚ ਅਸ਼ਲੀਲ ਤਸਵੀਰਾਂ ਹਰ ਪਾਸੇ ਹਨ ਅਤੇ ਇਹ ਤਸਵੀਰਾਂ ਤੁਹਾਡੇ ਦਿਲ-ਦਿਮਾਗ਼ ਵਿਚ ਚੰਗੀ ਤਰ੍ਹਾਂ ਬੈਠ ਜਾਂਦੀਆਂ ਹਨ। ਇਸ ਆਇਤ ਨਾਲ ਮੈਂ ਇਹ ਸੋਚ ਸਕਿਆ ਕਿ ਇਸ ਫੰਦੇ ਪਿੱਛੇ ਕਿਸ ਦਾ ਹੱਥ ਹੈ। ਮੈਨੂੰ ਆਪਣੇ-ਆਪ ਨੂੰ ਇਹ ਯਾਦ ਕਰਾਉਂਦੇ ਰਹਿਣ ਦੀ ਲੋੜ ਸੀ ਕਿ ਅਸ਼ਲੀਲ ਤਸਵੀਰਾਂ ਪਿੱਛੇ ਸ਼ੈਤਾਨ ਦਾ ਹੱਥ ਹੈ। ਹੁਣ ਮੈਨੂੰ ਪਤਾ ਲੱਗਾ ਹੈ ਕਿ ਮੈਂ ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ‘ਹੋਸ਼ ਵਿਚ ਅਤੇ ਖ਼ਬਰਦਾਰ’ ਰਹਿ ਸਕਦਾ ਹਾਂ ਤਾਂਕਿ ਮੈਂ ਆਪਣੀਆਂ ਸੋਚਾਂ ’ਤੇ ਕਾਬੂ ਪਾ ਸਕਾਂ, ਆਪਣੇ ਦਿਲ ਵਿਚ ਗ਼ਲਤ ਵਿਚਾਰ ਨਾ ਲਿਆਵਾਂ ਅਤੇ ਆਪਣੇ ਵਿਆਹ ਨੂੰ ਬਚਾ ਸਕਾਂ।” ਐਨਟੋਨਿਓ ਨੂੰ ਲੋੜੀਂਦੀ ਮਦਦ ਮਿਲੀ ਅਤੇ ਅਖ਼ੀਰ ਉਸ ਨੇ ਇਸ ਆਦਤ ਤੋਂ ਖਹਿੜਾ ਛੁਡਾ ਲਿਆ। ਇਸ ਕਰਕੇ ਉਹ ਹੋਰ ਵੱਡੀਆਂ ਮੁਸ਼ਕਲਾਂ ਵਿਚ ਪੈਣ ਤੋਂ ਬਚ ਸਕਿਆ।

ਇਹ ਗੱਲ ਬਿਲਕੁਲ ਸਾਫ਼ ਹੈ ਕਿ ਬਾਈਬਲ ਵਿਚ ਅਜਿਹੀਆਂ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਤੋਂ ਬਚ ਸਕਦੇ ਹਾਂ। ਪਰ ਉਨ੍ਹਾਂ ਮੁਸ਼ਕਲਾਂ ਬਾਰੇ ਕੀ ਜੋ ਜੜ੍ਹ ਫੜ ਚੁੱਕੀਆਂ ਹਨ ਜਾਂ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈਂਦੀਆਂ? ਆਓ ਦੇਖੀਏ ਕਿ ਰੱਬ ਦੇ ਬਚਨ ਦੀ ਮਦਦ ਨਾਲ ਅਸੀਂ ਇਨ੍ਹਾਂ ਮੁਸ਼ਕਲਾਂ ਤੋਂ ਵੀ ਕਿਵੇਂ ਬਚ ਸਕਦੇ ਹਾਂ।

ਬਾਈਬਲ ਦੀ ਸਲਾਹ ਨਾਲ ਅਸੀਂ ਕਈ ਮੁਸ਼ਕਲਾਂ ਤੋਂ ਬਚ ਸਕਦੇ ਹਾਂ