Skip to content

Skip to table of contents

ਬਾਈਬਲ ਅਤੇ ਤੁਹਾਡਾ ਭਵਿੱਖ

ਬਾਈਬਲ ਅਤੇ ਤੁਹਾਡਾ ਭਵਿੱਖ

ਮੰਨ ਲਓ ਤੁਸੀਂ ਇਕ ਰਾਤ ਅਜਿਹੇ ਰਸਤੇ ਵਿੱਚੋਂ ਲੰਘ ਰਹੇ ਹੋ ਜਿੱਥੇ ਹਰ ਪਾਸੇ ਹਨੇਰਾ ਹੈ। ਭਾਵੇਂ ਸੂਰਜ ਛਿਪੇ ਨੂੰ ਕਾਫ਼ੀ ਸਮਾਂ ਹੋ ਗਿਆ ਹੈ, ਪਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਮੰਜ਼ਲ ’ਤੇ ਪਹੁੰਚ ਜਾਓਗੇ। ਤੁਹਾਡੇ ਕੋਲ ਇਕ ਤੇਜ਼ ਰੌਸ਼ਨੀ ਵਾਲੀ ਟਾਰਚ ਹੈ। ਜਦੋਂ ਤੁਸੀਂ ਟਾਰਚ ਥੱਲੇ ਮਾਰਦੇ ਹੋ, ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਅੱਗੇ ਕੀ ਹੈ। ਜਦੋਂ ਤੁਸੀਂ ਸਾਮ੍ਹਣੇ ਵੱਲ ਟਾਰਚ ਮਾਰਦੇ ਹੋ, ਤਾਂ ਇਸ ਦੀ ਤੇਜ਼ ਰੌਸ਼ਨੀ ਨਾਲ ਤੁਸੀਂ ਕਾਫ਼ੀ ਦੂਰ ਤਕ ਰਸਤਾ ਦੇਖ ਸਕਦੇ ਹੋ।

ਬਾਈਬਲ ਕਈ ਤਰੀਕਿਆਂ ਨਾਲ ਇਸ ਤੇਜ਼ ਰੌਸ਼ਨੀ ਵਾਲੀ ਟਾਰਚ ਵਾਂਗ ਹੈ। ਅਸੀਂ ਪਿਛਲੇ ਲੇਖਾਂ ਵਿਚ ਦੇਖਿਆ ਕਿ ਰੱਬ ਦਾ ਬਚਨ ਹਰ ਰੋਜ਼ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। ਪਰ ਬਾਈਬਲ ਹੋਰ ਗੱਲਾਂ ਵਿਚ ਵੀ ਸਾਡੀ ਮਦਦ ਕਰ ਸਕਦੀ ਹੈ। ਇਸ ਦੀ ਮਦਦ ਨਾਲ ਅਸੀਂ ਸਾਫ਼-ਸਾਫ਼ ਸਮਝ ਸਕਦੇ ਹਾਂ ਕਿ ਭਵਿੱਖ ਵਿਚ ਕੀ ਹੋਵੇਗਾ ਜਿਸ ਕਰਕੇ ਅਸੀਂ ਉਸ ਰਾਹ ’ਤੇ ਚੱਲ ਸਕਾਂਗੇ ਜਿਸ ’ਤੇ ਚੱਲ ਕੇ ਸਾਨੂੰ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੇਗੀ। (ਜ਼ਬੂਰਾਂ ਦੀ ਪੋਥੀ 119:105) ਬਾਈਬਲ ਤੋਂ ਅਸੀਂ ਭਵਿੱਖ ਬਾਰੇ ਕਿਵੇਂ ਸਮਝ ਸਕਦੇ ਹਾਂ?

ਆਓ ਆਪਾਂ ਦੋ ਤਰੀਕਿਆਂ ’ਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਭਵਿੱਖ ਬਾਰੇ ਸਮਝ ਸਕਦੇ ਹਾਂ: 1 ਇਹ ਸਾਡੀ ਜ਼ਿੰਦਗੀ ਦਾ ਮਕਸਦ ਜਾਣਨ ਵਿਚ ਮਦਦ ਕਰਦੀ ਹੈ ਅਤੇ 2 ਇਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਹਮੇਸ਼ਾ ਲਈ ਸਿਰਜਣਹਾਰ ਦੇ ਦੋਸਤ ਕਿਵੇਂ ਬਣ ਸਕਦੇ ਹਾਂ।

1 ਜ਼ਿੰਦਗੀ ਦਾ ਮਕਸਦ

ਇਹ ਸੱਚ ਹੈ ਕਿ ਬਾਈਬਲ ਮੁਸ਼ਕਲਾਂ ਨਾਲ ਸਿੱਝਣ ਲਈ ਸਾਨੂੰ ਬਹੁਤ ਵਧੀਆ ਸਲਾਹਾਂ ਦਿੰਦੀ ਹੈ, ਪਰ ਇਸ ਤੋਂ ਇਲਾਵਾ, ਇਹ ਹੋਰ ਵੀ ਬਹੁਤ ਕੁਝ ਦੱਸਦੀ ਹੈ। ਬਾਈਬਲ ਸਿਖਾਉਂਦੀ ਹੈ ਕਿ ਸਾਨੂੰ ਸਿਰਫ਼ ਆਪਣੀਆਂ ਲੋੜਾਂ ਬਾਰੇ ਹੀ ਨਹੀਂ, ਸਗੋਂ ਦੂਜਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਹੀ ਸਾਡੀ ਜ਼ਿੰਦਗੀ ਮਕਸਦ ਭਰੀ ਬਣ ਸਕਦੀ ਹੈ।

ਮਿਸਾਲ ਲਈ, ਬਾਈਬਲ ਦੇ ਇਸ ਅਸੂਲ ’ਤੇ ਗੌਰ ਕਰੋ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂਲਾਂ ਦੇ ਕੰਮ 20:35) ਉਸ ਸਮੇਂ ਬਾਰੇ ਸੋਚੋ, ਜਦੋਂ ਤੁਸੀਂ ਕਿਸੇ ਦੀ ਪੈਸੇ ਪੱਖੋਂ ਜਾਂ ਕੋਈ ਹੋਰ ਚੀਜ਼ ਦੇ ਕੇ ਮਦਦ ਕੀਤੀ ਸੀ। ਜਾਂ ਜਦੋਂ ਤੁਹਾਡਾ ਦੋਸਤ ਤੁਹਾਨੂੰ ਆਪਣੇ ਦਿਲ ਦੀਆਂ ਗੱਲਾਂ ਦੱਸ ਰਿਹਾ ਸੀ, ਤਾਂ ਤੁਸੀਂ ਉਸ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣੀਆਂ ਸਨ। ਕੀ ਕਿਸੇ ਦੀ ਮਦਦ ਕਰ ਕੇ ਤੁਹਾਨੂੰ ਖ਼ੁਸ਼ੀ ਤੇ ਸੰਤੁਸ਼ਟੀ ਨਹੀਂ ਮਿਲੀ ਸੀ?

ਜਦੋਂ ਅਸੀਂ ਬਿਨਾਂ ਸੁਆਰਥ ਕਿਸੇ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਇਕ ਲੇਖਕ ਕਹਿੰਦਾ ਹੈ: “ਜਦੋਂ ਅਸੀਂ ਕਿਸੇ ਨੂੰ ਕੁਝ ਦਿੰਦੇ ਹਾਂ, ਤਾਂ ਅਸੀਂ ਹਮੇਸ਼ਾ ਇਹੀ ਆਸ ਰੱਖਦੇ ਹਾਂ ਕਿ ਬਦਲੇ ਵਿਚ ਸਾਨੂੰ ਜ਼ਿਆਦਾ ਹੀ ਮਿਲੇਗਾ।” ਪਰ ਇੱਦਾਂ ਨਹੀਂ ਹੈ, ਅਸਲ ਵਿਚ ਜਦੋਂ ਅਸੀਂ ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਕੁਝ ਕਰਦੇ ਹਾਂ ਜੋ ਬਦਲੇ ਵਿਚ ਸਾਡੇ ਲਈ ਕੁਝ ਨਹੀਂ ਕਰ ਸਕਦੇ, ਤਾਂ ਸਾਨੂੰ ਆਪਣਾ ਇਨਾਮ ਮਿਲ ਜਾਂਦਾ ਹੈ। ਇੱਦਾਂ ਕਰ ਕੇ ਅਸੀਂ ਸਿਰਜਣਹਾਰ ਨਾਲ ਮਿਲ ਕੇ ਕੰਮ ਕਰ ਰਹੇ ਹੁੰਦੇ ਹਾਂ ਜੋ ਇਹੋ ਜਿਹੇ ਚੰਗੇ ਕੰਮਾਂ ਨੂੰ ਆਪਣੇ ਆਪ ’ਤੇ ਕਰਜ਼ ਵਾਂਗ ਸਮਝਦਾ ਹੈ। (ਕਹਾਉਤਾਂ 19:17) ਜਦੋਂ ਅਸੀਂ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਾਂ, ਤਾਂ ਰੱਬ ਇਸ ਗੱਲ ਦੀ ਬਹੁਤ ਕਦਰ ਕਰਦਾ ਹੈ ਅਤੇ ਉਹ ਵਾਅਦਾ ਕਰਦਾ ਹੈ ਕਿ ਇਨ੍ਹਾਂ ਕੰਮਾਂ ਦੇ ਬਦਲੇ ਵਿਚ ਉਹ ਸਾਨੂੰ ਬਾਗ਼ ਵਰਗੀ ਧਰਤੀ ’ਤੇ ਸਦਾ ਦੀ ਜ਼ਿੰਦਗੀ ਦੇਵੇਗਾ। ਕਿੰਨੀ ਹੀ ਸ਼ਾਨਦਾਰ ਉਮੀਦ!​—ਜ਼ਬੂਰਾਂ ਦੀ ਪੋਥੀ 37:29; ਲੂਕਾ 14:12-14. *

ਇਸ ਤੋਂ ਇਲਾਵਾ, ਬਾਈਬਲ ਸਿਖਾਉਂਦੀ ਹੈ ਕਿ ਅਸੀਂ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰ ਕੇ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਜਾਣ ਸਕਦੇ ਹਾਂ। ਉਸ ਦਾ ਬਚਨ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ਰੱਬ ਦੀ ਵਡਿਆਈ ਕਰੀਏ, ਉਸ ਦਾ ਆਦਰ ਕਰੀਏ ਅਤੇ ਉਸ ਦਾ ਕਹਿਣਾ ਮੰਨੀਏ ਕਿਉਂਕਿ ਉਹ ਇਸ ਦਾ ਹੱਕਦਾਰ ਹੈ। (ਉਪਦੇਸ਼ਕ ਦੀ ਪੋਥੀ 12:13; ਪ੍ਰਕਾਸ਼ ਦੀ ਕਿਤਾਬ 4:11) ਇਸ ਤਰ੍ਹਾਂ ਕਰ ਕੇ ਅਸੀਂ ਉਹ ਕੰਮ ਕਰ ਪਾਵਾਂਗੇ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਯਾਨੀ ਅਸੀਂ ਰੱਬ ਦਾ ਦਿਲ ਖ਼ੁਸ਼ ਕਰ ਸਕਦੇ ਹਾਂ। ਰੱਬ ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ।” (ਕਹਾਉਤਾਂ 27:11) ਜ਼ਰਾ ਸੋਚੋ: ਜਦੋਂ ਅਸੀਂ ਸਮਝਦਾਰੀ ਨਾਲ ਬਾਈਬਲ ਵਿਚ ਦਿੱਤੇ ਅਸੂਲਾਂ ਦੇ ਆਧਾਰ ’ਤੇ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਆਪਣੇ ਪਿਆਰੇ ਸਵਰਗੀ ਪਿਤਾ ਦੇ ਦਿਲ ਨੂੰ ਖ਼ੁਸ਼ ਕਰਦੇ ਹਾਂ। ਕਿਉਂ? ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਉਸ ਦੀ ਸੇਧ ਲੈ ਕੇ ਫ਼ਾਇਦਾ ਉਠਾਈਏ। (ਯਸਾਯਾਹ 48:17, 18) ਵਾਕਈ ਇਸ ਤੋਂ ਵਧੀਆ ਜ਼ਿੰਦਗੀ ਦਾ ਮਕਸਦ ਹੋਰ ਕੀ ਹੋ ਸਕਦਾ ਕਿ ਅਸੀਂ ਸ੍ਰਿਸ਼ਟੀਕਰਤਾ ਦੀ ਭਗਤੀ ਕਰੀਏ ਤੇ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰੀਏ ਜਿਸ ਨਾਲ ਉਸ ਦਾ ਦਿਲ ਖ਼ੁਸ਼ ਹੋਵੇ।

2 ਸਿਰਜਣਹਾਰ ਨਾਲ ਦੋਸਤੀ

ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਆਪਣੇ ਸਿਰਜਣਹਾਰ ਨਾਲ ਦੋਸਤੀ ਕਿਵੇਂ ਕਰ ਸਕਦੇ ਹਾਂ। ਇਸ ਵਿਚ ਲਿਖਿਆ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਕਈ ਵਾਰ ਅਸੀਂ ਸ਼ਾਇਦ ਸੋਚੀਏ, ਕੀ ਸਾਰੇ ਜਹਾਨ ਦੇ ਮਾਲਕ ਨਾਲ ਦੋਸਤੀ ਕਰਨੀ ਵਾਕਈ ਮੁਮਕਿਨ ਹੈ? ਪਰ ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ ਕਿ “ਪਰਮੇਸ਼ੁਰ ਦੀ ਤਲਾਸ਼” ਕਰ ਕੇ ਅਸੀਂ “ਉਸ ਨੂੰ ਲੱਭ” ਲਵਾਂਗੇ ਕਿਉਂਕਿ “ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ ਹੈ।” (ਰਸੂਲਾਂ ਦੇ ਕੰਮ 17:27) ਜਦੋਂ ਅਸੀਂ ਬਾਈਬਲ ਵਿਚ ਦਿੱਤੀ ਰੱਬ ਦੇ ਦੋਸਤ ਬਣਨ ਦੀ ਸਲਾਹ ਮੰਨਾਂਗੇ, ਤਾਂ ਸਾਨੂੰ ਭਵਿੱਖ ਵਿਚ ਬਹੁਤ ਫ਼ਾਇਦਾ ਹੋਵੇਗਾ। ਕਿਵੇਂ?

ਜ਼ਰਾ ਸੋਚੋ: ਅਸੀਂ ਜਿੰਨੇ ਮਰਜ਼ੀ ਹੱਥ ਪੈਰ ਮਾਰ ਲਈਏ, ਪਰ ਅਸੀਂ ਕਦੇ ਵੀ ਆਪਣੇ ਬਲਬੂਤੇ ’ਤੇ ਮੌਤ ਤੋਂ ਖਹਿੜਾ ਨਹੀਂ ਛੁਡਾ ਸਕਦੇ। (1 ਕੁਰਿੰਥੀਆਂ 15:26) ਰੱਬ ਦੀ ਨਾ ਕੋਈ ਸ਼ੁਰੂਆਤ ਹੈ ਤੇ ਨਾ ਹੀ ਅੰਤ। ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਦੋਸਤ ਵੀ ਹਮੇਸ਼ਾ ਤਕ ਜੀਉਂਦੇ ਰਹਿਣ। ਬਾਈਬਲ ਕਹਿੰਦੀ ਹੈ ਕਿ ਜਿਹੜੇ ਉਸ ਦੀ ਤਲਾਸ਼ ਕਰਦੇ ਹਨ, ਉਹ ‘ਸਦਾ ਜੀਉਂਦਾ ਰਹਿਣਗੇ।’​—ਜ਼ਬੂਰਾਂ ਦੀ ਪੋਥੀ 22:26.

ਅਸੀਂ ਹਮੇਸ਼ਾ ਲਈ ਰੱਬ ਦੇ ਦੋਸਤ ਕਿਵੇਂ ਬਣ ਸਕਦੇ ਹਾਂ? ਬਾਈਬਲ ਤੋਂ ਰੱਬ ਬਾਰੇ ਸਿੱਖਦੇ ਰਹਿ ਕੇ। (ਯੂਹੰਨਾ 17:3; 2 ਤਿਮੋਥਿਉਸ 3:16) ਬਾਈਬਲ ਨੂੰ ਸਮਝਣ ਲਈ ਉਸ ਤੋਂ ਮਦਦ ਮੰਗੋ। ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਜੇ ਅਸੀਂ “ਪਰਮੇਸ਼ੁਰ ਤੋਂ” ਬੁੱਧ ਮੰਗਦੇ ਰਹਾਂਗੇ, ਤਾਂ ਉਹ ਸਾਨੂੰ ਜ਼ਰੂਰ ਦੇਵੇਗਾ। * (ਯਾਕੂਬ 1:5) ਰੱਬ ਦੇ ਬਚਨ ਵਿੱਚੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰੋ ਅਤੇ ਇਸ ਨੂੰ ਅੱਜ ਅਤੇ ਭਵਿੱਖ ਵਿਚ ਸਦਾ ਲਈ “[ਆਪਣੇ] ਪੈਰਾਂ ਦਾ ਦੀਪਕ” ਅਤੇ “[ਆਪਣੇ] ਰਾਹ ਦਾ ਚਾਨਣ” ਬਣਾਓ।​—ਜ਼ਬੂਰਾਂ ਦੀ ਪੋਥੀ 119:105.

^ ਪੈਰਾ 8 ਬਾਗ਼ ਵਰਗੀ ਧਰਤੀ ’ਤੇ ਸਦਾ ਦੀ ਜ਼ਿੰਦਗੀ ਦੇ ਵਾਅਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਤੀਜਾ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

^ ਪੈਰਾ 13 ਯਹੋਵਾਹ ਦੇ ਗਵਾਹ ਤੁਹਾਨੂੰ ਮੁਫ਼ਤ ਵਿਚ ਬਾਈਬਲ ਬਾਰੇ ਸਿਖਾ ਸਕਦੇ ਹਨ। ਇਸ ਬਾਰੇ ਜਾਣਨ ਲਈ ਕਿਰਪਾ ਕਰ ਕੇ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਨਾਂ ਦਾ ਵੀਡੀਓ jw.org/pa ਵੈੱਬਸਾਈਟ ’ਤੇ ਦੇਖੋ।

ਰੱਬ ਦੀ ਨਾ ਕੋਈ ਸ਼ੁਰੂਆਤ ਹੈ ਤੇ ਨਾ ਹੀ ਅੰਤ ਅਤੇ ਉਹ ਚਾਹੁੰਦਾ ਹੈ ਕਿ ਉਸ ਦੇ ਦੋਸਤ ਸਦਾ ਲਈ ਜੀਉਣ