Skip to content

Skip to table of contents

ਕੀ ਜੋਤਸ਼-ਵਿੱਦਿਆ ਅਤੇ ਭਵਿੱਖ ਦੱਸਣ ਵਾਲਿਆਂ ਦੀ ਮਦਦ ਨਾਲ ਅਸੀਂ ਭਵਿੱਖ ਜਾਣ ਸਕਦੇ ਹਾਂ?

ਕੀ ਜੋਤਸ਼-ਵਿੱਦਿਆ ਅਤੇ ਭਵਿੱਖ ਦੱਸਣ ਵਾਲਿਆਂ ਦੀ ਮਦਦ ਨਾਲ ਅਸੀਂ ਭਵਿੱਖ ਜਾਣ ਸਕਦੇ ਹਾਂ?

ਜੋਤਸ਼-ਵਿੱਦਿਆ

ਜੋਤਸ਼-ਵਿੱਦਿਆ ਅਲੌਕਿਕ ਸ਼ਕਤੀਆਂ ਦੀ ਮਦਦ ਨਾਲ ਭਵਿੱਖ ਬਾਰੇ ਪਤਾ ਲਗਾਉਣ ਦਾ ਇਕ ਤਰੀਕਾ ਹੈ। ਇਸ ਵਿਚ ਮੰਨਿਆ ਜਾਂਦਾ ਹੈ ਕਿ ਤਾਰੇ, ਚੰਨ ਅਤੇ ਹੋਰ ਗ੍ਰਹਿ ਇਨਸਾਨ ਦੀ ਜ਼ਿੰਦਗੀ ʼਤੇ ਅਸਰ ਪਾਉਂਦੇ ਹਨ। ਜੋਤਸ਼ੀ ਦਾਅਵਾ ਕਰਦੇ ਹਨ ਕਿ ਕਿਸੇ ਦੇ ਜਨਮ ਵੇਲੇ ਆਕਾਸ਼ੀ ਪਿੰਡ ਜਿਸ ਜਗ੍ਹਾ ʼਤੇ ਹੁੰਦੇ ਹਨ, ਉਸ ਦਾ ਉਸ ਇਨਸਾਨ ਦੀ ਸ਼ਖ਼ਸੀਅਤ ਅਤੇ ਭਵਿੱਖ ʼਤੇ ਅਸਰ ਪੈਂਦਾ ਹੈ। ਭਾਵੇਂ ਜੋਤਸ਼-ਵਿੱਦਿਆ ਦੀ ਸ਼ੁਰੂਆਤ ਬਹੁਤ ਪਹਿਲਾਂ ਬਾਬਲ ਵਿਚ ਹੋਈ ਸੀ, ਪਰ ਇਹ ਅੱਜ ਵੀ ਮਸ਼ਹੂਰ ਹੈ। ਅਮਰੀਕਾ ਵਿਚ 2012 ਵਿਚ ਇਕ ਸਰਵੇ ਕੀਤਾ ਗਿਆ ਜਿਸ ਵਿਚ 33% ਲੋਕਾਂ ਨੇ ਕਿਹਾ ਕਿ ਜੋਤਸ਼-ਵਿੱਦਿਆ “ਇਕ ਤਰ੍ਹਾਂ ਦਾ ਵਿਗਿਆਨ” ਹੈ ਅਤੇ 10% ਲੋਕਾਂ ਨੇ ਕਿਹਾ ਕਿ ਜੋਤਸ਼-ਵਿੱਦਿਆ “ਪੂਰੀ ਤਰ੍ਹਾਂ ਵਿਗਿਆਨ ʼਤੇ ਆਧਾਰਿਤ ਹੈ।” ਕੀ ਇਹ ਸੱਚ ਹੈ? ਨਹੀਂ। ਆਓ ਦੇਖੀਏ ਕਿਉਂ।

  • ਜੋਤਸ਼ੀਆਂ ਦੇ ਕਹੇ ਤੋਂ ਉਲਟ, ਗ੍ਰਹਿਆਂ ਅਤੇ ਤਾਰਿਆਂ ਵਿੱਚੋਂ ਅਜਿਹੀ ਕੋਈ ਸ਼ਕਤੀ ਨਹੀਂ ਨਿਕਲਦੀ ਜਿਸ ਦਾ ਇਨਸਾਨਾਂ ਦੀ ਸ਼ਖ਼ਸੀਅਤ ਅਤੇ ਭਵਿੱਖ ʼਤੇ ਅਸਰ ਪੈ ਸਕਦਾ ਹੈ।

  • ਜੋਤਸ਼ੀਆਂ ਵੱਲੋਂ ਕੀਤੀਆਂ ਭਵਿੱਖਬਾਣੀਆਂ ਵਿਚ ਬਹੁਤ ਆਮ ਗੱਲਾਂ ਦੱਸੀਆਂ ਜਾਂਦੀਆਂ ਹਨ ਜੋ ਕਿਸੇ ʼਤੇ ਵੀ ਲਾਗੂ ਹੋ ਸਕਦੀਆਂ ਹਨ।

  • ਜੋਤਸ਼ੀ ਇਕ ਬਹੁਤ ਪੁਰਾਣੇ ਵਿਸ਼ਵਾਸ ਦੇ ਆਧਾਰ ʼਤੇ ਭਵਿੱਖ ਦੱਸਦੇ ਹਨ ਕਿ ਗ੍ਰਹਿ ਧਰਤੀ ਦੁਆਲੇ ਘੁੰਮਦੇ ਹਨ, ਪਰ ਸੱਚਾਈ ਤਾਂ ਇਹ ਹੈ ਕਿ ਗ੍ਰਹਿ ਸੂਰਜ ਦੁਆਲੇ ਘੁੰਮਦੇ ਹਨ।

  • ਅਲੱਗ-ਅਲੱਗ ਜੋਤਸ਼ੀ ਇੱਕੋ ਵਿਅਕਤੀ ਦਾ ਵੱਖਰਾ-ਵੱਖਰਾ ਭਵਿੱਖ ਦੱਸਦੇ ਹਨ।

  • ਜੋਤਸ਼-ਵਿੱਦਿਆ ਅਨੁਸਾਰ ਜਨਮ ਦੀ ਤਾਰੀਖ਼ ਦੇ ਆਧਾਰ ʼਤੇ ਲੋਕਾਂ ਨੂੰ 12 ਰਾਸ਼ੀ-ਚਿੰਨ੍ਹਾਂ ਵਿੱਚੋਂ ਇਕ ਚਿੰਨ੍ਹ ਦਿੱਤਾ ਜਾਂਦਾ ਹੈ। ਹਰ ਰਾਸ਼ੀ-ਚਿੰਨ੍ਹ ਲਈ ਕੁਝ ਤਾਰੀਖ਼ਾਂ ਮਿੱਥੀਆਂ ਗਈਆਂ ਸਨ। ਜਿਸ ਤਾਰੀਖ਼ ਨੂੰ ਸੂਰਜ ਕਿਸੇ ਤਾਰਾ-ਮੰਡਲ ਵਿੱਚੋਂ ਲੰਘਦਾ ਹੋਇਆ ਦਿਖਦਾ ਸੀ, ਉਸ ਆਧਾਰ ʼਤੇ ਰਾਸ਼ੀ-ਚਿੰਨ੍ਹ ਬਣਾਏ ਗਏ ਸਨ। ਪਰ ਹੁਣ ਪੁਲਾੜ ਵਿਚ ਧਰਤੀ ਦੀ ਥਾਂ ਬਦਲਣ ਕਰਕੇ ਜਿਨ੍ਹਾਂ ਤਾਰੀਖ਼ਾਂ ਲਈ ਕੋਈ ਰਾਸ਼ੀ-ਚਿੰਨ੍ਹ ਮਿਥਿਆ ਗਿਆ ਸੀ, ਉਹ ਬਦਲ ਗਿਆ ਹੈ। ਇਸ ਲਈ ਇਨ੍ਹਾਂ ਰਾਸ਼ੀ-ਚਿੰਨ੍ਹਾਂ ਅਤੇ ਤਾਰੀਖ਼ਾਂ ਦਾ ਕੋਈ ਮਤਲਬ ਨਹੀਂ।

ਕਿਹਾ ਜਾਂਦਾ ਹੈ ਕਿ ਕਿਸੇ ਵਿਅਕਤੀ ਦੇ ਰਾਸ਼ੀ-ਚਿੰਨ੍ਹ ਤੋਂ ਉਸ ਦੇ ਸੁਭਾਅ ਬਾਰੇ ਪਤਾ ਲੱਗਦਾ ਹੈ। ਪਰ ਅਸਲੀਅਤ ਤਾਂ ਇਹ ਹੈ ਕਿ ਇੱਕੋ ਤਾਰੀਖ਼ ʼਤੇ ਜਨਮ ਲੈਣ ਵਾਲੇ ਵਿਅਕਤੀਆਂ ਵਿਚ ਇੱਕੋ ਜਿਹੇ ਗੁਣ ਜਾਂ ਔਗੁਣ ਨਹੀਂ ਹੁੰਦੇ। ਜਨਮ ਦੀ ਤਾਰੀਖ਼ ਤੋਂ ਕਿਸੇ ਵਿਅਕਤੀ ਦੇ ਸੁਭਾਅ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ। ਜੋਤਸ਼ੀ ਇਹ ਨਹੀਂ ਮੰਨਦੇ ਕਿ ਹਰ ਇਨਸਾਨ ਦੀ ਆਪਣੀ ਸ਼ਖ਼ਸੀਅਤ ਹੁੰਦੀ ਹੈ, ਪਰ ਉਹ ਕੁਝ ਧਾਰਣਾਵਾਂ ਦੇ ਆਧਾਰ ʼਤੇ ਦੱਸਦੇ ਹਨ ਕਿ ਕਿਸੇ ਦਾ ਸੁਭਾਅ ਕਿੱਦਾਂ ਦਾ ਹੈ। ਕੀ ਇੱਦਾਂ ਕਰਨਾ ਸਹੀ ਹੈ?

ਭਵਿੱਖ ਬਾਰੇ ਦੱਸਣਾ

ਪੁਰਾਣੇ ਜ਼ਮਾਨੇ ਤੋਂ ਹੀ ਲੋਕ ਭਵਿੱਖ ਦੱਸਣ ਵਾਲਿਆਂ ਕੋਲ ਜਾਂਦੇ ਹਨ। ਕਈ ਭਵਿੱਖ ਦੱਸਣ ਵਾਲੇ ਅਜਿਹੀਆਂ ਚੀਜ਼ਾਂ ਤੋਂ ਭਵਿੱਖ ਬਾਰੇ ਪਤਾ ਲਗਾਉਂਦੇ ਹਨ ਜਿਵੇਂ ਜਾਨਵਰਾਂ ਅਤੇ ਇਨਸਾਨਾਂ ਦੇ ਅੰਦਰੂਨੀ ਅੰਗਾਂ ਤੋਂ ਜਾਂ ਕੁੱਕੜ ਦੇ ਦਾਣੇ ਚੁੱਕਣ ਦੇ ਤਰੀਕੇ ਤੋਂ। ਹੋਰ ਕਈ ਜਣੇ ਚਾਹ ਦੀਆਂ ਪੱਤੀਆਂ ਜਾਂ ਕੌਫੀ ਬਣਾਉਣ ਤੋਂ ਬਾਅਦ ਬਚੇ ਚੂਰੇ ਦੇ ਆਧਾਰ ʼਤੇ ਭਵਿੱਖ ਦੱਸਦੇ ਹਨ। ਅੱਜ ਉਹ ਟੈਰੋ ਕਾਰਡ, ਕ੍ਰਿਸਟਲ ਬਾਲ, ਡਾਇਸ ਜਾਂ ਹੋਰ ਤਰੀਕੇ ਵਰਤ ਕੇ ਭਵਿੱਖ “ਦੱਸਦੇ” ਹਨ। ਕੀ ਇਨ੍ਹਾਂ ਤਰੀਕਿਆਂ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ? ਬਿਲਕੁਲ ਨਹੀਂ। ਆਓ ਦੇਖੀਏ ਕਿਉਂ।

ਆਓ ਇਕਸਾਰਤਾ ਬਾਰੇ ਗੱਲ ਕਰੀਏ। ਭਵਿੱਖ ਬਾਰੇ ਦੱਸਣ ਲਈ ਵਰਤੇ ਜਾਂਦੇ ਅਲੱਗ-ਅਲੱਗ ਤਰੀਕਿਆਂ ਨਾਲ ਮਿਲੀ ਜਾਣਕਾਰੀ ਇੱਕੋ ਜਿਹੀ ਨਹੀਂ ਹੁੰਦੀ। ਇੱਥੋਂ ਤਕ ਕਿ ਜੇ ਇੱਕੋ ਜਿਹੇ ਤਰੀਕੇ ਵੀ ਵਰਤੇ ਜਾਣ, ਤਾਂ ਵੀ ਉਹ ਭਵਿੱਖ ਬਾਰੇ ਅਲੱਗ-ਅਲੱਗ ਗੱਲਾਂ ਦੱਸਦੇ ਹਨ। ਮਿਸਾਲ ਲਈ, ਜੇ ਕੋਈ ਵਿਅਕਤੀ ਦੋ ਅਲੱਗ-ਅਲੱਗ ਜੋਤਸ਼ੀਆਂ ਤੋਂ ਭਵਿੱਖ ਬਾਰੇ ਪੁੱਛਦਾ ਹੈ ਅਤੇ ਉਹ ਦੋਵੇਂ ਜੋਤਸ਼ੀ ਇੱਕੋ ਕਾਰਡ “ਪੜ੍ਹ” ਕੇ ਭਵਿੱਖ ਦੱਸਦੇ ਹਨ, ਤਾਂ ਉਨ੍ਹਾਂ ਦਾ ਜਵਾਬ ਇੱਕੋ ਜਿਹਾ ਹੋਣਾ ਚਾਹੀਦਾ ਹੈ। ਪਰ ਅਕਸਰ ਇੱਦਾਂ ਨਹੀਂ ਹੁੰਦਾ।

ਜੋਤਸ਼ੀਆਂ ਦੇ ਭਵਿੱਖ ਦੱਸਣ ਦੇ ਤਰੀਕਿਆਂ ʼਤੇ ਲੋਕਾਂ ਦਾ ਵਿਸ਼ਵਾਸ ਘੱਟ ਗਿਆ ਹੈ। ਆਲੋਚਕ ਕਹਿੰਦੇ ਹਨ ਕਿ ਕਾਰਡ ਜਾਂ ਕ੍ਰਿਸਟਲ ਬਾਲਾਂ ਤਾਂ ਬਸ ਚੀਜ਼ਾਂ ਹੀ ਹਨ। ਜੋਤਸ਼ੀ ਕਿਸੇ ਵਿਅਕਤੀ ਦੇ ਹਾਵਾਂ-ਭਾਵਾਂ ਤੋਂ ਉਸ ਦੇ ਭਵਿੱਖ ਬਾਰੇ ਪਤਾ ਲਗਾਉਂਦੇ ਹਨ, ਨਾ ਕਿ ਕਾਰਡ ਜਾਂ ਕ੍ਰਿਸਟਲ ਬਾਲ ਤੋਂ। ਮਿਸਾਲ ਲਈ, ਇਕ ਨਿਪੁੰਨ ਜੋਤਸ਼ੀ ਕਿਸੇ ਵਿਅਕਤੀ ਤੋਂ ਆਮ ਸਵਾਲ ਪੁੱਛਦਾ ਹੈ ਅਤੇ ਉਹ ਵਿਅਕਤੀ ਦੀਆਂ ਕਹੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਦਾ ਹੈ ਅਤੇ ਉਸ ਦੇ ਹਾਵਾਂ-ਭਾਵਾਂ ਨੂੰ ਧਿਆਨ ਨਾਲ ਦੇਖਦਾ ਹੈ ਜਿਨ੍ਹਾਂ ਤੋਂ ਉਸ ਵਿਅਕਤੀ ਬਾਰੇ ਕੁਝ ਗੱਲਾਂ ਪਤਾ ਲੱਗ ਜਾਂਦੀਆਂ ਹਨ। ਜੋਤਸ਼ੀ ਇਨ੍ਹਾਂ ਗੱਲਾਂ ਨੂੰ ਜਾਣਨ ਦਾ ਸਿਹਰਾ ਆਪ ਲੈ ਲੈਂਦੇ ਹਨ ਜੋ ਅਣਜਾਣੇ ਵਿਚ ਵਿਅਕਤੀ ਨੇ ਹੀ ਉਸ ਨੂੰ ਦੱਸੀਆਂ ਹੁੰਦੀਆਂ ਹਨ। ਆਪਣੇ ਗਾਹਕਾਂ ਦਾ ਭਰੋਸਾ ਜਿੱਤਣ ਕਰਕੇ ਕਈ ਜੋਤਸ਼ੀ ਉਨ੍ਹਾਂ ਤੋਂ ਮੋਟੀ ਰਕਮ ਕਮਾਉਣ ਵਿਚ ਕਾਮਯਾਬ ਹੋਏ ਹਨ।

ਬਾਈਬਲ ਕੀ ਕਹਿੰਦੀ ਹੈ?

ਜੋਤਸ਼-ਵਿੱਦਿਆ ਅਤੇ ਭਵਿੱਖ ਦੱਸਣ ਵਾਲਿਆਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਸਾਡਾ ਭਵਿੱਖ ਪਹਿਲਾਂ ਹੀ ਤੈਅ ਕਰ ਦਿੱਤਾ ਗਿਆ ਹੈ। ਪਰ ਕੀ ਇਹ ਸੱਚ ਹੈ? ਬਾਈਬਲ ਦੱਸਦੀ ਹੈ ਕਿ ਸਾਡੇ ਕੋਲ ਇਹ ਫ਼ੈਸਲਾ ਕਰਨ ਦੀ ਕਾਬਲੀਅਤ ਹੈ ਕਿ ਅਸੀਂ ਕਿਸ ਗੱਲ ʼਤੇ ਵਿਸ਼ਵਾਸ ਕਰਾਂਗੇ ਜਾਂ ਅਸੀਂ ਕੀ ਕਰਨਾ ਚਾਹਾਂਗੇ। ਨਾਲੇ ਸਾਡੇ ਫ਼ੈਸਲਿਆਂ ਦਾ ਸਾਡੇ ਭਵਿੱਖ ʼਤੇ ਅਸਰ ਪੈਂਦਾ ਹੈ।​—ਯਹੋਸ਼ੁਆ 24:15.

ਰੱਬ ਦੇ ਸੇਵਕਾਂ ਕੋਲ ਜੋਤਸ਼-ਵਿੱਦਿਆ ਅਤੇ ਭਵਿੱਖ ਦੇਖਣ ਵਾਲਿਆਂ ਨੂੰ ਨਾਂਹ ਕਹਿਣ ਦਾ ਇਕ ਠੋਸ ਕਾਰਨ ਹੈ ਕਿਉਂਕਿ ਰੱਬ ਹਰ ਤਰ੍ਹਾਂ ਦੀ ਜਾਦੂਗਰੀ ਦੀ ਨਿੰਦਿਆ ਕਰਦਾ ਹੈ। ਬਾਈਬਲ ਵਿਚ ਦੱਸਿਆ ਗਿਆ ਹੈ: “ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ . . . ਫ਼ਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ। ਝਾੜਾ ਫੂਕੀ ਕਰਨ ਵਾਲਾ, ਜਿੰਨਾਂ ਤੋਂ ਪੁੱਛਾਂ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ। ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ ਅਤੇ ਇਨ੍ਹਾਂ ਘਿਣਾਉਣੇ ਕੰਮਾਂ ਦੇ ਕਾਰਨ ਯਹੋਵਾਹ a ਤੁਹਾਡਾ ਪਰਮੇਸ਼ੁਰ ਓਹਨਾਂ ਨੂੰ ਤੁਹਾਡੇ ਅੱਗੋਂ ਕੱਢਣ ਵਾਲਾ ਹੈ।”​—ਬਿਵਸਥਾ ਸਾਰ 18:10-12.

a ਇਹ “ਸਾਰੀ ਧਰਤੀ ਉੱਤੇ ਅੱਤ ਮਹਾਨ” ਦਾ ਨਾਂ ਹੈ।​—ਜ਼ਬੂਰਾਂ ਦੀ ਪੋਥੀ 83:18.