Skip to content

Skip to table of contents

ਸਹੀ ਭਵਿੱਖਬਾਣੀ ਬਾਰੇ ਖ਼ਾਮੋਸ਼ ਗਵਾਹੀ

ਸਹੀ ਭਵਿੱਖਬਾਣੀ ਬਾਰੇ ਖ਼ਾਮੋਸ਼ ਗਵਾਹੀ

ਇਟਲੀ ਦੇ ਮੱਧ ਰੋਮ ਵਿਚ ਇਕ ਯਾਦਗਾਰੀ ਗੇਟ (ਆਰਚ ਆਫ਼ ਟਾਈਟਸ) ਹੈ ਜੋ ਜਿੱਤ ਦੀ ਖ਼ੁਸ਼ੀ ਵਿਚ ਬਣਾਇਆ ਗਿਆ ਸੀ। ਦੁਨੀਆਂ ਭਰ ਦੇ ਲੋਕ ਇਸ ਨੂੰ ਦੇਖਣ ਆਉਂਦੇ ਹਨ। ਇਹ ਗੇਟ ਰੋਮ ਦੇ ਇਕ ਮਨਪਸੰਦ ਰਾਜੇ ਟਾਈਟਸ ਦੇ ਸਨਮਾਨ ਵਿਚ ਬਣਾਇਆ ਗਿਆ ਸੀ।

ਇਕ ਜਾਣੀ-ਮਾਣੀ ਇਤਿਹਾਸਕ ਘਟਨਾ ਨੂੰ ਦਰਸਾਉਣ ਲਈ ਇਸ ਗੇਟ ʼਤੇ ਦੋ ਵੱਡੀਆਂ ਨਕਾਸ਼ੀਆਂ ਕੀਤੀਆਂ ਗਈਆਂ ਹਨ। ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ, ਪਰ ਇਸ ਗੇਟ ਦਾ ਬਾਈਬਲ ਨਾਲ ਡੂੰਘਾ ਸੰਬੰਧ ਹੈ। ਇਹ ਗੇਟ ਬਿਨਾਂ ਕੁਝ ਕਹੇ ਹੀ ਬਾਈਬਲ ਦੀ ਇਕ ਭਵਿੱਖਬਾਣੀ ਦੇ ਇੰਨ-ਬਿੰਨ ਪੂਰੀ ਹੋਣ ਦੀ ਗਵਾਹੀ ਦਿੰਦਾ ਹੈ।

ਇਕ ਸ਼ਹਿਰ ਨੂੰ ਸਜ਼ਾ ਸੁਣਾਈ ਗਈ

ਸਾਲ 30 ਈਸਵੀ ਤਕ, ਰੋਮੀ ਸਾਮਰਾਜ ਬਰਤਾਨੀਆ ਅਤੇ ਗਾਲ (ਹੁਣ ਫਰਾਂਸ ਵਿਚ) ਤੋਂ ਲੈ ਕੇ ਮਿਸਰ ਤਕ ਫੈਲਿਆ ਹੋਇਆ ਸੀ। ਰੋਮੀ ਸਾਮਰਾਜ ਸਥਿਰ ਅਤੇ ਖ਼ੁਸ਼ਹਾਲ ਸੀ। ਪਰ ਦੂਰ-ਦੁਰਾਡੇ ਪੈਂਦਾ ਇਕ ਇਲਾਕਾ ਰੋਮ ਲਈ ਸਿਰਦਰਦੀ ਬਣਿਆ ਹੋਇਆ ਸੀ। ਉਹ ਸੀ, ਯਹੂਦੀਆ ਸੂਬੇ ਦਾ ਇਕ ਅਸ਼ਾਂਤ ਇਲਾਕਾ।

ਐਨਸਾਈਕਲੋਪੀਡੀਆ ਆਫ਼ ਏਂਸ਼ੀਅੰਟ ਰੋਮ ਦੱਸਦਾ ਹੈ: “ਰੋਮੀ ਤੇ ਯਹੂਦੀ ਇਕ-ਦੂਜੇ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੇ ਸਨ। ਰੋਮੀ ਸਾਮਰਾਜ ਵਿਚ ਸ਼ਾਇਦ ਹੀ ਕੁਝ ਇਲਾਕਿਆਂ ਵਿਚ ਅਜਿਹੀ ਨਫ਼ਰਤ ਪਾਈ ਜਾਂਦੀ ਸੀ। ਯਹੂਦੀ ਰੋਮੀ ਅਧਿਕਾਰੀਆਂ ਤੋਂ ਇਸ ਲਈ ਨਫ਼ਰਤ ਕਰਦੇ ਸਨ ਕਿਉਂਕਿ ਉਹ ਯਹੂਦੀਆਂ ਦੇ ਰੀਤੀ-ਰਿਵਾਜਾਂ ਦੀ ਕੋਈ ਕਦਰ ਨਹੀਂ ਕਰਦੇ ਸਨ। ਰੋਮੀ ਮੰਨਦੇ ਸਨ ਕਿ ਯਹੂਦੀ ਬਹੁਤ ਢੀਠ ਸਨ। ਇਸ ਕਰਕੇ ਉਨ੍ਹਾਂ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਸੀ।” ਬਹੁਤ ਸਾਰੇ ਯਹੂਦੀਆਂ ਨੂੰ ਉਮੀਦ ਸੀ ਕਿ ਇਕ ਆਗੂ ਉਨ੍ਹਾਂ ਨੂੰ ਰੋਮੀਆਂ ਦੇ ਹੱਥੋਂ ਬਚਾਵੇਗਾ ਅਤੇ ਇਜ਼ਰਾਈਲ ਦੀ ਮਹਿਮਾ ਪਹਿਲਾਂ ਵਾਂਗ ਹੋ ਜਾਵੇਗੀ। ਪਰ 33 ਈਸਵੀ ਵਿਚ ਯਿਸੂ ਨੇ ਕਿਹਾ ਕਿ ਯਰੂਸ਼ਲਮ ʼਤੇ ਜਲਦੀ ਹੀ ਵੱਡੀ ਬਿਪਤਾ ਆਉਣ ਵਾਲੀ ਸੀ।

ਯਿਸੂ ਨੇ ਕਿਹਾ: “ਤੇਰੇ ਉੱਤੇ ਉਹ ਦਿਨ ਆਉਣਗੇ ਜਦੋਂ ਤੇਰੇ ਦੁਸ਼ਮਣ ਤੇਰੇ ਆਲੇ-ਦੁਆਲੇ ਤਿੱਖੀਆਂ ਬੱਲੀਆਂ ਗੱਡ ਕੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਹਰ ਪਾਸਿਓਂ ਤੇਰੇ ਉੱਤੇ ਦਬਾਅ ਪਾਉਣਗੇ, ਅਤੇ ਉਹ ਤੈਨੂੰ ਮਿੱਟੀ ਵਿਚ ਮਿਲਾ ਦੇਣਗੇ ਅਤੇ ਤੇਰੇ ਬੱਚਿਆਂ ਨੂੰ ਜ਼ਮੀਨ ਉੱਤੇ ਪਟਕਾ-ਪਟਕਾ ਕੇ ਮਾਰਨਗੇ ਅਤੇ ਉਹ ਤੇਰੇ ਵਿਚ ਪੱਥਰ ʼਤੇ ਪੱਥਰ ਨਹੀਂ ਛੱਡਣਗੇ ਕਿਉਂਕਿ ਤੂੰ ਉਸ ਸਮੇਂ ਨੂੰ ਨਹੀਂ ਪਛਾਣਿਆ ਜਦੋਂ ਤੈਨੂੰ ਪਰਖਿਆ ਗਿਆ ਸੀ।”​—ਲੂਕਾ 19:43, 44.

ਯਿਸੂ ਦੇ ਇਨ੍ਹਾਂ ਸ਼ਬਦਾਂ ਕਰਕੇ ਉਸ ਦੇ ਚੇਲੇ ਉਲਝਣ ਵਿਚ ਪੈ ਗਏ। ਦੋ ਦਿਨਾਂ ਬਾਅਦ ਉਨ੍ਹਾਂ ਵਿੱਚੋਂ ਇਕ ਜਣੇ ਨੇ ਯਰੂਸ਼ਲਮ ਦੇ ਮੰਦਰ ਨੂੰ ਦੇਖ ਕੇ ਕਿਹਾ: “ਵਾਹ! ਗੁਰੂ ਜੀ, ਇਨ੍ਹਾਂ ਪੱਥਰਾਂ ਅਤੇ ਇਮਾਰਤਾਂ ਨੂੰ ਦੇਖ!” ਵਾਕਈ, ਮੰਦਰ ਦੇ ਕਈ ਪੱਥਰ 11 ਮੀਟਰ (36 ਫੁੱਟ) ਤੋਂ ਜ਼ਿਆਦਾ ਲੰਬੇ, 5 ਮੀਟਰ (16 ਫੁੱਟ) ਤੋਂ ਜ਼ਿਆਦਾ ਚੌੜੇ ਅਤੇ 3 ਮੀਟਰ (10 ਫੁੱਟ) ਤੋਂ ਜ਼ਿਆਦਾ ਉੱਚੇ ਸਨ! ਪਰ ਯਿਸੂ ਨੇ ਕਿਹਾ: “ਤੁਸੀਂ ਇਹ ਜੋ ਇਮਾਰਤਾਂ ਦੇਖਦੇ ਹੋ, ਉਹ ਦਿਨ ਵੀ ਆਉਣਗੇ ਜਦੋਂ ਇੱਥੇ ਪੱਥਰ ʼਤੇ ਪੱਥਰ ਨਹੀਂ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇ।”​—ਮਰਕੁਸ 13:1; ਲੂਕਾ 21:6.

ਯਿਸੂ ਨੇ ਉਨ੍ਹਾਂ ਨੂੰ ਅੱਗੇ ਦੱਸਿਆ: “ਜਦੋਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘਿਰਿਆ ਹੋਇਆ ਦੇਖੋਗੇ, ਤਾਂ ਸਮਝ ਜਾਣਾ ਕਿ ਇਸ ਦੀ ਤਬਾਹੀ ਦਾ ਸਮਾਂ ਨੇੜੇ ਆ ਗਿਆ ਹੈ। ਉਸ ਸਮੇਂ ਜਿਹੜੇ ਯਹੂਦੀਆ ਵਿਚ ਹੋਣ, ਉਹ ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ ਅਤੇ ਜਿਹੜੇ ਯਰੂਸ਼ਲਮ ਵਿਚ ਹੋਣ, ਉਹ ਉੱਥੋਂ ਨਿਕਲ ਜਾਣ ਅਤੇ ਜਿਹੜੇ ਇਸ ਦੇ ਆਲੇ-ਦੁਆਲੇ ਦੇ ਪੇਂਡੂ ਇਲਾਕਿਆਂ ਵਿਚ ਹੋਣ, ਉਹ ਸ਼ਹਿਰ ਵਿਚ ਨਾ ਆਉਣ।” (ਲੂਕਾ 21:20, 21) ਕੀ ਯਿਸੂ ਦੀਆਂ ਇਹ ਗੱਲਾਂ ਪੂਰੀਆਂ ਹੋਈਆਂ?

ਇਕ ਸ਼ਹਿਰ ਦਾ ਨਾਸ਼

33 ਸਾਲਾਂ ਤੋਂ ਯਹੂਦੀ ਰੋਮ ਦੇ ਅਧੀਨ ਸਨ, ਪਰ ਉਹ ਅਜੇ ਵੀ ਰੋਮੀਆਂ ਨਾਲ ਨਫ਼ਰਤ ਕਰਦੇ ਸਨ। ਪਰ 66 ਈਸਵੀ ਵਿਚ ਯਹੂਦੀਆ ਦੇ ਰੋਮੀ ਅਧਿਕਾਰੀ ਜੈਸੀਉਸ ਫਲੋਰੁਸ ਨੇ ਮੰਦਰ ਦੇ ਖ਼ਜ਼ਾਨੇ ਵਿੱਚੋਂ ਜ਼ਬਰਦਸਤੀ ਕੁਝ ਪੈਸੇ ਲੈ ਲਏ। ਯਹੂਦੀ ਇਕਦਮ ਗੁੱਸੇ ਵਿਚ ਭੜਕ ਉੱਠੇ। ਛੇਤੀ ਹੀ ਬਹੁਤ ਸਾਰੇ ਯਹੂਦੀ ਲੜਾਕੂਆਂ ਨੇ ਯਰੂਸ਼ਲਮ ਆ ਕੇ ਰੋਮੀ ਫ਼ੌਜੀਆਂ ਦੇ ਖ਼ੂਨ ਨਾਲ ਆਪਣੇ ਹੱਥ ਰੰਗੇ ਅਤੇ ਰੋਮੀ ਸਾਮਰਾਜ ਤੋਂ ਆਜ਼ਾਦ ਹੋਣ ਦਾ ਐਲਾਨ ਕਰ ਦਿੱਤਾ।

ਲਗਭਗ ਤਿੰਨ ਮਹੀਨਿਆਂ ਬਾਅਦ, ਸੈਸਟੀਅਸ ਗੈਲਸ ਦੀ ਅਗਵਾਈ ਅਧੀਨ 30,000 ਤੋਂ ਜ਼ਿਆਦਾ ਰੋਮੀ ਫ਼ੌਜੀਆਂ ਨੇ ਬਗਾਵਤ ਖ਼ਤਮ ਕਰਨ ਲਈ ਯਰੂਸ਼ਲਮ ʼਤੇ ਚੜ੍ਹਾਈ ਕਰ ਦਿੱਤੀ। ਰੋਮੀ ਜਲਦੀ ਨਾਲ ਸ਼ਹਿਰ ਦੇ ਅੰਦਰ ਦਾਖ਼ਲ ਹੋ ਗਏ ਅਤੇ ਮੰਦਰ ਦੀ ਬਾਹਰਲੀ ਕੰਧ ਨੂੰ ਤੋੜ ਦਿੱਤਾ। ਪਰ ਬਿਨਾਂ ਕਿਸੇ ਕਾਰਨ ਹੀ ਰੋਮੀ ਫ਼ੌਜੀ ਵਾਪਸ ਮੁੜ ਗਏ। ਬਾਗ਼ੀ ਯਹੂਦੀ ਖ਼ੁਸ਼ ਹੋ ਗਏ ਅਤੇ ਉਨ੍ਹਾਂ ਨੇ ਰੋਮੀਆਂ ਦਾ ਪਿੱਛਾ ਕੀਤਾ। ਜਦੋਂ ਰੋਮੀ ਫ਼ੌਜੀ ਅਤੇ ਬਾਗ਼ੀ ਯਹੂਦੀ ਸ਼ਹਿਰ ਤੋਂ ਬਾਹਰ ਸਨ, ਤਾਂ ਮਸੀਹੀ ਯਿਸੂ ਦੀ ਚੇਤਾਵਨੀ ਮੁਤਾਬਕ ਯਰੂਸ਼ਲਮ ਤੋਂ ਦੂਰ ਯਰਦਨ ਦਰਿਆ ਦੇ ਦੂਜੇ ਪਾਸੇ ਪਹਾੜਾਂ ਨੂੰ ਭੱਜ ਗਏ।—ਮੱਤੀ 24:15, 16.

ਅਗਲੇ ਸਾਲ, ਜਨਰਲ ਵੇਸਪੇਸ਼ਨ ਅਤੇ ਉਸ ਦੇ ਪੁੱਤਰ ਟਾਈਟਸ ਦੀ ਅਗਵਾਈ ਅਧੀਨ ਰੋਮੀਆਂ ਨੇ ਦੁਬਾਰਾ ਤੋਂ ਯਹੂਦੀਆਂ ਖ਼ਿਲਾਫ਼ ਮੋਰਚਾ ਬੰਨ੍ਹਿਆ। ਪਰ ਛੇਤੀ ਹੀ 68 ਈਸਵੀ ਵਿਚ ਰੋਮ ਦੇ ਬਾਦਸ਼ਾਹ ਨੀਰੋ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਸੁਣ ਕੇ ਵੇਸਪੇਸ਼ਨ ਰਾਜ-ਗੱਦੀ ਪ੍ਰਾਪਤ ਕਰਨ ਲਈ ਰੋਮ ਵਾਪਸ ਚਲਾ ਗਿਆ, ਪਰ ਯਹੂਦੀਆ ਖ਼ਿਲਾਫ਼ ਫ਼ੌਜੀ ਕਾਰਵਾਈ ਜਾਰੀ ਰੱਖਣ ਦੀ ਜ਼ਿੰਮੇਵਾਰੀ ਉਸ ਨੇ ਆਪਣੇ ਪੁੱਤਰ ਟਾਈਟਸ ਨੂੰ ਦੇ ਦਿੱਤੀ ਜਿਸ ਨਾਲ ਲਗਭਗ 60,000 ਫ਼ੌਜੀ ਸਨ।

70 ਈਸਵੀ ਦੇ ਜੂਨ ਮਹੀਨੇ ਵਿਚ ਟਾਈਟਸ ਨੇ ਫ਼ੌਜੀਆਂ ਨੂੰ ਯਹੂਦੀਆ ਦੇ ਆਲੇ-ਦੁਆਲੇ ਦੇ ਦਰਖ਼ਤ ਕੱਟਣ ਦਾ ਹੁਕਮ ਦਿੱਤਾ ਜਿਨ੍ਹਾਂ ਨੂੰ ਯਰੂਸ਼ਲਮ ਦੇ ਚਾਰ-ਚੁਫੇਰੇ 7 ਕਿਲੋਮੀਟਰ ਲੰਬੀ (4.5 ਮੀਲ) ਵਾੜ ਲਾਉਣ ਲਈ ਵਰਤਿਆ ਗਿਆ ਸੀ। ਲਗਭਗ ਤਿੰਨ ਮਹੀਨਿਆਂ ਬਾਅਦ, ਰੋਮੀਆਂ ਨੇ ਸ਼ਹਿਰ ਅਤੇ ਇਸ ਦੇ ਮੰਦਰ ਨੂੰ ਲੁੱਟ ਲਿਆ ਤੇ ਫਿਰ ਅੱਗ ਲਾ ਦਿੱਤੀ। ਯਿਸੂ ਦੀ ਭਵਿੱਖਬਾਣੀ ਅਨੁਸਾਰ ਉਨ੍ਹਾਂ ਨੇ ਮੰਦਰ ਢਾਹ ਦਿੱਤਾ ਅਤੇ ਉਸ ਵਿਚ ਇਕ ਪੱਥਰ ਉੱਤੇ ਪੱਥਰ ਨਾ ਛੱਡਿਆ। (ਲੂਕਾ 19:43, 44) ਇਕ ਅਨੁਮਾਨ ਮੁਤਾਬਕ ‘ਯਰੂਸ਼ਲਮ ਅਤੇ ਬਾਕੀ ਦੇ ਦੇਸ਼ ਵਿਚ ਘੱਟੋ-ਘੱਟ ਢਾਈ ਤੋਂ ਪੰਜ ਲੱਖ ਲੋਕ ਮਾਰੇ ਗਏ।’

ਇਕ ਸ਼ਾਨਦਾਰ ਜਿੱਤ

ਜਦੋਂ 71 ਈਸਵੀ ਵਿਚ ਟਾਈਟਸ ਇਟਲੀ ਵਾਪਸ ਆਇਆ, ਤਾਂ ਰੋਮੀਆਂ ਨੇ ਉਸ ਦਾ ਸ਼ਾਨਦਾਰ ਸੁਆਗਤ ਕੀਤਾ। ਸ਼ਹਿਰ ਦੇ ਸਾਰੇ ਲੋਕਾਂ ਨੇ ਇਸ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ ਅਤੇ ਪੂਰੇ ਸ਼ਹਿਰ ਵਿਚ ਇਕ ਜਲੂਸ ਕੱਢਿਆ ਗਿਆ। ਰੋਮ ਵਿਚ ਜਿੱਤ ਦਾ ਇੰਨਾ ਸ਼ਾਨਦਾਰ ਜਸ਼ਨ ਪਹਿਲਾਂ ਕਦੇ ਵੀ ਨਹੀਂ ਮਨਾਇਆ ਗਿਆ ਸੀ।

ਇਸ ਜਲੂਸ ਦੌਰਾਨ, ਰੋਮ ਦੀਆਂ ਗਲੀਆਂ ਵਿਚ ਬਹੁਤ ਸਾਰੀਆਂ ਬੇਸ਼ਕੀਮਤੀ ਚੀਜ਼ਾਂ ਦਾ ਪ੍ਰਦਰਸ਼ਨ ਦੇਖ ਕੇ ਲੋਕਾਂ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਲੋਕ ਕਬਜ਼ਾ ਕੀਤੇ ਗਏ ਜਹਾਜ਼ਾਂ, ਯੁੱਧ ਵਿਚ ਹੋਈਆਂ ਘਟਨਾਵਾਂ ਦੀਆਂ ਤਸਵੀਰਾਂ ਅਤੇ ਯਰੂਸ਼ਲਮ ਦੇ ਮੰਦਰ ਵਿੱਚੋਂ ਲੁੱਟੀਆਂ ਚੀਜ਼ਾਂ ਤੋਂ ਆਪਣੀਆਂ ਨਜ਼ਰਾਂ ਹਟਾ ਨਹੀਂ ਪਾ ਰਹੇ ਸਨ।

ਆਪਣੇ ਪਿਤਾ ਵੇਸਪੇਸ਼ਨ ਤੋਂ ਬਾਅਦ, 79 ਈਸਵੀ ਵਿਚ ਟਾਈਟਸ ਬਾਦਸ਼ਾਹ ਬਣਿਆ। ਪਰ ਦੋ ਸਾਲਾਂ ਬਾਅਦ ਟਾਈਟਸ ਦੀ ਅਚਾਨਕ ਮੌਤ ਹੋ ਗਈ। ਫਿਰ ਉਸ ਦੇ ਭਰਾ ਡੋਮਿਸ਼ਨ ਨੇ ਰਾਜ-ਗੱਦੀ ਸੰਭਾਲੀ ਅਤੇ ਉਸ ਨੇ ਟਾਈਟਸ ਦੇ ਸਨਮਾਨ ਵਿਚ ਯਾਦਗਾਰੀ ਗੇਟ ਬਣਵਾਇਆ।

ਅੱਜ ਦੇ ਜ਼ਮਾਨੇ ਵਿਚ ਯਾਦਗਾਰੀ ਗੇਟ

ਅੱਜ ਰੋਮ ਵਿਚ ਆਰਚ ਆਫ਼ ਟਾਈਟਸ

ਹਰ ਸਾਲ ਰੋਮ ਵਿਚ ਆਉਣ ਵਾਲੇ ਹਜ਼ਾਰਾਂ ਹੀ ਸੈਲਾਨੀ ਆਰਚ ਆਫ਼ ਟਾਈਟਸ ਦੀ ਬਹੁਤ ਤਾਰੀਫ਼ ਕਰਦੇ ਹਨ। ਕੁਝ ਲੋਕ ਇਸ ਯਾਦਗਾਰੀ ਗੇਟ ਨੂੰ ਕਲਾ ਦਾ ਸ਼ਾਨਦਾਰ ਨਮੂਨਾ ਸਮਝਦੇ ਹਨ ਤੇ ਕੁਝ ਲੋਕ ਰੋਮੀ ਬਾਦਸ਼ਾਹ ਨੂੰ ਦਿੱਤੀ ਗਈ ਇਕ ਸ਼ਰਧਾਂਜਲੀ ਸਮਝਦੇ ਹਨ, ਪਰ ਕੁਝ ਲੋਕ ਇਸ ਨੂੰ ਯਰੂਸ਼ਲਮ ਤੇ ਉਸ ਦੇ ਮੰਦਰ ਦੀ ਤਬਾਹੀ ਦਾ ਸਮਾਰਕ ਮੰਨਦੇ ਹਨ।

ਪਰ ਬਾਈਬਲ ਨੂੰ ਧਿਆਨ ਨਾਲ ਪੜ੍ਹਨ ਵਾਲੇ ਲੋਕਾਂ ਲਈ ਆਰਚ ਆਫ਼ ਟਾਈਟਸ ਜ਼ਿਆਦਾ ਮਾਅਨੇ ਰੱਖਦਾ ਹੈ। ਇਹ ਖ਼ਾਮੋਸ਼ ਗਵਾਹੀ ਦਿੰਦਾ ਹੈ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਭਰੋਸੇਯੋਗ ਤੇ ਸਹੀ ਹਨ ਅਤੇ ਇਹ ਰੱਬ ਦੀ ਪਵਿੱਤਰ ਸ਼ਕਤੀ ਦੁਆਰਾ ਕੀਤੀਆਂ ਗਈਆਂ ਹਨ।​—2 ਪਤਰਸ 1:19-21.