Skip to content

Skip to table of contents

ਕੀ ਤੁਸੀਂ ਨੂਹ, ਦਾਨੀਏਲ ਅਤੇ ਅੱਯੂਬ ਵਾਂਗ ਯਹੋਵਾਹ ਨੂੰ ਜਾਣਦੇ ਹੋ?

ਕੀ ਤੁਸੀਂ ਨੂਹ, ਦਾਨੀਏਲ ਅਤੇ ਅੱਯੂਬ ਵਾਂਗ ਯਹੋਵਾਹ ਨੂੰ ਜਾਣਦੇ ਹੋ?

‘ਬੁਰੇ ਮਨੁੱਖ ਨਿਆਉਂ ਨੂੰ ਨਹੀਂ ਸਮਝਦੇ, ਪਰੰਤੂ ਯਹੋਵਾਹ ਦੇ ਤਾਲਿਬ ਸਭ ਕੁਝ ਸਮਝਦੇ ਹਨ।’​—ਕਹਾ. 28:5.

ਗੀਤ: 43, 49

1-3. (ੳ) ਇਨ੍ਹਾਂ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਲਈ ਕਿਹੜੀ ਗੱਲ ਸਾਡੀ ਮਦਦ ਕਰੇਗੀ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

ਅੱਜ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ। ਚਾਰੋ ਪਾਸੇ ਦੁਸ਼ਟ ਲੋਕ ਹੀ ਨਜ਼ਰ ਆਉਂਦੇ ਹਨ। “ਦੁਸ਼ਟ ਘਾਹ ਵਾਂਙੁ ਫੁੱਟਦੇ ਹਨ।” (ਜ਼ਬੂ. 92:7) ਇਸ ਕਰਕੇ ਸਾਨੂੰ ਕੋਈ ਹੈਰਾਨੀ ਨਹੀਂ ਹੁੰਦੀ ਜਦੋਂ ਲੋਕ ਪਰਮੇਸ਼ੁਰ ਦੀਆਂ ਗੱਲਾਂ ਨੂੰ ਅਣਗੌਲਿਆਂ ਕਰਦੇ ਹਨ। ਅਜਿਹੇ ਮਾਹੌਲ ਵਿਚ ਰਹਿੰਦਿਆਂ ਅਸੀਂ ‘ਬੁਰਾਈ ਵਿਚ ਨਿਆਣੇ, ਪਰ ਸਮਝ ਵਿਚ ਸਿਆਣੇ’ ਕਿਵੇਂ ਬਣ ਸਕਦੇ ਹਾਂ?​—1 ਕੁਰਿੰ. 14:20.

2 ਇਸ ਸਵਾਲ ਦਾ ਜਵਾਬ ਸਾਨੂੰ ਇਸ ਲੇਖ ਦੇ ਮੁੱਖ ਹਵਾਲੇ ਤੋਂ ਮਿਲਦਾ ਹੈ: “ਯਹੋਵਾਹ ਦੇ ਤਾਲਿਬ ਸਭ ਕੁਝ ਸਮਝਦੇ ਹਨ।” ਇੱਥੇ ‘ਸਭ ਕੁਝ ਸਮਝਣ’ ਦਾ ਮਤਲਬ ਹੈ ਕਿ ਯਹੋਵਾਹ ਦੇ ਸੇਵਕ ਸਾਰੀਆਂ ਗੱਲਾਂ ਨੂੰ ਸਮਝਦੇ ਹਨ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ। (ਕਹਾ. 28:5) ਕਹਾਉਤਾਂ 2:7, 9 ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਸਹੀ ਕੰਮ ਕਰਨ ਵਾਲਿਆਂ ਨੂੰ ਬੁੱਧ ਦਿੰਦਾ ਹੈ। ਇਸ ਬੁੱਧ ਕਰਕੇ ਉਹ ਨਾ ਸਿਰਫ਼ “ਧਰਮ ਅਤੇ ਨਿਆਉਂ ਅਤੇ ਇਨਸਾਫ਼ ਨੂੰ, ਸਗੋਂ ਹਰੇਕ ਭਲੇ ਰਾਹ” ਨੂੰ ਵੀ ਸਮਝਦੇ ਹਨ।

3 ਨੂਹ, ਦਾਨੀਏਲ ਅਤੇ ਅੱਯੂਬ ਨੇ ਇਹੋ ਜਿਹੀ ਬੁੱਧ ਹਾਸਲ ਕੀਤੀ ਸੀ। (ਹਿਜ਼. 14:14) ਅੱਜ ਪਰਮੇਸ਼ੁਰ ਦੇ ਲੋਕਾਂ ਬਾਰੇ ਵੀ ਇਹੀ ਗੱਲ ਸੱਚ ਹੈ। ਪਰ ਤੁਹਾਡੇ ਬਾਰੇ ਕੀ? ਕੀ ਤੁਸੀਂ ਵੀ ਉਹ “ਸਭ ਕੁਝ ਸਮਝਦੇ” ਹੋ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ? ਸਭ ਕੁਝ ਸਮਝਣ ਲਈ ਯਹੋਵਾਹ ਬਾਰੇ ਸਹੀ ਗਿਆਨ ਲੈਣਾ ਜ਼ਰੂਰੀ ਹੈ। ਇਹ ਗੱਲ ਮਨ ਵਿਚ ਰੱਖਦਿਆਂ ਆਓ ਆਪਾਂ ਤਿੰਨ ਗੱਲਾਂ ’ਤੇ ਗੌਰ ਕਰੀਏ (1) ਨੂਹ, ਦਾਨੀਏਲ ਅਤੇ ਅੱਯੂਬ ਨੂੰ ਪਰਮੇਸ਼ੁਰ ਬਾਰੇ ਕਿਵੇਂ ਪਤਾ ਲੱਗਾ, (2) ਉਨ੍ਹਾਂ ਨੂੰ ਇਸ ਗਿਆਨ ਤੋਂ ਕਿਵੇਂ ਫ਼ਾਇਦਾ ਹੋਇਆ ਅਤੇ (3) ਅਸੀਂ ਉਨ੍ਹਾਂ ਵਰਗੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹਾਂ।

ਦੁਸ਼ਟ ਦੁਨੀਆਂ ਵਿਚ ਨੂਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ

4. ਨੂਹ ਨੂੰ ਯਹੋਵਾਹ ਬਾਰੇ ਕਿਵੇਂ ਪਤਾ ਲੱਗਾ? ਸਹੀ ਗਿਆਨ ਹਾਸਲ ਕਰ ਕੇ ਉਸ ਨੂੰ ਕਿਵੇਂ ਫ਼ਾਇਦਾ ਹੋਇਆ?

4 ਨੂਹ ਨੂੰ ਯਹੋਵਾਹ ਬਾਰੇ ਕਿਵੇਂ ਪਤਾ ਲੱਗਾ? ਆਦਮ ਅਤੇ ਹੱਵਾਹ ਦੇ ਬੱਚੇ ਹੋਣ ਤੋਂ ਬਾਅਦ ਹੀ ਇਨਸਾਨਾਂ ਨੇ ਪਰਮੇਸ਼ੁਰ ਬਾਰੇ ਜਾਣਨਾ ਸ਼ੁਰੂ ਕਰ ਦਿੱਤਾ, ਖ਼ਾਸ ਕਰਕੇ ਇਨ੍ਹਾਂ ਤਿੰਨ ਤਰੀਕਿਆਂ ਨਾਲ: ਸ੍ਰਿਸ਼ਟੀ ਨੂੰ ਦੇਖ ਕੇ, ਹੋਰ ਵਫ਼ਾਦਾਰ ਸੇਵਕਾਂ ਤੋਂ ਅਤੇ ਖ਼ੁਦ ਇਹ ਗੱਲ ਅਜ਼ਮਾ ਕੇ ਕਿ ਪਰਮੇਸ਼ੁਰ ਦਾ ਕਹਿਣਾ ਮੰਨ ਕੇ ਕਿੰਨੀਆਂ ਬਰਕਤਾਂ ਮਿਲਦੀਆਂ ਹਨ। (ਯਸਾ. 48:18) ਸ੍ਰਿਸ਼ਟੀ ਨੂੰ ਦੇਖ ਕੇ ਨੂਹ ਨੂੰ ਸਿਰਫ਼ ਪਰਮੇਸ਼ੁਰ ਦੀ ਹੋਂਦ ਬਾਰੇ ਹੀ ਪਤਾ ਨਹੀਂ ਲੱਗਾ, ਸਗੋਂ ਉਸ ਨੂੰ ਪਰਮੇਸ਼ੁਰ ਦੇ ਗੁਣਾਂ ਬਾਰੇ ਵੀ ਪਤਾ ਲੱਗਾ। ਉਸ ਨੂੰ ਇਸ ਗੱਲ ਦਾ ਸਬੂਤ ਮਿਲਿਆ ਕਿ ਪਰਮੇਸ਼ੁਰ ਕੋਲ “ਬੇਅੰਤ ਤਾਕਤ ਹੈ ਅਤੇ ਉਹੀ ਪਰਮੇਸ਼ੁਰ ਹੈ।” (ਰੋਮੀ. 1:20) ਨਤੀਜੇ ਵਜੋਂ, ਨੂਹ ਨੂੰ ਪਰਮੇਸ਼ੁਰ ’ਤੇ ਸਿਰਫ਼ ਵਿਸ਼ਵਾਸ ਹੀ ਨਹੀਂ ਹੋਇਆ, ਸਗੋਂ ਉਸ ਦੀ ਨਿਹਚਾ ਵੀ ਪੱਕੀ ਹੋਈ।

5. ਨੂਹ ਨੇ ਇਨਸਾਨਾਂ ਲਈ ਰੱਖੇ ਪਰਮੇਸ਼ੁਰ ਦੇ ਮਕਸਦ ਬਾਰੇ ਕਿਨ੍ਹਾਂ ਤੋਂ ਸਿੱਖਿਆ?

5 “ਨਿਹਚਾ ਸੰਦੇਸ਼ ਸੁਣਨ ਨਾਲ ਪੈਦਾ ਹੁੰਦੀ ਹੈ।” (ਰੋਮੀ. 10:17) ਨੂਹ ਨੇ ਯਹੋਵਾਹ ਬਾਰੇ ਕਿਨ੍ਹਾਂ ਤੋਂ ਸੁਣਿਆ ਸੀ? ਉਸ ਨੇ ਜ਼ਰੂਰ ਆਪਣੇ ਰਿਸ਼ਤੇਦਾਰਾਂ ਤੋਂ ਸੁਣਿਆ ਹੋਣਾ। ਇਨ੍ਹਾਂ ਰਿਸ਼ਤੇਦਾਰਾਂ ਵਿਚ ਉਸ ਦਾ ਨਿਹਚਾਵਾਨ ਪਿਤਾ ਲਾਮਕ ਵੀ ਸੀ। ਲਾਮਕ ਦੀ ਜ਼ਿੰਦਗੀ ਦੇ ਕੁਝ ਸਾਲਾਂ ਦੌਰਾਨ ਆਦਮ ਵੀ ਜੀਉਂਦਾ ਸੀ। (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) ਇਨ੍ਹਾਂ ਰਿਸ਼ਤੇਦਾਰਾਂ ਵਿਚ ਨੂਹ ਦਾ ਦਾਦਾ ਮਥੂਸਲਹ ਅਤੇ ਨੂਹ ਦੇ ਪਿਤਾ ਦਾ ਪੜਦਾਦਾ ਯਰਦ ਵੀ ਸੀ। ਨੂਹ ਦੇ ਜਨਮ ਤੋਂ 366 ਸਾਲ ਬਾਅਦ ਯਰਦ ਦੀ ਮੌਤ ਹੋ ਗਈ। * (ਲੂਕਾ 3:36, 37) ਸ਼ਾਇਦ ਨੂਹ ਨੇ ਇਨ੍ਹਾਂ ਆਦਮੀਆਂ ਤੇ ਇਨ੍ਹਾਂ ਦੀਆਂ ਪਤਨੀਆਂ ਤੋਂ ਬਹੁਤ ਕੁਝ ਸਿੱਖਿਆ ਹੋਣਾ ਜਿਵੇਂ ਕਿ, ਇਨਸਾਨਾਂ ਦੀ ਸ੍ਰਿਸ਼ਟੀ ਬਾਰੇ, ਧਰਮੀ ਇਨਸਾਨਾਂ ਲਈ ਰੱਖੇ ਪਰਮੇਸ਼ੁਰ ਦੇ ਮਕਸਦ ਬਾਰੇ, ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਤੇ ਇਸ ਦੇ ਬੁਰੇ ਨਤੀਜਿਆਂ ਬਾਰੇ। (ਉਤ. 1:28; 3:16-19, 24) ਇਸ ਸਿੱਖਿਆ ਦਾ ਨੂਹ ਦੇ ਦਿਲ ’ਤੇ ਗਹਿਰਾ ਅਸਰ ਹੋਇਆ ਜਿਸ ਕਰਕੇ ਉਹ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦਾ ਸੀ।​—ਉਤ. 6:9.

6, 7. ਉਮੀਦ ਰੱਖਣ ਨਾਲ ਨੂਹ ਦੀ ਨਿਹਚਾ ਕਿਵੇਂ ਪੱਕੀ ਹੋਈ?

6 ਉਮੀਦ ਰੱਖਣ ਨਾਲ ਨਿਹਚਾ ਮਜ਼ਬੂਤ ਹੁੰਦੀ ਹੈ। ਸੋਚੋ ਕਿ ਨੂਹ ਦੀ ਨਿਹਚਾ ਕਿੰਨੀ ਮਜ਼ਬੂਤ ਹੋਈ ਹੋਣੀ ਜਦੋਂ ਉਸ ਨੂੰ ਆਪਣੇ ਨਾਂ ਦਾ ਮਤਲਬ ਪਤਾ ਲੱਗਾ ਹੋਣਾ। ਉਸ ਦੇ ਨਾਂ ਦਾ ਮਤਲਬ ਸ਼ਾਇਦ ਆਰਾਮ ਜਾਂ ਦਿਲਾਸਾ ਸੀ। (ਉਤ. 5:29) ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਲਾਮਕ ਨੇ ਕਿਹਾ: ‘ਨੂਹ ਸਾਨੂੰ ਸਾਡੇ ਹੱਥਾਂ ਦੀ ਸਖਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੋਈ ਹੈ ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਹੈ ਸ਼ਾਂਤ ਦੇਵੇਗਾ।’ ਨੂਹ ਨੇ ਪਰਮੇਸ਼ੁਰ ’ਤੇ ਉਮੀਦ ਰੱਖੀ। ਹਾਬਲ ਅਤੇ ਹਨੋਕ ਵਾਂਗ ਉਸ ਨੂੰ ਵੀ ਉਸ “ਸੰਤਾਨ” ਉੱਤੇ ਨਿਹਚਾ ਸੀ ਜਿਸ ਨੇ ਸੱਪ ਦੇ ‘ਸਿਰ ਨੂੰ ਫੇਹਣਾ’ ਸੀ।​—ਉਤ. 3:15.

7 ਚਾਹੇ ਨੂਹ ਨੂੰ ਉਤਪਤ 3:15 ਦੀ ਭਵਿੱਖਬਾਣੀ ਪੂਰੀ ਤਰ੍ਹਾਂ ਸਮਝ ਨਹੀਂ ਆਈ, ਪਰ ਫਿਰ ਵੀ ਉਸ ਨੂੰ ਇਸ ਤੋਂ ਮੁਕਤੀ ਦੀ ਉਮੀਦ ਜ਼ਰੂਰ ਮਿਲੀ ਹੋਣੀ। ਹਨੋਕ ਨੇ ਵੀ ਇਹੋ ਜਿਹੇ ਸੰਦੇਸ਼ ਦਾ ਪ੍ਰਚਾਰ ਕੀਤਾ। ਉਸ ਨੇ ਕਿਹਾ ਕਿ ਯਹੋਵਾਹ ਦੁਸ਼ਟ ਲੋਕਾਂ ਨੂੰ ਸਜ਼ਾ ਦੇਵੇਗਾ। (ਯਹੂ. 14, 15) ਹਨੋਕ ਦੀ ਭਵਿੱਖਬਾਣੀ ਤੋਂ ਨੂਹ ਦੀ ਨਿਹਚਾ ਅਤੇ ਉਮੀਦ ਜ਼ਰੂਰ ਪੱਕੀ ਹੋਈ ਹੋਣੀ, ਚਾਹੇ ਇਹ ਭਵਿੱਖਬਾਣੀ ਆਰਮਾਗੇਡਨ ’ਤੇ ਹੀ ਪੂਰੀ ਤਰ੍ਹਾਂ ਸੱਚ ਸਾਬਤ ਹੋਵੇਗੀ।

8. ਪਰਮੇਸ਼ੁਰ ਬਾਰੇ ਸਹੀ ਗਿਆਨ ਲੈਣ ਨਾਲ ਨੂਹ ਦਾ ਬਚਾਅ ਕਿਵੇਂ ਹੋਇਆ?

8 ਪਰਮੇਸ਼ੁਰ ਬਾਰੇ ਸਹੀ ਗਿਆਨ ਲੈ ਕੇ ਨੂਹ ਨੂੰ ਕਿਵੇਂ ਫ਼ਾਇਦਾ ਹੋਇਆ? ਨੂਹ ਨੇ ਨਿਹਚਾ ਅਤੇ ਪਰਮੇਸ਼ੁਰੀ ਬੁੱਧ ਪੈਦਾ ਕੀਤੀ। ਇਹ ਗੁਣ ਪੈਦਾ ਕਰਨ ਨਾਲ ਉਸ ਦਾ ਬਚਾਅ ਹੋਇਆ। ਉਹ ਖ਼ਾਸ ਕਰਕੇ ਉਨ੍ਹਾਂ ਕੰਮਾਂ ਤੋਂ ਬਚਿਆ ਰਿਹਾ ਜਿਨ੍ਹਾਂ ਤੋਂ ਯਹੋਵਾਹ ਨਾਰਾਜ਼ ਹੋ ਸਕਦਾ ਸੀ। ਮਿਸਾਲ ਲਈ, “ਨੂਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ” ਯਾਨੀ ਉਹ ਦੁਸ਼ਟ ਲੋਕਾਂ ਤੋਂ ਦੂਰ ਰਹਿੰਦਾ ਸੀ। ਉਹ ਅੰਧ-ਵਿਸ਼ਵਾਸੀ ਲੋਕਾਂ ਵਾਂਗ ਇਨਸਾਨੀ ਸਰੀਰ ਧਾਰ ਕੇ ਆਏ ਦੁਸ਼ਟ ਦੂਤਾਂ ਮਗਰ ਨਹੀਂ ਲੱਗਾ। ਲੋਕ ਇਨ੍ਹਾਂ ਦੁਸ਼ਟ ਦੂਤਾਂ ਦੀ ਤਾਕਤ ਦੇਖ ਕੇ ਸ਼ਾਇਦ ਇਨ੍ਹਾਂ ਨੂੰ ਰੱਬ ਦਾ ਦਰਜਾ ਦੇਣ ਲੱਗੇ। (ਉਤ. 6:1-4, 9) ਨੂਹ ਇਹ ਵੀ ਜਾਣਦਾ ਸੀ ਕਿ ਸਿਰਫ਼ ਇਨਸਾਨਾਂ ਨੂੰ ਬੱਚੇ ਪੈਦਾ ਕਰਨ ਅਤੇ ਧਰਤੀ ਨੂੰ ਭਰਨ ਦਾ ਹੁਕਮ ਦਿੱਤਾ ਗਿਆ ਸੀ। (ਉਤ. 1:27, 28) ਇਸ ਲਈ ਉਸ ਨੂੰ ਜ਼ਰੂਰ ਪਤਾ ਹੋਣਾ ਕਿ ਇਨਸਾਨਾਂ ਅਤੇ ਦੂਤਾਂ ਵਿਚ ਸਰੀਰਕ ਸੰਬੰਧ ਬਣਾਉਣੇ ਗ਼ੈਰ-ਕੁਦਰਤੀ ਅਤੇ ਗ਼ਲਤ ਸਨ। ਇਹ ਗੱਲ ਉਨ੍ਹਾਂ ਦੀ ਦੋਗਲੀ ਔਲਾਦ ਤੋਂ ਸਾਫ਼ ਜ਼ਾਹਰ ਹੋਈ। ਆਖ਼ਰਕਾਰ ਪਰਮੇਸ਼ੁਰ ਨੇ ਨੂਹ ਨੂੰ ਕਿਹਾ ਕਿ ਉਹ ਧਰਤੀ ਉੱਤੇ ਜਲ-ਪਰਲੋ ਲਿਆਉਣ ਵਾਲਾ ਸੀ। ਨੂਹ ਦੀ ਨਿਹਚਾ ਇੰਨੀ ਪੱਕੀ ਸੀ ਕਿ ਚੇਤਾਵਨੀ ਮਿਲਣ ’ਤੇ ਉਸ ਨੇ ਕਿਸ਼ਤੀ ਬਣਾਈ ਅਤੇ ਆਪਣੇ ਪਰਿਵਾਰ ਨੂੰ ਬਚਾਇਆ।​—ਇਬ. 11:7.

9, 10. ਅਸੀਂ ਨੂਹ ਵਰਗੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹਾਂ?

9 ਅਸੀਂ ਨੂਹ ਵਰਗੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹਾਂ? ਪਰਮੇਸ਼ੁਰ ਦੇ ਬਚਨ ਦਾ ਚੰਗੀ ਤਰ੍ਹਾਂ ਅਧਿਐਨ ਕਰੋ, ਸਿੱਖੀਆਂ ਗੱਲਾਂ ਨੂੰ ਆਪਣੇ ਦਿਲ ਵਿਚ ਬਿਠਾਓ, ਇਸ ਮੁਤਾਬਕ ਆਪਣੇ ਵਿਚ ਤਬਦੀਲੀਆਂ ਕਰੋ ਅਤੇ ਚੰਗੇ ਫ਼ੈਸਲੇ ਕਰੋ। (1 ਪਤ. 1:13-15) ਨਿਹਚਾ ਅਤੇ ਪਰਮੇਸ਼ੁਰੀ ਬੁੱਧ ਪੈਦਾ ਕਰਨ ਨਾਲ ਅਸੀਂ ਸ਼ੈਤਾਨ ਦੀਆਂ ਚਾਲਾਂ ਅਤੇ ਇਸ ਦੁਨੀਆਂ ਦੀ ਦੁਸ਼ਟ ਸੋਚ ਤੋਂ ਬਚੇ ਰਹਾਂਗੇ। (2 ਕੁਰਿੰ. 2:11) ਇਸ ਸੋਚ ਕਰਕੇ ਲੋਕਾਂ ਨੂੰ ਖ਼ੂਨ-ਖ਼ਰਾਬੇ ਅਤੇ ਹਰਾਮਕਾਰੀ ਤੋਂ ਇਲਾਵਾ ਕੁਝ ਨਹੀਂ ਸੁੱਝਦਾ। ਨਾਲੇ ਇਹ ਸੋਚ ਲੋਕਾਂ ਨੂੰ ਆਪਣੀਆਂ ਹੀ ਇੱਛਾਵਾਂ ਪੂਰੀਆਂ ਕਰਨ ਲਈ ਉਕਸਾਉਂਦੀ ਹੈ। (1 ਯੂਹੰ. 2:15, 16) ਲੋਕ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੰਦੇ ਕਿ ਪਰਮੇਸ਼ੁਰ ਦਾ ਦਿਨ ਬਹੁਤ ਨੇੜੇ ਹੈ। ਜੇ ਅਸੀਂ ਨਿਹਚਾ ਵਿਚ ਕਮਜ਼ੋਰ ਹੋ ਜਾਈਏ, ਤਾਂ ਇਹ ਸੋਚ ਸਾਡੇ ਉੱਤੇ ਵੀ ਹਾਵੀ ਹੋ ਸਕਦੀ ਹੈ। ਧਿਆਨ ਦਿਓ ਕਿ ਯਿਸੂ ਨੇ ਨੂਹ ਦੇ ਦਿਨਾਂ ਅਤੇ ਸਾਡੇ ਦਿਨਾਂ ਦੀ ਤੁਲਨਾ ਕਰਦਿਆਂ ਇਹ ਨਹੀਂ ਕਿਹਾ ਕਿ ਲੋਕ ਖ਼ੂਨ-ਖ਼ਰਾਬੇ ਜਾਂ ਹਰਾਮਕਾਰੀ ਵਿਚ ਰੁੱਝੇ ਹੋਣਗੇ, ਸਗੋਂ ਇਹ ਕਿਹਾ ਕਿ ਲੋਕ ਪਰਮੇਸ਼ੁਰ ਦੀ ਭਗਤੀ ਵੱਲ ਕੋਈ ਧਿਆਨ ਨਹੀਂ ਦੇਣਗੇ।​—ਮੱਤੀ 24:36-39 ਪੜ੍ਹੋ।

10 ਆਪਣੇ ਆਪ ਤੋਂ ਪੁੱਛੋ, ‘ਕੀ ਮੇਰੀ ਜ਼ਿੰਦਗੀ ਦੇ ਤੌਰ-ਤਰੀਕਿਆਂ ਤੋਂ ਪਤਾ ਲੱਗਦਾ ਹੈ ਕਿ ਮੈਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ? ਕੀ ਮੇਰੀ ਨਿਹਚਾ ਮੈਨੂੰ ਪ੍ਰੇਰਦੀ ਹੈ ਕਿ ਮੈਂ ਪਰਮੇਸ਼ੁਰ ਦੇ ਉੱਚੇ-ਸੁੱਚੇ ਮਿਆਰਾਂ ’ਤੇ ਚੱਲਾਂ ਅਤੇ ਦੂਜਿਆਂ ਨੂੰ ਇਨ੍ਹਾਂ ਬਾਰੇ ਦੱਸਾਂ?’ ਤੁਹਾਡੇ ਜਵਾਬਾਂ ਤੋਂ ਪਤਾ ਲੱਗੇਗਾ ਕਿ ਤੁਸੀਂ ‘ਪਰਮੇਸ਼ੁਰ ਦੇ ਨਾਲ-ਨਾਲ’ ਚੱਲਦੇ ਹੋ ਜਾਂ ਨਹੀਂ।

ਦਾਨੀਏਲ ਨੇ ਬਾਬਲ ਵਿਚ ਪਰਮੇਸ਼ੁਰੀ ਬੁੱਧ ਦਿਖਾਈ

11. (ੳ) ਪਰਮੇਸ਼ੁਰ ਲਈ ਦਾਨੀਏਲ ਦੇ ਪਿਆਰ ਤੋਂ ਉਸ ਦੇ ਮਾਪਿਆਂ ਬਾਰੇ ਕੀ ਪਤਾ ਲੱਗਦਾ ਹੈ? (ਅ) ਤੁਸੀਂ ਦਾਨੀਏਲ ਦੇ ਕਿਹੜੇ ਗੁਣ ਦੀ ਰੀਸ ਕਰਨੀ ਚਾਹੋਗੇ?

11 ਦਾਨੀਏਲ ਨੂੰ ਯਹੋਵਾਹ ਬਾਰੇ ਕਿਵੇਂ ਪਤਾ ਲੱਗਾ? ਜ਼ਰੂਰ ਦਾਨੀਏਲ ਦੇ ਮਾਪਿਆਂ ਨੇ ਉਸ ਨੂੰ ਯਹੋਵਾਹ ਬਾਰੇ ਸਿਖਾਇਆ ਹੋਣਾ। ਉਨ੍ਹਾਂ ਨੇ ਉਸ ਨੂੰ ਪਰਮੇਸ਼ੁਰ ਅਤੇ ਉਸ ਦੇ ਬਚਨ ਨਾਲ ਪਿਆਰ ਕਰਨਾ ਸਿਖਾਇਆ ਹੋਣਾ। ਬੁਢਾਪੇ ਵਿਚ ਵੀ ਉਸ ਦਾ ਪਿਆਰ ਯਹੋਵਾਹ ਲਈ ਠੰਢਾ ਨਹੀਂ ਪਿਆ। (ਦਾਨੀ. 9:1, 2) ਦਾਨੀਏਲ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਯਹੋਵਾਹ ਨੇ ਇਜ਼ਰਾਈਲੀਆਂ ਲਈ ਕਿੰਨਾ ਕੁਝ ਕੀਤਾ ਸੀ। ਇਹ ਸਾਰੀਆਂ ਗੱਲਾਂ ਸਾਨੂੰ ਦਾਨੀਏਲ 9:3-19 ਵਿਚ ਲਿਖੀ ਉਸ ਦੀ ਪ੍ਰਾਰਥਨਾ ਤੋਂ ਪਤਾ ਲੱਗਦੀਆਂ ਹਨ। ਉਸ ਦੀ ਦਿਲੋਂ ਕੀਤੀ ਪ੍ਰਾਰਥਨਾ ਪੜ੍ਹੋ ਅਤੇ ਉਸ ’ਤੇ ਸੋਚ-ਵਿਚਾਰ ਕਰੋ। ਆਪਣੇ ਆਪ ਤੋਂ ਪੁੱਛੋ: ‘ਇਸ ਪ੍ਰਾਰਥਨਾ ਤੋਂ ਮੈਨੂੰ ਦਾਨੀਏਲ ਬਾਰੇ ਕੀ ਪਤਾ ਲੱਗਦਾ ਹੈ?’

12-14. (ੳ) ਦਾਨੀਏਲ ਨੇ ਪਰਮੇਸ਼ੁਰੀ ਬੁੱਧ ਕਿਵੇਂ ਦਿਖਾਈ? (ਅ) ਯਹੋਵਾਹ ਨੇ ਦਾਨੀਏਲ ਦੀ ਵਫ਼ਾਦਾਰੀ ਅਤੇ ਦਲੇਰੀ ਕਰਕੇ ਉਸ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ?

12 ਪਰਮੇਸ਼ੁਰ ਬਾਰੇ ਸਹੀ ਗਿਆਨ ਲੈ ਕੇ ਦਾਨੀਏਲ ਨੂੰ ਕਿਵੇਂ ਫ਼ਾਇਦਾ ਹੋਇਆ? ਵਫ਼ਾਦਾਰ ਯਹੂਦੀਆਂ ਲਈ ਝੂਠੇ ਧਰਮਾਂ ਨਾਲ ਭਰੇ ਬਾਬਲ ਵਿਚ ਪਰਮੇਸ਼ੁਰ ਦੀ ਭਗਤੀ ਕਰਨੀ ਸੌਖੀ ਨਹੀਂ ਸੀ। ਮਿਸਾਲ ਲਈ, ਯਹੋਵਾਹ ਨੇ ਯਹੂਦੀਆਂ ਨੂੰ ਕਿਹਾ: “ਉਸ ਸ਼ਹਿਰ ਲਈ ਸ਼ਾਂਤੀ ਭਾਲੋ ਜਿੱਥੇ ਮੈਂ ਤੁਹਾਨੂੰ ਅਸੀਰ ਕਰ ਕੇ ਘੱਲਿਆ ਹੈ।” (ਯਿਰ. 29:7) ਪਰ ਇਸ ਦੇ ਨਾਲ-ਨਾਲ ਉਸ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਯਹੂਦੀ ਪੂਰੇ ਦਿਲ ਨਾਲ ਸਿਰਫ਼ ਉਸ ਦੀ ਹੀ ਭਗਤੀ ਕਰਨ। (ਕੂਚ 34:14) ਦਾਨੀਏਲ ਨੇ ਇਨ੍ਹਾਂ ਦੋਹਾਂ ਹੁਕਮਾਂ ਦੀ ਪਾਲਣਾ ਕਿਵੇਂ ਕੀਤੀ? ਪਰਮੇਸ਼ੁਰੀ ਬੁੱਧ ਨੇ ਉਸ ਦੀ ਮਦਦ ਕੀਤੀ ਕਿ ਉਹ ਪਹਿਲਾ ਪਰਮੇਸ਼ੁਰ ਦਾ ਹੁਕਮ ਮੰਨੇ ਅਤੇ ਬਾਅਦ ਵਿਚ ਇਨਸਾਨਾਂ ਦਾ। ਸੈਂਕੜੇ ਸਾਲ ਬਾਅਦ ਯਿਸੂ ਨੇ ਵੀ ਇਸੇ ਅਸੂਲ ਬਾਰੇ ਸਿਖਾਇਆ।​—ਲੂਕਾ 20:25.

13 ਸੋਚੋ ਕਿ ਦਾਨੀਏਲ ਨੇ ਉਦੋਂ ਕੀ ਕੀਤਾ ਜਦੋਂ ਉਸ ਨੂੰ ਪਤਾ ਲੱਗਾ ਕਿ 30 ਦਿਨਾਂ ਲਈ ਰਾਜੇ ਤੋਂ ਸਿਵਾਇ ਹੋਰ ਕਿਸੇ ਵੀ ਦੇਵਤੇ ਜਾਂ ਇਨਸਾਨ ਨੂੰ ਪ੍ਰਾਰਥਨਾ ਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ। (ਦਾਨੀਏਲ 6:7-10 ਪੜ੍ਹੋ।) ਦਾਨੀਏਲ ਇਹ ਬਹਾਨਾ ਬਣਾ ਸਕਦਾ ਸੀ: ‘ਸਿਰਫ਼ 30 ਦਿਨਾਂ ਦੀ ਗੱਲ ਹੈ।’ ਪਰ ਦਾਨੀਏਲ ਨੇ ਇਨਸਾਨੀ ਕਾਨੂੰਨ ਨੂੰ ਪਰਮੇਸ਼ੁਰ ਦੀ ਭਗਤੀ ਨਾਲੋਂ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ। ਉਹ ਲੁਕ-ਛਿਪ ਕੇ ਵੀ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦਾ ਸੀ। ਉਸ ਨੂੰ ਪਤਾ ਸੀ ਕਿ ਹਰ-ਰੋਜ਼ ਪ੍ਰਾਰਥਨਾ ਕਰਨ ਦੀ ਉਸ ਦੀ ਆਦਤ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਨਹੀਂ ਸੀ। ਸੋ ਭਾਵੇਂ ਦਾਨੀਏਲ ਦੀ ਜਾਨ ਨੂੰ ਖ਼ਤਰਾ ਸੀ, ਪਰ ਫਿਰ ਵੀ ਉਹ ਆਦਤ ਅਨੁਸਾਰ ਪ੍ਰਾਰਥਨਾ ਕਰਦਾ ਰਿਹਾ। ਉਹ ਇਹ ਨਹੀਂ ਸੀ ਚਾਹੁੰਦਾ ਕਿ ਲੋਕ ਸੋਚਣ ਕਿ ਉਹ ਭਗਤੀ ਦੇ ਮਾਮਲੇ ਵਿਚ ਸਮਝੌਤਾ ਕਰ ਰਿਹਾ ਸੀ।

14 ਯਹੋਵਾਹ ਨੇ ਦਾਨੀਏਲ ਦੀ ਵਫ਼ਾਦਾਰੀ ਅਤੇ ਦਲੇਰੀ ਕਰਕੇ ਉਸ ਨੂੰ ਬਰਕਤਾਂ ਦਿੱਤੀਆਂ। ਉਸ ਨੇ ਚਮਤਕਾਰ ਕਰ ਕੇ ਦਾਨੀਏਲ ਨੂੰ ਸ਼ੇਰਾਂ ਦੇ ਮੂੰਹ ਤੋਂ ਬਚਾਇਆ। ਨਤੀਜੇ ਵਜੋਂ, ਮਾਦੀ-ਫਾਰਸੀ ਸਾਮਰਾਜ ਦੇ ਕੋਨੇ-ਕੋਨੇ ਵਿਚ ਲੋਕਾਂ ਨੂੰ ਯਹੋਵਾਹ ਦੇ ਸ਼ਾਨਦਾਰ ਕੰਮਾਂ ਦੀ ਗਵਾਹੀ ਮਿਲੀ।—ਦਾਨੀ. 6:25-27.

15. ਅਸੀਂ ਦਾਨੀਏਲ ਵਰਗੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹਾਂ?

15 ਅਸੀਂ ਦਾਨੀਏਲ ਵਰਗੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹਾਂ? ਸਿਰਫ਼ ਬਾਈਬਲ ਪੜ੍ਹਨੀ ਹੀ ਕਾਫ਼ੀ ਨਹੀਂ, ਸਗੋਂ ‘ਇਸ ਦਾ ਮਤਲਬ ਸਮਝਣਾ’ ਵੀ ਜ਼ਰੂਰੀ ਹੈ। (ਮੱਤੀ 13:23) ਅਸੀਂ ਹਰ ਮਾਮਲੇ ਬਾਰੇ ਯਹੋਵਾਹ ਦੀ ਸੋਚ ਅਤੇ ਬਾਈਬਲ ਦੇ ਅਸੂਲਾਂ ਨੂੰ ਸਮਝਣਾ ਚਾਹੁੰਦੇ ਹਾਂ। ਇਸ ਲਈ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰੋ, ਬਾਕਾਇਦਾ ਦਿਲੋਂ ਪ੍ਰਾਰਥਨਾ ਕਰੋ ਖ਼ਾਸ ਕਰਕੇ ਮੁਸ਼ਕਲ ਹਾਲਾਤਾਂ ਵਿਚ। ਯਹੋਵਾਹ ਖੁੱਲ੍ਹੇ ਦਿਲ ਨਾਲ ਉਨ੍ਹਾਂ ਨੂੰ ਬੁੱਧ ਅਤੇ ਤਾਕਤ ਦਿੰਦਾ ਹੈ ਜੋ ਪੂਰੀ ਨਿਹਚਾ ਨਾਲ ਉਸ ਨੂੰ ਪ੍ਰਾਰਥਨਾ ਕਰਦੇ ਹਾਂ।​—ਯਾਕੂ. 1:5.

ਅੱਯੂਬ ਚੰਗੇ-ਮਾੜੇ ਹਾਲਾਤਾਂ ਵਿਚ ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲਿਆ

16, 17. ਅੱਯੂਬ ਨੂੰ ਪਰਮੇਸ਼ੁਰ ਬਾਰੇ ਸਹੀ ਗਿਆਨ ਕਿੱਥੋਂ ਮਿਲਿਆ?

16 ਅੱਯੂਬ ਨੂੰ ਯਹੋਵਾਹ ਬਾਰੇ ਕਿਵੇਂ ਪਤਾ ਲੱਗਾ? ਅੱਯੂਬ ਇਜ਼ਰਾਈਲੀ ਨਹੀਂ ਸੀ, ਪਰ ਉਹ ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਦੂਰ ਦਾ ਰਿਸ਼ਤੇਦਾਰ ਸੀ। ਯਹੋਵਾਹ ਨੇ ਇਨ੍ਹਾਂ ਨੂੰ ਆਪਣੇ ਬਾਰੇ ਅਤੇ ਇਨਸਾਨਾਂ ਲਈ ਰੱਖੇ ਆਪਣੇ ਮਕਸਦ ਬਾਰੇ ਦੱਸਿਆ ਸੀ। ਕਿਸੇ-ਨਾ-ਕਿਸੇ ਰਾਹੀਂ ਅੱਯੂਬ ਨੂੰ ਯਹੋਵਾਹ ਬਾਰੇ ਇਹ ਅਣਮੋਲ ਸੱਚਾਈਆਂ ਪਤਾ ਲੱਗੀਆਂ। (ਅੱਯੂ. 23:12) ਅੱਯੂਬ ਨੇ ਕਿਹਾ: “ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ।” (ਅੱਯੂ. 42:5) ਇਸ ਤੋਂ ਇਲਾਵਾ, ਯਹੋਵਾਹ ਨੇ ਕਿਹਾ ਕਿ ਅੱਯੂਬ ਨੇ ਉਸ ਬਾਰੇ ਸੱਚ ਬੋਲਿਆ।​—ਅੱਯੂ. 42:7, 8.

ਸ੍ਰਿਸ਼ਟੀ ਤੋਂ ਪਰਮੇਸ਼ੁਰ ਦੇ ਗੁਣ ਦੇਖ ਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ (ਪੈਰਾ 17 ਦੇਖੋ)

17 ਅੱਯੂਬ ਨੂੰ ਸ੍ਰਿਸ਼ਟੀ ਤੋਂ ਪਰਮੇਸ਼ੁਰ ਦੇ ਗੁਣਾਂ ਬਾਰੇ ਵੀ ਪਤਾ ਲੱਗਾ। (ਅੱਯੂ. 12:7-9, 13) ਅਲੀਹੂ ਅਤੇ ਯਹੋਵਾਹ ਨੇ ਅੱਯੂਬ ਦਾ ਧਿਆਨ ਸ੍ਰਿਸ਼ਟੀ ਦੀਆਂ ਚੀਜ਼ਾਂ ਵੱਲ ਖਿੱਚ ਕੇ ਯਾਦ ਕਰਾਇਆ ਕਿ ਪਰਮੇਸ਼ੁਰ ਦੀ ਤੁਲਨਾ ਵਿਚ ਇਨਸਾਨ ਕੁਝ ਵੀ ਨਹੀਂ। (ਅੱਯੂ. 37:14; 38:1-4) ਪਰਮੇਸ਼ੁਰ ਦੀਆਂ ਗੱਲਾਂ ਨੇ ਅੱਯੂਬ ਦੇ ਦਿਲ ’ਤੇ ਇਨ੍ਹਾਂ ਅਸਰ ਕੀਤਾ ਕਿ ਉਸ ਨੇ ਕਿਹਾ: “ਮੈਂ ਜਾਣਦਾ ਹਾਂ ਭਈ ਤੂੰ ਸਭ ਕੁਝ ਕਰ ਸੱਕਦਾ ਹੈਂ, ਅਤੇ ਤੇਰਾ ਕੋਈ ਪਰੋਜਨ ਰੁਕ ਨਹੀਂ ਸੱਕਦਾ। . . . ਮੈਂ ਖ਼ਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ!।”​—ਅੱਯੂ. 42:2, 6.

18, 19. ਅੱਯੂਬ ਨੇ ਕਿੱਦਾਂ ਦਿਖਾਇਆ ਕਿ ਉਹ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦਾ ਸੀ?

18 ਪਰਮੇਸ਼ੁਰ ਬਾਰੇ ਸਹੀ ਗਿਆਨ ਲੈ ਕੇ ਅੱਯੂਬ ਨੂੰ ਕਿਵੇਂ ਫ਼ਾਇਦਾ ਹੋਇਆ? ਅੱਯੂਬ ਪਰਮੇਸ਼ੁਰ ਦੇ ਅਸੂਲਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਉਹ ਯਹੋਵਾਹ ਬਾਰੇ ਵੀ ਚੰਗੀ ਤਰ੍ਹਾਂ ਜਾਣਦਾ ਸੀ ਇਸ ਕਰਕੇ ਉਸ ਨੇ ਸਹੀ ਕੰਮ ਕੀਤੇ। ਮਿਸਾਲ ਲਈ, ਉਹ ਜਾਣਦਾ ਸੀ ਕਿ ਜੇ ਉਹ ਆਪਣੇ ਗੁਆਂਢੀ ਨਾਲ ਪਿਆਰ ਨਹੀਂ ਕਰਦਾ, ਤਾਂ ਉਹ ਪਰਮੇਸ਼ੁਰ ਨਾਲ ਪਿਆਰ ਕਿਵੇਂ ਕਰ ਸਕਦਾ ਸੀ। (ਅੱਯੂ. 6:14) ਉਸ ਨੇ ਕਦੀ ਨਹੀਂ ਸੋਚਿਆ ਕਿ ਉਹ ਦੂਜਿਆਂ ਨਾਲੋਂ ਬਿਹਤਰ ਸੀ, ਸਗੋਂ ਉਹ ਗ਼ਰੀਬਾਂ ਅਤੇ ਅਮੀਰਾਂ ਨਾਲ ਭਰਾਵਾਂ ਵਾਂਗ ਪੇਸ਼ ਆਉਂਦਾ ਸੀ। ਉਸ ਨੇ ਕਿਹਾ: “ਜਿਹ ਨੇ ਮੈਨੂੰ ਕੁੱਖ ਵਿੱਚ ਬਣਾਇਆ, ਕੀ ਉਹ ਨੇ ਉਸ ਨੂੰ ਵੀ ਨਹੀਂ ਬਣਾਇਆ?” (ਅੱਯੂ. 31:13-22) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਮੀਰ ਅਤੇ ਤਾਕਤਵਰ ਹੋਣ ਦੇ ਬਾਵਜੂਦ ਵੀ ਅੱਯੂਬ ਘਮੰਡੀ ਨਹੀਂ ਬਣਿਆ ਤੇ ਨਾ ਹੀ ਉਸ ਨੇ ਦੂਜਿਆਂ ਨੂੰ ਨੀਵਾਂ ਸਮਝਿਆ। ਸੱਚ-ਮੁੱਚ ਉਹ ਅੱਜ ਦੇ ਅਮੀਰਾਂ ਅਤੇ ਤਾਕਤਵਰ ਲੋਕਾਂ ਤੋਂ ਕਿੰਨਾ ਵੱਖਰਾ ਸੀ!

19 ਅੱਯੂਬ ਹਰ ਤਰ੍ਹਾਂ ਦੀ ਮੂਰਤੀ-ਪੂਜਾ ਤੋਂ ਦੂਰ ਰਹਿੰਦਾ ਸੀ। ਉਸ ਨੇ ਆਪਣੇ ਦਿਲ ਵਿਚ ਇਹੋ ਜਿਹੇ ਖ਼ਿਆਲ ਵੀ ਨਹੀਂ ਆਉਣ ਦਿੱਤੇ। ਉਹ ਜਾਣਦਾ ਸੀ ਕਿ ਧਨ-ਦੌਲਤ ਦਾ ਲੋਭ ਮੂਰਤੀ-ਪੂਜਾ ਦੇ ਬਰਾਬਰ ਹੈ। ਜੇ ਉਹ ਇਸ ਤਰ੍ਹਾਂ ਕਰਦਾ, ਤਾਂ ਉਸ ਨੇ “ਸੁਰਗੀ ਪਰਮੇਸ਼ੁਰ ਦਾ ਇਨਕਾਰ ਕਰ ਦਿੱਤਾ ਹੁੰਦਾ।” (ਅੱਯੂਬ 31:24-28 ਪੜ੍ਹੋ।) ਇਸ ਦੇ ਨਾਲ-ਨਾਲ ਉਹ ਜਾਣਦਾ ਸੀ ਕਿ ਵਿਆਹ ਇਕ ਪਵਿੱਤਰ ਬੰਧਨ ਹੈ। ਉਸ ਨੇ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਸੀ ਕਿ ਉਹ ਕਦੀ ਵੀ ਗੰਦੀ ਨਜ਼ਰ ਨਾਲ ਕੁਆਰੀ ਵੱਲ ਨਹੀਂ ਦੇਖੇਗਾ। (ਅੱਯੂ. 31:1) ਇਹ ਗੱਲ ਯਾਦ ਰੱਖੋ ਕਿ ਇਹ ਉਸ ਸਮਾਂ ਸੀ ਜਦੋਂ ਪਰਮੇਸ਼ੁਰ ਇਕ ਤੋਂ ਵਧ ਵਿਆਹ ਹੋਣ ਦਿੰਦਾ ਸੀ। ਸੋ ਜੇ ਅੱਯੂਬ ਚਾਹੁੰਦਾ, ਤਾਂ ਉਹ ਇਕ ਤੋਂ ਵੱਧ ਵਿਆਹ ਕਰਾ ਸਕਦਾ ਸੀ। * ਪਰ ਉਹ ਸ਼ਾਇਦ ਜਾਣਦਾ ਸੀ ਕਿ ਯਹੋਵਾਹ ਨੇ ਪਹਿਲਾ ਵਿਆਹ ਇਕ ਆਦਮੀ ਅਤੇ ਔਰਤ ਦਾ ਕਰਵਾਇਆ ਸੀ। ਸੋ ਲੱਗਦਾ ਹੈ ਕਿ ਅੱਯੂਬ ਨੇ ਸਿਰਫ਼ ਇੱਕੋ ਹੀ ਵਿਆਹ ਕੀਤਾ ਸੀ। (ਉਤ. 2:18, 24) ਲਗਭਗ 1,600 ਸਾਲ ਬਾਅਦ ਯਿਸੂ ਨੇ ਵੀ ਇਸ ਅਸੂਲ ਬਾਰੇ ਸਿਖਾਉਂਦਿਆਂ ਕਿਹਾ ਕਿ ਸਰੀਰਕ ਸੰਬੰਧ ਅਤੇ ਵਿਆਹ ਸਿਰਫ਼ ਇਕ ਔਰਤ ਅਤੇ ਇਕ ਆਦਮੀ ਵਿਚ ਹੀ ਹੋਣਾ ਚਾਹੀਦਾ ਹੈ।​—ਮੱਤੀ 5:28; 19:4, 5.

20. ਪਰਮੇਸ਼ੁਰ ਅਤੇ ਉਸ ਦੇ ਮਿਆਰਾਂ ਨੂੰ ਚੰਗੀ ਤਰ੍ਹਾਂ ਜਾਣ ਕੇ ਅਸੀਂ ਚੰਗੇ ਦੋਸਤ ਅਤੇ ਮਨੋਰੰਜਨ ਦੀ ਚੋਣ ਕਿਵੇਂ ਕਰ ਸਕਦੇ ਹਾਂ?

20 ਅਸੀਂ ਅੱਯੂਬ ਵਰਗੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹਾਂ? ਯਹੋਵਾਹ ਬਾਰੇ ਸਹੀ ਗਿਆਨ ਲਓ ਅਤੇ ਇਸ ਮੁਤਾਬਕ ਫ਼ੈਸਲੇ ਕਰੋ। ਮਿਸਾਲ ਲਈ, ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ ਕਿ ਯਹੋਵਾਹ ‘ਦੁਸ਼ਟ ਅਰ ਅਨ੍ਹੇਰੇ ਦੇ ਪ੍ਰੇਮੀ ਤੋਂ ਘਿਣ ਕਰਦਾ ਹੈ।’ ਦਾਊਦ ਨੇ “ਕਪਟੀਆਂ ਦੇ ਨਾਲ” ਸੰਗਤੀ ਕਰਨ ਬਾਰੇ ਚੇਤਾਵਨੀ ਵੀ ਦਿੱਤੀ। (ਜ਼ਬੂਰਾਂ ਦੀ ਪੋਥੀ 11:5; 26:4 ਪੜ੍ਹੋ।) ਹੁਣ ਆਪਣੇ ਆਪ ਤੋਂ ਪੁੱਛੋ: ‘ਇਨ੍ਹਾਂ ਆਇਤਾਂ ਤੋਂ ਮੈਨੂੰ ਯਹੋਵਾਹ ਦੀ ਸੋਚ ਬਾਰੇ ਕੀ ਪਤਾ ਲੱਗਦਾ ਹੈ? ਇਸ ਗੱਲ ਦਾ ਮੇਰੇ ਫ਼ੈਸਲਿਆਂ ਉੱਤੇ ਕੀ ਅਸਰ ਪੈਂਦਾ ਹੈ, ਯਾਨੀ ਮੈਂ ਕਿਨ੍ਹਾਂ ਗੱਲਾਂ ਨੂੰ ਪਹਿਲ ਦਿੰਦਾ ਹਾਂ, ਮੈਂ ਇੰਟਰਨੈੱਟ ’ਤੇ ਕੀ ਦੇਖਦਾ ਹਾਂ, ਮੈਂ ਕਿਨ੍ਹਾਂ ਨਾਲ ਸੰਗਤੀ ਕਰਦਾ ਹਾਂ ਅਤੇ ਮੈਂ ਕਿਹੋ ਜਿਹਾ ਮਨੋਰੰਜਨ ਕਰਦਾ ਹਾਂ?’ ਇਨ੍ਹਾਂ ਸਵਾਲਾਂ ਦੇ ਜਵਾਬਾਂ ਤੋਂ ਪਤਾ ਲੱਗੇਗਾ ਕਿ ਤੁਸੀਂ ਯਹੋਵਾਹ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਜਾਣਦੇ ਹੋ। ਅਸੀਂ ਇਸ ਦੁਸ਼ਟ ਦੁਨੀਆਂ ਦੇ ਬੁਰੇ ਅਸਰ ਤੋਂ ਦੂਰ ਰਹਿਣਾ ਚਾਹੁੰਦੇ ਹਾਂ। ਇਸ ਲਈ ਸਾਨੂੰ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ” ਕਰ ਕੇ ਨਾ ਸਿਰਫ਼ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣਾ ਚਾਹੀਦਾ ਹੈ, ਸਗੋਂ ਮੂਰਖ ਅਤੇ ਬੁੱਧੀਮਾਨ ਵਿਚ ਵੀ ਫ਼ਰਕ ਦੇਖਣਾ ਚਾਹੀਦਾ ਹੈ।​—ਇਬ. 5:14; ਅਫ਼. 5:15.

21. ਅਸੀਂ ਉਹ ‘ਸਭ ਕੁਝ ਕਿਵੇਂ ਸਮਝ’ ਸਕਦੇ ਹਾਂ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ?

21 ਨੂਹ, ਦਾਨੀਏਲ ਅਤੇ ਅੱਯੂਬ ਨੇ ਪੂਰੇ ਦਿਲ ਨਾਲ ਯਹੋਵਾਹ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਲਈ ਯਹੋਵਾਹ ਨੇ ਉਹ ‘ਸਭ ਕੁਝ ਸਮਝਣ’ ਵਿਚ ਉਨ੍ਹਾਂ ਦੀ ਮਦਦ ਕੀਤੀ ਜਿਸ ਤੋਂ ਉਸ ਨੂੰ ਖ਼ੁਸ਼ੀ ਮਿਲਦੀ ਹੈ। ਉਹ ਧਾਰਮਿਕਤਾ ਦੀ ਮਿਸਾਲ ਬਣੇ ਅਤੇ ਦਿਖਾਇਆ ਕਿ ਯਹੋਵਾਹ ਦੀ ਮਰਜ਼ੀ ਮੁਤਾਬਕ ਕੰਮ ਕਰ ਕੇ ਹਮੇਸ਼ਾ ਸਫ਼ਲਤਾ ਮਿਲਦੀ ਹੈ। (ਜ਼ਬੂ. 1:1-3) ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਨੂਹ, ਦਾਨੀਏਲ ਅਤੇ ਅੱਯੂਬ ਵਾਂਗ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ?’ ਦਰਅਸਲ ਇਨ੍ਹਾਂ ਵਫ਼ਾਦਾਰ ਸੇਵਕਾਂ ਨਾਲੋਂ ਅਸੀਂ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਦੇ ਹਾਂ ਕਿਉਂਕਿ ਅੱਜ ਯਹੋਵਾਹ ਨੇ ਸਾਨੂੰ ਆਪਣੇ ਬਾਰੇ ਹੋਰ ਜ਼ਿਆਦਾ ਗਿਆਨ ਦਿੱਤਾ ਹੈ। (ਕਹਾ. 4:18) ਇਸ ਲਈ ਬਾਈਬਲ ਦਾ ਚੰਗੀ ਤਰ੍ਹਾਂ ਅਧਿਐਨ ਕਰੋ ਅਤੇ ਉਸ ਉੱਤੇ ਸੋਚ-ਵਿਚਾਰ ਕਰੋ। ਨਾਲੇ ਪਵਿੱਤਰ ਸ਼ਕਤੀ ਲਈ ਵੀ ਪ੍ਰਾਰਥਨਾ ਕਰੋ। ਫਿਰ ਤੁਸੀਂ ਆਪਣੇ ਸਵਰਗੀ ਪਿਤਾ ਦੇ ਹੋਰ ਵੀ ਨੇੜੇ ਮਹਿਸੂਸ ਕਰੋਗੇ। ਨਾਲੇ ਤੁਸੀਂ ਇਸ ਦੁਸ਼ਟ ਦੁਨੀਆਂ ਵਿਚ ਤੁਸੀਂ ਬੁੱਧ ਅਤੇ ਸਮਝ ਨਾਲ ਫ਼ੈਸਲੇ ਕਰ ਸਕੋਗੇ।​—ਕਹਾ. 2:4-7.

^ ਪੈਰਾ 5 ਨੂਹ ਦਾ ਪੜਦਾਦਾ ਹਨੋਕ ਵੀ “ਪਰਮੇਸ਼ੁਰ ਦੇ ਸੰਗ ਚਲਦਾ” ਰਿਹਾ। ਪਰ ਨੂਹ ਦੇ ਜਨਮ ਤੋਂ 69 ਸਾਲ ਪਹਿਲਾਂ “ਪਰਮੇਸ਼ੁਰ ਨੇ ਉਸ ਨੂੰ ਲੈ ਲਿਆ।”​—ਉਤ. 5:23, 24.

^ ਪੈਰਾ 19 ਨੂਹ ਬਾਰੇ ਵੀ ਇਹ ਗੱਲ ਕਹੀ ਜਾ ਸਕਦੀ ਹੈ। ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਤੋਂ ਬਾਅਦ ਇਨਸਾਨਾਂ ਨੇ ਇਕ ਤੋਂ ਵੱਧ ਵਿਆਹ ਕਰਾਉਣੇ ਸ਼ੁਰੂ ਕਰ ਦਿੱਤੇ। ਪਰ ਨੂਹ ਦੀ ਸਿਰਫ਼ ਇਕ ਹੀ ਪਤਨੀ ਸੀ।​—ਉਤ. 4:19.