Skip to content

Skip to table of contents

ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦਾ ਕੀ ਮਤਲਬ ਹੈ?

ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦਾ ਕੀ ਮਤਲਬ ਹੈ?

‘ਮੇਰੀ ਇਹੀ ਦੁਆ ਹੈ ਕਿ ਪਰਮੇਸ਼ੁਰ ਤੁਹਾਡੀ ਮਦਦ ਕਰੇ ਕਿ ਤੁਸੀਂ ਮਸੀਹ ਯਿਸੂ ਵਾਂਗ ਸੋਚੋ।’—ਰੋਮੀ. 15:5.

ਗੀਤ: 25, 5

1, 2. (ੳ) ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਬਾਰੇ ਲੋਕ ਕੀ ਸੋਚਦੇ ਹਨ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਮੁੱਖ ਸਵਾਲਾਂ ’ਤੇ ਚਰਚਾ ਕਰਾਂਗੇ?

ਕੈਨੇਡਾ ਵਿਚ ਰਹਿਣ ਵਾਲੀ ਭੈਣ ਦੱਸਦੀ ਹੈ: “ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਕਰਕੇ ਮੈਂ ਬਹੁਤ ਖ਼ੁਸ਼ ਹਾਂ ਅਤੇ ਮੈਂ ਰੋਜ਼ਮੱਰਾ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੀ ਹਾਂ।” ਬ੍ਰਾਜ਼ੀਲ ਵਿਚ ਰਹਿਣ ਵਾਲਾ ਭਰਾ ਦੱਸਦਾ ਹੈ: “ਸਾਡੇ ਵਿਆਹ ਨੂੰ 23 ਸਾਲ ਹੋ ਗਏ ਹਨ ਅਤੇ ਅਸੀਂ ਅੱਜ ਵੀ ਬਹੁਤ ਖ਼ੁਸ਼ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ।” ਫ਼ਿਲਪੀਨ ਵਿਚ ਰਹਿਣ ਵਾਲਾ ਭਰਾ ਕਹਿੰਦਾ ਹੈ: “ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਕਰਕੇ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ ਅਤੇ ਮੈਂ ਅਲੱਗ-ਅਲੱਗ ਪਿਛੋਕੜ ਦੇ ਭੈਣ-ਭਰਾਵਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣਾ ਸਿੱਖਿਆ ਹੈ।”

2 ਇਨ੍ਹਾਂ ਮਿਸਾਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਕਰਕੇ ਸਾਨੂੰ ਬਹੁਤ ਫ਼ਾਇਦੇ ਹੁੰਦੇ ਹਨ। ਅਸੀਂ ਇਸ ਦੀ ਸੇਧ ਵਿਚ ਚੱਲਣ ਲਈ ਅਤੇ ਇਹੋ ਜਿਹੇ ਫ਼ਾਇਦੇ ਲੈਣ ਲਈ ਹੋਰ ਕੀ ਕਰ ਸਕਦੇ ਹਾਂ? ਸਾਨੂੰ ਪਹਿਲਾਂ ਇਹ ਜਾਣਨ ਦੀ ਲੋੜ ਹੈ ਕਿ ਬਾਈਬਲ ਉਨ੍ਹਾਂ ਲੋਕਾਂ ਬਾਰੇ ਕੀ ਦੱਸਦੀ ਹੈ ਜੋ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਦੇ ਹਨ ਅਤੇ ਜਿਨ੍ਹਾਂ ਦੀ ਸੋਚ ਯਹੋਵਾਹ ਵਰਗੀ ਹੈ। ਇਸ ਲੇਖ ਵਿਚ ਅਸੀਂ ਤਿੰਨ ਮੁੱਖ ਸਵਾਲਾਂ ’ਤੇ ਚਰਚਾ ਕਰਾਂਗੇ। (1) ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦਾ ਕੀ ਮਤਲਬ ਹੈ? (2) ਕਿਹੜੀਆਂ ਮਿਸਾਲਾਂ ਦੀ ਮਦਦ ਨਾਲ ਅਸੀਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰ ਸਕਦੇ ਹਾਂ? (3) “ਮਸੀਹ ਦਾ ਮਨ” ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰਕੇ ਅਸੀਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਿਵੇਂ ਕਰ ਸਕਦੇ ਹਾਂ?

ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਣ ਵਾਲਿਆਂ ਦੀ ਪਛਾਣ

3. ਬਾਈਬਲ ਵਿਚ ਕਿਹੜੇ ਦੋ ਤਰ੍ਹਾਂ ਦੇ ਇਨਸਾਨਾਂ ਬਾਰੇ ਸਮਝਾਇਆ ਗਿਆ ਹੈ? ਇਨ੍ਹਾਂ ਵਿਚ ਕੀ ਫ਼ਰਕ ਹੈ?

3 ਪੌਲੁਸ ਰਸੂਲ ਨੇ “ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ” ਵਾਲੇ ਇਨਸਾਨ ਅਤੇ “ਆਪਣੀਆਂ ਇੱਛਾਵਾਂ ਅਨੁਸਾਰ” ਚੱਲਣ ਵਾਲੇ ਇਨਸਾਨ ਵਿਚ ਫ਼ਰਕ ਸਮਝਾਇਆ ਹੈ। (1 ਕੁਰਿੰਥੀਆਂ 2:14-16 ਪੜ੍ਹੋ।) ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲਾ ਇਨਸਾਨ “ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਜ਼ਾਹਰ ਕੀਤੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂਕਿ ਉਹ ਗੱਲਾਂ ਉਸ ਲਈ ਮੂਰਖਤਾ ਹਨ; ਅਤੇ ਉਹ ਉਨ੍ਹਾਂ ਗੱਲਾਂ ਨੂੰ ਸਮਝ ਨਹੀਂ ਸਕਦਾ।” ਇਸ ਦੇ ਉਲਟ, “ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲਾ ਇਨਸਾਨ ਸਾਰੀਆਂ ਗੱਲਾਂ ਦੀ ਜਾਂਚ ਕਰਦਾ ਹੈ।” ਨਾਲੇ ਉਹ “ਮਸੀਹ ਦਾ ਮਨ” ਪ੍ਰਾਪਤ ਕਰਦਾ ਹੈ ਯਾਨੀ ਉਹ ਮਸੀਹ ਵਰਗੀ ਸੋਚ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਪੌਲੁਸ ਸਾਨੂੰ ਵੀ ਇਹੋ ਜਿਹਾ ਇਨਸਾਨ ਬਣਨ ਦੀ ਹੱਲਾਸ਼ੇਰੀ ਦਿੰਦਾ ਹੈ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਅਤੇ ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਇਨਸਾਨ ਵਿਚ ਹੋਰ ਕਿਹੜੇ ਫ਼ਰਕ ਹਨ?

4, 5. ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਇਨਸਾਨਾਂ ਦੀ ਕੀ ਪਛਾਣ ਹੈ?

4 ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲਾ ਇਨਸਾਨ ਕਿਹੋ ਜਿਹੀ ਸੋਚ ਰੱਖਦਾ ਹੈ? ਉਹ ਦੁਨੀਆਂ ਵਰਗੀ ਸੁਆਰਥੀ ਸੋਚ ਰੱਖਦਾ ਹੈ, ਜਿਸ ਦਾ ਧਿਆਨ ਸਿਰਫ਼ ਆਪਣੀਆਂ ਹੀ ਇੱਛਾਵਾਂ ਪੂਰੀਆਂ ਕਰਨ ’ਤੇ ਲੱਗਾ ਹੋਇਆ ਹੈ। ਇਨ੍ਹਾਂ ਲੋਕਾਂ ਦੇ ਰਵੱਈਏ ਬਾਰੇ ਦੱਸਦਿਆਂ ਪੌਲੁਸ ਕਹਿੰਦਾ ਹੈ ਕਿ “ਅਣਆਗਿਆਕਾਰ ਲੋਕਾਂ ਉੱਤੇ ਇਸ ਸੋਚ ਦਾ ਅਸਰ ਦਿਖਾਈ ਦਿੰਦਾ ਹੈ।” (ਅਫ਼. 2:2) ਇਹੋ ਜਿਹੇ ਲੋਕਾਂ ਦੇ ਰਵੱਈਏ ਦਾ ਅਸਰ ਬਾਕੀਆਂ ਉੱਤੇ ਵੀ ਹਾਵੀ ਹੋ ਸਕਦਾ ਹੈ। ਉਹ ਰੱਬ ਦੇ ਮਿਆਰਾਂ ਦੀ ਕੋਈ ਪਰਵਾਹ ਨਹੀਂ ਕਰਦੇ, ਸਗੋਂ ਆਪਣੀ ਮਨ-ਮਰਜ਼ੀ ਕਰਦੇ ਹਨ। ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਇਨਸਾਨ ਦਾ ਜ਼ਿਆਦਾਤਰ ਧਿਆਨ ਦੁਨੀਆਂ ਦੀਆਂ ਚੀਜ਼ਾਂ ਵੱਲ ਲੱਗਾ ਰਹਿੰਦਾ ਹੈ। ਉਸ ਨੂੰ ਆਪਣਾ ਰੁਤਬਾ, ਪੈਸਾ ਅਤੇ ਆਪਣੇ ਹੱਕ ਸਭ ਤੋਂ ਜ਼ਿਆਦਾ ਪਿਆਰੇ ਹੁੰਦੇ ਹਨ।

5 ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲਾ ਇਨਸਾਨ ਹੋਰ ਕਿਹੜੇ ਕੰਮਾਂ ਤੋਂ ਪਛਾਣਿਆ ਜਾ ਸਕਦਾ ਹੈ? ਉਹ ਅਕਸਰ “ਸਰੀਰ ਦੇ ਕੰਮਾਂ” ਵਿਚ ਲੱਗਾ ਰਹਿੰਦਾ ਹੈ। (ਗਲਾ. 5:19-21) ਕੁਰਿੰਥ ਦੀ ਮੰਡਲੀ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਪੌਲੁਸ ਨੇ ਅਜਿਹੇ ਇਨਸਾਨ ਦੇ ਹੋਰ ਕੰਮਾਂ ਬਾਰੇ ਦੱਸਿਆ। ਉਹ ਇਨਸਾਨ ਲੋਕਾਂ ਵਿਚ ਫੁੱਟ ਪਾਉਂਦੇ, ਪੱਖਪਾਤ ਕਰਦੇ, ਲੋਕਾਂ ਨੂੰ ਵਿਰੋਧ ਕਰਨ ਲਈ ਉਕਸਾਉਂਦੇ, ਇਕ-ਦੂਜੇ ਨੂੰ ਅਦਾਲਤਾਂ ਵਿਚ ਘੜੀਸਦੇ, ਅਧਿਕਾਰ ਰੱਖਣ ਵਾਲਿਆਂ ਪ੍ਰਤੀ ਕੋਈ ਆਦਰ ਨਹੀਂ ਦਿਖਾਉਂਦੇ ਹਨ ਅਤੇ ਉਨ੍ਹਾਂ ਲਈ ਉਨ੍ਹਾਂ ਦਾ ਢਿੱਡ ਹੀ ਰੱਬ ਹੁੰਦਾ ਹੈ। ਨਾਲੇ ਉਹ ਝੱਟ ਹੀ ਪਰੀਖਿਆਵਾਂ ਵਿਚ ਫਸ ਜਾਂਦੇ ਹਨ। (ਕਹਾ. 7:21, 22) ਯਹੂਦਾਹ ਨੇ ਵੀ ਕਿਹਾ ਕਿ ਇਹ ਲੋਕ ਆਪਣੀਆਂ ਹੀ ਇੱਛਾਵਾਂ ਵਿਚ ਇੰਨੇ ਲੀਨ ਹੋਣਗੇ ਕਿ ਉਹ “ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਨਹੀਂ” ਚੱਲਣਗੇ।​—ਯਹੂ. 18, 19.

6. ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਇਨਸਾਨ ਦੀ ਕੀ ਪਛਾਣ ਹੈ?

6 ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਇਨਸਾਨ ਤੋਂ ਉਲਟ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਇਨਸਾਨ ਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੀ ਸਭ ਤੋਂ ਜ਼ਿਆਦਾ ਪਰਵਾਹ ਹੁੰਦੀ ਹੈ। ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲਾ ਇਨਸਾਨ ਯਹੋਵਾਹ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। (ਅਫ਼. 5:1) ਉਹ ਯਹੋਵਾਹ ਵਰਗੀ ਸੋਚ ਰੱਖਣ ਅਤੇ ਹਰ ਚੀਜ਼ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਉਸ ਦਾ ਰਿਸ਼ਤਾ ਪਰਮੇਸ਼ੁਰ ਨਾਲ ਬਹੁਤ ਗੂੜ੍ਹਾ ਹੁੰਦਾ ਹੈ। ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਇਨਸਾਨ ਤੋਂ ਉਲਟ ਉਹ ਇਨਸਾਨ ਪਰਮੇਸ਼ੁਰ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਲਾਗੂ ਕਰਦਾ ਹੈ। (ਜ਼ਬੂ. 119:33; 143:10) ਉਹ “ਸਰੀਰ ਦੇ ਕੰਮ” ਕਰਨ ਦੀ ਬਜਾਇ ‘ਪਵਿੱਤਰ ਸ਼ਕਤੀ ਦੇ ਗੁਣ’ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ।​—ਗਲਾ. 5:22, 23.

7. ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਇਨਸਾਨ ਬਾਰੇ ਬਾਈਬਲ ਕੀ ਕਹਿੰਦੀ ਹੈ?

7 ਯਿਸੂ ਨੇ ਕਿਹਾ ਕਿ ਪਰਮੇਸ਼ੁਰ ਵਰਗੀ ਸੋਚ ਰੱਖਣ ਵਾਲੇ ਇਨਸਾਨ ਖ਼ੁਸ਼ ਹਨ। ਅਸੀਂ ਮੱਤੀ 5:3 ਵਿਚ ਪੜ੍ਹਦੇ ਹਾਂ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ; ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।” ਰੋਮੀਆਂ 8:6 ਵਿਚ ਪਰਮੇਸ਼ੁਰ ਵਰਗੀ ਸੋਚ ਰੱਖਣ ਦੇ ਫ਼ਾਇਦੇ ਬਾਰੇ ਦੱਸਿਆ ਹੈ: “ਸਰੀਰ ਦੀਆਂ ਇੱਛਾਵਾਂ ਉੱਤੇ ਮਨ ਲਾਉਣ ਦਾ ਅੰਜਾਮ ਹੈ ਮੌਤ, ਪਰ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਜ਼ਿੰਦਗੀ ਅਤੇ ਸ਼ਾਂਤੀ।” ਸੋ ਪਰਮੇਸ਼ੁਰ ਦੀਆਂ ਗੱਲਾਂ ’ਤੇ ਧਿਆਨ ਲਾਉਣ ਨਾਲ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਅਤੇ ਪਰਮੇਸ਼ੁਰ ਨਾਲ ਸਾਡਾ ਸ਼ਾਂਤੀ ਭਰਿਆ ਰਿਸ਼ਤਾ ਬਣਦਾ ਹੈ। ਨਾਲੇ ਸਾਨੂੰ ਭਵਿੱਖ ਲਈ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲਦੀ ਹੈ।

8. ਪਰਮੇਸ਼ੁਰ ਵਰਗੀ ਸੋਚ ਬਣਾਈ ਰੱਖਣੀ ਮੁਸ਼ਕਲ ਕਿਉਂ ਹੈ?

8 ਅੱਜ ਦੁਨੀਆਂ ਖ਼ਤਰਿਆਂ ਤੋਂ ਖਾਲੀ ਨਹੀਂ। ਸਾਨੂੰ ਦੁਨੀਆਂ ਦੀ ਸੋਚ ਤੋਂ ਬਚਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਸਾਡੇ ਚਾਰੋ ਪਾਸੇ ਲੋਕ ਪਰਮੇਸ਼ੁਰ ਵਰਗੀ ਸੋਚ ਨਹੀਂ ਰੱਖਦੇ। ਜੇ ਅਸੀਂ ਆਪਣੇ ਦਿਮਾਗ਼ ਵਿਚ ਪਰਮੇਸ਼ੁਰੀ ਗੱਲਾਂ ਨਹੀਂ ਭਰਦੇ, ਤਾਂ ਦੁਨੀਆਂ ਸਾਡੇ ਦਿਮਾਗ਼ ਵਿਚ ਗ਼ਲਤ ਇੱਛਾਵਾਂ ਭਰ ਦੇਵੇਗੀ। ਅਸੀਂ ਇਸ ਸੋਚ ਤੋਂ ਬਚਣ ਲਈ ਕੀ ਕਰ ਸਕਦੇ ਹਾਂ? ਅਸੀਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਹੋਰ ਗੂੜ੍ਹਾ ਕਿਵੇਂ ਕਰ ਸਕਦੇ ਹਾਂ?

ਚੰਗੀਆਂ ਮਿਸਾਲਾਂ ਤੋਂ ਸਿੱਖੋ

9. (ੳ) ਅਸੀਂ ਪਰਮੇਸ਼ੁਰ ਵਰਗੀ ਸੋਚ ਕਿਵੇਂ ਰੱਖ ਸਕਦੇ ਹਾਂ? (ਅ) ਅਸੀਂ ਕਿਹੜੀਆਂ ਚੰਗੀਆਂ ਮਿਸਾਲਾਂ ’ਤੇ ਗੌਰ ਕਰਾਂਗੇ?

9 ਜਿੱਦਾਂ ਇਕ ਬੱਚੇ ਨੂੰ ਆਪਣੇ ਮਾਪਿਆਂ ਤੋਂ ਸਿੱਖਣ ਅਤੇ ਉਨ੍ਹਾਂ ਦੀ ਚੰਗੀ ਮਿਸਾਲ ’ਤੇ ਚੱਲਣ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸਾਨੂੰ ਉਨ੍ਹਾਂ ਲੋਕਾਂ ਤੋਂ ਸਿੱਖਣ ਅਤੇ ਉਨ੍ਹਾਂ ਦੀ ਰੀਸ ਕਰਨ ਦੀ ਲੋੜ ਹੈ ਜਿਨ੍ਹਾਂ ਦੀ ਯਹੋਵਾਹ ਨਾਲ ਗੂੜ੍ਹੀ ਦੋਸਤੀ ਹੈ। ਇਸ ਤਰ੍ਹਾਂ ਕਰਕੇ ਅਸੀਂ ਪਰਮੇਸ਼ੁਰ ਵਰਗੀ ਸੋਚ ਰੱਖਣੀ ਸਿੱਖਾਂਗੇ। ਦੂਜੇ ਪਾਸੇ, ਅਸੀਂ ਦੁਨਿਆਵੀ ਸੋਚ ਰੱਖਣ ਵਾਲੇ ਇਨਸਾਨਾਂ ਤੋਂ ਸਿੱਖਾਂਗੇ ਕਿ ਸਾਨੂੰ ਕਿਹੜੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। (1 ਕੁਰਿੰ. 3:1-4) ਬਾਈਬਲ ਵਿਚ ਬਹੁਤ ਸਾਰੀਆਂ ਚੰਗੀਆਂ ਅਤੇ ਬੁਰੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ। ਆਓ ਆਪਾਂ ਯਾਕੂਬ, ਮਰੀਅਮ ਅਤੇ ਯਿਸੂ ਵਰਗੀਆਂ ਚੰਗੀਆਂ ਮਿਸਾਲਾਂ ’ਤੇ ਗੌਰ ਕਰੀਏ।

ਅਸੀਂ ਯਾਕੂਬ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (ਪੈਰਾ 10 ਦੇਖੋ)

10. ਯਾਕੂਬ ਨੇ ਕਿਵੇਂ ਦਿਖਾਇਆ ਕਿ ਉਹ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਦਾ ਸੀ?

10 ਸਾਡੇ ਵਾਂਗ ਯਾਕੂਬ ਦੀ ਜ਼ਿੰਦਗੀ ਵੀ ਮੁਸ਼ਕਲਾਂ ਨਾਲ ਭਰੀ ਹੋਈ ਸੀ। ਉਸ ਦਾ ਸਕਾ ਭਰਾ ਏਸਾਓ ਉਸ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦਾ ਸੀ। ਉਸ ਦੇ ਸਹੁਰੇ ਨੇ ਉਸ ਨਾਲ ਕਈ ਵਾਰ ਧੋਖਾ ਕੀਤਾ। ਪਰ ਯਾਕੂਬ ਨੂੰ ਪੱਕੀ ਨਿਹਚਾ ਸੀ ਕਿ ਅਬਰਾਹਾਮ ਨਾਲ ਕੀਤਾ ਯਹੋਵਾਹ ਦਾ ਵਾਅਦਾ ਜ਼ਰੂਰ ਪੂਰਾ ਹੋਵੇਗਾ। ਯਾਕੂਬ ਜਾਣਦਾ ਸੀ ਕਿ ਪਰਮੇਸ਼ੁਰ ਦੇ ਵਾਅਦੇ ਨੂੰ ਪੂਰਾ ਕਰਨ ਵਿਚ ਉਸ ਦੇ ਪਰਿਵਾਰ ਦੀ ਅਹਿਮ ਭੂਮਿਕਾ ਸੀ। ਇਸ ਲਈ ਉਸ ਨੇ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ। (ਉਤ. 28:10-15) ਯਾਕੂਬ ਨੇ ਆਸੇ-ਪਾਸੇ ਦੇ ਬੁਰੇ ਲੋਕਾਂ ਕਰਕੇ ਆਪਣਾ ਧਿਆਨ ਪਰਮੇਸ਼ੁਰ ਦੇ ਵਾਅਦੇ ਤੋਂ ਭਟਕਣ ਨਹੀਂ ਦਿੱਤਾ। ਮਿਸਾਲ ਲਈ, ਜਦੋਂ ਯਾਕੂਬ ਨੂੰ ਲੱਗਾ ਕਿ ਉਸ ਦਾ ਭਰਾ ਉਸ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ, ਤਾਂ ਉਸ ਨੇ ਆਪਣੇ ਬਚਾਅ ਲਈ ਯਹੋਵਾਹ ਅੱਗੇ ਤਰਲੇ ਕੀਤੇ: “ਤੈਂ ਆਖਿਆ ਕਿ ਮੈਂ ਤੇਰੇ ਸੰਗ ਭਲਿਆਈ ਹੀ ਭਲਿਆਈ ਕਰਾਂਗਾ ਅਰ ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗਰ ਜਿਹੜੀ ਬੁਹਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ ਬਣਾਵਾਂਗਾ।” (ਉਤ. 32:6-12) ਯਾਕੂਬ ਨੂੰ ਪਰਮੇਸ਼ੁਰ ਦੇ ਵਾਅਦਿਆਂ ’ਤੇ ਪੱਕੀ ਨਿਹਚਾ ਸੀ ਅਤੇ ਇਹ ਗੱਲ ਉਸ ਦੀ ਜ਼ਿੰਦਗੀ ਤੋਂ ਸਾਫ਼ ਜ਼ਾਹਰ ਹੋਈ।

ਅਸੀਂ ਮਰੀਅਮ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (ਪੈਰਾ 11 ਦੇਖੋ)

11. ਅਸੀਂ ਕਿਵੇਂ ਜਾਣਦੇ ਹਾਂ ਕਿ ਮਰਿਯਮ ਪਰਮੇਸ਼ੁਰ ਵਰਗੀ ਸੋਚ ਰੱਖਦੀ ਸੀ?

11 ਹੁਣ ਮਰਿਯਮ ਬਾਰੇ ਸੋਚੋ। ਯਹੋਵਾਹ ਨੇ ਉਸ ਨੂੰ ਯਿਸੂ ਦੀ ਮਾਂ ਬਣਨ ਦਾ ਸਨਮਾਨ ਦਿੱਤਾ ਕਿਉਂਕਿ ਉਹ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਦੀ ਸੀ। ਪੜ੍ਹ ਕੇ ਦੇਖੋ ਕਿ ਮਰਿਯਮ ਨੇ ਆਪਣੇ ਰਿਸ਼ਤੇਦਾਰ ਜ਼ਕਰਯਾਹ ਅਤੇ ਇਲੀਸਬਤ ਦੇ ਘਰ ਜਾਣ ’ਤੇ ਕੀ ਕਿਹਾ ਸੀ। (ਲੂਕਾ 1:46-55 ਪੜ੍ਹੋ।) ਤੁਹਾਨੂੰ ਪਤਾ ਲੱਗੇਗਾ ਕਿ ਮਰਿਯਮ ਪਰਮੇਸ਼ੁਰ ਦੇ ਬਚਨ ਨੂੰ ਪਿਆਰ ਕਰਦੀ ਅਤੇ ਇਬਰਾਨੀ ਲਿਖਤਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ। (ਉਤ. 30:13; 1 ਸਮੂ. 2:1-10; ਮਲਾ. 3:12) ਚਾਹੇ ਯੂਸੁਫ਼ ਅਤੇ ਮਰਿਯਮ ਦਾ ਵਿਆਹ ਹੋ ਗਿਆ ਸੀ, ਪਰ ਫਿਰ ਵੀ ਉਨ੍ਹਾਂ ਨੇ ਯਿਸੂ ਦੇ ਜਨਮ ਤੋਂ ਪਹਿਲਾਂ ਸਰੀਰਕ ਸੰਬੰਧ ਨਹੀਂ ਬਣਾਏ। ਉਨ੍ਹਾਂ ਲਈ ਆਪਣੀਆਂ ਸਰੀਰਕ ਇੱਛਾਵਾਂ ਨਾਲੋਂ ਪਰਮੇਸ਼ੁਰ ਵੱਲੋਂ ਮਿਲੀ ਜ਼ਿੰਮੇਵਾਰੀ ਜ਼ਿਆਦਾ ਅਹਿਮੀਅਤ ਰੱਖਦੀ ਸੀ। (ਮੱਤੀ 1:25) ਯਿਸੂ ਦੀ ਜ਼ਿੰਦਗੀ ਵਿਚ ਜੋ ਵੀ ਹੋਇਆ ਅਤੇ ਉਸ ਨੇ ਜੋ ਵੀ ਬੁੱਧ ਭਰੀਆਂ ਗੱਲਾਂ ਕਹੀਆਂ, ਮਰਿਯਮ ਨੇ ਉਹ “ਸਭ ਗੱਲਾਂ ਆਪਣੇ ਦਿਲ ਵਿਚ ਸਾਂਭ ਕੇ ਰੱਖੀਆਂ।” (ਲੂਕਾ 2:51) ਇਨ੍ਹਾਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮਰਿਯਮ ਨੂੰ ਮਸੀਹ ਬਾਰੇ ਕੀਤੇ ਪਰਮੇਸ਼ੁਰ ਦੇ ਵਾਅਦਿਆਂ ਵਿਚ ਗਹਿਰੀ ਦਿਲਚਸਪੀ ਸੀ। ਕੀ ਅਸੀਂ ਵੀ ਮਰਿਯਮ ਦੀ ਰੀਸ ਕਰ ਸਕਦੇ ਹਾਂ ਅਤੇ ਹਮੇਸ਼ਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ?

12. (ੳ) ਯਿਸੂ ਕਿਨ੍ਹਾਂ ਗੱਲਾਂ ਵਿਚ ਆਪਣੇ ਪਿਤਾ ਵਰਗਾ ਸੀ? (ਅ) ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

12 ਸਾਰੇ ਇਨਸਾਨਾਂ ਵਿੱਚੋਂ ਯਿਸੂ ਨੇ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲ ਕੇ ਸਭ ਤੋਂ ਵਧੀਆਂ ਮਿਸਾਲ ਰੱਖੀ। ਆਪਣੀ ਸੇਵਕਾਈ ਦੌਰਾਨ ਯਿਸੂ ਨੇ ਸਾਬਤ ਕੀਤਾ ਕਿ ਉਹ ਆਪਣੇ ਪਿਤਾ ਦੀ ਰੀਸ ਕਰਨੀ ਚਾਹੁੰਦਾ ਸੀ। ਯਿਸੂ ਯਹੋਵਾਹ ਵਾਂਗ ਸੋਚਦਾ, ਮਹਿਸੂਸ ਕਰਦਾ ਅਤੇ ਕੰਮ ਕਰਦਾ ਸੀ। ਉਸ ਨੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕੀਤੀ ਅਤੇ ਉਸ ਦੇ ਅਸੂਲਾਂ ’ਤੇ ਚੱਲਿਆ। (ਯੂਹੰ. 8:29; 14:9; 15:10) ਗੌਰ ਕਰੋ ਕਿ ਯਸਾਯਾਹ ਨੇ ਯਹੋਵਾਹ ਦੀ ਹਮਦਰਦੀ ਬਾਰੇ ਅਤੇ ਮਰਕੁਸ ਨੇ ਯਿਸੂ ਦੀਆਂ ਭਾਵਨਾਵਾਂ ਬਾਰੇ ਕੀ ਲਿਖਿਆ। ਇਨ੍ਹਾਂ ਦੋਨਾਂ ਆਇਤਾਂ ਦੀ ਤੁਲਨਾ ਕਰੋ। (ਯਸਾਯਾਹ 63:9; ਮਰਕੁਸ 6:34 ਪੜ੍ਹੋ।) ਯਿਸੂ ਦੀ ਰੀਸ ਕਰਦਿਆਂ ਕੀ ਅਸੀਂ ਦੂਜਿਆਂ ਨੂੰ ਹਮਦਰਦੀ ਦਿਖਾਉਂਦੇ ਹਾਂ? ਕੀ ਯਿਸੂ ਵਾਂਗ ਸਾਡਾ ਧਿਆਨ ਚੇਲੇ ਬਣਾਉਣ ਅਤੇ ਖ਼ੁਸ਼ ਖ਼ਬਰੀ ਸੁਣਾਉਣ ’ਤੇ ਲੱਗਾ ਹੋਇਆ ਹੈ? (ਲੂਕਾ 4:43) ਪਰਮੇਸ਼ੁਰ ਵਰਗੀ ਸੋਚ ਰੱਖਣ ਵਾਲੇ ਲੋਕ ਹਮਦਰਦ ਅਤੇ ਮਦਦਗਾਰ ਹੁੰਦੇ ਹਨ।

13, 14. (ੳ) ਅਸੀਂ ਪਰਮੇਸ਼ੁਰ ਵਰਗੀ ਸੋਚ ਰੱਖਣ ਵਾਲੇ ਭੈਣਾਂ-ਭਰਾਵਾਂ ਤੋਂ ਕੀ ਸਿੱਖ ਸਕਦੇ ਹਾਂ? (ਅ) ਇਕ ਮਿਸਾਲ ਦੱਸੋ।

13 ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਬਹੁਤ ਸਾਰੇ ਭੈਣ-ਭਰਾ ਯਿਸੂ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਤੁਸੀਂ ਦੇਖ ਸਕਦੇ ਹੋ ਇਹ ਭੈਣ-ਭਰਾ ਸੇਵਕਾਈ ਵਿਚ ਜੋਸ਼ੀਲੇ, ਪਰਾਹੁਣਾਚਾਰ ਅਤੇ ਹਮਦਰਦ ਹਨ। ਚਾਹੇ ਉਨ੍ਹਾਂ ਵਿਚ ਕਮੀਆਂ-ਕਮਜ਼ੋਰੀਆਂ ਹਨ, ਪਰ ਫਿਰ ਵੀ ਉਹ ਚੰਗੇ ਗੁਣ ਪੈਦਾ ਕਰਨ ਅਤੇ ਯਹੋਵਾਹ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਬ੍ਰਾਜ਼ੀਲ ਵਿਚ ਰਹਿਣ ਵਾਲੀ ਭੈਣ ਰੇਚਲ ਕਹਿੰਦੀ ਹੈ: “ਮੈਂ ਦੁਨੀਆਂ ਦੇ ਲੋਕਾਂ ਵਾਂਗ ਕੱਪੜੇ ਪਾਉਂਦੀ ਸੀ। ਜਿਸ ਕਰਕੇ ਮੇਰੇ ਕੱਪੜਿਆਂ ਤੋਂ ਸ਼ਰਮ-ਹਯਾ ਨਹੀਂ ਝਲਕਦੀ ਸੀ। ਪਰ ਸੱਚਾਈ ਜਾਣਨ ਕਰਕੇ ਮੈਂ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ। ਚਾਹੇ ਬਦਲਾਅ ਕਰਨੇ ਸੌਖੇ ਨਹੀਂ ਸਨ, ਪਰ ਮੈਂ ਬਹੁਤ ਖ਼ੁਸ਼ ਹਾਂ ਅਤੇ ਮੇਰੀ ਜ਼ਿੰਦਗੀ ਹੁਣ ਮਕਸਦ ਭਰੀ ਹੈ।”

14 ਫ਼ਿਲਪੀਨ ਵਿਚ ਰਹਿਣ ਵਾਲੀ ਭੈਣ ਰਈਲੀਨ ਨੂੰ ਇਕ ਅਲੱਗ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ। ਚਾਹੇ ਉਹ ਸੱਚਾਈ ਵਿਚ ਸੀ, ਪਰ ਉਸ ਦਾ ਧਿਆਨ ਉੱਚ ਸਿੱਖਿਆ ਲੈਣ ਅਤੇ ਮੋਟੀ ਤਨਖ਼ਾਹ ਵਾਲੀ ਨੌਕਰੀ ਵੱਲ ਸੀ। ਇਕ ਸਮੇਂ ’ਤੇ ਉਸ ਦੀਆਂ ਨਜ਼ਰਾਂ ਵਿਚ ਪਰਮੇਸ਼ੁਰੀ ਟੀਚਿਆਂ ਦੀ ਅਹਿਮੀਅਤ ਘੱਟ ਗਈ। ਉਹ ਕਹਿੰਦੀ ਹੈ: “ਹੌਲੀ-ਹੌਲੀ ਮੈਨੂੰ ਅਹਿਸਾਸ ਹੋਣ ਲੱਗਾ ਕਿ ਮੇਰੀ ਜ਼ਿੰਦਗੀ ਵਿਚ ਕਿਸੇ ਚੀਜ਼ ਦੀ ਕਮੀ ਸੀ। ਇਹ ਅਜਿਹੀ ਕਮੀ ਸੀ ਜੋ ਮੇਰੀ ਨੌਕਰੀ ਨਾਲੋਂ ਵੀ ਵੱਡੀ ਸੀ।” ਰਈਲੀਨ ਨੇ ਆਪਣੀ ਸੋਚ ਬਦਲੀ ਅਤੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਲੱਗੀ। ਹੁਣ ਉਹ ਮੱਤੀ 6:33, 34 ਵਿਚ ਦੱਸੇ ਯਹੋਵਾਹ ਦੇ ਵਾਅਦੇ ’ਤੇ ਭਰੋਸਾ ਕਰਦੀ ਹੈ ਅਤੇ ਕਹਿੰਦੀ ਹੈ: “ਮੈਨੂੰ ਯਕੀਨ ਹੈ ਕਿ ਯਹੋਵਾਹ ਮੇਰੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ।” ਸ਼ਾਇਦ ਤੁਹਾਡੀ ਮੰਡਲੀ ਵਿਚ ਵੀ ਰਈਲੀਨ ਵਰਗੇ ਭੈਣ-ਭਰਾ ਹਨ। ਉਨ੍ਹਾਂ ਨੂੰ ਮਸੀਹ ਦੀ ਰੀਸ ਕਰਦਿਆਂ ਦੇਖ ਕੇ ਕੀ ਤੁਸੀਂ ਵੀ ਉਨ੍ਹਾਂ ਦੀ ਰੀਸ ਨਹੀਂ ਕਰਨੀ ਚਾਹੁੰਦੇ?​—1 ਕੁਰਿੰ. 11:1; 2 ਥੱਸ. 3:7.

“ਮਸੀਹ ਦਾ ਮਨ” ਹਾਸਲ ਕਰੋ

15, 16. (ੳ) ਮਸੀਹ ਵਰਗੇ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? (ਅ) ਅਸੀਂ “ਮਸੀਹ ਦਾ ਮਨ” ਕਿਵੇਂ ਹਾਸਲ ਕਰ ਸਕਦੇ ਹਾਂ?

15 ਅਸੀਂ ਮਸੀਹ ਦੀ ਰੀਸ ਕਿਵੇਂ ਕਰ ਸਕਦੇ ਹਾਂ? 1 ਕੁਰਿੰਥੀਆਂ 2:16 ਦੱਸਦਾ ਹੈ ਕਿ ਸਾਡੇ ਲਈ “ਮਸੀਹ ਦਾ ਮਨ” ਹਾਸਲ ਕਰਨਾ ਜ਼ਰੂਰੀ ਹੈ। ਰੋਮੀਆਂ 15:5 ਸਾਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ ‘ਮਸੀਹ ਯਿਸੂ ਵਾਂਗ ਸੋਚਣਾ’ ਚਾਹੀਦਾ ਹੈ। ਯਿਸੂ ਵਰਗੇ ਬਣਨ ਲਈ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਵੇਂ ਸੋਚਦਾ, ਮਹਿਸੂਸ ਕਰਦਾ ਅਤੇ ਕੰਮ ਕਰਦਾ ਸੀ। ਯਿਸੂ ਲਈ ਕਿਸੇ ਵੀ ਹੋਰ ਚੀਜ਼ ਨਾਲੋਂ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਸਭ ਤੋਂ ਜ਼ਰੂਰੀ ਸੀ। ਯਿਸੂ ਦੀ ਰੀਸ ਕਰਕੇ ਅਸੀਂ ਯਹੋਵਾਹ ਦੀ ਰੀਸ ਕਰ ਰਹੇ ਹੋਵਾਂਗੇ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਯਿਸੂ ਵਾਂਗ ਸੋਚਣਾ ਸਿੱਖੀਏ।

16 ਅਸੀਂ ਯਿਸੂ ਵਾਂਗ ਸੋਚਣਾ ਕਿਵੇਂ ਸਿੱਖ ਸਕਦੇ ਹਾਂ? ਯਿਸੂ ਦੇ ਚੇਲਿਆਂ ਨੇ ਉਸ ਨੂੰ ਚਮਤਕਾਰ ਕਰਦਿਆਂ, ਭੀੜਾਂ ਨੂੰ ਸਿਖਾਉਂਦਿਆਂ, ਹਰ ਤਰ੍ਹਾਂ ਦੇ ਲੋਕਾਂ ਨਾਲ ਪੇਸ਼ ਆਉਂਦਿਆਂ ਅਤੇ ਯਹੋਵਾਹ ਦੀ ਸੋਚ ਮੁਤਾਬਕ ਕੰਮ ਕਰਦਿਆਂ ਦੇਖਿਆ ਸੀ। ਉਨ੍ਹਾਂ ਨੇ ਕਿਹਾ: ‘ਅਸੀਂ ਉਨ੍ਹਾਂ ਸਾਰੇ ਕੰਮਾਂ ਦੇ ਗਵਾਹ ਹਾਂ ਜਿਹੜੇ ਉਸ ਨੇ ਕੀਤੇ ਸਨ।’ (ਰਸੂ. 10:39) ਅੱਜ ਅਸੀਂ ਯਿਸੂ ਨੂੰ ਦੇਖ ਨਹੀਂ ਸਕਦੇ। ਪਰ ਇੰਜੀਲਾਂ ਤੋਂ ਅਸੀਂ ਯਿਸੂ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹਾਂ। ਮੱਤੀ, ਮਰਕੁਸ, ਲੂਕਾ, ਅਤੇ ਯੂਹੰਨਾ ਦੀਆਂ ਇੰਜੀਲਾਂ ਨੂੰ ਪੜ੍ਹ ਕੇ ਅਤੇ ਉਨ੍ਹਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਯਿਸੂ ਦੀ ਸੋਚ ਨੂੰ ਜਾਣ ਸਕਦੇ ਹਾਂ। ਇਨ੍ਹਾਂ ਨੂੰ ਪੜ੍ਹ ਕੇ ਅਸੀਂ “ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ” ਚੱਲ ਸਕਦੇ ਹਾਂ ਅਤੇ “ਉਸ ਵਰਗਾ ਰਵੱਈਆ” ਰੱਖ ਸਕਦੇ ਹਾਂ।​—1 ਪਤ. 2:21; 4:1.

17. ਯਿਸੂ ਵਰਗੀ ਸੋਚ ਰੱਖਣ ਨਾਲ ਸਾਡੀ ਮਦਦ ਕਿਵੇਂ ਹੋਵੇਗੀ?

17 ਮਸੀਹ ਵਰਗੀ ਸੋਚ ਰੱਖ ਕੇ ਸਾਨੂੰ ਕੀ ਫ਼ਾਇਦਾ ਹੋਵੇਗਾ? ਜਿਵੇਂ ਪੌਸ਼ਟਿਕ ਖਾਣੇ ਨਾਲ ਸਾਡੀ ਸਿਹਤ ਵਧੀਆ ਰਹਿੰਦੀ ਹੈ, ਉਸੇ ਤਰ੍ਹਾਂ ਮਸੀਹ ਵਰਗੀ ਸੋਚ ਰੱਖ ਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਵਧੀਆ ਬਣਿਆ ਰਹਿੰਦਾ ਹੈ। ਹੌਲੀ-ਹੌਲੀ ਅਸੀਂ ਅਲੱਗ-ਅਲੱਗ ਹਾਲਾਤਾਂ ਵਿਚ ਯਿਸੂ ਦੀ ਰੀਸ ਕਰਨੀ ਸਿੱਖਾਂਗੇ। ਇਸ ਤਰ੍ਹਾਂ ਅਸੀਂ ਚੰਗੇ ਫ਼ੈਸਲੇ ਕਰਾਂਗੇ ਜਿਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਵੇਗੀ ਅਤੇ ਸਾਡੀ ਜ਼ਮੀਰ ਸਾਫ਼ ਰਹੇਗੀ। ਕੀ “ਪ੍ਰਭੂ ਯਿਸੂ ਮਸੀਹ ਦੇ ਗੁਣਾਂ ਦੀ ਰੀਸ” ਕਰਨ ਦੇ ਇਹ ਚੰਗੇ ਕਾਰਨ ਨਹੀਂ ਹਨ?​—ਰੋਮੀ. 13:14.

18. ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਇਨਸਾਨ ਬਾਰੇ ਤੁਸੀਂ ਕੀ ਸਿੱਖਿਆ?

18 ਅਸੀਂ ਇਸ ਲੇਖ ਤੋਂ ਸਿੱਖਿਆ ਹੈ ਕਿ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦਾ ਕੀ ਮਤਲਬ ਹੈ। ਅਸੀਂ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਚੰਗੇ ਲੋਕਾਂ ਦੀਆਂ ਮਿਸਾਲਾਂ ਤੋਂ ਸਿੱਖਿਆ। ਅਸੀਂ ਇਹ ਵੀ ਸਿੱਖਿਆ ਕਿ ਮਸੀਹ ਦਾ ਮਨ ਹਾਸਲ ਕਰ ਕੇ ਅਸੀਂ ਯਹੋਵਾਹ ਵਰਗੀ ਸੋਚ ਰੱਖ ਸਕਦੇ ਹਾਂ ਅਤੇ ਉਸ ਨਾਲ ਗੂੜ੍ਹਾ ਰਿਸ਼ਤਾ ਜੋੜ ਸਕਦੇ ਹਾਂ। ਅਸੀਂ ਹੋਰ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਮਿਸਾਲ ਲਈ, ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਸੱਚਾਈ ਵਿਚ ਕਿੰਨੀ ਕੁ ਤਰੱਕੀ ਕੀਤੀ ਹੈ? ਸੱਚਾਈ ਵਿਚ ਤਰੱਕੀ ਕਰਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਸੱਚਾਈ ਦਾ ਸਾਡੀ ਜ਼ਿੰਦਗੀ ’ਤੇ ਕੀ ਅਸਰ ਪੈਂਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਆਪਾਂ ਅਗਲੇ ਲੇਖ ਵਿਚ ਲਵਾਂਗੇ।