Skip to content

Skip to table of contents

ਸੱਚਾਈ ਵਿਚ ਤਰੱਕੀ ਕਰਦੇ ਰਹੋ!

ਸੱਚਾਈ ਵਿਚ ਤਰੱਕੀ ਕਰਦੇ ਰਹੋ!

‘ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਰਹੋ।’​—ਗਲਾ. 5:16.

ਗੀਤ: 16, 10

1, 2. ਇਕ ਭਰਾ ਆਪਣੇ ਬਾਰੇ ਕਿਵੇਂ ਮਹਿਸੂਸ ਕਰਦਾ ਸੀ? ਉਸ ਨੇ ਕਿਹੜਾ ਕਦਮ ਚੁੱਕਿਆ?

ਰੌਬਰਟ ਦਾ ਬਪਤਿਸਮਾ 15 ਸਾਲ ਦੀ ਉਮਰ ਵਿਚ ਹੋਇਆ ਸੀ, ਪਰ ਉਸ ਨੇ ਸੱਚਾਈ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲਿਆ। ਉਹ ਕਹਿੰਦਾ ਹੈ: “ਚਾਹੇ ਮੈਂ ਕਦੇ ਕੋਈ ਗੰਭੀਰ ਗ਼ਲਤੀ ਨਹੀਂ ਕੀਤੀ ਸੀ, ਪਰ ਮੈਂ ਪਰਮੇਸ਼ੁਰ ਦੀ ਸੇਵਾ ਦਿਲੋਂ ਨਹੀਂ ਸੀ ਕਰਦਾ। ਦੇਖਣ ਨੂੰ ਲੱਗਦਾ ਸੀ ਕਿ ਮੈਂ ਸੱਚਾਈ ਵਿਚ ਬਹੁਤ ਮਜ਼ਬੂਤ ਸੀ। ਮੈਂ ਸਾਰੀਆਂ ਸਭਾਵਾਂ ’ਤੇ ਜਾਂਦਾ ਸੀ ਅਤੇ ਸਾਲ ਵਿਚ ਮੌਕਾ ਮਿਲਣ ’ਤੇ ਕਦੇ-ਕਦੇ ਔਗਜ਼ੀਲਰੀ ਪਾਇਨੀਅਰਿੰਗ ਵੀ ਕਰਦਾ ਸੀ। ਪਰ ਫਿਰ ਵੀ ਮੈਨੂੰ ਆਪਣੇ ਆਪ ਵਿਚ ਕਿਸੇ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ।”

2 ਰੌਬਰਟ ਨੂੰ ਵਿਆਹ ਤੋਂ ਬਾਅਦ ਆਪਣੀ ਕਮੀ ਦਾ ਪਤਾ ਲੱਗਾ। ਉਹ ਆਪਣੀ ਪਤਨੀ ਨਾਲ ਇਕ ਖੇਡ ਖੇਡਦਾ ਸੀ ਜਿਸ ਵਿਚ ਉਹ ਇਕ-ਦੂਜੇ ਨੂੰ ਬਾਈਬਲ ਵਿੱਚੋਂ ਸਵਾਲ ਪੁੱਛਦੇ ਸਨ। ਉਸ ਦੀ ਪਤਨੀ ਸੱਚਾਈ ਵਿਚ ਬਹੁਤ ਮਜ਼ਬੂਤ ਸੀ ਅਤੇ ਉਹ ਝੱਟ ਜਵਾਬ ਦੇ ਦਿੰਦੀ ਸੀ। ਪਰ ਰੌਬਰਟ ਨੂੰ ਜਵਾਬ ਪਤਾ ਨਹੀਂ ਸੀ ਹੁੰਦੇ ਅਤੇ ਉਸ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ। ਉਹ ਕਹਿੰਦਾ ਹੈ: “ਮੈਨੂੰ ਇੱਦਾਂ ਲੱਗਦਾ ਸੀ ਕਿ ਮੈਨੂੰ ਕੁਝ ਵੀ ਨਹੀਂ ਆਉਂਦਾ। ਮੈਂ ਸੋਚਦਾ ਹੁੰਦਾ ਸੀ: ‘ਜੇ ਮੈਂ ਪਰਿਵਾਰ ਦੇ ਮੁਖੀ ਵਜੋਂ ਪਰਮੇਸ਼ੁਰੀ ਗੱਲਾਂ ਵਿਚ ਆਪਣੀ ਪਤਨੀ ਦੀ ਅਗਵਾਈ ਕਰਨੀ ਹੈ, ਤਾਂ ਮੈਨੂੰ ਕੁਝ ਕਦਮ ਚੁੱਕਣ ਦੀ ਲੋੜ ਹੈ।’” ਉਸ ਨੇ ਕਿਹੜਾ ਕਦਮ ਚੁੱਕਿਆ? ਉਹ ਕਹਿੰਦਾ ਹੈ: “ਮੈਂ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ। ਜਿੱਦਾਂ-ਜਿੱਦਾਂ ਮੈਂ ਗਹਿਰਾਈ ਨਾਲ ਬਾਈਬਲ ਦਾ ਅਧਿਐਨ ਕਰਦਾ ਸੀ, ਉੱਦਾਂ-ਉੱਦਾਂ ਮੈਨੂੰ ਬਾਈਬਲ ਦੀਆਂ ਡੂੰਘੀਆਂ ਗੱਲਾਂ ਸਮਝ ਆਉਣ ਲੱਗੀਆਂ। ਬਾਈਬਲ ਦੀ ਸਮਝ ਵਧਣ ਨਾਲ ਪਰਮੇਸ਼ੁਰ ਨਾਲ ਮੇਰਾ ਰਿਸ਼ਤਾ ਵੀ ਮਜ਼ਬੂਤ ਹੁੰਦਾ ਗਿਆ।”

3. (ੳ) ਅਸੀਂ ਰੌਬਰਟ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (ਅ) ਅਸੀਂ ਇਸ ਲੇਖ ਵਿਚ ਕਿਹੜੀਆਂ ਗੱਲਾਂ ’ਤੇ ਚਰਚਾ ਕਰਾਂਗੇ?

3 ਅਸੀਂ ਰੌਬਰਟ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਸ਼ਾਇਦ ਸਾਨੂੰ ਵੀ ਬਾਈਬਲ ਦੀ ਥੋੜ੍ਹੀ-ਬਹੁਤੀ ਜਾਣਕਾਰੀ ਹੋਵੇ ਅਤੇ ਅਸੀਂ ਲਗਾਤਾਰ ਸਭਾਵਾਂ ਅਤੇ ਪ੍ਰਚਾਰ ’ਤੇ ਵੀ ਜਾਂਦੇ ਹੋਈਏ। ਪਰ ਸੱਚਾਈ ਵਿਚ ਮਜ਼ਬੂਤ ਹੋਣ ਲਈ ਇਹ ਕੰਮ ਕਰਨੇ ਹੀ ਕਾਫ਼ੀ ਨਹੀਂ ਹਨ। ਜਾਂ ਸ਼ਾਇਦ ਅਸੀਂ ਕੁਝ ਹੱਦ ਤਕ ਤਰੱਕੀ ਕੀਤੀ ਹੈ, ਪਰ ਆਪਣੀ ਜਾਂਚ ਕਰਨ ਤੇ ਸ਼ਾਇਦ ਸਾਨੂੰ ਅਹਿਸਾਸ ਹੋਵੇ ਕਿ ਸਾਨੂੰ ਹੋਰ ਵੀ ਤਰੱਕੀ ਕਰਨ ਦੀ ਲੋੜ ਹੈ। (ਫ਼ਿਲਿ. 3:16) ਲਗਾਤਾਰ ਤਰੱਕੀ ਕਰਦੇ ਰਹਿਣ ਲਈ ਅਸੀਂ ਇਸ ਲੇਖ ਵਿਚ ਤਿੰਨ ਸਵਾਲਾਂ ’ਤੇ ਚਰਚਾ ਕਰਾਂਗੇ: (1) ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਸੱਚਾਈ ਵਿਚ ਕਿੰਨੀ ਕੁ ਤਰੱਕੀ ਕੀਤੀ ਹੈ? (2) ਅਸੀਂ ਹੋਰ ਵੀ ਤਰੱਕੀ ਕਿਵੇਂ ਕਰ ਸਕਦੇ ਹਾਂ? (3) ਤਰੱਕੀ ਕਰਨ ਨਾਲ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕਿਵੇਂ ਫ਼ਾਇਦਾ ਹੋ ਸਕਦਾ ਹੈ?

ਆਪਣੀ ਜਾਂਚ ਕਰੋ

4. ਅਫ਼ਸੀਆਂ 4:23, 24 ਵਿਚ ਦਿੱਤੀ ਸਲਾਹ ਕਿਨ੍ਹਾਂ ’ਤੇ ਲਾਗੂ ਹੁੰਦੀ ਹੈ?

4 ਪਰਮੇਸ਼ੁਰ ਦੇ ਸੇਵਕ ਬਣਨ ਲਈ ਅਸੀਂ ਆਪਣੇ ਆਪ ਵਿਚ ਬਹੁਤ ਸਾਰੇ ਸੁਧਾਰ ਕੀਤੇ ਸਨ ਜਿਸ ਕਰਕੇ ਸਾਡੀ ਜ਼ਿੰਦਗੀ ਬਦਲ ਗਈ। ਬਪਤਿਸਮਾ ਲੈਣ ਦਾ ਮਤਲਬ ਇਹ ਨਹੀਂ ਕਿ ਹੁਣ ਸਾਨੂੰ ਕੋਈ ਸੁਧਾਰ ਕਰਨ ਦੀ ਲੋੜ ਨਹੀਂ। ਬਾਈਬਲ ਕਹਿੰਦੀ ਹੈ: “ਤੁਹਾਨੂੰ ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹਿਣਾ ਚਾਹੀਦਾ ਹੈ।” (ਅਫ਼. 4:23, 24) ਪਾਪੀ ਹੋਣ ਕਰਕੇ ਸਾਨੂੰ ਸੁਧਾਰ ਕਰਦੇ ਰਹਿਣ ਦੀ ਲੋੜ ਹੈ। ਇੱਥੋਂ ਤਕ ਕਿ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਵੀ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਦੀ ਲੋੜ ਹੁੰਦੀ ਹੈ।​—ਫ਼ਿਲਿ. 3:12, 13.

5. ਆਪਣੀ ਜਾਂਚ ਕਰਨ ਲਈ ਅਸੀਂ ਖ਼ੁਦ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?

5 ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਅਤੇ ਸੱਚਾਈ ਵਿਚ ਤਰੱਕੀ ਕਰਦੇ ਰਹਿਣ ਲਈ ਸਾਨੂੰ ਈਮਾਨਦਾਰੀ ਨਾਲ ਆਪਣੀ ਜਾਂਚ ਕਰਨ ਦੀ ਲੋੜ ਹੈ। ਚਾਹੇ ਅਸੀਂ ਜਵਾਨ ਹਾਂ ਜਾਂ ਵੱਡੀ ਉਮਰ ਦੇ ਅਸੀਂ ਸਾਰੇ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੇਰੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਮੈਂ ਯਹੋਵਾਹ ਵਰਗੀ ਸੋਚ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ? ਕੀ ਮੈਂ ਮਸੀਹ ਦੀ ਰੀਸ ਕਰਨ ਦੀ ਹੋਰ ਵੀ ਕੋਸ਼ਿਸ਼ ਕਰ ਰਿਹਾ ਹਾਂ? ਸਭਾਵਾਂ ਵਿਚ ਮੇਰੇ ਪੇਸ਼ ਆਉਣ ਦੇ ਤਰੀਕੇ ਅਤੇ ਰਵੱਈਏ ਤੋਂ ਮੇਰੇ ਬਾਰੇ ਕੀ ਪਤਾ ਲੱਗਦਾ ਹੈ? ਮੇਰੀਆਂ ਗੱਲਾਂ ਤੋਂ ਮੇਰੇ ਟੀਚਿਆਂ ਅਤੇ ਇੱਛਾਵਾਂ ਬਾਰੇ ਕੀ ਪਤਾ ਲੱਗਦਾ ਹੈ? ਬਾਈਬਲ ਅਧਿਐਨ ਕਰਨ ਦੀ ਮੇਰੀ ਆਦਤ, ਮੇਰੇ ਹਾਰ-ਸ਼ਿੰਗਾਰ, ਕੱਪੜਿਆਂ ਅਤੇ ਸਲਾਹ ਮਿਲਣ ’ਤੇ ਮੇਰੇ ਰਵੱਈਏ ਤੋਂ ਮੇਰੇ ਬਾਰੇ ਕੀ ਪਤਾ ਲੱਗਦਾ ਹੈ? ਪਰੀਖਿਆ ਆਉਣ ’ਤੇ ਮੈਂ ਕੀ ਕਰਦਾ ਹਾਂ? ਕੀ ਮੈਂ ਇਕ ਸਮਝਦਾਰ ਮਸੀਹੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ?’ (ਅਫ਼. 4:13) ਇਨ੍ਹਾਂ ਸਵਾਲਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਜਾਣ ਸਕਦੇ ਹਾਂ ਕਿ ਅਸੀਂ ਸੱਚਾਈ ਵਿਚ ਕਿੰਨੀ ਕੁ ਤਰੱਕੀ ਕੀਤੀ ਹੈ।

6. ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੀ ਗਹਿਰਾਈ ਜਾਣਨ ਲਈ ਸ਼ਾਇਦ ਸਾਨੂੰ ਕੀ ਕਰਨ ਦੀ ਲੋੜ ਪਵੇ?

6 ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਕਿੰਨਾ ਕੁ ਮਜ਼ਬੂਤ ਹੈ? ਇਹ ਜਾਣਨ ਲਈ ਸ਼ਾਇਦ ਸਾਨੂੰ ਦੂਜਿਆਂ ਤੋਂ ਰਾਇ ਲੈਣ ਦੀ ਲੋੜ ਪਵੇ। ਪੌਲੁਸ ਰਸੂਲ ਨੇ ਕਿਹਾ ਕਿ ਸਰੀਰਕ ਇੱਛਾਵਾਂ ਪੂਰੀਆਂ ਕਰਨ ਵਾਲਾ ਇਨਸਾਨ ਸਮਝ ਨਹੀਂ ਸਕਦਾ ਕਿ ਪਰਮੇਸ਼ੁਰ ਨੂੰ ਉਸ ਦੇ ਕੰਮਾਂ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ। ਪਰ ਉਸ ਦੇ ਉਲਟ, ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਣ ਵਾਲਾ ਇਨਸਾਨ ਪਰਮੇਸ਼ੁਰ ਦੀ ਸੋਚ ਜਾਣਦਾ ਹੈ। ਉਸ ਨੂੰ ਪਤਾ ਹੈ ਕਿ ਯਹੋਵਾਹ ਨੂੰ ਸਰੀਰਕ ਇੱਛਾਵਾਂ ਪੂਰੀਆਂ ਕਰਨ ਵਾਲੇ ਇਨਸਾਨ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ। (1 ਕੁਰਿੰ. 2:14-16; 3:1-3) ਜਦੋਂ ਕਿਸੇ ਮਸੀਹੀ ਦਾ ਧਿਆਨ ਸਰੀਰਕ ਇੱਛਾਵਾਂ ਪੂਰੀਆਂ ਕਰਨ ਵੱਲ ਜਾ ਰਿਹਾ ਹੁੰਦਾ ਹੈ, ਤਾਂ ਮਸੀਹ ਦੀ ਸੋਚ ਰੱਖਣ ਵਾਲੇ ਬਜ਼ੁਰਗਾਂ ਨੂੰ ਇਸ ਬਾਰੇ ਛੇਤੀ ਪਤਾ ਲੱਗ ਜਾਂਦਾ ਹੈ। ਜੇ ਬਜ਼ੁਰਗ ਸਾਨੂੰ ਇਸ ਬਾਰੇ ਸਲਾਹ ਦਿੰਦੇ ਹਨ, ਤਾਂ ਕੀ ਅਸੀਂ ਉਨ੍ਹਾਂ ਦੀ ਗੱਲ ਸੁਣ ਕੇ ਸਲਾਹ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਇੱਦਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨਾ ਚਾਹੁੰਦੇ ਹਾਂ।​—ਉਪ. 7:5, 9.

ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਹੋਰ ਗੂੜ੍ਹਾ ਕਰਦੇ ਰਹੋ

7. ਪਰਮੇਸ਼ੁਰ ਵਰਗੀ ਸੋਚ ਰੱਖਣ ਲਈ ਬਾਈਬਲ ਦਾ ਗਿਆਨ ਹੋਣਾ ਹੀ ਕਾਫ਼ੀ ਕਿਉਂ ਨਹੀਂ ਹੈ?

7 ਪਰਮੇਸ਼ੁਰ ਵਰਗੀ ਸੋਚ ਰੱਖਣ ਲਈ ਬਾਈਬਲ ਦਾ ਗਿਆਨ ਹੋਣਾ ਹੀ ਕਾਫ਼ੀ ਨਹੀਂ ਹੈ। ਰਾਜੇ ਸੁਲੇਮਾਨ ਨੂੰ ਯਹੋਵਾਹ ਬਾਰੇ ਬਹੁਤ ਕੁਝ ਪਤਾ ਸੀ। ਉਸ ਦੀਆਂ ਗੱਲਾਂ ਅਸੀਂ ਬਾਈਬਲ ਵਿਚ ਪੜ੍ਹ ਸਕਦੇ ਹਾਂ। ਪਰ ਅਖ਼ੀਰ ਵਿਚ ਯਹੋਵਾਹ ਨਾਲ ਉਸ ਦਾ ਰਿਸ਼ਤਾ ਕਮਜ਼ੋਰ ਹੋ ਗਿਆ ਅਤੇ ਉਹ ਵਫ਼ਾਦਾਰ ਨਹੀਂ ਰਿਹਾ। (1 ਰਾਜ. 4:29, 30; 11:4-6) ਸੋ ਬਾਈਬਲ ਦਾ ਗਿਆਨ ਹੋਣ ਦੇ ਨਾਲ-ਨਾਲ ਹੋਰ ਕੀ ਜ਼ਰੂਰੀ ਹੈ? ਸਾਨੂੰ ਆਪਣੀ ਨਿਹਚਾ ਪੱਕੀ ਕਰਦੇ ਰਹਿਣ ਦੀ ਲੋੜ ਹੈ। (ਕੁਲੁ. 2:6, 7) ਪਰ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

8, 9. (ੳ) ਨਿਹਚਾ ਪੱਕੀ ਕਰਨ ਲਈ ਕਿਹੜੀ ਗੱਲ ਸਾਡੀ ਮਦਦ ਕਰੇਗੀ? (ਅ) ਅਧਿਐਨ ਤੇ ਸੋਚ-ਵਿਚਾਰ ਕਰਦਿਆਂ ਸਾਡਾ ਟੀਚਾ ਕੀ ਹੋਣਾ ਚਾਹੀਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

8 ਪੌਲੁਸ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਹਾ: “ਆਓ ਆਪਾਂ ਸਮਝਦਾਰ ਬਣਨ ਲਈ ਪੂਰੀ ਵਾਹ ਲਾਈਏ।” (ਇਬ. 6:1) ਪੌਲੁਸ ਦੀ ਸਲਾਹ ਲਾਗੂ ਕਰਨ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ? ਇਕ ਜ਼ਰੂਰੀ ਕਦਮ ਇਹ ਹੈ ਕਿ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਦੀ ਸਟੱਡੀ ਕਰੋ। ਇਸ ਕਿਤਾਬ ਦਾ ਪੂਰਾ ਅਧਿਐਨ ਕਰ ਕੇ ਤੁਸੀਂ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਸਿੱਖੋਗੇ। ਜੇ ਤੁਸੀਂ ਇਸ ਕਿਤਾਬ ਦਾ ਅਧਿਐਨ ਪੂਰਾ ਕਰ ਚੁੱਕੇ ਹੋ, ਤਾਂ ਕਿਉਂ ਨਾ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਕਿਸੇ ਹੋਰ ਕਿਤਾਬ ਦਾ ਅਧਿਐਨ ਕਰੋ। (ਕੁਲੁ. 1:23) ਕੀ ਤੁਸੀਂ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰਦੇ ਹੋ ਕਿ ਤੁਸੀਂ ਪੜ੍ਹੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ?

9 ਅਧਿਐਨ ਤੇ ਸੋਚ-ਵਿਚਾਰ ਕਰਨ ਦਾ ਸਾਡਾ ਟੀਚਾ ਯਹੋਵਾਹ ਨੂੰ ਖ਼ੁਸ਼ ਕਰਨ ਅਤੇ ਉਸ ਦਾ ਕਹਿਣਾ ਮੰਨਣ ਦਾ ਹੋਣਾ ਚਾਹੀਦਾ ਹੈ। (ਜ਼ਬੂ. 40:8; 119:97) ਨਾਲੇ ਅਸੀਂ ਉਸ ਹਰ ਚੀਜ਼ ਤੋਂ ਦੂਰ ਰਹਿਣਾ ਸਿੱਖਦੇ ਹਾਂ ਜੋ ਸਾਡੀ ਤਰੱਕੀ ਦੇ ਰਾਹ ਵਿਚ ਰੋੜਾ ਬਣ ਸਕਦੀ ਹੈ।​—ਤੀਤੁ. 2:11, 12.

10. ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਬਣਾਉਣ ਲਈ ਕਿਹੜੀ ਗੱਲ ਨੌਜਵਾਨਾਂ ਦੀ ਮਦਦ ਕਰੇਗੀ?

10 ਨੌਜਵਾਨੋ, ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਕਿਹੜੇ ਟੀਚੇ ਰੱਖੇ ਹਨ? ਬੈਥਲ ਦਾ ਇਕ ਭਰਾ ਸੰਮੇਲਨਾਂ ਤੋਂ ਪਹਿਲਾਂ ਬਪਤਿਸਮਾ ਲੈਣ ਵਾਲਿਆਂ ਨਾਲ ਗੱਲ ਕਰਦਾ ਹੈ। ਉਹ ਪ੍ਰੋਗ੍ਰਾਮ ਤੋਂ ਪਹਿਲਾਂ ਕੁਝ ਸਮਾਂ ਕੱਢ ਕੇ ਉਨ੍ਹਾਂ ਦੇ ਟੀਚਿਆਂ ਬਾਰੇ ਪੁੱਛਦਾ ਹੈ। ਇਨ੍ਹਾਂ ਵਿਚ ਜ਼ਿਆਦਾਤਰ ਨੌਜਵਾਨਾਂ ਹੁੰਦੇ ਹਨ। ਕਈਆਂ ਦੇ ਜਵਾਬ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਭਵਿੱਖ ਵਿਚ ਯਹੋਵਾਹ ਦੀ ਸੇਵਾ ਕਰਨ ਲਈ ਬਹੁਤ ਵਧੀਆ ਟੀਚੇ ਰੱਖੇ ਹਨ। ਮਿਸਾਲ ਲਈ, ਕਈ ਪੂਰੇ ਸਮੇਂ ਦੀ ਸੇਵਾ ਕਰਨੀ ਚਾਹੁੰਦੇ ਹਨ ਜਾਂ ਉੱਥੇ ਜਾਂ ਕੇ ਪ੍ਰਚਾਰ ਕਰਨਾ ਚਾਹੁੰਦੇ ਹਨ ਜਿੱਥੇ ਬਹੁਤ ਲੋੜ ਹੈ। ਪਰ ਕਦੀ-ਕਦੀ ਕਈ ਨੌਜਵਾਨਾਂ ਕੋਲ ਕੋਈ ਜਵਾਬ ਹੀ ਨਹੀਂ ਹੁੰਦਾ। ਕੀ ਉਹ ਟੀਚੇ ਇਸ ਕਰਕੇ ਨਹੀਂ ਰੱਖਦੇ ਕਿਉਂਕਿ ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਇਸ ਦੀ ਕੋਈ ਲੋੜ ਹੀ ਨਹੀਂ? ਨੌਜਵਾਨੋ, ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਇਸ ਲਈ ਪ੍ਰਚਾਰ ਅਤੇ ਸਭਾਵਾਂ ’ਤੇ ਜਾਂਦਾ ਹਾਂ ਕਿਉਂਕਿ ਮੇਰੇ ਮੰਮੀ-ਡੈਡੀ ਜਾਂਦੇ ਹਨ? ਕੀ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਜੋੜਨ ਲਈ ਮੈਂ ਖ਼ੁਦ ਮਿਹਨਤ ਕਰਦਾ ਹਾਂ?’ ਯਾਦ ਰੱਖੋ ਕਿ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਦੀ ਸਲਾਹ ਸਿਰਫ਼ ਨੌਜਵਾਨਾਂ ਉੱਤੇ ਨਹੀਂ ਢੁਕਦੀ। ਇਸ ਤਰ੍ਹਾਂ ਦੇ ਟੀਚੇ ਰੱਖ ਕੇ ਅਸੀਂ ਸਾਰੇ ਜਣੇ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹਾਂ।​—ਉਪ. 12:1, 13.

11. (ੳ) ਸੱਚਾਈ ਵਿਚ ਤਰੱਕੀ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਬਾਈਬਲ ਵਿੱਚੋਂ ਅਸੀਂ ਕਿਸ ਦੀ ਮਿਸਾਲ ਦੀ ਰੀਸ ਕਰ ਸਕਦੇ ਹਾਂ?

11 ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਨੂੰ ਕਿਨ੍ਹਾਂ ਮਾਮਲਿਆਂ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਸਾਨੂੰ ਢੁਕਵੇਂ ਕਦਮ ਵੀ ਚੁੱਕਣੇ ਚਾਹੀਦੇ ਹਨ। ਪਰਮੇਸ਼ੁਰ ਦੇ ਨੇੜੇ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ। (ਰੋਮੀ. 8:6-8) ਪਰ ਇਕ ਸਮਝਦਾਰ ਮਸੀਹੀ ਬਣਨ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਸਾਡੇ ਤੋਂ ਮੁਕੰਮਲ ਬਣਨ ਦੀ ਆਸ ਰੱਖਦਾ ਹੈ। ਯਹੋਵਾਹ ਦੀ ਪਵਿੱਤਰ ਸ਼ਕਤੀ ਸੁਧਾਰ ਕਰਨ ਲਈ ਸਾਡੀ ਮਦਦ ਕਰ ਸਕਦੀ ਹੈ। ਪਰ ਸਾਨੂੰ ਵੀ ਜਤਨ ਕਰਨ ਦੀ ਲੋੜ ਹੈ। ਜੌਨ ਬਾਰ ਪ੍ਰਬੰਧਕ ਸਭਾ ਦਾ ਭਰਾ ਸੀ ਅਤੇ ਉਸ ਨੇ ਲੂਕਾ 13:24 ਬਾਰੇ ਗੱਲ ਕਰਦਿਆਂ ਕਿਹਾ: “ਬਹੁਤ ਲੋਕ ਸਮਝਦਾਰ ਨਹੀਂ ਬਣਦੇ ਕਿਉਂਕਿ ਉਹ ਬਾਈਬਲ ਦਾ ਅਧਿਐਨ ਕਰਨ ਅਤੇ ਉਸ ਦੇ ਅਸੂਲ ਲਾਗੂ ਕਰਨ ਲਈ ਪੂਰੀ ਵਾਹ ਨਹੀਂ ਲਾਉਂਦੇ।” ਸਾਨੂੰ ਯਾਕੂਬ ਵਾਂਗ ਬਣਨ ਦੀ ਲੋੜ ਹੈ। ਉਸ ਨੇ ਸਵਰਗ ਦੂਤ ਨਾਲ ਉਦੋਂ ਤਕ ਘੋਲ ਕੀਤਾ, ਜਦੋਂ ਤਕ ਉਸ ਨੂੰ ਬਰਕਤ ਨਹੀਂ ਮਿਲੀ। (ਉਤ. 32:26-28) ਬਾਈਬਲ ਪੜ੍ਹਨ ਨਾਲ ਸਾਨੂੰ ਮਜ਼ਾ ਆਉਂਦਾ ਹੈ। ਪਰ ਇਹ ਨਾ ਸੋਚੋ ਕਿ ਬਾਈਬਲ ਇਕ ਕਹਾਣੀਆਂ ਦੀ ਕਿਤਾਬ ਹੈ ਜੋ ਸਿਰਫ਼ ਦਿਲ-ਪਰਚਾਵੇ ਲਈ ਲਿਖੀ ਗਈ ਹੈ। ਬਾਈਬਲ ਤੋਂ ਪੂਰਾ ਫ਼ਾਇਦਾ ਉਠਾਉਣ ਲਈ ਉਸ ਵਿੱਚੋਂ ਹੀਰੇ-ਮੋਤੀ ਲੱਭਣ ਦਾ ਜਤਨ ਕਰੋ।

12, 13. (ੳ) ਰੋਮੀਆਂ 15:5 ਦੀ ਸਲਾਹ ਲਾਗੂ ਕਰਨ ਲਈ ਕਿਹੜੀ ਗੱਲ ਸਾਡੀ ਮਦਦ ਕਰੇਗੀ? (ਅ) ਪਤਰਸ ਰਸੂਲ ਦੀ ਮਿਸਾਲ ਅਤੇ ਸਲਾਹ ਸਾਡੀ ਮਦਦ ਕਿੱਦਾਂ ਕਰ ਸਕਦੀ ਹੈ? (ੲ) ਤਰੱਕੀ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? (“ਸੱਚਾਈ ਵਿਚ ਤਰੱਕੀ ਕਰਨ ਦੇ ਕਦਮ” ਨਾਂ ਦੀ ਡੱਬੀ ਦੇਖੋ।)

12 ਜਦੋਂ ਅਸੀਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਜਤਨ ਕਰਦੇ ਹਾਂ, ਤਾਂ ਪਵਿੱਤਰ ਸ਼ਕਤੀ ਸਾਡੇ ਮਨ ਉੱਤੇ ਅਸਰ ਕਰਦੀ ਹੈ। ਹੌਲੀ-ਹੌਲੀ ਅਸੀਂ ਯਿਸੂ ਵਾਂਗ ਸੋਚਣ ਲੱਗ ਪੈਂਦੇ ਹਾਂ। (ਰੋਮੀ. 15:5) ਨਾਲੇ ਆਪਣੇ ਮਨ ਵਿੱਚੋਂ ਗ਼ਲਤ ਇੱਛਾਵਾਂ ਨੂੰ ਜੜ੍ਹੋਂ ਪੁੱਟਣ ਅਤੇ ਪਰਮੇਸ਼ੁਰੀ ਗੁਣ ਪੈਦਾ ਕਰਨ ਵਿਚ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਹੈ। (ਗਲਾ. 5:16, 22, 23) ਜੇ ਤੁਹਾਡਾ ਝੁਕਾਅ ਧਨ-ਦੌਲਤ ਜਾਂ ਸਰੀਰਕ ਇੱਛਾਵਾਂ ਵੱਲ ਹੈ, ਤਾਂ ਹਾਰ ਨਾ ਮੰਨੋ ਅਤੇ ਲੜਦੇ ਰਹੋ। ਪਵਿੱਤਰ ਸ਼ਕਤੀ ਦੀ ਮੰਗ ਕਰਦੇ ਰਹੋ। ਯਹੋਵਾਹ ਤੁਹਾਡੀ ਮਦਦ ਜ਼ਰੂਰ ਕਰੇਗਾ ਤਾਂਕਿ ਤੁਸੀਂ ਸਹੀ ਚੀਜ਼ਾਂ ’ਤੇ ਮਨ ਲਾ ਸਕੋ। (ਲੂਕਾ 11:13) ਪਤਰਸ ਰਸੂਲ ਨੂੰ ਯਾਦ ਕਰੋ। ਕਈ ਵਾਰ ਉਸ ਨੇ ਯਿਸੂ ਵਾਂਗ ਨਹੀਂ ਸੋਚਿਆ। (ਮੱਤੀ 16:22, 23; ਲੂਕਾ 22:34, 54-62; ਗਲਾ. 2:11-14) ਪਰ ਉਸ ਨੇ ਹਾਰ ਨਹੀਂ ਮੰਨੀ। ਯਹੋਵਾਹ ਦੀ ਮਦਦ ਨਾਲ ਉਹ ਹੌਲੀ-ਹੌਲੀ ਯਿਸੂ ਵਾਂਗ ਸੋਚਣ ਲੱਗ ਪਿਆ। ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ।

13 ਬਾਅਦ ਵਿਚ ਪਤਰਸ ਨੇ ਕੁਝ ਗੁਣਾਂ ਬਾਰੇ ਲਿਖਿਆ ਜੋ ਸਾਡੀ ਮਦਦ ਕਰ ਸਕਦੇ ਹਨ। (2 ਪਤਰਸ 1:5-8 ਪੜ੍ਹੋ।) “ਜੀ-ਜਾਨ ਨਾਲ ਕੋਸ਼ਿਸ਼ ਕਰ ਕੇ” ਅਸੀਂ ਭਰਾਵਾਂ ਲਈ ਪਿਆਰ, ਸੰਜਮ ਅਤੇ ਧੀਰਜ ਵਰਗੇ ਗੁਣ ਪੈਦਾ ਕਰ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਹੌਲੀ-ਹੌਲੀ ਸਾਡੀ ਸੋਚ ਪਰਮੇਸ਼ੁਰ ਵਰਗੀ ਬਣ ਜਾਵੇਗੀ। ਹਰ ਰੋਜ਼ ਆਪਣੇ ਆਪ ਤੋਂ ਪੁੱਛੋ: ‘ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਮੈਂ ਅੱਜ ਆਪਣਾ ਕਿਹੜਾ ਗੁਣ ਨਿਖਾਰ ਸਕਦਾ ਹਾਂ?’

ਹਰ ਰੋਜ਼ ਬਾਈਬਲ ਦੇ ਅਸੂਲ ਲਾਗੂ ਕਰੋ

14. ਪਰਮੇਸ਼ੁਰ ਵਰਗੀ ਸੋਚ ਰੱਖਣ ਨਾਲ ਸਾਡੀ ਜ਼ਿੰਦਗੀ ’ਤੇ ਕੀ ਅਸਰ ਪੈ ਸਕਦਾ ਹੈ?

14 ਜੇ ਅਸੀਂ ਮਸੀਹ ਵਾਂਗ ਸੋਚਦੇ ਹਾਂ, ਤਾਂ ਇਸ ਦਾ ਅਸਰ ਸਾਡੇ ਰੋਜ਼ਮੱਰਾ ਦੇ ਫ਼ੈਸਲਿਆਂ ’ਤੇ ਪਵੇਗਾ। ਨਾਲੇ ਸਕੂਲ ਜਾਂ ਕੰਮ ਦੀ ਥਾਂ ’ਤੇ ਸਾਡਾ ਰਵੱਈਆ ਅਤੇ ਬੋਲਚਾਲ ਵਧੀਆ ਹੋਵੇਗੀ। ਸਾਡੇ ਫ਼ੈਸਲਿਆਂ ਤੋਂ ਪਤਾ ਲੱਗੇਗਾ ਕਿ ਅਸੀਂ ਮਸੀਹ ਵਾਂਗ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਯਿਸੂ ਵਰਗੀ ਸੋਚ ਰੱਖਣ ਵਾਲਾ ਇਨਸਾਨ ਕਿਸੇ ਵੀ ਚੀਜ਼ ਕਰਕੇ ਆਪਣੇ ਸਵਰਗੀ ਪਿਤਾ ਨਾਲ ਆਪਣਾ ਰਿਸ਼ਤਾ ਤਬਾਹ ਨਹੀਂ ਹੋਣ ਦੇਵੇਗਾ। ਇਸ ਦੇ ਨਾਲ-ਨਾਲ ਉਹ ਕਿਸੇ ਵੀ ਪਰੀਖਿਆ ਦਾ ਸਾਮ੍ਹਣਾ ਕਰ ਸਕਦਾ ਹੈ। ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਆਪਣੇ ਆਪ ਤੋਂ ਪੁੱਛੋ: ‘ਫ਼ੈਸਲਾ ਕਰਨ ਵਿਚ ਬਾਈਬਲ ਦੇ ਕਿਹੜੇ ਅਸੂਲ ਮੇਰੀ ਮਦਦ ਕਰ ਸਕਦੇ ਹਨ? ਜੇ ਮਸੀਹ ਮੇਰੀ ਜਗ੍ਹਾ ਹੁੰਦਾ, ਤਾਂ ਉਹ ਕੀ ਕਰਦਾ? ਯਹੋਵਾਹ ਨੂੰ ਕਿਸ ਫ਼ੈਸਲੇ ਤੋਂ ਖ਼ੁਸ਼ੀ ਹੋਵੇਗੀ?’ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਆਪਣੇ ਆਪ ਤੋਂ ਇਹੋ ਜਿਹੇ ਸਵਾਲ ਪੁੱਛਣ ਦੀ ਆਦਤ ਪਾਓ। ਆਓ ਆਪਾਂ ਕੁਝ ਹਾਲਾਤਾਂ ’ਤੇ ਗੌਰ ਕਰੀਏ। ਅਸੀਂ ਹਰੇਕ ਹਾਲਾਤ ਵਿਚ ਬਾਈਬਲ ਦੇ ਕੁਝ ਅਸੂਲ ਦੇਖਾਂਗੇ।

15, 16. ਮਸੀਹ ਵਰਗੀ ਸੋਚ ਇਹ ਫ਼ੈਸਲੇ ਕਰਨ ਵਿਚ ਸਾਡੀ ਕਿਵੇਂ ਮਦਦ ਕਰੇਗੀ (ੳ) ਜੀਵਨ ਸਾਥੀ ਦੀ ਚੋਣ ਕਰਦਿਆਂ? (ਅ) ਦੋਸਤਾਂ ਦੀ ਚੋਣ ਕਰਦਿਆਂ?

15 ਜੀਵਨ ਸਾਥੀ ਦੀ ਚੋਣ ਕਰਦਿਆਂ। ਇਸ ਮਾਮਲੇ ਸੰਬੰਧੀ 2 ਕੁਰਿੰਥੀਆਂ 6:14, 15 (ਪੜ੍ਹੋ।) ਵਿਚ ਇਕ ਅਸੂਲ ਦਿੱਤਾ ਗਿਆ ਹੈ। ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਇੱਛਾ ਮੁਤਾਬਕ ਚੱਲਣ ਵਾਲੇ ਇਨਸਾਨ ਦਾ ਸਰੀਰਕ ਇੱਛਾਵਾਂ ਮੁਤਾਬਕ ਚੱਲਣ ਵਾਲੇ ਇਨਸਾਨ ਨਾਲ ਕੋਈ ਮੇਲ ਨਹੀਂ। ਜੀਵਨ ਸਾਥੀ ਦੀ ਚੋਣ ਕਰਦਿਆਂ ਅਸੀਂ ਇਹ ਅਸੂਲ ਕਿਵੇਂ ਲਾਗੂ ਕਰ ਸਕਦੇ ਹਾਂ?

16 ਸੰਗਤੀ। ਦੋਸਤਾਂ ਦੀ ਚੋਣ ਕਰਦਿਆਂ 1 ਕੁਰਿੰਥੀਆਂ 15:33 (ਪੜ੍ਹੋ।) ਵਿਚ ਦਿੱਤਾ ਅਸੂਲ ਧਿਆਨ ਵਿਚ ਰੱਖੋ। ਪਰਮੇਸ਼ੁਰ ਵਰਗੀ ਸੋਚ ਰੱਖਣ ਵਾਲਾ ਇਨਸਾਨ ਉਨ੍ਹਾਂ ਨਾਲ ਦੋਸਤੀ ਨਹੀਂ ਕਰਦਾ ਜਿਨ੍ਹਾਂ ਕਰਕੇ ਉਸ ਦੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਸੋਚੋ ਕਿ ਤੁਸੀਂ ਇਸ ਅਸੂਲ ਨੂੰ ਅਲੱਗ-ਅਲੱਗ ਹਾਲਾਤਾਂ ਵਿਚ ਕਿਵੇਂ ਲਾਗੂ ਕਰੋਗੇ। ਮਿਸਾਲ ਲਈ, ਸੋਸ਼ਲ ਨੈੱਟਵਰਕਿੰਗ ਦਾ ਇਸਤੇਮਾਲ ਕਰਦਿਆਂ ਜਾਂ ਕਿਸੇ ਅਣਜਾਣ ਵਿਅਕਤੀ ਨਾਲ ਆਨ-ਲਾਈਨ ਗੇਮਾਂ ਖੇਡਦਿਆਂ।

ਕੀ ਮੇਰੇ ਫ਼ੈਸਲੇ ਸੱਚਾਈ ਵਿਚ ਤਰੱਕੀ ਕਰਨ ਵਿਚ ਮੇਰੀ ਮਦਦ ਕਰਨਗੇ? (ਪੈਰਾ 17 ਦੇਖੋ)

17-19. ਪਰਮੇਸ਼ੁਰ ਵਰਗੀ ਸੋਚ ਰੱਖਣ ਨਾਲ ਤੁਸੀਂ (ੳ) ਵਿਅਰਥ ਕੰਮਾਂ ਤੋਂ ਕਿਵੇਂ ਬਚ ਸਕਦੇ ਹੋ? (ਅ) ਚੰਗੇ ਟੀਚੇ ਕਿਵੇਂ ਰੱਖ ਸਕਦੇ ਹੋ? (ੲ) ਮਤਭੇਦ ਕਿਵੇਂ ਸੁਲਝਾ ਸਕਦੇ ਹੋ?

17 ਪਰਮੇਸ਼ੁਰ ਅਤੇ ਸਾਡੇ ਰਿਸ਼ਤੇ ਵਿਚ ਦਰਾੜ ਪੈਦਾ ਕਰਨ ਵਾਲੇ ਕੰਮ। ਇਬਰਾਨੀਆਂ 6:1 (ਪੜ੍ਹੋ।) ਵਿਚ ਲਿਖੇ ਪੌਲੁਸ ਦੇ ਸ਼ਬਦਾਂ ਤੋਂ ਸਾਨੂੰ ਚੇਤਾਵਨੀ ਮਿਲਦੀ ਹੈ ਕਿ ਸਾਨੂੰ ਕਿਹੜੇ “ਵਿਅਰਥ ਕੰਮਾਂ ਤੋਂ” ਬਚਣਾ ਚਾਹੀਦਾ ਹੈ? ਉਹ ਕੰਮ ਜਿਨ੍ਹਾਂ ਨਾਲ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ। ਇਸ ਅਸੂਲ ਨਾਲ ਅਸੀਂ ਅਜਿਹੇ ਸਵਾਲਾਂ ਦੇ ਜਵਾਬ ਪਾ ਸਕਦੇ ਹਾਂ: ‘ਕੀ ਇਹ ਕੰਮ ਕਰ ਕੇ ਮੇਰਾ ਫ਼ਾਇਦਾ ਹੋਣਾ ਜਾਂ ਨੁਕਸਾਨ? ਕੀ ਮੈਨੂੰ ਛੇਤੀ ਤੋਂ ਛੇਤੀ ਪੈਸੇ ਕਮਾਉਣ ਦੀਆਂ ਯੋਜਨਾਵਾਂ ਨੂੰ ਅਪਣਾ ਲੈਣਾ ਚਾਹੀਦਾ ਹੈ? ਮੈਨੂੰ ਸਮਾਜ-ਸੁਧਾਰਕ ਕੰਮਾਂ ਵਿਚ ਹਿੱਸਾ ਕਿਉਂ ਨਹੀਂ ਲੈਣਾ ਚਾਹੀਦਾ?’

ਕੀ ਮੇਰੇ ਫ਼ੈਸਲੇ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਵਿਚ ਮੇਰੀ ਮਦਦ ਕਰਨਗੇ? (ਪੈਰਾ 18 ਦੇਖੋ)

18 ਪਰਮੇਸ਼ੁਰ ਦੀ ਸੇਵਾ ਵਿਚ ਟੀਚੇ। ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਸਾਨੂੰ ਟੀਚੇ ਰੱਖਣ ਲਈ ਵਧੀਆ ਸਲਾਹ ਦਿੱਤੀ। (ਮੱਤੀ 6:33) ਪਰਮੇਸ਼ੁਰ ਵਰਗੀ ਸੋਚ ਰੱਖਣ ਵਾਲਾ ਇਨਸਾਨ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦਾ ਹੈ। ਇਸ ਅਸੂਲ ਨਾਲ ਅਸੀਂ ਅਜਿਹੇ ਸਵਾਲਾਂ ਦੇ ਜਵਾਬ ਪਾ ਸਕਦੇ ਹਾਂ: ‘ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਕੀ ਮੈਂ ਉੱਚ ਸਿੱਖਿਆ ਲਵਾਂਗਾ? ਕੀ ਮੈਂ ਕੋਈ ਵੀ ਨੌਕਰੀ ਕਰਨ ਲਈ ਤਿਆਰ ਹੋ ਜਾਵਾਂਗਾ?’

ਕੀ ਮੇਰੇ ਫ਼ੈਸਲੇ “ਸ਼ਾਂਤੀ ਬਣਾਈ ਰੱਖਣ” ਵਿਚ ਮੇਰੀ ਮਦਦ ਕਰਨਗੇ? (ਪੈਰਾ 19 ਦੇਖੋ)

19 ਮਤਭੇਦ। ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਮਤਭੇਦ ਸੁਲਝਾਉਣ ਦੀ ਸਲਾਹ ਦਿੱਤੀ ਸੀ। ਅੱਜ ਅਸੀਂ ਵੀ ਇਹ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ? (ਰੋਮੀ. 12:18) ਯਿਸੂ ਦੇ ਚੇਲੇ ਹੋਣ ਕਰਕੇ ਅਸੀਂ “ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ” ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਮਤਭੇਦ ਹੋਣ ’ਤੇ ਅਸੀਂ ਕਿੱਦਾਂ ਪੇਸ਼ ਆਉਂਦੇ ਹਾਂ? ਕੀ ਅਸੀਂ ਆਪਣੀ ਗੱਲ ’ਤੇ ਅੜੇ ਰਹਿੰਦੇ ਹਾਂ? ਜਾਂ ਕੀ ਅਸੀਂ ਸ਼ਾਂਤੀ ਬਣਾਈ ਰੱਖਣ ਵਾਲਿਆਂ ਵਜੋਂ ਜਾਣੇ ਜਾਂਦੇ ਹਾਂ?​—ਯਾਕੂ. 3:18.

20. ਤੁਸੀਂ ਸੱਚਾਈ ਵਿਚ ਤਰੱਕੀ ਕਿਉਂ ਕਰਨੀ ਚਾਹੁੰਦੇ ਹੋ?

20 ਇਹ ਕੁਝ ਹੀ ਮਿਸਾਲਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੇ ਅਸੂਲ ਲਾਗੂ ਕਰ ਕੇ ਅਸੀਂ ਸਹੀ ਫ਼ੈਸਲੇ ਕਰ ਸਕਦੇ ਹਾਂ। ਨਾਲੇ ਇਹ ਵੀ ਪਤਾ ਲੱਗੇਗਾ ਕਿ ਅਸੀਂ ਪਵਿੱਤਰ ਸ਼ਕਤੀ ਅਨੁਸਾਰ ਚੱਲਣ ਵਾਲੇ ਹਾਂ। ਜੇ ਅਸੀਂ ਪਰਮੇਸ਼ੁਰ ਵਰਗੀ ਸੋਚ ਰੱਖਾਂਗੇ, ਤਾਂ ਸਾਡੀ ਜ਼ਿੰਦਗੀ ਵਿਚ ਖ਼ੁਸ਼ੀ ਅਤੇ ਸੰਤੁਸ਼ਟੀ ਹੋਵੇਗੀ। ਰੌਬਰਟ, ਜਿਸ ਦਾ ਜ਼ਿਕਰ ਸ਼ੁਰੂ ਵਿਚ ਕੀਤਾ ਗਿਆ ਸੀ, ਕਹਿੰਦਾ ਹੈ: “ਯਹੋਵਾਹ ਨਾਲ ਇਕ ਗੂੜ੍ਹਾ ਰਿਸ਼ਤਾ ਜੋੜ ਕੇ ਹੀ ਮੈਂ ਹੋਰ ਵੀ ਚੰਗਾ ਪਤੀ ਅਤੇ ਪਿਤਾ ਬਣਿਆ। ਮੈਂ ਖ਼ੁਸ਼ ਅਤੇ ਸੰਤੁਸ਼ਟ ਹਾਂ।” ਜੇ ਅਸੀਂ ਵੀ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਪਹਿਲ ਦੇਵਾਂਗੇ, ਤਾਂ ਸਾਨੂੰ ਵੀ ਇਹੋ ਜਿਹੀਆਂ ਬਰਕਤਾਂ ਮਿਲਣਗੀਆਂ। ਸਾਡੀ ਜ਼ਿੰਦਗੀ ਨਾ ਸਿਰਫ਼ ਅੱਜ ਖ਼ੁਸ਼ੀਆਂ ਨਾਲ ਭਰ ਜਾਵੇਗੀ, ਸਗੋਂ ਭਵਿੱਖ ਵਿਚ “ਅਸਲੀ ਜ਼ਿੰਦਗੀ” ਵੀ ਮਿਲੇਗੀ।​—1 ਤਿਮੋ. 6:19.