Skip to content

Skip to table of contents

ਇਕ-ਦੂਜੇ ਨੂੰ “ਹੋਰ ਵੀ ਜ਼ਿਆਦਾ” ਹੌਸਲਾ ਦਿਓ

ਇਕ-ਦੂਜੇ ਨੂੰ “ਹੋਰ ਵੀ ਜ਼ਿਆਦਾ” ਹੌਸਲਾ ਦਿਓ

“ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ . . . ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੀਏ।”​—ਇਬ. 10:24, 25.

ਗੀਤ: 53, 20

1. ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਇਬਰਾਨੀ ਮਸੀਹੀਆਂ ਨੂੰ ਇਕ-ਦੂਜੇ ਨੂੰ “ਹੋਰ ਵੀ ਜ਼ਿਆਦਾ” ਹੌਸਲਾ ਦੇਣ ਲਈ ਕਿਉਂ ਕਿਹਾ?

ਪਹਿਲੀ ਸਦੀ ਵਿਚ, ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਸਲਾਹ ਦਿੱਤੀ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ, ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੀਏ।” (ਇਬ. 10:24, 25) ਭੈਣਾਂ-ਭਰਾਵਾਂ ਨੇ ਸ਼ਾਇਦ ਸੋਚਿਆ ਹੋਣਾ ਕਿ ਪੌਲੁਸ ਨੇ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਹੌਸਲਾ ਦੇਣ ਲਈ ਕਿਉਂ ਕਿਹਾ ਸੀ। ਪੰਜ ਸਾਲਾਂ ਦੇ ਅੰਦਰ-ਅੰਦਰ ਉਨ੍ਹਾਂ ਨੂੰ ਇਸ ਦਾ ਇਕ ਕਾਰਨ ਸਾਫ਼-ਸਾਫ਼ ਪਤਾ ਲੱਗ ਗਿਆ ਸੀ। ਉਸ ਸਮੇਂ ਉਨ੍ਹਾਂ ਨੇ ਦੇਖਿਆ ਕਿ ਯਰੂਸ਼ਲਮ ’ਤੇ ਯਹੋਵਾਹ ਦੇ ਨਿਆਂ ਦਾ ਦਿਨ ਨੇੜੇ ਸੀ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਯਿਸੂ ਦੇ ਕਹੇ ਅਨੁਸਾਰ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਭੱਜਣ ਦੀ ਲੋੜ ਸੀ। (ਰਸੂ. 2:19, 20; ਲੂਕਾ 21:20-22) ਯਹੋਵਾਹ ਦਾ ਇਹ ਦਿਨ 70 ਈਸਵੀ ਵਿਚ ਆਇਆ ਜਦੋਂ ਰੋਮੀਆਂ ਨੇ ਯਰੂਸ਼ਲਮ ਦਾ ਨਾਸ਼ ਕਰ ਦਿੱਤਾ ਸੀ।

2. ਅੱਜ ਸਾਨੂੰ ਇਕ-ਦੂਜੇ ਨੂੰ ਹੋਰ ਵੀ ਜ਼ਿਆਦਾ ਹੌਸਲਾ ਦੇਣ ਬਾਰੇ ਕਿਉਂ ਸੋਚਣਾ ਚਾਹੀਦਾ ਹੈ?

2 ਅੱਜ ਸਾਡੇ ਹਾਲਾਤ ਵੀ ਉਨ੍ਹਾਂ ਵਰਗੇ ਹਨ। ਯਹੋਵਾਹ ਦਾ “ਮਹਾਨ ਅਤੇ ਭਿਆਣਕ” ਦਿਨ ਨੇੜੇ ਹੈ। (ਯੋਏ. 2:11) ਨਬੀ ਸਫ਼ਨਯਾਹ ਦੇ ਸ਼ਬਦ ਸਾਡੇ ਦਿਨਾਂ ’ਤੇ ਵੀ ਲਾਗੂ ਹੁੰਦੇ ਹਨ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।” (ਸਫ਼. 1:14) ਇਸ ਕਰਕੇ ਸਾਨੂੰ ‘ਇਕ-ਦੂਜੇ ਦਾ ਧਿਆਨ ਰੱਖਣਾ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਣੀ’ ਚਾਹੀਦੀ ਹੈ। (ਇਬ. 10:24) ਸਾਨੂੰ ਆਪਣੇ ਭੈਣਾਂ-ਭਰਾਵਾਂ ਵਿਚ ਗਹਿਰੀ ਦਿਲਚਸਪੀ ਲੈਣੀ ਚਾਹੀਦੀ ਹੈ ਤਾਂਕਿ ਲੋੜ ਪੈਣ ’ਤੇ ਅਸੀਂ ਉਨ੍ਹਾਂ ਨੂੰ ਹੌਸਲਾ ਦੇ ਸਕੀਏ।

ਕਿਨ੍ਹਾਂ ਨੂੰ ਹੌਸਲੇ ਦੀ ਲੋੜ ਹੈ?

3. ਪੌਲੁਸ ਨੇ ਹੌਸਲਾ ਦੇਣ ਬਾਰੇ ਕੀ ਕਿਹਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।” (ਕਹਾ. 12:25) ਸਾਨੂੰ ਸਾਰਿਆਂ ਨੂੰ ਕਿਸੇ-ਨਾ-ਕਿਸੇ ਸਮੇਂ ਹੌਸਲੇ ਦੀ ਲੋੜ ਹੁੰਦੀ ਹੈ। ਪੌਲੁਸ ਨੇ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਨੂੰ ਵੀ ਹੌਸਲੇ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਦੂਜਿਆਂ ਦਾ ਹੌਸਲਾ ਵਧਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪੌਲੁਸ ਨੇ ਰੋਮ ਦੇ ਭੈਣਾਂ-ਭਰਾਵਾਂ ਨੂੰ ਲਿਖਿਆ: “ਮੈਂ ਤੁਹਾਨੂੰ ਦੇਖਣ ਨੂੰ ਤਰਸਦਾ ਹਾਂ ਤਾਂਕਿ ਮੈਂ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਕਰਨ ਲਈ ਆਪਣੀਆਂ ਗੱਲਾਂ ਨਾਲ ਤੁਹਾਡਾ ਹੌਸਲਾ ਵਧਾ ਸਕਾਂ; ਸਗੋਂ ਤੁਹਾਨੂੰ ਮੇਰੀ ਨਿਹਚਾ ਤੋਂ ਅਤੇ ਮੈਨੂੰ ਤੁਹਾਡੀ ਨਿਹਚਾ ਤੋਂ ਹੌਸਲਾ ਮਿਲੇ।” (ਰੋਮੀ. 1:11, 12) ਸੋ ਪੌਲੁਸ ਨੂੰ ਵੀ ਕਈ ਵਾਰ ਹੌਸਲੇ ਦੀ ਲੋੜ ਹੁੰਦੀ ਸੀ।​—ਰੋਮੀਆਂ 15:30-32 ਪੜ੍ਹੋ।

4, 5. ਅੱਜ ਅਸੀਂ ਕਿਨ੍ਹਾਂ ਨੂੰ ਹੌਸਲਾ ਦੇ ਸਕਦੇ ਹਾਂ ਅਤੇ ਕਿਉਂ?

4 ਅੱਜ ਅਸੀਂ ਪੂਰੇ ਸਮੇਂ ਦੀ ਸੇਵਾ ਕਰਨ ਵਾਲਿਆਂ ਨੂੰ ਹੌਸਲਾ ਦੇ ਸਕਦੇ ਹਾਂ, ਜਿਵੇਂ ਵਫ਼ਾਦਾਰ ਪਾਇਨੀਅਰ। ਇਨ੍ਹਾਂ ਵਿੱਚੋਂ ਕਈਆਂ ਨੇ ਪਾਇਨੀਅਰਿੰਗ ਕਰਨ ਲਈ ਬਹੁਤ ਵੱਡੇ ਤਿਆਗ ਕੀਤੇ ਹਨ। ਮਿਸ਼ਨਰੀਆਂ, ਬੈਥਲ ਵਿਚ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ, ਸਫ਼ਰੀ ਨਿਗਾਹਬਾਨ ਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਰਿਮੋਟ ਟ੍ਰਾਂਸਲੇਸ਼ਨ ਆਫ਼ਿਸ ਵਿਚ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਵੀ ਹੌਸਲੇ ਦੀ ਲੋੜ ਹੈ। ਇਨ੍ਹਾਂ ਸਾਰਿਆਂ ਨੇ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿਆਦਾ ਸਮਾਂ ਲਾਉਣ ਲਈ ਬਹੁਤ ਸਾਰੇ ਤਿਆਗ ਕੀਤੇ ਹਨ। ਇਸ ਕਰਕੇ ਸਾਨੂੰ ਇਨ੍ਹਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਬਹੁਤ ਸਾਰੇ ਭੈਣ-ਭਰਾ ਇੱਦਾਂ ਦੇ ਵੀ ਹਨ ਜੋ ਪੂਰੇ ਸਮੇਂ ਦੀ ਸੇਵਾ ਜਾਰੀ ਰੱਖਣੀ ਚਾਹੁੰਦੇ ਹਨ, ਪਰ ਕਈ ਕਾਰਨਾਂ ਕਰਕੇ ਉਹ ਇੱਦਾਂ ਨਹੀਂ ਕਰ ਸਕਦੇ। ਜਦੋਂ ਅਸੀਂ ਉਨ੍ਹਾਂ ਨੂੰ ਹੌਸਲਾ ਦਿੰਦੇ ਹਾਂ, ਤਾਂ ਉਹ ਦਿਲੋਂ ਧੰਨਵਾਦੀ ਹੁੰਦੇ ਹਨ।

5 ਹੋਰ ਕਿਨ੍ਹਾਂ ਨੂੰ ਹੌਸਲੇ ਦੀ ਲੋੜ ਹੈ? ਉਨ੍ਹਾਂ ਭੈਣਾਂ-ਭਰਾਵਾਂ ਨੂੰ ਹੌਸਲੇ ਦੀ ਲੋੜ ਹੈ ਜਿਹੜੇ ਇਸ ਕਰਕੇ ਕੁਆਰੇ ਰਹਿੰਦੇ ਹਨ ਕਿਉਂਕਿ ਉਹ ਯਹੋਵਾਹ ਦੀ ਇਹ ਸਲਾਹ ਮੰਨਣੀ ਚਾਹੁੰਦੇ ਹਨ ਕਿ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ” ਨਾਲ ਵਿਆਹ ਕਰਾਓ। (1 ਕੁਰਿੰ. 7:39) ਪਤਨੀਆਂ ਨੂੰ ਉਦੋਂ ਬਹੁਤ ਹੌਸਲਾ ਮਿਲਦਾ ਹੈ ਜਦੋਂ ਉਨ੍ਹਾਂ ਦੇ ਪਤੀ ਕਹਿੰਦੇ ਹਨ ਕਿ ਉਹ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਦੀ ਬਹੁਤ ਕਦਰ ਕਰਦੇ ਹਨ। (ਕਹਾ. 31:28, 31) ਅਤਿਆਚਾਰ ਅਤੇ ਬੀਮਾਰੀਆਂ ਦਾ ਸਾਮ੍ਹਣਾ ਕਰ ਰਹੇ ਮਸੀਹੀਆਂ ਨੂੰ ਵੀ ਹੌਸਲੇ ਦੀ ਲੋੜ ਹੁੰਦੀ ਹੈ। (2 ਥੱਸ. 1:3-5) ਯਹੋਵਾਹ ਅਤੇ ਯਿਸੂ ਇਨ੍ਹਾਂ ਸਾਰੇ ਵਫ਼ਾਦਾਰ ਸੇਵਕਾਂ ਨੂੰ ਦਿਲਾਸਾ ਦਿੰਦੇ ਹਨ।—2 ਥੱਸਲੁਨੀਕੀਆਂ 2:16, 17 ਪੜ੍ਹੋ।

ਬਜ਼ੁਰਗ ਸਾਨੂੰ ਹੌਸਲਾ ਦੇ ਸਕਦੇ ਹਨ

6. ਯਸਾਯਾਹ 32:1, 2 ਮੁਤਾਬਕ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਹੈ?

6 ਯਸਾਯਾਹ 32:1, 2 ਪੜ੍ਹੋ। ਮੁਸ਼ਕਲ ਸਮਿਆਂ ਵਿਚ ਰਹਿਣ ਕਰਕੇ ਅਸੀਂ ਸੌਖਿਆਂ ਹੀ ਉਦਾਸ ਅਤੇ ਨਿਰਾਸ਼ ਹੋ ਸਕਦੇ ਹਾਂ। ਯਿਸੂ ਮਸੀਹ ਅੱਜ ਚੁਣੇ ਹੋਏ ਭਰਾਵਾਂ ਅਤੇ ਹੋਰ ਭੇਡਾਂ ਦੇ ਵਫ਼ਾਦਾਰ ‘ਸਰਦਾਰਾਂ’ ਰਾਹੀਂ ਸਾਨੂੰ ਹੌਸਲਾ ਦਿੰਦਾ ਹੈ। ਮੰਡਲੀ ਦੇ ਇਹ ਬਜ਼ੁਰਗ ਸਾਡੇ ’ਤੇ “ਹੁਕਮ ਚਲਾਉਣ ਵਾਲੇ” ਨਹੀਂ, ਸਗੋਂ ਸਾਡੀ ‘ਖ਼ੁਸ਼ੀ ਲਈ ਸਾਡੇ ਨਾਲ ਕੰਮ ਕਰਨ ਵਾਲੇ’ ਹਨ। ਉਹ ਸਾਡੀ ਮਦਦ ਕਰਨੀ ਚਾਹੁੰਦੇ ਹਨ ਤਾਂਕਿ ਅਸੀਂ ਖ਼ੁਸ਼ ਅਤੇ ਵਫ਼ਾਦਾਰ ਰਹੀਏ।​—2 ਕੁਰਿੰ. 1:24.

7, 8. ਬਜ਼ੁਰਗ ਗੱਲਾਂ ਦੇ ਨਾਲ-ਨਾਲ ਹੋਰ ਕਿਹੜੇ ਤਰੀਕੇ ਨਾਲ ਦੂਜਿਆਂ ਨੂੰ ਹੌਸਲਾ ਦੇ ਸਕਦੇ ਹਨ?

7 ਪੌਲੁਸ ਰਸੂਲ ਨੇ ਇਸ ਮਾਮਲੇ ਵਿਚ ਬਜ਼ੁਰਗਾਂ ਲਈ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਥੱਸਲੁਨੀਕਾ ਵਿਚ ਸਤਾਏ ਜਾ ਰਹੇ ਮਸੀਹੀਆਂ ਨੂੰ ਲਿਖਿਆ: “ਤੁਹਾਡੇ ਨਾਲ ਬਹੁਤ ਪਿਆਰ ਹੋਣ ਕਰਕੇ ਅਸੀਂ ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਹੀ ਨਹੀਂ, ਸਗੋਂ ਆਪਣੀਆਂ ਜਾਨਾਂ ਵੀ ਤੁਹਾਡੇ ਲਈ ਖ਼ੁਸ਼ੀ-ਖ਼ੁਸ਼ੀ ਵਾਰਨ ਲਈ ਤਿਆਰ ਸੀ।”​—1 ਥੱਸ. 2:8.

8 ਬਜ਼ੁਰਗ ਆਪਣੀਆਂ ਗੱਲਾਂ ਰਾਹੀਂ ਬਹੁਤ ਹੌਸਲਾ ਦੇ ਸਕਦੇ ਹਨ। ਪਰ ਕੀ ਇੰਨਾ ਹੀ ਕਾਫ਼ੀ ਹੈ? ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਕਿਹਾ: “ਤੁਸੀਂ ਵੀ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਮਿਹਨਤ ਕਰੋ ਅਤੇ ਪ੍ਰਭੂ ਯਿਸੂ ਦੀ ਇਹ ਗੱਲ ਯਾਦ ਰੱਖੋ ਜੋ ਉਸ ਨੇ ਆਪ ਕਹੀ ਸੀ, ‘ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।’” (ਰਸੂ. 20:35) ਪੌਲੁਸ ਆਪਣੇ ਭੈਣਾਂ-ਭਰਾਵਾਂ ਲਈ ‘ਆਪਣਾ ਸਭ ਕੁਝ, ਸਗੋਂ ਆਪਣੇ ਆਪ ਨੂੰ ਵੀ ਖ਼ੁਸ਼ੀ-ਖ਼ੁਸ਼ੀ ਵਾਰਨ ਲਈ ਤਿਆਰ’ ਸੀ। ਉਸ ਨੇ ਆਪਣੇ ਕੰਮਾਂ ਰਾਹੀਂ ਦਿਖਾਇਆ ਕਿ ਉਹ ਭੈਣਾਂ-ਭਰਾਵਾਂ ਲਈ ਕੁਝ ਵੀ ਕਰਨ ਲਈ ਤਿਆਰ ਸੀ। (2 ਕੁਰਿੰ. 12:15) ਇਸੇ ਤਰ੍ਹਾਂ ਬਜ਼ੁਰਗਾਂ ਨੂੰ ਸਿਰਫ਼ ਗੱਲਾਂ ਰਾਹੀਂ ਹੀ ਨਹੀਂ, ਸਗੋਂ ਆਪਣੇ ਕੰਮਾਂ ਰਾਹੀਂ ਵੀ ਦੂਜਿਆਂ ਨੂੰ ਹੌਸਲਾ ਅਤੇ ਦਿਲਾਸਾ ਦੇਣਾ ਚਾਹੀਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਡੀ ਦਿਲੋਂ ਪਰਵਾਹ ਕਰਦੇ ਹਨ।​—1 ਕੁਰਿੰ. 14:3.

9. ਬਜ਼ੁਰਗ ਤਾੜਨਾ ਦਿੰਦਿਆਂ ਦੂਜਿਆਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਨ?

9 ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਲਈ ਕਈ ਵਾਰ ਬਜ਼ੁਰਗਾਂ ਨੂੰ ਤਾੜਨਾ ਦੇਣੀ ਪੈਂਦੀ ਹੈ। ਬਜ਼ੁਰਗ ਬਾਈਬਲ ਤੋਂ ਦੇਖ ਸਕਦੇ ਹਨ ਕਿ ਉਹ ਤਾੜਨਾ ਦਿੰਦਿਆਂ ਦੂਜਿਆਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਨ। ਯਿਸੂ ਨੇ ਤਾੜਨਾ ਦੇਣ ਦੇ ਮਾਮਲੇ ਵਿਚ ਵਧੀਆ ਮਿਸਾਲ ਕਾਇਮ ਕੀਤੀ। ਆਪਣੀ ਮੌਤ ਅਤੇ ਦੁਬਾਰਾ ਜੀ ਉਠਾਏ ਤੋਂ ਬਾਅਦ ਉਸ ਨੇ ਏਸ਼ੀਆ ਮਾਈਨਰ ਦੀਆਂ ਕੁਝ ਮੰਡਲੀਆਂ ਨੂੰ ਸਖ਼ਤ ਤਾੜਨਾ ਦਿੱਤੀ। ਉਸ ਨੇ ਅਫ਼ਸੁਸ, ਥੂਆਤੀਰਾ ਅਤੇ ਪਰਗਮੁਮ ਦੀਆਂ ਮੰਡਲੀਆਂ ਨੂੰ ਤਾੜਨਾ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਚੰਗੇ ਕੰਮਾਂ ਦੀ ਤਾਰੀਫ਼ ਕੀਤੀ। (ਪ੍ਰਕਾ. 2:1-5, 12, 13, 18, 19) ਯਿਸੂ ਨੇ ਲਾਉਦਿਕੀਆ ਦੀ ਮੰਡਲੀ ਨੂੰ ਕਿਹਾ: “ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ, ਉਨ੍ਹਾਂ ਸਾਰਿਆਂ ਨੂੰ ਮੈਂ ਝਿੜਕਦਾ ਅਤੇ ਤਾੜਨਾ ਦਿੰਦਾ ਹਾਂ। ਇਸ ਲਈ ਜੋਸ਼ੀਲਾ ਬਣ ਅਤੇ ਤੋਬਾ ਕਰ।” (ਪ੍ਰਕਾ. 3:19) ਬਜ਼ੁਰਗ ਤਾੜਨਾ ਦੇਣ ਵੇਲੇ ਮਸੀਹ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ।

ਹੌਸਲਾ ਦੇਣ ਦੀ ਜ਼ਿੰਮੇਵਾਰੀ ਸਿਰਫ਼ ਬਜ਼ੁਰਗਾਂ ਦੀ ਹੀ ਨਹੀਂ

ਮਾਪਿਓ, ਕੀ ਤੁਸੀਂ ਆਪਣੇ ਬੱਚਿਆਂ ਨੂੰ ਦੂਜਿਆਂ ਨੂੰ ਹੌਸਲਾ ਦੇਣਾ ਸਿਖਾ ਰਹੇ ਹੋ? (ਪੈਰਾ 10 ਦੇਖੋ)

10. ਅਸੀਂ ਸਾਰੇ ਜਣੇ ਇਕ-ਦੂਜੇ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ?

10 ਦੂਜਿਆਂ ਨੂੰ ਹੌਸਲਾ ਦੇਣ ਦੀ ਜ਼ਿੰਮੇਵਾਰੀ ਸਿਰਫ਼ ਬਜ਼ੁਰਗਾਂ ਦੀ ਹੀ ਨਹੀਂ ਹੈ। ਪੌਲੁਸ ਨੇ ਸਾਰੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ: “ਲੋੜ ਅਨੁਸਾਰ ਉਹੀ ਕਹੋ ਜਿਸ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ।” (ਅਫ਼. 4:29) ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ। ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਲਿਖਿਆ: “ਢਿੱਲੇ ਹੱਥਾਂ ਤੇ ਕਮਜ਼ੋਰ ਗੋਡਿਆਂ ਨੂੰ ਤਕੜਾ ਕਰੋ ਅਤੇ ਸਿੱਧੇ ਰਾਹ ’ਤੇ ਤੁਰਦੇ ਰਹੋ, ਤਾਂਕਿ ਜਿਹੜਾ ਅੰਗ ਕਮਜ਼ੋਰ ਹੈ ਉਹ ਜੋੜ ਤੋਂ ਨਾ ਨਿਕਲੇ, ਸਗੋਂ ਠੀਕ ਹੋ ਜਾਵੇ।” (ਇਬ. 12:12, 13) ਅਸੀਂ ਸਾਰੇ ਜਣੇ, ਛੋਟੇ-ਵੱਡੇ, ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਹੌਸਲਾ ਦੇ ਕੇ ਤਕੜਾ ਕਰ ਸਕਦੇ ਹਾਂ।

11. ਜਦੋਂ ਮਾਰਤੇ ਨਿਰਾਸ਼ ਸੀ, ਤਾਂ ਕਿਸ ਗੱਲ ਨੇ ਉਸ ਦੀ ਮਦਦ ਕੀਤੀ?

11 ਮਾਰਤੇ * ਨਾਂ ਦੀ ਭੈਣ ਥੋੜ੍ਹੇ ਸਮੇਂ ਲਈ ਨਿਰਾਸ਼ ਹੋ ਗਈ ਸੀ। ਉਸ ਨੇ ਲਿਖਿਆ: “ਇਕ ਦਿਨ ਮੈਂ ਇਕੱਲੀ ਤੇ ਨਿਰਾਸ਼ ਮਹਿਸੂਸ ਕਰ ਰਹੀ ਸੀ ਤੇ ਹੌਸਲਾ ਲੈਣ ਲਈ ਪ੍ਰਾਰਥਨਾ ਕਰ ਰਹੀ ਸੀ। ਉਸ ਦਿਨ ਮੇਰੀ ਮੁਲਾਕਾਤ ਇਕ ਬਜ਼ੁਰਗ ਭੈਣ ਨਾਲ ਹੋਈ। ਉਹ ਮੇਰੇ ਨਾਲ ਬਹੁਤ ਪਿਆਰ ਅਤੇ ਹਮਦਰਦੀ ਨਾਲ ਪੇਸ਼ ਆਈ। ਉਸ ਨੇ ਮੈਨੂੰ ਦੱਸਿਆ ਕਿ ਉਸ ਨੂੰ ਵੀ ਮੇਰੇ ਵਰਗੇ ਹਾਲਾਤਾਂ ਵਿੱਚੋਂ ਲੰਘਣਾ ਪਿਆ ਸੀ। ਉਸ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਸਕੂਨ ਮਿਲਿਆ।” ਉਸ ਭੈਣ ਨੂੰ ਸ਼ਾਇਦ ਪਤਾ ਵੀ ਨਹੀਂ ਲੱਗਾ ਹੋਣਾ ਕਿ ਉਸ ਦੀਆਂ ਗੱਲਾਂ ਨੇ ਮਾਰਤੇ ਦਾ ਕਿੰਨਾ ਹੌਸਲਾ ਵਧਾਇਆ!

12, 13. ਅਸੀਂ ਫ਼ਿਲਿੱਪੀਆਂ 2:1-4 ਵਿਚ ਦੱਸੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ?

12 ਪੌਲੁਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਲਿਖਿਆ: “ਤੁਸੀਂ ਮਸੀਹ ਨਾਲ ਏਕਤਾ ਵਿਚ ਬੱਝੇ ਹੋਏ ਹੋ, ਨਾਲੇ ਪਿਆਰ ਹੋਣ ਕਰਕੇ ਤੁਸੀਂ ਦੂਸਰਿਆਂ ਨੂੰ ਹੌਸਲਾ ਤੇ ਦਿਲਾਸਾ ਦਿੰਦੇ ਹੋ, ਉਨ੍ਹਾਂ ਦਾ ਫ਼ਿਕਰ ਕਰਦੇ ਹੋ ਅਤੇ ਉਨ੍ਹਾਂ ਨਾਲ ਮੋਹ ਤੇ ਹਮਦਰਦੀ ਰੱਖਦੇ ਹੋ। ਹੁਣ ਇਸ ਗੱਲ ਵਿਚ ਵੀ ਮੇਰੀ ਖ਼ੁਸ਼ੀ ਨੂੰ ਹੋਰ ਵਧਾਓ ਕਿ ਤੁਸੀਂ ਸਾਰੇ ਇਕ ਮਨ ਹੋਵੋ ਅਤੇ ਇਕ-ਦੂਜੇ ਨਾਲ ਇੱਕੋ ਜਿਹਾ ਪਿਆਰ ਕਰੋ ਅਤੇ ਆਪਸ ਵਿਚ ਏਕਾ ਅਤੇ ਇੱਕੋ ਜਿਹੀ ਸੋਚ ਰੱਖੋ। ਲੜਾਈ-ਝਗੜੇ ਦੀ ਭਾਵਨਾ ਨਾਲ ਜਾਂ ਹੰਕਾਰ ਵਿਚ ਆ ਕੇ ਕੋਈ ਕੰਮ ਨਾ ਕਰੋ, ਸਗੋਂ ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ। ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”​—ਫ਼ਿਲਿ. 2:1-4.

13 ਸਾਨੂੰ ਸਾਰਿਆਂ ਨੂੰ ਦੂਜਿਆਂ ਦੀ ਮਦਦ ਕਰਨ ਦੇ ਤਰੀਕੇ ਭਾਲਣੇ ਚਾਹੀਦੇ ਹਨ। ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਅਸੀਂ ਪਿਆਰ ਨਾਲ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹਾਂ, ਉਨ੍ਹਾਂ ਲਈ ਫ਼ਿਕਰ ਦਿਖਾ ਸਕਦੇ ਹਾਂ ਅਤੇ ਉਨ੍ਹਾਂ ਨੂੰ ਮੋਹ ਤੇ ਹਮਦਰਦੀ ਦਿਖਾ ਸਕਦੇ ਹਾਂ।

ਹੌਸਲਾ ਦੇਣ ਦੇ ਕੁਝ ਤਰੀਕੇ

14. ਹੌਸਲਾ ਦੇਣ ਦਾ ਇਕ ਤਰੀਕਾ ਕਿਹੜਾ ਹੈ?

14 ਸਾਨੂੰ ਇਹ ਸੁਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਉਹ ਲੋਕ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ ਜਿਨ੍ਹਾਂ ਦੀ ਅਸੀਂ ਪਹਿਲਾਂ ਮਦਦ ਕੀਤੀ ਸੀ। ਰਸੂਲ ਯੂਹੰਨਾ ਨੇ ਲਿਖਿਆ: “ਮੇਰੇ ਲਈ ਇਸ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਹੋਰ ਕੋਈ ਨਹੀਂ ਕਿ ਮੈਂ ਸੁਣਾਂ ਕਿ ਮੇਰੇ ਬੱਚੇ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਨ।” (3 ਯੂਹੰ. 4) ਬਹੁਤ ਸਾਰੇ ਪਾਇਨੀਅਰਾਂ ਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਉਹ ਲੋਕ ਅਜੇ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ, ਸ਼ਾਇਦ ਪਾਇਨੀਅਰਿੰਗ ਵੀ ਕਰਦੇ ਹਨ, ਜਿਨ੍ਹਾਂ ਦੀ ਉਨ੍ਹਾਂ ਨੇ ਕਈ ਸਾਲ ਪਹਿਲਾਂ ਸੱਚਾਈ ਸਿੱਖਣ ਵਿਚ ਮਦਦ ਕੀਤੀ ਸੀ। ਇਹ ਸਭ ਗੱਲਾਂ ਯਾਦ ਕਰਵਾ ਕੇ ਅਸੀਂ ਨਿਰਾਸ਼ ਪਾਇਨੀਅਰਾਂ ਨੂੰ ਹੌਸਲਾ ਦੇ ਸਕਦੇ ਹਾਂ।

15. ਅਸੀਂ ਵਫ਼ਾਦਾਰੀ ਨਾਲ ਸੇਵਾ ਕਰਨ ਵਾਲਿਆਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ?

15 ਬਹੁਤ ਸਾਰੇ ਸਫ਼ਰੀ ਨਿਗਾਹਬਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਬਹੁਤ ਹੌਸਲਾ ਮਿਲਦਾ ਹੈ ਜਦੋਂ ਮੰਡਲੀ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਦਾ ਧੰਨਵਾਦ ਕਰਨ ਲਈ ਕਾਰਡ ਦਿੱਤਾ ਜਾਂਦਾ ਹੈ। ਇਹ ਗੱਲ ਵਫ਼ਾਦਾਰੀ ਨਾਲ ਸੇਵਾ ਕਰਨ ਵਾਲੇ ਬਜ਼ੁਰਗਾਂ, ਮਿਸ਼ਨਰੀਆਂ, ਪਾਇਨੀਅਰਾਂ ਅਤੇ ਬੈਥਲ ਦੇ ਭੈਣਾਂ-ਭਰਾਵਾਂ ਬਾਰੇ ਵੀ ਸੱਚ ਹੈ। ਉਨ੍ਹਾਂ ਦਾ ਧੰਨਵਾਦ ਕਰ ਕੇ ਅਸੀਂ ਉਨ੍ਹਾਂ ਦਾ ਬਹੁਤ ਹੌਸਲਾ ਵਧਾ ਸਕਦੇ ਹਾਂ।

ਅਸੀਂ ਸਾਰੇ ਕਿੱਦਾਂ ਹੌਸਲਾ ਦੇ ਸਕਦੇ ਹਾਂ?

16. ਕਿਹੜੇ ਕੁਝ ਛੋਟੇ-ਛੋਟੇ ਕੰਮ ਕਰ ਕੇ ਤੁਸੀਂ ਦੂਜਿਆਂ ਨੂੰ ਹੌਸਲਾ ਦੇ ਸਕਦੇ ਹੋ?

16 ਉਦੋਂ ਕੀ ਜਦੋਂ ਤੁਹਾਨੂੰ ਦੂਜਿਆਂ ਨੂੰ ਇਹ ਦੱਸਣਾ ਔਖਾ ਲੱਗੇ ਕਿ ਤੁਸੀਂ ਉਨ੍ਹਾਂ ਬਾਰੇ ਕਿੱਦਾਂ ਮਹਿਸੂਸ ਕਰਦੇ ਹੋ? ਅਸਲ ਵਿਚ, ਦੂਜਿਆਂ ਨੂੰ ਹੌਸਲਾ ਦੇਣਾ ਇੰਨਾ ਔਖਾ ਨਹੀਂ ਹੈ। ਦੂਜਿਆਂ ਵੱਲ ਦੇਖ ਕੇ ਮੁਸਕਰਾਓ। ਜੇ ਉਹ ਤੁਹਾਡੇ ਵੱਲ ਦੇਖ ਕੇ ਨਹੀਂ ਮੁਸਕਰਾਉਂਦੇ, ਤਾਂ ਹੋ ਸਕਦਾ ਹੈ ਕਿ ਉਹ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹੋਣ ਅਤੇ ਉਹ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋਣ। ਤੁਸੀਂ ਸਿਰਫ਼ ਉਨ੍ਹਾਂ ਦੀ ਗੱਲ ਸੁਣ ਕੇ ਹੀ ਉਨ੍ਹਾਂ ਨੂੰ ਹੌਸਲਾ ਦੇ ਸਕਦੇ ਹੋ।​—ਯਾਕੂ. 1:19.

17. ਇਕ ਨੌਜਵਾਨ ਭਰਾ ਨੂੰ ਕਿਸ ਗੱਲ ਤੋਂ ਹੌਸਲਾ ਮਿਲਿਆ?

17 ਹੈਨਰੀ ਨਾਂ ਦਾ ਇਕ ਨੌਜਵਾਨ ਭਰਾ ਬਹੁਤ ਦੁਖੀ ਸੀ ਕਿਉਂਕਿ ਉਸ ਦੇ ਕਈ ਕਰੀਬੀ ਰਿਸ਼ਤੇਦਾਰਾਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਸੀ। ਇਨ੍ਹਾਂ ਵਿੱਚੋਂ ਇਕ ਉਸ ਦਾ ਪਿਤਾ ਸੀ ਜੋ ਬਜ਼ੁਰਗ ਦੇ ਤੌਰ ’ਤੇ ਸੇਵਾ ਕਰਦਾ ਸੀ। ਇਕ ਸਫ਼ਰੀ ਨਿਗਾਹਬਾਨ ਨੇ ਦੇਖਿਆ ਕਿ ਹੈਨਰੀ ਉਦਾਸ ਸੀ, ਇਸ ਲਈ ਉਹ ਉਸ ਨੂੰ ਆਪਣੇ ਨਾਲ ਕੌਫ਼ੀ ਪੀਣ ਲਈ ਲੈ ਗਿਆ। ਜਦੋਂ ਹੈਨਰੀ ਨੇ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੀਆਂ, ਤਾਂ ਸਫ਼ਰੀ ਨਿਗਾਹਬਾਨ ਨੇ ਉਸ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ। ਗੱਲਬਾਤ ਕਰਨ ਤੋਂ ਬਾਅਦ, ਹੈਨਰੀ ਨੂੰ ਅਹਿਸਾਸ ਹੋਇਆ ਕਿ ਆਪਣੇ ਪਰਿਵਾਰ ਦੀ ਸੱਚਾਈ ਵਿਚ ਵਾਪਸ ਆਉਣ ਲਈ ਮਦਦ ਕਰਨ ਦਾ ਇੱਕੋ-ਇਕ ਤਰੀਕਾ ਹੈ ਕਿ ਉਹ ਆਪ ਯਹੋਵਾਹ ਪ੍ਰਤੀ ਵਫ਼ਾਦਾਰੀ ਬਣਾਈ ਰੱਖੇ। ਉਸ ਨੂੰ ਜ਼ਬੂਰ 46, ਸਫ਼ਨਯਾਹ 3:17 ਅਤੇ ਮਰਕੁਸ 10:29, 30 ਪੜ੍ਹ ਕੇ ਵੀ ਬਹੁਤ ਹੌਸਲਾ ਮਿਲਿਆ।

ਅਸੀਂ ਸਾਰੇ ਇਕ-ਦੂਜੇ ਨੂੰ ਮਜ਼ਬੂਤ ਕਰ ਸਕਦੇ ਹਾਂ ਅਤੇ ਹੌਸਲਾ ਦੇ ਸਕਦੇ ਹਾਂ (ਪੈਰਾ 18 ਦੇਖੋ)

18. (ੳ) ਰਾਜਾ ਸੁਲੇਮਾਨ ਨੇ ਹੌਸਲਾ ਦੇਣ ਬਾਰੇ ਕੀ ਲਿਖਿਆ? (ਅ) ਪੌਲੁਸ ਰਸੂਲ ਨੇ ਕੀ ਕਰਨ ਲਈ ਕਿਹਾ?

18 ਅਸੀਂ ਮਾਰਥਾ ਅਤੇ ਹੈਨਰੀ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ? ਸਾਡੇ ਵਿੱਚੋਂ ਹਰ ਕੋਈ ਉਸ ਭੈਣ-ਭਰਾ ਨੂੰ ਦਿਲਾਸਾ ਅਤੇ ਹੌਸਲਾ ਦੇ ਸਕਦਾ ਹੈ ਜਿਸ ਨੂੰ ਇਸ ਦੀ ਲੋੜ ਹੈ। ਰਾਜਾ ਸੁਲੇਮਾਨ ਨੇ ਲਿਖਿਆ: “ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ! ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰਦਾ ਹੈ, ਅਤੇ ਚੰਗੀ ਖਬਰ ਹੱਡੀਆਂ ਨੂੰ ਪੁਸ਼ਟ ਕਰਦੀ ਹੈ।” (ਕਹਾ. 15:23, 30) ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਉਦਾਸ ਜਾਂ ਨਿਰਾਸ਼ ਹੈ? ਕਿਉਂ ਨਾ ਉਸ ਲਈ ਪਹਿਰਾਬੁਰਜ ਜਾਂ ਵੈੱਬਸਾਈਟ ਤੋਂ ਕੁਝ ਪੜ੍ਹੋ? ਨਾਲੇ ਪੌਲੁਸ ਨੇ ਕਿਹਾ ਕਿ ਇਕੱਠੇ ਮਿਲ ਕੇ ਰਾਜ ਦੇ ਗੀਤ ਗਾਉਣ ਨਾਲ ਵੀ ਸਾਨੂੰ ਹੌਸਲਾ ਮਿਲ ਸਕਦਾ ਹੈ। ਉਸ ਨੇ ਲਿਖਿਆ: “ਜ਼ਬੂਰ ਗਾ ਕੇ, ਪਰਮੇਸ਼ੁਰ ਦਾ ਗੁਣਗਾਨ ਕਰ ਕੇ ਅਤੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਭਜਨ ਗਾ ਕੇ ਇਕ-ਦੂਜੇ ਨੂੰ ਸਿੱਖਿਆ ਅਤੇ ਹੌਸਲਾ ਦਿੰਦੇ ਰਹੋ ਅਤੇ ਆਪਣੇ ਦਿਲਾਂ ਵਿਚ ਯਹੋਵਾਹ ਲਈ ਗੀਤ ਗਾਉਂਦੇ ਰਹੋ।”​—ਕੁਲੁ. 3:16; ਰਸੂ. 16:25.

19. ਆਉਣ ਵਾਲੇ ਸਮੇਂ ਵਿਚ ਇਕ-ਦੂਜੇ ਨੂੰ ਹੋਰ ਜ਼ਿਆਦਾ ਹੌਸਲਾ ਦੇਣ ਦੀ ਲੋੜ ਕਿਉਂ ਪਵੇਗੀ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ?

19 ਜਿੱਦਾਂ-ਜਿੱਦਾਂ ਯਹੋਵਾਹ ਦਾ ਦਿਨ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਾਡੇ ਲਈ ਹੋਰ ਵੀ ਜ਼ਰੂਰੀ ਹੈ ਕਿ ਅਸੀਂ ਇਕ-ਦੂਜੇ ਨੂੰ ਹੌਸਲਾ ਦੇਈਏ। (ਇਬ. 10:25) ਸਾਨੂੰ ਪੌਲੁਸ ਦੀ ਇਹ ਸਲਾਹ ਮੰਨ ਕੇ ਖ਼ੁਸ਼ੀ ਹੋਵੇਗੀ: “ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ, ਜਿਵੇਂ ਕਿ ਤੁਸੀਂ ਕਰ ਰਹੇ ਹੋ।”​—1 ਥੱਸ. 5:11.

^ ਪੈਰਾ 11 ਨਾਂ ਬਦਲੇ ਗਏ ਹਨ।