Skip to content

Skip to table of contents

ਕੀ ਤੁਹਾਡੀਆਂ ਅੱਖਾਂ ਯਹੋਵਾਹ ਵੱਲ ਲੱਗੀਆਂ ਹੋਈਆਂ ਹਨ?

ਕੀ ਤੁਹਾਡੀਆਂ ਅੱਖਾਂ ਯਹੋਵਾਹ ਵੱਲ ਲੱਗੀਆਂ ਹੋਈਆਂ ਹਨ?

“ਹੇ ਸੁਰਗ ਦੇ ਵਾਸੀ, ਮੈਂ ਆਪਣੀਆਂ ਅੱਖਾਂ ਤੇਰੀ ਵੱਲ ਚੁੱਕਦਾ ਹਾਂ!”​—ਜ਼ਬੂ. 123:1.

ਗੀਤ: 32, 18

1, 2. ਯਹੋਵਾਹ ਵੱਲ ਦੇਖਣ ਦਾ ਕੀ ਮਤਲਬ ਹੈ?

ਅਸੀਂ “ਮੁਸੀਬਤਾਂ ਨਾਲ ਭਰੇ” ਸਮੇਂ ਵਿਚ ਜੀ ਰਹੇ ਹਾਂ ਜਿਨ੍ਹਾਂ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। (2 ਤਿਮੋ. 3:1) ਯਹੋਵਾਹ ਵੱਲੋਂ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰਨ ਅਤੇ ਧਰਤੀ ’ਤੇ ਸੱਚੀ ਸ਼ਾਂਤੀ ਕਾਇਮ ਕਰਨ ਤੋਂ ਪਹਿਲਾਂ ਸਾਡੀ ਜ਼ਿੰਦਗੀ ਮੁਸ਼ਕਲਾਂ ਨਾਲ ਹੋਰ ਜ਼ਿਆਦਾ ਭਰ ਜਾਵੇਗੀ। ਇਸ ਕਰਕੇ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਸਾਨੂੰ ਮਦਦ ਅਤੇ ਸੇਧ ਲਈ ਕਿਸ ਵੱਲ ਦੇਖਣਾ ਚਾਹੀਦਾ ਹੈ?’ ਅਸੀਂ ਸ਼ਾਇਦ ਇਕਦਮ ਜਵਾਬ ਦੇਈਏ, “ਯਹੋਵਾਹ ਵੱਲ” ਅਤੇ ਇਹੀ ਸਭ ਤੋਂ ਵਧੀਆ ਜਵਾਬ ਹੈ।

2 ਯਹੋਵਾਹ ਵੱਲ ਦੇਖਣ ਦਾ ਕੀ ਮਤਲਬ ਹੈ? ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਮੁਸ਼ਕਲਾਂ ਆਉਣ ’ਤੇ ਅਸੀਂ ਯਹੋਵਾਹ ਵੱਲ ਦੇਖਦੇ ਰਹਾਂਗੇ? ਬਹੁਤ ਸਮਾਂ ਪਹਿਲਾਂ ਜ਼ਬੂਰਾਂ ਦੇ ਲਿਖਾਰੀ ਨੇ ਸਮਝਾਇਆ ਕਿ ਲੋੜ ਵੇਲੇ ਸਾਨੂੰ ਯਹੋਵਾਹ ਵੱਲ ਦੇਖਦੇ ਰਹਿਣ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ। (ਜ਼ਬੂਰਾਂ ਦੀ ਪੋਥੀ 123:1-4 ਪੜ੍ਹੋ।) ਉਸ ਨੇ ਕਿਹਾ ਕਿ ਜਦੋਂ ਅਸੀਂ ਯਹੋਵਾਹ ਵੱਲ ਦੇਖਦੇ ਹਾਂ, ਤਾਂ ਅਸੀਂ ਉਸ ਨੌਕਰ ਵਾਂਗ ਹਾਂ ਜੋ ਆਪਣੇ ਮਾਲਕ ਵੱਲ ਦੇਖਦਾ ਹੈ। ਉਹ ਕਿੱਦਾਂ? ਇਕ ਨੌਕਰ ਮਾਲਕ ਵੱਲ ਦੇਖਦਾ ਯਾਨੀ ਭਰੋਸਾ ਰੱਖਦਾ ਹੈ ਕਿ ਉਸ ਦਾ ਮਾਲਕ ਉਸ ਨੂੰ ਖਾਣਾ ਦੇਵੇਗਾ ਅਤੇ ਉਸ ਦੀ ਰਾਖੀ ਕਰੇਗਾ। ਪਰ ਉਸ ਨੂੰ ਆਪਣੇ ਮਾਲਕ ਦੀ ਇੱਛਾ ਜਾਣਨ ਲਈ ਵੀ ਉਸ ਵੱਲ ਦੇਖਦੇ ਰਹਿਣਾ ਚਾਹੀਦਾ ਹੈ ਤੇ ਫਿਰ ਉਸ ਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਯਹੋਵਾਹ ਦੀ ਇੱਛਾ ਜਾਣਨ ਲਈ ਸਾਨੂੰ ਹਰ ਰੋਜ਼ ਪਰਮੇਸ਼ੁਰ ਦਾ ਬਚਨ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਅਤੇ ਫਿਰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ। ਇਹੀ ਇਕ ਤਰੀਕਾ ਹੈ ਜਿਸ ਤੋਂ ਅਸੀਂ ਪੱਕਾ ਕਰ ਸਕਦੇ ਹਾਂ ਕਿ ਲੋੜ ਵੇਲੇ ਯਹੋਵਾਹ ਸਾਡੀ ਮਦਦ ਕਰੇਗਾ।​—ਅਫ਼. 5:17.

3. ਕਿਹੜੀ ਗੱਲ ਯਹੋਵਾਹ ਵੱਲ ਦੇਖਣ ਤੋਂ ਸਾਡਾ ਧਿਆਨ ਭਟਕਾ ਸਕਦੀ ਹੈ?

3 ਭਾਵੇਂ ਅਸੀਂ ਜਾਣਦੇ ਹਾਂ ਕਿ ਸਾਨੂੰ ਹਮੇਸ਼ਾ ਯਹੋਵਾਹ ਵੱਲ ਦੇਖਣਾ ਚਾਹੀਦਾ ਹੈ, ਪਰ ਫਿਰ ਵੀ ਕਈ ਵਾਰ ਸਾਡਾ ਧਿਆਨ ਭਟਕ ਸਕਦਾ ਹੈ। ਮਾਰਥਾ ਨਾਲ ਵੀ ਇਸੇ ਤਰ੍ਹਾਂ ਹੋਇਆ, ਜਿਸ ਨੂੰ ਯਿਸੂ ਆਪਣੀ ਭੈਣ ਸਮਝਦਾ ਸੀ। ਉਸ ਦਾ “ਸਾਰਾ ਧਿਆਨ ਰੋਟੀ-ਪਾਣੀ ਤਿਆਰ ਕਰਨ ਵਿਚ ਲੱਗਾ ਹੋਇਆ ਸੀ।” (ਲੂਕਾ 10:40-42) ਜੇ ਯਿਸੂ ਦੇ ਹੁੰਦਿਆਂ ਮਾਰਥਾ ਵਰਗੀ ਵਫ਼ਾਦਾਰ ਔਰਤ ਦਾ ਧਿਆਨ ਭਟਕ ਗਿਆ ਸੀ, ਤਾਂ ਸਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਜੇ ਸਾਡਾ ਵੀ ਧਿਆਨ ਭਟਕ ਜਾਵੇ। ਕਿਹੜੀਆਂ ਗੱਲਾਂ ਯਹੋਵਾਹ ਤੋਂ ਸਾਡਾ ਧਿਆਨ ਭਟਕਾ ਸਕਦੀਆਂ ਹਨ? ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਦੂਜਿਆਂ ਦੇ ਕੰਮਾਂ ਕਰਕੇ ਸਾਡਾ ਧਿਆਨ ਕਿਵੇਂ ਭਟਕ ਸਕਦਾ ਹੈ। ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਯਹੋਵਾਹ ਵੱਲ ਕਿਵੇਂ ਦੇਖਦੇ ਰਹਿ ਸਕਦੇ ਹਾਂ।

ਵਫ਼ਾਦਾਰ ਆਦਮੀ ਸਨਮਾਨ ਗੁਆ ਬੈਠਾ

4. ਸਾਨੂੰ ਸ਼ਾਇਦ ਹੈਰਾਨੀ ਕਿਉਂ ਹੋਵੇ ਕਿ ਮੂਸਾ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦਾ ਸਨਮਾਨ ਗੁਆ ਬੈਠਾ ਸੀ?

4 ਬਿਨਾਂ ਸ਼ੱਕ, ਮੂਸਾ ਸੇਧ ਲਈ ਯਹੋਵਾਹ ਵੱਲ ਦੇਖਦਾ ਸੀ। ਬਾਈਬਲ ਦੱਸਦੀ ਹੈ ਕਿ “ਉਹ ਅਦਿੱਖ ਪਰਮੇਸ਼ੁਰ ਨੂੰ ਦੇਖਦਾ ਹੋਇਆ ਆਪਣੀ ਨਿਹਚਾ ਵਿਚ ਪੱਕਾ ਰਿਹਾ।” (ਇਬਰਾਨੀਆਂ 11:24-27 ਪੜ੍ਹੋ।) ਬਾਈਬਲ ਇਹ ਵੀ ਕਹਿੰਦੀ ਹੈ ਕਿ “ਇਸਰਾਏਲ ਵਿੱਚ ਫੇਰ ਕੋਈ ਨਬੀ ਮੂਸਾ ਵਰਗਾ ਨਹੀਂ ਉੱਠਿਆ ਜਿਹ ਨੂੰ ਯਹੋਵਾਹ ਮੂੰਹ ਦਰ ਮੂੰਹ ਜਾਣਦਾ ਸੀ।” (ਬਿਵ. 34:10) ਭਾਵੇਂ ਮੂਸਾ ਯਹੋਵਾਹ ਦਾ ਕਰੀਬੀ ਦੋਸਤ ਸੀ, ਪਰ ਫਿਰ ਵੀ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦਾ ਸਨਮਾਨ ਗੁਆ ਬੈਠਾ। (ਗਿਣ. 20:12) ਮੂਸਾ ਤੋਂ ਗ਼ਲਤੀ ਕਿਉਂ ਹੋਈ ਸੀ?

5-7. ਇਜ਼ਰਾਈਲੀਆਂ ਦੇ ਮਿਸਰ ਛੱਡਣ ਤੋਂ ਛੇਤੀ ਬਾਅਦ ਕੀ ਹੋਇਆ ਅਤੇ ਮੂਸਾ ਨੇ ਕੀ ਕੀਤਾ?

5 ਇਜ਼ਰਾਈਲੀਆਂ ਨੂੰ ਮਿਸਰ ਛੱਡਿਆ ਅਜੇ ਦੋ ਮਹੀਨੇ ਵੀ ਨਹੀਂ ਹੋਏ ਸਨ ਅਤੇ ਉਹ ਅਜੇ ਸੀਨਈ ਪਹਾੜ ਕੋਲ ਵੀ ਨਹੀਂ ਪਹੁੰਚੇ ਸਨ ਕਿ ਇਕ ਗੰਭੀਰ ਸਮੱਸਿਆ ਖੜ੍ਹੀ ਹੋ ਗਈ। ਲੋਕ ਪਾਣੀ ਦੀ ਕਮੀ ਕਰਕੇ ਸ਼ਿਕਾਇਤ ਕਰਨ ਲੱਗ ਪਏ। ਉਹ ਗੁੱਸੇ ਨਾਲ ਭਰ ਕੇ ਮੂਸਾ ਖ਼ਿਲਾਫ਼ ਇੰਨਾ ਬੁੜਬੁੜਾਏ ਕਿ “ਮੂਸਾ ਨੇ ਯਹੋਵਾਹ ਨੂੰ ਉੱਚੀ ਦਿੱਤੀ ਪੁਕਾਰ ਕੇ ਆਖਿਆ, ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰਾਂ? ਏਹ ਤਾਂ ਮੈਨੂੰ ਥੋੜੇ ਚਿਰਾਂ ਤੀਕ ਵੱਟੇ ਮਾਰਨਗੇ।” (ਕੂਚ 17:4) ਯਹੋਵਾਹ ਨੇ ਮੂਸਾ ਨੂੰ ਸਾਫ਼-ਸਾਫ਼ ਹਿਦਾਇਤਾਂ ਦਿੱਤੀਆਂ। ਯਹੋਵਾਹ ਨੇ ਉਸ ਨੂੰ ਕਿਹਾ ਕਿ ਉਹ ਆਪਣਾ ਢਾਂਗਾ ਲਵੇ ਅਤੇ ਹੋਰੇਬ ਦੀ ਚਟਾਨ ਨੂੰ ਮਾਰੇ। ਬਾਈਬਲ ਕਹਿੰਦੀ ਹੈ: “ਮੂਸਾ ਨੇ ਇਸਰਾਏਲ ਦੇ ਬਜ਼ੁਰਗਾਂ ਦੇ ਸਨਮੁਖ ਤਿਵੇਂ ਹੀ ਕੀਤਾ।” ਫਿਰ ਚਟਾਨ ਵਿੱਚੋਂ ਪਾਣੀ ਨਿਕਲ ਆਇਆ ਤੇ ਇਜ਼ਰਾਈਲੀਆਂ ਨੇ ਰੱਜ ਕੇ ਪਾਣੀ ਪੀਤਾ। ਇਸ ਤਰ੍ਹਾਂ ਮੁਸ਼ਕਲ ਹੱਲ ਹੋ ਗਈ।​—ਕੂਚ 17:5, 6.

6 ਬਾਈਬਲ ਕਹਿੰਦੀ ਹੈ ਕਿ ਮੂਸਾ ਨੇ ਇਸ ਜਗ੍ਹਾ ਦਾ ਨਾਂ ਮੱਸਾਹ ਅਤੇ ਮਰੀਬਾਹ ਰੱਖਿਆ ਜਿਨ੍ਹਾਂ ਦਾ ਮਤਲਬ ਹੈ, “ਪਰੀਖਿਆ” ਅਤੇ “ਝਗੜਾ।” ਉਸ ਨੇ ਇਹ ਨਾਂ ਕਿਉਂ ਰੱਖੇ? ਕਿਉਂਕਿ “ਇਸਰਾਏਲ ਦੇ ਘੁਰਕਣ ਦੇ ਕਾਰਨ ਅਰ ਯਹੋਵਾਹ ਦੇ ਪਰਤਾਵੇ ਦੇ ਕਾਰਨ ਏਹ ਆਖਦੇ ਹੋਏ ਰੱਖਿਆ ਭਈ ਯਹੋਵਾਹ ਸਾਡੇ ਵਿਚਕਾਰ ਹੈ ਕਿ ਨਹੀਂ।”​—ਕੂਚ 17:7.

7 ਮਰੀਬਾਹ ਵਿਚ ਜੋ ਵੀ ਹੋਇਆ, ਉਸ ਬਾਰੇ ਯਹੋਵਾਹ ਨੂੰ ਕਿਵੇਂ ਲੱਗਾ? ਯਹੋਵਾਹ ਨੇ ਇਜ਼ਰਾਈਲੀਆਂ ਦੇ ਰਵੱਈਏ ਨੂੰ ਸਿਰਫ਼ ਮੂਸਾ ਖ਼ਿਲਾਫ਼ ਬਗਾਵਤ ਹੀ ਨਹੀਂ ਸਮਝਿਆ, ਸਗੋਂ ਯਹੋਵਾਹ ਨੇ ਸਮਝਿਆ ਕਿ ਉਨ੍ਹਾਂ ਨੇ ਉਸ ਦੀ ਹਕੂਮਤ ਨੂੰ ਲਲਕਾਰਿਆ ਸੀ। (ਜ਼ਬੂਰਾਂ ਦੀ ਪੋਥੀ 95:8, 9 ਪੜ੍ਹੋ।) ਇਜ਼ਰਾਈਲੀਆਂ ਨੇ ਜੋ ਕੀਤਾ, ਉਹ ਸੱਚ-ਮੁੱਚ ਬਹੁਤ ਗ਼ਲਤ ਸੀ। ਪਰ ਮੂਸਾ ਨੇ ਸਹੀ ਕੰਮ ਕੀਤਾ। ਉਸ ਨੇ ਯਹੋਵਾਹ ਵੱਲ ਦੇਖਿਆ ਅਤੇ ਫਿਰ ਧਿਆਨ ਨਾਲ ਉਸ ਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ।

8. ਜਦੋਂ ਇਜ਼ਰਾਈਲੀਆਂ ਦਾ ਉਜਾੜ ਵਿਚ ਸਫ਼ਰ ਮੁੱਕਣ ਹੀ ਵਾਲਾ ਸੀ, ਤਾਂ ਕੀ ਹੋਇਆ?

8 ਪਰ ਲਗਭਗ 40 ਸਾਲਾਂ ਬਾਅਦ ਬਿਲਕੁਲ ਇਹੋ ਜਿਹੀ ਘਟਨਾ ਦੁਬਾਰਾ ਵਾਪਰਨ ’ਤੇ ਕੀ ਹੋਇਆ? ਇਜ਼ਰਾਈਲੀਆਂ ਦਾ ਉਜਾੜ ਵਿਚ ਸਫ਼ਰ ਲਗਭਗ ਮੁੱਕਣ ਹੀ ਵਾਲਾ ਸੀ। ਉਹ ਕਾਦੇਸ਼ ਦੇ ਨੇੜੇ ਇਕ ਜਗ੍ਹਾ ’ਤੇ ਪਹੁੰਚੇ ਜੋ ਵਾਅਦਾ ਕੀਤੇ ਹੋਏ ਦੇਸ਼ ਦੀ ਹੱਦ ਦੇ ਨੇੜੇ ਸੀ। ਇਸ ਜਗ੍ਹਾ ਨੂੰ ਮਰੀਬਾਹ ਵੀ ਕਿਹਾ ਜਾਂਦਾ ਸੀ। * ਕਿਉਂ? ਕਿਉਂਕਿ ਇਜ਼ਰਾਈਲੀਆਂ ਨੇ ਦੁਬਾਰਾ ਪਾਣੀ ਦੀ ਕਮੀ ਬਾਰੇ ਸ਼ਿਕਾਇਤ ਕੀਤੀ ਸੀ। (ਗਿਣ. 20:1-5) ਪਰ ਇਸ ਵਾਰ ਮੂਸਾ ਇਕ ਗੰਭੀਰ ਗ਼ਲਤੀ ਕਰ ਬੈਠਾ।

9. ਯਹੋਵਾਹ ਨੇ ਮੂਸਾ ਨੂੰ ਕਿਹੜੀਆਂ ਹਿਦਾਇਤਾਂ ਦਿੱਤੀਆਂ, ਪਰ ਮੂਸਾ ਨੇ ਕੀ ਕੀਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

9 ਲੋਕਾਂ ਦੇ ਬਗਾਵਤ ਕਰਨ ’ਤੇ ਮੂਸਾ ਨੇ ਕੀ ਕੀਤਾ? ਇਕ ਵਾਰ ਫਿਰ ਉਸ ਨੇ ਸੇਧ ਲਈ ਯਹੋਵਾਹ ਵੱਲ ਦੇਖਿਆ। ਪਰ ਇਸ ਵਾਰ ਯਹੋਵਾਹ ਨੇ ਮੂਸਾ ਨੂੰ ਚਟਾਨ ’ਤੇ ਮਾਰਨ ਲਈ ਨਹੀਂ ਕਿਹਾ ਸੀ। ਉਸ ਨੇ ਮੂਸਾ ਨੂੰ ਕਿਹਾ ਕਿ ਉਹ ਆਪਣਾ ਢਾਂਗਾ ਲਵੇ, ਲੋਕਾਂ ਨੂੰ ਚਟਾਨ ਲਾਗੇ ਇਕੱਠਾ ਕਰੇ ਅਤੇ ਫਿਰ ਚਟਾਨ ਨੂੰ ਬੋਲੇ। (ਗਿਣ. 20:6-8) ਕੀ ਮੂਸਾ ਨੇ ਇੱਦਾਂ ਕੀਤਾ? ਨਹੀਂ। ਉਹ ਇੰਨਾ ਜ਼ਿਆਦਾ ਨਾਰਾਜ਼ ਅਤੇ ਗੁੱਸੇ ਵਿਚ ਸੀ ਕਿ ਉਸ ਨੇ ਚਿਲਾ ਕੇ ਲੋਕਾਂ ਨੂੰ ਕਿਹਾ: “ਸੁਣੋ ਤੁਸੀਂ ਝਗੜਾਲੂਓ, ਕੀ ਅਸੀਂ ਤੁਹਾਡੇ ਲਈ ਏਸ ਢਿੱਗ ਤੋਂ ਪਾਣੀ ਕੱਢੀਏ?” ਫਿਰ ਉਸ ਨੇ ਚਟਾਨ ’ਤੇ ਇਕ ਵਾਰ ਨਹੀਂ, ਸਗੋਂ ਦੋ ਵਾਰ ਆਪਣਾ ਢਾਂਗਾ ਮਾਰਿਆ।​—ਗਿਣ. 20:10, 11.

10. ਜਦੋਂ ਮੂਸਾ ਨੇ ਯਹੋਵਾਹ ਦੀਆਂ ਹਿਦਾਇਤਾਂ ਦੀ ਪਾਲਣਾ ਨਹੀਂ ਕੀਤੀ, ਤਾਂ ਯਹੋਵਾਹ ਕਿੱਦਾਂ ਪੇਸ਼ ਆਇਆ?

10 ਯਹੋਵਾਹ ਮੂਸਾ ’ਤੇ ਬਹੁਤ ਗੁੱਸੇ ਹੋਇਆ। (ਬਿਵ. 1:37; 3:26) ਯਹੋਵਾਹ ਗੁੱਸੇ ਕਿਉਂ ਹੋਇਆ ਸੀ? ਇਸ ਦਾ ਇਕ ਕਾਰਨ ਇਹ ਹੋ ਸਕਦਾ ਕਿ ਮੂਸਾ ਨੇ ਯਹੋਵਾਹ ਵੱਲੋਂ ਦਿੱਤੀਆਂ ਨਵੀਆਂ ਹਿਦਾਇਤਾਂ ਦੀ ਪਾਲਣਾ ਨਹੀਂ ਕੀਤੀ ਸੀ।

11. ਮੂਸਾ ਦੇ ਚਟਾਨ ’ਤੇ ਮਾਰਨ ਕਰਕੇ ਇਜ਼ਰਾਈਲੀਆਂ ਦਾ ਧਿਆਨ ਯਹੋਵਾਹ ਦੇ ਚਮਤਕਾਰ ਤੋਂ ਕਿਵੇਂ ਭਟਕ ਗਿਆ?

11 ਯਹੋਵਾਹ ਦੇ ਗੁੱਸੇ ਵਿਚ ਆਉਣ ਦਾ ਹੋਰ ਕਾਰਨ ਵੀ ਹੋ ਸਕਦਾ ਹੈ। ਪਹਿਲੇ ਮਰੀਬਾਹ ਵਿਚ ਵੱਡੀਆਂ-ਵੱਡੀਆਂ ਗ੍ਰੇਨਾਈਟ ਦੀਆਂ ਚਟਾਨਾਂ ਕਠੋਰ ਸਨ। ਚਾਹੇ ਇਨ੍ਹਾਂ ’ਤੇ ਕੋਈ ਜਿੰਨੀ ਮਰਜ਼ੀ ਜ਼ੋਰ ਨਾਲ ਮਾਰੇ, ਪਰ ਫਿਰ ਵੀ ਕੋਈ ਇਹ ਉਮੀਦ ਨਹੀਂ ਰੱਖ ਸਕਦਾ ਸੀ ਕਿ ਇਨ੍ਹਾਂ ਚਟਾਨਾਂ ਵਿੱਚੋਂ ਪਾਣੀ ਨਿਕਲ ਆਵੇਗਾ। ਪਰ ਦੂਜੇ ਮਰੀਬਾਹ ਵਿਚ ਚਟਾਨਾਂ ਬਹੁਤ ਵੱਖਰੀਆਂ ਸਨ। ਇੱਥੇ ਜ਼ਿਆਦਾਤਰ ਚਟਾਨਾਂ ਚੂਨੇ ਦੀਆਂ ਸਨ। ਚੂਨੇ ਦੀਆਂ ਚਟਾਨਾਂ ਕਠੋਰ ਨਹੀਂ ਹੁੰਦੀਆਂ। ਇਸ ਕਰਕੇ ਅਕਸਰ ਇਨ੍ਹਾਂ ਵਿਚ ਪਾਣੀ ਸਮਾ ਜਾਂਦਾ ਹੈ ਅਤੇ ਇਨ੍ਹਾਂ ਥੱਲੇ ਇਕੱਠਾ ਹੋ ਜਾਂਦਾ ਹੈ। ਫਿਰ ਲੋਕ ਚਟਾਨ ਵਿਚ ਛੇਕ ਕਰ ਕੇ ਪਾਣੀ ਕੱਢ ਲੈਂਦੇ ਹਨ। ਇਸ ਲਈ ਜਦੋਂ ਮੂਸਾ ਨੇ ਚਟਾਨ ਨੂੰ ਬੋਲਣ ਦੀ ਬਜਾਇ ਇਸ ’ਤੇ ਮਾਰਿਆ, ਤਾਂ ਕੀ ਹੋ ਸਕਦਾ ਹੈ ਕਿ ਇਜ਼ਰਾਈਲੀਆਂ ਨੇ ਸੋਚਿਆ ਕਿ ਪਾਣੀ ਯਹੋਵਾਹ ਦੇ ਚਮਤਕਾਰ ਕਰਕੇ ਨਹੀਂ, ਸਗੋਂ ਕੁਦਰਤੀ ਹੀ ਨਿਕਲ ਆਇਆ ਸੀ? * ਅਸੀਂ ਪੱਕੀ ਤਰ੍ਹਾਂ ਨਹੀਂ ਕਹਿ ਸਕਦੇ।

ਮੂਸਾ ਨੇ ਬਗਾਵਤ ਕਿਵੇਂ ਕੀਤੀ?

12. ਸ਼ਾਇਦ ਯਹੋਵਾਹ ਦਾ ਮੂਸਾ ਤੇ ਹਾਰੂਨ ’ਤੇ ਗੁੱਸੇ ਹੋਣ ਦਾ ਹੋਰ ਕਿਹੜਾ ਕਾਰਨ ਸੀ?

12 ਸ਼ਾਇਦ ਇਕ ਹੋਰ ਕਾਰਨ ਵੀ ਸੀ ਜਿਸ ਕਰਕੇ ਯਹੋਵਾਹ ਮੂਸਾ ਅਤੇ ਹਾਰੂਨ ’ਤੇ ਗੁੱਸੇ ਹੋਇਆ ਸੀ। ਮੂਸਾ ਨੇ ਲੋਕਾਂ ਨੂੰ ਕਿਹਾ: “ਕੀ ਅਸੀਂ ਤੁਹਾਡੇ ਲਈ ਏਸ ਢਿੱਗ ਤੋਂ ਪਾਣੀ ਕੱਢੀਏ?” ਜਦੋਂ ਮੂਸਾ ਨੇ “ਅਸੀਂ” ਕਿਹਾ, ਤਾਂ ਉਹ ਸ਼ਾਇਦ ਆਪਣੇ ਅਤੇ ਹਾਰੂਨ ਬਾਰੇ ਗੱਲ ਕਰ ਰਿਹਾ ਸੀ। ਮੂਸਾ ਨੇ ਆਪਣੀ ਗੱਲ ਰਾਹੀਂ ਯਹੋਵਾਹ ਦਾ ਨਿਰਾਦਰ ਕੀਤਾ ਸੀ। ਕਿਵੇਂ? ਕਿਉਂਕਿ ਉਸ ਨੇ ਇਸ ਚਮਤਕਾਰ ਦਾ ਸਿਹਰਾ ਯਹੋਵਾਹ ਨੂੰ ਨਹੀਂ ਦਿੱਤਾ ਸੀ। ਜ਼ਬੂਰ 106:32, 33 (CL) ਕਹਿੰਦਾ ਹੈ: “ਉਹਨਾਂ ਨੇ ਪਰਮੇਸ਼ਰ ਨੂੰ ਫਿਰ ਮਰੀਬਾਹ ਦੇ ਪਾਣੀਆਂ ਕੋਲ ਗੁਸੇ ਕੀਤਾ, ਜੋ ਮੂਸਾ ਲਈ ਬੁਰਾ ਠਹਿਰਿਆ। [ਮੂਸਾ] ਦੇ ਮਨ ਨੂੰ ਦੁੱਖੀ ਕੀਤਾ, ਅਤੇ ਉਸ ਨੇ ਉਹ ਗੱਲਾਂ ਕਹੀਆਂ ਜੋ ਉਸ ਨੂੰ ਨਹੀਂ ਕਹਿਣੀਆਂ ਚਾਹੀਦੀਆਂ ਸਨ।” * (ਗਿਣ. 27:14) ਮੂਸਾ ਨੇ ਯਹੋਵਾਹ ਨੂੰ ਉਹ ਆਦਰ ਨਹੀਂ ਦਿੱਤਾ ਸੀ ਜਿਸ ਦਾ ਉਹ ਹੱਕਦਾਰ ਸੀ। ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ: “ਤੁਸੀਂ ਮੇਰੇ ਹੁਕਮ ਦੇ ਵਿਰੁੱਧ” ਬਗਾਵਤ ਕੀਤੀ। (ਗਿਣ. 20:24) ਕਿੰਨਾ ਹੀ ਗੰਭੀਰ ਪਾਪ!

13. ਯਹੋਵਾਹ ਵੱਲੋਂ ਮੂਸਾ ਨੂੰ ਦਿੱਤੀ ਸਜ਼ਾ ਸਹੀ ਅਤੇ ਜਾਇਜ਼ ਕਿਉਂ ਸੀ?

13 ਮੂਸਾ ਅਤੇ ਹਾਰੂਨ ਲੋਕਾਂ ਦੀ ਅਗਵਾਈ ਕਰ ਰਹੇ ਸਨ। ਇਸ ਲਈ ਯਹੋਵਾਹ ਉਨ੍ਹਾਂ ਤੋਂ ਮੰਗ ਕਰਦਾ ਸੀ ਕਿ ਉਹ ਦੂਜਿਆਂ ਲਈ ਵਧੀਆ ਮਿਸਾਲ ਰੱਖਣ। (ਲੂਕਾ 12:48) ਪਹਿਲਾਂ ਇਜ਼ਰਾਈਲੀਆਂ ਦੀ ਬਗਾਵਤ ਕਰਕੇ ਯਹੋਵਾਹ ਨੇ ਉਨ੍ਹਾਂ ਦੀ ਸਾਰੀ ਪੀੜ੍ਹੀ ਨੂੰ ਵਾਅਦਾ ਕੀਤੇ ਹੋਏ ਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ। (ਗਿਣ. 14:26-30, 34) ਸੋ ਜਦੋਂ ਯਹੋਵਾਹ ਨੇ ਮੂਸਾ ਦੀ ਬਗਾਵਤ ਦੀ ਉਸ ਨੂੰ ਉਹੀ ਸਜ਼ਾ ਦਿੱਤੀ, ਤਾਂ ਇਹ ਸਹੀ ਅਤੇ ਜਾਇਜ਼ ਸੀ। ਬਾਕੀ ਬਾਗ਼ੀਆਂ ਵਾਂਗ ਮੂਸਾ ਨੂੰ ਵੀ ਵਾਅਦਾ ਕੀਤੇ ਹੋਏ ਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਸਮੱਸਿਆ ਦੀ ਜੜ੍ਹ

14, 15. ਕਿਹੜੀ ਗੱਲ ਕਰਕੇ ਮੂਸਾ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ?

14 ਕਿਹੜੀ ਗੱਲ ਕਰਕੇ ਮੂਸਾ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ? ਜ਼ਰਾ ਦੁਬਾਰਾ ਦੇਖੋ ਕਿ ਜ਼ਬੂਰ 106:32, 33 ਕਹਿੰਦਾ ਹੈ: ‘ਉਹਨਾਂ ਨੇ ਪਰਮੇਸ਼ਰ ਨੂੰ ਫਿਰ ਮਰੀਬਾਹ ਦੇ ਪਾਣੀਆਂ ਕੋਲ ਗੁਸੇ ਕੀਤਾ, ਜੋ ਮੂਸਾ ਲਈ ਬੁਰਾ ਠਹਿਰਿਆ। ਉਹਨਾਂ ਦੇ ਮਨ ਨੂੰ ਦੁੱਖੀ ਕੀਤਾ, ਅਤੇ ਉਸ ਨੇ ਉਹ ਗੱਲਾਂ ਕਹੀਆਂ ਜੋ ਉਸ ਨੂੰ ਨਹੀਂ ਕਹਿਣੀਆਂ ਚਾਹੀਦੀਆਂ ਸਨ।’ ਭਾਵੇਂ ਇਜ਼ਰਾਈਲੀਆਂ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਸੀ, ਪਰ ਉਹ ਮੂਸਾ ਸੀ ਜੋ ਕੁੜੱਤਣ ਜਾਂ ਗੁੱਸੇ ਨਾਲ ਭਰ ਗਿਆ ਸੀ। ਉਸ ਨੇ ਸੰਜਮ ਨਹੀਂ ਰੱਖਿਆ ਅਤੇ ਨਤੀਜਿਆਂ ਬਾਰੇ ਸੋਚੇ ਬਿਨਾਂ ਹੀ ਉਸ ਨੇ ਗੱਲ ਕੀਤੀ।

15 ਦੂਜਿਆਂ ਦੇ ਕੰਮਾਂ ਕਰਕੇ ਮੂਸਾ ਨੇ ਆਪਣਾ ਧਿਆਨ ਯਹੋਵਾਹ ਤੋਂ ਭਟਕਣ ਦਿੱਤਾ। ਜਦੋਂ ਪਹਿਲੀ ਵਾਰ ਲੋਕਾਂ ਨੇ ਪਾਣੀ ਬਾਰੇ ਸ਼ਿਕਾਇਤ ਕੀਤੀ ਸੀ, ਤਾਂ ਮੂਸਾ ਨੇ ਉਹੀ ਕੀਤਾ ਜੋ ਸਹੀ ਸੀ। (ਕੂਚ 7:6) ਪਰ ਹੋ ਸਕਦਾ ਹੈ ਕਿ ਇਜ਼ਰਾਈਲੀਆਂ ਦੁਆਰਾ ਸਾਲਾਂ ਤੋਂ ਕੀਤੀ ਜਾ ਰਹੀ ਬਗਾਵਤ ਕਰਕੇ ਉਹ ਨਿਰਾਸ਼ ਹੋ ਚੁੱਕਾ ਸੀ ਤੇ ਗੁੱਸੇ ਨਾਲ ਭਰ ਗਿਆ ਸੀ। ਹੋ ਸਕਦਾ ਹੈ ਕਿ ਹੁਣ ਮੂਸਾ ਯਹੋਵਾਹ ਨੂੰ ਮਹਿਮਾ ਦੇਣ ਦੀ ਬਜਾਇ ਸਿਰਫ਼ ਆਪਣੇ ਬਾਰੇ ਹੀ ਸੋਚ ਰਿਹਾ ਸੀ।

16. ਮੂਸਾ ਨੇ ਜੋ ਕੀਤਾ, ਉਸ ਬਾਰੇ ਸਾਨੂੰ ਕਿਉਂ ਸੋਚਣਾ ਚਾਹੀਦਾ ਹੈ?

16 ਜੇ ਮੂਸਾ ਵਰਗੇ ਵਫ਼ਾਦਾਰ ਨਬੀ ਦਾ ਧਿਆਨ ਭਟਕ ਗਿਆ ਤੇ ਉਹ ਪਾਪ ਕਰ ਬੈਠਾ, ਤਾਂ ਸੌਖਿਆਂ ਹੀ ਸਾਡੇ ਨਾਲ ਵੀ ਇੱਦਾਂ ਹੋ ਸਕਦਾ ਹੈ। ਮੂਸਾ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਵਾਲਾ ਸੀ ਤੇ ਅਸੀਂ ਨਵੀਂ ਦੁਨੀਆਂ ਦੀ ਦਹਿਲੀਜ਼ ’ਤੇ ਖੜ੍ਹੇ ਹਾਂ। (2 ਪਤ. 3:13) ਬਿਨਾਂ ਸ਼ੱਕ, ਅਸੀਂ ਇਹ ਖ਼ਾਸ ਸਨਮਾਨ ਆਪਣੇ ਹੱਥੋਂ ਨਹੀਂ ਗੁਆਉਣਾ ਚਾਹੁੰਦੇ। ਪਰ ਨਵੀਂ ਦੁਨੀਆਂ ਵਿਚ ਜਾਣ ਲਈ ਸਾਨੂੰ ਲਗਾਤਾਰ ਯਹੋਵਾਹ ਵੱਲ ਦੇਖਦੇ ਰਹਿਣਾ ਅਤੇ ਹਮੇਸ਼ਾ ਉਸ ਦਾ ਕਹਿਣਾ ਮੰਨਦੇ ਰਹਿਣਾ ਚਾਹੀਦਾ ਹੈ। (1 ਯੂਹੰ. 2:17) ਅਸੀਂ ਮੂਸਾ ਦੀ ਗ਼ਲਤੀ ਤੋਂ ਕੀ ਸਿੱਖ ਸਕਦੇ ਹਾਂ?

ਦੂਸਰਿਆਂ ਕਰਕੇ ਆਪਣਾ ਧਿਆਨ ਨਾ ਭਟਕਾਓ

17. ਜਦੋਂ ਕੋਈ ਸਾਨੂੰ ਗੁੱਸਾ ਚੜ੍ਹਾਉਂਦਾ ਹੈ, ਤਾਂ ਅਸੀਂ ਸੰਜਮ ਕਿਵੇਂ ਰੱਖ ਸਕਦੇ ਹਾਂ?

17 ਜਦੋਂ ਕੋਈ ਤੁਹਾਨੂੰ ਗੁੱਸਾ ਚੜ੍ਹਾਉਂਦਾ ਹੈ, ਤਾਂ ਸੰਜਮ ਰੱਖੋ। ਕਈ ਵਾਰ ਸਾਨੂੰ ਵਾਰ-ਵਾਰ ਇੱਕੋ ਜਿਹੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਬਾਈਬਲ ਦੱਸਦੀ ਹੈ: “ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ ਕਿਉਂਕਿ ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਸਮਾਂ ਆਉਣ ਤੇ ਅਸੀਂ ਫ਼ਸਲ ਜ਼ਰੂਰ ਵੱਢਾਂਗੇ।” (ਗਲਾ. 6:9; 2 ਥੱਸ. 3:13) ਜਦੋਂ ਕਿਸੇ ਹਾਲਾਤ ਜਾਂ ਵਿਅਕਤੀ ਕਰਕੇ ਸਾਨੂੰ ਵਾਰ-ਵਾਰ ਗੁੱਸਾ ਚੜ੍ਹਦਾ ਹੈ, ਤਾਂ ਕੀ ਅਸੀਂ ਬੋਲਣ ਤੋਂ ਪਹਿਲਾਂ ਸੋਚਦੇ ਹਾਂ? ਕੀ ਅਸੀਂ ਆਪਣੇ ਗੁੱਸੇ ’ਤੇ ਕਾਬੂ ਪਾਉਂਦੇ ਹਾਂ? (ਕਹਾ. 10:19; 17:27; ਮੱਤੀ 5:22) ਜਦੋਂ ਕੋਈ ਸਾਨੂੰ ਉਕਸਾਉਂਦਾ ਹੈ, ਤਾਂ ਸਾਨੂੰ ਸਿੱਖਣ ਦੀ ਲੋੜ ਹੈ ਕਿ ਅਸੀਂ ਯਹੋਵਾਹ ਨੂੰ ਬਦਲਾ ਲੈਣ ਦਾ ਮੌਕਾ ਦੇਈਏ। (ਰੋਮੀਆਂ 12:17-21 ਪੜ੍ਹੋ।) ਇਸ ਦਾ ਕੀ ਮਤਲਬ ਹੈ? ਗੁੱਸੇ ਹੋਣ ਦੀ ਬਜਾਇ ਸਾਨੂੰ ਧੀਰਜ ਨਾਲ ਯਹੋਵਾਹ ਦੀ ਉਡੀਕ ਕਰਨੀ ਚਾਹੀਦੀ ਕਿ ਉਹ ਲੋੜ ਪੈਣ ’ਤੇ ਸਾਡੀ ਸਮੱਸਿਆ ਬਾਰੇ ਜ਼ਰੂਰ ਕਦਮ ਚੁੱਕੇਗਾ। ਜੇ ਅਸੀਂ ਯਹੋਵਾਹ ਵੱਲ ਦੇਖਣ ਦੀ ਬਜਾਇ ਆਪਣਾ ਬਦਲਾ ਆਪ ਲੈਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਉਸ ਦਾ ਨਿਰਾਦਰ ਕਰ ਰਹੇ ਹੋਵਾਂਗੇ।

18. ਹਿਦਾਇਤਾਂ ਮੰਨਣ ਸੰਬੰਧੀ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

18 ਨਵੀਆਂ ਹਿਦਾਇਤਾਂ ਨੂੰ ਧਿਆਨ ਨਾਲ ਮੰਨੋ। ਕੀ ਅਸੀਂ ਯਹੋਵਾਹ ਵੱਲੋਂ ਦਿੱਤੀਆਂ ਨਵੀਆਂ ਹਿਦਾਇਤਾਂ ਨੂੰ ਵਫ਼ਾਦਾਰੀ ਨਾਲ ਮੰਨਦੇ ਹਾਂ? ਸਾਨੂੰ ਹਮੇਸ਼ਾ ਪੁਰਾਣੇ ਤਰੀਕੇ ਨਾਲ ਹੀ ਕੰਮ ਨਹੀਂ ਕਰਦੇ ਰਹਿਣਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਨਵੀਆਂ ਹਿਦਾਇਤਾਂ ਜਲਦੀ ਹੀ ਮੰਨਣੀਆਂ ਚਾਹੀਦੀਆਂ ਹਨ ਜੋ ਯਹੋਵਾਹ ਆਪਣੇ ਸੰਗਠਨ ਦੁਆਰਾ ਦਿੰਦਾ ਹੈ। (ਇਬ. 13:17) ਨਾਲੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ “ਜੋ ਲਿਖਿਆ ਗਿਆ ਹੈ” ਅਸੀਂ ‘ਉਸ ਤੋਂ ਵਾਧੂ ਕੁਝ ਨਾ ਕਰੀਏ।’ (1 ਕੁਰਿੰ. 4:6) ਯਹੋਵਾਹ ਦੀਆਂ ਹਿਦਾਇਤਾਂ ਮੰਨ ਕੇ ਅਸੀਂ ਉਸ ਵੱਲ ਦੇਖਦੇ ਰਹਿੰਦੇ ਹਾਂ।

ਦੂਜਿਆਂ ਦੀਆਂ ਗ਼ਲਤੀਆਂ ਕਰਕੇ ਮੂਸਾ ਜਿਸ ਤਰੀਕੇ ਨਾਲ ਪੇਸ਼ ਆਇਆ, ਉਸ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਹੈ? (ਪੈਰਾ 19 ਦੇਖੋ)

19. ਦੂਜਿਆਂ ਦੀਆਂ ਗ਼ਲਤੀਆਂ ਕਰਕੇ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਖ਼ਰਾਬ ਹੋਣ ਤੋਂ ਕਿਵੇਂ ਬਚਾ ਸਕਦੇ ਹਾਂ?

19 ਦੂਜਿਆਂ ਦੀਆਂ ਗ਼ਲਤੀਆਂ ਕਰਕੇ ਯਹੋਵਾਹ ਨਾਲ ਆਪਣਾ ਰਿਸ਼ਤਾ ਨਾ ਵਿਗਾੜੋ। ਜੇ ਅਸੀਂ ਯਹੋਵਾਹ ਵੱਲ ਦੇਖਦੇ ਰਹਿੰਦੇ ਹਾਂ, ਤਾਂ ਅਸੀਂ ਕਿਸੇ ਦੇ ਕੰਮਾਂ ਕਰਕੇ ਯਹੋਵਾਹ ਨਾਲ ਆਪਣਾ ਰਿਸ਼ਤਾ ਖ਼ਰਾਬ ਨਹੀਂ ਕਰਾਂਗੇ ਜਾਂ ਗੁੱਸੇ ਨਹੀਂ ਹੋਵਾਂਗੇ। ਜੇ ਮੂਸਾ ਵਾਂਗ ਸਾਡੇ ਕੋਲ ਪਰਮੇਸ਼ੁਰ ਦੇ ਸੰਗਠਨ ਵਿਚ ਕੋਈ ਜ਼ਿੰਮੇਵਾਰੀ ਹੈ, ਤਾਂ ਇੱਦਾਂ ਕਰਨਾ ਸਾਡੇ ਲਈ ਹੋਰ ਵੀ ਜ਼ਿਆਦਾ ਜ਼ਰੂਰੀ ਹੈ। ਇਹ ਸੱਚ ਹੈ ਕਿ “ਮੁਕਤੀ ਪਾਉਣ” ਲਈ ਸਾਨੂੰ ਸਾਰਿਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਯਹੋਵਾਹ ਦਾ ਕਹਿਣਾ ਮੰਨਣ ਦੀ ਲੋੜ ਹੈ। (ਫ਼ਿਲਿ. 2:12) ਪਰ ਜਿੰਨੀ ਜ਼ਿਆਦਾ ਜ਼ਿੰਮੇਵਾਰੀ ਸਾਡੇ ਕੋਲ ਹੈ, ਯਹੋਵਾਹ ਸਾਡੇ ਤੋਂ ਉੱਨੀ ਮੰਗ ਕਰਦਾ ਸੀ ਕਿ ਅਸੀਂ ਦੂਜਿਆਂ ਲਈ ਵਧੀਆ ਮਿਸਾਲ ਰੱਖੀਏ। (ਲੂਕਾ 12:48) ਪਰ ਜੇ ਅਸੀਂ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਹਾਂ, ਤਾਂ ਅਸੀਂ ਕਿਸੇ ਵੀ ਚੀਜ਼ ਕਰਕੇ ਠੋਕਰ ਨਹੀਂ ਖਾਵਾਂਗੇ ਜਾਂ ਕੋਈ ਵੀ ਚੀਜ਼ ਸਾਨੂੰ ਯਹੋਵਾਹ ਨਾਲ ਪਿਆਰ ਕਰਨ ਤੋਂ ਨਹੀਂ ਰੋਕ ਸਕੇਗੀ।​—ਜ਼ਬੂ. 119:165; ਰੋਮੀ. 8:37-39.

20. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

20 ਅਸੀਂ ਮੁਸ਼ਕਲਾਂ ਭਰੇ ਸਮਿਆਂ ਵਿਚ ਜੀ ਰਹੇ ਹਾਂ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਵੱਲ ਦੇਖਦੇ ਰਹੀਏ ਜੋ ਸਵਰਗ ਵਿਚ ਹੈ ਤਾਂਕਿ ਅਸੀਂ ਉਸ ਦੀ ਇੱਛਾ ਜਾਣ ਸਕੀਏ। ਕਿਸੇ ਦੇ ਕੰਮਾਂ ਕਰਕੇ ਸਾਨੂੰ ਕਦੇ ਵੀ ਯਹੋਵਾਹ ਨਾਲ ਆਪਣਾ ਰਿਸ਼ਤਾ ਖ਼ਰਾਬ ਨਹੀਂ ਕਰਨਾ ਚਾਹੀਦਾ। ਮੂਸਾ ਨਾਲ ਜੋ ਹੋਇਆ, ਉਸ ਤੋਂ ਅਸੀਂ ਇਕ ਅਹਿਮ ਸਬਕ ਸਿੱਖਦੇ ਹਾਂ। ਦੂਜਿਆਂ ਦੀਆਂ ਗ਼ਲਤੀਆਂ ਕਰਕੇ ਗੁੱਸੇ ਹੋਣ ਦੀ ਬਜਾਇ ਆਓ ਆਪਾਂ ‘ਆਪਣੀਆਂ ਅੱਖਾਂ ਆਪਣੇ ਪਰਮੇਸ਼ੁਰ ਯਹੋਵਾਹ ਵੱਲ’ ਲਾਈ ਰੱਖਣ ਦਾ ਪੱਕਾ ਇਰਾਦਾ ਕਰੀਏ ‘ਜਦ ਤੀਕ ਉਹ ਸਾਡੇ ਉੱਤੇ ਤਰਸ ਨਹੀਂ ਖਾਂਦਾ।’​—ਜ਼ਬੂ. 123:1, 2.

^ ਪੈਰਾ 8 ਮਰੀਬਾਹ ਦੀ ਇਹ ਜਗ੍ਹਾ ਰਫ਼ੀਦੀਮ ਦੇ ਨੇੜੇ ਪੈਂਦੀ ਮਰੀਬਾਹ ਦੀ ਜਗ੍ਹਾ ਤੋਂ ਵੱਖਰੀ ਸੀ ਜਿਸ ਨੂੰ ਮੱਸਾਹ ਵੀ ਕਿਹਾ ਜਾਂਦਾ ਸੀ। ਪਰ ਇਨ੍ਹਾਂ ਦੋਨੋਂ ਥਾਵਾਂ ਨੂੰ ਮਰੀਬਾਹ ਕਿਹਾ ਜਾਂਦਾ ਸੀ ਕਿਉਂਕਿ ਇਨ੍ਹਾਂ ਥਾਵਾਂ ’ਤੇ ਇਜ਼ਰਾਈਲੀਆਂ ਨੇ ਝਗੜਾ ਜਾਂ ਸ਼ਿਕਾਇਤ ਕੀਤੀ ਸੀ।​—ਪਰਮੇਸ਼ੁਰ ਦੇ ਬਚਨ ਦੀ ਖੋਜਬੀਨ ਕਰੋ ਪੁਸਤਿਕਾ ਵਿੱਚੋਂ ਭਾਗ 7 ’ਤੇ ਨਕਸ਼ਾ ਦੇਖੋ।

^ ਪੈਰਾ 11 ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ ਕਿ ਯਹੂਦੀ ਪਰੰਪਰਾ ਅਨੁਸਾਰ ਬਾਗ਼ੀਆਂ ਨੇ ਦਾਅਵਾ ਕੀਤਾ ਕਿ ਇਹ ਕੋਈ ਚਮਤਕਾਰ ਨਹੀਂ ਸੀ ਕਿਉਂਕਿ ਮੂਸਾ ਜਾਣਦਾ ਸੀ ਕਿ ਉਸ ਚਟਾਨ ਵਿਚ ਪਾਣੀ ਸੀ। ਇਸ ਲਈ ਉਹ ਚਾਹੁੰਦੇ ਸਨ ਕਿ ਮੂਸਾ ਕਿਸੇ ਹੋਰ ਚਟਾਨ ਉੱਤੇ ਫਿਰ ਇਹ ਚਮਤਕਾਰ ਕਰੇ। ਬਿਨਾਂ ਸ਼ੱਕ, ਇਹ ਇਕ ਪਰੰਪਰਾ ਸੀ।

^ ਪੈਰਾ 12 ਪਹਿਰਾਬੁਰਜ 15 ਅਕਤੂਬਰ 1987 (ਅੰਗ੍ਰੇਜ਼ੀ) “ਪਾਠਕਾਂ ਵੱਲੋਂ ਸਵਾਲ” ਦੇਖੋ।