Skip to content

Skip to table of contents

ਕੌਣ ਯਹੋਵਾਹ ਵੱਲ ਹੈ?

ਕੌਣ ਯਹੋਵਾਹ ਵੱਲ ਹੈ?

“ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਖਾਓ, ਉਸ ਦੀ ਉਪਾਸਨਾ ਕਰੋ, ਉਸ ਦੇ ਨਾਲ ਲੱਗੇ ਰਹੋ।”​—ਬਿਵ. 10:20.

ਗੀਤ: 27, 48

1, 2. (ੳ) ਯਹੋਵਾਹ ਵੱਲ ਹੋਣਾ ਸਮਝਦਾਰੀ ਦੀ ਗੱਲ ਕਿਉਂ ਹੈ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

ਯਹੋਵਾਹ ਦੇ ਨੇੜੇ ਰਹਿਣਾ ਸਾਡੇ ਲਈ ਸਮਝਦਾਰੀ ਦੀ ਗੱਲ ਹੈ। ਕੋਈ ਵੀ ਸਾਡੇ ਪਰਮੇਸ਼ੁਰ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ, ਬੁੱਧੀਮਾਨ ਤੇ ਪਿਆਰ ਕਰਨ ਵਾਲਾ ਨਹੀਂ ਹੈ। ਬਿਨਾਂ ਸ਼ੱਕ, ਅਸੀਂ ਹਮੇਸ਼ਾ ਉਸ ਦੇ ਵਫ਼ਾਦਾਰ ਰਹਿਣਾ ਤੇ ਉਸ ਵੱਲ ਹੋਣਾ ਚਾਹੁੰਦੇ ਹਾਂ। (ਜ਼ਬੂ. 96:4-6) ਪਰ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਕੁਝ ਲੋਕ ਇਸ ਤਰ੍ਹਾਂ ਕਰਨ ਵਿਚ ਨਾਕਾਮ ਹੋਏ ਸਨ।

2 ਇਸ ਲੇਖ ਵਿਚ ਅਸੀਂ ਕੁਝ ਮਿਸਾਲਾਂ ’ਤੇ ਗੌਰ ਕਰਾਂਗੇ ਜਿਨ੍ਹਾਂ ਨੇ ਯਹੋਵਾਹ ਵੱਲ ਹੋਣ ਦਾ ਦਾਅਵਾ ਕੀਤਾ, ਪਰ ਇਸ ਦੇ ਨਾਲ-ਨਾਲ ਉਨ੍ਹਾਂ ਨੇ ਉਹ ਕੰਮ ਵੀ ਕੀਤੇ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ। ਅਸੀਂ ਉਨ੍ਹਾਂ ਦੀਆਂ ਮਿਸਾਲਾਂ ਤੋਂ ਅਹਿਮ ਸਬਕ ਸਿੱਖਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਸਕਾਂਗੇ।

ਯਹੋਵਾਹ ਸਾਡੇ ਦਿਲਾਂ ਨੂੰ ਜਾਂਚਦਾ ਹੈ

3. ਯਹੋਵਾਹ ਨੇ ਕਾਇਨ ਦੀ ਮਦਦ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਅਤੇ ਉਸ ਨੇ ਕਾਇਨ ਨੂੰ ਕੀ ਕਿਹਾ?

3 ਜ਼ਰਾ ਕਾਇਨ ਦੀ ਮਿਸਾਲ ਬਾਰੇ ਸੋਚੋ। ਉਹ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਨਹੀਂ ਕਰਦਾ ਸੀ, ਪਰ ਫਿਰ ਵੀ ਯਹੋਵਾਹ ਨੇ ਉਸ ਦੀ ਭਗਤੀ ਸਵੀਕਾਰ ਨਹੀਂ ਕੀਤੀ। ਕਿਉਂ? ਕਿਉਂਕਿ ਯਹੋਵਾਹ ਕਾਇਨ ਦੇ ਬੁਰੇ ਇਰਾਦਿਆਂ ਨੂੰ ਜਾਣਦਾ ਸੀ। (1 ਯੂਹੰ. 3:12) ਯਹੋਵਾਹ ਨੇ ਕਾਇਨ ਨੂੰ ਚੇਤਾਵਨੀ ਦਿੱਤੀ: “ਜੇ ਤੂੰ ਭਲਾ ਕਰੇਂ ਕੀ ਉਹ ਉਤਾਹਾਂ ਨਾ ਕੀਤਾ ਜਾਵੇ? ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਬੂਹੇ ਉੱਤੇ ਛੈਹ ਵਿੱਚ ਬੈਠਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।” (ਉਤ. 4:6, 7) ਯਹੋਵਾਹ ਨੇ ਕਾਇਨ ਨੂੰ ਸਾਫ਼-ਸਾਫ਼ ਦੱਸਿਆ ਕਿ ਜੇ ਉਹ ਪਛਤਾਵਾ ਕਰੇ ਤੇ ਪਰਮੇਸ਼ੁਰ ਵੱਲ ਹੋਵੇ, ਤਾਂ ਉਹ ਕਾਇਨ ਵੱਲ ਹੋਵੇਗਾ।

4. ਯਹੋਵਾਹ ਵੱਲ ਹੋਣ ਦਾ ਮੌਕਾ ਮਿਲਣ ਤੇ ਕਾਇਨ ਨੇ ਕੀ ਕੀਤਾ?

4 ਜੇ ਕਾਇਨ ਆਪਣੀ ਸੋਚ ਬਦਲਦਾ, ਤਾਂ ਯਹੋਵਾਹ ਨੇ ਫਿਰ ਤੋਂ ਉਸ ਦੀ ਭਗਤੀ ਸਵੀਕਾਰ ਕਰ ਲੈਣੀ ਸੀ। ਪਰ ਕਾਇਨ ਨੇ ਯਹੋਵਾਹ ਦੀ ਗੱਲ ਨਹੀਂ ਸੁਣੀ ਅਤੇ ਆਪਣੀਆਂ ਗ਼ਲਤ ਸੋਚਾਂ ਤੇ ਸੁਆਰਥੀ ਇੱਛਾਵਾਂ ਕਰਕੇ ਗ਼ਲਤ ਕੰਮ ਕੀਤੇ। (ਯਾਕੂ. 1:14, 15) ਛੋਟੇ ਹੁੰਦਿਆਂ ਸ਼ਾਇਦ ਕਾਇਨ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਯਹੋਵਾਹ ਦੇ ਵਿਰੁੱਧ ਜਾਵੇਗਾ। ਪਰ ਹੁਣ ਉਸ ਨੇ ਪਰਮੇਸ਼ੁਰ ਦੀ ਚੇਤਾਵਨੀ ਨੂੰ ਅਣਗੌਲਿਆ ਕੀਤਾ, ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ ਅਤੇ ਆਪਣੇ ਭਰਾ ਨੂੰ ਹੀ ਜਾਨੋਂ ਮਾਰ ਦਿੱਤਾ।

5. ਕਿਹੋ ਜਿਹੀ ਸੋਚ ਕਰਕੇ ਅਸੀਂ ਯਹੋਵਾਹ ਦੀ ਮਿਹਰ ਗੁਆ ਸਕਦੇ ਹਾਂ?

5 ਕਾਇਨ ਵਾਂਗ, ਸ਼ਾਇਦ ਅੱਜ ਵੀ ਇਕ ਮਸੀਹੀ ਯਹੋਵਾਹ ਦੀ ਭਗਤੀ ਕਰਨ ਦਾ ਦਾਅਵਾ ਕਰੇ, ਪਰ ਨਾਲ-ਨਾਲ ਉਹ ਕੰਮ ਵੀ ਕਰੇ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ। (ਯਹੂ. 11) ਉਹ ਸ਼ਾਇਦ ਜੋਸ਼ ਨਾਲ ਪ੍ਰਚਾਰ ਕਰਦਾ ਹੋਵੇ ਅਤੇ ਲਗਾਤਾਰ ਸਭਾਵਾਂ ’ਤੇ ਜਾਂਦਾ ਹੋਵੇ। ਪਰ ਇਸ ਦੇ ਨਾਲ-ਨਾਲ, ਉਹ ਸ਼ਾਇਦ ਗੰਦੇ ਖ਼ਿਆਲਾਂ ਤੇ ਲਾਲਚੀ ਸੋਚਾਂ ਨੂੰ ਆਪਣੇ ਮਨ ਵਿਚ ਪਾਲਦਾ ਹੋਵੇ ਜਾਂ ਕਿਸੇ ਮਸੀਹੀ ਭੈਣ-ਭਰਾ ਲਈ ਨਫ਼ਰਤ ਦੀ ਭਾਵਨਾ ਰੱਖਦਾ ਹੋਵੇ। (1 ਯੂਹੰ. 2:15-17; 3:15) ਇਹੋ ਜਿਹੀ ਸੋਚ ਉਸ ਨੂੰ ਗ਼ਲਤ ਕੰਮਾਂ ਵੱਲ ਲਿਜਾ ਸਕਦੀ ਹੈ। ਦੂਸਰੇ ਲੋਕ ਸ਼ਾਇਦ ਨਾ ਜਾਣਦੇ ਹੋਣ ਕਿ ਅਸੀਂ ਕੀ ਸੋਚਦੇ ਜਾਂ ਕੀ ਕਰਦੇ ਹਾਂ, ਪਰ ਯਹੋਵਾਹ ਜਾਣਦਾ ਹੈ। ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਪੂਰੀ ਤਰ੍ਹਾਂ ਉਸ ਵੱਲ ਹਾਂ ਜਾਂ ਨਹੀਂ।​—ਯਿਰਮਿਯਾਹ 17:9, 10 ਪੜ੍ਹੋ।

6. ਗ਼ਲਤ ਇੱਛਾਵਾਂ ’ਤੇ ਜਿੱਤ ਹਾਸਲ ਕਰਨ ਵਿਚ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ?

6 ਚਾਹੇ ਅਸੀਂ ਗ਼ਲਤੀਆਂ ਕਰਦੇ ਹਾਂ, ਪਰ ਯਹੋਵਾਹ ਸਾਨੂੰ ਇਕਦਮ ਨਹੀਂ ਠੁਕਰਾ ਦਿੰਦਾ। ਜੇ ਅਸੀਂ ਗ਼ਲਤ ਰਾਹ ’ਤੇ ਜਾ ਰਹੇ ਹਾਂ, ਤਾਂ ਯਹੋਵਾਹ ਸਾਨੂੰ ਕਹਿੰਦਾ ਹੈ: “ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ।” (ਮਲਾ. 3:7) ਯਹੋਵਾਹ ਜਾਣਦਾ ਹੈ ਕਿ ਅਸੀਂ ਆਪਣੀਆਂ ਕਿਹੜੀਆਂ ਕਮਜ਼ੋਰੀਆਂ ਨਾਲ ਲੜਦੇ ਹਾਂ। ਪਰ ਉਹ ਚਾਹੁੰਦਾ ਹੈ ਕਿ ਅਸੀਂ ਬੁਰਾਈ ਤੋਂ ਦੂਰ ਰਹੀਏ। (ਯਸਾ. 55:7) ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਉਹ ਵਾਅਦਾ ਕਰਦਾ ਹੈ ਕਿ ਉਹ ਸਾਡੀ ਮਦਦ ਕਰੇਗਾ ਅਤੇ ਸਾਡੀਆਂ ਗ਼ਲਤ ਇੱਛਾਵਾਂ ’ਤੇ ਜਿੱਤ ਹਾਸਲ ਕਰਨ ਲਈ ਸਾਨੂੰ ਲੋੜੀਂਦੀ ਤਾਕਤ ਬਖ਼ਸ਼ੇਗਾ।​—ਉਤ. 4:7.

“ਧੋਖਾ ਨਾ ਖਾਓ”

7. ਸੁਲੇਮਾਨ ਨੇ ਯਹੋਵਾਹ ਨਾਲ ਆਪਣੀ ਦੋਸਤੀ ਕਿਵੇਂ ਤੋੜ ਲਈ?

7 ਛੋਟੇ ਹੁੰਦਿਆਂ ਸੁਲੇਮਾਨ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਸੀ। ਪਰਮੇਸ਼ੁਰ ਨੇ ਸੁਲੇਮਾਨ ਨੂੰ ਬਹੁਤ ਬੁੱਧ ਬਖ਼ਸ਼ੀ ਅਤੇ ਯਰੂਸ਼ਲਮ ਵਿਚ ਇਕ ਸੋਹਣਾ ਮੰਦਰ ਬਣਾਉਣ ਦਾ ਅਹਿਮ ਕੰਮ ਦਿੱਤਾ। ਪਰ ਸੁਲੇਮਾਨ ਨੇ ਯਹੋਵਾਹ ਨਾਲ ਆਪਣੀ ਦੋਸਤੀ ਤੋੜ ਲਈ। (1 ਰਾਜ. 3:12; 11:1, 2) ਪਰਮੇਸ਼ੁਰ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਰਾਜਾ ‘ਨਾ ਆਪਣੇ ਲਈ ਤੀਵੀਆਂ ਵਧਾਵੇ ਮਤੇ ਉਸ ਦਾ ਮਨ ਫਿਰ ਜਾਵੇ।’ (ਬਿਵ. 17:17) ਸੁਲੇਮਾਨ ਨੇ ਇਸ ਕਾਨੂੰਨ ਦੀ ਪਾਲਣਾ ਨਹੀਂ ਕੀਤੀ। ਉਸ ਦੀਆਂ 700 ਪਤਨੀਆਂ ਤੇ 300 ਰਾਖੇਲਾਂ ਸਨ। (1 ਰਾਜ. 11:3) ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਹੋਰ ਕੌਮ ਦੀਆਂ ਸਨ ਜੋ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੀਆਂ ਸਨ। ਸੁਲੇਮਾਨ ਨੇ ਹੋਰ ਕੌਮਾਂ ਦੀਆਂ ਔਰਤਾਂ ਨਾਲ ਵਿਆਹ ਕਰਾ ਕੇ ਪਰਮੇਸ਼ੁਰ ਦੇ ਇਸ ਕਾਨੂੰਨ ਦੀ ਵੀ ਪਾਲਣਾ ਨਹੀਂ ਕੀਤੀ।​—ਬਿਵ. 7:3, 4.

8. ਸੁਲੇਮਾਨ ਨੇ ਯਹੋਵਾਹ ਨੂੰ ਗੁੱਸਾ ਕਿਵੇਂ ਚੜ੍ਹਾਇਆ?

8 ਹੌਲੀ-ਹੌਲੀ ਸੁਲੇਮਾਨ ਦੇ ਦਿਲ ਵਿੱਚੋਂ ਯਹੋਵਾਹ ਦੇ ਕਾਨੂੰਨਾਂ ਲਈ ਪਿਆਰ ਖ਼ਤਮ ਹੋ ਗਿਆ। ਅਖ਼ੀਰ, ਉਸ ਨੇ ਬਹੁਤ ਬੁਰੇ ਕੰਮ ਕੀਤੇ। ਉਸ ਨੇ ਝੂਠੀ ਦੇਵੀ ਅਸ਼ਤਾਰੋਥ ਅਤੇ ਝੂਠੇ ਦੇਵਤੇ ਕਮੋਸ਼ ਲਈ ਵੇਦੀਆਂ ਬਣਵਾਈਆਂ ਅਤੇ ਫਿਰ ਆਪਣੀਆਂ ਪਤਨੀਆਂ ਨਾਲ ਮਿਲ ਕੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕੀਤੀ। ਸੁਲੇਮਾਨ ਨੇ ਇਹ ਵੇਦੀਆਂ ਉਸ ਪਹਾੜ ’ਤੇ ਬਣਾਈਆਂ ਜੋ ਯਰੂਸ਼ਲਮ ਦੇ ਸਾਮ੍ਹਣੇ ਸੀ ਜਿੱਥੇ ਉਸ ਨੇ ਯਹੋਵਾਹ ਦਾ ਮੰਦਰ ਬਣਾਇਆ ਸੀ! (1 ਰਾਜ. 11:5-8; 2 ਰਾਜ. 23:13) ਸੁਲੇਮਾਨ ਨੇ ਇਹ ਸੋਚ ਕੇ ਆਪਣੇ ਆਪ ਨੂੰ ਧੋਖਾ ਦਿੱਤਾ ਕਿ ਜਦੋਂ ਤਕ ਉਹ ਯਹੋਵਾਹ ਦੇ ਮੰਦਰ ਵਿਚ ਬਲ਼ੀਆਂ ਚੜ੍ਹਾਉਂਦਾ ਰਹੇਗਾ, ਉਦੋਂ ਤਕ ਪਰਮੇਸ਼ੁਰ ਉਸ ਦੇ ਸਾਰੇ ਬੁਰੇ ਕੰਮਾਂ ਨੂੰ ਨਜ਼ਰਅੰਦਾਜ਼ ਕਰਦਾ ਰਹੇਗਾ।

9. ਪਰਮੇਸ਼ੁਰ ਦੀਆਂ ਚੇਤਾਵਨੀਆਂ ਨੂੰ ਅਣਗੌਲਿਆ ਕਰਨ ਕਰਕੇ ਸੁਲੇਮਾਨ ਨਾਲ ਕੀ ਹੋਇਆ?

9 ਪਰ ਯਹੋਵਾਹ ਕਦੇ ਵੀ ਪਾਪ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਬਾਈਬਲ ਕਹਿੰਦੀ ਹੈ: “ਯਹੋਵਾਹ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ ਕਿਉਂ ਜੋ ਉਹ ਦਾ ਮਨ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਤੋਂ ਫਿਰ ਗਿਆ” ਸੀ। ਪਰਮੇਸ਼ੁਰ ਨੇ ਸੁਲੇਮਾਨ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਯਹੋਵਾਹ ਨੇ “ਉਹ ਨੂੰ ਦੋ ਵਾਰ ਦਰਸ਼ਣ ਦਿੱਤਾ। ਅਤੇ ਉਸ ਉਹ ਨੂੰ ਏਸ ਗੱਲ ਦਾ ਹੁਕਮ ਦਿੱਤਾ ਸੀ ਕਿ ਉਹ ਦੂਜਿਆਂ ਦਿਓਤਿਆਂ ਦੇ ਪਿੱਛੇ ਨਾ ਚੱਲੇ ਪਰ ਉਹ ਨੇ ਯਹੋਵਾਹ ਦਾ ਹੁਕਮ ਨਾ ਮੰਨਿਆ।” ਨਤੀਜੇ ਵਜੋਂ, ਉਹ ਪਰਮੇਸ਼ੁਰ ਦੀ ਮਿਹਰ ਗੁਆ ਬੈਠਾ ਅਤੇ ਪਰਮੇਸ਼ੁਰ ਨੇ ਉਸ ਦਾ ਸਾਥ ਛੱਡ ਦਿੱਤਾ। ਸੁਲੇਮਾਨ ਦੀ ਪੀੜ੍ਹੀ ਵਿੱਚੋਂ ਕਿਸੇ ਨੇ ਵੀ ਪੂਰੀ ਇਜ਼ਰਾਈਲ ਕੌਮ ’ਤੇ ਰਾਜ ਨਹੀਂ ਕੀਤਾ ਅਤੇ ਸੈਂਕੜੇ ਸਾਲਾਂ ਤਕ ਉਸ ਦੀਆਂ ਪੀੜ੍ਹੀਆਂ ’ਤੇ ਮੁਸੀਬਤਾਂ ਦੇ ਪਹਾੜ ਟੁੱਟਦੇ ਰਹੇ।​—1 ਰਾਜ. 11:9-13.

10. ਪਰਮੇਸ਼ੁਰ ਨਾਲ ਸਾਡੀ ਦੋਸਤੀ ਕਿਵੇਂ ਟੁੱਟ ਸਕਦੀ ਹੈ?

10 ਜੇ ਅਸੀਂ ਅਜਿਹੇ ਦੋਸਤ ਬਣਾਉਂਦੇ ਹਾਂ ਜੋ ਪਰਮੇਸ਼ੁਰ ਦੇ ਮਿਆਰਾਂ ਨੂੰ ਨਹੀਂ ਸਮਝਦੇ ਜਾਂ ਉਸ ਦੇ ਮਿਆਰਾਂ ਦੀ ਕਦਰ ਨਹੀਂ ਕਰਦੇ, ਤਾਂ ਉਨ੍ਹਾਂ ਦੀ ਸੋਚ ਦਾ ਸਾਡੇ ’ਤੇ ਅਸਰ ਪੈ ਸਕਦਾ ਹੈ ਅਤੇ ਯਹੋਵਾਹ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ। ਉਹ ਮੰਡਲੀ ਦੇ ਭੈਣ-ਭਰਾ ਵੀ ਹੋ ਸਕਦੇ ਹਨ ਜਿਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਨਹੀਂ ਹੈ। ਜਾਂ ਯਹੋਵਾਹ ਦੀ ਭਗਤੀ ਨਾ ਕਰਨ ਵਾਲੇ ਸਾਡੇ ਰਿਸ਼ਤੇਦਾਰ, ਗੁਆਂਢੀ, ਸਕੂਲ ਦੇ ਸਾਥੀ ਜਾਂ ਸਾਡੇ ਨਾਲ ਕੰਮ ਕਰਨ ਵਾਲੇ ਹੋ ਸਕਦੇ ਹਨ। ਜੇ ਅਸੀਂ ਉਨ੍ਹਾਂ ਲੋਕਾਂ ਨਾਲ ਸਮਾਂ ਬਿਤਾਉਂਦੇ ਹਾਂ ਜੋ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਨਹੀਂ ਜੀਉਂਦੇ, ਤਾਂ ਉਹ ਸਾਡੇ ’ਤੇ ਇੰਨਾ ਅਸਰ ਪਾ ਸਕਦੇ ਹਨ ਕਿ ਪਰਮੇਸ਼ੁਰ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ।

ਤੁਹਾਡੇ ਦੋਸਤਾਂ ਦਾ ਯਹੋਵਾਹ ਨਾਲ ਤੁਹਾਡੇ ਰਿਸ਼ਤੇ ’ਤੇ ਕੀ ਅਸਰ ਪੈ ਸਕਦਾ ਹੈ? (ਪੈਰਾ 11 ਦੇਖੋ)

11. ਕਿਹੜੀਆਂ ਗੱਲਾਂ ਦੀ ਮਦਦ ਨਾਲ ਅਸੀਂ ਦੋਸਤ ਚੁਣ ਸਕਦੇ ਹਾਂ?

11 1 ਕੁਰਿੰਥੀਆਂ 15:33 ਪੜ੍ਹੋ। ਜ਼ਿਆਦਾਤਰ ਲੋਕਾਂ ਵਿਚ ਕੁਝ ਚੰਗੇ ਗੁਣ ਹੁੰਦੇ ਹਨ। ਯਹੋਵਾਹ ਦੀ ਭਗਤੀ ਨਾ ਕਰਨ ਵਾਲੇ ਸ਼ਾਇਦ ਹਮੇਸ਼ਾ ਗ਼ਲਤ ਕੰਮ ਨਹੀਂ ਕਰਦੇ। ਸ਼ਾਇਦ ਤੁਸੀਂ ਇਸ ਤਰ੍ਹਾਂ ਦੇ ਕੁਝ ਲੋਕਾਂ ਨੂੰ ਜਾਣਦੇ ਹੋਵੋ। ਕੀ ਇਸ ਦਾ ਇਹ ਮਤਲਬ ਹੈ ਕਿ ਉਨ੍ਹਾਂ ਨਾਲ ਦੋਸਤੀ ਕਰਨੀ ਠੀਕ ਹੈ? ਆਪਣੇ ਆਪ ਤੋਂ ਪੁੱਛੋ, ਉਹ ਯਹੋਵਾਹ ਨਾਲ ਤੁਹਾਡੇ ਰਿਸ਼ਤੇ ’ਤੇ ਕੀ ਅਸਰ ਪਾਉਣਗੇ? ਕੀ ਉਹ ਪਰਮੇਸ਼ੁਰ ਨਾਲ ਤੁਹਾਡੀ ਦੋਸਤੀ ਗੂੜ੍ਹੀ ਕਰਨਗੇ? ਉਨ੍ਹਾਂ ਲੋਕਾਂ ਲਈ ਕਿਹੜੀ ਚੀਜ਼ ਜ਼ਿਆਦਾ ਮਾਅਨੇ ਰੱਖਦੀ ਹੈ? ਉਹ ਕਿਸ ਬਾਰੇ ਗੱਲਾਂ ਕਰਦੇ ਹਨ? ਕੀ ਉਹ ਫ਼ੈਸ਼ਨ, ਪੈਸੇ, ਚੀਜ਼ਾਂ, ਮਨੋਰੰਜਨ ਅਤੇ ਹੋਰ ਇਹੋ ਜਿਹੀਆਂ ਚੀਜ਼ਾਂ ਬਾਰੇ ਗੱਲਾਂ ਕਰਦੇ ਹਨ? ਕੀ ਉਹ ਅਕਸਰ ਦੂਜਿਆਂ ਦੀ ਨੁਕਤਾਚੀਨੀ ਕਰਦੇ ਹਨ? ਕੀ ਉਨ੍ਹਾਂ ਨੂੰ ਗੰਦੇ ਚੁਟਕਲੇ ਸੁਣਾਉਣੇ ਪਸੰਦ ਹਨ? ਯਿਸੂ ਨੇ ਚੇਤਾਵਨੀ ਦਿੱਤੀ: “ਜੋ ਮਨ ਵਿਚ ਹੁੰਦਾ ਹੈ, ਉਹੀ ਮੂੰਹ ’ਤੇ ਆਉਂਦਾ ਹੈ।” (ਮੱਤੀ 12:34) ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦੋਸਤਾਂ ਕਰਕੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਵਿਗੜ ਰਿਹਾ ਹੈ, ਤਾਂ ਕਦਮ ਚੁੱਕੋ। ਉਨ੍ਹਾਂ ਨਾਲ ਘੱਟ ਸਮਾਂ ਬਿਤਾਓ ਅਤੇ ਜੇ ਜ਼ਰੂਰੀ ਹੈ, ਤਾਂ ਉਨ੍ਹਾਂ ਨਾਲ ਆਪਣੀ ਦੋਸਤੀ ਖ਼ਤਮ ਕਰੋ।​—ਕਹਾ. 13:20.

ਯਹੋਵਾਹ ਸਾਡੇ ਤੋਂ ਵਫ਼ਾਦਾਰੀ ਚਾਹੁੰਦਾ ਹੈ

12. (ੳ) ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਜਲਦੀ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਕੀ ਕਿਹਾ? (ਅ) ਇਜ਼ਰਾਈਲੀਆਂ ਨੇ ਕੀ ਜਵਾਬ ਦਿੱਤਾ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਵਫ਼ਾਦਾਰ ਰਹਿਣ ਲਈ ਕਿਹਾ?

12 ਯਹੋਵਾਹ ਦੁਆਰਾ ਇਜ਼ਰਾਈਲੀਆਂ ਨੂੰ ਮਿਸਰ ਤੋਂ ਆਜ਼ਾਦ ਕਰਾਉਣ ਤੋਂ ਬਾਅਦ ਜੋ ਹੋਇਆ, ਅਸੀਂ ਉਸ ਤੋਂ ਵੀ ਸਿੱਖ ਸਕਦੇ ਹਾਂ। ਜਦੋਂ ਇਜ਼ਰਾਈਲੀ ਸੀਨਈ ਪਹਾੜ ਸਾਮ੍ਹਣੇ ਇਕੱਠੇ ਹੋਏ, ਤਾਂ ਯਹੋਵਾਹ ਉਨ੍ਹਾਂ ਸਾਮ੍ਹਣੇ ਅਨੋਖੇ ਤਰੀਕੇ ਨਾਲ ਪੇਸ਼ ਹੋਇਆ। ਉਨ੍ਹਾਂ ਨੇ ਕਾਲੇ ਬੱਦਲ, ਬਿਜਲੀ ਦੀਆਂ ਲਿਸ਼ਕਾਂ ਤੇ ਧੂੰਆਂ ਦੇਖਿਆ। ਨਾਲੇ ਉਨ੍ਹਾਂ ਨੇ ਬੱਦਲਾਂ ਦੀ ਗਰਜ ਤੇ ਤੁਰ੍ਹੀ ਦੀ ਉੱਚੀ ਆਵਾਜ਼ ਸੁਣੀ। (ਕੂਚ 19:16-19) ਫਿਰ ਉਨ੍ਹਾਂ ਨੇ ਯਹੋਵਾਹ ਨੂੰ ਇਹ ਕਹਿੰਦਿਆਂ ਸੁਣਿਆ ਕਿ ਮੈਂ “ਅਣਖ ਵਾਲਾ ਪਰਮੇਸ਼ੁਰ ਹਾਂ।” ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਉਨ੍ਹਾਂ ਪ੍ਰਤੀ ਵਫ਼ਾਦਾਰ ਰਹੇਗਾ ਜੋ ਉਸ ਨਾਲ ਪਿਆਰ ਕਰਨਗੇ ਅਤੇ ਉਸ ਦੇ ਹੁਕਮ ਮੰਨਣਗੇ। (ਕੂਚ 20:1-6 ਪੜ੍ਹੋ।) ਅਸਲ ਵਿਚ, ਯਹੋਵਾਹ ਇਜ਼ਰਾਈਲੀਆਂ ਨੂੰ ਕਹਿ ਰਿਹਾ ਸੀ ਕਿ ਜੇ ਉਹ ਉਸ ਵੱਲ ਰਹਿਣਗੇ, ਤਾਂ ਉਹ ਵੀ ਉਨ੍ਹਾਂ ਵੱਲ ਰਹੇਗਾ। ਜੇ ਤੁਸੀਂ ਉਸ ਭੀੜ ਵਿਚ ਹੁੰਦੇ, ਤਾਂ ਯਹੋਵਾਹ ਦੀ ਗੱਲ ਸੁਣ ਕੇ ਤੁਸੀਂ ਕੀ ਜਵਾਬ ਦਿੰਦੇ? ਤੁਸੀਂ ਪੱਕਾ ਇਜ਼ਰਾਈਲੀਆਂ ਵਾਂਗ ਜਵਾਬ ਦਿੰਦੇ ਜਿਨ੍ਹਾਂ ਨੇ ਕਿਹਾ ਸੀ: “ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” (ਕੂਚ 24:3) ਪਰ ਥੋੜ੍ਹੇ ਸਮੇਂ ਬਾਅਦ ਹੀ ਕੁਝ ਅਜਿਹਾ ਹੋਇਆ ਜਿਸ ਨਾਲ ਪਰਮੇਸ਼ੁਰ ਪ੍ਰਤੀ ਇਜ਼ਰਾਈਲੀਆਂ ਦੀ ਵਫ਼ਾਦਾਰੀ ਪਰਖੀ ਗਈ। ਕੀ ਹੋਇਆ ਸੀ?

13. ਇਜ਼ਰਾਈਲੀਆਂ ਦੀ ਵਫ਼ਾਦਾਰੀ ਕਿਵੇਂ ਪਰਖੀ ਗਈ?

13 ਯਹੋਵਾਹ ਨੇ ਜਿਸ ਅਨੋਖੇ ਤਰੀਕੇ ਨਾਲ ਆਪਣੀ ਤਾਕਤ ਦਿਖਾਈ, ਉਸ ਤੋਂ ਇਜ਼ਰਾਈਲੀ ਡਰ ਗਏ। ਇਸ ਲਈ ਇਜ਼ਰਾਈਲੀਆਂ ਵੱਲੋਂ ਯਹੋਵਾਹ ਨਾਲ ਗੱਲ ਕਰਨ ਲਈ ਮੂਸਾ ਸੀਨਈ ਪਹਾੜ ’ਤੇ ਗਿਆ। (ਕੂਚ 20:18-21) ਪਰ ਕਾਫ਼ੀ ਸਮਾਂ ਬੀਤਣ ਤੇ ਵੀ ਮੂਸਾ ਹੇਠਾਂ ਡੇਰੇ ਵਿਚ ਵਾਪਸ ਨਹੀਂ ਆਇਆ। ਕੀ ਇਜ਼ਰਾਈਲੀ ਉਜਾੜ ਵਿਚ ਬਿਨਾਂ ਕਿਸੇ ਆਗੂ ਦੇ ਫਸ ਗਏ ਸਨ? ਹੋ ਸਕਦਾ ਹੈ ਕਿ ਇਜ਼ਰਾਈਲੀ ਇਨਸਾਨੀ ਆਗੂ ਮੂਸਾ ’ਤੇ ਹੱਦੋਂ ਵੱਧ ਭਰੋਸਾ ਕਰਦੇ ਸਨ। ਉਹ ਬਹੁਤ ਪਰੇਸ਼ਾਨ ਹੋ ਗਏ ਤੇ ਉਨ੍ਹਾਂ ਨੇ ਹਾਰੂਨ ਨੂੰ ਕਿਹਾ: “ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂ ਜੋ ਏਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ਹੈ ਅਸੀਂ ਨਹੀਂ ਜਾਣਦੇ ਉਹ ਨੂੰ ਕੀ ਹੋ ਗਿਆ ਹੈ।”​—ਕੂਚ 32:1, 2.

14. ਇਜ਼ਰਾਈਲੀਆਂ ਨੇ ਕੀ ਸੋਚ ਕੇ ਆਪਣੇ ਆਪ ਨੂੰ ਧੋਖਾ ਦਿੱਤਾ ਤੇ ਯਹੋਵਾਹ ਨੇ ਕੀ ਕੀਤਾ?

14 ਇਜ਼ਰਾਈਲੀ ਜਾਣਦੇ ਸਨ ਕਿ ਮੂਰਤੀ-ਪੂਜਾ ਕਰਨੀ ਗ਼ਲਤ ਸੀ। (ਕੂਚ 20:3-5) ਪਰ ਉਨ੍ਹਾਂ ਨੇ ਕਿੰਨੀ ਜਲਦੀ ਸੋਨੇ ਦੇ ਵੱਛੇ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ! ਭਾਵੇਂ ਉਨ੍ਹਾਂ ਨੇ ਯਹੋਵਾਹ ਦਾ ਹੁਕਮ ਤੋੜਿਆ ਸੀ, ਪਰ ਉਹ ਇਹ ਸੋਚ ਕੇ ਆਪਣੇ ਆਪ ਨੂੰ ਧੋਖਾ ਦੇ ਰਹੇ ਸਨ ਕਿ ਉਹ ਅਜੇ ਵੀ ਯਹੋਵਾਹ ਵੱਲ ਹਨ। ਹਾਰੂਨ ਨੇ ਵੱਛੇ ਦੀ ਪੂਜਾ ਕਰਨ ਨੂੰ “ਯਹੋਵਾਹ ਦਾ ਪਰਬ” ਕਿਹਾ। ਯਹੋਵਾਹ ਨੇ ਕੀ ਕੀਤਾ? ਉਸ ਨੇ ਮੂਸਾ ਨੂੰ ਕਿਹਾ ਕਿ ਲੋਕ “ਭਰਿਸ਼ਟ ਹੋ ਗਏ ਹਨ।” ਨਾਲੇ ਲੋਕ ‘ਉਸ ਰਾਹ ਤੋਂ ਫਿਰ ਗਏ ਹਨ’ ਜਿਸ ਦਾ ਉਸ ਨੇ “ਉਨ੍ਹਾਂ ਨੂੰ ਹੁਕਮ ਦਿੱਤਾ ਸੀ।” ਯਹੋਵਾਹ ਇੰਨਾ ਜ਼ਿਆਦਾ ਗੁੱਸੇ ਹੋਇਆ ਕਿ ਉਸ ਨੇ ਤਾਂ ਪੂਰੀ ਕੌਮ ਨੂੰ ਨਾਸ਼ ਕਰਨ ਬਾਰੇ ਸੋਚਿਆ।​—ਕੂਚ 32:5-10.

15, 16. ਮੂਸਾ ਤੇ ਹਾਰੂਨ ਨੇ ਕਿਵੇਂ ਦਿਖਾਇਆ ਕਿ ਉਹ ਪੂਰੀ ਤਰ੍ਹਾਂ ਯਹੋਵਾਹ ਵੱਲ ਸਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

15 ਦਇਆਵਾਨ ਪਰਮੇਸ਼ੁਰ ਹੋਣ ਕਰਕੇ ਯਹੋਵਾਹ ਨੇ ਪੂਰੀ ਕੌਮ ਨੂੰ ਨਾਸ਼ ਨਾ ਕਰਨ ਦਾ ਫ਼ੈਸਲਾ ਕੀਤਾ। ਇਸ ਦੀ ਬਜਾਇ, ਉਸ ਨੇ ਇਜ਼ਰਾਈਲੀਆਂ ਨੂੰ ਉਸ ਵੱਲ ਹੋਣ ਦਾ ਮੌਕਾ ਦਿੱਤਾ। (ਕੂਚ 32:14) ਜਦੋਂ ਮੂਸਾ ਨੇ ਲੋਕਾਂ ਨੂੰ ਮੂਰਤੀ ਸਾਮ੍ਹਣੇ ਰੌਲ਼ਾ ਪਾਉਂਦਿਆਂ, ਗਾਉਂਦਿਆਂ ਤੇ ਨੱਚਦਿਆਂ ਦੇਖਿਆ, ਤਾਂ ਉਸ ਨੇ ਸੋਨੇ ਦੇ ਵੱਛੇ ਨੂੰ ਕੁੱਟ ਕੇ ਉਸ ਦਾ ਚੂਰਾ ਬਣਾ ਦਿੱਤਾ। ਫਿਰ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਜਿਹੜਾ ਯਹੋਵਾਹ ਦੇ ਪਾਸੇ ਵੱਲ ਹੈ ਉਹ ਮੇਰੇ ਕੋਲ ਆਵੇ।” ਇਹ ਸੁਣ ਕੇ “ਸਾਰੇ ਲੇਵੀਆਂ ਨੇ ਆਪਣੇ ਆਪ ਨੂੰ” ਮੂਸਾ ਦੇ ਕੋਲ “ਇਕੱਠਾ ਕਰ ਲਿਆ।”​—ਕੂਚ 32:17-20, 26.

16 ਚਾਹੇ ਹਾਰੂਨ ਨੇ ਸੋਨੇ ਦਾ ਵੱਛਾ ਬਣਾਇਆ ਸੀ, ਪਰ ਉਸ ਨੇ ਤੋਬਾ ਕੀਤੀ ਅਤੇ ਬਾਕੀ ਲੇਵੀਆਂ ਨਾਲ ਯਹੋਵਾਹ ਵੱਲ ਹੋ ਗਿਆ। ਇਨ੍ਹਾਂ ਵਫ਼ਾਦਾਰ ਸੇਵਕਾਂ ਨੇ ਸਾਫ਼-ਸਾਫ਼ ਦਿਖਾਇਆ ਕਿ ਉਹ ਪਾਪੀਆਂ ਵੱਲ ਨਹੀਂ ਸਨ। ਉਨ੍ਹਾਂ ਨੇ ਸਹੀ ਫ਼ੈਸਲਾ ਕੀਤਾ ਸੀ ਕਿਉਂਕਿ ਉਸੇ ਦਿਨ ਬਾਅਦ ਵਿਚ ਵੱਛੇ ਦੀ ਪੂਜਾ ਕਰਨ ਵਾਲੇ ਹਜ਼ਾਰਾਂ ਲੋਕ ਮਾਰੇ ਗਏ। ਪਰ ਯਹੋਵਾਹ ਵੱਲ ਹੋਣ ਵਾਲੇ ਬਚ ਗਏ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਰਕਤ ਦੇਣ ਦਾ ਵਾਅਦਾ ਕੀਤਾ।​—ਕੂਚ 32:27-29.

17. ਪੌਲੁਸ ਨੇ ਸੋਨੇ ਦੇ ਵੱਛੇ ਬਾਰੇ ਜੋ ਲਿਖਿਆ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?

17 ਅਸੀਂ ਇਸ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ? ਪੌਲੁਸ ਰਸੂਲ ਨੇ ਕਿਹਾ: ‘ਇਹ ਗੱਲਾਂ ਸਾਡੇ ਲਈ ਸਬਕ ਹਨ ਤਾਂਕਿ ਅਸੀਂ ਮੂਰਤੀ-ਪੂਜਾ ਨਾ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਕੀਤੀ ਸੀ। ਇਹ ਸਾਰਾ ਕੁਝ ਜੋ ਉਨ੍ਹਾਂ ਨਾਲ ਹੋਇਆ, ਇਹ ਉਦਾਹਰਣਾਂ ਸਨ ਅਤੇ ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਸਨ ਜਿਨ੍ਹਾਂ ਉੱਤੇ ਯੁਗਾਂ ਦੇ ਅੰਤ ਆ ਗਏ ਹਨ। ਇਸ ਲਈ ਜਿਹੜਾ ਸੋਚਦਾ ਹੈ ਕਿ ਉਹ ਖੜ੍ਹਾ ਹੈ, ਖ਼ਬਰਦਾਰ ਰਹੇ ਕਿ ਉਹ ਕਿਤੇ ਡਿਗ ਨਾ ਪਵੇ।’ (1 ਕੁਰਿੰ. 10:6, 7, 11, 12) ਇੱਥੇ ਪੌਲੁਸ ਨੇ ਦੱਸਿਆ ਕਿ ਯਹੋਵਾਹ ਦੀ ਭਗਤੀ ਕਰਨ ਵਾਲੇ ਵੀ ਬੁਰੇ ਕੰਮ ਕਰ ਸਕਦੇ ਹਨ। ਉਹ ਸ਼ਾਇਦ ਇਹ ਵੀ ਸੋਚਣ ਕਿ ਉਹ ਹਾਲੇ ਵੀ ਯਹੋਵਾਹ ਵੱਲ ਹਨ। ਪਰ ਜੇ ਇਕ ਇਨਸਾਨ ਸਿਰਫ਼ ਯਹੋਵਾਹ ਦਾ ਦੋਸਤ ਬਣਨਾ ਚਾਹੁੰਦਾ ਹੈ ਜਾਂ ਉਸ ਦੇ ਵਫ਼ਾਦਾਰ ਹੋਣ ਦਾ ਦਾਅਵਾ ਕਰਦਾ ਹੈ, ਤਾਂ ਹਮੇਸ਼ਾ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਸ ਇਨਸਾਨ ’ਤੇ ਯਹੋਵਾਹ ਦੀ ਮਿਹਰ ਹੈ।​—1 ਕੁਰਿੰ. 10:1-5.

18. ਕਿਹੜੇ ਕਾਰਨਾਂ ਕਰਕੇ ਅਸੀਂ ਯਹੋਵਾਹ ਤੋਂ ਦੂਰ ਹੋ ਸਕਦੇ ਹਾਂ ਅਤੇ ਇਸ ਦੇ ਕੀ ਨਤੀਜੇ ਨਿਕਲਣਗੇ?

18 ਜਿੱਦਾਂ ਇਜ਼ਰਾਈਲੀਆਂ ਨੂੰ ਲੱਗਾ ਕਿ ਮੂਸਾ ਨੇ ਸੀਨਈ ਪਹਾੜ ਤੋਂ ਆਉਣ ਵਿਚ ਦੇਰ ਕਰ ਦਿੱਤੀ ਸੀ ਤੇ ਉਹ ਪਰੇਸ਼ਾਨ ਹੋ ਗਏ, ਉਸੇ ਤਰ੍ਹਾਂ ਸਾਨੂੰ ਲੱਗ ਸਕਦਾ ਹੈ ਕਿ ਅੰਤ ਆਉਣ ਵਿਚ ਦੇਰ ਹੋ ਰਹੀ ਹੈ ਤੇ ਸ਼ਾਇਦ ਅਸੀਂ ਵੀ ਪਰੇਸ਼ਾਨ ਹੋ ਜਾਈਏ। ਅਸੀਂ ਸ਼ਾਇਦ ਸੋਚਣ ਲੱਗ ਪਈਏ ਕਿ ਯਹੋਵਾਹ ਨੇ ਜਿਸ ਸੋਹਣੇ ਭਵਿੱਖ ਦਾ ਵਾਅਦਾ ਕੀਤਾ ਹੈ, ਉਹ ਹਾਲੇ ਬਹੁਤ ਦੂਰ ਹੈ ਜਾਂ ਉਹ ਇਕ ਸੁਪਨਾ ਹੀ ਹੈ। ਇਸ ਲਈ ਸ਼ਾਇਦ ਅਸੀਂ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਦੀ ਬਜਾਇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ’ਤੇ ਧਿਆਨ ਲਾ ਲਈਏ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਯਹੋਵਾਹ ਤੋਂ ਦੂਰ ਹੋ ਸਕਦੇ ਹਾਂ ਅਤੇ ਉਹ ਕੰਮ ਕਰ ਸਕਦੇ ਹਾਂ ਜਿਨ੍ਹਾਂ ਨੂੰ ਕਰਨ ਬਾਰੇ ਅਸੀਂ ਕਦੇ ਸੋਚਿਆ ਹੀ ਨਹੀਂ ਸੀ।

19. ਸਾਨੂੰ ਹਮੇਸ਼ਾ ਕੀ ਯਾਦ ਰੱਖਣਾ ਚਾਹੀਦਾ ਹੈ ਅਤੇ ਕਿਉਂ?

19 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪੂਰੀ ਤਰ੍ਹਾਂ ਉਸ ਦੇ ਆਗਿਆਕਾਰ ਰਹੀਏ ਅਤੇ ਸਿਰਫ਼ ਉਸੇ ਦੀ ਹੀ ਭਗਤੀ ਕਰੀਏ। (ਕੂਚ 20:5) ਉਹ ਕਿਉਂ ਚਾਹੁੰਦਾ ਹੈ ਕਿ ਅਸੀਂ ਇਹ ਕਰੀਏ? ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ। ਜੇ ਅਸੀਂ ਯਹੋਵਾਹ ਦੀ ਮਰਜ਼ੀ ਮੁਤਾਬਕ ਕੰਮ ਨਹੀਂ ਕਰਾਂਗੇ, ਤਾਂ ਅਸੀਂ ਸ਼ੈਤਾਨ ਦੀ ਮਰਜ਼ੀ ਪੂਰੀ ਕਰਾਂਗੇ ਜਿਸ ਨਾਲ ਸਾਡਾ ਹੀ ਨੁਕਸਾਨ ਹੋਵੇਗਾ। ਪੌਲੁਸ ਨੇ ਕਿਹਾ: “ਇਹ ਨਹੀਂ ਹੋ ਸਕਦਾ ਕਿ ਤੁਸੀਂ ਯਹੋਵਾਹ ਦਾ ਪਿਆਲਾ ਵੀ ਪੀਓ ਤੇ ਦੁਸ਼ਟ ਦੂਤਾਂ ਦਾ ਪਿਆਲਾ ਵੀ ਪੀਓ; ਅਤੇ ਤੁਸੀਂ “ਯਹੋਵਾਹ ਦੇ ਮੇਜ਼” ਤੋਂ ਵੀ ਖਾਓ ਅਤੇ ਦੁਸ਼ਟ ਦੂਤਾਂ ਦੇ ਮੇਜ਼ ਤੋਂ ਵੀ ਖਾਓ।”​—1 ਕੁਰਿੰ. 10:21.

ਯਹੋਵਾਹ ਦੇ ਨੇੜੇ ਰਹੋ

20. ਸਾਡੇ ਤੋਂ ਗ਼ਲਤੀਆਂ ਹੋਣ ’ਤੇ ਵੀ ਯਹੋਵਾਹ ਸਾਡੀ ਕਿਵੇਂ ਮਦਦ ਕਰ ਸਕਦਾ ਹੈ?

20 ਕਾਇਨ, ਸੁਲੇਮਾਨ ਤੇ ਇਜ਼ਰਾਈਲੀਆਂ ਕੋਲ ਤੋਬਾ ਕਰਨ ਅਤੇ ਆਪਣੇ ਰਵੱਈਏ ਨੂੰ ਬਦਲਣ ਦਾ ਮੌਕਾ ਸੀ। (ਰਸੂ. 3:19) ਕਿਸੇ ਵਿਅਕਤੀ ਤੋਂ ਗ਼ਲਤੀ ਹੋਣ ’ਤੇ ਯਹੋਵਾਹ ਉਸ ਨੂੰ ਇਕਦਮ ਛੱਡ ਨਹੀਂ ਦਿੰਦਾ। ਧਿਆਨ ਦਿਓ ਕਿ ਉਸ ਨੇ ਹਾਰੂਨ ਨੂੰ ਕਿਵੇਂ ਮਾਫ਼ ਕੀਤਾ ਸੀ। ਅੱਜ ਯਹੋਵਾਹ ਗ਼ਲਤ ਕੰਮਾਂ ਤੋਂ ਰੋਕਣ ਲਈ ਸਾਨੂੰ ਪਿਆਰ ਨਾਲ ਚੇਤਾਵਨੀਆਂ ਦਿੰਦਾ ਹੈ। ਉਹ ਬਾਈਬਲ, ਪ੍ਰਕਾਸ਼ਨਾਂ ਅਤੇ ਦੂਜੇ ਮਸੀਹੀਆਂ ਰਾਹੀਂ ਇੱਦਾਂ ਕਰਦਾ ਹੈ। ਜਦੋਂ ਅਸੀਂ ਯਹੋਵਾਹ ਦੀਆਂ ਚੇਤਾਵਨੀਆਂ ਵੱਲ ਧਿਆਨ ਦਿੰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੇ ’ਤੇ ਦਇਆ ਕਰੇਗਾ।

21. ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਦੀ ਪਰਖ ਹੋਣ ’ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?

21 ਯਹੋਵਾਹ ਨੇ ਸਾਡੇ ’ਤੇ ਇਕ ਮਕਸਦ ਨਾਲ ਅਪਾਰ ਕਿਰਪਾ ਕੀਤੀ ਹੈ। (2 ਕੁਰਿੰ. 6:1) ਇਸ ਕਰਕੇ ਸਾਨੂੰ ‘ਬੁਰਾਈ ਅਤੇ ਦੁਨਿਆਵੀ ਇੱਛਾਵਾਂ ਨੂੰ ਤਿਆਗਣ’ ਦਾ ਮੌਕਾ ਮਿਲਦਾ ਹੈ। (ਤੀਤੁਸ 2:11-14 ਪੜ੍ਹੋ।) ਇਸ ਦੁਨੀਆਂ ਵਿਚ ਰਹਿੰਦਿਆਂ ਬਹੁਤ ਸਾਰੇ ਹਾਲਾਤਾਂ ਵਿਚ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਪਰਖੀ ਜਾਵੇਗੀ। ਆਓ ਆਪਾਂ ਸਾਰੇ ਜਣੇ ਹਮੇਸ਼ਾ ਯਹੋਵਾਹ ਵੱਲ ਰਹਿਣ ਦਾ ਪੱਕਾ ਇਰਾਦਾ ਕਰੀਏ ਅਤੇ ਯਾਦ ਰੱਖੀਏ ਕਿ ਸਾਨੂੰ ਸਾਰਿਆਂ ਨੂੰ ‘ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਖਾਣਾ, ਉਸ ਦੀ ਉਪਾਸਨਾ ਕਰਨੀ ਅਤੇ ਉਸ ਦੇ ਨਾਲ ਲੱਗੇ ਰਹਿਣਾ’ ਚਾਹੀਦਾ ਹੈ।​—ਬਿਵ. 10:20.