Skip to content

Skip to table of contents

ਅਸੀਂ ਯਹੋਵਾਹ ਦੇ ਹਾਂ

ਅਸੀਂ ਯਹੋਵਾਹ ਦੇ ਹਾਂ

“ਧੰਨ ਉਹ ਕੌਮ ਹੈ ਜਿਹ ਦਾ ਪਰਮੇਸ਼ੁਰ ਯਹੋਵਾਹ ਹੈ, ਉਹ ਪਰਜਾ ਜਿਹ ਨੂੰ ਉਹ ਨੇ ਆਪਣੇ ਵਿਰਸੇ ਲਈ ਚੁਣ ਲਿਆ ਹੈ!”​—ਜ਼ਬੂ. 33:12.

ਗੀਤ: 31, 48

1. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਰਾ ਕੁਝ ਯਹੋਵਾਹ ਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਹਰ ਚੀਜ਼ ਯਹੋਵਾਹ ਦੀ ਹੈ! ‘ਅਕਾਸ਼ ਸਗੋਂ ਅਕਾਸ਼ਾਂ ਦੇ ਅਕਾਸ਼, ਨਾਲੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ’ ਉਸ ਦੇ ਹੀ ਹਨ। (ਬਿਵ. 10:14; ਪ੍ਰਕਾ. 4:11) ਯਹੋਵਾਹ ਨੇ ਹੀ ਸਾਰੇ ਇਨਸਾਨਾਂ ਨੂੰ ਬਣਾਇਆ ਹੈ। ਇਸ ਕਰਕੇ ਅਸੀਂ ਸਾਰੇ ਉਸ ਦੇ ਹਾਂ। (ਜ਼ਬੂ. 100:3) ਪਰ ਇਤਿਹਾਸ ਦੌਰਾਨ ਯਹੋਵਾਹ ਨੇ ਕੁਝ ਲੋਕਾਂ ਨੂੰ ਚੁਣਿਆ ਜੋ ਖ਼ਾਸ ਤਰੀਕੇ ਨਾਲ ਉਸ ਦੇ ਹਨ।

2. ਬਾਈਬਲ ਮੁਤਾਬਕ ਕਿਹੜੇ ਲੋਕ ਯਹੋਵਾਹ ਦੇ ਖ਼ਾਸ ਹਨ?

2 ਮਿਸਾਲ ਲਈ, ਜ਼ਬੂਰ 135 ਵਿਚ ਪ੍ਰਾਚੀਨ ਇਜ਼ਰਾਈਲ ਦੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ “ਖਾਸ ਮਿਲਖ” ਕਿਹਾ ਗਿਆ ਹੈ। (ਜ਼ਬੂ. 135:4) ਹੋਸ਼ੇਆ ਨੇ ਵੀ ਪਹਿਲਾਂ ਹੀ ਦੱਸਿਆ ਸੀ ਕਿ ਕੁਝ ਗ਼ੈਰ-ਇਜ਼ਰਾਈਲੀ ਵੀ ਯਹੋਵਾਹ ਦੇ ਲੋਕ ਬਣਨਗੇ। (ਹੋਸ਼ੇ. 2:23) ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਸੀ ਜਦੋਂ ਯਹੋਵਾਹ ਨੇ ਗ਼ੈਰ-ਯਹੂਦੀ ਲੋਕਾਂ ਨੂੰ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਲਈ ਚੁਣਨਾ ਸ਼ੁਰੂ ਕੀਤਾ ਸੀ। (ਰਸੂ. 10:45; ਰੋਮੀ. 9:23-26) ਪਵਿੱਤਰ ਸ਼ਕਤੀ ਨਾਲ ਚੁਣੇ ਜਾਣ ਵਾਲਿਆਂ ਨੂੰ “ਪਵਿੱਤਰ ਕੌਮ” ਕਿਹਾ ਜਾਂਦਾ ਹੈ। ਉਹ ਯਹੋਵਾਹ ਦੇ “ਖ਼ਾਸ ਲੋਕ” ਹਨ। (1 ਪਤ. 2:9, 10) ਪਰ ਉਨ੍ਹਾਂ ਵਫ਼ਾਦਾਰ ਮਸੀਹੀਆਂ ਬਾਰੇ ਕੀ ਜਿਨ੍ਹਾਂ ਦੀ ਉਮੀਦ ਇਸ ਧਰਤੀ ’ਤੇ ਹਮੇਸ਼ਾ ਰਹਿਣ ਦੀ ਹੈ? ਯਹੋਵਾਹ ਉਨ੍ਹਾਂ ਨੂੰ ਵੀ “ਮੇਰੇ ਲੋਕ” ਅਤੇ “ਮੇਰੇ ਚੁਣੇ ਹੋਏ” ਕਹਿੰਦਾ ਹੈ।​—ਯਸਾ. 65:22.

3. (ੳ) ਅੱਜ ਕਿਨ੍ਹਾਂ ਦਾ ਯਹੋਵਾਹ ਨਾਲ ਖ਼ਾਸ ਰਿਸ਼ਤਾ ਹੈ? (ਅ) ਇਸ ਲੇਖ ਵਿਚ ਅਸੀਂ ਕਿਸ ਗੱਲ ’ਤੇ ਚਰਚਾ ਕਰਾਂਗੇ?

3 ਅੱਜ ‘ਛੋਟਾ ਝੁੰਡ,’ ਜਿਨ੍ਹਾਂ ਦੀ ਉਮੀਦ ਸਵਰਗ ਵਿਚ ਹਮੇਸ਼ਾ ਰਹਿਣ ਦੀ ਹੈ, ਅਤੇ “ਹੋਰ ਭੇਡਾਂ,” ਜਿਨ੍ਹਾਂ ਦੀ ਉਮੀਦ ਧਰਤੀ ’ਤੇ ਹਮੇਸ਼ਾ ਰਹਿਣ ਦੀ ਹੈ, ‘ਇਕ ਝੁੰਡ’ ਵਜੋਂ ਇਕੱਠੇ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ। (ਲੂਕਾ 12:32; ਯੂਹੰ. 10:16) ਅਸੀਂ ਯਹੋਵਾਹ ਨੂੰ ਸ਼ੁਕਰਗੁਜ਼ਾਰੀ ਦਿਖਾਉਣਾ ਚਾਹੁੰਦੇ ਹਾਂ ਕਿ ਉਸ ਨੇ ਸਾਨੂੰ ਆਪਣੇ ਨਾਲ ਖ਼ਾਸ ਰਿਸ਼ਤਾ ਬਣਾਉਣ ਦਾ ਸਨਮਾਨ ਦਿੱਤਾ ਹੈ। ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਇਸ ਖ਼ਾਸ ਸਨਮਾਨ ਲਈ ਅਸੀਂ ਯਹੋਵਾਹ ਨੂੰ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਜ਼ਾਹਰ ਕਰ ਸਕਦੇ ਹਾਂ।

ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਾਂ

4. ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਕਿਵੇਂ ਹੋ ਸਕਦੇ ਹਾਂ ਕਿ ਉਸ ਨੇ ਸਾਨੂੰ ਆਪਣੇ ਨਾਲ ਰਿਸ਼ਤਾ ਬਣਾਉਣ ਦਾ ਮੌਕਾ ਦਿੱਤਾ ਅਤੇ ਯਿਸੂ ਨੇ ਇਸੇ ਤਰ੍ਹਾਂ ਕਿਵੇਂ ਕੀਤਾ?

4 ਅਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਕੇ ਅਤੇ ਬਪਤਿਸਮਾ ਲੈ ਕੇ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਦੇ ਹਾਂ। ਫਿਰ ਸਾਰੇ ਦੇਖ ਸਕਦੇ ਹਨ ਕਿ ਅਸੀਂ ਯਹੋਵਾਹ ਦੇ ਹਾਂ ਅਤੇ ਅਸੀਂ ਦਿਲੋਂ ਉਸ ਦਾ ਕਹਿਣਾ ਮੰਨਣਾ ਚਾਹੁੰਦੇ ਹਾਂ। (ਇਬ. 12:9) ਯਿਸੂ ਨੇ ਵੀ ਬਪਤਿਸਮਾ ਲੈ ਕੇ ਇਸੇ ਤਰ੍ਹਾਂ ਕੀਤਾ ਸੀ। ਭਾਵੇਂ ਕਿ ਉਹ ਪਹਿਲਾਂ ਹੀ ਯਹੋਵਾਹ ਦੀ ਸਮਰਪਿਤ ਕੌਮ ਦਾ ਹਿੱਸਾ ਸੀ, ਪਰ ਉਸ ਨੇ ਆਪਣੇ ਆਪ ਨੂੰ ਯਹੋਵਾਹ ਨੂੰ ਪੇਸ਼ ਕੀਤਾ। ਇਹ ਇੱਦਾਂ ਸੀ ਜਿਵੇਂ ਉਹ ਕਹਿ ਰਿਹਾ ਹੋਵੇ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ।”​—ਜ਼ਬੂ. 40:7, 8.

5, 6. (ੳ) ਯਿਸੂ ਦੇ ਬਪਤਿਸਮੇ ਵੇਲੇ ਯਹੋਵਾਹ ਨੇ ਕੀ ਕਿਹਾ? (ਅ) ਮਿਸਾਲ ਦੇ ਕੇ ਸਮਝਾਓ ਕਿ ਯਹੋਵਾਹ ਸਾਡੇ ਸਮਰਪਣ ਬਾਰੇ ਕਿਵੇਂ ਮਹਿਸੂਸ ਕਰਦਾ ਹੈ।

5 ਯਿਸੂ ਦੇ ਬਪਤਿਸਮਾ ਲੈਣ ’ਤੇ ਯਹੋਵਾਹ ਨੂੰ ਕਿਵੇਂ ਲੱਗਾ? ਬਾਈਬਲ ਦੱਸਦੀ ਹੈ: “ਬਪਤਿਸਮਾ ਲੈਣ ਤੋਂ ਫ਼ੌਰਨ ਬਾਅਦ ਯਿਸੂ ਪਾਣੀ ਵਿੱਚੋਂ ਉੱਪਰ ਆਇਆ, ਅਤੇ ਦੇਖੋ! ਆਕਾਸ਼ ਖੁੱਲ੍ਹ ਗਿਆ, ਅਤੇ ਯੂਹੰਨਾ ਨੇ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਯਿਸੂ ਉੱਤੇ ਉੱਤਰਦੇ ਦੇਖਿਆ। ਦੇਖੋ! ਆਕਾਸ਼ੋਂ ਇਕ ਆਵਾਜ਼ ਆਈ: ‘ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।’” (ਮੱਤੀ 3:16, 17) ਯਿਸੂ ਪਹਿਲਾਂ ਹੀ ਪਰਮੇਸ਼ੁਰ ਦਾ ਸੀ। ਪਰ ਜਦੋਂ ਯਹੋਵਾਹ ਨੇ ਦੇਖਿਆ ਕਿ ਯਿਸੂ ਖ਼ੁਸ਼ੀ-ਖ਼ੁਸ਼ੀ ਸਿਰਫ਼ ਉਸ ਦੀ ਸੇਵਾ ਕਰਨੀ ਚਾਹੁੰਦਾ ਸੀ, ਤਾਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਈ। ਯਹੋਵਾਹ ਨੂੰ ਉਦੋਂ ਵੀ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਉਸ ਨੂੰ ਸਮਰਪਿਤ ਕਰਦੇ ਹਾਂ। ਇਸ ਲਈ ਉਹ ਸਾਨੂੰ ਬਰਕਤਾਂ ਦੇਵੇਗਾ।​—ਜ਼ਬੂ. 149:4.

6 ਪਰ ਸਾਰਾ ਕੁਝ ਤਾਂ ਯਹੋਵਾਹ ਦਾ ਹੀ ਹੈ। ਅਸੀਂ ਉਸ ਨੂੰ ਕੀ ਦੇ ਸਕਦੇ ਹਾਂ? ਜ਼ਰਾ ਉਸ ਆਦਮੀ ਬਾਰੇ ਸੋਚੋ ਜਿਸ ਕੋਲ ਸੋਹਣੇ ਫੁੱਲਾਂ ਦਾ ਇਕ ਬਾਗ਼ ਹੈ। ਇਕ ਦਿਨ ਉਸ ਦੀ ਛੋਟੀ ਜਿਹੀ ਧੀ ਉਸ ਨੂੰ ਇਕ ਫੁੱਲ ਤੋੜ ਕੇ ਦਿੰਦੀ ਹੈ। ਭਾਵੇਂ ਕਿ ਇਹ ਫੁੱਲ ਪਹਿਲਾਂ ਹੀ ਉਸ ਦਾ ਸੀ, ਪਰ ਆਪਣੀ ਧੀ ਵੱਲੋਂ ਦਿੱਤੇ ਇਸ ਤੋਹਫ਼ੇ ਕਰਕੇ ਪਿਤਾ ਬਹੁਤ ਖ਼ੁਸ਼ ਹੁੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਧੀ ਉਸ ਨੂੰ ਪਿਆਰ ਕਰਦੀ ਹੈ। ਉਸ ਦੇ ਬਾਗ਼ ਵਿਚ ਸਾਰੇ ਫੁੱਲਾਂ ਨਾਲੋਂ ਉਹ ਫੁੱਲ ਉਸ ਲਈ ਕਿਤੇ ਜ਼ਿਆਦਾ ਅਨਮੋਲ ਹੈ ਜੋ ਉਸ ਦੀ ਧੀ ਨੇ ਉਸ ਨੂੰ ਦਿੱਤਾ। ਇਸੇ ਤਰ੍ਹਾਂ, ਯਹੋਵਾਹ ਨੂੰ ਉਦੋਂ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਖ਼ੁਸ਼ੀ-ਖ਼ੁਸ਼ੀ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਦੇ ਹਾਂ।​—ਕੂਚ 34:14.

7. ਮਲਾਕੀ ਸਾਡੀ ਇਹ ਸਮਝਣ ਵਿਚ ਕਿਵੇਂ ਮਦਦ ਕਰਦਾ ਹੈ ਕਿ ਯਹੋਵਾਹ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰਦੇ ਹਨ?

7 ਮਲਾਕੀ 3:16 ਪੜ੍ਹੋ। ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਤੇ ਬਪਤਿਸਮਾ ਲੈਣਾ ਇੰਨਾ ਜ਼ਰੂਰੀ ਕਿਉਂ ਹੈ? ਇਹ ਸੱਚ ਹੈ ਕਿ ਜਿਸ ਪਲ ਤੁਸੀਂ ਹੋਂਦ ਵਿਚ ਆਏ, ਉਸ ਪਲ ਤੋਂ ਹੀ ਤੁਸੀਂ ਆਪਣੇ ਸਿਰਜਣਹਾਰ ਯਹੋਵਾਹ ਦੇ ਹੋ। ਪਰ ਜ਼ਰਾ ਸੋਚੋ, ਯਹੋਵਾਹ ਨੂੰ ਉਦੋਂ ਕਿੰਨੀ ਖ਼ੁਸ਼ੀ ਹੋਵੇਗੀ ਜਦੋਂ ਤੁਸੀਂ ਉਸ ਨੂੰ ਆਪਣਾ ਰਾਜਾ ਮੰਨੋਗੇ ਅਤੇ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੋਗੇ। (ਕਹਾ. 23:15) ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰਦੇ ਹਨ। ਇਸ ਲਈ ਉਹ ਉਨ੍ਹਾਂ ਦੇ ਨਾਂ “ਯਾਦਗੀਰੀ ਦੀ ਪੁਸਤਕ” ਵਿਚ ਲਿਖਦਾ ਹੈ।

8, 9. ਯਹੋਵਾਹ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਜਿਨ੍ਹਾਂ ਦੇ ਨਾਂ “ਯਾਦਗੀਰੀ ਦੀ ਪੁਸਤਕ” ਵਿਚ ਲਿਖੇ ਗਏ ਹਨ?

8 ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਂ ਯਹੋਵਾਹ ਦੀ “ਯਾਦਗੀਰੀ ਦੀ ਪੁਸਤਕ” ਵਿਚ ਲਿਖੇ ਰਹਿਣ, ਤਾਂ ਸਾਨੂੰ ਕੁਝ ਕਰਨਾ ਚਾਹੀਦਾ ਹੈ। ਮਲਾਕੀ ਦੱਸਦਾ ਹੈ ਕਿ ਸਾਨੂੰ ਯਹੋਵਾਹ ਤੋਂ ਡਰਨਾ ਅਤੇ ਉਸ ਦੇ ਨਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਜੇ ਅਸੀਂ ਕਿਸੇ ਹੋਰ ਦੀ ਜਾਂ ਕਿਸੇ ਚੀਜ਼ ਦੀ ਭਗਤੀ ਕਰਾਂਗੇ, ਤਾਂ ਸਾਡੇ ਨਾਂ ਯਹੋਵਾਹ ਦੀ ਪੁਸਤਕ ਵਿੱਚੋਂ ਮਿਟਾ ਦਿੱਤੇ ਜਾਣਗੇ!​—ਕੂਚ 32:33; ਜ਼ਬੂ. 69:28.

9 ਸੋ ਸਿਰਫ਼ ਯਹੋਵਾਹ ਦੀ ਇੱਛਾ ਪੂਰੀ ਕਰਨ ਦਾ ਵਾਅਦਾ ਕਰਨਾ ਅਤੇ ਬਪਤਿਸਮਾ ਲੈਣਾ ਹੀ ਕਾਫ਼ੀ ਨਹੀਂ ਹੈ। ਇਹ ਕੰਮ ਅਸੀਂ ਸਿਰਫ਼ ਇਕ ਵਾਰ ਕਰਦੇ ਹਾਂ, ਪਰ ਯਹੋਵਾਹ ਦੀ ਭਗਤੀ ਸਾਡੇ ਜੀਉਣ ਦਾ ਢੰਗ ਹੈ। ਮਰਦੇ ਦਮ ਤਕ ਸਾਨੂੰ ਹਰ ਰੋਜ਼ ਆਪਣੇ ਕੰਮਾਂ ਤੋਂ ਸਾਬਤ ਕਰਨਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦਾ ਕਹਿਣਾ ਮੰਨਦੇ ਹਾਂ।​—1 ਪਤ. 4:1, 2.

ਅਸੀਂ ਦੁਨੀਆਂ ਦੀਆਂ ਇੱਛਾਵਾਂ ਨੂੰ ਠੁਕਰਾਉਂਦੇ ਹਾਂ

10. ਯਹੋਵਾਹ ਦੀ ਸੇਵਾ ਕਰਨ ਵਾਲਿਆਂ ਅਤੇ ਨਾ ਕਰਨ ਵਾਲਿਆਂ ਵਿਚ ਕਿਹੜਾ ਫ਼ਰਕ ਸਾਫ਼-ਸਾਫ਼ ਦਿਖਣਾ ਚਾਹੀਦਾ ਹੈ?

10 ਅਸੀਂ ਪਿਛਲੇ ਲੇਖ ਵਿਚ ਸਿੱਖਿਆ ਸੀ ਕਿ ਕਾਇਨ, ਸੁਲੇਮਾਨ ਤੇ ਇਜ਼ਰਾਈਲੀ ਯਹੋਵਾਹ ਦੀ ਭਗਤੀ ਕਰਨ ਦਾ ਦਾਅਵਾ ਤਾਂ ਕਰਦੇ ਸਨ, ਪਰ ਉਹ ਉਸ ਦੇ ਵਫ਼ਾਦਾਰ ਨਹੀਂ ਸਨ। ਇਨ੍ਹਾਂ ਮਿਸਾਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਿਰਫ਼ ਕਹਿਣਾ ਹੀ ਕਾਫ਼ੀ ਨਹੀਂ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ, ਸਗੋਂ ਸਾਨੂੰ ਬੁਰਾਈ ਨਾਲ ਨਫ਼ਰਤ ਅਤੇ ਚੰਗੀਆਂ ਗੱਲਾਂ ਨਾਲ ਪਿਆਰ ਕਰਨਾ ਚਾਹੀਦਾ ਹੈ। (ਰੋਮੀ. 12:9) ਯਹੋਵਾਹ ਦੱਸਦਾ ਹੈ ਕਿ “ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ,” ਉਨ੍ਹਾਂ ਵਿਚ ਫ਼ਰਕ ਸਾਫ਼-ਸਾਫ਼ ਦਿਖੇਗਾ।​—ਮਲਾ. 3:18.

11. ਦੂਜਿਆਂ ਨੂੰ ਸਾਫ਼-ਸਾਫ਼ ਕਿਉਂ ਦਿਖਣਾ ਚਾਹੀਦਾ ਹੈ ਕਿ ਅਸੀਂ ਸਿਰਫ਼ ਯਹੋਵਾਹ ਦੀ ਭਗਤੀ ਕਰਦੇ ਹਾਂ?

11 ਅਸੀਂ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਸਾਨੂੰ ਆਪਣੇ ਲੋਕਾਂ ਵਜੋਂ ਚੁਣਿਆ ਹੈ। ਸਾਰਿਆਂ ਨੂੰ ਸਾਫ਼-ਸਾਫ਼ ਦਿਖਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਵੱਲ ਹਾਂ। (ਮੱਤੀ 5:16; 1 ਤਿਮੋ. 4:15) ਆਪਣੇ ਆਪ ਤੋਂ ਪੁੱਛੋ: ‘ਕੀ ਦੂਜੇ ਦੇਖ ਸਕਦੇ ਹਨ ਕਿ ਮੈਂ ਪੂਰੀ ਤਰ੍ਹਾਂ ਯਹੋਵਾਹ ਦਾ ਵਫ਼ਾਦਾਰ ਹਾਂ? ਕੀ ਮੈਂ ਲੋਕਾਂ ਨੂੰ ਮਾਣ ਨਾਲ ਦੱਸਦਾ ਹਾਂ ਕਿ ਮੈਂ ਯਹੋਵਾਹ ਦਾ ਗਵਾਹ ਹਾਂ?’ ਜ਼ਰਾ ਸੋਚੋ ਕਿ ਯਹੋਵਾਹ ਨੂੰ ਕਿੰਨਾ ਦੁੱਖ ਲੱਗੇਗਾ ਜੇ ਸਾਨੂੰ ਇਹ ਦੱਸਣ ਵਿਚ ਸ਼ਰਮ ਆਵੇ ਕਿ ਅਸੀਂ ਉਸ ਦੇ ਹਾਂ।​—ਜ਼ਬੂ. 119:46; ਮਰਕੁਸ 8:38 ਪੜ੍ਹੋ।

ਕੀ ਤੁਹਾਡੇ ਜੀਵਨ ਢੰਗ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ? (ਪੈਰੇ 12, 13 ਦੇਖੋ)

12, 13. ਕੁਝ ਜਣਿਆਂ ਨੂੰ ਯਹੋਵਾਹ ਦੇ ਗਵਾਹਾਂ ਵਜੋਂ ਪਛਾਣਨਾ ਔਖਾ ਕਿਉਂ ਹੋ ਜਾਂਦਾ ਹੈ?

12 ਅਫ਼ਸੋਸ ਦੀ ਗੱਲ ਹੈ ਕਿ ਕੁਝ ਮਸੀਹੀ ਵੀ “ਦੁਨੀਆਂ ਦੀ ਸੋਚ” ਮੁਤਾਬਕ ਚੱਲਦੇ ਹਨ। ਇਸ ਕਰਕੇ ਉਹ ਉਨ੍ਹਾਂ ਲੋਕਾਂ ਤੋਂ ਜ਼ਿਆਦਾ ਵੱਖਰੇ ਨਜ਼ਰ ਨਹੀਂ ਆਉਂਦੇ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੇ। (1 ਕੁਰਿੰ. 2:12) “ਦੁਨੀਆਂ ਦੀ ਸੋਚ” ਲੋਕਾਂ ਨੂੰ ਆਪਣੀਆਂ ਇੱਛਾਵਾਂ ’ਤੇ ਧਿਆਨ ਲਾਉਣ ਲਈ ਪ੍ਰੇਰਿਤ ਕਰਦੀ ਹੈ। (ਅਫ਼. 2:3) ਮਿਸਾਲ ਲਈ, ਪਹਿਰਾਵੇ ਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਬਹੁਤ ਵਾਰ ਸਲਾਹ ਮਿਲਣ ਦੇ ਬਾਵਜੂਦ ਵੀ ਕੁਝ ਮਸੀਹੀ ਬੇਢੰਗੇ ਕੱਪੜੇ ਪਾਉਂਦੇ ਹਨ। ਉਹ ਤਾਂ ਪਰਮੇਸ਼ੁਰ ਦੀ ਸੇਵਾ ਕਰਦਿਆਂ ਵੀ ਤੰਗ ਤੇ ਪਤਲੇ ਕੱਪੜੇ ਪਾਉਂਦੇ ਹਨ। ਉਹ ਅਜੀਬ ਢੰਗ ਦੇ ਵਾਲ਼ ਬਣਾਉਂਦੇ ਹਨ। (1 ਤਿਮੋ. 2:9, 10) ਇਸ ਕਰਕੇ ਸ਼ਾਇਦ ਦੂਜਿਆਂ ਲਈ ਇਹ ਜਾਣਨਾ ਮੁਸ਼ਕਲ ਹੋ ਜਾਵੇ ਕਿ ਉਹ ਯਹੋਵਾਹ ਦੇ ਗਵਾਹ ਹਨ ਜਾਂ ਨਹੀਂ।​—ਯਾਕੂ. 4:4.

13 ਹੋਰ ਤਰੀਕਿਆਂ ਵਿਚ ਵੀ ਕੁਝ ਗਵਾਹ ਦੁਨੀਆਂ ਤੋਂ ਸਾਫ਼-ਸਾਫ਼ ਅਲੱਗ ਨਜ਼ਰ ਨਹੀਂ ਆਉਂਦੇ। ਮਿਸਾਲ ਲਈ, ਪਾਰਟੀਆਂ ਵਿਚ ਕੁਝ ਜਣੇ ਇੱਦਾਂ ਨੱਚਦੇ ਅਤੇ ਪੇਸ਼ ਆਉਂਦੇ ਹਨ ਜੋ ਮਸੀਹੀਆਂ ਨੂੰ ਸ਼ੋਭਾ ਨਹੀਂ ਦਿੰਦਾ। ਕਈਆਂ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਫੋਟੋਆਂ ਪਾਈਆਂ ਹਨ ਜਾਂ ਟਿੱਪਣੀਆਂ ਕੀਤੀਆਂ ਹਨ ਜਿਨ੍ਹਾਂ ਤੋਂ ਦੁਨਿਆਵੀ ਸੋਚ ਝਲਕਦੀ ਹੈ। ਚਾਹੇ ਉਨ੍ਹਾਂ ਨੇ ਕੋਈ ਗੰਭੀਰ ਪਾਪ ਨਹੀਂ ਕੀਤਾ ਹੈ, ਪਰ ਉਹ ਉਨ੍ਹਾਂ ਭੈਣਾਂ-ਭਰਾਵਾਂ ’ਤੇ ਬੁਰਾ ਪ੍ਰਭਾਵ ਪਾ ਸਕਦੇ ਹਨ ਜਿਹੜੇ ਦੁਨੀਆਂ ਤੋਂ ਅਲੱਗ ਨਜ਼ਰ ਆਉਣ ਦੀ ਬਹੁਤ ਕੋਸ਼ਿਸ਼ ਕਰਦੇ ਹਨ।​—1 ਪਤਰਸ 2:11, 12 ਪੜ੍ਹੋ।

ਉਨ੍ਹਾਂ ਲੋਕਾਂ ਦਾ ਆਪਣੇ ’ਤੇ ਅਸਰ ਨਾ ਪੈਣ ਦਿਓ ਜੋ ਪੂਰੀ ਤਰ੍ਹਾਂ ਯਹੋਵਾਹ ਵੱਲ ਨਹੀਂ ਹਨ

14. ਯਹੋਵਾਹ ਨਾਲ ਆਪਣੇ ਖ਼ਾਸ ਰਿਸ਼ਤੇ ਦੀ ਰਾਖੀ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

14 ਦੁਨੀਆਂ “ਸਰੀਰ ਦੀ ਲਾਲਸਾ ਅਤੇ ਅੱਖਾਂ ਦੀ ਲਾਲਸਾ ਅਤੇ ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ” ਕਰਨ ’ਤੇ ਜ਼ੋਰ ਦਿੰਦੀ ਹੈ। (1 ਯੂਹੰ. 2:16) ਯਹੋਵਾਹ ਦੇ ਹੋਣ ਕਰਕੇ ਸਾਨੂੰ ‘ਬੁਰਾਈ ਅਤੇ ਦੁਨਿਆਵੀ ਇੱਛਾਵਾਂ ਨੂੰ ਤਿਆਗਣ ਤੇ ਇਸ ਦੁਨੀਆਂ ਵਿਚ ਸਮਝਦਾਰੀ, ਨੇਕੀ ਤੇ ਭਗਤੀ ਨਾਲ ਜੀਵਨ ਗੁਜ਼ਾਰਨ’ ਦੀ ਸਲਾਹ ਦਿੱਤੀ ਜਾਂਦੀ ਹੈ।’ (ਤੀਤੁ. 2:12) ਸਾਡੀ ਬੋਲੀ, ਖਾਣ-ਪੀਣ ਦੀਆਂ ਆਦਤਾਂ, ਪਹਿਰਾਵੇ ਅਤੇ ਸਾਡੇ ਕੰਮ ਕਰਨ ਦੇ ਤਰੀਕੇ ਵਗੈਰਾ ਤੋਂ ਦਿਖਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੇ ਹੀ ਹਾਂ।​—1 ਕੁਰਿੰਥੀਆਂ 10:31, 32 ਪੜ੍ਹੋ।

“ਇਕ-ਦੂਜੇ ਨਾਲ ਦਿਲੋਂ ਪਿਆਰ ਕਰੋ”

15. ਸਾਨੂੰ ਦੂਜਿਆਂ ਨਾਲ ਪਿਆਰ ਤੇ ਦਇਆ ਨਾਲ ਪੇਸ਼ ਕਿਉਂ ਆਉਣਾ ਚਾਹੀਦਾ ਹੈ?

15 ਭੈਣਾਂ-ਭਰਾਵਾਂ ਨਾਲ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਜ਼ਾਹਰ ਕਰਦੇ ਹਾਂ ਕਿ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਕਦਰ ਕਰਦੇ ਹਾਂ। ਉਹ ਵੀ ਸਾਡੇ ਵਾਂਗ ਯਹੋਵਾਹ ਦੇ ਹਨ। ਜੇ ਅਸੀਂ ਇਹ ਗੱਲ ਯਾਦ ਰੱਖਾਂਗੇ, ਤਾਂ ਅਸੀਂ ਹਮੇਸ਼ਾ ਉਨ੍ਹਾਂ ਨਾਲ ਪਿਆਰ ਤੇ ਦਇਆ ਨਾਲ ਪੇਸ਼ ਆਵਾਂਗੇ। (1 ਥੱਸ. 5:15) ਇੱਦਾਂ ਕਰਨਾ ਜ਼ਰੂਰੀ ਕਿਉਂ ਹੈ? ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”​—ਯੂਹੰ. 13:35.

16. ਮੂਸਾ ਦੇ ਕਾਨੂੰਨ ਤੋਂ ਸਾਨੂੰ ਲੋਕਾਂ ਲਈ ਯਹੋਵਾਹ ਦੇ ਪਿਆਰ ਬਾਰੇ ਕੀ ਪਤਾ ਲੱਗਦਾ ਹੈ?

16 ਮੂਸਾ ਦੇ ਕਾਨੂੰਨ ਵਿੱਚੋਂ ਇਕ ਮਿਸਾਲ ਸਾਡੀ ਇਹ ਸਮਝਣ ਵਿਚ ਮਦਦ ਕਰ ਸਕਦੀ ਹੈ ਕਿ ਸਾਨੂੰ ਮੰਡਲੀ ਵਿਚ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਯਹੋਵਾਹ ਦੇ ਮੰਦਰ ਵਿਚ ਕੁਝ ਭਾਂਡਿਆਂ ਨੂੰ ਸਿਰਫ਼ ਸ਼ੁੱਧ ਭਗਤੀ ਕਰਨ ਲਈ ਹੀ ਵਰਤਿਆ ਜਾਣਾ ਚਾਹੀਦਾ ਸੀ। ਕਾਨੂੰਨ ਵਿਚ ਸਾਫ਼-ਸਾਫ਼ ਸਮਝਾਇਆ ਗਿਆ ਸੀ ਕਿ ਲੇਵੀਆਂ ਨੇ ਉਨ੍ਹਾਂ ਦੀ ਕਿਵੇਂ ਸਾਂਭ-ਸੰਭਾਲ ਕਰਨੀ ਸੀ ਅਤੇ ਜਿਹੜਾ ਇਹ ਹਿਦਾਇਤਾਂ ਨਹੀਂ ਮੰਨਦਾ ਸੀ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। (ਗਿਣ. 1:50, 51) ਜੇ ਯਹੋਵਾਹ ਆਪਣੀ ਭਗਤੀ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਇੰਨੀ ਪਰਵਾਹ ਕਰਦਾ ਸੀ, ਤਾਂ ਉਹ ਇਸ ਗੱਲ ਦੀ ਕਿੰਨੀ ਜ਼ਿਆਦਾ ਪਰਵਾਹ ਕਰਦਾ ਹੋਣਾ ਕਿ ਲੋਕ ਉਸ ਦੇ ਵਫ਼ਾਦਾਰ ਸਮਰਪਿਤ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹਨ! ਉਸ ਨੇ ਸਾਨੂੰ ਦੱਸਿਆ ਕਿ ਅਸੀਂ ਉਸ ਲਈ ਕਿੰਨੇ ਅਨਮੋਲ ਹਾਂ ਜਦੋਂ ਉਸ ਨੇ ਕਿਹਾ: ‘ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਮੇਰੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ।’​—ਜ਼ਕ. 2:8.

17. ਯਹੋਵਾਹ ਕੀ ‘ਧਿਆਨ ਦੇ ਕੇ ਸੁਣਦਾ’ ਹੈ?

17 ਮਲਾਕੀ ਨੇ ਦੱਸਿਆ ਕਿ ਯਹੋਵਾਹ ‘ਧਿਆਨ ਦੇ ਕੇ ਸੁਣਦਾ’ ਹੈ ਕਿ ਉਸ ਦੇ ਲੋਕ ਇਕ-ਦੂਜੇ ਨਾਲ ਕਿਵੇਂ ਗੱਲ ਕਰਦੇ ਹਨ। (ਮਲਾ. 3:16) ਯਹੋਵਾਹ “ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ।” (2 ਤਿਮੋ. 2:19) ਅਸੀਂ ਜੋ ਵੀ ਕਹਿੰਦੇ ਜਾਂ ਕਰਦੇ ਹਾਂ, ਉਹ ਉਸ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। (ਇਬ. 4:13) ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਨਹੀਂ ਆਉਂਦੇ, ਤਾਂ ਯਹੋਵਾਹ ਦੇਖਦਾ ਹੈ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਉਦੋਂ ਵੀ ਦੇਖਦਾ ਹੈ ਜਦੋਂ ਅਸੀਂ ਪਰਾਹੁਣਚਾਰੀ, ਖੁੱਲ੍ਹ-ਦਿਲੀ ਤੇ ਪਿਆਰ ਦਿਖਾਉਂਦੇ ਹਾਂ ਅਤੇ ਦੂਜਿਆਂ ਨੂੰ ਮਾਫ਼ ਕਰਦੇ ਹਾਂ।​—ਇਬ. 13:16; 1 ਪਤ. 4:8, 9.

“ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ”

18. ਅਸੀਂ ਯਹੋਵਾਹ ਨੂੰ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ ਕਿ ਉਸ ਨੇ ਸਾਨੂੰ ਆਪਣੇ ਲੋਕਾਂ ਵਜੋਂ ਚੁਣਿਆ ਹੈ?

18 ਅਸੀਂ ਯਹੋਵਾਹ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਉਸ ਦੇ ਹਾਂ। ਸਾਨੂੰ ਪਤਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਕੇ ਸਭ ਤੋਂ ਸਮਝਦਾਰੀ ਵਾਲਾ ਫ਼ੈਸਲਾ ਕੀਤਾ ਹੈ। ਭਾਵੇਂ ਅਸੀਂ “ਖ਼ਰਾਬ ਅਤੇ ਵਿਗੜੀ ਹੋਈ ਪੀੜ੍ਹੀ ਵਿਚ” ਰਹਿੰਦੇ ਹਾਂ, ਪਰ ਫਿਰ ਵੀ ਅਸੀਂ “ਮਾਸੂਮ ਤੇ ਬੇਦਾਗ਼” ਰਹਿ ਸਕਦੇ ਹਾਂ ਅਤੇ “ਦੁਨੀਆਂ ਵਿਚ ਚਾਨਣ ਵਾਂਗ ਚਮਕ” ਸਕਦੇ ਹਾਂ। (ਫ਼ਿਲਿ. 2:15) ਇਸ ਲਈ ਅਸੀਂ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ। (ਯਾਕੂ. 4:7) ਨਾਲੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਉਂਦੇ ਹਾਂ ਕਿਉਂਕਿ ਉਹ ਵੀ ਯਹੋਵਾਹ ਦੇ ਹਨ।​—ਰੋਮੀ. 12:10.

19. ਯਹੋਵਾਹ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਦਿੰਦਾ ਹੈ ਜੋ ਉਸ ਦੇ ਆਪਣੇ ਹਨ?

19 ਬਾਈਬਲ ਵਾਅਦਾ ਕਰਦੀ ਹੈ: “ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ।” (ਜ਼ਬੂ. 94:14) ਇਹ ਪੱਕੀ ਗਾਰੰਟੀ ਹੈ। ਚਾਹੇ ਜੋ ਮਰਜ਼ੀ ਹੋ ਜਾਵੇ, ਪਰ ਯਹੋਵਾਹ ਸਾਡਾ ਸਾਥ ਦੇਵੇਗਾ। ਭਾਵੇਂ ਅਸੀਂ ਮਰ ਵੀ ਜਾਈਏ, ਪਰ ਉਹ ਸਾਨੂੰ ਕਦੇ ਨਹੀਂ ਛੱਡੇਗਾ। (ਰੋਮੀ. 8:38, 39) “ਜੇ ਅਸੀਂ ਜੀਉਂਦੇ ਹਾਂ, ਤਾਂ ਯਹੋਵਾਹ ਲਈ ਜੀਉਂਦੇ ਹਾਂ ਅਤੇ ਜੇ ਅਸੀਂ ਮਰਦੇ ਹਾਂ, ਤਾਂ ਯਹੋਵਾਹ ਲਈ ਮਰਦੇ ਹਾਂ।” (ਰੋਮੀ. 14:8) ਅਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ ਜਦੋਂ ਯਹੋਵਾਹ ਆਪਣੇ ਮਰ ਚੁੱਕੇ ਵਫ਼ਾਦਾਰ ਦੋਸਤਾਂ ਨੂੰ ਦੁਬਾਰਾ ਜੀਉਂਦਾ ਕਰੇਗਾ। (ਮੱਤੀ 22:32) ਅਸੀਂ ਹੁਣ ਵੀ ਆਪਣੇ ਪਿਤਾ ਵੱਲੋਂ ਦਿੱਤੀਆਂ ਬਹੁਤ ਸਾਰੀਆਂ ਬਰਕਤਾਂ ਦਾ ਆਨੰਦ ਮਾਣਦੇ ਹਾਂ। ਜਿੱਦਾਂ ਬਾਈਬਲ ਦੱਸਦੀ ਹੈ: “ਧੰਨ ਉਹ ਕੌਮ ਹੈ ਜਿਹ ਦਾ ਪਰਮੇਸ਼ੁਰ ਯਹੋਵਾਹ ਹੈ, ਉਹ ਪਰਜਾ ਜਿਹ ਨੂੰ ਉਹ ਨੇ ਆਪਣੇ ਵਿਰਸੇ ਲਈ ਚੁਣ ਲਿਆ ਹੈ!”​—ਜ਼ਬੂ. 33:12.