Skip to content

Skip to table of contents

ਖ਼ੁਸ਼ ਹਨ ਖੁੱਲ੍ਹ-ਦਿਲੇ ਲੋਕ

ਖ਼ੁਸ਼ ਹਨ ਖੁੱਲ੍ਹ-ਦਿਲੇ ਲੋਕ

“ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”​—ਰਸੂ. 20:35.

ਗੀਤ: 16, 14

1. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਖੁੱਲ੍ਹੇ ਦਿਲ ਵਾਲਾ ਹੈ?

ਇਕ ਸਮਾਂ ਸੀ ਜਦੋਂ ਯਹੋਵਾਹ ਇਕੱਲਾ ਸੀ। ਫਿਰ ਉਸ ਨੇ ਸਵਰਗ ਵਿਚ ਦੂਤ ਅਤੇ ਧਰਤੀ ’ਤੇ ਇਨਸਾਨ ਬਣਾਏ। “ਖ਼ੁਸ਼ਦਿਲ ਪਰਮੇਸ਼ੁਰ” ਯਹੋਵਾਹ ਦੂਜਿਆਂ ਨੂੰ ਚੰਗੀਆਂ ਚੀਜ਼ਾਂ ਦੇ ਕੇ ਖ਼ੁਸ਼ ਹੁੰਦਾ ਹੈ। (1 ਤਿਮੋ. 1:11; ਯਾਕੂ. 1:17) ਨਾਲੇ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਵੀ ਖ਼ੁਸ਼ੀ ਪਾਈਏ। ਇਸ ਲਈ ਉਹ ਸਾਨੂੰ ਵੀ ਖੁੱਲ੍ਹ-ਦਿਲੇ ਬਣਨਾ ਸਿਖਾਉਂਦਾ ਹੈ।​—ਰੋਮੀ. 1:20.

2, 3. (ੳ) ਖੁੱਲ੍ਹ-ਦਿਲੀ ਦਿਖਾ ਕੇ ਸਾਨੂੰ ਖ਼ੁਸ਼ੀ ਕਿਉਂ ਮਿਲਦੀ ਹੈ? (ਅ) ਅਸੀਂ ਇਸ ਲੇਖ ਵਿਚ ਕੀ ਸਿੱਖਾਂਗੇ?

2 ਪਰਮੇਸ਼ੁਰ ਨੇ ਇਨਸਾਨਾਂ ਨੂੰ ਆਪਣੇ ਸਰੂਪ ’ਤੇ ਬਣਾਇਆ ਹੈ। (ਉਤ. 1:27) ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਇਨਸਾਨਾਂ ਵਿਚ ਆਪਣੇ ਵਰਗੇ ਗੁਣ ਪਾਏ ਹਨ। ਸੱਚੀ ਖ਼ੁਸ਼ੀ ਅਤੇ ਯਹੋਵਾਹ ਦੀ ਬਰਕਤ ਪਾਉਣ ਲਈ ਸਾਨੂੰ ਉਸ ਦੀ ਮਿਸਾਲ ’ਤੇ ਚੱਲਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਦੂਜੇ ਲੋਕਾਂ ਦੀ ਪਰਵਾਹ ਕਰਨੀ ਅਤੇ ਖੁੱਲ੍ਹ-ਦਿਲੇ ਬਣਨਾ ਚਾਹੀਦਾ ਹੈ। (ਫ਼ਿਲਿ. 2:3, 4; ਯਾਕੂ. 1:5) ਕਿਉਂ? ਕਿਉਂਕਿ ਯਹੋਵਾਹ ਨੇ ਸਾਨੂੰ ਇਸੇ ਤਰੀਕੇ ਨਾਲ ਬਣਾਇਆ ਹੈ। ਨਾਮੁਕੰਮਲ ਹੋਣ ਦੇ ਬਾਵਜੂਦ ਵੀ, ਅਸੀਂ ਯਹੋਵਾਹ ਵਾਂਗ ਖੁੱਲ੍ਹ-ਦਿਲੇ ਬਣ ਸਕਦੇ ਹਾਂ।

3 ਹੁਣ ਅਸੀਂ ਬਾਈਬਲ ਤੋਂ ਖੁੱਲ੍ਹ-ਦਿਲੀ ਬਾਰੇ ਕੁਝ ਸਬਕ ਸਿੱਖਾਂਗੇ। ਅਸੀਂ ਸਿੱਖਾਂਗੇ ਕਿ ਜਦੋਂ ਅਸੀਂ ਖੁੱਲ੍ਹ-ਦਿਲੀ ਦਿਖਾਉਂਦੇ ਹਾਂ, ਤਾਂ ਯਹੋਵਾਹ ਨੂੰ ਖ਼ੁਸ਼ੀ ਕਿਉਂ ਹੁੰਦੀ ਹੈ। ਅਸੀਂ ਇਹ ਵੀ ਸਿੱਖਾਂਗੇ ਕਿ ਯਹੋਵਾਹ ਵੱਲੋਂ ਦਿੱਤਾ ਕੰਮ ਕਰਨ ਵਿਚ ਖੁੱਲ੍ਹ-ਦਿਲੀ ਸਾਡੀ ਮਦਦ ਕਿਵੇਂ ਕਰਦੀ ਹੈ ਅਤੇ ਖੁੱਲ੍ਹ-ਦਿਲੀ ਦਿਖਾ ਕੇ ਸਾਨੂੰ ਖ਼ੁਸ਼ੀ ਕਿਉਂ ਮਿਲਦੀ ਹੈ। ਨਾਲੇ ਅਸੀਂ ਸਿੱਖਾਂਗੇ ਕਿ ਸਾਨੂੰ ਖੁੱਲ੍ਹ-ਦਿਲੀ ਕਿਉਂ ਦਿਖਾਉਂਦੇ ਰਹਿਣਾ ਚਾਹੀਦਾ ਹੈ।

ਯਹੋਵਾਹ ਦੀ ਮਿਹਰ ਕਿਵੇਂ ਪਾਈਏ?

4, 5. ਯਹੋਵਾਹ ਤੇ ਯਿਸੂ ਨੇ ਸਾਡੇ ਲਈ ਖੁੱਲ੍ਹ-ਦਿਲੀ ਦੀਆਂ ਕਿਹੜੀਆਂ ਮਿਸਾਲਾਂ ਕਾਇਮ ਕੀਤੀਆਂ ਹਨ?

4 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਰੀਸ ਕਰੀਏ। ਇਸ ਲਈ ਜਦੋਂ ਅਸੀਂ ਖੁੱਲ੍ਹ-ਦਿਲੀ ਦਿਖਾਉਂਦੇ ਹਾਂ, ਤਾਂ ਉਸ ਨੂੰ ਖ਼ੁਸ਼ੀ ਹੁੰਦੀ ਹੈ। (ਅਫ਼. 5:1) ਯਹੋਵਾਹ ਨੇ ਸਾਨੂੰ ਸ਼ਾਨਦਾਰ ਤਰੀਕੇ ਨਾਲ ਬਣਾਇਆ ਹੈ, ਉਸ ਨੇ ਸਾਨੂੰ ਰਹਿਣ ਲਈ ਸੋਹਣੀ ਧਰਤੀ ਦਿੱਤੀ ਅਤੇ ਇਸ ’ਤੇ ਉਹ ਸਾਰੀਆਂ ਚੀਜ਼ਾਂ ਬਣਾਈਆਂ ਜਿਨ੍ਹਾਂ ਦਾ ਅਸੀਂ ਆਨੰਦ ਮਾਣਦੇ ਹਾਂ। ਇਨ੍ਹਾਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। (ਜ਼ਬੂ. 104:24; 139:13-16) ਇਸ ਲਈ ਜਦੋਂ ਅਸੀਂ ਦੂਜਿਆਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ।

5 ਅਸੀਂ ਯਿਸੂ ਦੀ ਰੀਸ ਵੀ ਕਰਦੇ ਹਾਂ ਜਿਸ ਨੇ ਇਨਸਾਨਾਂ ਲਈ ਖੁੱਲ੍ਹ-ਦਿਲੇ ਬਣਨ ਸੰਬੰਧੀ ਬਹੁਤ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਕਿਹਾ: “ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ ਹੈ।” (ਮੱਤੀ 20:28) ਨਾਲੇ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ: “ਤੁਹਾਡੇ ਮਨ ਦਾ ਸੁਭਾਅ ਮਸੀਹ ਯਿਸੂ ਵਰਗਾ ਹੋਵੇ। ਭਾਵੇਂ ਉਹ ਪਰਮੇਸ਼ੁਰ ਵਰਗਾ ਸੀ, ਫਿਰ ਵੀ . . . ਉਹ ਆਪਣਾ ਸਭ ਕੁਝ ਤਿਆਗ ਕੇ ਗ਼ੁਲਾਮ ਬਣ ਗਿਆ।” (ਫ਼ਿਲਿ. 2:5, 7) ਇਸ ਲਈ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਹੋਰ ਧਿਆਨ ਨਾਲ ਯਿਸੂ ਦੀ ਮਿਸਾਲ ’ਤੇ ਚੱਲ ਸਕਦਾ ਹਾਂ?’​1 ਪਤਰਸ 2:21 ਪੜ੍ਹੋ।

6. ਯਿਸੂ ਨੇ ਦਿਆਲੂ ਸਾਮਰੀ ਦੀ ਮਿਸਾਲ ਦੇ ਕੇ ਸਾਨੂੰ ਕਿਹੜਾ ਸਬਕ ਸਿਖਾਇਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

6 ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਉਸ ਦੀ ਅਤੇ ਉਸ ਦੇ ਪੁੱਤਰ ਦੀ ਮੁਕੰਮਲ ਮਿਸਾਲ ਦੀ ਰੀਸ ਕਰਦਿਆਂ ਦੂਜਿਆਂ ਦਾ ਭਲਾ ਕਰਦੇ ਹਾਂ ਅਤੇ ਉਨ੍ਹਾਂ ਦੀ ਮਦਦ ਕਰਨ ਦੇ ਮੌਕੇ ਭਾਲਦੇ ਹਾਂ। ਯਿਸੂ ਨੇ ਦਿਆਲੂ ਸਾਮਰੀ ਦੀ ਮਿਸਾਲ ਦੇ ਕੇ ਜ਼ਾਹਰ ਕੀਤਾ ਕਿ ਇੱਦਾਂ ਕਰਨਾ ਕਿੰਨਾ ਜ਼ਰੂਰੀ ਹੈ। (ਲੂਕਾ 10:29-37 ਪੜ੍ਹੋ।) ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ, ਭਾਵੇਂ ਉਨ੍ਹਾਂ ਦਾ ਪਿਛੋਕੜ ਜੋ ਮਰਜ਼ੀ ਹੋਵੇ। ਕੀ ਤੁਹਾਨੂੰ ਯਾਦ ਹੈ ਕਿ ਯਿਸੂ ਨੇ ਇਹ ਮਿਸਾਲ ਕਿਉਂ ਦਿੱਤੀ ਸੀ? ਕਿਉਂਕਿ ਇਕ ਯਹੂਦੀ ਨੇ ਉਸ ਨੂੰ ਪੁੱਛਿਆ ਸੀ: “ਅਸਲ ਵਿਚ ਮੇਰਾ ਗੁਆਂਢੀ ਹੈ ਕੌਣ?” ਯਿਸੂ ਦੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਯਹੋਵਾਹ ਦੀ ਮਿਹਰ ਪਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਉਸ ਸਾਮਰੀ ਵਾਂਗ ਖੁੱਲ੍ਹ-ਦਿਲੇ ਬਣਨਾ ਚਾਹੀਦਾ ਹੈ।

7. ਅਸੀਂ ਇਸ ਗੱਲ ’ਤੇ ਭਰੋਸਾ ਕਿਵੇਂ ਦਿਖਾਉਂਦੇ ਹਾਂ ਕਿ ਯਹੋਵਾਹ ਜੋ ਸਾਨੂੰ ਕਰਨ ਨੂੰ ਕਹਿੰਦਾ ਹੈ, ਉਹ ਸਭ ਤੋਂ ਵਧੀਆ ਹੁੰਦਾ ਹੈ? ਸਮਝਾਓ।

7 ਮਸੀਹੀਆਂ ਕੋਲ ਖੁੱਲ੍ਹ-ਦਿਲੇ ਬਣਨ ਦੇ ਬਹੁਤ ਸਾਰੇ ਕਾਰਨ ਹਨ। ਮਿਸਾਲ ਲਈ, ਇਹ ਗੁਣ ਅਦਨ ਦੇ ਬਾਗ਼ ਵਿਚ ਉਠਾਏ ਸ਼ੈਤਾਨ ਦੇ ਵਾਦ-ਵਿਸ਼ੇ ਨਾਲ ਸੰਬੰਧ ਰੱਖਦਾ ਹੈ। ਕਿਵੇਂ? ਸ਼ੈਤਾਨ ਨੇ ਦਾਅਵਾ ਕੀਤਾ ਸੀ ਕਿ ਜੇ ਆਦਮ ਤੇ ਹੱਵਾਹ ਯਹੋਵਾਹ ਦਾ ਕਹਿਣਾ ਨਾ ਮੰਨਣ ਤੇ ਸਿਰਫ਼ ਆਪਣੇ ਬਾਰੇ ਸੋਚਣ, ਤਾਂ ਉਹ ਜ਼ਿਆਦਾ ਖ਼ੁਸ਼ ਰਹਿਣਗੇ। ਹੱਵਾਹ ਸੁਆਰਥੀ ਸੀ ਜਿਸ ਕਰਕੇ ਉਹ ਪਰਮੇਸ਼ੁਰ ਵਾਂਗ ਬਣਨਾ ਚਾਹੁੰਦੀ ਸੀ। ਆਦਮ ਵੀ ਸੁਆਰਥੀ ਸੀ ਤੇ ਉਹ ਪਰਮੇਸ਼ੁਰ ਤੋਂ ਜ਼ਿਆਦਾ ਹੱਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। (ਉਤ. 3:4-6) ਇਸ ਦੇ ਭਿਆਨਕ ਨਤੀਜੇ ਨਿਕਲੇ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੋਈ ਵੀ ਸੁਆਰਥੀ ਇਨਸਾਨ ਖ਼ੁਸ਼ ਨਹੀਂ ਰਹਿ ਸਕਦਾ। ਪਰ ਅਸੀਂ ਨਿਰਸੁਆਰਥ ਤੇ ਖੁੱਲ੍ਹ-ਦਿਲੇ ਬਣ ਕੇ ਇਸ ਗੱਲ ’ਤੇ ਭਰੋਸਾ ਦਿਖਾਉਂਦੇ ਹਾਂ ਕਿ ਯਹੋਵਾਹ ਜੋ ਸਾਨੂੰ ਕਰਨ ਨੂੰ ਕਹਿੰਦਾ ਹੈ, ਉਹ ਸਭ ਤੋਂ ਵਧੀਆ ਹੁੰਦਾ ਹੈ।

ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਨੂੰ ਦਿੱਤਾ ਕੰਮ ਪੂਰਾ ਕਰੋ

8. ਆਦਮ ਤੇ ਹੱਵਾਹ ਨੂੰ ਦੂਜਿਆਂ ਬਾਰੇ ਕਿਉਂ ਸੋਚਣਾ ਚਾਹੀਦਾ ਸੀ?

8 ਭਾਵੇਂ ਕਿ ਆਦਮ ਤੇ ਹੱਵਾਹ ਅਦਨ ਦੇ ਬਾਗ਼ ਵਿਚ ਇਕੱਲੇ ਸਨ, ਫਿਰ ਵੀ ਉਨ੍ਹਾਂ ਨੂੰ ਦੂਸਰਿਆਂ ਬਾਰੇ ਸੋਚਣਾ ਚਾਹੀਦਾ ਸੀ। ਕਿਉਂ? ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਤੇ ਕਿਹਾ ਕਿ ਉਹ ਧਰਤੀ ਨੂੰ ਆਪਣੇ ਬੱਚਿਆਂ ਨਾਲ ਭਰ ਦੇਣ ਅਤੇ ਇਸ ਨੂੰ ਸੋਹਣੀ ਬਣਾਉਣ। (ਉਤ. 1:28) ਜਿੱਦਾਂ ਯਹੋਵਾਹ ਚਾਹੁੰਦਾ ਸੀ ਕਿ ਧਰਤੀ ’ਤੇ ਸਾਰੇ ਜਣੇ ਖ਼ੁਸ਼ ਹੋਣ, ਉੱਦਾਂ ਹੀ ਆਦਮ ਤੇ ਹੱਵਾਹ ਨੂੰ ਆਪਣੇ ਬੱਚਿਆਂ ਦੀਆਂ ਖ਼ੁਸ਼ੀਆਂ ਬਾਰੇ ਸੋਚਣਾ ਚਾਹੀਦਾ ਸੀ। ਪਰਮੇਸ਼ੁਰ ਚਾਹੁੰਦਾ ਸੀ ਕਿ ਆਦਮ ਤੇ ਹੱਵਾਹ ਆਪਣੇ ਪੂਰੇ ਪਰਿਵਾਰ ਨਾਲ ਮਿਲ ਕੇ ਸਾਰੀ ਧਰਤੀ ਨੂੰ ਸੋਹਣਾ ਬਣਾਉਣ। ਇਹ ਕਿੰਨਾ ਵੱਡਾ ਕੰਮ ਸੀ!

9. ਧਰਤੀ ਨੂੰ ਸੋਹਣਾ ਬਣਾਉਣ ਦਾ ਕੰਮ ਕਰ ਕੇ ਇਨਸਾਨਾਂ ਨੂੰ ਖ਼ੁਸ਼ੀ ਕਿਉਂ ਮਿਲਣੀ ਸੀ?

9 ਜੇ ਆਦਮ ਤੇ ਹੱਵਾਹ ਪਾਪ ਨਾ ਕਰਦੇ, ਤਾਂ ਧਰਤੀ ਮੁਕੰਮਲ ਇਨਸਾਨਾਂ ਨਾਲ ਭਰੀ ਹੋਣੀ ਸੀ। ਧਰਤੀ ਨੂੰ ਸੋਹਣਾ ਬਣਾਉਣ ਅਤੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸਾਰੇ ਇਨਸਾਨਾਂ ਨੇ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨਾ ਸੀ। ਜ਼ਰਾ ਕਲਪਨਾ ਕਰੋ ਕਿ ਇਹ ਕੰਮ ਕਰ ਕੇ ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਮਿਲਣੀ ਸੀ! ਜੇ ਉਹ ਦੂਜਿਆਂ ਦੀ ਭਲਾਈ ਲਈ ਨਿਰਸੁਆਰਥ ਹੋ ਕੇ ਕੰਮ ਕਰਦੇ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਦੇਣੀਆਂ ਸਨ।

10, 11. ਅਸੀਂ ਪ੍ਰਚਾਰ ਕਰਨ ਤੇ ਚੇਲੇ ਬਣਾਉਣ ਦਾ ਕੰਮ ਕਿਵੇਂ ਪੂਰਾ ਕਰ ਸਕਦੇ ਹਾਂ?

10 ਅੱਜ ਯਹੋਵਾਹ ਨੇ ਸਾਨੂੰ ਇਕ ਖ਼ਾਸ ਕੰਮ ਕਰਨ ਨੂੰ ਦਿੱਤਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਪ੍ਰਚਾਰ ਕਰੀਏ ਅਤੇ ਚੇਲੇ ਬਣਾਈਏ। ਇਹ ਕੰਮ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਲੋਕਾਂ ਦੀ ਪਰਵਾਹ ਕਰੀਏ। ਦਰਅਸਲ, ਅਸੀਂ ਇਹ ਕੰਮ ਤਾਂ ਹੀ ਕਰਦੇ ਰਹਿ ਸਕਦੇ ਹਾਂ ਜੇ ਸਾਡਾ ਇਰਾਦਾ ਸਹੀ ਹੈ: ਯਹੋਵਾਹ ਤੇ ਲੋਕਾਂ ਲਈ ਪਿਆਰ।

11 ਪੌਲੁਸ ਨੇ ਕਿਹਾ ਕਿ ਉਹ ਅਤੇ ਹੋਰ ਮਸੀਹੀ “ਪਰਮੇਸ਼ੁਰ ਨਾਲ ਮਿਲ ਕੇ ਕੰਮ” ਕਰਨ ਵਾਲੇ ਸਨ ਕਿਉਂਕਿ ਉਹ ਲੋਕਾਂ ਨੂੰ ਸੱਚਾਈ ਦੱਸਦੇ ਸਨ ਅਤੇ ਸਿਖਾਉਂਦੇ ਸਨ। (1 ਕੁਰਿੰ. 3:6, 9) ਅੱਜ ਅਸੀਂ ਵੀ ਪਰਮੇਸ਼ੁਰ ਵੱਲੋਂ ਦਿੱਤਾ ਕੰਮ ਕਰਨ ਲਈ ਖੁੱਲ੍ਹ-ਦਿਲੀ ਨਾਲ ਆਪਣਾ ਸਮਾਂ, ਤਾਕਤ ਤੇ ਪੈਸਾ ਲਾ ਕੇ “ਪਰਮੇਸ਼ੁਰ ਨਾਲ ਮਿਲ ਕੇ ਕੰਮ” ਕਰਨ ਵਾਲੇ ਬਣ ਸਕਦੇ ਹਾਂ। ਇਹ ਕਿੰਨਾ ਹੀ ਵੱਡਾ ਸਨਮਾਨ ਹੈ!

ਜਦੋਂ ਤੁਸੀਂ ਕਿਸੇ ਦੀ ਸੱਚਾਈ ਸਿੱਖਣ ਵਿਚ ਮਦਦ ਕਰੋਗੇ, ਤਾਂ ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ (ਪੈਰਾ 12 ਦੇਖੋ)

12, 13. ਚੇਲੇ ਬਣਾਉਣ ਦੇ ਕੰਮ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਤੁਸੀਂ ਕੀ ਕਹੋਗੇ?

12 ਪ੍ਰਚਾਰ ਤੇ ਸਿਖਾਉਣ ਦੇ ਕੰਮ ਵਿਚ ਖੁੱਲ੍ਹ-ਦਿਲੀ ਨਾਲ ਆਪਣਾ ਸਮਾਂ ਤੇ ਤਾਕਤ ਲਾ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਇਹ ਗੱਲ ਉਨ੍ਹਾਂ ਭੈਣਾਂ-ਭਰਾਵਾਂ ਨੇ ਕਹੀ ਜਿਨ੍ਹਾਂ ਨੂੰ ਬਾਈਬਲ ਸਟੱਡੀਆਂ ਕਰਾਉਣ ਦਾ ਮੌਕਾ ਮਿਲਿਆ ਹੈ। ਸਾਨੂੰ ਉਦੋਂ ਬਹੁਤ ਖ਼ੁਸ਼ੀ ਮਿਲਦੀ ਹੈ ਜਦੋਂ ਬਾਈਬਲ ਵਿਦਿਆਰਥੀ ਬਾਈਬਲ ਦੀਆਂ ਸਿੱਖਿਆਵਾਂ ਨੂੰ ਸਮਝਦੇ ਹਨ, ਆਪਣੀ ਨਿਹਚਾ ਵਧਾਉਂਦੇ ਹਨ, ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕਰਦੇ ਅਤੇ ਸਿੱਖੀਆਂ ਗੱਲਾਂ ਬਾਰੇ ਦੂਜਿਆਂ ਨੂੰ ਦੱਸਦੇ ਹਨ। ਜਦੋਂ ਯਿਸੂ ਨੇ 70 ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜਿਆ ਤੇ ਵਧੀਆ ਤਜਰਬੇ ਹੋਣ ਕਰਕੇ ਚੇਲੇ “ਖ਼ੁਸ਼ੀ-ਖ਼ੁਸ਼ੀ ਮੁੜੇ,” ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਈ।​—ਲੂਕਾ 10:17-21.

13 ਜਦੋਂ ਦੁਨੀਆਂ ਭਰ ਵਿਚ ਭੈਣ-ਭਰਾ ਦੇਖਦੇ ਹਨ ਕਿ ਬਾਈਬਲ ਦੇ ਸੰਦੇਸ਼ ਕਰਕੇ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਸੁਧਾਰ ਕਰਨ ਵਿਚ ਮਦਦ ਮਿਲਦੀ ਹੈ, ਤਾਂ ਉਹ ਬਹੁਤ ਖ਼ੁਸ਼ ਹੁੰਦੇ ਹਨ। ਮਿਸਾਲ ਲਈ, ਐਨਾ ਨਾਂ ਦੀ ਕੁਆਰੀ ਭੈਣ ਯਹੋਵਾਹ ਦੀ ਹੋਰ ਵਧ-ਚੜ੍ਹ ਕੇ ਸੇਵਾ ਕਰਨੀ ਚਾਹੁੰਦੀ ਸੀ। * ਇਸ ਲਈ ਉਹ ਪੂਰਬੀ ਯੂਰਪ ਦੇ ਇਕ ਇਲਾਕੇ ਵਿਚ ਚਲੀ ਗਈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਉਸ ਨੇ ਲਿਖਿਆ: “ਇੱਥੇ ਬਾਈਬਲ ਸਟੱਡੀਆਂ ਕਰਾਉਣ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ। ਇਸ ਕਰਕੇ ਮੈਨੂੰ ਇੱਥੇ ਬਹੁਤ ਵਧੀਆ ਲੱਗਦਾ ਹੈ। ਮੈਨੂੰ ਇੱਥੇ ਸੇਵਾ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਹੈ। ਘਰ ਜਾ ਕੇ ਮੈਂ ਆਪਣੀਆਂ ਸਟੱਡੀਆਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਬਾਰੇ ਸੋਚਦੀ ਹਾਂ ਜਿਸ ਕਰਕੇ ਮੇਰੇ ਕੋਲ ਆਪਣੀਆਂ ਪਰੇਸ਼ਾਨੀਆਂ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਹੁੰਦਾ। ਮੈਂ ਉਨ੍ਹਾਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਦੀ ਮਦਦ ਕਰਨ ਦੇ ਤਰੀਕਿਆਂ ਬਾਰੇ ਸੋਚਦੀ ਹਾਂ। ਮੈਨੂੰ ਇਸ ਗੱਲ ’ਤੇ ਪੂਰਾ ਭਰੋਸਾ ਹੋ ਗਿਆ ਹੈ ਕਿ ‘ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।’”​—ਰਸੂ. 20:35.

ਜਦੋਂ ਅਸੀਂ ਆਪਣੇ ਇਲਾਕੇ ਦੇ ਹਰ ਘਰ ਵਿਚ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਨ ਦਾ ਮੌਕਾ ਦਿੰਦੇ ਹਾਂ

14. ਚਾਹੇ ਲੋਕ ਤੁਹਾਡੀ ਗੱਲ ਨਹੀਂ ਸੁਣਦੇ, ਪਰ ਫਿਰ ਵੀ ਤੁਸੀਂ ਪ੍ਰਚਾਰ ਕਰ ਕੇ ਖ਼ੁਸ਼ੀ ਕਿਵੇਂ ਪਾ ਸਕਦੇ ਹੋ?

14 ਅਸੀਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਦੇ ਕੇ ਖ਼ੁਸ਼ੀ ਪਾ ਸਕਦੇ ਹਾਂ ਚਾਹੇ ਉਹ ਇਸ ਨੂੰ ਸੁਣਨਾ ਨਹੀਂ ਚਾਹੁੰਦੇ। ਯਹੋਵਾਹ ਅੱਜ ਸਾਡੇ ਤੋਂ ਵੀ ਉਹੀ ਕੰਮ ਕਰਨ ਦੀ ਮੰਗ ਕਰਦਾ ਹੈ ਜੋ ਉਸ ਨੇ ਹਿਜ਼ਕੀਏਲ ਨੂੰ ਕਰਨ ਲਈ ਕਿਹਾ ਸੀ: “ਤੂੰ ਮੇਰੀਆਂ ਗੱਲਾਂ ਉਨ੍ਹਾਂ ਨੂੰ ਬੋਲ, ਭਾਵੇਂ ਓਹ ਸੁਣਨ ਯਾ ਨਾ ਸੁਣਨ।” (ਹਿਜ਼. 2:7; ਯਸਾ. 43:10) ਸੋ ਚਾਹੇ ਕੁਝ ਲੋਕ ਸਾਡੇ ਸੰਦੇਸ਼ ਦੀ ਕੋਈ ਕਦਰ ਨਹੀਂ ਕਰਦੇ, ਪਰ ਯਹੋਵਾਹ ਸਾਡੀਆਂ ਕੋਸ਼ਿਸ਼ਾਂ ਦੀ ਕਦਰ ਕਰਦਾ ਹੈ। (ਇਬਰਾਨੀਆਂ 6:10 ਪੜ੍ਹੋ।) ਇਕ ਭਰਾ ਨੇ ਆਪਣੇ ਪ੍ਰਚਾਰ ਕੰਮ ਬਾਰੇ ਕਿਹਾ: “ਅਸੀਂ ਬੂਟਾ ਲਾਇਆ, ਉਸ ਨੂੰ ਪਾਣੀ ਦਿੱਤਾ ਅਤੇ ਇਸ ਆਸ ਨਾਲ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਇਸ ਨੂੰ ਵਧਾਵੇਗਾ।”​—1 ਕੁਰਿੰ. 3:6.

ਅਸੀਂ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ?

15. ਕੀ ਸਾਨੂੰ ਸਿਰਫ਼ ਉਦੋਂ ਹੀ ਖੁੱਲ੍ਹ-ਦਿਲੀ ਦਿਖਾਉਣੀ ਚਾਹੀਦੀ ਹੈ ਜਦੋਂ ਲੋਕ ਸ਼ੁਕਰਗੁਜ਼ਾਰੀ ਦਿਖਾਉਂਦੇ ਹਨ? ਸਮਝਾਓ।

15 ਯਹੋਵਾਹ ਵਾਂਗ ਯਿਸੂ ਵੀ ਚਾਹੁੰਦਾ ਹੈ ਕਿ ਅਸੀਂ ਖ਼ੁਸ਼ੀ ਪਾਈਏ। ਬਹੁਤ ਸਾਰੇ ਲੋਕਾਂ ਨੇ ਖੁੱਲ੍ਹ-ਦਿਲੀ ਪ੍ਰਤੀ ਵਧੀਆ ਹੁੰਗਾਰਾ ਭਰਿਆ ਹੈ। ਯਿਸੂ ਨੇ ਕਿਹਾ: “ਦੂਸਰਿਆਂ ਨੂੰ ਦਿੰਦੇ ਰਹੋ, ਤਾਂ ਲੋਕ ਤੁਹਾਨੂੰ ਵੀ ਦੇਣਗੇ। ਉਹ ਦੱਬ-ਦੱਬ ਕੇ, ਹਿਲਾ-ਹਿਲਾ ਕੇ ਉੱਪਰ ਤਕ ਮਾਪ ਨੂੰ ਭਰਨਗੇ, ਸਗੋਂ ਜ਼ਿਆਦਾ ਭਰ ਕੇ ਤੁਹਾਡੀ ਝੋਲ਼ੀ ਵਿਚ ਪਾਉਣਗੇ। ਜਿਸ ਮਾਪ ਨਾਲ ਤੁਸੀਂ ਮਾਪ ਕੇ ਦੂਸਰਿਆਂ ਨੂੰ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਮਾਪ ਕੇ ਦੇਣਗੇ।” (ਲੂਕਾ 6:38) ਤੁਹਾਡੀ ਖੁੱਲ੍ਹ-ਦਿਲੀ ਪ੍ਰਤੀ ਸਾਰੇ ਲੋਕ ਸ਼ੁਕਰਗੁਜ਼ਾਰੀ ਨਹੀਂ ਦਿਖਾਉਣਗੇ। ਪਰ ਜਦੋਂ ਕੁਝ ਲੋਕ ਇਸ ਦੀ ਕਦਰ ਕਰਨਗੇ, ਤਾਂ ਸ਼ਾਇਦ ਉਹ ਵੀ ਖੁੱਲ੍ਹ-ਦਿਲੀ ਦਿਖਾਉਣ ਲਈ ਪ੍ਰੇਰਿਤ ਹੋਣ। ਸੋ ਚਾਹੇ ਤੁਹਾਨੂੰ ਲੱਗਦਾ ਹੈ ਕਿ ਲੋਕ ਸ਼ੁਕਰਗੁਜ਼ਾਰ ਨਹੀਂ ਹਨ, ਤਾਂ ਵੀ ਦਿੰਦੇ ਰਹੋ। ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਇਕ ਚੰਗੇ ਕੰਮ ਦਾ ਦੂਜਿਆਂ ’ਤੇ ਕਿੰਨਾ ਚੰਗਾ ਅਸਰ ਪੈ ਸਕਦਾ ਹੈ।

16. ਸਾਨੂੰ ਕਿਨ੍ਹਾਂ ਨੂੰ ਖੁੱਲ੍ਹ-ਦਿਲੀ ਦਿਖਾਉਣੀ ਚਾਹੀਦੀ ਹੈ ਅਤੇ ਕਿਉਂ?

16 ਖੁੱਲ੍ਹ-ਦਿਲੀ ਦਿਖਾਉਣ ਵਾਲੇ ਲੋਕ ਇਸ ਕਰਕੇ ਨਹੀਂ ਦਿੰਦੇ ਕਿਉਂਕਿ ਉਹ ਬਦਲੇ ਵਿਚ ਕਿਸੇ ਚੀਜ਼ ਦੀ ਉਮੀਦ ਰੱਖਦੇ ਹਨ। ਯਿਸੂ ਨੇ ਕਿਹਾ: “ਜਦੋਂ ਤੂੰ ਦਾਅਵਤ ਦਿੰਦਾ ਹੈਂ, ਤਾਂ ਗ਼ਰੀਬਾਂ, ਲੰਗੜਿਆਂ, ਅੰਨ੍ਹਿਆਂ ਤੇ ਹੋਰ ਅਪਾਹਜਾਂ ਨੂੰ ਸੱਦ, ਅਤੇ ਤੈਨੂੰ ਖ਼ੁਸ਼ੀ ਮਿਲੇਗੀ ਕਿਉਂਕਿ ਬਦਲੇ ਵਿਚ ਤੈਨੂੰ ਦੇਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ।” (ਲੂਕਾ 14:13, 14) ਬਾਈਬਲ ਦੱਸਦੀ ਹੈ: “ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ।” ਬਾਈਬਲ ਇਹ ਵੀ ਦੱਸਦੀ ਹੈ: “ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ।” (ਕਹਾ. 22:9; ਜ਼ਬੂ. 41:1) ਦੂਜਿਆਂ ਦੀ ਮਦਦ ਕਰ ਕੇ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ।

17. ਅਸੀਂ ਕਿਨ੍ਹਾਂ ਤਰੀਕਿਆਂ ਰਾਹੀਂ ਦੂਜਿਆਂ ਦੀ ਮਦਦ ਕਰ ਸਕਦੇ ਹਾਂ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲੇਗੀ?

17 ਜਦੋਂ ਪੌਲੁਸ ਨੇ ਯਿਸੂ ਦੇ ਸ਼ਬਦ ਕਹੇ ਕਿ “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ,” ਤਾਂ ਉਹ ਸਿਰਫ਼ ਚੀਜ਼ਾਂ ਦੀ ਹੀ ਗੱਲ ਨਹੀਂ ਕਰ ਰਿਹਾ ਸੀ। ਅਸੀਂ ਲੋਕਾਂ ਨੂੰ ਹੱਲਾਸ਼ੇਰੀ, ਬਾਈਬਲ ਵਿੱਚੋਂ ਸਲਾਹ ਅਤੇ ਹੋਰ ਮਦਦ ਦੇ ਸਕਦੇ ਹਾਂ। (ਰਸੂ. 20:31-35) ਪੌਲੁਸ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਸਿਖਾਇਆ ਕਿ ਅਸੀਂ ਆਪਣੇ ਸਮੇਂ ਤੇ ਤਾਕਤ ਨਾਲ ਦੂਜਿਆਂ ਦੀ ਮਦਦ ਕਰੀਏ ਅਤੇ ਉਨ੍ਹਾਂ ਨੂੰ ਪਿਆਰ ਦਿਖਾਈਏ।

18. ਬਹੁਤ ਸਾਰੇ ਖੋਜਕਾਰ ਖੁੱਲ੍ਹ-ਦਿਲੀ ਦਿਖਾਉਣ ਬਾਰੇ ਕੀ ਕਹਿੰਦੇ ਹਨ?

18 ਮਨੁੱਖੀ ਸੁਭਾਅ ਦਾ ਅਧਿਐਨ ਕਰਨ ਵਾਲੇ ਖੋਜਕਾਰਾਂ ਨੇ ਦੇਖਿਆ ਹੈ ਕਿ ਦੂਜਿਆਂ ਨੂੰ ਦੇਣ ਨਾਲ ਲੋਕਾਂ ਨੂੰ ਖ਼ੁਸ਼ੀ ਮਿਲਦੀ ਹੈ। ਇਕ ਲੇਖ ਮੁਤਾਬਕ ਲੋਕ ਕਹਿੰਦੇ ਹਨ ਕਿ ਦੂਜਿਆਂ ਦਾ ਭਲਾ ਕਰ ਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਖੋਜਕਾਰ ਕਹਿੰਦੇ ਹਨ ਕਿ ਦੂਜਿਆਂ ਦੀ ਮਦਦ ਕਰ ਕੇ ਸਾਡੀ ਜ਼ਿੰਦਗੀ ਨੂੰ ਇਕ ਮਕਸਦ ਮਿਲਦਾ ਹੈ। ਇਸ ਲਈ ਕੁਝ ਮਾਹਰ ਸਲਾਹ ਦਿੰਦੇ ਹਨ ਕਿ ਲੋਕਾਂ ਨੂੰ ਹੋਰ ਵਧੀਆ ਸਿਹਤ ਪਾਉਣ ਅਤੇ ਹੋਰ ਖ਼ੁਸ਼ੀ ਪਾਉਣ ਲਈ ਦੂਜਿਆਂ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ। ਖੋਜਕਾਰਾਂ ਦੀ ਗੱਲ ਤੋਂ ਸਾਨੂੰ ਕੋਈ ਹੈਰਾਨੀ ਨਹੀਂ ਹੁੰਦੀ ਕਿਉਂਕਿ ਸਾਡਾ ਪਿਆਰਾ ਸਿਰਜਣਹਾਰ, ਯਹੋਵਾਹ, ਹਮੇਸ਼ਾ ਸਾਨੂੰ ਕਹਿੰਦਾ ਹੈ ਕਿ ਦੇਣ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ।​—2 ਤਿਮੋ. 3:16, 17.

ਖੁੱਲ੍ਹ-ਦਿਲੀ ਦਿਖਾਉਂਦੇ ਰਹੋ

19, 20. ਤੁਸੀਂ ਖੁੱਲ੍ਹ-ਦਿਲੇ ਕਿਉਂ ਬਣਨਾ ਚਾਹੁੰਦੇ ਹੋ?

19 ਜਦੋਂ ਸਾਡੇ ਆਲੇ-ਦੁਆਲੇ ਦੇ ਲੋਕ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ, ਤਾਂ ਸਾਡੇ ਲਈ ਖੁੱਲ੍ਹ-ਦਿਲੀ ਦਿਖਾਉਂਦੇ ਰਹਿਣਾ ਔਖਾ ਹੋ ਸਕਦਾ ਹੈ। ਪਰ ਯਿਸੂ ਨੇ ਸਾਨੂੰ ਦੋ ਸਭ ਤੋਂ ਵੱਡੇ ਹੁਕਮਾਂ ਬਾਰੇ ਦੱਸਿਆ ਕਿ ਸਾਨੂੰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਪੂਰੀ ਸਮਝ ਨਾਲ ਅਤੇ ਪੂਰੀ ਸ਼ਕਤੀ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰਨਾ ਚਾਹੀਦਾ ਹੈ। (ਮਰ. 12:28-31) ਅਸੀਂ ਇਸ ਲੇਖ ਵਿਚ ਸਿੱਖਿਆ ਹੈ ਕਿ ਯਹੋਵਾਹ ਨੂੰ ਪਿਆਰ ਕਰਨ ਵਾਲੇ ਲੋਕ ਉਸ ਦੀ ਰੀਸ ਕਰਦੇ ਹਨ। ਯਹੋਵਾਹ ਤੇ ਯਿਸੂ ਦੋਵੇਂ ਹੀ ਖੁੱਲ੍ਹ-ਦਿਲੇ ਹਨ। ਉਹ ਸਾਨੂੰ ਆਪਣੀ ਮਿਸਾਲ ’ਤੇ ਚੱਲਣ ਦੀ ਹੱਲਾਸ਼ੇਰੀ ਦਿੰਦੇ ਹਨ ਕਿਉਂਕਿ ਇੱਦਾਂ ਕਰ ਕੇ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ। ਜੇ ਅਸੀਂ ਆਪਣੇ ਕੰਮਾਂ ਰਾਹੀਂ ਪਰਮੇਸ਼ੁਰ ਅਤੇ ਲੋਕਾਂ ਨੂੰ ਖੁੱਲ੍ਹ-ਦਿਲੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਯਹੋਵਾਹ ਦਾ ਆਦਰ ਕਰਾਂਗੇ ਅਤੇ ਇਸ ਨਾਲ ਸਾਨੂੰ ਤੇ ਦੂਜਿਆਂ ਨੂੰ ਫ਼ਾਇਦਾ ਹੋਵੇਗਾ।

20 ਬਿਨਾਂ ਸ਼ੱਕ, ਤੁਸੀਂ ਪਹਿਲਾਂ ਹੀ ਦੂਜਿਆਂ ਨੂੰ, ਖ਼ਾਸ ਕਰਕੇ ਆਪਣੇ ਭੈਣਾਂ-ਭਰਾਵਾਂ, ਨੂੰ ਖੁੱਲ੍ਹ-ਦਿਲੀ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ। (ਗਲਾ. 6:10) ਜੇ ਤੁਸੀਂ ਇੱਦਾਂ ਕਰਦੇ ਰਹੋਗੇ, ਤਾਂ ਲੋਕ ਤੁਹਾਡੇ ਸ਼ੁਕਰਗੁਜ਼ਾਰ ਹੋਣਗੇ ਤੇ ਤੁਹਾਨੂੰ ਪਿਆਰ ਕਰਨਗੇ ਜਿਸ ਕਰਕੇ ਤੁਹਾਨੂੰ ਖ਼ੁਸ਼ੀ ਮਿਲੇਗੀ। ਬਾਈਬਲ ਦੱਸਦੀ ਹੈ: “ਸਖੀ ਜਨ ਮੋਟਾ ਹੋ ਜਾਵੇਗਾ, ਤੇ ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ।” (ਕਹਾ. 11:25) ਆਪਣੀ ਜ਼ਿੰਦਗੀ ਅਤੇ ਪ੍ਰਚਾਰ ਦੇ ਕੰਮ ਵਿਚ ਅਸੀਂ ਬਹੁਤ ਸਾਰੇ ਤਰੀਕਿਆਂ ਨਾਲ ਬਿਨਾਂ ਸੁਆਰਥ ਦੂਜਿਆਂ ਦੀ ਮਦਦ ਕਰ ਸਕਦੇ ਹਾਂ ਅਤੇ ਖੁੱਲ੍ਹ-ਦਿਲੀ ਦਿਖਾ ਸਕਦੇ ਹਾਂ। ਆਓ ਆਪਾਂ ਇਨ੍ਹਾਂ ਵਿੱਚੋਂ ਕੁਝ ਤਰੀਕਿਆਂ ਬਾਰੇ ਅਗਲੇ ਲੇਖ ਵਿਚ ਦੇਖੀਏ।

^ ਪੈਰਾ 13 ਨਾਂ ਬਦਲਿਆ ਗਿਆ ਹੈ।