Skip to content

Skip to table of contents

ਕੀ ਤੁਹਾਡੇ ਕੋਲ ਸਹੀ ਜਾਣਕਾਰੀ ਹੈ?

ਕੀ ਤੁਹਾਡੇ ਕੋਲ ਸਹੀ ਜਾਣਕਾਰੀ ਹੈ?

“ਗੱਲ ਸੁਣਨ [ਯਾਨੀ “ਜਾਣਕਾਰੀ ਲੈਣ,” NW] ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,— ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।”​—ਕਹਾ. 18:13.

ਗੀਤ: 43, 40

1, 2. (ੳ) ਸਾਨੂੰ ਕੀ ਸਿੱਖਣ ਦੀ ਲੋੜ ਹੈ ਅਤੇ ਕਿਉਂ? (ਅ) ਇਸ ਲੇਖ ਵਿਚ ਅਸੀਂ ਕਿਹੜੀਆਂ ਗੱਲਾਂ ’ਤੇ ਚਰਚਾ ਕਰਾਂਗੇ?

ਸਾਨੂੰ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ ਕਿ ਜਾਣਕਾਰੀ ਦੀ ਸਹੀ ਤਰੀਕੇ ਨਾਲ ਜਾਂਚ ਕਿਵੇਂ ਕਰਨੀ ਹੈ ਅਤੇ ਸਹੀ ਸਿੱਟੇ ’ਤੇ ਕਿਵੇਂ ਪਹੁੰਚਣਾ ਹੈ। (ਕਹਾ. 3:21-23; 8:4, 5) ਜੇ ਅਸੀਂ ਇੱਦਾਂ ਕਰਨਾ ਨਹੀਂ ਸਿੱਖਦੇ, ਤਾਂ ਸ਼ੈਤਾਨ ਅਤੇ ਇਸ ਦੀ ਦੁਨੀਆਂ ਸੌਖਿਆਂ ਹੀ ਸਾਡੀ ਸੋਚ ਵਿਗਾੜ ਦੇਵੇਗੀ। (ਅਫ਼. 5:6; ਕੁਲੁ. 2:8) ਦਰਅਸਲ, ਸਹੀ ਸਿੱਟੇ ’ਤੇ ਪਹੁੰਚਣ ਲਈ ਸਾਡੇ ਕੋਲ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਕਹਾਉਤਾਂ 18:13 ਕਹਿੰਦਾ ਹੈ: “ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,— ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।”

2 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸਹੀ ਜਾਣਕਾਰੀ ਲੈਣ ਅਤੇ ਸਹੀ ਸਿੱਟੇ ’ਤੇ ਪਹੁੰਚਣ ਵਿਚ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਨਾਲੇ ਬਾਈਬਲ ਦੇ ਅਸੂਲਾਂ ਅਤੇ ਮਿਸਾਲਾਂ ’ਤੇ ਗੌਰ ਕਰ ਕੇ ਅਸੀਂ ਜਾਣਕਾਰੀ ਦੀ ਸਹੀ ਤਰੀਕੇ ਨਾਲ ਜਾਂਚ ਕਰਨੀ ਵੀ ਸਿੱਖਾਂਗੇ।

“ਹਰੇਕ ਗੱਲ” ’ਤੇ ਯਕੀਨ ਨਾ ਕਰੋ

3. ਸਾਨੂੰ ਕਹਾਉਤਾਂ 14:15 ਵਿਚ ਦਿੱਤਾ ਅਸੂਲ ਕਿਉਂ ਲਾਗੂ ਕਰਨਾ ਚਾਹੀਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 ਅੱਜ ਸਾਨੂੰ ਹਰ ਪਾਸਿਓਂ ਜਾਣਕਾਰੀ ਮਿਲਦੀ ਹੈ। ਇਹ ਸਾਨੂੰ ਇੰਟਰਨੈੱਟ, ਟੈਲੀਵਿਯਨ ਅਤੇ ਹੋਰ ਮੀਡੀਆ ਰਾਹੀਂ ਮਿਲਦੀ ਹੈ। ਕਈ ਵਾਰ ਇੱਦਾਂ ਲੱਗਦਾ ਹੈ ਕਿ ਇਸ ਜਾਣਕਾਰੀ ਦਾ ਕੋਈ ਅੰਤ ਹੀ ਨਹੀਂ ਹੈ। ਸਾਡੇ ਦੋਸਤ ਸਹੀ ਇਰਾਦੇ ਨਾਲ ਸਾਨੂੰ ਈ-ਮੇਲ, ਮੈਸਿਜ ਅਤੇ ਖ਼ਬਰਾਂ ਭੇਜਦੇ ਹਨ। ਪਰ ਬਹੁਤ ਸਾਰੇ ਲੋਕ ਜਾਣ-ਬੁੱਝ ਕੇ ਗ਼ਲਤ ਜਾਣਕਾਰੀ ਫੈਲਾਉਂਦੇ ਹਨ ਜਾਂ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ। ਬਾਈਬਲ ਦਾ ਕਿਹੜਾ ਅਸੂਲ ਜਾਣਕਾਰੀ ਦੀ ਜਾਂਚ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ? ਕਹਾਉਤਾਂ 14:15 ਕਹਿੰਦਾ ਹੈ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।”

4. ਅਸੀਂ ਜੋ ਪੜ੍ਹਦੇ ਹਾਂ, ਉਸ ਦੀ ਚੋਣ ਕਰਨ ਵਿਚ ਫ਼ਿਲਿੱਪੀਆਂ 4:8, 9 ਸਾਡੀ ਕਿਵੇਂ ਮਦਦ ਕਰ ਸਕਦਾ ਹੈ ਅਤੇ ਸਹੀ ਜਾਣਕਾਰੀ ਲੈਣੀ ਇੰਨੀ ਜ਼ਰੂਰੀ ਕਿਉਂ ਹੈ? (“ ਸਹੀ ਜਾਣਕਾਰੀ ਲੈਣ ਦੇ ਕੁਝ ਪ੍ਰਬੰਧ” ਨਾਂ ਦੀ ਡੱਬੀ ਦੇਖੋ।)

4 ਸਹੀ ਫ਼ੈਸਲੇ ਕਰਨ ਲਈ ਸਾਡੇ ਕੋਲ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਲਈ, ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਪੜ੍ਹਦੇ ਹਾਂ। (ਫ਼ਿਲਿੱਪੀਆਂ 4:8, 9 ਪੜ੍ਹੋ।) ਸਾਨੂੰ ਆਪਣਾ ਸਮਾਂ ਉਨ੍ਹਾਂ ਇੰਟਰਨੈੱਟ ਸਾਈਟਾਂ ’ਤੇ ਬਰਬਾਦ ਨਹੀਂ ਕਰਨਾ ਚਾਹੀਦਾ ਜੋ ਭਰੋਸੇਯੋਗ ਨਹੀਂ ਹਨ ਜਾਂ ਉਹ ਈ-ਮੇਲਾਂ ਨਹੀਂ ਪੜ੍ਹਨੀਆਂ ਚਾਹੀਦੀਆਂ ਜੋ ਅਫ਼ਵਾਹਾਂ ਫੈਲਾਉਂਦੀਆਂ ਹਨ। ਸਾਨੂੰ ਖ਼ਾਸ ਕਰਕੇ ਉਨ੍ਹਾਂ ਵੈੱਬ-ਸਾਈਟਾਂ ’ਤੇ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਰਾਹੀਂ ਧਰਮ-ਤਿਆਗੀ ਆਪਣੇ ਵਿਚਾਰ ਫੈਲਾਉਂਦੇ ਹਨ। ਉਹ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ ਅਤੇ ਪਰਮੇਸ਼ੁਰ ਦੇ ਲੋਕਾਂ ਦੀ ਨਿਹਚਾ ਕਮਜ਼ੋਰ ਕਰਨੀ ਚਾਹੁੰਦੇ ਹਨ। ਗ਼ਲਤ ਜਾਣਕਾਰੀ ਕਰਕੇ ਅਸੀਂ ਗ਼ਲਤ ਫ਼ੈਸਲੇ ਕਰ ਸਕਦੇ ਹਾਂ। ਕਦੇ ਵੀ ਇਹ ਨਾ ਸੋਚੋ ਕਿ ਗ਼ਲਤ ਜਾਣਕਾਰੀ ਦਾ ਤੁਹਾਡੇ ’ਤੇ ਅਸਰ ਨਹੀਂ ਪਵੇਗਾ।​—1 ਤਿਮੋ. 6:20, 21.

5. ਇਜ਼ਰਾਈਲੀ ਲੋਕਾਂ ਨੇ ਕਿਹੜੀ ਗ਼ਲਤ ਖ਼ਬਰ ਸੁਣੀ ਅਤੇ ਇਸ ਦਾ ਉਨ੍ਹਾਂ ਉੱਤੇ ਕੀ ਅਸਰ ਪਿਆ?

5 ਗ਼ਲਤ ਖ਼ਬਰਾਂ ਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ। ਮੂਸਾ ਦੇ ਜ਼ਮਾਨੇ ਵਿਚ 12 ਜਾਸੂਸ ਵਾਅਦਾ ਕੀਤੇ ਹੋਏ ਦੇਸ਼ ਦੀ ਜਾਸੂਸੀ ਕਰਨ ਗਏ। ਉਨ੍ਹਾਂ ਵਿੱਚੋਂ ਦਸਾਂ ਨੇ ਬੁਰੀ ਖ਼ਬਰ ਲਿਆਂਦੀ। (ਗਿਣ. 13:25-33) ਉਨ੍ਹਾਂ ਨੇ ਗੱਲਾਂ ਨੂੰ ਵਧਾ-ਚੜ੍ਹਾ ਕੇ ਦੱਸਿਆ ਜਿਸ ਕਰਕੇ ਯਹੋਵਾਹ ਦੇ ਲੋਕ ਬਹੁਤ ਹੀ ਡਰ ਗਏ ਅਤੇ ਹਿੰਮਤ ਹਾਰ ਬੈਠੇ। (ਗਿਣ. 14:1-4) ਲੋਕਾਂ ਨੇ ਇੱਦਾਂ ਦਾ ਰਵੱਈਆ ਕਿਉਂ ਦਿਖਾਇਆ? ਸ਼ਾਇਦ ਉਨ੍ਹਾਂ ਨੇ ਸੋਚਿਆ ਕਿ ਇਹ ਖ਼ਬਰ ਸੱਚੀ ਸੀ ਕਿਉਂਕਿ ਜ਼ਿਆਦਾਤਰ ਜਾਸੂਸਾਂ ਨੇ ਇੱਕੋ ਜਿਹੀ ਖ਼ਬਰ ਲਿਆਂਦੀ। ਇਸ ਲਈ ਉਨ੍ਹਾਂ ਨੇ ਦੋ ਜਾਸੂਸਾਂ ਦੀ ਗੱਲ ਨਹੀਂ ਸੁਣੀ ਜੋ ਵਾਅਦਾ ਕੀਤੇ ਹੋਏ ਦੇਸ਼ ਬਾਰੇ ਚੰਗੀ ਖ਼ਬਰ ਲੈ ਕੇ ਆਏ ਸਨ। (ਗਿਣ. 14:6-10) ਸਹੀ ਜਾਣਕਾਰੀ ਲੈਣ ਅਤੇ ਯਹੋਵਾਹ ’ਤੇ ਭਰੋਸਾ ਕਰਨ ਦੀ ਬਜਾਇ ਇਨ੍ਹਾਂ ਮੂਰਖ ਲੋਕਾਂ ਨੇ ਗ਼ਲਤ ਜਾਣਕਾਰੀ ਉੱਤੇ ਵਿਸ਼ਵਾਸ ਕੀਤਾ।

6. ਯਹੋਵਾਹ ਦੇ ਲੋਕਾਂ ਬਾਰੇ ਝੂਠੀਆਂ ਖ਼ਬਰਾਂ ਸੁਣ ਕੇ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ?

6 ਸਾਨੂੰ ਖ਼ਾਸ ਕਰਕੇ ਉਦੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਜਦੋਂ ਅਸੀਂ ਯਹੋਵਾਹ ਦੇ ਲੋਕਾਂ ਬਾਰੇ ਖ਼ਬਰਾਂ ਸੁਣਦੇ ਹਾਂ। ਯਾਦ ਰੱਖੋ, ਸਾਡੇ ਦੁਸ਼ਮਣ ਸ਼ੈਤਾਨ ਨੂੰ ‘ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ’ ਵਾਲਾ ਕਿਹਾ ਗਿਆ ਹੈ। (ਪ੍ਰਕਾ. 12:10) ਯਿਸੂ ਨੇ ਚੇਤਾਵਨੀ ਦਿੱਤੀ ਕਿ ਵਿਰੋਧੀ “ਤੁਹਾਡੇ ਵਿਰੁੱਧ ਬੁਰੀਆਂ ਤੇ ਝੂਠੀਆਂ ਗੱਲਾਂ” ਕਹਿਣਗੇ। (ਮੱਤੀ 5:11) ਜੇ ਅਸੀਂ ਇਸ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ, ਤਾਂ ਯਹੋਵਾਹ ਦੇ ਲੋਕਾਂ ਬਾਰੇ ਝੂਠੀਆਂ ਖ਼ਬਰਾਂ ਸੁਣ ਕੇ ਅਸੀਂ ਹੈਰਾਨ ਨਹੀਂ ਹੋਵਾਂਗੇ।

7. ਈ-ਮੇਲ ਜਾਂ ਮੈਸਿਜ ਭੇਜਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਕੀ ਪੁੱਛਣਾ ਚਾਹੀਦਾ ਹੈ?

7 ਕੀ ਤੁਹਾਨੂੰ ਆਪਣੇ ਦੋਸਤਾਂ ਨੂੰ ਈ-ਮੇਲ ਜਾਂ ਮੈਸਿਜ ਭੇਜਣੇ ਪਸੰਦ ਹਨ? ਜਦੋਂ ਤੁਸੀਂ ਟੀ. ਵੀ.  ਵਗੈਰਾ ’ਤੇ ਕੋਈ ਖ਼ਬਰ ਸੁਣਦੇ ਹੋ, ਤਾਂ ਕੀ ਤੁਸੀਂ ਇਕ ਰਿਪੋਰਟਰ ਵਾਂਗ ਸਭ ਤੋਂ ਪਹਿਲਾਂ ਇਹ ਖ਼ਬਰ ਸਾਰਿਆਂ ਨੂੰ ਦੱਸਣੀ ਚਾਹੁੰਦੇ ਹੋ? ਈ-ਮੇਲ ਜਾਂ ਮੈਸਿਜ ਭੇਜਣ ਤੋਂ ਪਹਿਲਾਂ ਆਪਣੇ ਆਪ ਤੋਂ ਪੁੱਛੋ: ‘ਕੀ ਮੈਨੂੰ ਪੱਕਾ ਯਕੀਨ ਹੈ ਕਿ ਇਹ ਖ਼ਬਰ ਸੱਚੀ ਹੈ? ਕੀ ਮੇਰੇ ਕੋਲ ਸਹੀ ਜਾਣਕਾਰੀ ਹੈ?’ ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਖ਼ਬਰ ਸੱਚੀ ਹੈ ਜਾਂ ਝੂਠੀ, ਤਾਂ ਤੁਸੀਂ ਅਣਜਾਣੇ ਵਿਚ ਝੂਠੀ ਖ਼ਬਰ ਫੈਲਾ ਸਕਦੇ ਹੋ। ਇਸ ਕਰਕੇ ਜੇ ਤੁਹਾਨੂੰ ਸ਼ੱਕ ਹੈ, ਤਾਂ ਇਸ ਨੂੰ ਭੇਜਣ ਦੀ ਬਜਾਇ ਮਿਟਾ ਦਿਓ।

8. ਕੁਝ ਦੇਸ਼ਾਂ ਵਿਚ ਵਿਰੋਧੀਆਂ ਨੇ ਕੀ ਕੀਤਾ ਅਤੇ ਅਸੀਂ ਅਣਜਾਣੇ ਵਿਚ ਉਨ੍ਹਾਂ ਦਾ ਸਾਥ ਕਿਵੇਂ ਦੇ ਸਕਦੇ ਹਾਂ?

8 ਇਕ ਹੋਰ ਕਾਰਨ ਕਰਕੇ ਬਿਨਾਂ ਸੋਚੇ-ਸਮਝੇ ਈ-ਮੇਲ ਜਾਂ ਮੈਸਿਜ ਭੇਜਣੇ ਖ਼ਤਰਨਾਕ ਹਨ। ਕੁਝ ਦੇਸ਼ਾਂ ਵਿਚ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਈ ਹੈ। ਇਨ੍ਹਾਂ ਦੇਸ਼ਾਂ ਵਿਚ ਸਾਡੇ ਵਿਰੋਧੀ ਸ਼ਾਇਦ ਜਾਣ-ਬੁੱਝ ਕੇ ਝੂਠੀਆਂ ਖ਼ਬਰਾਂ ਫੈਲਾਉਣ ਤਾਂਕਿ ਅਸੀਂ ਡਰ ਜਾਈਏ ਜਾਂ ਇਕ-ਦੂਜੇ ’ਤੇ ਸ਼ੱਕ ਕਰਨ ਲੱਗ ਪਈਏ। ਗੌਰ ਕਰੋ ਕਿ ਸਾਬਕਾ ਸੋਵੀਅਤ ਸੰਘ ਵਿਚ ਕੀ ਹੋਇਆ ਸੀ। ਖੁਫੀਆ ਪੁਲਸ ਨੇ ਅਫ਼ਵਾਹਾਂ ਫੈਲਾਈਆਂ ਕਿ ਕੁਝ ਮੰਨੇ-ਪ੍ਰਮੰਨੇ ਭਰਾਵਾਂ ਨੇ ਯਹੋਵਾਹ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ। * ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਇਨ੍ਹਾਂ ਝੂਠੀਆਂ ਖ਼ਬਰਾਂ ’ਤੇ ਭਰੋਸਾ ਕਰ ਲਿਆ ਅਤੇ ਯਹੋਵਾਹ ਦਾ ਸੰਗਠਨ ਛੱਡ ਦਿੱਤਾ। ਬਹੁਤ ਜਣੇ ਵਾਪਸ ਆ ਗਏ, ਪਰ ਕੁਝ ਕਦੀ ਵੀ ਵਾਪਸ ਨਹੀਂ ਆਏ। ਉਨ੍ਹਾਂ ਨੇ ਇਨ੍ਹਾਂ ਝੂਠੀਆਂ ਖ਼ਬਰਾਂ ਕਰਕੇ ਆਪਣੀ ਨਿਹਚਾ ਦੀ ਬੇੜੀ ਡੋਬ ਲਈ। (1 ਤਿਮੋ. 1:19) ਅਸੀਂ ਇਸ ਤਰ੍ਹਾਂ ਦੇ ਬੁਰੇ ਨਤੀਜੇ ਤੋਂ ਕਿਵੇਂ ਬਚ ਸਕਦੇ ਹਾਂ? ਗ਼ਲਤ ਤੇ ਝੂਠੀਆਂ ਖ਼ਬਰਾਂ ਨਾ ਫੈਲਾਓ। ਹਰੇਕ ਸੁਣੀ-ਸੁਣਾਈ ਗੱਲ ’ਤੇ ਯਕੀਨ ਨਾ ਕਰੋ। ਇਸ ਦੀ ਬਜਾਇ, ਚੰਗੀ ਤਰ੍ਹਾਂ ਪਤਾ ਕਰੋ ਕਿ ਤੁਹਾਡੇ ਕੋਲ ਸਹੀ ਜਾਣਕਾਰੀ ਹੈ।

ਅਧੂਰੀ ਜਾਣਕਾਰੀ

9. ਹੋਰ ਕਿਹੜੀ ਗੱਲ ਕਰਕੇ ਸਹੀ ਜਾਣਕਾਰੀ ਲੈਣੀ ਮੁਸ਼ਕਲ ਹੋ ਸਕਦੀ ਹੈ?

9 ਕਈ ਵਾਰ ਅਸੀਂ ਇੱਦਾਂ ਦੀਆਂ ਖ਼ਬਰਾਂ ਸੁਣਦੇ ਹਾਂ ਜਿਨ੍ਹਾਂ ਵਿਚ ਥੋੜ੍ਹੀ-ਬਹੁਤੀ ਸੱਚਾਈ ਹੁੰਦੀ ਹੈ। ਕਈ ਖ਼ਬਰਾਂ ਵਿਚ ਅਧੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਕਰਕੇ ਵੀ ਸਹੀ ਸਿੱਟੇ ’ਤੇ ਪਹੁੰਚਣਾ ਮੁਸ਼ਕਲ ਹੋ ਸਕਦਾ ਹੈ। ਜਿਸ ਖ਼ਬਰ ਵਿਚ ਥੋੜ੍ਹੀ-ਬਹੁਤੀ ਸੱਚਾਈ ਹੁੰਦੀ ਹੈ, ਉਸ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਇੱਦਾਂ ਦੀਆਂ ਖ਼ਬਰਾਂ ਦੇ ਜਾਲ਼ ਵਿਚ ਨਾ ਫਸ ਜਾਈਏ?​—ਅਫ਼. 4:14.

10. ਇਜ਼ਰਾਈਲੀ ਆਪਣੇ ਭਰਾਵਾਂ ਖ਼ਿਲਾਫ਼ ਲੜਨ ਲਈ ਕਿਉਂ ਤਿਆਰ ਹੋ ਗਏ ਅਤੇ ਕਿਹੜੀ ਗੱਲ ਕਰਕੇ ਉਹ ਲੜਾਈ ਕਰਨ ਤੋਂ ਬਚ ਸਕੇ?

10 ਯਹੋਸ਼ੁਆ ਦੇ ਦਿਨਾਂ ਵਿਚ ਯਰਦਨ ਦਰਿਆ ਦੇ ਪੱਛਮ ਵੱਲ ਰਹਿੰਦੇ ਇਜ਼ਰਾਈਲੀਆਂ ਨਾਲ ਜੋ ਹੋਇਆ, ਉਸ ਤੋਂ ਅਸੀਂ ਸਬਕ ਸਿੱਖ ਸਕਦੇ ਹਾਂ। (ਯਹੋ. 22:9-34) ਉਨ੍ਹਾਂ ਨੇ ਸੁਣਿਆ ਕਿ ਯਰਦਨ ਦੇ ਪੂਰਬ ਵੱਲ ਰਹਿਣ ਵਾਲੇ ਇਜ਼ਰਾਈਲੀਆਂ ਨੇ ਦਰਿਆ ਕੋਲ ਵੱਡੀ ਸਾਰੀ ਵੇਦੀ ਬਣਾਈ ਸੀ। ਇਹ ਖ਼ਬਰ ਤਾਂ ਸੱਚ ਸੀ, ਪਰ ਉਨ੍ਹਾਂ ਨੂੰ ਸਾਰੀ ਜਾਣਕਾਰੀ ਨਹੀਂ ਸੀ। ਅਧੂਰੀ ਜਾਣਕਾਰੀ ਦੇ ਆਧਾਰ ’ਤੇ ਪੱਛਮ ਵੱਲ ਰਹਿਣ ਵਾਲੇ ਇਜ਼ਰਾਈਲੀਆਂ ਨੇ ਸੋਚਿਆ ਕਿ ਪੂਰਬ ਵੱਲ ਰਹਿਣ ਵਾਲੇ ਉਨ੍ਹਾਂ ਦੇ ਇਜ਼ਰਾਈਲੀ ਭਰਾਵਾਂ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕਰ ਦਿੱਤੀ ਸੀ। ਇਸ ਲਈ ਉਹ ਉਨ੍ਹਾਂ ਖ਼ਿਲਾਫ਼ ਲੜਨ ਲਈ ਇਕੱਠੇ ਹੋਏ। (ਯਹੋਸ਼ੁਆ 22:9-12 ਪੜ੍ਹੋ।) ਪਰ ਹਮਲਾ ਕਰਨ ਤੋਂ ਪਹਿਲਾਂ, ਪੱਛਮ ਵੱਲ ਰਹਿਣ ਵਾਲੇ ਇਜ਼ਰਾਈਲੀਆਂ ਨੇ ਸਾਰੀ ਜਾਣਕਾਰੀ ਲੈਣ ਲਈ ਕੁਝ ਆਦਮੀਆਂ ਨੂੰ ਭੇਜਿਆ। ਉਨ੍ਹਾਂ ਨੂੰ ਕੀ ਪਤਾ ਲੱਗਾ? ਪੂਰਬ ਵਿਚ ਰਹਿਣ ਵਾਲੇ ਇਜ਼ਰਾਈਲੀਆਂ ਨੇ ਝੂਠੇ ਦੇਵੀ-ਦੇਵਤਿਆਂ ਨੂੰ ਬਲੀਦਾਨ ਚੜ੍ਹਾਉਣ ਲਈ ਵੇਦੀ ਨਹੀਂ ਬਣਾਈ ਸੀ। ਉਨ੍ਹਾਂ ਨੇ ਯਾਦਗਾਰ ਵਜੋਂ ਵੇਦੀ ਬਣਾਈ ਸੀ ਤਾਂਕਿ ਹਰ ਕੋਈ ਜਾਣ ਸਕੇ ਕਿ ਉਹ ਯਹੋਵਾਹ ਦੀ ਭਗਤੀ ਕਰਦੇ ਸਨ। ਇਜ਼ਰਾਈਲੀ ਕਿੰਨੇ ਖ਼ੁਸ਼ ਹੋਏ ਹੋਣੇ ਕਿ ਉਨ੍ਹਾਂ ਨੇ ਆਪਣੇ ਭਰਾਵਾਂ ਖ਼ਿਲਾਫ਼ ਲੜਾਈ ਨਹੀਂ ਕੀਤੀ, ਸਗੋਂ ਸਮਾਂ ਕੱਢ ਕੇ ਸਾਰੀ ਜਾਣਕਾਰੀ ਲਈ।

11. (ੳ) ਮਫ਼ੀਬੋਸ਼ਥ ਬੇਇਨਸਾਫ਼ੀ ਦਾ ਸ਼ਿਕਾਰ ਕਿਵੇਂ ਹੋਇਆ? (ਅ) ਦਾਊਦ ਇਹ ਬੇਇਨਸਾਫ਼ੀ ਕਰਨ ਤੋਂ ਕਿਵੇਂ ਬਚ ਸਕਦਾ ਸੀ?

11 ਜਦੋਂ ਸਾਡੇ ਬਾਰੇ ਪੂਰੀ ਸੱਚਾਈ ਨਹੀਂ ਦੱਸੀ ਜਾਂਦੀ ਜਾਂ ਅਧੂਰੀ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਅਸੀਂ ਬੇਇਨਸਾਫ਼ੀ ਦਾ ਸ਼ਿਕਾਰ ਹੋ ਸਕਦੇ ਹਾਂ। ਜ਼ਰਾ ਸੋਚੋ ਕਿ ਮਫ਼ੀਬੋਸ਼ਥ ਨਾਲ ਕੀ ਹੋਇਆ। ਰਾਜਾ ਦਾਊਦ ਨੇ ਖੁੱਲ੍ਹ-ਦਿਲੀ ਦਿਖਾਉਂਦਿਆਂ ਮਫ਼ੀਬੋਸ਼ਥ ਨੂੰ ਉਸ ਦੇ ਦਾਦੇ ਸ਼ਾਊਲ ਦੀ ਸਾਰੀ ਜਾਇਦਾਦ ਵਾਪਸ ਦੇ ਦਿੱਤੀ। (2 ਸਮੂ. 9:6, 7) ਪਰ ਬਾਅਦ ਵਿਚ ਦਾਊਦ ਨੂੰ ਮਫ਼ੀਬੋਸ਼ਥ ਬਾਰੇ ਝੂਠੀ ਖ਼ਬਰ ਪਤਾ ਲੱਗੀ। ਉਸ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਖ਼ਬਰ ਸੱਚੀ ਸੀ ਜਾਂ ਨਹੀਂ, ਸਗੋਂ ਉਸ ਨੇ ਮਫ਼ੀਬੋਸ਼ਥ ਦੀ ਸਾਰੀ ਜਾਇਦਾਦ ਵਾਪਸ ਲੈ ਲਈ। (2 ਸਮੂ. 16:1-4) ਬਾਅਦ ਵਿਚ ਜਦੋਂ ਦਾਊਦ ਨੇ ਉਸ ਨਾਲ ਗੱਲ ਕੀਤੀ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਤੋਂ ਗ਼ਲਤੀ ਹੋ ਗਈ ਸੀ। ਫਿਰ ਉਸ ਨੇ ਮਫ਼ੀਬੋਸ਼ਥ ਦੀ ਜਾਇਦਾਦ ਦਾ ਕੁਝ ਹਿੱਸਾ ਉਸ ਨੂੰ ਵਾਪਸ ਮੋੜ ਦਿੱਤਾ। (2 ਸਮੂ. 19:24-29) ਜੇ ਦਾਊਦ ਅਧੂਰੀ ਜਾਣਕਾਰੀ ਦੇ ਆਧਾਰ ’ਤੇ ਛੇਤੀ ਫ਼ੈਸਲਾ ਕਰਨ ਦੀ ਬਜਾਇ ਸਮਾਂ ਕੱਢ ਕੇ ਸਾਰੀ ਜਾਣਕਾਰੀ ਲੈਂਦਾ, ਤਾਂ ਮਫ਼ੀਬੋਸ਼ਥ ਨੂੰ ਇਹ ਅਨਿਆਂ ਨਾ ਸਹਿਣਾ ਪੈਂਦਾ।

12, 13. (ੳ) ਯਿਸੂ ਨੇ ਉਦੋਂ ਕੀ ਕੀਤਾ ਜਦੋਂ ਲੋਕਾਂ ਨੇ ਉਸ ਖ਼ਿਲਾਫ਼ ਝੂਠੀਆਂ ਗੱਲਾਂ ਫੈਲਾਈਆਂ? (ਅ) ਜੇ ਕੋਈ ਸਾਡੇ ਬਾਰੇ ਝੂਠੀਆਂ ਗੱਲਾਂ ਫੈਲਾਉਂਦਾ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?

12 ਜੇ ਕੋਈ ਤੁਹਾਡੇ ਖ਼ਿਲਾਫ਼ ਝੂਠੀਆਂ ਗੱਲਾਂ ਫੈਲਾਉਂਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਇਸ ਤਰ੍ਹਾਂ ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲ ਹੋਇਆ ਸੀ। (ਮੱਤੀ 11:18, 19 ਪੜ੍ਹੋ।) ਯਿਸੂ ਨੇ ਕੀ ਕੀਤਾ? ਉਸ ਨੇ ਆਪਣਾ ਸਮਾਂ ਤੇ ਤਾਕਤ ਇਹ ਸਾਬਤ ਕਰਨ ਵਿਚ ਬਰਬਾਦ ਨਹੀਂ ਕੀਤਾ ਕਿ ਉਸ ਬਾਰੇ ਕਹੀਆਂ ਗੱਲਾਂ ਝੂਠੀਆਂ ਸਨ। ਇਸ ਦੀ ਬਜਾਇ, ਉਸ ਨੇ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਸਾਰੀ ਗੱਲ ਪਤਾ ਕਰਨ। ਉਹ ਚਾਹੁੰਦਾ ਸੀ ਕਿ ਲੋਕ ਉਸ ਦੇ ਕੰਮਾਂ ਤੇ ਸਿੱਖਿਆਵਾਂ ਵੱਲ ਧਿਆਨ ਦੇਣ। ਯਿਸੂ ਨੇ ਕਿਹਾ: “ਇਨਸਾਨ ਦੇ ਨੇਕ ਕੰਮਾਂ ਤੋਂ ਹੀ ਸਾਬਤ ਹੁੰਦਾ ਹੈ ਕਿ ਉਹ ਬੁੱਧੀਮਾਨ ਹੈ।”

13 ਅਸੀਂ ਯਿਸੂ ਤੋਂ ਇਕ ਅਹਿਮ ਸਬਕ ਸਿੱਖ ਸਕਦੇ ਹਾਂ। ਕਈ ਵਾਰ ਲੋਕ ਸ਼ਾਇਦ ਸਾਡੇ ਬਾਰੇ ਝੂਠੀਆਂ ਜਾਂ ਗ਼ਲਤ ਗੱਲਾਂ ਫੈਲਾਉਣ ਜਿਸ ਕਰਕੇ ਸਾਡੀ ਬਦਨਾਮੀ ਹੋ ਸਕਦੀ ਹੈ। ਕੀ ਅਸੀਂ ਇਸ ਬਾਰੇ ਕੁਝ ਕਰ ਸਕਦੇ ਹਾਂ? ਜੇ ਕੋਈ ਸਾਡੇ ਬਾਰੇ ਝੂਠੀਆਂ ਗੱਲਾਂ ਫੈਲਾਉਂਦਾ ਹੈ, ਤਾਂ ਸਾਨੂੰ ਇਸ ਤਰੀਕੇ ਨਾਲ ਜੀਉਣਾ ਚਾਹੀਦਾ ਹੈ ਕਿ ਲੋਕ ਇਸ ਝੂਠ ’ਤੇ ਵਿਸ਼ਵਾਸ ਹੀ ਨਾ ਕਰਨ। ਯਿਸੂ ਵਾਂਗ ਅਸੀਂ ਆਪਣੇ ਜੀਉਣ ਦੇ ਤਰੀਕੇ ਤੋਂ ਸਾਬਤ ਕਰ ਸਕਦੇ ਹਾਂ ਕਿ ਸਾਡੇ ਉੱਤੇ ਲਾਏ ਦੋਸ਼ ਝੂਠੇ ਹਨ।

ਕੀ ਤੁਹਾਨੂੰ ਆਪਣੇ ਆਪ ’ਤੇ ਹੱਦੋਂ ਵੱਧ ਭਰੋਸਾ ਹੈ?

14, 15. ਸਾਨੂੰ ਆਪਣੇ ਆਪ ’ਤੇ ਹੱਦੋਂ ਵੱਧ ਭਰੋਸਾ ਕਿਉਂ ਨਹੀਂ ਕਰਨਾ ਚਾਹੀਦਾ?

14 ਅਸੀਂ ਦੇਖਿਆ ਕਿ ਸਹੀ ਜਾਣਕਾਰੀ ਲੈਣੀ ਬਹੁਤ ਔਖੀ ਹੋ ਸਕਦੀ ਹੈ। ਸਾਡੀ ਨਾਮੁਕੰਮਲਤਾ ਵੀ ਇਕ ਰੁਕਾਵਟ ਬਣ ਸਕਦੀ ਹੈ। ਸ਼ਾਇਦ ਅਸੀਂ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹੋਈਏ ਅਤੇ ਸ਼ਾਇਦ ਅਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਿਚ ਵਾਧਾ ਕੀਤਾ ਹੋਵੇ। ਦੂਜੇ ਸ਼ਾਇਦ ਸਾਡਾ ਆਦਰ ਇਸ ਲਈ ਕਰਦੇ ਹੋਣ ਕਿਉਂਕਿ ਅਸੀਂ ਸੋਚ-ਸਮਝ ਕੇ ਫ਼ੈਸਲੇ ਕਰਦੇ ਹਾਂ। ਕੀ ਇਹ ਗੱਲ ਵੀ ਸਾਡੇ ਲਈ ਫੰਦਾ ਬਣ ਸਕਦੀ ਹੈ?

15 ਜੀ ਹਾਂ। ਆਪਣੇ ਆਪ ’ਤੇ ਹੱਦੋਂ ਵੱਧ ਭਰੋਸਾ ਕਰਨਾ ਇਕ ਫੰਦਾ ਬਣ ਸਕਦਾ ਹੈ। ਸ਼ਾਇਦ ਅਸੀਂ ਆਪਣੀ ਸੋਚ ’ਤੇ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਹਾਵੀ ਹੋਣ ਦੇਈਏ। ਅਸੀਂ ਸ਼ਾਇਦ ਸੋਚਣਾ ਸ਼ੁਰੂ ਕਰ ਦੇਈਏ ਕਿ ਸਾਰੀ ਜਾਣਕਾਰੀ ਲਏ ਬਗੈਰ ਹੀ ਅਸੀਂ ਕਿਸੇ ਹਾਲਾਤ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਇਸ ਤਰ੍ਹਾਂ ਦੀ ਸੋਚ ਬਹੁਤ ਖ਼ਤਰਨਾਕ ਹੈ। ਬਾਈਬਲ ਸਾਨੂੰ ਸਾਫ਼-ਸਾਫ਼ ਚੇਤਾਵਨੀ ਦਿੰਦੀ ਹੈ ਕਿ ਸਾਨੂੰ ਆਪਣੀ ਸਮਝ ਜਾਂ ਆਪਣੇ ਆਪ ’ਤੇ ਹੱਦੋਂ ਵੱਧ ਭਰੋਸਾ ਨਹੀਂ ਕਰਨਾ ਚਾਹੀਦਾ।​—ਕਹਾ. 3:5, 6; 28:26.

16. ਇਸ ਮਿਸਾਲ ਵਿਚ ਰੈਸਟੋਰੈਂਟ ਵਿਚ ਕੀ ਹੋਇਆ ਅਤੇ ਟੌਮ ਕੀ ਸੋਚਿਆ?

16 ਇਕ ਮਿਸਾਲ ’ਤੇ ਗੌਰ ਕਰੋ ਕਿ ਇੱਦਾਂ ਕਿਵੇਂ ਹੋ ਸਕਦਾ ਹੈ: ਕਲਪਨਾ ਕਰੋ ਕਿ ਇਕ ਦਿਨ ਟੌਮ ਨਾਂ ਦਾ ਤਜਰਬੇਕਾਰ ਬਜ਼ੁਰਗ ਇਕ ਰੈਸਟੋਰੈਂਟ ਵਿਚ ਜਾਂਦਾ ਹੈ ਅਤੇ ਉਹ ਜੌਨ ਨਾਂ ਦੇ ਇਕ ਹੋਰ ਬਜ਼ੁਰਗ ਨੂੰ ਇਕ ਔਰਤ ਨਾਲ ਬੈਠਾ ਦੇਖਦਾ ਹੈ ਜੋ ਉਸ ਦੀ ਪਤਨੀ ਨਹੀਂ ਹੈ। ਉਨ੍ਹਾਂ ਨੂੰ ਦੇਖ ਕੇ ਇੱਦਾਂ ਲੱਗਦਾ ਹੈ ਕਿ ਉਹ ਇਕ-ਦੂਜੇ ਨੂੰ ਮਿਲ ਕੇ ਬਹੁਤ ਖ਼ੁਸ਼ ਹਨ। ਟੌਮ ਨੇ ਦੇਖਿਆ ਕਿ ਉਹ ਇਕ-ਦੂਜੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੇ ਹਨ ਅਤੇ ਇਕ-ਦੂਜੇ ਨੂੰ ਜੱਫੀ ਪਾ ਰਹੇ ਹਨ। ਟੌਮ ਬਹੁਤ ਪਰੇਸ਼ਾਨ ਹੋ ਜਾਂਦਾ ਹੈ ਅਤੇ ਸੋਚਦਾ ਹੈ: ‘ਕੀ ਜੌਨ ਅਤੇ ਉਸ ਦੀ ਪਤਨੀ ਦਾ ਤਲਾਕ ਹੋ ਜਾਵੇਗਾ? ਉਨ੍ਹਾਂ ਦੇ ਬੱਚਿਆਂ ਦਾ ਕੀ ਬਣੇਗਾ?’ ਟੌਮ ਨੇ ਪਹਿਲਾਂ ਵੀ ਇੱਦਾਂ ਹੁੰਦੇ ਦੇਖਿਆ ਸੀ। ਜੇ ਤੁਸੀਂ ਟੌਮ ਦੀ ਥਾਂ ਹੁੰਦੇ, ਤਾਂ ਤੁਸੀਂ ਕਿੱਦਾਂ ਮਹਿਸੂਸ ਕਰਦੇ?

17. ਇਸ ਮਿਸਾਲ ਵਿਚ ਟੌਮ ਨੂੰ ਬਾਅਦ ਵਿਚ ਕੀ ਪਤਾ ਲੱਗਾ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

17 ਪਰ ਇਕ ਮਿੰਟ ਰੁਕੋ। ਟੌਮ ਨੂੰ ਲੱਗਦਾ ਹੈ ਕਿ ਜੌਨ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਨਹੀਂ ਹੈ, ਪਰ ਕੀ ਉਸ ਕੋਲ ਸਾਰੀ ਜਾਣਕਾਰੀ ਹੈ? ਬਾਅਦ ਵਿਚ ਉਸੇ ਸ਼ਾਮ ਟੌਮ ਜੌਨ ਨੂੰ ਫ਼ੋਨ ਕਰਦਾ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਉਹ ਔਰਤ ਜੌਨ ਦੀ ਸਕੀ ਭੈਣ ਹੈ ਜੋ ਕਿਸੇ ਹੋਰ ਸ਼ਹਿਰ ਤੋਂ ਉਸ ਨੂੰ ਮਿਲਣ ਆਈ ਸੀ। ਜੌਨ ਅਤੇ ਉਸ ਦੀ ਭੈਣ ਕਾਫ਼ੀ ਸਾਲਾਂ ਤੋਂ ਇਕ-ਦੂਜੇ ਨੂੰ ਨਹੀਂ ਮਿਲੇ ਸਨ। ਉਸ ਦੀ ਭੈਣ ਕੁਝ ਘੰਟਿਆਂ ਲਈ ਉਸ ਸ਼ਹਿਰ ਵਿਚ ਆਈ ਸੀ। ਇਸ ਲਈ ਜੌਨ ਉਸ ਨੂੰ ਰੈਸਟੋਰੈਂਟ ਵਿਚ ਸਿਰਫ਼ ਖਾਣੇ ’ਤੇ ਹੀ ਮਿਲ ਸਕਦਾ ਸੀ। ਉਸ ਦੀ ਪਤਨੀ ਉੱਥੇ ਨਹੀਂ ਆ ਸਕਦੀ ਸੀ। ਟੌਮ ਬਹੁਤ ਖ਼ੁਸ਼ ਸੀ ਕਿ ਉਸ ਨੇ ਜੋ ਸੋਚਿਆ, ਉਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਚਾਹੇ ਅਸੀਂ ਜਿੰਨੇ ਮਰਜ਼ੀ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹੋਈਏ, ਪਰ ਸਹੀ ਸਿੱਟੇ ’ਤੇ ਪਹੁੰਚਣ ਲਈ ਸਾਨੂੰ ਸਾਰੀ ਜਾਣਕਾਰੀ ਲੈਣ ਦੀ ਲੋੜ ਹੈ।

18. ਕਿਸੇ ਭੈਣ ਜਾਂ ਭਰਾ ਬਾਰੇ ਕੋਈ ਬੁਰੀ ਗੱਲ ਸੁਣ ਕੇ ਸ਼ਾਇਦ ਅਸੀਂ ਉਸ ਗੱਲ ’ਤੇ ਕਿਉਂ ਯਕੀਨ ਕਰਨਾ ਚਾਹੀਏ?

18 ਜਦੋਂ ਕਿਸੇ ਭੈਣ ਜਾਂ ਭਰਾ ਨਾਲ ਸਾਡੀ ਨਹੀਂ ਬਣਦੀ, ਉਦੋਂ ਜਾਣਕਾਰੀ ਦੀ ਸਹੀ ਤਰੀਕੇ ਨਾਲ ਜਾਂਚ ਕਰਨੀ ਔਖੀ ਹੋ ਸਕਦੀ ਹੈ। ਜੇ ਅਸੀਂ ਆਪਣੇ ਮਤਭੇਦਾਂ ਬਾਰੇ ਸੋਚਦੇ ਰਹੀਏ, ਤਾਂ ਸ਼ਾਇਦ ਅਸੀਂ ਆਪਣੇ ਭੈਣ ਜਾਂ ਭਰਾ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਈਏ। ਜੇ ਅਸੀਂ ਉਸ ਬਾਰੇ ਕੋਈ ਬੁਰੀ ਗੱਲ ਸੁਣਦੇ ਹਾਂ, ਤਾਂ ਸ਼ਾਇਦ ਅਸੀਂ ਉਸ ਗੱਲ ’ਤੇ ਯਕੀਨ ਕਰਨਾ ਚਾਹੀਏ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਅਸੀਂ ਭੈਣਾਂ-ਭਰਾਵਾਂ ਲਈ ਗਿਲੇ-ਸ਼ਿਕਵੇ ਰੱਖਦੇ ਹਾਂ, ਤਾਂ ਅਸੀਂ ਪੂਰੀ ਜਾਣਕਾਰੀ ਲਏ ਬਿਨਾਂ ਹੀ ਗ਼ਲਤ ਨਤੀਜੇ ਕੱਢ ਸਕਦੇ ਹਾਂ। (1 ਤਿਮੋ. 6:4, 5) ਇਸ ਲਈ ਆਓ ਆਪਾਂ ਕਦੀ ਵੀ ਆਪਣੇ ਦਿਲ ਵਿਚ ਗਿਲੇ-ਸ਼ਿਕਵੇ ਨਾ ਰੱਖੀਏ। ਇਹ ਗੱਲ ਕਦੀ ਨਾ ਭੁੱਲੋ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰੀਏ ਅਤੇ ਉਨ੍ਹਾਂ ਨੂੰ ਦਿਲੋਂ ਮਾਫ਼ ਕਰੀਏ।​ਕੁਲੁੱਸੀਆਂ 3:12-14 ਪੜ੍ਹੋ।

ਬਾਈਬਲ ਦੇ ਅਸੂਲ ਸਾਡੀ ਰਾਖੀ ਕਰਨਗੇ

19, 20. (ੳ) ਬਾਈਬਲ ਦੇ ਕਿਹੜੇ ਅਸੂਲ ਜਾਣਕਾਰੀ ਦੀ ਸਹੀ ਤਰੀਕੇ ਨਾਲ ਜਾਂਚ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

19 ਅੱਜ ਸਹੀ ਜਾਣਕਾਰੀ ਲੈਣੀ ਅਤੇ ਇਸ ਦੀ ਸਹੀ ਤਰੀਕੇ ਨਾਲ ਜਾਂਚ ਕਰਨੀ ਬਹੁਤ ਔਖੀ ਹੈ। ਕਿਉਂ? ਕਿਉਂਕਿ ਜ਼ਿਆਦਾਤਰ ਜਾਣਕਾਰੀ ਅਧੂਰੀ ਹੁੰਦੀ ਹੈ, ਉਸ ਵਿਚ ਪੂਰੀ ਸੱਚਾਈ ਨਹੀਂ ਦੱਸੀ ਗਈ ਹੁੰਦੀ ਅਤੇ ਅਸੀਂ ਸਾਰੇ ਪਾਪੀ ਹਾਂ। ਪਰ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਗਏ ਅਸੂਲ! ਮਿਸਾਲ ਲਈ, ਇਕ ਅਸੂਲ ਹੈ ਕਿ ਜਾਣਕਾਰੀ ਲੈਣ ਤੋਂ ਪਹਿਲਾਂ ਜਵਾਬ ਦੇਣ ਵਾਲਾ ਮੂਰਖ ਹੁੰਦਾ ਹੈ। (ਕਹਾ. 18:13) ਨਾਲੇ ਇਕ ਹੋਰ ਅਸੂਲ ਵੀ ਸਾਡੀ ਮਦਦ ਕਰਦਾ ਹੈ ਕਿ ਬਿਨਾਂ ਜਾਂਚ ਕੀਤੇ ਸਾਨੂੰ ਹਰੇਕ ਗੱਲ ’ਤੇ ਯਕੀਨ ਨਹੀਂ ਕਰ ਲੈਣਾ ਚਾਹੀਦਾ। (ਕਹਾ. 14:15) ਇਸ ਤੋਂ ਇਲਾਵਾ, ਚਾਹੇ ਅਸੀਂ ਜਿੰਨੇ ਮਰਜ਼ੀ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਫਿਰ ਵੀ ਸਾਨੂੰ ਆਪਣੀ ਸਮਝ ’ਤੇ ਇਤਬਾਰ ਨਹੀਂ ਕਰਨਾ ਚਾਹੀਦਾ। (ਕਹਾ. 3:5, 6) ਬਾਈਬਲ ਦੇ ਅਸੂਲ ਸਹੀ ਜਾਣਕਾਰੀ ਲੈਣ, ਸਹੀ ਸਿੱਟੇ ’ਤੇ ਪਹੁੰਚਣ ਅਤੇ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰ ਕੇ ਸਾਡੀ ਰਾਖੀ ਕਰਨਗੇ।

20 ਇਕ ਹੋਰ ਕਾਰਨ ਕਰਕੇ ਵੀ ਸ਼ਾਇਦ ਸਾਡੇ ਲਈ ਸਹੀ ਜਾਣਕਾਰੀ ਲੈਣੀ ਔਖੀ ਹੋਵੇ। ਇਨਸਾਨਾਂ ਦੀ ਫਿਤਰਤ ਹੈ ਕਿ ਉਹ ਕਿਸੇ ਦਾ ਬਾਹਰਲਾ ਰੂਪ ਦੇਖ ਕੇ ਹੀ ਰਾਇ ਕਾਇਮ ਕਰ ਲੈਂਦੇ ਹਨ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਕਿਹੜੇ ਕੁਝ ਹਾਲਾਤਾਂ ਵਿਚ ਸਾਡੇ ਤੋਂ ਇਹ ਗ਼ਲਤੀ ਹੋ ਸਕਦੀ ਹੈ ਅਤੇ ਅਸੀਂ ਇਹ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦੇ ਹਾਂ।

^ ਪੈਰਾ 8 ਹੋਰ ਜਾਣਕਾਰੀ ਲਈ 2004 ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 111-112 ਅਤੇ 2008 ਦੀ ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 133-135 ਦੇਖੋ।