Skip to content

Skip to table of contents

ਸੱਚਾਈ ਸਿਖਾਓ

ਸੱਚਾਈ ਸਿਖਾਓ

“ਹੇ ਯਹੋਵਾਹ, . . . ਤੇਰੇ ਬਚਨ ਦਾ ਤਾਤ ਪਰਜ [ਨਿਚੋੜ] ਸਚਿਆਈ ਹੈ।”​ਜ਼ਬੂ. 119:159, 160.

ਗੀਤ: 34, 45

1, 2. (ੳ) ਯਿਸੂ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੰਮ ਕਿਹੜਾ ਸੀ ਅਤੇ ਕਿਉਂ? (ਅ) ਵਧੀਆ ਤਰੀਕੇ ਨਾਲ “ਪਰਮੇਸ਼ੁਰ ਨਾਲ ਮਿਲ ਕੇ ਕੰਮ” ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

ਯਿਸੂ ਤਰਖਾਣ ਸੀ ਤੇ ਬਾਅਦ ਵਿਚ ਉਹ ਗੁਰੂ ਯਾਨੀ ਸਿੱਖਿਅਕ ਬਣਿਆ। (ਮਰ. 6:3; ਯੂਹੰ. 13:13) ਉਸ ਨੇ ਦੋਵੇਂ ਕੰਮ ਬਹੁਤ ਵਧੀਆ ਤਰੀਕੇ ਨਾਲ ਸਿੱਖੇ ਸਨ। ਤਰਖਾਣ ਵਜੋਂ, ਉਸ ਨੇ ਲੱਕੜੀ ਤੋਂ ਵਧੀਆ ਚੀਜ਼ਾਂ ਬਣਾਉਣ ਲਈ ਔਜ਼ਾਰਾਂ ਨੂੰ ਵਰਤਣਾ ਸਿੱਖਿਆ। ਸਿੱਖਿਅਕ ਵਜੋਂ, ਉਸ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਸਮਝਾਉਣ ਲਈ ਪਵਿੱਤਰ ਲਿਖਤਾਂ ਦੀ ਆਪਣੀ ਡੂੰਘੀ ਸਮਝ ਨੂੰ ਵਰਤਿਆ। (ਮੱਤੀ 7:28; ਲੂਕਾ 24:32, 45) ਜਦੋਂ ਯਿਸੂ 30 ਸਾਲਾਂ ਦਾ ਸੀ, ਤਾਂ ਉਸ ਨੇ ਤਰਖਾਣ ਦਾ ਕੰਮ ਛੱਡ ਦਿੱਤਾ ਅਤੇ ਲੋਕਾਂ ਨੂੰ ਸਿੱਖਿਆ ਦੇਣ ਲੱਗ ਪਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਇਹੀ ਸਭ ਤੋਂ ਜ਼ਰੂਰੀ ਕੰਮ ਸੀ। ਉਸ ਨੇ ਕਿਹਾ ਕਿ ਪਰਮੇਸ਼ੁਰ ਦੁਆਰਾ ਉਸ ਨੂੰ ਧਰਤੀ ’ਤੇ ਭੇਜਣ ਦਾ ਇਕ ਕਾਰਨ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸੀ। (ਮੱਤੀ 20:28; ਲੂਕਾ 3:23; 4:43) ਯਿਸੂ ਦਾ ਪੂਰਾ ਧਿਆਨ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ’ਤੇ ਲੱਗਾ ਹੋਇਆ ਸੀ ਅਤੇ ਉਹ ਚਾਹੁੰਦਾ ਸੀ ਕਿ ਦੂਜੇ ਵੀ ਇੱਦਾਂ ਹੀ ਕਰਨ।​—ਮੱਤੀ 9:35-38.

2 ਸਾਡੇ ਵਿੱਚੋਂ ਜ਼ਿਆਦਾਤਰ ਜਣੇ ਤਰਖਾਣ ਨਹੀਂ ਹਨ, ਪਰ ਅਸੀਂ ਸਾਰੇ ਜਣੇ ਸਿੱਖਿਅਕ ਹਾਂ ਜੋ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। ਇਹ ਕੰਮ ਇੰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਵੀ ਇਹ ਕੰਮ ਕਰਦਾ ਹੈ। ਸਾਨੂੰ “ਪਰਮੇਸ਼ੁਰ ਨਾਲ ਮਿਲ ਕੇ ਕੰਮ” ਕਰਨ ਵਾਲੇ ਕਿਹਾ ਗਿਆ ਹੈ। (1 ਕੁਰਿੰ. 3:9; 2 ਕੁਰਿੰ. 6:4) ਅਸੀਂ ਜ਼ਬੂਰਾਂ ਦੇ ਲਿਖਾਰੀ ਨਾਲ ਸਹਿਮਤ ਹੋਵਾਂਗੇ ਜਿਸ ਨੇ ਕਿਹਾ: “ਤੇਰੇ ਬਚਨ ਦਾ ਤਾਤ ਪਰਜ [ਨਿਚੋੜ] ਸਚਿਆਈ ਹੈ।” ਯਹੋਵਾਹ ਦਾ ਬਚਨ ਸੱਚਾਈ ਹੈ। (ਜ਼ਬੂ. 119:159, 160) ਇਸ ਕਰਕੇ ਅਸੀਂ ਇਹ ਪੱਕਾ ਕਰਨਾ ਚਾਹੁੰਦੇ ਹਾਂ ਕਿ ਅਸੀਂ ਪ੍ਰਚਾਰ ਵਿਚ ‘ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਣ ਅਤੇ ਸਮਝਾਉਣ’ ਵਾਲੇ ਹਾਂ। (2 ਤਿਮੋਥਿਉਸ 2:15 ਪੜ੍ਹੋ।) ਇਸ ਲਈ ਸਾਨੂੰ ਆਪਣੇ ਮੁੱਖ ਔਜ਼ਾਰ ਬਾਈਬਲ ਨੂੰ ਵਰਤਣ ਵਿਚ ਮਾਹਰ ਬਣਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਅਸੀਂ ਦੂਜਿਆਂ ਨੂੰ ਯਹੋਵਾਹ, ਯਿਸੂ ਅਤੇ ਰਾਜ ਬਾਰੇ ਸਿਖਾਉਂਦੇ ਹਾਂ। ਪ੍ਰਚਾਰ ਵਿਚ ਸਫ਼ਲ ਹੋਣ ਲਈ ਯਹੋਵਾਹ ਦੇ ਸੰਗਠਨ ਨੇ ਸਾਨੂੰ ਹੋਰ ਵੀ ਕਈ ਵਧੀਆ ਔਜ਼ਾਰ ਦਿੱਤੇ ਹਨ। ਇਸ ਲਈ ਸਾਨੂੰ ਇਨ੍ਹਾਂ ਨੂੰ ਵਰਤਣਾ ਸਿੱਖਣਾ ਚਾਹੀਦਾ ਹੈ। ਇਹ ਔਜ਼ਾਰ “ਸਿਖਾਉਣ ਲਈ ਔਜ਼ਾਰਾਂ” ਵਿਚ ਦਿੱਤੇ ਗਏ ਹਨ।

3. ਸਾਨੂੰ ਪ੍ਰਚਾਰ ਵਿਚ ਆਪਣਾ ਧਿਆਨ ਕਿਸ ਗੱਲ ’ਤੇ ਲਾਉਣਾ ਚਾਹੀਦਾ ਹੈ ਅਤੇ ਇੱਦਾਂ ਕਰਨ ਵਿਚ ਰਸੂਲਾਂ ਦੇ ਕੰਮ 13:48 ਸਾਡੀ ਕਿਵੇਂ ਮਦਦ ਕਰਦਾ ਹੈ?

3 ਤੁਸੀਂ ਸ਼ਾਇਦ ਸੋਚੋ ਕਿ ਅਸੀਂ ਇਸ ਨੂੰ “ਪ੍ਰਚਾਰ ਲਈ ਔਜ਼ਾਰ” ਕਹਿਣ ਦੀ ਬਜਾਇ “ਸਿਖਾਉਣ ਲਈ ਔਜ਼ਾਰ” ਕਿਉਂ ਕਹਿੰਦੇ ਹਾਂ। “ਪ੍ਰਚਾਰ” ਕਰਨ ਦਾ ਮਤਲਬ ਸੰਦੇਸ਼ ਸੁਣਾਉਣਾ ਹੈ, ਪਰ “ਸਿਖਾਉਣ” ਦਾ ਮਤਲਬ ਸੰਦੇਸ਼ ਨੂੰ ਖੁੱਲ੍ਹ ਕੇ ਦੱਸਣਾ ਹੈ ਤਾਂਕਿ ਸੁਣਨ ਵਾਲਾ ਇਸ ਨੂੰ ਸਮਝ ਸਕੇ ਅਤੇ ਫਿਰ ਸਿੱਖੀਆਂ ਗੱਲਾਂ ਮੁਤਾਬਕ ਕਦਮ ਚੁੱਕ ਸਕੇ। ਇਸ ਦੁਨੀਆਂ ਦਾ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਇਸ ਲਈ ਸਾਨੂੰ ਆਪਣਾ ਧਿਆਨ ਬਾਈਬਲ ਸਟੱਡੀ ਸ਼ੁਰੂ ਕਰਵਾਉਣ ਅਤੇ ਲੋਕਾਂ ਨੂੰ ਸੱਚਾਈ ਸਿਖਾਉਣ ’ਤੇ ਲਾਉਣਾ ਚਾਹੀਦਾ ਹੈ ਤਾਂਕਿ ਉਹ ਮਸੀਹ ਦੇ ਚੇਲੇ ਬਣ ਸਕਣ। ਇਸ ਦਾ ਮਤਲਬ ਹੈ ਕਿ ਸਾਨੂੰ ਜੋਸ਼ ਨਾਲ ਉਨ੍ਹਾਂ ਦੀ ਭਾਲ ਕਰਨੀ ਚਾਹੀਦੀ ਹੈ “ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂਕਿ ਉਹ ਯਹੋਵਾਹ ਦੀ ਸੇਵਾ ਕਰ ਸਕਣ।​—ਰਸੂਲਾਂ ਦੇ ਕੰਮ 13:44-48 ਪੜ੍ਹੋ।

4. ਅਸੀਂ ਉਨ੍ਹਾਂ ਲੋਕਾਂ ਨੂੰ ਕਿਵੇਂ ਲੱਭ ਸਕਦੇ ਹਾਂ ਜਿਹੜੇ “ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ?

4 ਅਸੀਂ ਉਨ੍ਹਾਂ ਲੋਕਾਂ ਨੂੰ ਕਿਵੇਂ ਲੱਭ ਸਕਦੇ ਹਾਂ ਜਿਹੜੇ “ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ? ਪਹਿਲੀ ਸਦੀ ਦੇ ਮਸੀਹੀ ਇੱਦਾਂ ਦੇ ਲੋਕਾਂ ਨੂੰ ਸਿਰਫ਼ ਪ੍ਰਚਾਰ ਰਾਹੀਂ ਹੀ ਲੱਭ ਸਕਦੇ ਸਨ। ਯਿਸੂ ਨੇ ਕਿਹਾ: “ਤੁਸੀਂ ਜਿਸ ਕਿਸੇ ਸ਼ਹਿਰ ਜਾਂ ਪਿੰਡ ਵਿਚ ਵੜੋ, ਉੱਥੇ ਉਸ ਇਨਸਾਨ ਨੂੰ ਲੱਭੋ ਜੋ ਤੁਹਾਨੂੰ ਆਪਣੇ ਘਰ ਠਹਿਰਾਉਣ ਅਤੇ ਤੁਹਾਡਾ ਸੰਦੇਸ਼ ਸੁਣਨ ਦੇ ਯੋਗ ਹੋਵੇ।” (ਮੱਤੀ 10:11) ਅੱਜ ਸਾਨੂੰ ਵੀ ਇਸੇ ਤਰ੍ਹਾਂ ਕਰਨ ਦੀ ਲੋੜ ਹੈ। ਬਿਨਾਂ ਸ਼ੱਕ, ਜੇ ਲੋਕ ਨੇਕਦਿਲ ਨਹੀਂ ਹਨ, ਘਮੰਡੀ ਹਨ ਜਾਂ ਪਰਮੇਸ਼ੁਰ ਨੂੰ ਨਹੀਂ ਮੰਨਦੇ ਹਨ, ਤਾਂ ਅਸੀਂ ਉਮੀਦ ਨਹੀਂ ਰੱਖਦੇ ਕਿ ਉਹ ਲੋਕ ਖ਼ੁਸ਼ ਖ਼ਬਰੀ ਸੁਣਨਗੇ। ਅਸੀਂ ਉਨ੍ਹਾਂ ਲੋਕਾਂ ਨੂੰ ਲੱਭਦੇ ਹਾਂ ਜੋ ਨੇਕਦਿਲ ਤੇ ਨਿਮਰ ਹਨ ਅਤੇ ਸੱਚਾਈ ਜਾਣਨੀ ਚਾਹੁੰਦੇ ਹਨ। ਅਸੀਂ ਲੱਭਣ ਦੇ ਕੰਮ ਦੀ ਤੁਲਨਾ ਯਿਸੂ ਦੇ ਤਰਖਾਣ ਦੇ ਕੰਮ ਨਾਲ ਕਰ ਸਕਦੇ ਹਾਂ। ਘਰ ਦਾ ਸਾਮਾਨ, ਦਰਵਾਜ਼ਾ, ਜੂਲਾ ਜਾਂ ਕੁਝ ਹੋਰ ਬਣਾਉਣ ਤੋਂ ਪਹਿਲਾਂ ਉਹ ਸਹੀ ਲੱਕੜ ਲੱਭਦਾ ਸੀ। ਫਿਰ ਉਹ ਆਪਣੇ ਔਜ਼ਾਰਾਂ ਅਤੇ ਹੁਨਰ ਨੂੰ ਵਰਤ ਕੇ ਇਸ ਤੋਂ ਕੋਈ ਚੀਜ਼ ਬਣਾਉਂਦਾ ਸੀ। ਇਸੇ ਤਰ੍ਹਾਂ ਅੱਜ ਸਾਨੂੰ ਵੀ ਪਹਿਲਾਂ ਨੇਕਦਿਲ ਲੋਕਾਂ ਨੂੰ ਲੱਭਣਾ ਚਾਹੀਦਾ ਹੈ ਤੇ ਫਿਰ ਆਪਣੇ ਔਜ਼ਾਰਾਂ ਅਤੇ ਹੁਨਰ ਨੂੰ ਵਰਤ ਕੇ ਉਨ੍ਹਾਂ ਨੂੰ ਚੇਲੇ ਬਣਾਉਣਾ ਚਾਹੀਦਾ ਹੈ।​—ਮੱਤੀ 28:19, 20.

5. “ਸਿਖਾਉਣ ਲਈ ਔਜ਼ਾਰਾਂ” ਵਿੱਚੋਂ ਸਾਨੂੰ ਹਰ ਔਜ਼ਾਰ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ? ਮਿਸਾਲ ਦਿਓ। (ਇਸ ਲੇਖ ਦੀਆਂ ਪਹਿਲੀਆਂ ਤਸਵੀਰਾਂ ਦੇਖੋ।)

5 “ਸਿਖਾਉਣ ਲਈ ਔਜ਼ਾਰਾਂ” ਵਿਚ ਹਰ ਔਜ਼ਾਰ ਦਾ ਇਕ ਖ਼ਾਸ ਮਕਸਦ ਹੈ। ਮਿਸਾਲ ਲਈ, ਉਨ੍ਹਾਂ ਔਜ਼ਾਰਾਂ ਬਾਰੇ ਸੋਚੋ ਜੋ ਯਿਸੂ ਆਪਣੇ ਤਰਖਾਣ ਦੇ ਕੰਮ ਵਿਚ ਵਰਤਦਾ ਸੀ। * ਉਸ ਨੂੰ ਲੱਕੜ ਦਾ ਨਾਪ ਲੈਣ, ਨਿਸ਼ਾਨ ਲਾਉਣ, ਵੱਢਣ, ਛੇਕ ਕਰਨ, ਆਕਾਰ ਦੇਣ, ਜੋੜਨ ਅਤੇ ਬਰਾਬਰ ਕਰਨ ਲਈ ਵੀ ਔਜ਼ਾਰਾਂ ਦੀ ਲੋੜ ਪੈਂਦੀ ਹੋਣੀ। ਬਿਲਕੁਲ ਇਸੇ ਤਰ੍ਹਾਂ “ਸਿਖਾਉਣ ਲਈ ਔਜ਼ਾਰਾਂ” ਵਿਚ ਦਿੱਤੇ ਹਰੇਕ ਔਜ਼ਾਰ ਦਾ ਇਕ ਖ਼ਾਸ ਮਕਸਦ ਹੈ। ਇਸ ਲਈ ਆਓ ਆਪਾਂ ਦੇਖੀਏ ਕਿ ਅਸੀਂ ਇਨ੍ਹਾਂ ਜ਼ਰੂਰੀ ਔਜ਼ਾਰਾਂ ਨੂੰ ਕਿਵੇਂ ਵਰਤ ਸਕਦੇ ਹਾਂ।

ਸਾਡੀ ਜਾਣ-ਪਛਾਣ ਕਰਾਉਣ ਵਾਲੇ ਔਜ਼ਾਰ

6, 7. (ੳ) ਤੁਸੀਂ ਸੰਪਰਕ ਕਾਰਡ ਨੂੰ ਕਿਵੇਂ ਵਰਤਿਆ ਹੈ? (ਅ) ਅਸੀਂ ਲੋਕਾਂ ਨੂੰ ਸੱਦਾ-ਪੱਤਰ ਕਿਉਂ ਦਿੰਦੇ ਹਾਂ?

6 ਸੰਪਰਕ ਕਾਰਡ। ਚਾਹੇ ਇਹ ਬਹੁਤ ਛੋਟੇ ਹਨ, ਪਰ ਬਹੁਤ ਅਸਰਕਾਰੀ ਔਜ਼ਾਰ ਹਨ। ਇਸ ਤੋਂ ਲੋਕਾਂ ਨੂੰ ਸਾਡੇ ਅਤੇ ਸਾਡੀ ਵੈੱਬਸਾਈਟ ਬਾਰੇ ਪਤਾ ਲੱਗਦਾ ਹੈ। ਸਾਡੀ ਵੈੱਬਸਾਈਟ ਤੋਂ ਲੋਕ ਸਾਡੇ ਬਾਰੇ ਹੋਰ ਜਾਣ ਸਕਦੇ ਹਨ ਅਤੇ ਬਾਈਬਲ ਸਟੱਡੀ ਲਈ ਫ਼ਾਰਮ ਭਰ ਸਕਦੇ ਹਨ। ਹੁਣ ਤਕ ਚਾਰ ਲੱਖ ਤੋਂ ਜ਼ਿਆਦਾ ਲੋਕਾਂ ਨੇ ਵੈੱਬਸਾਈਟ ਰਾਹੀਂ ਬਾਈਬਲ ਸਟੱਡੀ ਕਰਨ ਲਈ ਫ਼ਾਰਮ ਭਰਿਆ ਹੈ ਅਤੇ ਹਰ ਦਿਨ ਸੈਂਕੜੇ ਲੋਕ ਫ਼ਾਰਮ ਭਰਦੇ ਹਨ। ਤੁਸੀਂ ਆਪਣੇ ਕੋਲ ਕੁਝ ਸੰਪਰਕ ਕਾਰਡ ਰੱਖ ਸਕਦੇ ਹੋ ਤਾਂਕਿ ਮੌਕਾ ਮਿਲਣ ’ਤੇ ਲੋਕਾਂ ਨਾਲ ਗੱਲ ਕਰ ਕੇ ਤੁਸੀਂ ਇਨ੍ਹਾਂ ਨੂੰ ਵਰਤ ਸਕੋ।

7 ਸੱਦਾ-ਪੱਤਰ। ਸਭਾਵਾਂ ਲਈ ਛਪੇ ਸੱਦਾ-ਪੱਤਰ ਵਿਚ ਲਿਖਿਆ ਹੈ: “ਯਹੋਵਾਹ ਦੇ ਗਵਾਹਾਂ ਕੋਲੋਂ ਬਾਈਬਲ ਦਾ ਗਿਆਨ ਲਓ।” ਫਿਰ ਇਸ ਵਿਚ ਦੱਸਿਆ ਗਿਆ ਹੈ ਕਿ ਤੁਸੀਂ “ਸਾਡੀਆਂ ਮੀਟਿੰਗਾਂ ਵਿਚ” ਆ ਕੇ ਜਾਂ “ਕਿਸੇ ਨਾਲ ਚਰਚਾ ਕਰ ਕੇ” ਇੱਦਾਂ ਕਰ ਸਕਦੇ ਹੋ। ਸੋ ਇਸ ਸੱਦਾ-ਪੱਤਰ ਤੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਕੌਣ ਹਾਂ ਅਤੇ ਇਸ ਵਿਚ ‘ਪਰਮੇਸ਼ੁਰ ਦੀ ਅਗਵਾਈ ਲਈ ਤਰਸਣ’ ਵਾਲੇ ਲੋਕਾਂ ਨੂੰ ਬਾਈਬਲ ਸਟੱਡੀ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ। (ਮੱਤੀ 5:3) ਚਾਹੇ ਲੋਕ ਬਾਈਬਲ ਸਟੱਡੀ ਕਰਨ ਜਾਂ ਨਾ, ਪਰ ਫਿਰ ਵੀ ਅਸੀਂ ਲੋਕਾਂ ਨੂੰ ਸਭਾਵਾਂ ’ਤੇ ਆਉਣ ਦਾ ਸੱਦਾ ਦਿੰਦੇ ਹਾਂ। ਸਾਡੀਆਂ ਸਭਾਵਾਂ ’ਤੇ ਆ ਕੇ ਉਹ ਦੇਖ ਸਕਣਗੇ ਕਿ ਉਹ ਬਾਈਬਲ ਬਾਰੇ ਕਿੰਨਾ ਕੁਝ ਸਿੱਖ ਸਕਦੇ ਹਨ।

8. ਇਹ ਕਿਉਂ ਜ਼ਰੂਰੀ ਹੈ ਕਿ ਲੋਕ ਘੱਟੋ-ਘੱਟ ਇਕ ਵਾਰ ਸਾਡੀਆਂ ਸਭਾਵਾਂ ’ਤੇ ਆਉਣ? ਇਕ ਮਿਸਾਲ ਦਿਓ।

8 ਸਾਨੂੰ ਲੋਕਾਂ ਨੂੰ ਆਪਣੀਆਂ ਸਭਾਵਾਂ ’ਤੇ ਬੁਲਾਉਂਦੇ ਰਹਿਣਾ ਚਾਹੀਦਾ ਹੈ ਤਾਂਕਿ ਉਹ ਘੱਟੋ-ਘੱਟ ਇਕ ਵਾਰ ਸਾਡੀਆਂ ਸਭਾਵਾਂ ’ਤੇ ਆ ਸਕਣ। ਕਿਉਂ? ਕਿਉਂਕਿ ਸਾਡੀਆਂ ਸਭਾਵਾਂ ’ਤੇ ਆ ਕੇ ਉਹ ਸਾਫ਼-ਸਾਫ਼ ਦੇਖ ਸਕਣਗੇ ਕਿ ਝੂਠੇ ਧਰਮਾਂ ਤੋਂ ਉਲਟ ਸਿਰਫ਼ ਯਹੋਵਾਹ ਦੇ ਗਵਾਹ ਹੀ ਬਾਈਬਲ ਵਿੱਚੋਂ ਸੱਚਾਈ ਸਿਖਾਉਂਦੇ ਹਨ ਅਤੇ ਰੱਬ ਬਾਰੇ ਜਾਣਨ ਵਿਚ ਲੋਕਾਂ ਦੀ ਮਦਦ ਕਰਦੇ ਹਨ। (ਯਸਾ. 65:13) ਮਿਸਾਲ ਲਈ, ਅਮਰੀਕਾ ਵਿਚ ਰਹਿਣ ਵਾਲੇ ਇਕ ਜੋੜੇ ਰੇਅ ਅਤੇ ਲੀਨਾ ਨੇ ਕੁਝ ਸਾਲ ਪਹਿਲਾਂ ਇਹ ਫ਼ਰਕ ਦੇਖਿਆ। ਉਹ ਰੱਬ ਨੂੰ ਮੰਨਦੇ ਸਨ ਅਤੇ ਉਸ ਬਾਰੇ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਸਨ। ਇਸ ਕਰਕੇ ਉਨ੍ਹਾਂ ਨੇ ਆਪਣੇ ਸ਼ਹਿਰ ਦੇ ਹਰ ਚਰਚ ਵਿਚ ਜਾਣ ਦਾ ਫ਼ੈਸਲਾ ਕੀਤਾ। ਕਿਸੇ ਵੀ ਚਰਚ ਦੇ ਮੈਂਬਰ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਦੋ ਗੱਲਾਂ ਦੇਖਣ ਦਾ ਫ਼ੈਸਲਾ ਕੀਤਾ। ਪਹਿਲੀ, ਉਨ੍ਹਾਂ ਨੂੰ ਚਰਚ ਤੋਂ ਰੱਬ ਬਾਰੇ ਕੁਝ ਸਿੱਖਣ ਨੂੰ ਮਿਲੇਗਾ। ਦੂਜੀ, ਚਰਚ ਵਿਚ ਆਉਣ ਵਾਲਿਆਂ ਦੇ ਕੱਪੜੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਜਿਸ ਤਰ੍ਹਾਂ ਦੇ ਰੱਬ ਦੀ ਭਗਤੀ ਕਰਨ ਵਾਲਿਆਂ ਦੇ ਹੋਣੇ ਚਾਹੀਦੇ ਹਨ। ਬਹੁਤ ਸਾਰੇ ਚਰਚ ਹੋਣ ਕਰਕੇ ਉਨ੍ਹਾਂ ਨੂੰ ਕਈ ਸਾਲ ਲੱਗ ਗਏ। ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਉਨ੍ਹਾਂ ਨੂੰ ਕੁਝ ਵੀ ਸਿੱਖਣ ਨੂੰ ਨਹੀਂ ਮਿਲਿਆ ਅਤੇ ਚਰਚ ਦੇ ਲੋਕਾਂ ਦੇ ਕੱਪੜੇ ਵੀ ਬੇਢੰਗੇ ਸਨ। ਆਖ਼ਰੀ ਚਰਚ ਵਿਚ ਜਾਣ ਤੋਂ ਬਾਅਦ ਲੀਨਾ ਆਪਣੇ ਕੰਮ ’ਤੇ ਚਲੀ ਗਈ ਤੇ ਰੇਅ ਘਰ ਚਲਾ ਗਿਆ। ਘਰ ਜਾਂਦਿਆਂ ਰਸਤੇ ਵਿਚ ਰੇਅ ਕਿੰਗਡਮ ਹਾਲ ਅੱਗੋਂ ਦੀ ਲੰਘਿਆ। ਉਸ ਨੇ ਸੋਚਿਆ, ‘ਅੰਦਰ ਚੱਲ ਕੇ ਦੇਖਦਾ ਕਿ ਇੱਥੇ ਕੀ ਹੁੰਦਾ ਹੈ।’ ਬਿਨਾਂ ਸ਼ੱਕ, ਇਹ ਕਦੇ ਨਾ ਭੁੱਲਣ ਵਾਲਾ ਤਜਰਬਾ ਸੀ! ਕਿੰਗਡਮ ਹਾਲ ਵਿਚ ਸਾਰੇ ਜਣੇ ਬਹੁਤ ਪਿਆਰ ਤੇ ਦੋਸਤਾਨਾ ਤਰੀਕੇ ਨਾਲ ਪੇਸ਼ ਆ ਰਹੇ ਸਨ ਅਤੇ ਸਾਰਿਆਂ ਨੇ ਸਲੀਕੇਦਾਰ ਕੱਪੜੇ ਪਾਏ ਹੋਏ ਸਨ। ਰੇਅ ਸਭ ਤੋਂ ਅੱਗੇ ਜਾ ਕੇ ਬੈਠ ਗਿਆ ਅਤੇ ਉਸ ਨੇ ਜੋ ਸਿੱਖਿਆ ਉਸ ਨੂੰ ਬਹੁਤ ਵਧੀਆ ਲੱਗਾ। ਇਸ ਤੋਂ ਸਾਨੂੰ ਪੌਲੁਸ ਰਸੂਲ ਦੀ ਉਹ ਗੱਲ ਯਾਦ ਆਉਂਦੀ ਹੈ ਜੋ ਉਸ ਨੇ ਪਹਿਲੀ ਵਾਰ ਸਭਾਵਾਂ ’ਤੇ ਆਉਣ ਵਾਲੇ ਆਦਮੀ ਬਾਰੇ ਕਹੀ ਸੀ: “ਪਰਮੇਸ਼ੁਰ ਵਾਕਈ ਤੁਹਾਡੇ ਨਾਲ ਹੈ।” (1 ਕੁਰਿੰ. 14:23-25) ਇਸ ਤੋਂ ਬਾਅਦ, ਰੇਅ ਹਰੇਕ ਐਤਵਾਰ ਦੀ ਸਭਾ ’ਤੇ ਜਾਣ ਲੱਗ ਪਿਆ। ਫਿਰ ਉਹ ਹਫ਼ਤੇ ਦੌਰਾਨ ਹੋਣ ਵਾਲੀ ਸਭਾ ’ਤੇ ਵੀ ਜਾਣ ਲੱਗ ਪਿਆ। ਲੀਨਾ ਨੇ ਵੀ ਸਭਾਵਾਂ ’ਤੇ ਜਾਣਾ ਸ਼ੁਰੂ ਕਰ ਦਿੱਤਾ। ਚਾਹੇ ਉਨ੍ਹਾਂ ਦੀ ਉਮਰ 70 ਤੋਂ ਜ਼ਿਆਦਾ ਸਾਲਾਂ ਦੀ ਸੀ, ਫਿਰ ਵੀ ਉਨ੍ਹਾਂ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਤੇ ਬਪਤਿਸਮਾ ਲੈ ਲਿਆ।

ਗੱਲਬਾਤ ਸ਼ੁਰੂ ਕਰਨ ਵਾਲੇ ਔਜ਼ਾਰ

9, 10. (ੳ) ਪਰਚਿਆਂ ਤੋਂ ਗੱਲਬਾਤ ਸ਼ੁਰੂ ਕਰਨੀ ਸੌਖੀ ਕਿਉਂ ਹੈ? (ਅ) ਦੱਸੋ ਕਿ ਪਰਮੇਸ਼ੁਰ ਦਾ ਰਾਜ ਕੀ ਹੈ? ਨਾਂ ਦਾ ਪਰਚਾ ਕਿਵੇਂ ਵਰਤਿਆ ਜਾ ਸਕਦਾ ਹੈ।

9 ਪਰਚੇ। ਸਿਖਾਉਣ ਲਈ ਔਜ਼ਾਰਾਂ ਵਿਚ ਸਾਡੇ ਕੋਲ ਅੱਠ ਪਰਚੇ ਹਨ। ਇਨ੍ਹਾਂ ਨੂੰ ਇਸਤੇਮਾਲ ਕਰਨਾ ਬਹੁਤ ਸੌਖਾ ਹੈ। ਇਹ ਗੱਲਬਾਤ ਸ਼ੁਰੂ ਕਰਨ ਲਈ ਵਧੀਆ ਔਜ਼ਾਰ ਹਨ। 2013 ਵਿਚ ਪਹਿਲੀ ਵਾਰ ਇਹ ਪਰਚੇ ਰੀਲੀਜ਼ ਕੀਤੇ ਗਏ ਸਨ। ਹੁਣ ਤਕ ਇਨ੍ਹਾਂ ਦੀਆਂ ਲਗਭਗ 5 ਕਰੋੜ ਕਾਪੀਆਂ ਛਾਪੀਆਂ ਜਾ ਚੁੱਕੀਆਂ ਹਨ। ਹਰ ਪਰਚੇ ਦੀ ਬਣਾਵਟ ਇੱਕੋ ਜਿਹੀ ਹੈ। ਇਸ ਲਈ ਜੇ ਤੁਸੀਂ ਇਕ ਪਰਚੇ ਨੂੰ ਵਰਤਣਾ ਸਿੱਖ ਲਿਆ, ਤਾਂ ਤੁਸੀਂ ਸਾਰੇ ਪਰਚੇ ਵਰਤ ਸਕੋਗੇ। ਪਰਚੇ ਨੂੰ ਵਰਤ ਕੇ ਤੁਸੀਂ ਕਿਸੇ ਨਾਲ ਗੱਲਬਾਤ ਕਿਵੇਂ ਸ਼ੁਰੂ ਕਰ ਸਕਦੇ ਹੋ?

10 ਤੁਸੀਂ ਸ਼ਾਇਦ ਪਰਮੇਸ਼ੁਰ ਦਾ ਰਾਜ ਕੀ ਹੈ? ਨਾਂ ਦਾ ਪਰਚਾ ਦੇਣਾ ਚਾਹੋ। ਵਿਅਕਤੀ ਨੂੰ ਪਹਿਲੇ ਸਫ਼ੇ ’ਤੇ ਦਿੱਤਾ ਸਵਾਲ ਦਿਖਾਓ ਤੇ ਪੁੱਛੋ: “ਕੀ ਤੁਸੀਂ ਕਦੇ ਸੋਚਿਆ ਕਿ ਪਰਮੇਸ਼ੁਰ ਦਾ ਰਾਜ ਕੀ ਹੈ? ਤੁਸੀਂ ਕੀ ਕਹੋਗੇ . . .” ਫਿਰ ਕਹੋ ਕਿ ਉਹ ਤਿੰਨਾਂ ਵਿੱਚੋਂ ਕਿਹੜਾ ਜਵਾਬ ਦੇਵੇਗਾ। ਉਸ ਦੇ ਜਵਾਬ ਨੂੰ ਸਹੀ-ਗ਼ਲਤ ਕਹਿਣ ਦੀ ਬਜਾਇ ਪਰਚਾ ਖੋਲ੍ਹ ਕੇ ਦਿਖਾਓ ਕਿ “ਧਰਮ-ਗ੍ਰੰਥ ਕਹਿੰਦਾ ਹੈ” ਅਤੇ ਫਿਰ ਉੱਥੇ ਦਿੱਤੀਆਂ ਆਇਤਾਂ ਦਾਨੀਏਲ 2:44 ਤੇ ਯਸਾਯਾਹ 9:6 ਪੜ੍ਹੋ। ਗੱਲਬਾਤ ਦੇ ਅਖ਼ੀਰ ਵਿਚ, ਪਰਚੇ ਦੇ ਅਖ਼ੀਰਲੇ ਸਫ਼ੇ ’ਤੇ “ਜ਼ਰਾ ਸੋਚੋ” ਹੇਠਾਂ ਦਿੱਤਾ ਸਵਾਲ ਪੁੱਛੋ: “ਪਰਮੇਸ਼ੁਰ ਦੇ ਰਾਜ ਅਧੀਨ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ?” ਤੁਸੀਂ ਅਗਲੀ ਵਾਰ ਇਸ ਸਵਾਲ ਦਾ ਜਵਾਬ ਦੇ ਸਕਦੇ ਹੋ। ਧਿਆਨ ਦਿਓ ਕਿ ਦੁਬਾਰਾ ਮਿਲਣ ’ਤੇ ਤੁਸੀਂ ਉਸ ਨੂੰ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਦਾ ਸੱਤਵਾਂ ਪਾਠ ਦਿਖਾ ਸਕਦੇ ਹੋ। ਇਹ ਬਰੋਸ਼ਰ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਇਕ ਔਜ਼ਾਰ ਹੈ।

ਬਾਈਬਲ ’ਤੇ ਨਿਹਚਾ ਵਧਾਉਣ ਵਾਲੇ ਔਜ਼ਾਰ

11. ਸਾਡੇ ਰਸਾਲੇ ਕਿਸ ਮਕਸਦ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਸਾਨੂੰ ਇਨ੍ਹਾਂ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?

11 ਰਸਾਲੇ। ਪਹਿਰਾਬੁਰਜ ਅਤੇ ਜਾਗਰੂਕ ਬਣੋ! ਪੂਰੀ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਤਾਦਾਦ ਵਿਚ ਛਾਪੇ ਅਤੇ ਅਨੁਵਾਦ ਕੀਤੇ ਜਾਣ ਵਾਲੇ ਰਸਾਲੇ ਹਨ। ਅਲੱਗ-ਅਲੱਗ ਦੇਸ਼ਾਂ ਦੇ ਲੋਕ ਇਨ੍ਹਾਂ ਰਸਾਲਿਆਂ ਨੂੰ ਪੜ੍ਹਦੇ ਹਨ। ਇਸ ਲਈ ਇਨ੍ਹਾਂ ਰਸਾਲਿਆਂ ਦੇ ਵਿਸ਼ੇ ਪੂਰੀ ਦੁਨੀਆਂ ਦੇ ਲੋਕਾਂ ਦੀ ਦਿਲਚਸਪੀ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਜਾਂਦੇ ਹਨ। ਸਾਨੂੰ ਇਨ੍ਹਾਂ ਰਸਾਲਿਆਂ ਦੀ ਮਦਦ ਨਾਲ ਲੋਕਾਂ ਦਾ ਧਿਆਨ ਇਸ ਗੱਲ ਵੱਲ ਖਿੱਚਣਾ ਚਾਹੀਦਾ ਹੈ ਕਿ ਜ਼ਿੰਦਗੀ ਵਿਚ ਅੱਜ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ। ਪਰ ਪਹਿਲਾਂ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਕਿਹੜਾ ਰਸਾਲਾ ਕਿਸ ਤਰ੍ਹਾਂ ਦੇ ਵਿਅਕਤੀ ਲਈ ਤਿਆਰ ਕੀਤਾ ਗਿਆ ਹੈ।

12. (ੳ) ਜਾਗਰੂਕ ਬਣੋ! ਕਿਨ੍ਹਾਂ ਲੋਕਾਂ ਅਤੇ ਕਿਸ ਮਕਸਦ ਲਈ ਤਿਆਰ ਕੀਤਾ ਜਾਂਦਾ ਹੈ? (ਅ) ਹਾਲ ਹੀ ਵਿਚ ਇਸ ਔਜ਼ਾਰ ਨੂੰ ਵਰਤ ਕੇ ਤੁਹਾਨੂੰ ਕਿਹੜੇ ਵਧੀਆ ਤਜਰਬੇ ਹੋਏ ਹਨ?

12 ਜਾਗਰੂਕ ਬਣੋ! ਰਸਾਲਾ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਬਾਈਬਲ ਬਾਰੇ ਥੋੜ੍ਹਾ-ਬਹੁਤ ਜਾਂ ਕੁਝ ਵੀ ਨਹੀਂ ਪਤਾ ਹੈ। ਉਨ੍ਹਾਂ ਨੂੰ ਸ਼ਾਇਦ ਮਸੀਹੀ ਸਿੱਖਿਆਵਾਂ ਬਾਰੇ ਕੁਝ ਵੀ ਨਾ ਪਤਾ ਹੋਵੇ, ਸ਼ਾਇਦ ਉਨ੍ਹਾਂ ਨੂੰ ਕਿਸੇ ਧਰਮ ਵਿਚ ਕੋਈ ਦਿਲਚਸਪੀ ਨਾ ਹੋਵੇ ਜਾਂ ਸ਼ਾਇਦ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ ਕਿ ਬਾਈਬਲ ਦੀ ਸਲਾਹ ਉਨ੍ਹਾਂ ਦੀ ਜ਼ਿੰਦਗੀ ਵਿਚ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਜਾਗਰੂਕ ਬਣੋ! ਰਸਾਲੇ ਨੂੰ ਤਿਆਰ ਕਰਨ ਦਾ ਮੁੱਖ ਮਕਸਦ ਪੜ੍ਹਨ ਵਾਲਿਆਂ ਨੂੰ ਰੱਬ ਦੀ ਹੋਂਦ ’ਤੇ ਵਿਸ਼ਵਾਸ ਦਿਵਾਉਣਾ ਹੈ। (ਰੋਮੀ. 1:20; ਇਬ. 11:6) ਨਾਲੇ ਇਹ ਰਸਾਲਾ ਪੜ੍ਹਨ ਵਾਲਿਆਂ ਦੀ ਇਸ ਗੱਲ ’ਤੇ ਵਿਸ਼ਵਾਸ ਕਰਨ ਵਿਚ ਵੀ ਮਦਦ ਕਰਦਾ ਹੈ ਕਿ ਬਾਈਬਲ ਸੱਚ-ਮੁੱਚ “ਪਰਮੇਸ਼ੁਰ ਦਾ ਬਚਨ” ਹੈ। (1 ਥੱਸ. 2:13) 2018 ਦੇ ਤਿੰਨ ਅੰਕਾਂ ਦੇ ਵਿਸ਼ੇ ਹਨ: “ਖ਼ੁਸ਼ੀ ਦਾ ਰਾਹ,” “ਸੁਖੀ ਪਰਿਵਾਰਾਂ ਦੇ 12 ਰਾਜ਼” ਅਤੇ “ਵਿਛੋੜੇ ਦਾ ਗਮ ਕਿਵੇਂ ਸਹੀਏ?।”

13. (ੳ) ਪਹਿਰਾਬੁਰਜ ਦਾ ਪਬਲਿਕ ਐਡੀਸ਼ਨ ਕਿਨ੍ਹਾਂ ਲਈ ਤਿਆਰ ਕੀਤਾ ਗਿਆ ਹੈ? (ਅ) ਹਾਲ ਹੀ ਵਿਚ ਇਸ ਔਜ਼ਾਰ ਨੂੰ ਵਰਤ ਕੇ ਤੁਹਾਨੂੰ ਕਿਹੜੇ ਵਧੀਆ ਤਜਰਬੇ ਹੋਏ ਹਨ?

13 ਪਹਿਰਾਬੁਰਜ ਦੇ ਪਬਲਿਕ ਐਡੀਸ਼ਨ ਦਾ ਮੁੱਖ ਮਕਸਦ ਉਨ੍ਹਾਂ ਲੋਕਾਂ ਨੂੰ ਬਾਈਬਲ ਦੀਆਂ ਸਿੱਖਿਆਵਾਂ ਸਮਝਾਉਣਾ ਹੈ ਜੋ ਪਹਿਲਾਂ ਹੀ ਰੱਬ ਅਤੇ ਬਾਈਬਲ ਦਾ ਆਦਰ ਕਰਦੇ ਹਨ। ਉਨ੍ਹਾਂ ਨੂੰ ਸ਼ਾਇਦ ਬਾਈਬਲ ਬਾਰੇ ਥੋੜ੍ਹਾ-ਬਹੁਤਾ ਪਤਾ ਹੋਵੇ, ਪਰ ਉਨ੍ਹਾਂ ਨੂੰ ਇਸ ਦੀਆਂ ਸਿੱਖਿਆਵਾਂ ਦੀ ਸਹੀ ਸਮਝ ਨਹੀਂ ਹੁੰਦੀ। (ਰੋਮੀ. 10:2; 1 ਤਿਮੋ. 2:3, 4) 2018 ਦੇ ਤਿੰਨ ਅੰਕਾਂ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ: “ਕੀ ਬਾਈਬਲ ਅੱਜ ਵੀ ਫ਼ਾਇਦੇਮੰਦ ਹੈ?,” “ਤੁਹਾਡਾ ਭਵਿੱਖ ਕਿਹੋ ਜਿਹਾ ਹੋਵੇਗਾ?” ਅਤੇ “ਕੀ ਰੱਬ ਨੂੰ ਤੁਹਾਡਾ ਕੋਈ ਫ਼ਿਕਰ ਹੈ?

ਕਦਮ ਚੁੱਕਣ ਲਈ ਪ੍ਰੇਰਿਤ ਕਰਨ ਵਾਲੇ ਔਜ਼ਾਰ

14. (ੳ) “ਸਿਖਾਉਣ ਲਈ ਔਜ਼ਾਰਾਂ” ਵਿਚ ਚਾਰ ਵੀਡੀਓ ਕਿਉਂ ਪਾਏ ਗਏ ਹਨ? (ਅ) ਇਹ ਵੀਡੀਓ ਦਿਖਾ ਕੇ ਤੁਹਾਨੂੰ ਕਿਹੜੇ ਵਧੀਆ ਤਜਰਬੇ ਹੋਏ ਹਨ?

14 ਵੀਡੀਓ। ਯਿਸੂ ਦੇ ਜ਼ਮਾਨੇ ਵਿਚ ਤਰਖਾਣ ਸਿਰਫ਼ ਹੱਥ ਨਾਲ ਚਲਾਉਣ ਵਾਲੇ ਔਜ਼ਾਰ ਹੀ ਵਰਤਦੇ ਸਨ। ਪਰ ਅੱਜ ਤਰਖਾਣ ਬਿਜਲੀ ਨਾਲ ਚੱਲਣ ਵਾਲੇ ਔਜ਼ਾਰ ਵੀ ਵਰਤਦੇ ਹਨ, ਜਿਵੇਂ ਆਰਾ, ਛੇਕ ਕਰਨ ਵਾਲੀ ਮਸ਼ੀਨ ਤੇ ਰੰਦੇ ਵਗੈਰਾ। ਬਿਲਕੁਲ ਇਸੇ ਤਰ੍ਹਾਂ ਹੁਣ ਸਾਡੇ ਕੋਲ ਛਪੇ ਹੋਏ ਪ੍ਰਕਾਸ਼ਨਾਂ ਦੇ ਨਾਲ-ਨਾਲ ਦਿਖਾਉਣ ਲਈ ਵੀਡੀਓ ਵੀ ਹਨ। ਇਨ੍ਹਾਂ ਵਿੱਚੋਂ ਚਾਰ ਵੀਡੀਓ ਸਿਖਾਉਣ ਲਈ ਔਜ਼ਾਰਾਂ ਵਿਚ ਹਨ: ਬਾਈਬਲ ਕਿਉਂ ਪੜ੍ਹੀਏ?, ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ?, ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਨ?, ਅਤੇ ਯਹੋਵਾਹ ਦੇ ਗਵਾਹ ਕੌਣ ਹਨ? ਇਹ ਵੀਡੀਓ ਦੋ ਮਿੰਟ ਤੋਂ ਵੀ ਘੱਟ ਸਮੇਂ ਦੇ ਹਨ ਅਤੇ ਪਹਿਲੀ ਮੁਲਾਕਾਤ ਵਿਚ ਬਹੁਤ ਅਸਰਕਾਰੀ ਹਨ। ਲੰਬੇ ਵੀਡੀਓ ਅਸੀਂ ਦੁਬਾਰਾ ਮੁਲਾਕਾਤ ਕਰਨ ਵੇਲੇ ਅਤੇ ਉਨ੍ਹਾਂ ਲੋਕਾਂ ਨੂੰ ਦਿਖਾਉਣ ਲਈ ਵਰਤ ਸਕਦੇ ਹਾਂ ਜਿਨ੍ਹਾਂ ਕੋਲ ਕਾਫ਼ੀ ਸਮਾਂ ਹੁੰਦਾ ਹੈ। ਇਹ ਵਧੀਆ ਵੀਡੀਓ ਲੋਕਾਂ ਨੂੰ ਬਾਈਬਲ ਸਟੱਡੀ ਕਰਨ ਅਤੇ ਸਭਾਵਾਂ ’ਤੇ ਆਉਣ ਲਈ ਪ੍ਰੇਰਿਤ ਕਰ ਸਕਦੇ ਹਨ।

15. ਆਪਣੀ ਭਾਸ਼ਾ ਵਿਚ ਸਾਡੇ ਵੀਡੀਓ ਦੇਖਣ ਦਾ ਲੋਕਾਂ ’ਤੇ ਕੀ ਅਸਰ ਪੈ ਸਕਦਾ ਹੈ? ਮਿਸਾਲਾਂ ਦਿਓ।

15 ਮਿਸਾਲ ਲਈ, ਇਕ ਭੈਣ ਇਕ ਔਰਤ ਨੂੰ ਮਿਲੀ ਜੋ ਮਾਈਕ੍ਰੋਨੇਸ਼ੀਆ ਤੋਂ ਆਈ ਸੀ ਅਤੇ ਉਸ ਦੀ ਮਾਂ-ਬੋਲੀ ਯਾਪੀ ਸੀ। ਭੈਣ ਨੇ ਉਸ ਨੂੰ ਯਾਪੀ ਭਾਸ਼ਾ ਵਿਚ ਬਾਈਬਲ ਕਿਉਂ ਪੜ੍ਹੀਏ? ਨਾਂ ਦਾ ਵੀਡੀਓ ਦਿਖਾਇਆ। ਜਦੋਂ ਹੀ ਵੀਡੀਓ ਸ਼ੁਰੂ ਹੋਇਆ, ਤਾਂ ਔਰਤ ਨੇ ਕਿਹਾ: “ਇਹ ਤਾਂ ਮੇਰੀ ਭਾਸ਼ਾ ਬੋਲਦਾ। ਮੈਨੂੰ ਯਕੀਨ ਨਹੀਂ ਹੁੰਦਾ। ਮੈਂ ਇਸ ਦੇ ਗੱਲ ਕਰਨ ਦੇ ਲਹਿਜੇ ਤੋਂ ਦੱਸ ਸਕਦੀ ਹਾਂ ਕਿ ਇਹ ਮੇਰੇ ਟਾਪੂ ਤੋਂ ਹੈ। ਇਹ ਮੇਰੀ ਭਾਸ਼ਾ ਬੋਲਦਾ।” ਇਸ ਤੋਂ ਬਾਅਦ, ਉਸ ਨੇ ਕਿਹਾ ਕਿ ਉਹ jw.org ਤੋਂ ਆਪਣੀ ਭਾਸ਼ਾ ਵਿਚ ਸਾਰੇ ਪ੍ਰਕਾਸ਼ਨ ਪੜ੍ਹੇਗੀ ਅਤੇ ਵੀਡੀਓ ਦੇਖੇਗੀ। (ਰਸੂ. 2:8, 11 ਵਿਚ ਨੁਕਤਾ ਦੇਖੋ।) ਇਕ ਹੋਰ ਮਿਸਾਲ ਅਮਰੀਕਾ ਵਿਚ ਰਹਿਣ ਵਾਲੀ ਭੈਣ ਦੀ ਹੈ ਜਿਸ ਦਾ ਭਤੀਜਾ ਕਿਸੇ ਹੋਰ ਮਹਾਂਦੀਪ ’ਤੇ ਰਹਿੰਦਾ ਹੈ। ਉਸ ਭੈਣ ਨੇ ਆਪਣੇ ਭਤੀਜੇ ਨੂੰ ਉਸ ਦੀ ਭਾਸ਼ਾ ਵਿਚ ਇਸੇ ਵੀਡੀਓ ਦਾ ਲਿੰਕ ਭੇਜਿਆ। ਉਸ ਨੇ ਵੀਡੀਓ ਦੇਖਣ ਤੋਂ ਬਾਅਦ ਭੈਣ ਨੂੰ ਈ-ਮੇਲ ਕੀਤਾ: “ਵੀਡੀਓ ਵਿਚ ਉਸ ਗੱਲ ਦਾ ਮੇਰੇ ’ਤੇ ਬਹੁਤ ਅਸਰ ਹੋਇਆ ਜਿੱਥੇ ਦੱਸਿਆ ਹੈ ਕਿ ਸ਼ੈਤਾਨ ਹੀ ਸਾਰੀ ਦੁਨੀਆਂ ਨੂੰ ਆਪਣੀਆਂ ਉਂਗਲਾਂ ’ਤੇ ਨਚਾ ਰਿਹਾ ਹੈ। ਮੈਂ ਬਾਈਬਲ ਸਟੱਡੀ ਲਈ ਫ਼ਾਰਮ ਭਰ ਦਿੱਤਾ।” ਇਸ ਭੈਣ ਦਾ ਭਤੀਜਾ ਉਸ ਦੇਸ਼ ਵਿਚ ਰਹਿੰਦਾ ਹੈ ਜਿੱਥੇ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਈ ਹੈ।

ਸੱਚਾਈ ਸਿਖਾਉਣ ਲਈ ਔਜ਼ਾਰ

16. ਦੱਸੋ ਕਿ ਹਰ ਬਰੋਸ਼ਰ ਕਿਸ ਖ਼ਾਸ ਮਕਸਦ ਲਈ ਤਿਆਰ ਕੀਤਾ ਗਿਆ ਹੈ: (ੳ) ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ। (ਅ) ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! (ੲ) ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?

16 ਬਰੋਸ਼ਰ। ਅਸੀਂ ਉਨ੍ਹਾਂ ਲੋਕਾਂ ਨੂੰ ਸੱਚਾਈ ਕਿਵੇਂ ਸਿਖਾ ਸਕਦੇ ਹਾਂ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਨਹੀਂ ਆਉਂਦਾ ਜਾਂ ਜਿਨ੍ਹਾਂ ਦੀ ਭਾਸ਼ਾ ਵਿਚ ਕੋਈ ਪ੍ਰਕਾਸ਼ਨ ਨਹੀਂ ਹੈ? ਅਸੀਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਨਾਂ ਦਾ ਬਰੋਸ਼ਰ ਇਸਤੇਮਾਲ ਕਰ ਸਕਦੇ ਹਾਂ। * ਬਾਈਬਲ ਸਟੱਡੀ ਸ਼ੁਰੂ ਕਰਾਉਣ ਦਾ ਸਭ ਤੋਂ ਵਧੀਆ ਔਜ਼ਾਰ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਨਾਂ ਦਾ ਬਰੋਸ਼ਰ ਹੈ। ਤੁਸੀਂ ਇਸ ਦੇ ਅਖ਼ੀਰਲੇ ਸਫ਼ੇ ’ਤੇ ਦਿੱਤੇ 14 ਵਿਸ਼ੇ ਦਿਖਾ ਕੇ ਪੁੱਛ ਸਕਦੇ ਹੋ ਕਿ ਉਸ ਨੂੰ ਕਿਹੜਾ ਵਿਸ਼ਾ ਸਭ ਤੋਂ ਵਧੀਆ ਲੱਗਦਾ ਹੈ। ਫਿਰ ਉਸੇ ਪਾਠ ਤੋਂ ਸਟੱਡੀ ਸ਼ੁਰੂ ਕਰਵਾਓ। ਕੀ ਤੁਸੀਂ ਦੁਬਾਰਾ ਮੁਲਾਕਾਤ ਵੇਲੇ ਕਦੇ ਇਸ ਤਰ੍ਹਾਂ ਕੀਤਾ ਹੈ? ਸਾਡੇ ਔਜ਼ਾਰਾਂ ਵਿਚ ਤੀਜਾ ਬਰੋਸ਼ਰ ਹੈ, ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ? ਇਹ ਬਰੋਸ਼ਰ ਵਿਦਿਆਰਥੀ ਨੂੰ ਸਾਡੇ ਸੰਗਠਨ ਬਾਰੇ ਜਾਣਕਾਰੀ ਦੇਣ ਲਈ ਤਿਆਰ ਕੀਤਾ ਗਿਆ ਹੈ। ਮਾਰਚ 2017 ਦੀ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿਚ ਦੱਸਿਆ ਗਿਆ ਸੀ ਕਿ ਜਦੋਂ ਅਸੀਂ ਬਾਈਬਲ ਸਟੱਡੀ ਕਰਾਉਂਦੇ ਹਾਂ, ਤਾਂ ਹਰ ਵਾਰ ਅਸੀਂ ਇਹ ਬਰੋਸ਼ਰ ਕਿਵੇਂ ਵਰਤ ਸਕਦੇ ਹਾਂ।

17. (ੳ) ਬਾਈਬਲ ਸਟੱਡੀ ਲਈ ਤਿਆਰ ਕੀਤੀ ਹਰੇਕ ਕਿਤਾਬ ਦਾ ਕੀ ਮਕਸਦ ਹੈ? (ਅ) ਬਪਤਿਸਮਾ ਲੈਣ ਤੋਂ ਬਾਅਦ ਵੀ ਨਵੇਂ ਲੋਕਾਂ ਨੂੰ ਕੀ ਕਰਨ ਦੀ ਲੋੜ ਹੈ ਅਤੇ ਕਿਉਂ?

17 ਕਿਤਾਬਾਂ। ਕਿਸੇ ਨੂੰ ਬਰੋਸ਼ਰ ਤੋਂ ਬਾਈਬਲ ਸਟੱਡੀ ਸ਼ੁਰੂ ਕਰਵਾਉਣ ਤੋਂ ਬਾਅਦ ਤੁਸੀਂ ਕਿਸੇ ਵੀ ਸਮੇਂ ਉਸ ਨੂੰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਕਰਵਾਉਣੀ ਸ਼ੁਰੂ ਕਰਾ ਸਕਦੇ ਹੋ। ਇਸ ਔਜ਼ਾਰ ਦੀ ਮਦਦ ਨਾਲ ਲੋਕ ਬਾਈਬਲ ਦੀਆਂ ਬੁਨਿਆਦੀ ਸੱਚਾਈਆਂ ਬਾਰੇ ਹੋਰ ਸਿੱਖ ਸਕਦੇ ਹਨ। ਜੇ ਵਿਦਿਆਰਥੀ ਤਰੱਕੀ ਕਰ ਰਿਹਾ ਹੈ ਅਤੇ ਉਸ ਦੀ ਇਹ ਕਿਤਾਬ ਪੂਰੀ ਹੋ ਗਈ ਹੈ, ਤਾਂ ਤੁਸੀਂ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਂ ਦੀ ਕਿਤਾਬ ਤੋਂ ਉਸ ਦੀ ਸਟੱਡੀ ਜਾਰੀ ਰੱਖ ਸਕਦੇ ਹੋ। ਇਹ ਔਜ਼ਾਰ ਵਿਦਿਆਰਥੀ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲ ਲਾਗੂ ਕਰਨੇ ਸਿਖਾਵੇਗਾ। ਯਾਦ ਰੱਖੋ ਕਿ ਬਪਤਿਸਮੇ ਤੋਂ ਬਾਅਦ ਵੀ ਨਵੇਂ ਲੋਕਾਂ ਨੂੰ ਇਨ੍ਹਾਂ ਦੋਵਾਂ ਕਿਤਾਬਾਂ ਦੀ ਸਟੱਡੀ ਪੂਰੀ ਕਰਨ ਦੀ ਲੋੜ ਹੈ। ਇਸ ਨਾਲ ਯਹੋਵਾਹ ’ਤੇ ਪੱਕੀ ਨਿਹਚਾ ਰੱਖਣ ਅਤੇ ਉਸ ਦੇ ਵਫ਼ਾਦਾਰ ਬਣੇ ਰਹਿਣ ਵਿਚ ਉਨ੍ਹਾਂ ਦੀ ਮਦਦ ਹੋਵੇਗੀ।​—ਕੁਲੁੱਸੀਆਂ 2:6, 7 ਪੜ੍ਹੋ।

18. (ੳ) ਸੱਚਾਈ ਸਿਖਾਉਣ ਵਾਲਿਆਂ ਵਜੋਂ ਸਾਨੂੰ 1 ਤਿਮੋਥਿਉਸ 4:16 ਤੋਂ ਕੀ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ? (ਅ) “ਸਿਖਾਉਣ ਲਈ ਔਜ਼ਾਰ” ਵਰਤਦਿਆਂ ਸਾਡਾ ਮਕਸਦ ਕੀ ਹੋਣਾ ਚਾਹੀਦਾ ਹੈ?

18 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਨੂੰ “ਸੱਚਾਈ ਦਾ ਸੰਦੇਸ਼ ਯਾਨੀ ਖ਼ੁਸ਼ ਖ਼ਬਰੀ” ਸੁਣਾਈਏ ਜਿਸ ਕਰਕੇ ਉਹ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਨ। (ਕੁਲੁ. 1:5; 1 ਤਿਮੋਥਿਉਸ 4:16 ਪੜ੍ਹੋ।) ਇਸ ਤਰ੍ਹਾਂ ਕਰਨ ਵਿਚ ਸਾਡੇ ਕੋਲ “ਸਿਖਾਉਣ ਲਈ ਔਜ਼ਾਰ” ਹਨ। (“ਸਿਖਾਉਣ ਲਈ ਔਜ਼ਾਰ” ਨਾਂ ਦੀ ਡੱਬੀ ਦੇਖੋ।) ਆਓ ਆਪਾਂ ਪੂਰੀ ਵਾਹ ਲਾ ਕੇ ਇਨ੍ਹਾਂ ਔਜ਼ਾਰਾਂ ਨੂੰ ਵਧੀਆ ਤਰੀਕੇ ਨਾਲ ਵਰਤਣਾ ਸਿੱਖੀਏ। ਹਰੇਕ ਜਣਾ ਆਪ ਫ਼ੈਸਲਾ ਕਰ ਸਕਦਾ ਹੈ ਕਿ ਉਸ ਨੇ ਕਿਹੜਾ ਔਜ਼ਾਰ ਵਰਤਣਾ ਹੈ ਤੇ ਕਦੋਂ ਵਰਤਣਾ ਹੈ। ਪਰ ਯਾਦ ਰੱਖੋ ਕਿ ਸਾਡਾ ਮਕਸਦ ਸਿਰਫ਼ ਪ੍ਰਕਾਸ਼ਨ ਦੇਣਾ ਹੀ ਨਹੀਂ ਹੈ। ਨਾਲੇ ਅਸੀਂ ਉਨ੍ਹਾਂ ਲੋਕਾਂ ਨੂੰ ਪ੍ਰਕਾਸ਼ਨ ਨਹੀਂ ਦਿੰਦੇ ਜਿਨ੍ਹਾਂ ਨੂੰ ਸਾਡੇ ਸੰਦੇਸ਼ ਵਿਚ ਕੋਈ ਦਿਲਚਸਪੀ ਨਹੀਂ ਹੈ। ਸਾਡਾ ਮਕਸਦ ਉਨ੍ਹਾਂ ਲੋਕਾਂ ਨੂੰ ਚੇਲੇ ਬਣਾਉਣਾ ਹੈ ਜੋ ਨੇਕਦਿਲ ਤੇ ਨਿਮਰ ਹਨ ਅਤੇ ਜੋ ਪਰਮੇਸ਼ੁਰ ਬਾਰੇ ਜਾਣਨਾ ਚਾਹੁੰਦੇ ਹਨ ਯਾਨੀ ਜੋ “ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ।​—ਰਸੂ. 13:48; ਮੱਤੀ 28:19, 20.

^ ਪੈਰਾ 5 1 ਅਗਸਤ 2010 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ “ਤਰਖਾਣ” ਨਾਂ ਦਾ ਲੇਖ ਅਤੇ “ਤਰਖਾਣ ਦੇ ਔਜ਼ਾਰ” ਨਾਂ ਦੀ ਡੱਬੀ ਦੇਖੋ।

^ ਪੈਰਾ 16 ਜੇ ਕਿਸੇ ਵਿਅਕਤੀ ਨੂੰ ਪੜ੍ਹਨਾ ਨਹੀਂ ਆਉਂਦਾ, ਤਾਂ ਤੁਸੀਂ ਰੱਬ ਦੀ ਸੁਣੋ ਬਰੋਸ਼ਰ ਵਰਤ ਸਕਦੇ ਹੋ। ਇਸ ਬਰੋਸ਼ਰ ਵਿਚ ਜ਼ਿਆਦਾਤਰ ਤਸਵੀਰਾਂ ਹੀ ਹਨ।