Skip to content

Skip to table of contents

ਜੀਵਨੀ

ਯਹੋਵਾਹ ਨੇ ਮੇਰੇ ਫ਼ੈਸਲੇ ’ਤੇ ਬਰਕਤ ਪਾਈ

ਯਹੋਵਾਹ ਨੇ ਮੇਰੇ ਫ਼ੈਸਲੇ ’ਤੇ ਬਰਕਤ ਪਾਈ

ਇਹ ਗੱਲ 1939 ਦੀ ਹੈ। ਅਸੀਂ ਅੱਧੀ ਰਾਤ ਨੂੰ ਉੱਠੇ ਅਤੇ ਕਾਰ ਰਾਹੀਂ ਇਕ ਛੋਟੇ ਸ਼ਹਿਰ ਜਾਪਲਿਨ ਪਹੁੰਚੇ ਜੋ ਦੱਖਣ-ਪੱਛਮੀ ਮਿਸੂਰੀ, ਅਮਰੀਕਾ ਵਿਚ ਹੈ। ਸਾਨੂੰ ਉੱਥੇ ਪਹੁੰਚਣ ਲਈ ਇਕ ਘੰਟੇ ਤੋਂ ਜ਼ਿਆਦਾ ਸਮਾਂ ਲੱਗਾ। ਅਸੀਂ ਹਰ ਘਰ ਦੇ ਦਰਵਾਜ਼ਿਆਂ ਥੱਲਿਓਂ ਪਰਚੇ ਰੱਖਣੇ ਸ਼ੁਰੂ ਕੀਤੇ। ਜਿੱਦਾਂ ਹੀ ਅਸੀਂ ਚੁੱਪ-ਚੁਪੀਤੇ ਆਪਣਾ ਕੰਮ ਪੂਰਾ ਕੀਤਾ, ਅਸੀਂ ਕਾਰ ਰਾਹੀਂ ਉਸ ਜਗ੍ਹਾ ਪਹੁੰਚੇ ਜਿੱਥੇ ਅਸੀਂ ਹੋਰ ਭੈਣਾਂ-ਭਰਾਵਾਂ ਨੂੰ ਮਿਲਣਾ ਸੀ। ਉੱਥੇ ਪਹੁੰਚ ਕੇ ਅਸੀਂ ਉਨ੍ਹਾਂ ਦੀ ਉਡੀਕ ਕਰਨ ਲੱਗੇ। ਹੁਣ ਤਕ ਸਵੇਰ ਹੋ ਚੁੱਕੀ ਸੀ। ਤੁਸੀਂ ਸ਼ਾਇਦ ਸੋਚੋ ਕਿ ਅਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਪ੍ਰਚਾਰ ’ਤੇ ਕਿਉਂ ਗਏ ਅਤੇ ਜਲਦੀ ਹੀ ਉਸ ਇਲਾਕੇ ਵਿੱਚੋਂ ਕਿਉਂ ਨਿਕਲ ਗਏ। ਇਸ ਬਾਰੇ ਮੈਂ ਤੁਹਾਨੂੰ ਬਾਅਦ ਵਿਚ ਦੱਸਾਂਗਾ।

ਮੇਰਾ ਜਨਮ 1934 ਵਿਚ ਹੋਇਆ। ਜਦੋਂ ਮੇਰਾ ਜਨਮ ਹੋਇਆ, ਉਦੋਂ ਤਕ ਮੇਰੇ ਮਾਪਿਆਂ, ਫਰੈੱਡ ਅਤੇ ਐਡਨਾ, ਨੂੰ ਬਾਈਬਲ ਸਟੂਡੈਂਟਸ (ਯਹੋਵਾਹ ਦੇ ਗਵਾਹ) ਬਣਿਆਂ ਨੂੰ 20 ਸਾਲ ਹੋ ਗਏ ਸਨ। ਮੈਂ ਬਹੁਤ ਖ਼ੁਸ਼ ਹਾਂ ਕਿ ਉਨ੍ਹਾਂ ਨੇ ਮੈਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਇਆ। ਅਸੀਂ ਦੱਖਣੀ-ਪੂਰਬੀ ਕੈਂਸਸ ਵਿਚ ਪੈਂਦੇ ਛੋਟੇ ਜਿਹੇ ਕਸਬੇ ਪਾਰਸਨਸ ਵਿਚ ਰਹਿੰਦੇ ਸੀ। ਸਾਡੀ ਮੰਡਲੀ ਵਿਚ ਲਗਭਗ ਸਾਰੇ ਜਣੇ ਚੁਣੇ ਹੋਏ ਮਸੀਹੀ ਸਨ। ਸਾਡਾ ਪਰਿਵਾਰ ਬਾਕਾਇਦਾ ਮੰਡਲੀ ਦੀਆਂ ਸਭਾਵਾਂ ਅਤੇ ਪ੍ਰਚਾਰ ’ਤੇ ਜਾਂਦਾ ਸੀ। ਅਸੀਂ ਸ਼ਨੀਵਾਰ ਦੁਪਹਿਰ ਨੂੰ ਜਨਤਕ ਥਾਵਾਂ ’ਤੇ ਗਵਾਹੀ ਦਿੰਦੇ ਸੀ ਜਿਸ ਨੂੰ ਅੱਜ ਅਸੀਂ ਖੁੱਲ੍ਹੇ-ਆਮ ਗਵਾਹੀ ਦੇਣਾ ਕਹਿੰਦੇ ਹਾਂ। ਕਈ ਵਾਰ ਅਸੀਂ ਪ੍ਰਚਾਰ ਕਰ ਕੇ ਬਹੁਤ ਥੱਕ ਜਾਂਦੇ ਸੀ। ਪਰ ਪ੍ਰਚਾਰ ਤੋਂ ਬਾਅਦ ਡੈਡੀ ਜੀ ਸਾਨੂੰ ਆਈਸ-ਕ੍ਰੀਮ ਲੈ ਕੇ ਦਿੰਦੇ ਸਨ।

ਸਾਡੀ ਛੋਟੀ ਜਿਹੀ ਮੰਡਲੀ ਕੋਲ ਪ੍ਰਚਾਰ ਲਈ ਬਹੁਤ ਵੱਡਾ ਇਲਾਕਾ ਸੀ ਜਿਸ ਵਿਚ ਬਹੁਤ ਸਾਰੇ ਕਸਬੇ ਅਤੇ ਪਿੰਡ ਸਨ। ਕੁਝ ਕਿਸਾਨ ਪ੍ਰਕਾਸ਼ਨਾਂ ਲਈ ਪੈਸੇ ਦੇਣ ਦੀ ਬਜਾਇ ਸਾਨੂੰ ਤਾਜ਼ੀਆਂ ਸਬਜ਼ੀਆਂ, ਮੁਰਗੀਆਂ ਜਾਂ ਮੁਰਗੀਆਂ ਦੇ ਆਂਡੇ (ਜੋ ਉਸੇ ਵੇਲੇ ਖੁੱਡਿਆਂ ਵਿੱਚੋਂ) ਦੇ ਦਿੰਦੇ ਸਨ। ਡੈਡੀ ਜੀ ਪਹਿਲਾਂ ਹੀ ਪ੍ਰਕਾਸ਼ਨਾਂ ਲਈ ਦਾਨ ਦੇ ਦਿੰਦੇ ਸਨ ਜਿਸ ਕਰਕੇ ਅਸੀਂ ਇਹ ਚੀਜ਼ਾਂ ਘਰ ਵਿਚ ਵਰਤ ਲੈਂਦੇ ਸੀ।

ਗਵਾਹੀ ਦੇਣ ਦੀਆਂ ਮੁਹਿੰਮਾਂ

ਮੇਰੇ ਮਾਪਿਆਂ ਨੂੰ ਪ੍ਰਚਾਰ ਵਿਚ ਵਰਤਣ ਲਈ ਫੋਨੋਗ੍ਰਾਫ (ਤਵਿਆਂ ਵਾਲਾ ਰਿਕਾਰਡ ਪਲੇਅਰ) ਮਿਲ ਗਿਆ। ਮੈਂ ਬਹੁਤ ਛੋਟਾ ਸੀ ਜਿਸ ਕਰਕੇ ਮੈਨੂੰ ਇਹ ਚਲਾਉਣਾ ਨਹੀਂ ਸੀ ਆਉਂਦਾ। ਪਰ ਮੈਨੂੰ ਮੰਮੀ-ਡੈਡੀ ਜੀ ਦੀ ਮਦਦ ਕਰ ਕੇ ਬਹੁਤ ਮਜ਼ਾ ਆਉਂਦਾ ਸੀ ਜਦੋਂ ਉਹ ਦੁਬਾਰਾ ਮੁਲਾਕਾਤਾਂ ਅਤੇ ਸਟੱਡੀਆਂ ਕਰਾਉਣ ਵੇਲੇ ਭਰਾ ਰਦਰਫ਼ਰਡ ਦੇ ਭਾਸ਼ਣ ਚਲਾਉਂਦੇ ਸਨ।

ਲਾਊਡਸਪੀਕਰ ਗੱਡੀ ਦੇ ਸਾਮ੍ਹਣੇ ਆਪਣੇ ਮੰਮੀ-ਡੈਡੀ ਨਾਲ

ਸਾਡੇ ਕੋਲ 1936 ਮਾਡਲ ਦੀ ਫੋਰਡ ਗੱਡੀ ਸੀ, ਪਰ ਮੇਰੇ ਡੈਡੀ ਨੇ ਇਸ ਨੂੰ ਲਾਊਡਸਪੀਕਰ ਗੱਡੀ ਬਣਾ ਦਿੱਤਾ ਯਾਨੀ ਇਸ ਦੀ ਛੱਤ ’ਤੇ ਲਾਊਡਸਪੀਕਰ ਲਾ ਦਿੱਤਾ। ਰਾਜ ਦਾ ਸੰਦੇਸ਼ ਫੈਲਾਉਣ ਲਈ ਇਹ ਗੱਡੀ ਬਹੁਤ ਅਸਰਕਾਰੀ ਸੀ। ਆਮ ਤੌਰ ’ਤੇ ਲੋਕਾਂ ਦਾ ਧਿਆਨ ਖਿੱਚਣ ਲਈ ਪਹਿਲਾਂ ਸੰਗੀਤ ਚਲਾਇਆ ਜਾਂਦਾ ਸੀ ਤੇ ਫਿਰ ਭਾਸ਼ਣ। ਭਾਸ਼ਣ ਖ਼ਤਮ ਹੋਣ ਤੋਂ ਬਾਅਦ ਅਸੀਂ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਪ੍ਰਕਾਸ਼ਨ ਦਿੰਦੇ ਸੀ।

ਕੈਂਸਸ ਦੇ ਛੋਟੇ ਜਿਹੇ ਕਸਬੇ ਚੈਰੀਵਲੇ ਵਿਚ ਪੁਲਿਸ ਵਾਲੇ ਨੇ ਡੈਡੀ ਜੀ ਨੂੰ ਕਿਹਾ ਕਿ ਉਹ ਲਾਊਡਸਪੀਕਰ ਗੱਡੀ ਨੂੰ ਪਾਰਕ ਵਿਚ ਜਾਣ ਦੀ ਇਜਾਜ਼ਤ ਨਹੀਂ ਦੇ ਸਕਦਾ ਕਿਉਂਕਿ ਐਤਵਾਰ ਨੂੰ ਬਹੁਤ ਸਾਰੇ ਲੋਕ ਪਾਰਕ ਵਿਚ ਆ ਕੇ ਆਰਾਮ ਕਰਦੇ ਸਨ, ਪਰ ਉਸ ਨੇ ਪਾਰਕ ਤੋਂ ਬਾਹਰ ਗੱਡੀ ਖੜ੍ਹੀ ਕਰਨ ਦੀ ਇਜਾਜ਼ਤ ਦੇ ਦਿੱਤੀ। ਸੋ ਬਿਨਾਂ ਕੋਈ ਇਤਰਾਜ਼ ਕੀਤੇ ਡੈਡੀ ਜੀ ਗੱਡੀ ਪਾਰਕ ਨਾਲ ਲੱਗਦੀ ਗਲੀ ਵਿਚ ਲੈ ਗਏ ਤਾਂਕਿ ਪਾਰਕ ਵਿਚ ਬੈਠੇ ਲੋਕ ਆਸਾਨੀ ਨਾਲ ਭਾਸ਼ਣ ਸੁਣ ਸਕਣ। ਇਨ੍ਹਾਂ ਮੌਕਿਆਂ ’ਤੇ ਮੈਨੂੰ ਡੈਡੀ ਜੀ ਅਤੇ ਆਪਣੇ ਵੱਡੇ ਭਰਾ ਜੈਰੀ ਨਾਲ ਜਾ ਕੇ ਵਧੀਆ ਲੱਗਦਾ ਸੀ।

ਉਨ੍ਹਾਂ ਸਾਲਾਂ ਦੌਰਾਨ ਅਸੀਂ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਖ਼ਾਸ ਮੁਹਿੰਮਾਂ ਵਿਚ ਹਿੱਸਾ ਲਿਆ ਜਿੱਥੇ ਬਹੁਤ ਵਿਰੋਧ ਹੁੰਦਾ ਸੀ। ਜਿੱਦਾਂ ਮੈਂ ਸ਼ੁਰੂ ਵਿਚ ਦੱਸਿਆ ਸੀ ਕਿ ਅਸੀਂ ਅੱਧੀ ਰਾਤ ਨੂੰ ਉੱਠਦੇ ਸੀ (ਜਿੱਦਾਂ ਅਸੀਂ ਜਾਪਲਿਨ, ਮਿਸੂਰੀ ਵਿਚ ਕੀਤਾ ਸੀ) ਅਤੇ ਚੁੱਪ-ਚੁਪੀਤੇ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਥੱਲਿਓਂ ਪਰਚੇ ਜਾਂ ਪੁਸਤਿਕਾਵਾਂ ਰੱਖ ਦਿੰਦੇ ਸੀ। ਇਸ ਤੋਂ ਬਾਅਦ, ਅਸੀਂ ਇਹ ਦੇਖਣ ਲਈ ਸ਼ਹਿਰ ਤੋਂ ਬਾਹਰ ਮਿਲਦੇ ਸੀ ਕਿ ਕਿਤੇ ਪੁਲਿਸ ਨੇ ਕਿਸੇ ਨੂੰ ਗਿਰਫ਼ਤਾਰ ਤਾਂ ਨਹੀਂ ਕਰ ਲਿਆ।

ਉਨ੍ਹਾਂ ਸਾਲਾਂ ਦੌਰਾਨ ਇਕ ਹੋਰ ਦਿਲਚਸਪ ਤਰੀਕੇ ਨਾਲ ਪ੍ਰਚਾਰ ਕਰਨਾ ਸ਼ੁਰੂ ਹੋਇਆ। ਰਾਜ ਦਾ ਪ੍ਰਚਾਰ ਕਰਨ ਲਈ ਅਸੀਂ ਗਲੇ ਵਿਚ ਇਸ਼ਤਿਹਾਰ ਪਾ ਕੇ ਪੂਰੇ ਸ਼ਹਿਰ ਵਿਚ ਪੈਦਲ ਘੁੰਮਦੇ ਸੀ। ਮੈਨੂੰ ਯਾਦ ਹੈ ਕਿ ਇਕ ਵਾਰ ਭੈਣ-ਭਰਾ ਸਾਡੇ ਸ਼ਹਿਰ ਵਿਚ ਆਏ ਅਤੇ ਉਹ ਆਪਣੇ ਗਲੇ ਵਿਚ “ਧਰਮ ਇਕ ਫੰਧਾ ਅਤੇ ਧੰਦਾ ਹੈ” ਨਾਂ ਦਾ ਇਸ਼ਤਿਹਾਰ ਪਾ ਕੇ ਘੁੰਮੇ। ਉਨ੍ਹਾਂ ਨੇ ਸਾਡੇ ਘਰ ਤੋਂ ਸ਼ੁਰੂ ਕੀਤਾ ਤੇ ਉਹ ਲਗਭਗ 1.5 ਕਿਲੋਮੀਟਰ (ਇਕ ਮੀਲ) ਪੈਦਲ ਗਏ ਅਤੇ ਦੁਬਾਰਾ ਸਾਡੇ ਘਰ ਆ ਗਏ। ਸ਼ੁਕਰ ਹੈ ਕਿ ਇਸ ਦੌਰਾਨ ਕਿਸੇ ਦਾ ਵੀ ਵਿਰੋਧ ਨਹੀਂ ਹੋਇਆ, ਸਗੋਂ ਉਨ੍ਹਾਂ ਨੂੰ ਦਿਲਚਸਪੀ ਰੱਖਣ ਵਾਲੇ ਬਹੁਤ ਸਾਰੇ ਲੋਕ ਮਿਲੇ।

ਮੁਢਲੇ ਸੰਮੇਲਨ

ਵੱਡੇ ਸੰਮੇਲਨ ਵਿਚ ਹਾਜ਼ਰ ਹੋਣ ਲਈ ਸਾਡਾ ਪਰਿਵਾਰ ਅਕਸਰ ਟੈਕਸਸ ਜਾਂਦਾ ਸੀ। ਡੈਡੀ ਜੀ ਰੇਲਵੇ ਵਿਚ ਕੰਮ ਕਰਦੇ ਸਨ। ਇਸ ਲਈ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸੰਮੇਲਨਾਂ ਵਿਚ ਜਾਣ ਲਈ ਡੈਡੀ ਜੀ ਦਾ ਪਾਸ ਵਰਤਦੇ ਸੀ। ਮੰਮੀ ਜੀ ਦਾ ਵੱਡਾ ਭਰਾ ਫਰੈੱਡ ਵਿਸਮਰ ਅਤੇ ਉਨ੍ਹਾਂ ਦੀ ਪਤਨੀ ਐਲੂਈ, ਟੈਕਸਸ ਦੇ ਟੈਂਪਲ ਸ਼ਹਿਰ ਵਿਚ ਰਹਿੰਦੇ ਸਨ। ਵੀਹਵੀਂ ਸਦੀ ਦੇ ਸ਼ੁਰੂ ਵਿਚ ਮੇਰੇ ਮਾਮਾ ਜੀ ਨੇ ਜਵਾਨੀ ਵਿਚ ਸੱਚਾਈ ਸਿੱਖੀ। ਉਨ੍ਹਾਂ ਨੇ ਬਪਤਿਸਮਾ ਲਿਆ ਅਤੇ ਆਪਣੀਆਂ ਭੈਣਾਂ ਨਾਲ ਸੱਚਾਈ ਸਾਂਝੀ ਕੀਤੀ ਜਿਨ੍ਹਾਂ ਵਿਚ ਮੇਰੇ ਮੰਮੀ ਜੀ ਵੀ ਸਨ। ਮੇਰੇ ਮਾਮਾ ਜੀ ਨੂੰ ਮੱਧ ਟੈਕਸਸ ਵਿਚ ਸਾਰੇ ਭੈਣ-ਭਰਾ ਜਾਣਦੇ ਸਨ। ਉਨ੍ਹਾਂ ਨੇ ਉੱਥੇ ਜ਼ੋਨ ਸਰਵੰਟ (ਜਿਨ੍ਹਾਂ ਨੂੰ ਹੁਣ ਸਰਕਟ ਓਵਰਸੀਅਰ ਕਿਹਾ ਜਾਂਦਾ ਹੈ) ਵਜੋਂ ਸੇਵਾ ਕੀਤੀ ਸੀ। ਉਹ ਪਿਆਰ ਕਰਨ ਵਾਲੇ, ਖ਼ੁਸ਼-ਮਿਜ਼ਾਜ ਤੇ ਜੋਸ਼ੀਲੇ ਇਨਸਾਨ ਸਨ। ਉਹ ਮੇਰੇ ਲਈ ਬਹੁਤ ਵਧੀਆ ਮਿਸਾਲ ਸਨ।

ਸਾਡਾ ਪਰਿਵਾਰ 1941 ਵਿਚ ਗੱਡੀ ਰਾਹੀਂ ਮਿਸੂਰੀ ਦੇ ਸੇਂਟ ਲੂਈ ਸ਼ਹਿਰ ਵਿਚ ਵੱਡੇ ਸੰਮੇਲਨ ’ਤੇ ਗਿਆ। ਸਾਰੇ ਬੱਚਿਆਂ ਨੂੰ ਭਰਾ ਰਦਰਫ਼ਰਡ ਦਾ ਭਾਸ਼ਣ “ਰਾਜੇ ਦੇ ਬੱਚੇ” ਸੁਣਨ ਲਈ ਹਾਲ ਵਿਚ ਮੋਹਰਲੀਆਂ ਸੀਟਾਂ ’ਤੇ ਬੈਠਣ ਲਈ ਕਿਹਾ ਗਿਆ। ਭਾਸ਼ਣ ਦੇ ਅਖ਼ੀਰ ਵਿਚ 15,000 ਬੱਚਿਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਭਰਾ ਰਦਰਫ਼ਰਡ ਅਤੇ ਉਸ ਦੇ ਸਾਥੀਆਂ ਨੇ ਹਰ ਬੱਚੇ ਨੂੰ ਆਪਣੇ ਹੱਥੀਂ ਤੋਹਫ਼ੇ ਵਜੋਂ ਚਿਲਡ੍ਰਨ ਨਾਂ ਦੀ ਨਵੀਂ ਕਿਤਾਬ ਦਿੱਤੀ।

ਅਪ੍ਰੈਲ 1943 ਵਿਚ ਅਸੀਂ ਕੋਫੇਯਾਵਿਲੇ, ਕੈਂਸਸ ਵਿਚ “ਕਦਮ ਚੁੱਕਣ ਦਾ ਸੱਦਾ” ਨਾਂ ਦੇ ਸੰਮੇਲਨ ਵਿਚ ਹਾਜ਼ਰ ਹੋਏ। ਇਸ ਸੰਮੇਲਨ ਵਿਚ ਘੋਸ਼ਣਾ ਕੀਤੀ ਗਈ ਕਿ ਮੰਡਲੀਆਂ ਵਿਚ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਹੋਇਆ ਕਰੇਗਾ। ਨਾਲੇ 52 ਅਧਿਆਵਾਂ ਵਾਲੀ ਪੁਸਤਿਕਾ ਵੀ ਰਿਲੀਜ਼ ਕੀਤੀ ਗਈ ਜਿਸ ਨੂੰ ਇਸ ਸਕੂਲ ਵਿਚ ਵਰਤਿਆ ਜਾਣਾ ਸੀ। ਇਸੇ ਸਾਲ ਬਾਅਦ ਵਿਚ, ਮੈਂ ਆਪਣਾ ਪਹਿਲਾ ਵਿਦਿਆਰਥੀ ਭਾਸ਼ਣ ਦਿੱਤਾ। ਇਹ ਸੰਮੇਲਨ ਮੇਰੇ ਲਈ ਹੋਰ ਗੱਲੋਂ ਵੀ ਖ਼ਾਸ ਸੀ ਕਿਉਂਕਿ ਇਸੇ ਸੰਮੇਲਨ ਵਿਚ ਮੈਂ ਹੋਰ ਦੋ ਭਰਾਵਾਂ ਨਾਲ ਬਪਤਿਸਮਾ ਲਿਆ। ਸਾਡਾ ਬਪਤਿਸਮਾ ਖੇਤ ਦੇ ਤਲਾਬ ਵਿਚ ਹੋਇਆ ਜਿਸ ਦਾ ਪਾਣੀ ਬਹੁਤ ਠੰਢਾ ਸੀ।

ਬੈਥਲ ਵਿਚ ਸੇਵਾ ਕਰਨ ਦੀ ਇੱਛਾ

1951 ਵਿਚ ਮੇਰੀ ਸਕੂਲ ਦੀ ਪੜ੍ਹਾਈ ਖ਼ਤਮ ਹੋਈ ਅਤੇ ਹੁਣ ਮੈਂ ਫ਼ੈਸਲਾ ਕਰਨਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਸੀ। ਮੈਂ ਵੀ ਆਪਣੇ ਭਰਾ ਜੈਰੀ ਵਾਂਗ ਬੈਥਲ ਵਿਚ ਸੇਵਾ ਕਰਨੀ ਚਾਹੁੰਦਾ ਸੀ। ਇਸ ਲਈ ਜਲਦੀ ਹੀ ਮੈਂ ਬੈਥਲ ਜਾਣ ਲਈ ਫ਼ਾਰਮ ਭਰ ਦਿੱਤਾ। ਥੋੜ੍ਹੇ ਸਮੇਂ ਵਿਚ ਹੀ ਮੈਨੂੰ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ ਤੇ ਮੈਂ 10 ਮਾਰਚ 1952 ਨੂੰ ਬੈਥਲ ਵਿਚ ਸੇਵਾ ਕਰਨੀ ਸ਼ੁਰੂ ਕੀਤੀ। ਇਸ ਫ਼ੈਸਲੇ ਕਰਕੇ ਮੈਂ ਹੋਰ ਜ਼ੋਰ-ਸ਼ੋਰ ਨਾਲ ਪਰਮੇਸ਼ੁਰ ਦੀ ਸੇਵਾ ਕਰ ਸਕਿਆ।

ਮੈਂ ਛਾਪੇਖ਼ਾਨੇ ਵਿਚ ਕੰਮ ਕਰਨਾ ਚਾਹੁੰਦਾ ਸੀ ਤਾਂਕਿ ਮੈਂ ਰਸਾਲੇ ਅਤੇ ਹੋਰ ਪ੍ਰਕਾਸ਼ਨ ਛਾਪਣ ਵਿਚ ਹਿੱਸਾ ਲੈ ਸਕਾਂ। ਮੈਨੂੰ ਕਦੇ ਵੀ ਛਾਪੇਖ਼ਾਨੇ ਵਿਚ ਕੰਮ ਕਰਨ ਦਾ ਸਨਮਾਨ ਨਹੀਂ ਮਿਲਿਆ। ਇਸ ਦੀ ਬਜਾਇ, ਮੈਨੂੰ ਵੇਟਰ ਦਾ ਕੰਮ ਦਿੱਤਾ ਗਿਆ ਅਤੇ ਬਾਅਦ ਵਿਚ ਮੈਂ ਰਸੋਈ ਵਿਚ ਕੰਮ ਕੀਤਾ। ਇੱਥੇ ਕੰਮ ਕਰਦਿਆਂ ਮੈਂ ਬਹੁਤ ਕੁਝ ਸਿੱਖਿਆ। ਅਸੀਂ ਸ਼ਿਫ਼ਟਾਂ ਵਿਚ ਕੰਮ ਕਰਦੇ ਸੀ ਜਿਸ ਕਰਕੇ ਦਿਨ ਦੌਰਾਨ ਮੈਨੂੰ ਥੋੜ੍ਹਾ ਸਮਾਂ ਵਿਹਲਾ ਮਿਲ ਜਾਂਦਾ ਸੀ। ਮੈਂ ਅਕਸਰ ਬੈਥਲ ਦੀ ਲਾਇਬ੍ਰੇਰੀ ਵਿਚ ਚਲਾ ਜਾਂਦਾ ਸੀ ਤੇ ਉੱਥੇ ਬਹੁਤ ਸਾਰੀਆਂ ਕਿਤਾਬਾਂ ਤੋਂ ਅਧਿਐਨ ਕਰਦਾ ਸੀ। ਇਸ ਤਰ੍ਹਾਂ ਮੇਰੀ ਨਿਹਚਾ ਮਜ਼ਬੂਤ ਹੋਈ ਅਤੇ ਯਹੋਵਾਹ ਨਾਲ ਮੇਰੀ ਦੋਸਤੀ ਹੋਰ ਪੱਕੀ ਹੋਈ। ਮੈਂ ਆਪਣਾ ਇਰਾਦਾ ਹੋਰ ਪੱਕਾ ਕੀਤਾ ਕਿ ਮੈਂ ਉੱਨਾ ਚਿਰ ਬੈਥਲ ਵਿਚ ਰਹਿ ਕੇ ਯਹੋਵਾਹ ਦੀ ਸੇਵਾ ਕਰਾਂਗਾ ਜਿੰਨਾ ਚਿਰ ਮੈਂ ਕਰ ਸਕਦਾ। ਜੈਰੀ ਨੇ 1949 ਵਿਚ ਬੈਥਲ ਛੱਡ ਦਿੱਤਾ ਤੇ ਪੈਟਰੀਸ਼ੀਆ ਨਾਲ ਵਿਆਹ ਕਰਾ ਲਿਆ। ਪਰ ਉਹ ਬਰੁਕਲਿਨ ਵਿਚ ਬੈਥਲ ਦੇ ਨੇੜੇ ਹੀ ਰਹੇ। ਬੈਥਲ ਵਿਚ ਮੇਰੇ ਸ਼ੁਰੂ ਦੇ ਸਾਲਾਂ ਦੌਰਾਨ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਮੇਰੀ ਮਦਦ ਕੀਤੀ ਤੇ ਮੈਨੂੰ ਹੌਸਲਾ ਦਿੱਤਾ।

ਮੇਰੇ ਬੈਥਲ ਵਿਚ ਆਉਣ ਤੋਂ ਥੋੜ੍ਹੀ ਦੇਰ ਬਾਅਦ, ਬੈਥਲ ਦੇ ਭਰਾਵਾਂ ਨੇ ਹਰ ਭਰਾ ਦੀ ਭਾਸ਼ਣ ਦੇਣ ਦੀ ਕਾਬਲੀਅਤ ਨੂੰ ਦੇਖਿਆ ਅਤੇ ਇਨ੍ਹਾਂ ਭਰਾਵਾਂ ਦੇ ਨਾਂ ਭਾਸ਼ਣ ਦੇਣ ਵਾਲਿਆਂ ਦੀ ਸੂਚੀ ਵਿਚ ਦਰਜ ਕੀਤੇ ਗਏ। ਇਸ ਸੂਚੀ ਵਿਚ ਜਿਨ੍ਹਾਂ ਭਰਾਵਾਂ ਦੇ ਨਾਂ ਲਿਖੇ ਗਏ ਸਨ, ਉਹ ਉਨ੍ਹਾਂ ਮੰਡਲੀਆਂ ਵਿਚ ਜਾਂਦੇ ਸਨ ਜੋ ਬਰੁਕਲਿਨ ਤੋਂ 322 ਕਿਲੋਮੀਟਰ (200 ਮੀਲ) ਦੇ ਦਾਇਰੇ ਅੰਦਰ ਸਨ। ਉਨ੍ਹਾਂ ਨੇ ਉੱਥੇ ਭਾਸ਼ਣ ਦੇਣਾ ਹੁੰਦਾ ਸੀ ਅਤੇ ਮੰਡਲੀ ਨਾਲ ਮਿਲ ਕੇ ਪ੍ਰਚਾਰ ਕਰਨਾ ਹੁੰਦਾ ਸੀ। ਮੇਰਾ ਨਾਂ ਵੀ ਇਸ ਸੂਚੀ ਵਿਚ ਸੀ। ਘਬਰਾਹਟ ਵਿਚ ਮੈਂ ਆਪਣਾ ਪਹਿਲਾ ਭਾਸ਼ਣ ਦੇਣਾ ਸ਼ੁਰੂ ਕੀਤਾ। ਉਸ ਸਮੇਂ ਭਾਸ਼ਣ ਇਕ ਘੰਟੇ ਦਾ ਹੁੰਦਾ ਸੀ। ਮੈਂ ਮੰਡਲੀਆਂ ਵਿਚ ਜਾਣ ਲਈ ਅਕਸਰ ਰੇਲ ਗੱਡੀ ਵਿਚ ਹੀ ਸਫ਼ਰ ਕਰਦਾ ਸੀ। ਮੈਨੂੰ 1954 ਦੀ ਸਰਦੀਆਂ ਦੀ ਐਤਵਾਰ ਦੀ ਉਹ ਦੁਪਹਿਰ ਹਾਲੇ ਵੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਨਿਊਯਾਰਕ ਜਾਣ ਲਈ ਰੇਲ ਗੱਡੀ ਵਿਚ ਬੈਠਾ ਸੀ। ਮੈਂ ਸ਼ਾਮ ਤਕ ਬੈਥਲ ਵਾਪਸ ਪਹੁੰਚ ਜਾਣਾ ਸੀ। ਪਰ ਰਸਤੇ ਵਿਚ ਤੇਜ਼ ਹਵਾਵਾਂ ਤੇ ਬਰਫ਼ ਦਾ ਤੂਫ਼ਾਨ ਆ ਗਿਆ। ਬਿਜਲੀ ਨਾਲ ਚੱਲਣ ਵਾਲੀ ਗੱਡੀ ਦਾ ਇੰਜਣ ਬੰਦ ਹੋ ਗਿਆ ਜਿਸ ਕਰਕੇ ਮੈਂ ਸੋਮਵਾਰ ਸਵੇਰੇ ਤਕਰੀਬਨ 5 ਵਜੇ ਨਿਊਯਾਰਕ ਸ਼ਹਿਰ ਪਹੁੰਚਿਆ। ਉੱਥੋਂ ਮੈਂ ਬਰੁਕਲਿਨ ਲਈ ਰੇਲ ਗੱਡੀ ਫੜੀ ਤੇ ਉੱਥੇ ਪਹੁੰਚ ਕੇ ਮੈਂ ਸਿੱਧਾ ਰਸੋਈ ਵਿਚ ਆਪਣੇ ਕੰਮ ’ਤੇ ਗਿਆ। ਮੈਂ ਥੋੜ੍ਹਾ ਜਿਹਾ ਲੇਟ ਕੰਮ ’ਤੇ ਪਹੁੰਚਿਆ ਸੀ ਤੇ ਸਾਰੀ ਰਾਤ ਸੌਣ ਨਾ ਕਰਕੇ ਮੈਂ ਥੱਕਿਆ ਹੋਇਆ ਵੀ ਸੀ। ਪਰ ਇਹ ਪਰੇਸ਼ਾਨੀਆਂ ਉਨ੍ਹਾਂ ਖ਼ੁਸ਼ੀਆਂ ਸਾਮ੍ਹਣੇ ਫਿੱਕੀਆਂ ਪੈ ਜਾਂਦੀਆਂ ਸਨ ਜੋ ਖ਼ੁਸ਼ੀਆਂ ਮੈਨੂੰ ਮੰਡਲੀਆਂ ਵਿਚ ਜਾ ਕੇ ਨਵੇਂ ਭੈਣਾਂ-ਭਰਾਵਾਂ ਨੂੰ ਮਿਲ ਕੇ ਮਿਲਦੀਆਂ ਸਨ।

ਡਬਲਯੂ. ਬੀ. ਬੀ. ਆਰ. ਰੇਡੀਓ ਸਟੇਸ਼ਨ ’ਤੇ ਪ੍ਰੋਗ੍ਰਾਮ ਪੇਸ਼ ਕਰਨ ਦੀ ਤਿਆਰੀ ਕਰਦੇ ਹੋਏ

ਮੈਨੂੰ ਬੈਥਲ ਵਿਚ ਸੇਵਾ ਕਰਦਿਆਂ ਅਜੇ ਕੁਝ ਹੀ ਸਾਲ ਹੋਏ ਸਨ ਜਦੋਂ ਮੈਨੂੰ ਡਬਲਯੂ. ਬੀ. ਬੀ. ਆਰ. ਨਾਂ ਦੇ ਰੇਡੀਓ ਸਟੇਸ਼ਨ ਵਿਚ ਕੰਮ ਕਰਨ ਦਾ ਸੱਦਾ ਮਿਲਿਆ। ਇਹ ਸਟੇਸ਼ਨ 124 ਕੋਲੰਬੀਆ ਹਾਈਟਸ ਦੀ ਦੂਜੀ ਮੰਜ਼ਲ ’ਤੇ ਸੀ। ਹਰੇਕ ਹਫ਼ਤੇ ਰੇਡੀਓ ’ਤੇ ਪੇਸ਼ ਕੀਤੇ ਜਾਂਦੇ ਬਾਈਬਲ ਸਟੱਡੀ ਪ੍ਰੋਗ੍ਰਾਮ ਵਿਚ ਮੈਂ ਵੀ ਹਿੱਸਾ ਲੈਂਦਾ ਸੀ। ਲੰਬੇ ਸਮੇਂ ਤੋਂ ਬੈਥਲ ਵਿਚ ਸੇਵਾ ਕਰ ਰਹੇ ਭਰਾ ਏ. ਐੱਚ. ਮੈਕਮਿਲਨ ਰੇਡੀਓ ’ਤੇ ਪੇਸ਼ ਕੀਤੇ ਜਾਂਦੇ ਪ੍ਰੋਗ੍ਰਾਮਾਂ ਵਿਚ ਹਮੇਸ਼ਾ ਹਿੱਸਾ ਲੈਂਦੇ ਸਨ। ਸਾਰੇ ਜਣੇ ਉਨ੍ਹਾਂ ਨੂੰ ਪਿਆਰ ਨਾਲ ਭਰਾ ਮੈਕ ਬੁਲਾਉਂਦੇ ਸਨ। ਉਹ ਬੈਥਲ ਵਿਚ ਸੇਵਾ ਕਰਨ ਵਾਲੇ ਸਾਰੇ ਨੌਜਵਾਨ ਭਰਾਵਾਂ ਲਈ ਬਹੁਤ ਵਧੀਆ ਮਿਸਾਲ ਸਨ ਕਿਉਂਕਿ ਮੁਸ਼ਕਲਾਂ ਦੇ ਬਾਵਜੂਦ ਉਹ ਵਫ਼ਾਦਾਰੀ ਨਾਲ ਸੇਵਾ ਕਰਦੇ ਰਹੇ।

ਲੋਕਾਂ ਵਿਚ ਦਿਲਚਸਪੀ ਜਗਾਉਣ ਲਈ ਪ੍ਰਚਾਰ ਵਿਚ ਡਬਲਯੂ. ਬੀ. ਬੀ. ਆਰ. ਦੇ ਇਸ਼ਤਿਹਾਰ ਵੰਡਦੇ ਹੋਏ

1958 ਵਿਚ ਮੈਨੂੰ ਗਿਲਿਅਡ ਸਕੂਲ ਲਈ ਕੰਮ ਕਰਨ ਦਾ ਸੱਦਾ ਮਿਲਿਆ। ਮੈਂ ਇਸ ਸਕੂਲ ਵਿਚ ਗ੍ਰੈਜੂਏਟ ਹੋ ਚੁੱਕੇ ਵਿਦਿਆਰਥੀਆਂ ਦੀ ਵੀਜ਼ੇ ਲੈਣ ਵਿਚ ਮਦਦ ਕਰਦਾ ਸੀ ਅਤੇ ਇਨ੍ਹਾਂ ਜੋਸ਼ੀਲੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੇਸ਼ਾਂ ਵਿਚ ਜਾਣ ਦਾ ਪ੍ਰਬੰਧ ਕਰਦਾ ਸੀ ਜਿੱਥੇ ਇਨ੍ਹਾਂ ਨੂੰ ਸੇਵਾ ਕਰਨ ਲਈ ਭੇਜਿਆ ਜਾਂਦਾ ਸੀ। ਉਸ ਸਮੇਂ ਹਵਾਈ ਸਫ਼ਰ ਕਰਨਾ ਬਹੁਤ ਮਹਿੰਗਾ ਸੀ। ਇਸ ਲਈ ਕੁਝ ਹੀ ਮਿਸ਼ਨਰੀ ਹਵਾਈ ਜਹਾਜ਼ ਰਾਹੀਂ ਜਾਂਦੇ ਸੀ। ਅਫ਼ਰੀਕਾ ਅਤੇ ਏਸ਼ੀਆ ਨੂੰ ਜਾਣ ਵਾਲੇ ਜ਼ਿਆਦਾਤਰ ਭੈਣ-ਭਰਾ ਸਮੁੰਦਰੀ ਜਹਾਜ਼ ਰਾਹੀਂ ਸਫ਼ਰ ਕਰਦੇ ਸਨ। ਕੁਝ ਸਾਲਾਂ ਬਾਅਦ ਹਵਾਈ ਸਫ਼ਰ ਕਰਨਾ ਸਸਤਾ ਹੋ ਗਿਆ ਅਤੇ ਜਲਦੀ ਹੀ ਜ਼ਿਆਦਾਤਰ ਮਿਸ਼ਨਰੀਆਂ ਨੂੰ ਸੇਵਾ ਕਰਨ ਲਈ ਹਵਾਈ ਜਹਾਜ਼ ਰਾਹੀਂ ਭੇਜਿਆ ਜਾਣ ਲੱਗਾ।

ਗ੍ਰੈਜੂਏਸ਼ਨ ਦੇ ਪ੍ਰੋਗ੍ਰਾਮ ਤੋਂ ਪਹਿਲਾਂ ਗਿਲਿਅਡ ਦੇ ਭੈਣਾਂ-ਭਰਾਵਾਂ ਦੇ ਡਿਪਲੋਮੇ ਸਹੀ ਤਰੀਕੇ ਨਾਲ ਰੱਖਦਾ ਹੋਇਆ

ਵੱਡੇ ਸੰਮੇਲਨਾਂ ’ਤੇ ਜਾਣਾ

1960 ਵਿਚ ਮੈਨੂੰ ਇਕ ਨਵੀਂ ਜ਼ਿੰਮੇਵਾਰੀ ਮਿਲੀ ਕਿ ਮੈਂ 1961 ਵਿਚ ਹੋਣ ਵਾਲੇ ਅੰਤਰਰਾਸ਼ਟਰੀ ਸੰਮੇਲਨਾਂ ਲਈ ਅਮਰੀਕਾ ਤੋਂ ਯੂਰਪ ਜਾਣ ਵਾਲੇ ਜਹਾਜ਼ ਕਿਰਾਏ ’ਤੇ ਲਵਾਂ। ਮੈਂ ਸੰਮੇਲਨ ਵਿਚ ਹਾਜ਼ਰ ਹੋਣ ਲਈ ਹੈਮਬਰਗ, ਜਰਮਨੀ ਗਿਆ। ਸੰਮੇਲਨ ਤੋਂ ਬਾਅਦ ਮੈਂ ਅਤੇ ਤਿੰਨ ਹੋਰ ਬੈਥਲ ਦੇ ਭਰਾਵਾਂ ਨੇ ਕਾਰ ਕਿਰਾਏ ’ਤੇ ਲਈ ਅਤੇ ਅਸੀਂ ਜਰਮਨੀ ਤੋਂ ਹੁੰਦੇ ਹੋਏ ਇਟਲੀ ਗਏ। ਅਸੀਂ ਬੈਥਲ ਵਿਚ ਵੀ ਗਏ ਜੋ ਰੋਮ ਵਿਚ ਹੈ। ਉੱਥੋਂ ਅਸੀਂ ਫਰਾਂਸ ਗਏ ਤੇ ਪਿਰੇਨੀਜ਼ ਪਹਾੜੀਆਂ ਨੂੰ ਪਾਰ ਕਰਦਿਆਂ ਸਪੇਨ ਪਹੁੰਚੇ। ਸਪੇਨ ਵਿਚ ਗਵਾਹਾਂ ਦੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ। ਅਸੀਂ ਬਾਰਸਿਲੋਨਾ ਦੇ ਭੈਣਾਂ-ਭਰਾਵਾਂ ਲਈ ਪ੍ਰਕਾਸ਼ਨ ਲੈ ਕੇ ਗਏ। ਅਸੀਂ ਪ੍ਰਕਾਸ਼ਨਾਂ ਨੂੰ ਤੋਹਫ਼ਿਆਂ ਵਾਂਗ ਪੈਕ ਕੀਤਾ ਸੀ। ਉਨ੍ਹਾਂ ਨੂੰ ਮਿਲ ਕੇ ਸਾਨੂੰ ਬੇਹੱਦ ਖ਼ੁਸ਼ੀ ਹੋਈ। ਫਿਰ ਅਸੀਂ ਅਮਸਟਰਡਮ ਗਏ ਅਤੇ ਉੱਥੋਂ ਹਵਾਈ ਜਹਾਜ਼ ਰਾਹੀਂ ਨਿਊਯਾਰਕ ਚਲੇ ਗਏ।

ਲਗਭਗ ਇਕ ਸਾਲ ਬਾਅਦ, ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਦੁਨੀਆਂ ਭਰ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਹਾਜ਼ਰ ਹੋਣ ਵਾਲੇ 583 ਭੈਣਾਂ-ਭਰਾਵਾਂ ਲਈ ਆਉਣ-ਜਾਣ ਦਾ ਪ੍ਰਬੰਧ ਕਰਾਂ। ਇਹ ਅੰਤਰਰਾਸ਼ਟਰੀ ਸੰਮੇਲਨ 1963 ਵਿਚ ਅਲੱਗ-ਅਲੱਗ ਦੇਸ਼ਾਂ ਵਿਚ ਹੋਣੇ ਸਨ ਜਿਸ ਦਾ ਵਿਸ਼ਾ ਸੀ, “ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ।” ਭੈਣਾਂ-ਭਰਾਵਾਂ ਨੇ ਯੂਰਪ, ਏਸ਼ੀਆ ਤੇ ਦੱਖਣੀ ਸ਼ਾਂਤ ਮਹਾਂਸਾਗਰ ਦੇ ਟਾਪੂਆਂ ਵਿਚ ਹੋਣ ਵਾਲੇ ਸੰਮੇਲਨਾਂ ਵਿਚ ਹਾਜ਼ਰ ਹੋਣਾ ਸੀ। ਫਿਰ ਇਨ੍ਹਾਂ ਭੈਣਾਂ-ਭਰਾਵਾਂ ਨੇ ਹੋਨੋਲੁਲੂ, ਹਵਾਈ ਤੇ ਕੈਲੇਫ਼ੋਰਨੀਆ ਦੇ ਸ਼ਹਿਰ ਪੈਸਾਡੀਨਾ ਜਾਣਾ ਸੀ। ਉਨ੍ਹਾਂ ਨੇ ਬਾਈਬਲ ਵਿਚ ਦਰਜ ਥਾਵਾਂ, ਲੇਬਨਾਨ ਤੇ ਜਾਰਡਨ, ਦਾ ਖ਼ਾਸ ਟੂਰ ਵੀ ਕਰਨਾ ਸੀ। ਸਾਡਾ ਵਿਭਾਗ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਟਿਕਟਾਂ ਤੇ ਹੋਟਲ ਵਿਚ ਰਹਿਣ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਵੀਜ਼ੇ ਲਗਵਾਉਣ ਦਾ ਵੀ ਪ੍ਰਬੰਧ ਕਰਦਾ ਸੀ ਜਿਨ੍ਹਾਂ ਦੇਸ਼ਾਂ ਵਿਚ ਉਨ੍ਹਾਂ ਨੇ ਜਾਣਾ ਹੁੰਦਾ ਸੀ।

ਸਫ਼ਰ ਵਿਚ ਨਵਾਂ ਸਾਥੀ

1963 ਦਾ ਸਾਲ ਮੇਰੇ ਲਈ ਇਕ ਹੋਰ ਕਾਰਨ ਕਰਕੇ ਵੀ ਬਹੁਤ ਹੀ ਵਧੀਆ ਸੀ। 29 ਜੂਨ ਨੂੰ ਲੀਲਾ ਰੌਜ੍ਰਜ਼ ਨਾਂ ਦੀ ਕੁੜੀ ਨਾਲ ਮੇਰਾ ਵਿਆਹ ਹੋ ਗਿਆ। ਉਹ ਮਿਸੂਰੀ ਤੋਂ ਸੀ ਅਤੇ ਉਹ 1960 ਵਿਚ ਬੈਥਲ ਆਈ ਸੀ। ਆਪਣੇ ਵਿਆਹ ਤੋਂ ਇਕ ਹਫ਼ਤੇ ਬਾਅਦ ਅਸੀਂ ਦੋਵੇਂ ਜਣੇ ਅਲੱਗ-ਅਲੱਗ ਜਗ੍ਹਾ ’ਤੇ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਹਾਜ਼ਰ ਹੋਣ ਲਈ ਗਏ ਅਤੇ ਅਸੀਂ ਯੂਨਾਨ, ਮਿਸਰ ਤੇ ਲੇਬਨਾਨ ਗਏ। ਅਸੀਂ ਲੇਬਨਾਨ ਤੋਂ ਹਵਾਈ ਜਹਾਜ਼ ਰਾਹੀਂ ਜਾਰਡਨ ਗਏ। ਉੱਥੇ ਜਾਣ ਨੂੰ ਸਾਨੂੰ ਥੋੜ੍ਹਾ ਹੀ ਸਮਾਂ ਲੱਗਾ। ਪਰ ਉੱਥੇ ਗਵਾਹਾਂ ਦੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ ਅਤੇ ਸਾਨੂੰ ਦੱਸਿਆ ਗਿਆ ਸੀ ਕਿ ਯਹੋਵਾਹ ਦੇ ਗਵਾਹਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਂਦਾ। ਇਸ ਲਈ ਸਾਨੂੰ ਪਤਾ ਨਹੀਂ ਸੀ ਕਿ ਉੱਥੇ ਪਹੁੰਚਣ ’ਤੇ ਸਾਡੇ ਨਾਲ ਕੀ ਹੋਵੇਗਾ। ਪਰ ਉੱਥੇ ਪਹੁੰਚ ਕੇ ਸਾਨੂੰ ਬਹੁਤ ਹੈਰਾਨੀ ਤੇ ਖ਼ੁਸ਼ੀ ਹੋਈ ਜਦੋਂ ਅਸੀਂ ਹਵਾਈ ਅੱਡੇ ’ਤੇ ਭੈਣਾਂ-ਭਰਾਵਾਂ ਨੂੰ ਬੈਨਰ ਲਈ ਖੜ੍ਹੀ ਦੇਖਿਆ ਜਿਸ ’ਤੇ ਲਿਖਿਆ ਸੀ, “ਯਹੋਵਾਹ ਦੇ ਗਵਾਹਾਂ ਦਾ ਸੁਆਗਤ।” ਸਾਨੂੰ ਬਾਈਬਲ ਵਿਚ ਦਰਜ ਥਾਂ ਨੂੰ ਪਹਿਲੀ ਵਾਰ ਆਪਣੀ ਅੱਖੀਂ ਦੇਖ ਕੇ ਬਹੁਤ ਖ਼ੁਸ਼ੀ ਹੋਈ। ਅਸੀਂ ਉਨ੍ਹਾਂ ਥਾਵਾਂ ’ਤੇ ਵੀ ਗਏ ਜਿੱਥੇ ਅਬਰਾਹਾਮ, ਇਸਹਾਕ ਅਤੇ ਯਾਕੂਬ ਰਹਿੰਦੇ ਸਨ, ਜਿੱਥੇ ਯਿਸੂ ਤੇ ਉਸ ਦੇ ਰਸੂਲਾਂ ਨੇ ਪ੍ਰਚਾਰ ਕੀਤਾ ਸੀ ਅਤੇ ਜਿਸ ਜਗ੍ਹਾ ਤੋਂ “ਧਰਤੀ ਦੇ ਕੋਨੇ-ਕੋਨੇ ਵਿਚ” ਮਸੀਹੀ ਧਰਮ ਫੈਲਣਾ ਸ਼ੁਰੂ ਹੋਇਆ ਸੀ।​—ਰਸੂ. 13:47.

55 ਸਾਲਾਂ ਤੋਂ ਲੀਲਾ ਨੇ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਵਫ਼ਾਦਾਰੀ ਨਾਲ ਮੇਰਾ ਸਾਥ ਦਿੱਤਾ। ਜਦੋਂ ਸਪੇਨ ਅਤੇ ਪੁਰਤਗਾਲ ਵਿਚ ਗਵਾਹਾਂ ਦੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ, ਅਸੀਂ ਕਈ ਵਾਰ ਉੱਥੇ ਗਏ। ਅਸੀਂ ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦੇ ਸੀ ਅਤੇ ਉਨ੍ਹਾਂ ਲਈ ਪ੍ਰਕਾਸ਼ਨ ਤੇ ਹੋਰ ਲੋੜੀਂਦੀਆਂ ਚੀਜ਼ਾਂ ਲੈ ਕੇ ਜਾਂਦੇ ਸੀ। ਅਸੀਂ ਉਨ੍ਹਾਂ ਭਰਾਵਾਂ ਨੂੰ ਵੀ ਮਿਲ ਸਕੇ ਜੋ ਕਾਦੀਥ, ਸਪੇਨ ਦੀ ਜੇਲ੍ਹ ਵਿਚ ਸਨ। ਮੈਨੂੰ ਬਹੁਤ ਖ਼ੁਸ਼ੀ ਹੋਈ ਕਿ ਮੈਂ ਬਾਈਬਲ-ਆਧਾਰਿਤ ਭਾਸ਼ਣ ਦੇ ਕੇ ਉਨ੍ਹਾਂ ਨੂੰ ਹੌਸਲਾ ਦੇ ਸਕਿਆ।

1969 ਵਿਚ “ਧਰਤੀ ’ਤੇ ਸ਼ਾਂਤੀ” ਨਾਂ ਦੇ ਵੱਡੇ ਸੰਮੇਲਨ ’ਤੇ ਜਾਂਦਿਆਂ ਪੈਟਰੀਸ਼ੀਆ ਤੇ ਜੈਰੀ ਮੋਲਾਹੈਨ ਨਾਲ

1963 ਤੋਂ ਮੈਨੂੰ ਅਫ਼ਰੀਕਾ, ਆਸਟ੍ਰੇਲੀਆ, ਮੱਧ ਅਤੇ ਦੱਖਣੀ ਅਮਰੀਕਾ, ਯੂਰਪ, ਪੂਰਬੀ ਹਵਾਈ ਦੇ ਟਾਪੂਆਂ, ਨਿਊਜ਼ੀਲੈਂਡ ਅਤੇ ਪੋਰਟੋ ਰੀਕੋ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਸੰਮੇਲਨਾਂ ਲਈ ਆਉਣ-ਜਾਣ ਦਾ ਪ੍ਰਬੰਧ ਕਰਨ ਦਾ ਸਨਮਾਨ ਮਿਲਿਆ। ਕਈ ਸੰਮੇਲਨ ਇੱਦਾਂ ਦੇ ਸਨ ਜਿਨ੍ਹਾਂ ਨੂੰ ਮੈਂ ਤੇ ਲੀਲਾ ਕਦੇ ਨਹੀਂ ਭੁੱਲ ਸਕਦੇ। ਇਨ੍ਹਾਂ ਵਿਚ 1989 ਵਿਚ ਪੋਲੈਂਡ ਦੀ ਰਾਜਧਾਨੀ ਵੌਰਸੋ ਵਿਚ ਹੋਇਆ ਸੰਮੇਲਨ ਵੀ ਹੈ। ਰੂਸ ਤੋਂ ਬਹੁਤ ਸਾਰੇ ਭੈਣ-ਭਰਾ ਪਹਿਲੀ ਵਾਰ ਇੰਨੇ ਵੱਡੇ ਸੰਮੇਲਨ ਵਿਚ ਹਾਜ਼ਰ ਹੋ ਸਕੇ ਸਨ। ਅਸੀਂ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਵੀ ਮਿਲੇ ਜਿਨ੍ਹਾਂ ਨੇ ਆਪਣੀ ਨਿਹਚਾ ਕਰਕੇ ਬਹੁਤ ਸਾਲ ਸੋਵੀਅਤ ਸੰਘ ਦੀਆਂ ਜੇਲ੍ਹਾਂ ਰਹਿਣਾ ਪਿਆ।

ਮੈਨੂੰ ਇਕ ਹੋਰ ਜ਼ਿੰਮੇਵਾਰੀ ਮਿਲੀ ਕਿ ਮੈਂ ਦੁਨੀਆਂ ਭਰ ਦੇ ਬੈਥਲ ਪਰਿਵਾਰਾਂ ਅਤੇ ਮਿਸ਼ਨਰੀਆਂ ਨੂੰ ਜਾ ਕੇ ਹੌਸਲਾ ਦੇਵਾਂ। ਇੱਦਾਂ ਕਰ ਕੇ ਮੈਨੂੰ ਬਹੁਤ ਚੰਗਾ ਲੱਗਦਾ ਸੀ। ਅਸੀਂ ਆਖ਼ਰੀ ਵਾਰ ਦੱਖਣੀ ਕੋਰੀਆ ਦੇ ਬੈਥਲ ਗਏ ਸੀ। ਉੱਥੇ ਅਸੀਂ ਸੁਵਾਨ ਦੀ ਜੇਲ੍ਹ ਵਿਚ ਬੰਦ 50 ਭਰਾਵਾਂ ਨੂੰ ਮਿਲ ਸਕੇ। ਉਨ੍ਹਾਂ ਭਰਾਵਾਂ ਨੇ ਸਹੀ ਨਜ਼ਰੀਆ ਰੱਖਿਆ ਸੀ ਅਤੇ ਉਹ ਸੋਚਦੇ ਸਨ ਕਿ ਉਹ ਫਿਰ ਤੋਂ ਬਿਨਾਂ ਕਿਸੇ ਰੋਕ-ਟੋਕ ਦੇ ਯਹੋਵਾਹ ਦੀ ਸੇਵਾ ਕਰ ਸਕਣਗੇ। ਉਨ੍ਹਾਂ ਨੂੰ ਮਿਲ ਕੇ ਸਾਨੂੰ ਬਹੁਤ ਹੌਸਲਾ ਮਿਲਿਆ।​—ਰੋਮੀ. 1:11, 12.

ਵਾਧਾ ਦੇਖ ਕੇ ਖ਼ੁਸ਼ੀ ਹੁੰਦੀ ਹੈ

ਮੈਂ ਆਪਣੀ ਅੱਖੀਂ ਦੇਖਿਆ ਕਿ ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਆਪਣੇ ਲੋਕਾਂ ਵਿਚ ਕਿੰਨਾ ਵਾਧਾ ਕੀਤਾ ਹੈ। 1943 ਵਿਚ ਮੇਰੇ ਬਪਤਿਸਮੇ ਵੇਲੇ ਲਗਭਗ ਇਕ ਲੱਖ ਪ੍ਰਚਾਰਕ ਸਨ, ਪਰ ਹੁਣ 240 ਦੇਸ਼ਾਂ ਵਿਚ ਅੱਸੀ ਲੱਖ ਤੋਂ ਜ਼ਿਆਦਾ ਲੋਕ ਯਹੋਵਾਹ ਦੀ ਸੇਵਾ ਕਰ ਰਹੇ ਹਨ। ਗਿਲਿਅਡ ਗ੍ਰੈਜੂਏਟ ਭੈਣਾਂ-ਭਰਾਵਾਂ ਨੇ ਪ੍ਰਚਾਰ ਵਿਚ ਸਖ਼ਤ ਮਿਹਨਤ ਕਰ ਕੇ ਇਸ ਵਾਧੇ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਹੈ। ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੈਂ ਇਨ੍ਹਾਂ ਮਿਸ਼ਨਰੀ ਭੈਣਾਂ-ਭਰਾਵਾਂ ਨਾਲ ਕਈ ਸਾਲ ਮਿਲ ਕੇ ਕੰਮ ਕੀਤਾ ਅਤੇ ਉਨ੍ਹਾਂ ਦੀ ਮਦਦ ਕੀਤੀ ਕਿ ਉਹ ਦੂਸਰੇ ਦੇਸ਼ ਜਾ ਕੇ ਸੇਵਾ ਕਰ ਸਕਣ।

ਮੈਨੂੰ ਦਿਲੋਂ ਖ਼ੁਸ਼ੀ ਹੈ ਕਿ ਮੈਂ ਜਵਾਨੀ ਵਿਚ ਹੀ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਅਤੇ ਬੈਥਲ ਜਾਣ ਲਈ ਫ਼ਾਰਮ ਭਰਿਆ ਸੀ। ਯਹੋਵਾਹ ਨੇ ਹਰ ਕਦਮ ’ਤੇ ਮੈਨੂੰ ਅਸੀਸ ਦਿੱਤੀ ਹੈ। ਮੈਨੂੰ ਤੇ ਲੀਲਾ ਨੂੰ ਬੈਥਲ ਵਿਚ ਸੇਵਾ ਕਰ ਕੇ ਬਹੁਤ ਖ਼ੁਸ਼ੀਆਂ ਮਿਲੀਆਂ। ਨਾਲੇ ਸਾਨੂੰ 50 ਤੋਂ ਜ਼ਿਆਦਾ ਸਾਲਾਂ ਤਕ ਬਰੁਕਲਿਨ ਦੀਆਂ ਕਈ ਮੰਡਲੀਆਂ ਨਾਲ ਪ੍ਰਚਾਰ ਕਰਨ ਦਾ ਵੀ ਸਨਮਾਨ ਮਿਲਿਆ ਜਿੱਥੇ ਅਸੀਂ ਬਹੁਤ ਸਾਰੇ ਵਧੀਆ ਦੋਸਤ ਬਣਾਏ।

ਮੈਂ ਹਰ ਰੋਜ਼ ਲੀਲਾ ਦੀ ਮਦਦ ਨਾਲ ਬੈਥਲ ਵਿਚ ਸੇਵਾ ਕਰਦਾ ਹਾਂ। ਚਾਹੇ ਹੁਣ ਮੇਰੀ ਉਮਰ 84 ਤੋਂ ਜ਼ਿਆਦਾ ਸਾਲਾਂ ਦੀ ਹੈ, ਪਰ ਹਾਲੇ ਵੀ ਮੈਨੂੰ ਬੈਥਲ ਵਿਚ ਸੇਵਾ ਕਰ ਕੇ ਖ਼ੁਸ਼ੀ ਹੁੰਦੀ ਹੈ। ਮੈਂ ਬੈਥਲ ਦੇ ਸੇਵਾ ਵਿਭਾਗ ਵਿਚ ਸੇਵਾ ਕਰਦਾ ਹਾਂ।

ਅੱਜ ਲੀਲਾ ਨਾਲ

ਯਹੋਵਾਹ ਦੇ ਸ਼ਾਨਦਾਰ ਸੰਗਠਨ ਦਾ ਹਿੱਸਾ ਹੋਣਾ ਅਤੇ ਮਲਾਕੀ 3:18 ਦੇ ਸ਼ਬਦ ਪੂਰੇ ਹੁੰਦਿਆਂ ਦੇਖਣਾ ਕਿੰਨੀ ਖ਼ੁਸ਼ੀ ਦੀ ਗੱਲ ਹੈ ਜਿੱਥੇ ਲਿਖਿਆ ਹੈ, “ਤੁਸੀਂ ਮੁੜੋਗੇ ਅਤੇ ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ।” ਹਰ ਦਿਨ ਅਸੀਂ ਦੇਖਦੇ ਹਾਂ ਕਿ ਸ਼ੈਤਾਨ ਦੀ ਦੁਨੀਆਂ ਬੁਰੀ ਤੋਂ ਬੁਰੀ ਹੁੰਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਨਾ ਕੋਈ ਆਸ ਹੈ ਤੇ ਨਾ ਹੀ ਕੋਈ ਖ਼ੁਸ਼ੀ। ਪਰ ਯਹੋਵਾਹ ਨੂੰ ਪਿਆਰ ਕਰਨ ਵਾਲੇ ਅਤੇ ਉਸ ਦੀ ਸੇਵਾ ਕਰਨ ਵਾਲੇ ਇਨ੍ਹਾਂ ਬੁਰੇ ਸਮਿਆਂ ਵਿਚ ਵੀ ਖ਼ੁਸ਼ ਹਨ ਅਤੇ ਉਨ੍ਹਾਂ ਕੋਲ ਭਵਿੱਖ ਲਈ ਪੱਕੀ ਉਮੀਦ ਹੈ। ਸਾਡੇ ਕੋਲ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਕਿੰਨਾ ਹੀ ਵੱਡਾ ਸਨਮਾਨ ਹੈ! (ਮੱਤੀ 24:14) ਅਸੀਂ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ ਜਦੋਂ ਜਲਦੀ ਹੀ ਪਰਮੇਸ਼ੁਰ ਦਾ ਰਾਜ ਇਸ ਬੁਰੀ ਦੁਨੀਆਂ ਨੂੰ ਖ਼ਤਮ ਕਰਕੇ ਨਵੀਂ ਦੁਨੀਆਂ ਲਿਆਵੇਗਾ। ਉਦੋਂ ਧਰਤੀ ’ਤੇ ਸਾਰੇ ਜਣੇ ਤੰਦਰੁਸਤ ਤੇ ਖ਼ੁਸ਼ ਹੋਣਗੇ ਅਤੇ ਹਮੇਸ਼ਾ ਲਈ ਜੀ ਸਕਣਗੇ।