Skip to content

Skip to table of contents

ਬਦਲਦੇ ਹਾਲਾਤਾਂ ਦੇ ਬਾਵਜੂਦ ਵੀ ਮਨ ਦੀ ਸ਼ਾਂਤੀ ਬਣਾਈ ਰੱਖੋ

ਬਦਲਦੇ ਹਾਲਾਤਾਂ ਦੇ ਬਾਵਜੂਦ ਵੀ ਮਨ ਦੀ ਸ਼ਾਂਤੀ ਬਣਾਈ ਰੱਖੋ

“ਮੈਂ ਆਪਣੀ ਜਾਨ ਨੂੰ ਠੰਡਾ [ਸ਼ਾਂਤ] ਤੇ ਚੁੱਪ ਕਰਾ ਲਿਆ ਹੈ।”​—ਜ਼ਬੂ. 131:2.

ਗੀਤ: 24, 51

1, 2. (ੳ) ਜ਼ਿੰਦਗੀ ਵਿਚ ਅਚਾਨਕ ਹਾਲਾਤ ਬਦਲਣ ਦਾ ਸਾਡੇ ’ਤੇ ਕੀ ਅਸਰ ਪੈ ਸਕਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਜ਼ਬੂਰ 131 ਅਨੁਸਾਰ ਕਿਹੜੀ ਗੱਲ ਮਨ ਦੀ ਸ਼ਾਂਤੀ ਬਣਾਈ ਰੱਖਣ ਵਿਚ ਸਾਡੀ ਮਦਦ ਕਰ ਸਕਦੀ ਹੈ?

ਜਦੋਂ ਬੈਥਲ ਵਿਚ ਸੇਵਾ ਕਰਨ ਵਾਲੇ ਜੋੜੇ, ਲੋਇਡ ਅਤੇ ਐਲਿਗਜ਼ਾਂਡਰਾ, ਨੂੰ ਬੈਥਲ ਛੱਡ ਕੇ ਜਾਣ ਨੂੰ ਕਿਹਾ ਗਿਆ, ਤਾਂ ਪਹਿਲਾਂ-ਪਹਿਲ ਉਹ ਬਹੁਤ ਦੁਖੀ ਹੋਏ। ਕਿਉਂ? ਕਿਉਂਕਿ ਉਹ 25 ਤੋਂ ਜ਼ਿਆਦਾ ਸਾਲਾਂ ਤੋਂ ਬੈਥਲ ਵਿਚ ਸੇਵਾ ਕਰ ਰਹੇ ਸਨ। ਲੋਇਡ ਕਹਿੰਦਾ ਹੈ: “ਮੈਨੂੰ ਲੱਗਦਾ ਸੀ ਕਿ ਬੈਥਲ ਅਤੇ ਮੇਰਾ ਕੰਮ ਹੀ ਮੇਰੀ ਪਛਾਣ ਬਣ ਗਿਆ ਸੀ। ਮੈਂ ਇਸ ਬਦਲਾਅ ਦੇ ਕਾਰਨਾਂ ਨੂੰ ਸਮਝਦਾ ਸੀ, ਪਰ ਅਗਲੇ ਕੁਝ ਹਫ਼ਤਿਆਂ ਅਤੇ ਮਹੀਨਿਆਂ ਦੌਰਾਨ ਮੈਨੂੰ ਅਕਸਰ ਲੱਗਦਾ ਸੀ ਜਿੱਦਾਂ ਮੈਨੂੰ ਤਿਆਗ ਦਿੱਤਾ ਗਿਆ ਹੋਵੇ।” ਕਦੀ ਉਸ ਦਾ ਨਜ਼ਰੀਆ ਸਹੀ ਹੋ ਜਾਂਦਾ ਸੀ ਤੇ ਕਦੀ ਉਹ ਆਪਣੇ ਆਪ ਵਿਚ ਨਿਕੰਮਾ ਮਹਿਸੂਸ ਕਰਨ ਲੱਗ ਪੈਂਦਾ ਸੀ।

2 ਜ਼ਿੰਦਗੀ ਵਿਚ ਅਚਾਨਕ ਹਾਲਾਤ ਬਦਲਣ ’ਤੇ ਸ਼ਾਇਦ ਅਸੀਂ ਚਿੰਤਾ ਕਰਨ ਲੱਗ ਪਈਏ ਜਾਂ ਨਿਰਾਸ਼ ਹੋ ਜਾਈਏ। (ਕਹਾ. 12:25) ਜਦੋਂ ਸਾਨੂੰ ਤਬਦੀਲੀਆਂ ਸਵੀਕਾਰ ਕਰਨੀਆਂ ਜਾਂ ਉਨ੍ਹਾਂ ਮੁਤਾਬਕ ਢਲ਼ਣਾ ਔਖਾ ਲੱਗੇ, ਤਾਂ ਸ਼ਾਂਤ ਰਹਿਣ ਲਈ ਅਸੀਂ ਕੀ ਕਰ ਸਕਦੇ ਹਾਂ? (ਜ਼ਬੂਰਾਂ ਦੀ ਪੋਥੀ 131:1-3 ਪੜ੍ਹੋ।) ਆਓ ਆਪਾਂ ਦੇਖੀਏ ਕਿ ਪੁਰਾਣੇ ਅਤੇ ਅੱਜ ਦੇ ਸਮੇਂ ਦੇ ਯਹੋਵਾਹ ਦੇ ਕੁਝ ਸੇਵਕਾਂ ਨੇ ਅਚਾਨਕ ਹਾਲਾਤ ਬਦਲਣ ’ਤੇ ਮਨ ਦੀ ਸ਼ਾਂਤੀ ਕਿਵੇਂ ਬਣਾਈ ਰੱਖੀ।

“ਪਰਮੇਸ਼ੁਰ ਦੀ ਸ਼ਾਂਤੀ” ਕਿੱਦਾਂ ਸਾਡੀ ਮਦਦ ਕਰਦੀ ਹੈ?

3. ਯੂਸੁਫ਼ ਦੇ ਹਾਲਾਤ ਅਚਾਨਕ ਕਿੱਦਾਂ ਬਦਲ ਗਏ?

3 ਜ਼ਰਾ ਯੂਸੁਫ਼ ਬਾਰੇ ਸੋਚੋ। ਯਾਕੂਬ ਆਪਣੇ ਸਾਰੇ ਪੁੱਤਰਾਂ ਵਿੱਚੋਂ ਯੂਸੁਫ਼ ਨੂੰ ਜ਼ਿਆਦਾ ਪਿਆਰ ਕਰਦਾ ਸੀ। ਇਸ ਕਰਕੇ ਯੂਸੁਫ਼ ਦੇ ਭਰਾ ਉਸ ਨਾਲ ਬਹੁਤ ਈਰਖਾ ਕਰਦੇ ਸਨ। ਜਦੋਂ ਯੂਸੁਫ਼ 17 ਸਾਲਾਂ ਦਾ ਸੀ, ਤਾਂ ਉਸ ਦੇ ਭਰਾਵਾਂ ਨੇ ਉਸ ਨੂੰ ਗ਼ੁਲਾਮ ਵਜੋਂ ਵੇਚ ਦਿੱਤਾ। (ਉਤ. 37:2-4, 23-28) ਯੂਸੁਫ਼ ਨੇ ਲਗਭਗ 13 ਸਾਲ ਮਿਸਰ ਵਿਚ ਇਕ ਗ਼ੁਲਾਮ ਵਜੋਂ ਅਤੇ ਬਾਅਦ ਵਿਚ ਕੈਦੀ ਵਜੋਂ ਦੁੱਖ ਝੱਲੇ। ਉਹ ਆਪਣੇ ਪਿਤਾ ਤੋਂ ਬਹੁਤ ਦੂਰ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ। ਕਿਹੜੀ ਗੱਲ ਨੇ ਨਿਰਾਸ਼ ਜਾਂ ਗੁੱਸੇ ਨਾ ਹੋਣ ਵਿਚ ਯੂਸੁਫ਼ ਦੀ ਮਦਦ ਕੀਤੀ?

4. (ੳ) ਯੂਸੁਫ਼ ਨੇ ਜੇਲ੍ਹ ਵਿਚ ਹੁੰਦਿਆਂ ਕੀ ਕੀਤਾ? (ਅ) ਯਹੋਵਾਹ ਨੇ ਯੂਸੁਫ਼ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਕਿੱਦਾਂ ਦਿੱਤਾ?

4 ਜੇਲ੍ਹ ਵਿਚ ਦੁੱਖ ਝੱਲਦਿਆਂ ਯੂਸੁਫ਼ ਨੇ ਜ਼ਰੂਰ ਆਪਣਾ ਧਿਆਨ ਇਸ ਗੱਲ ’ਤੇ ਲਾਈ ਰੱਖਿਆ ਹੋਣਾ ਕਿ ਯਹੋਵਾਹ ਕਿੱਦਾਂ ਉਸ ਦੀ ਮਦਦ ਕਰ ਰਿਹਾ ਸੀ। (ਉਤ. 39:21; ਜ਼ਬੂ. 105:17-19) ਯਹੋਵਾਹ ਨੇ ਉਸ ਨੂੰ ਛੋਟੇ ਹੁੰਦਿਆਂ ਭਵਿੱਖ ਬਾਰੇ ਜੋ ਸੁਪਨੇ ਦਿਖਾਏ ਸਨ, ਉਸ ਨੇ ਸ਼ਾਇਦ ਉਨ੍ਹਾਂ ਬਾਰੇ ਵੀ ਸੋਚਿਆ ਹੋਣਾ। ਇਸ ਤੋਂ ਉਸ ਨੂੰ ਇਸ ਗੱਲ ਦਾ ਪੱਕਾ ਭਰੋਸਾ ਹੋਇਆ ਹੋਣਾ ਕਿ ਯਹੋਵਾਹ ਦੀ ਮਿਹਰ ਉਸ ਉੱਤੇ ਸੀ। (ਉਤ. 37:5-11) ਉਹ ਅਕਸਰ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੇ ਦਿਲ ਦੀ ਹਰ ਗੱਲ ਦੱਸਦਾ ਹੋਣਾ। (ਜ਼ਬੂ. 145:18) ਉਸ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਯਹੋਵਾਹ ਨੇ ਉਸ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਉਹ ਹਰ ਮੁਸ਼ਕਲ ਘੜੀ ਵਿਚ ਉਸ ਦਾ “ਸਾਥ” ਦੇਵੇਗਾ।​—ਰਸੂ. 7:9, 10. *

5. “ਪਰਮੇਸ਼ੁਰ ਦੀ ਸ਼ਾਂਤੀ” ਉਸ ਦੀ ਸੇਵਾ ਕਰਨ ਦਾ ਸਾਡਾ ਇਰਾਦਾ ਹੋਰ ਪੱਕਾ ਕਿਵੇਂ ਕਰ ਸਕਦੀ ਹੈ?

5 ਭਾਵੇਂ ਸਾਡੇ ਹਾਲਾਤ ਜਿੰਨੇ ਮਰਜ਼ੀ ਔਖੇ ਹੋਣ, ਪਰ ਅਸੀਂ “ਪਰਮੇਸ਼ੁਰ ਦੀ ਸ਼ਾਂਤੀ” ਪਾ ਸਕਦੇ ਹਾਂ ਜੋ ਸਾਡੇ “ਮਨਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7 ਪੜ੍ਹੋ।) ਜਦੋਂ ਅਸੀਂ ਬਹੁਤ ਚਿੰਤਾ ਤੇ ਤਣਾਅ ਵਿਚ ਹੁੰਦੇ ਹਾਂ, ਤਾਂ “ਪਰਮੇਸ਼ੁਰ ਦੀ ਸ਼ਾਂਤੀ” ਉਸ ਦੀ ਸੇਵਾ ਕਰਦੇ ਰਹਿਣ ਅਤੇ ਕਦੀ ਹਾਰ ਨਾ ਮੰਨਣ ਵਿਚ ਸਾਨੂੰ ਤਕੜਿਆਂ ਕਰੇਗੀ। ਆਓ ਆਪਾਂ ਅੱਜ ਦੇ ਕੁਝ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ’ਤੇ ਗੌਰ ਕਰੀਏ ਜਿਨ੍ਹਾਂ ਨੂੰ ਇਹ ਸ਼ਾਂਤੀ ਮਿਲੀ ਹੈ।

ਫਿਰ ਤੋਂ ਮਨ ਦੀ ਸ਼ਾਂਤੀ ਪਾਉਣ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ

6, 7. ਕਿਸੇ ਖ਼ਾਸ ਗੱਲ ਲਈ ਪ੍ਰਾਰਥਨਾ ਕਰਨ ਨਾਲ ਅਸੀਂ ਫਿਰ ਤੋਂ ਮਨ ਦੀ ਸ਼ਾਂਤੀ ਕਿਵੇਂ ਪਾ ਸਕਦੇ ਹਾਂ? ਇਕ ਮਿਸਾਲ ਦਿਓ।

6 ਰਾਇਨ ਅਤੇ ਉਸ ਦੀ ਪਤਨੀ ਜੂਲੀਅਟ ਨੂੰ ਥੋੜ੍ਹੇ ਸਮੇਂ ਲਈ ਸਪੈਸ਼ਲ ਪਾਇਨੀਅਰ ਨਿਯੁਕਤ ਕੀਤਾ ਗਿਆ ਸੀ। ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਇਹ ਸੇਵਾ ਖ਼ਤਮ ਹੋ ਗਈ ਹੈ, ਤਾਂ ਉਹ ਬਹੁਤ ਨਿਰਾਸ਼ ਹੋ ਗਏ। ਰਾਇਨ ਦੱਸਦਾ ਹੈ: “ਅਸੀਂ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਸਾਨੂੰ ਪਤਾ ਸੀ ਕਿ ਹੁਣ ਸਾਡੇ ਕੋਲ ਉਸ ’ਤੇ ਭਰੋਸਾ ਦਿਖਾਉਣ ਦਾ ਵਧੀਆ ਮੌਕਾ ਸੀ। ਸਾਡੀ ਮੰਡਲੀ ਵਿਚ ਬਹੁਤ ਸਾਰੇ ਨਵੇਂ ਭੈਣ-ਭਰਾ ਸਨ। ਇਸ ਕਰਕੇ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਾਡੀ ਮਦਦ ਕਰੇ ਤਾਂਕਿ ਅਸੀਂ ਨਿਹਚਾ ਦੀ ਵਧੀਆ ਮਿਸਾਲ ਕਾਇਮ ਕਰ ਸਕੀਏ।”

7 ਯਹੋਵਾਹ ਨੇ ਉਨ੍ਹਾਂ ਦੀ ਪ੍ਰਾਰਥਨਾ ਦਾ ਜਵਾਬ ਕਿੱਦਾਂ ਦਿੱਤਾ? ਰਾਇਨ ਦੱਸਦਾ ਹੈ: “ਪ੍ਰਾਰਥਨਾ ਕਰਨ ਤੋਂ ਤੁਰੰਤ ਬਾਅਦ ਨਿਰਾਸ਼ਾ ਅਤੇ ਚਿੰਤਾਵਾਂ ਖ਼ਤਮ ਹੋ ਗਈਆਂ। ਪਰਮੇਸ਼ੁਰ ਦੀ ਸ਼ਾਂਤੀ ਸਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰ ਰਹੀ ਸੀ। ਸਾਨੂੰ ਅਹਿਸਾਸ ਹੋਇਆ ਕਿ ਸਹੀ ਨਜ਼ਰੀਆ ਰੱਖਣ ਨਾਲ ਹੀ ਅਸੀਂ ਯਹੋਵਾਹ ਦੀ ਸੇਵਾ ਵਧੀਆ ਤਰੀਕੇ ਨਾਲ ਕਰਦੇ ਰਹਿ ਸਕਾਂਗੇ।”

8-10. (ੳ) ਚਿੰਤਾਵਾਂ ਦਾ ਸਾਮ੍ਹਣਾ ਕਰਨ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੀ ਮਦਦ ਕਿੱਦਾਂ ਕਰ ਸਕਦੀ ਹੈ? (ਅ) ਯਹੋਵਾਹ ਦੀ ਸੇਵਾ ’ਤੇ ਧਿਆਨ ਲਾਈ ਰੱਖਣ ਕਰਕੇ ਉਹ ਸ਼ਾਇਦ ਸਾਡੀ ਮਦਦ ਕਿਵੇਂ ਕਰੇ?

8 ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸ਼ਾਂਤ ਰਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ। ਨਾਲੇ ਇਹ ਸਾਨੂੰ ਬਾਈਬਲ ਦੀਆਂ ਉਹ ਆਇਤਾਂ ਵੀ ਯਾਦ ਕਰਾ ਸਕਦੀ ਹੈ ਜੋ ਸਾਡੀ ਇਹ ਸਮਝਣ ਵਿਚ ਮਦਦ ਕਰਨਗੀਆਂ ਕਿ ਜ਼ਿੰਦਗੀ ਵਿਚ ਕਿਹੜੀ ਗੱਲ ਜ਼ਰੂਰੀ ਹੈ। (ਯੂਹੰਨਾ 14:26, 27 ਪੜ੍ਹੋ।) ਜ਼ਰਾ ਗੌਰ ਕਰੋ ਕਿ ਫਿਲਿਪ ਅਤੇ ਮੈਰੀ ਨਾਂ ਦੇ ਜੋੜੇ ਨਾਲ ਕੀ ਹੋਇਆ ਜਿਨ੍ਹਾਂ ਨੇ ਲਗਭਗ 25 ਸਾਲ ਬੈਥਲ ਵਿਚ ਸੇਵਾ ਕੀਤੀ। ਬੈਥਲ ਛੱਡਣ ਤੋਂ ਬਾਅਦ ਚਾਰ ਮਹੀਨਿਆਂ ਦੇ ਅੰਦਰ-ਅੰਦਰ ਦੋਵਾਂ ਦੀਆਂ ਮਾਵਾਂ ਅਤੇ ਫਿਲਿਪ ਦੇ ਇਕ ਰਿਸ਼ਤੇਦਾਰ ਦੀ ਮੌਤ ਹੋ ਗਈ। ਉਨ੍ਹਾਂ ਨੂੰ ਮੈਰੀ ਦੇ ਪਿਤਾ ਦੀ ਦੇਖ-ਭਾਲ ਕਰਨੀ ਪਈ ਜਿਸ ਨੂੰ ਭੁੱਲਣ ਦੀ ਬੀਮਾਰੀ ਹੈ।

9 ਫਿਲਿਪ ਕਹਿੰਦਾ ਹੈ: “ਮੈਂ ਸੋਚਦਾ ਸੀ ਕਿ ਮੈਂ ਇਨ੍ਹਾਂ ਹਾਲਾਤਾਂ ਦਾ ਕੁਝ ਹੱਦ ਤਕ ਚੰਗੇ ਤਰੀਕੇ ਨਾਲ ਸਾਮ੍ਹਣਾ ਕਰ ਰਿਹਾ ਸੀ, ਪਰ ਮੈਨੂੰ ਕਿਸੇ ਚੀਜ਼ ਦੀ ਕਮੀ ਲੱਗਦੀ ਸੀ। ਮੈਂ ਪਹਿਰਾਬੁਰਜ ਦੇ ਅਧਿਐਨ ਲੇਖ ਵਿੱਚੋਂ ਕੁਲੁੱਸੀਆਂ 1:11 ਪੜ੍ਹਿਆ। ਮੈਂ ਸਹਿਣ ਤਾਂ ਕਰ ਰਿਹਾ ਸੀ, ਪਰ ਪੂਰੀ ਤਰ੍ਹਾਂ ਨਹੀਂ। ਮੈਨੂੰ ‘ਧੀਰਜ ਅਤੇ ਖ਼ੁਸ਼ੀ ਨਾਲ ਸਾਰੀਆਂ ਗੱਲਾਂ’ ਸਹਿਣ ਦੀ ਲੋੜ ਸੀ।’ ਇਸ ਆਇਤ ਨੇ ਮੈਨੂੰ ਯਾਦ ਕਰਵਾਇਆ ਕਿ ਮੇਰੀ ਖ਼ੁਸ਼ੀ ਹਾਲਾਤਾਂ ’ਤੇ ਨਹੀਂ, ਸਗੋਂ ਇਸ ਗੱਲ ’ਤੇ ਨਿਰਭਰ ਕਰਦੀ ਸੀ ਕਿ ਪਰਮੇਸ਼ੁਰ ਦੀ ਸ਼ਕਤੀ ਮੇਰੀ ਜ਼ਿੰਦਗੀ ’ਤੇ ਅਸਰ ਪਾ ਰਹੀ ਸੀ।”

10 ਫਿਲਿਪ ਅਤੇ ਮੈਰੀ ਨੇ ਯਹੋਵਾਹ ਦੀ ਸੇਵਾ ’ਤੇ ਆਪਣਾ ਧਿਆਨ ਲਾਈ ਰੱਖਿਆ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਬਰਕਤਾਂ ਦਿੱਤੀਆਂ। ਬੈਥਲ ਛੱਡਣ ਤੋਂ ਛੇਤੀ ਬਾਅਦ ਉਨ੍ਹਾਂ ਨੂੰ ਬਹੁਤ ਸਾਰੀਆਂ ਬਾਈਬਲ ਸਟੱਡੀਆਂ ਮਿਲ ਗਈਆਂ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਤਰੱਕੀ ਕੀਤੀ ਜੋ ਹਫ਼ਤੇ ਵਿਚ ਇਕ ਤੋਂ ਜ਼ਿਆਦਾ ਵਾਰ ਸਟੱਡੀ ਕਰਨੀ ਚਾਹੁੰਦੇ ਸਨ। ਮੈਰੀ ਕਹਿੰਦੀ ਹੈ: “ਉਨ੍ਹਾਂ ਕਰਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਸੀ ਅਤੇ ਇਸ ਤਰੀਕੇ ਨਾਲ ਯਹੋਵਾਹ ਸਾਨੂੰ ਕਹਿ ਰਿਹਾ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ।”

ਕੁਝ ਕਰੋ ਤਾਂਕਿ ਯਹੋਵਾਹ ਤੁਹਾਨੂੰ ਬਰਕਤ ਦੇਵੇ

ਚਾਹੇ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਪਰ ਅਸੀਂ ਯੂਸੁਫ਼ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਪੈਰੇ 11-13 ਦੇਖੋ)

11, 12. (ੳ) ਯਹੋਵਾਹ ਨੇ ਯੂਸੁਫ਼ ਨੂੰ ਬਰਕਤ ਕਿਉਂ ਦਿੱਤੀ? (ਅ) ਯਹੋਵਾਹ ਨੇ ਯੂਸੁਫ਼ ਨੂੰ ਕੀ ਇਨਾਮ ਦਿੱਤਾ?

11 ਅਚਾਨਕ ਹਾਲਾਤ ਬਦਲਣ ’ਤੇ ਅਸੀਂ ਸ਼ਾਇਦ ਇੰਨੀ ਜ਼ਿਆਦਾ ਚਿੰਤਾ ਕਰਨ ਲੱਗ ਪਈਏ ਕਿ ਸਾਨੂੰ ਆਪਣੀਆਂ ਮੁਸ਼ਕਲਾਂ ਤੋਂ ਇਲਾਵਾ ਕੁਝ ਨਜ਼ਰ ਹੀ ਨਾ ਆਵੇ। ਯੂਸੁਫ਼ ਨਾਲ ਇੱਦਾਂ ਹੋ ਸਕਦਾ ਸੀ। ਪਰ ਉਸ ਨੇ ਉਹ ਕੀਤਾ ਜੋ ਉਹ ਆਪਣੇ ਹਾਲਾਤਾਂ ਅਨੁਸਾਰ ਕਰ ਸਕਦਾ ਸੀ। ਜਿੱਦਾਂ ਯੂਸੁਫ਼ ਨੇ ਪੋਟੀਫ਼ਰ ਦੇ ਘਰ ਵਿਚ ਸਖ਼ਤ ਮਿਹਨਤ ਕੀਤੀ ਸੀ, ਉੱਦਾਂ ਹੀ ਕੈਦਖ਼ਾਨੇ ਵਿਚ ਉਸ ਨੇ ਉਹ ਕੰਮ ਕਰਨ ਵਿਚ ਸਖ਼ਤ ਮਿਹਨਤ ਕੀਤੀ ਜੋ ਕੈਦਖ਼ਾਨੇ ਦਾ ਮੁੱਖ ਅਧਿਕਾਰੀ ਉਸ ਨੂੰ ਕਰਨ ਲਈ ਕਹਿੰਦਾ ਸੀ।​—ਉਤ. 39:21-23.

12 ਇਕ ਦਿਨ ਯੂਸੁਫ਼ ਨੂੰ ਦੋ ਕੈਦੀਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਜੋ ਫ਼ਿਰਊਨ ਦੇ ਦਰਬਾਰ ਵਿਚ ਸੇਵਾ ਕਰਦੇ ਸਨ। ਯੂਸੁਫ਼ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਸੀ ਜਿਸ ਕਰਕੇ ਉਹ ਬਿਨਾਂ ਝਿਜਕੇ ਉਸ ਨੂੰ ਆਪਣੀਆਂ ਚਿੰਤਾਵਾਂ ਦੱਸਦੇ ਸਨ। ਇਕ ਰਾਤ ਉਨ੍ਹਾਂ ਨੂੰ ਸੁਪਨੇ ਆਏ ਜਿਨ੍ਹਾਂ ਕਰਕੇ ਉਹ ਪਰੇਸ਼ਾਨ ਹੋ ਗਏ। ਉਨ੍ਹਾਂ ਨੇ ਯੂਸੁਫ਼ ਨੂੰ ਇਨ੍ਹਾਂ ਸੁਪਨਿਆਂ ਬਾਰੇ ਦੱਸਿਆ। (ਉਤ. 40:5-8) ਭਾਵੇਂ ਯੂਸੁਫ਼ ਨੂੰ ਉਦੋਂ ਇਸ ਬਾਰੇ ਪਤਾ ਨਹੀਂ ਸੀ, ਪਰ ਬਾਅਦ ਵਿਚ ਇਸ ਗੱਲਬਾਤ ਦਾ ਵਧੀਆ ਨਤੀਜਾ ਨਿਕਲਿਆ। ਦੋ ਸਾਲਾਂ ਬਾਅਦ ਉਸ ਨੂੰ ਕੈਦ ਵਿੱਚੋਂ ਰਿਹਾ ਕਰ ਦਿੱਤਾ ਗਿਆ ਅਤੇ ਉਹ ਮਿਸਰ ਦਾ ਤਾਕਤਵਰ ਹਾਕਮ ਬਣ ਗਿਆ। ਸਿਰਫ਼ ਫ਼ਿਰਊਨ ਕੋਲ ਹੀ ਯੂਸੁਫ਼ ਨਾਲੋਂ ਜ਼ਿਆਦਾ ਅਧਿਕਾਰ ਸੀ।​—ਉਤ. 41:1, 14-16, 39-41.

13. ਚਾਹੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਪਰ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਯਹੋਵਾਹ ਸਾਨੂੰ ਬਰਕਤ ਦੇਵੇ?

13 ਯੂਸੁਫ਼ ਵਾਂਗ ਸ਼ਾਇਦ ਸਾਡੇ ਹਾਲਾਤ ਵੀ ਸਾਡੇ ਹੱਥ-ਵੱਸ ਨਾ ਹੋਣ। ਪਰ ਜੇ ਅਸੀਂ ਧੀਰਜ ਰੱਖਾਂਗੇ ਅਤੇ ਆਪਣੇ ਹਾਲਾਤਾਂ ਮੁਤਾਬਕ ਉਹ ਸਭ ਕੁਝ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ, ਤਾਂ ਯਹੋਵਾਹ ਸਾਨੂੰ ਬਰਕਤ ਦੇਵੇਗਾ। (ਜ਼ਬੂ. 37:5) ਭਾਵੇਂ ਕਈ ਵਾਰ ਸ਼ਾਇਦ ਸਾਨੂੰ ਲੱਗੇ ਕਿ ਅਸੀਂ “ਉਲਝਣ” ਅਤੇ ਚਿੰਤਾ ਵਿਚ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਉਮੀਦ ਨਹੀਂ ਹੈ। (2 ਕੁਰਿੰ. 4:8) ਯਹੋਵਾਹ ਸਾਡਾ ਸਾਥ ਕਦੇ ਨਹੀਂ ਛੱਡੇਗਾ ਖ਼ਾਸ ਕਰਕੇ ਜੇ ਅਸੀਂ ਉਸ ਦੀ ਸੇਵਾ ਵਿਚ ਲੱਗੇ ਰਹਿੰਦੇ ਹਾਂ।

ਸੇਵਾ ਵਿਚ ਲੱਗੇ ਰਹੋ

14-16. ਹਾਲਾਤ ਬਦਲਣ ’ਤੇ ਵੀ ਫ਼ਿਲਿੱਪੁਸ ਪ੍ਰਚਾਰ ਕਰਨ ਵਿਚ ਕਿਵੇਂ ਲੱਗਾ ਰਿਹਾ?

14 ਹਾਲਾਤ ਬਦਲਣ ’ਤੇ ਵੀ ਸੇਵਾ ਕਰਦੇ ਰਹਿਣ ਵਿਚ ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ਨੇ ਬਹੁਤ ਵਧੀਆ ਮਿਸਾਲ ਕਾਇਮ ਕੀਤੀ। ਇਕ ਸਮੇਂ ’ਤੇ ਉਹ ਯਰੂਸ਼ਲਮ ਵਿਚ ਆਪਣੀ ਨਵੀਂ ਜ਼ਿੰਮੇਵਾਰੀ ਨਿਭਾ ਕੇ ਬਹੁਤ ਖ਼ੁਸ਼ ਸੀ। (ਰਸੂ. 6:1-6) ਪਰ ਅਚਾਨਕ ਸਭ ਕੁਝ ਬਦਲ ਗਿਆ। ਮਸੀਹੀਆਂ ’ਤੇ ਬਹੁਤ ਅਤਿਆਚਾਰ ਹੋਣ ਲੱਗ ਪਏ ਅਤੇ ਇਸੇ ਸਮੇਂ ਦੌਰਾਨ ਇਸਤੀਫ਼ਾਨ ਦਾ ਕਤਲ ਕਰ ਦਿੱਤਾ ਗਿਆ। * ਅਤਿਆਚਾਰਾਂ ਕਰਕੇ ਮਸੀਹੀ ਯਰੂਸ਼ਲਮ ਤੋਂ ਭੱਜ ਗਏ। ਪਰ ਫ਼ਿਲਿੱਪੁਸ ਯਹੋਵਾਹ ਦੀ ਸੇਵਾ ਵਿਚ ਲੱਗਾ ਰਹਿਣਾ ਚਾਹੁੰਦਾ ਸੀ। ਇਸ ਕਰਕੇ ਉਹ ਸਾਮਰੀਆ ਚਲਾ ਗਿਆ ਜਿੱਥੇ ਲੋਕਾਂ ਨੇ ਖ਼ੁਸ਼ ਖ਼ਬਰੀ ਨਹੀਂ ਸੁਣੀ ਸੀ।​—ਮੱਤੀ 10:5; ਰਸੂ. 8:1, 5.

15 ਪਵਿੱਤਰ ਸ਼ਕਤੀ ਜਿੱਥੇ ਵੀ ਫ਼ਿਲਿੱਪੁਸ ਨੂੰ ਜਾਣ ਲਈ ਕਹਿੰਦੀ ਸੀ, ਉਹ ਉੱਥੇ ਜਾਣ ਲਈ ਤਿਆਰ ਸੀ। ਇਸ ਲਈ ਯਹੋਵਾਹ ਨੇ ਉਸ ਨੂੰ ਅਜਿਹੇ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਵਰਤਿਆ ਜਿੱਥੇ ਲੋਕਾਂ ਨੇ ਅਜੇ ਖ਼ੁਸ਼ ਖ਼ਬਰੀ ਨਹੀਂ ਸੁਣੀ ਸੀ। ਬਹੁਤ ਸਾਰੇ ਯਹੂਦੀ ਸਾਮਰੀਆਂ ਨੂੰ ਘਟੀਆ ਸਮਝਦੇ ਸਨ ਅਤੇ ਉਨ੍ਹਾਂ ਨਾਲ ਬੁਰਾ ਵਰਤਾਅ ਕਰਦੇ ਸਨ। ਪਰ ਫ਼ਿਲਿੱਪੁਸ ਪੱਖਪਾਤ ਨਹੀਂ ਕਰਦਾ ਸੀ ਜਿਸ ਕਰਕੇ ਉਸ ਨੇ ਜੋਸ਼ ਨਾਲ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਈ। ਸਾਮਰੀਆਂ ਨੇ “ਇਕ ਮਨ” ਹੋ ਕੇ ਉਸ ਦੀ ਗੱਲ ਸੁਣੀ।​—ਰਸੂ. 8:6-8.

16 ਫਿਰ ਪਰਮੇਸ਼ੁਰ ਦੀ ਸ਼ਕਤੀ ਨੇ ਉਸ ਨੂੰ ਅਸ਼ਦੋਦ ਅਤੇ ਕੈਸਰੀਆ ਵਿਚ ਪ੍ਰਚਾਰ ਕਰਨ ਲਈ ਭੇਜਿਆ। ਉੱਥੇ ਬਹੁਤ ਸਾਰੇ ਲੋਕ ਗ਼ੈਰ-ਯਹੂਦੀ ਸਨ। (ਰਸੂ. 8:39, 40) ਜਦੋਂ ਫ਼ਿਲਿੱਪੁਸ ਉੱਥੇ ਰਹਿ ਰਿਹਾ ਸੀ, ਤਾਂ ਇਕ ਵਾਰ ਫਿਰ ਉਸ ਦੇ ਹਾਲਾਤ ਬਦਲ ਗਏ। ਉੱਥੇ ਉਸ ਨੇ ਆਪਣਾ ਘਰ ਵਸਾ ਲਿਆ। ਪਰ ਹਾਲਾਤ ਬਦਲਣ ’ਤੇ ਵੀ ਫ਼ਿਲਿੱਪੁਸ ਪਰਮੇਸ਼ੁਰ ਦੇ ਕੰਮਾਂ ਵਿਚ ਲੱਗਾ ਰਿਹਾ। ਇਸ ਕਰਕੇ ਯਹੋਵਾਹ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਲਗਾਤਾਰ ਬਰਕਤਾਂ ਦਿੱਤੀਆਂ।​—ਰਸੂ. 21:8, 9.

17, 18. ਹਾਲਾਤ ਬਦਲਣ ’ਤੇ ਪ੍ਰਚਾਰ ਵਿਚ ਲੱਗੇ ਰਹਿਣ ਨਾਲ ਸਾਡੀ ਮਦਦ ਕਿਵੇਂ ਹੁੰਦੀ ਹੈ?

17 ਪੂਰੇ ਸਮੇਂ ਦੀ ਸੇਵਾ ਕਰਨ ਵਾਲੇ ਬਹੁਤ ਸਾਰੇ ਭੈਣ-ਭਰਾ ਕਹਿੰਦੇ ਹਨ ਕਿ ਹਾਲਾਤ ਬਦਲਣ ’ਤੇ ਵੀ ਜਦੋਂ ਉਹ ਪ੍ਰਚਾਰ ਵਿਚ ਲੱਗੇ ਰਹਿੰਦੇ ਹਨ, ਤਾਂ ਉਨ੍ਹਾਂ ਦੀ ਖ਼ੁਸ਼ ਰਹਿਣ ਅਤੇ ਸਹੀ ਨਜ਼ਰੀਆ ਰੱਖਣ ਵਿਚ ਮਦਦ ਹੁੰਦੀ ਹੈ। ਮਿਸਾਲ ਲਈ, ਸਾਊਥ ਅਫ਼ਰੀਕਾ ਵਿਚ ਰਹਿਣ ਵਾਲੇ ਜੋੜੇ, ਆਜ਼ਬੋਰਨ ਅਤੇ ਉਸ ਦੀ ਪਤਨੀ ਪੌਲਾਈਟ ਨੇ ਜਦੋਂ ਬੈਥਲ ਛੱਡਿਆ, ਤਾਂ ਉਹ ਸੋਚਦੇ ਸਨ ਕਿ ਉਨ੍ਹਾਂ ਲਈ ਘਰ ਅਤੇ ਪਾਰਟ-ਟਾਈਮ ਕੰਮ ਲੱਭਣਾ ਇੰਨਾ ਔਖਾ ਨਹੀਂ ਹੋਣਾ। ਪਰ ਆਜ਼ਬੋਰਨ ਕਹਿੰਦਾ ਹੈ: “ਜਿੱਦਾਂ ਅਸੀਂ ਸੋਚਿਆ ਸੀ, ਉੱਨੀ ਛੇਤੀ ਸਾਨੂੰ ਕੰਮ ਨਹੀਂ ਮਿਲਿਆ।” ਪੌਲਾਈਟ ਕਹਿੰਦੀ ਹੈ: “ਸਾਨੂੰ ਤਿੰਨ ਮਹੀਨਿਆਂ ਤਕ ਕੋਈ ਕੰਮ ਨਹੀਂ ਮਿਲਿਆ ਅਤੇ ਅਸੀਂ ਪੈਸੇ ਵੀ ਨਹੀਂ ਜੋੜੇ ਸਨ। ਸੱਚ-ਮੁੱਚ ਇਹ ਇਕ ਵੱਡੀ ਪਰੀਖਿਆ ਸੀ।”

18 ਇਸ ਮੁਸ਼ਕਲ ਹਾਲਾਤ ਦਾ ਸਾਮ੍ਹਣਾ ਕਰਨ ਵਿਚ ਆਜ਼ਬੋਰਨ ਅਤੇ ਪੌਲਾਈਟ ਦੀ ਕਿਸ ਗੱਲ ਨੇ ਮਦਦ ਕੀਤੀ? ਆਜ਼ਬੋਰਨ ਕਹਿੰਦਾ ਹੈ: “ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਸਾਡਾ ਧਿਆਨ ਨਹੀਂ ਭਟਕਿਆ ਅਤੇ ਅਸੀਂ ਸਹੀ ਨਜ਼ਰੀਆ ਰੱਖ ਸਕੇ।” ਘਰ ਬੈਠ ਕੇ ਚਿੰਤਾ ਕਰੀ ਜਾਣ ਦੀ ਬਜਾਇ ਉਨ੍ਹਾਂ ਨੇ ਪ੍ਰਚਾਰ ਵਿਚ ਲੱਗੇ ਰਹਿਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਕਰਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲੀ! ਆਜ਼ਬੋਰਨ ਅੱਗੇ ਦੱਸਦਾ ਹੈ: “ਅਸੀਂ ਹਰ ਜਗ੍ਹਾ ’ਤੇ ਕੰਮ ਦੀ ਤਲਾਸ਼ ਕੀਤੀ ਤੇ ਅਖ਼ੀਰ ਸਾਨੂੰ ਕੰਮ ਮਿਲ ਹੀ ਗਿਆ।”

ਯਹੋਵਾਹ ’ਤੇ ਪੂਰਾ ਭਰੋਸਾ ਰੱਖੋ

19-21. (ੳ) ਮਨ ਦੀ ਸ਼ਾਂਤੀ ਬਰਕਰਾਰ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? (ਅ) ਹਾਲਾਤਾਂ ਅਨੁਸਾਰ ਢਲ਼ਣ ਦਾ ਕੀ ਫ਼ਾਇਦਾ ਹੋ ਸਕਦਾ ਹੈ?

19 ਜਿੱਦਾਂ ਅਸੀਂ ਦੇਖਿਆ ਕਿ ਜੇ ਅਸੀਂ ਹਾਲਾਤਾਂ ਅਨੁਸਾਰ ਉਹ ਸਭ ਕੁਝ ਕਰਦੇ ਹਾਂ ਜੋ ਅਸੀਂ ਕਰ ਸਕਦੇ ਹਾਂ ਅਤੇ ਯਹੋਵਾਹ ’ਤੇ ਪੂਰਾ ਭਰੋਸਾ ਰੱਖਦੇ ਹਾਂ, ਤਾਂ ਸਾਡੇ ਮਨ ਦੀ ਸ਼ਾਂਤੀ ਬਣੀ ਰਹੇਗੀ। (ਮੀਕਾਹ 7:7 ਪੜ੍ਹੋ।) ਸਮੇਂ ਦੇ ਬੀਤਣ ਨਾਲ ਸ਼ਾਇਦ ਸਾਨੂੰ ਅਹਿਸਾਸ ਹੋਵੇ ਕਿ ਹਾਲਾਤਾਂ ਅਨੁਸਾਰ ਢਲ਼ਣ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੋਇਆ ਹੈ। ਪੌਲਾਈਟ ਕਹਿੰਦੀ ਹੈ ਕਿ ਜਦੋਂ ਉਨ੍ਹਾਂ ਨੂੰ ਬੈਥਲ ਤੋਂ ਪ੍ਰਚਾਰ ਕਰਨ ਲਈ ਭੇਜਿਆ ਗਿਆ, ਤਾਂ ਉਦੋਂ ਉਸ ਨੂੰ ਅਹਿਸਾਸ ਹੋਇਆ ਕਿ ਯਹੋਵਾਹ ’ਤੇ ਨਿਰਭਰ ਹੋਣ ਦਾ ਅਸਲ ਵਿਚ ਕੀ ਮਤਲਬ ਹੈ। ਉਦੋਂ ਵੀ ਜਦੋਂ ਸਾਨੂੰ ਲੱਗਦਾ ਹੈ ਕਿ ਹਾਲਾਤ ਬਹੁਤ ਔਖੇ ਹਨ। ਉਹ ਕਹਿੰਦੀ ਹੈ: “ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਮਜ਼ਬੂਤ ਹੋਇਆ ਹੈ।”

20 ਮੈਰੀ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਅਜੇ ਵੀ ਆਪਣੇ ਬਜ਼ੁਰਗ ਪਿਤਾ ਦੀ ਦੇਖ-ਭਾਲ ਅਤੇ ਪਾਇਨੀਅਰਿੰਗ ਕਰ ਰਹੀ ਹੈ। ਉਹ ਕਹਿੰਦੀ ਹੈ: “ਮੈਂ ਸਿੱਖਿਆ ਹੈ ਕਿ ਜਦੋਂ ਵੀ ਮੈਂ ਚਿੰਤਾ ਵਿਚ ਹੁੰਦੀ ਹਾਂ, ਤਾਂ ਮੈਨੂੰ ਪ੍ਰਾਰਥਨਾ ਕਰਨ ਅਤੇ ਆਰਾਮ ਕਰਨ ਦੀ ਲੋੜ ਹੈ। ਸਭ ਤੋਂ ਵੱਡਾ ਸਬਕ ਮੈਂ ਇਹ ਸਿੱਖਿਆ ਹੈ ਕਿ ਸਾਨੂੰ ਹਰ ਗੱਲ ਯਹੋਵਾਹ ’ਤੇ ਛੱਡ ਦੇਣੀ ਚਾਹੀਦੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਾਨੂੰ ਇੱਦਾਂ ਕਰਨ ਦੀ ਹੋਰ ਵੀ ਜ਼ਿਆਦਾ ਲੋੜ ਪਵੇਗੀ।”

21 ਲੋਇਡ ਅਤੇ ਐਲਿਗਜ਼ਾਂਡਰਾ ਮੰਨਦੇ ਹਨ ਕਿ ਹਾਲਾਤ ਬਦਲਣ ਕਰਕੇ ਕਈ ਤਰੀਕਿਆਂ ਨਾਲ ਉਨ੍ਹਾਂ ਦੀ ਨਿਹਚਾ ਦੀ ਪਰਖ ਹੋਈ ਜਿਨ੍ਹਾਂ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਪਰ ਉਹ ਦੱਸਦੇ ਹਨ: “ਨਿਹਚਾ ਦੀ ਪਰਖ ਹੋਣ ਕਰਕੇ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਨਿਹਚਾ ਪੱਕੀ ਹੈ ਜਾਂ ਨਹੀਂ ਅਤੇ ਮੁਸ਼ਕਲ ਸਮਿਆਂ ਵਿਚ ਇਹ ਸਾਨੂੰ ਤਾਕਤ ਅਤੇ ਦਿਲਾਸਾ ਦੇ ਸਕਦੀ ਹੈ ਜਾਂ ਨਹੀਂ। ਸਾਡੀ ਨਿਹਚਾ ਪਰਖੀ ਜਾਣ ’ਤੇ ਅਸੀਂ ਬਿਹਤਰ ਇਨਸਾਨ ਬਣੇ ਹਾਂ।”

ਅਚਾਨਕ ਹਾਲਾਤ ਬਦਲਣ ਕਰਕੇ ਉਹ ਬਰਕਤਾਂ ਮਿਲ ਸਕਦੀਆਂ ਹਨ ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਹੀ ਨਾ ਹੋਵੇ! (ਪੈਰੇ 19-21 ਦੇਖੋ)

22. ਜੇ ਅਸੀਂ ਆਪਣੇ ਹਾਲਾਤਾਂ ਅਨੁਸਾਰ ਉਹ ਕਰਦੇ ਹਾਂ, ਜੋ ਅਸੀਂ ਕਰ ਸਕਦੇ, ਤਾਂ ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?

22 ਇਸ ਦੁਨੀਆਂ ਵਿਚ ਸਾਡੇ ਹਾਲਾਤ ਅਚਾਨਕ ਬਦਲ ਸਕਦੇ ਹਨ। ਸਾਨੂੰ ਸ਼ਾਇਦ ਯਹੋਵਾਹ ਦੀ ਸੇਵਾ ਹੋਰ ਤਰੀਕੇ ਨਾਲ ਕਰਨ ਲਈ ਕਿਹਾ ਜਾਵੇ, ਸ਼ਾਇਦ ਸਾਡੀ ਸਿਹਤ ਵਿਗੜ ਜਾਵੇ ਜਾਂ ਪਰਿਵਾਰ ਵਿਚ ਸਾਨੂੰ ਨਵੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣ। ਪਰ ਚਾਹੇ ਜੋ ਵੀ ਹੋਵੇ, ਫਿਰ ਵੀ ਇਸ ਗੱਲ ਦਾ ਪੂਰਾ ਭਰੋਸਾ ਰੱਖੋ ਕਿ ਯਹੋਵਾਹ ਨੂੰ ਤੁਹਾਡਾ ਫ਼ਿਕਰ ਹੈ ਅਤੇ ਉਹ ਸਹੀ ਸਮੇਂ ’ਤੇ ਤੁਹਾਡੀ ਮਦਦ ਕਰੇਗਾ। (ਇਬ. 4:16; 1 ਪਤ. 5:6, 7) ਇਸ ਲਈ ਹੁਣ ਹੀ ਆਪਣੇ ਹਾਲਾਤਾਂ ਅਨੁਸਾਰ ਤੁਸੀਂ ਜੋ ਕਰ ਸਕਦੇ, ਉਹ ਕਰੋ। ਆਪਣੇ ਪਿਤਾ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਉਸ ’ਤੇ ਪੂਰਾ ਭਰੋਸਾ ਰੱਖਣਾ ਸਿੱਖੋ। ਇਸ ਤਰ੍ਹਾਂ ਹਾਲਾਤ ਬਦਲਣ ’ਤੇ ਵੀ ਤੁਹਾਡੇ ਮਨ ਦੀ ਸ਼ਾਂਤੀ ਹਮੇਸ਼ਾ ਬਣੀ ਰਹੇਗੀ।

^ ਪੈਰਾ 4 ਸਾਲਾਂ ਬਾਅਦ, ਯੂਸੁਫ਼ ਨੇ ਆਪਣੇ ਜੇਠੇ ਪੁੱਤਰ ਦਾ ਨਾਂ ਮਨੱਸ਼ਹ ਰੱਖਿਆ ਕਿਉਂਕਿ ਉਸ ਨੇ ਕਿਹਾ: “ਪਰਮੇਸ਼ੁਰ ਨੇ ਮੇਰੇ ਸਾਰੇ ਕਸ਼ਟ ਅਰ ਮੇਰੇ ਪਿਤਾ ਦਾ ਸਾਰਾ ਘਰ ਭੁਲਾ ਦਿੱਤਾ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਸਮਝ ਗਿਆ ਸੀ ਕਿ ਯਹੋਵਾਹ ਨੇ ਉਸ ਨੂੰ ਪੁੱਤਰ ਦੇ ਕੇ ਦਿਲਾਸਾ ਦਿੱਤਾ ਸੀ।​—ਉਤ. 41:51.

^ ਪੈਰਾ 14 ਇਸ ਅੰਕ ਵਿਚ “ਕੀ ਤੁਸੀਂ ਜਾਣਦੇ ਹੋ?” ਨਾਂ ਦਾ ਲੇਖ ਦੇਖੋ।