Skip to content

Skip to table of contents

ਯਹੋਵਾਹ ’ਤੇ ਭਰੋਸਾ ਰੱਖੋ ਅਤੇ ਜੀਓ!

ਯਹੋਵਾਹ ’ਤੇ ਭਰੋਸਾ ਰੱਖੋ ਅਤੇ ਜੀਓ!

“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।”​—ਕਹਾ. 3:5.

ਗੀਤ: 23, 49

1. ਸਾਨੂੰ ਸਾਰਿਆਂ ਨੂੰ ਦਿਲਾਸੇ ਦੀ ਲੋੜ ਕਿਉਂ ਹੈ?

ਸਾਨੂੰ ਸਾਰਿਆਂ ਨੂੰ ਦਿਲਾਸੇ ਦੀ ਲੋੜ ਹੈ। ਸ਼ਾਇਦ ਸਾਡੇ ਸਾਰਿਆਂ ਦੀ ਜ਼ਿੰਦਗੀ ਵਿਚ ਚਿੰਤਾਵਾਂ, ਪਰੇਸ਼ਾਨੀਆਂ ਤੇ ਨਿਰਾਸ਼ਾ ਹੋਵੇ। ਸ਼ਾਇਦ ਅਸੀਂ ਕਿਸੇ ਬੀਮਾਰੀ, ਬੁਢਾਪੇ ਜਾਂ ਕਿਸੇ ਅਜ਼ੀਜ਼ ਦੀ ਮੌਤ ਕਰਕੇ ਦੁਖੀ ਹੋਈਏ। ਸਾਡੇ ਵਿੱਚੋਂ ਕਈਆਂ ਨਾਲ ਬੁਰਾ ਵਰਤਾਅ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਦੁਨੀਆਂ ਦੇ ਲੋਕ ਹਿੰਸਕ ਤੋਂ ਹਿੰਸਕ ਹੁੰਦੇ ਜਾ ਰਹੇ ਹਨ। ਇਹ ਸੱਚ ਹੈ ਕਿ “ਮੁਸੀਬਤਾਂ ਨਾਲ ਭਰੇ” ਇਨ੍ਹਾਂ ਦਿਨਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ “ਆਖ਼ਰੀ ਦਿਨਾਂ” ਵਿਚ ਜੀ ਰਹੇ ਹਾਂ ਅਤੇ ਅਸੀਂ ਹਰ ਦਿਨ ਨਵੀਂ ਦੁਨੀਆਂ ਦੇ ਨੇੜੇ ਜਾ ਰਹੇ ਹਾਂ। (2 ਤਿਮੋ. 3:1) ਪਰ ਸ਼ਾਇਦ ਅਸੀਂ ਲੰਬੇ ਸਮੇਂ ਤੋਂ ਯਹੋਵਾਹ ਦੇ ਵਾਅਦੇ ਪੂਰੇ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ ਜਿਸ ਕਰਕੇ ਸ਼ਾਇਦ ਅਸੀਂ ਹੋਰ ਜ਼ਿਆਦਾ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹੋਈਏ। ਤਾਂ ਫਿਰ ਸਾਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਹੈ?

2, 3. (ੳ) ਅਸੀਂ ਹਬੱਕੂਕ ਬਾਰੇ ਕੀ ਜਾਣਦੇ ਹਾਂ? (ਅ) ਅਸੀਂ ਹਬੱਕੂਕ ਦੀ ਕਿਤਾਬ ਦੀ ਜਾਂਚ ਕਿਉਂ ਕਰਾਂਗੇ?

2 ਆਓ ਆਪਾਂ ਹਬੱਕੂਕ ਦੀ ਕਿਤਾਬ ਤੋਂ ਇਸ ਸਵਾਲ ਦਾ ਜਵਾਬ ਜਾਣੀਏ। ਸ਼ਾਇਦ ਹਬੱਕੂਕ ਦੇ ਨਾਂ ਦਾ ਮਤਲਬ ਹੈ, “ਪਿਆਰ ਨਾਲ ਗਲੇ ਲਾਉਣਾ।” ਇਸ ਦਾ ਮਤਲਬ ਹੋ ਸਕਦਾ ਹੈ ਕਿ ਯਹੋਵਾਹ ਸਾਨੂੰ ਇੱਦਾਂ ਦਿਲਾਸਾ ਦਿੰਦਾ ਹੈ ਜਿੱਦਾਂ ਉਸ ਨੇ ਸਾਨੂੰ ਪਿਆਰ ਨਾਲ ਘੁੱਟ ਕੇ ਗਲੇ ਲਾਇਆ ਹੋਵੇ। ਜਾਂ ਫਿਰ ਇਸ ਦਾ ਮਤਲਬ ਹੋ ਸਕਦਾ ਹੈ ਕਿ ਅਸੀਂ ਉਸ ਨੂੰ ਘੁੱਟ ਕੇ ਫੜਿਆ ਹੋਵੇ, ਜਿਵੇਂ ਇਕ ਬੱਚਾ ਆਪਣੇ ਪਿਤਾ ਨੂੰ ਘੁੱਟ ਕੇ ਫੜਦਾ ਹੈ। ਭਾਵੇਂ ਕਿ ਬਾਈਬਲ ਤੋਂ ਸਾਨੂੰ ਹਬੱਕੂਕ ਦੀ ਜ਼ਿੰਦਗੀ ਬਾਰੇ ਜ਼ਿਆਦਾ ਕੁਝ ਪਤਾ ਨਹੀਂ ਲੱਗਦਾ, ਪਰ ਸਾਨੂੰ ਹਬੱਕੂਕ ਦੀ ਕਿਤਾਬ ਤੋਂ ਬਹੁਤ ਹੌਸਲਾ ਮਿਲਦਾ ਹੈ। ਹਬੱਕੂਕ ਨੇ ਪਰਮੇਸ਼ੁਰ ਨਾਲ ਗੱਲ ਕੀਤੀ ਅਤੇ ਉਸ ਤੋਂ ਕੁਝ ਸਵਾਲ ਪੁੱਛੇ। ਯਹੋਵਾਹ ਨੇ ਆਪਣੇ ਨਬੀ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਸ ਨੂੰ ਇਹ ਗੱਲ ਲਿਖਣ ਲਈ ਪ੍ਰੇਰਿਤ ਕੀਤਾ ਕਿਉਂਕਿ ਪਰਮੇਸ਼ੁਰ ਜਾਣਦਾ ਸੀ ਕਿ ਇਸ ਤੋਂ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੋਵੇਗਾ।​—ਹਬ. 2:2.

3 ਬਾਈਬਲ ਵਿਚ ਨਿਰਾਸ਼ ਨਬੀ ਹਬੱਕੂਕ ਬਾਰੇ ਸਾਨੂੰ ਸਿਰਫ਼ ਯਹੋਵਾਹ ਅਤੇ ਉਸ ਵਿਚ ਹੋਈ ਗੱਲਬਾਤ ਤੋਂ ਹੀ ਪਤਾ ਲੱਗਦਾ ਹੈ। ਪਰਮੇਸ਼ੁਰ ਦੇ ਬਚਨ ਵਿਚ “ਜੋ ਵੀ ਪਹਿਲਾਂ ਲਿਖਿਆ ਗਿਆ ਸੀ” ਉਸ ਵਿਚ ਹਬੱਕੂਕ ਦੀ ਕਿਤਾਬ ਵੀ ਸ਼ਾਮਲ ਹੈ ਜੋ “ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦੀ ਹੈ ਅਤੇ ਸਾਨੂੰ ਧਰਮ-ਗ੍ਰੰਥ ਤੋਂ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।” (ਰੋਮੀ. 15:4) ਹਬੱਕੂਕ ਦੀ ਕਿਤਾਬ ਸਾਡੀ ਸਾਰਿਆਂ ਦੀ ਕਿਵੇਂ ਮਦਦ ਕਰ ਸਕਦੀ ਹੈ? ਇਹ ਕਿਤਾਬ ਸਾਡੀ ਇਹ ਸਮਝਣ ਵਿਚ ਮਦਦ ਕਰ ਸਕਦੀ ਹੈ ਕਿ ਯਹੋਵਾਹ ’ਤੇ ਭਰੋਸਾ ਰੱਖਣ ਦਾ ਕੀ ਮਤਲਬ ਹੈ। ਨਾਲੇ ਹਬੱਕੂਕ ਦੀ ਭਵਿੱਖਬਾਣੀ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਚਾਹੇ ਸਾਨੂੰ ਜਿਹੜੀਆਂ ਮਰਜ਼ੀ ਮੁਸ਼ਕਲਾਂ ਜਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਵੇ, ਪਰ ਫਿਰ ਵੀ ਅਸੀਂ ਮਨ ਦੀ ਸ਼ਾਂਤੀ ਪਾ ਸਕਦੇ ਹਾਂ।

ਯਹੋਵਾਹ ਨੂੰ ਪ੍ਰਾਰਥਨਾ ਕਰੋ

4. ਹਬੱਕੂਕ ਇੰਨਾ ਦੁਖੀ ਕਿਉਂ ਸੀ?

4 ਹਬੱਕੂਕ 1:2, 3 ਪੜ੍ਹੋ। ਹਬੱਕੂਕ ਬਹੁਤ ਬੁਰੇ ਸਮੇਂ ਵਿਚ ਰਹਿੰਦਾ ਸੀ। ਉਹ ਬਹੁਤ ਦੁਖੀ ਸੀ ਕਿਉਂਕਿ ਉਸ ਦੇ ਆਲੇ-ਦੁਆਲੇ ਦੇ ਲੋਕ ਬਹੁਤ ਦੁਸ਼ਟ ਤੇ ਹਿੰਸਕ ਸਨ। ਉਸ ਨੇ ਦੇਖਿਆ ਕਿ ਹਰ ਪਾਸੇ ਇਜ਼ਰਾਈਲੀ ਇਕ-ਦੂਜੇ ਨਾਲ ਬੇਰਹਿਮੀ ਨਾਲ ਪੇਸ਼ ਆਉਂਦੇ ਸਨ ਤੇ ਬੇਇਨਸਾਫ਼ੀ ਕਰਦੇ ਸਨ। ਹਬੱਕੂਕ ਸੋਚਦਾ ਸੀ: ‘ਇਸ ਦੁਸ਼ਟਤਾ ਦਾ ਖ਼ਾਤਮਾ ਕਦੋਂ ਹੋਵੇਗਾ? ਯਹੋਵਾਹ ਕਦਮ ਚੁੱਕਣ ਵਿਚ ਇੰਨੀ ਦੇਰ ਕਿਉਂ ਲਾ ਰਿਹਾ ਹੈ?’ ਉਹ ਬੇਬੱਸ ਮਹਿਸੂਸ ਕਰ ਰਿਹਾ ਸੀ। ਇਸ ਲਈ ਉਸ ਨੇ ਯਹੋਵਾਹ ਅੱਗੇ ਤਰਲੇ ਕੀਤੇ ਕਿ ਉਹ ਕੁਝ ਕਰੇ। ਹਬੱਕੂਕ ਸ਼ਾਇਦ ਇਹ ਸੋਚਣ ਲੱਗਾ ਕਿ ਹੁਣ ਯਹੋਵਾਹ ਆਪਣੇ ਲੋਕਾਂ ਦੀ ਪਰਵਾਹ ਨਹੀਂ ਕਰਦਾ ਜਾਂ ਉਹ ਕਦਮ ਚੁੱਕਣ ਵਿਚ ਬਹੁਤ ਦੇਰ ਕਰ ਰਿਹਾ ਸੀ। ਕੀ ਤੁਸੀਂ ਵੀ ਕਦੇ ਇੱਦਾਂ ਮਹਿਸੂਸ ਕੀਤਾ?

5. ਅਸੀਂ ਹਬੱਕੂਕ ਦੀ ਕਿਤਾਬ ਤੋਂ ਕੀ ਸਿੱਖ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

5 ਕੀ ਹਬੱਕੂਕ ਨੇ ਇਹ ਸਵਾਲ ਇਸ ਲਈ ਪੁੱਛੇ ਸਨ ਕਿਉਂਕਿ ਉਸ ਨੇ ਯਹੋਵਾਹ ਤੇ ਉਸ ਦੇ ਵਾਅਦਿਆਂ ’ਤੇ ਭਰੋਸਾ ਕਰਨਾ ਛੱਡ ਦਿੱਤਾ ਸੀ? ਬਿਲਕੁਲ ਨਹੀਂ! ਹਬੱਕੂਕ ਯਹੋਵਾਹ ਨੂੰ ਕਹਿ ਰਿਹਾ ਸੀ ਕਿ ਉਹ ਉਸ ਦੇ ਸ਼ੱਕ ਦੂਰ ਕਰਨ ਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਉਸ ਦੀ ਮਦਦ ਕਰੇ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਉਮੀਦ ਨਹੀਂ ਛੱਡੀ ਸੀ ਤੇ ਉਸ ਨੂੰ ਅਜੇ ਵੀ ਪਰਮੇਸ਼ੁਰ ’ਤੇ ਭਰੋਸਾ ਸੀ। ਹਬੱਕੂਕ ਚਿੰਤਿਤ ਤੇ ਪਰੇਸ਼ਾਨ ਸੀ। ਉਹ ਸਮਝ ਨਹੀਂ ਸਕਿਆ ਕਿ ਯਹੋਵਾਹ ਕਦਮ ਚੁੱਕਣ ਲਈ ਇੰਤਜ਼ਾਰ ਕਿਉਂ ਕਰ ਰਿਹਾ ਸੀ ਅਤੇ ਪਰਮੇਸ਼ੁਰ ਉਸ ’ਤੇ ਇੰਨੇ ਦੁੱਖ ਕਿਉਂ ਆਉਣ ਦੇ ਰਿਹਾ ਸੀ। ਯਹੋਵਾਹ ਨੇ ਹਬੱਕੂਕ ਨੂੰ ਆਪਣੀਆਂ ਚਿੰਤਾਵਾਂ ਲਿਖਣ ਲਈ ਪ੍ਰੇਰਿਤ ਕਰ ਕੇ ਸਾਨੂੰ ਇਕ ਅਹਿਮ ਸਬਕ ਸਿਖਾਇਆ: ਸਾਨੂੰ ਯਹੋਵਾਹ ਨੂੰ ਆਪਣੇ ਸ਼ੱਕ ਅਤੇ ਚਿੰਤਾਵਾਂ ਬਾਰੇ ਦੱਸਣ ਤੋਂ ਡਰਨਾ ਨਹੀਂ ਚਾਹੀਦਾ। ਦਰਅਸਲ, ਉਹ ਸਾਨੂੰ ਪ੍ਰਾਰਥਨਾ ਵਿਚ ਆਪਣੀਆਂ ਦਿਲ ਦੀਆਂ ਗੱਲਾਂ ਦੱਸਣ ਦਾ ਸੱਦਾ ਦਿੰਦਾ ਹੈ। (ਜ਼ਬੂ. 50:15; 62:8) ਕਹਾਉਤਾਂ 3:5 ਸਾਨੂੰ ਹੱਲਾਸ਼ੇਰੀ ਦਿੰਦਾ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।” ਹਬੱਕੂਕ ਨੇ ਇਹ ਸ਼ਬਦ ਆਪਣੀ ਜ਼ਿੰਦਗੀ ਵਿਚ ਲਾਗੂ ਕੀਤੇ।

6. ਪ੍ਰਾਰਥਨਾ ਕਰਨੀ ਜ਼ਰੂਰੀ ਕਿਉਂ ਹੈ?

6 ਹਬੱਕੂਕ ਯਹੋਵਾਹ ਨੂੰ ਆਪਣਾ ਪਿਤਾ ਤੇ ਦੋਸਤ ਸਮਝਦਾ ਸੀ ਅਤੇ ਉਸ ’ਤੇ ਭਰੋਸਾ ਰੱਖਦਾ ਸੀ। ਇਸ ਲਈ ਉਸ ਨੇ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਪਹਿਲ ਕੀਤੀ। ਹਬੱਕੂਕ ਆਪਣੇ ਹਾਲਾਤਾਂ ਕਰਕੇ ਚਿੰਤਾ ਵਿਚ ਹੀ ਨਹੀਂ ਡੁੱਬਿਆ ਰਿਹਾ ਤੇ ਨਾ ਹੀ ਇਨ੍ਹਾਂ ਦਾ ਆਪਣੀ ਸਮਝ ਮੁਤਾਬਕ ਹੱਲ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੀ ਬਜਾਇ, ਉਸ ਨੇ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੀਆਂ। ਇਹ ਸਾਡੇ ਲਈ ਇਕ ਵਧੀਆ ਮਿਸਾਲ ਹੈ। ਪ੍ਰਾਰਥਨਾ ਦਾ ਸੁਣਨ ਵਾਲਾ ਯਹੋਵਾਹ ਸਾਨੂੰ ਸੱਦਾ ਦਿੰਦਾ ਹੈ ਕਿ ਅਸੀਂ ਪ੍ਰਾਰਥਨਾ ਵਿਚ ਆਪਣੀਆਂ ਚਿੰਤਾਵਾਂ ਦੱਸ ਕੇ ਉਸ ’ਤੇ ਭਰੋਸਾ ਜ਼ਾਹਰ ਕਰੀਏ। (ਜ਼ਬੂ. 65:2) ਜਦੋਂ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਦੇਖਾਂਗੇ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ। ਜਦੋਂ ਉਹ ਸਾਨੂੰ ਦਿਲਾਸਾ ਤੇ ਸੇਧ ਦੇਵੇਗਾ, ਤਾਂ ਅਸੀਂ ਮਹਿਸੂਸ ਕਰਾਂਗੇ ਕਿ ਉਸ ਨੇ ਸਾਨੂੰ ਗਲੇ ਲਾਇਆ ਹੈ। (ਜ਼ਬੂ. 73:23, 24) ਚਾਹੇ ਅਸੀਂ ਜਿਹੜੀਆਂ ਮਰਜ਼ੀ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋਈਏ, ਪਰ ਉਹ ਸਾਡੀ ਇਹ ਸਮਝਣ ਵਿਚ ਮਦਦ ਕਰੇਗਾ ਕਿ ਉਹ ਸਾਡੇ ਹਾਲਾਤਾਂ ਬਾਰੇ ਕੀ ਸੋਚਦਾ ਹੈ। ਫਿਰ ਅਸੀਂ ਆਪਣੇ ਹਾਲਾਤਾਂ ਬਾਰੇ ਸਹੀ ਨਜ਼ਰੀਆ ਰੱਖ ਸਕਾਂਗੇ। ਯਹੋਵਾਹ ’ਤੇ ਭਰੋਸਾ ਦਿਖਾਉਣ ਦਾ ਇਕ ਸਭ ਤੋਂ ਵਧੀਆ ਤਰੀਕਾ ਹੈ, ਪ੍ਰਾਰਥਨਾ।

ਯਹੋਵਾਹ ਦੀ ਸੁਣੋ

7. ਹਬੱਕੂਕ ਦੀਆਂ ਚਿੰਤਾਵਾਂ ਸੁਣ ਕੇ ਯਹੋਵਾਹ ਉਸ ਨਾਲ ਕਿਵੇਂ ਪੇਸ਼ ਆਇਆ?

7 ਹਬੱਕੂਕ 1:5-7 ਪੜ੍ਹੋ। ਯਹੋਵਾਹ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸਣ ਤੋਂ ਬਾਅਦ ਹਬੱਕੂਕ ਨੇ ਸ਼ਾਇਦ ਸੋਚਿਆ ਹੋਵੇ ਕਿ ਯਹੋਵਾਹ ਉਸ ਨਾਲ ਕਿਵੇਂ ਪੇਸ਼ ਆਵੇਗਾ। ਇਕ ਪਿਆਰ ਕਰਨ ਵਾਲੇ ਪਿਤਾ ਵਜੋਂ, ਯਹੋਵਾਹ ਜਾਣਦਾ ਸੀ ਕਿ ਹਬੱਕੂਕ ਕਿੱਦਾਂ ਮਹਿਸੂਸ ਕਰ ਰਿਹਾ ਸੀ। ਉਹ ਜਾਣਦਾ ਸੀ ਕਿ ਹਬੱਕੂਕ ਦੁਖੀ ਸੀ ਅਤੇ ਮਦਦ ਲਈ ਤਰਲੇ ਕਰ ਰਿਹਾ ਸੀ। ਇਸ ਲਈ ਯਹੋਵਾਹ ਨੇ ਹਬੱਕੂਕ ਨੂੰ ਝਿੜਕਿਆ ਨਹੀਂ, ਪਰ ਪਰਮੇਸ਼ੁਰ ਨੇ ਉਸ ਨੂੰ ਦੱਸਿਆ ਕਿ ਉਹ ਛੇਤੀ ਹੀ ਬੇਵਫ਼ਾ ਯਹੂਦੀਆਂ ਨਾਲ ਕੀ ਕਰੇਗਾ। ਸ਼ਾਇਦ ਹਬੱਕੂਕ ਪਹਿਲਾ ਵਿਅਕਤੀ ਸੀ ਜਿਸ ਨੂੰ ਯਹੋਵਾਹ ਨੇ ਦੱਸਿਆ ਸੀ ਕਿ ਯਹੂਦੀਆਂ ਨੂੰ ਛੇਤੀ ਹੀ ਸਜ਼ਾ ਦਿੱਤੀ ਜਾਵੇਗੀ।

8. ਯਹੋਵਾਹ ਦਾ ਜਵਾਬ ਹਬੱਕੂਕ ਨੂੰ ਪਰੇਸ਼ਾਨ ਕਰਨ ਵਾਲਾ ਕਿਉਂ ਸੀ?

8 ਯਹੋਵਾਹ ਨੇ ਹਬੱਕੂਕ ਨੂੰ ਸਮਝਾਇਆ ਕਿ ਉਹ ਕਦਮ ਚੁੱਕਣ ਲਈ ਤਿਆਰ ਸੀ। ਉਸ ਨੇ ਯਹੂਦਾਹ ਦੇ ਦੁਸ਼ਟ ਤੇ ਹਿੰਸਕ ਲੋਕਾਂ ਨੂੰ ਸਜ਼ਾ ਦੇਣ ਲਈ ਕਸਦੀਆਂ ਯਾਨੀ ਬਾਬਲੀਆਂ ਨੂੰ ਵਰਤਣਾ ਸੀ। “ਤੁਹਾਡੇ ਦਿਨਾਂ ਵਿੱਚ” ਕਹਿ ਕੇ ਯਹੋਵਾਹ ਨੇ ਦਿਖਾਇਆ ਕਿ ਇਹ ਸਜ਼ਾ ਹਬੱਕੂਕ ਜਾਂ ਉਸ ਦੇ ਆਲੇ-ਦੁਆਲੇ ਦੇ ਇਜ਼ਰਾਈਲੀਆਂ ਦੀ ਜ਼ਿੰਦਗੀ ਦੌਰਾਨ ਦਿੱਤੀ ਜਾਣੀ ਸੀ। ਯਹੋਵਾਹ ਨੇ ਜੋ ਜਵਾਬ ਦਿੱਤਾ, ਹਬੱਕੂਕ ਨੇ ਉਸ ਦੀ ਉਮੀਦ ਨਹੀਂ ਕੀਤੀ ਸੀ। ਬਾਬਲੀ ਇਜ਼ਰਾਈਲੀਆਂ ਨਾਲੋਂ ਕਿਤੇ ਜ਼ਿਆਦਾ ਬੇਰਹਿਮ ਸਨ। ਘੱਟੋ-ਘੱਟ ਇਜ਼ਰਾਈਲੀ ਪਰਮੇਸ਼ੁਰ ਦੇ ਮਿਆਰ ਤਾਂ ਜਾਣਦੇ ਸਨ। ਸੋ ਯਹੋਵਾਹ ਨੇ ਆਪਣੇ ਲੋਕਾਂ ਨੂੰ ਸਜ਼ਾ ਦੇਣ ਲਈ ਇਸ ਦੁਸ਼ਟ ਤੇ ਝੂਠੀ ਕੌਮ ਨੂੰ ਕਿਉਂ ਵਰਤਣਾ ਸੀ? ਇਸ ਕਰਕੇ ਤਾਂ ਯਹੂਦਾਹ ਦੇ ਦੁੱਖ ਹੋਰ ਵੀ ਜ਼ਿਆਦਾ ਵਧਣੇ ਸਨ। ਜੇ ਤੁਸੀਂ ਹਬੱਕੂਕ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕਿੱਦਾਂ ਮਹਿਸੂਸ ਕਰਦੇ?

9. ਹਬੱਕੂਕ ਨੇ ਹੋਰ ਕਿਹੜੇ ਸਵਾਲ ਪੁੱਛੇ?

9 ਹਬੱਕੂਕ 1:12-14, 17 ਪੜ੍ਹੋ। ਭਾਵੇਂ ਕਿ ਹਬੱਕੂਕ ਸਮਝ ਗਿਆ ਕਿ ਯਹੋਵਾਹ ਨੇ ਦੁਸ਼ਟ ਲੋਕਾਂ ਨੂੰ ਸਜ਼ਾ ਦੇਣ ਲਈ ਬਾਬਲੀਆਂ ਨੂੰ ਵਰਤਣਾ ਸੀ, ਫਿਰ ਵੀ ਉਹ ਪਰੇਸ਼ਾਨ ਸੀ। ਪਰ ਉਸ ਨੇ ਨਿਮਰਤਾ ਨਾਲ ਯਹੋਵਾਹ ਨੂੰ ਕਿਹਾ ਕਿ ਪਰਮੇਸ਼ੁਰ ਹਮੇਸ਼ਾ ਉਸ ਦੀ “ਚਟਾਨ” ਰਹੇਗਾ। (ਬਿਵ. 32:4; ਯਸਾ. 26:4) ਹਬੱਕੂਕ ਭਰੋਸਾ ਕਰਦਾ ਰਿਹਾ ਕਿ ਪਰਮੇਸ਼ੁਰ ਪਿਆਰ ਤੇ ਦਇਆ ਕਰਨ ਵਾਲਾ ਹੈ। ਇਸ ਲਈ ਉਹ ਯਹੋਵਾਹ ਤੋਂ ਹੋਰ ਸਵਾਲ ਪੁੱਛਣ ਤੋਂ ਡਰਿਆ ਨਹੀਂ, ਜਿਵੇਂ ਕਿ ਯਹੋਵਾਹ ਯਹੂਦਾਹ ਦੇ ਹਾਲਾਤਾਂ ਨੂੰ ਹੋਰ ਖ਼ਰਾਬ ਕਿਉਂ ਹੋਣ ਦੇ ਰਿਹਾ ਸੀ? ਉਹ ਇਸੇ ਸਮੇਂ ਕੁਝ ਕਰਦਾ ਕਿਉਂ ਨਹੀਂ? ਯਹੋਵਾਹ “ਪਵਿੱਤਰ ਪੁਰਖ” ਹੈ ਅਤੇ ਉਸ ਦੀਆਂ “ਅੱਖਾਂ ਬਦੀ ਦੇ ਵੇਖਣ ਨਾਲੋਂ ਸ਼ੁੱਧ ਹਨ,” ਤਾਂ ਫਿਰ ਉਹ ਹਰ ਜਗ੍ਹਾ ਦੁਸ਼ਟਤਾ ਦੇਖ ਕੇ “ਚੁੱਪ” ਕਿਉਂ ਸੀ?

10. ਕਈ ਵਾਰ ਸ਼ਾਇਦ ਅਸੀਂ ਬਿਲਕੁਲ ਹਬੱਕੂਕ ਵਾਂਗ ਕਿਉਂ ਮਹਿਸੂਸ ਕਰੀਏ?

10 ਕਈ ਵਾਰ ਸ਼ਾਇਦ ਅਸੀਂ ਬਿਲਕੁਲ ਹਬੱਕੂਕ ਵਾਂਗ ਮਹਿਸੂਸ ਕਰੀਏ। ਅਸੀਂ ਯਹੋਵਾਹ ਦੀ ਸੁਣਦੇ ਹਾਂ। ਅਸੀਂ ਪੂਰੇ ਭਰੋਸੇ ਨਾਲ ਉਸ ਦਾ ਬਚਨ ਪੜ੍ਹਦੇ ਹਾਂ ਅਤੇ ਅਧਿਐਨ ਕਰਦੇ ਹਾਂ ਜਿਸ ਕਰਕੇ ਸਾਡੀ ਉਮੀਦ ਪੱਕੀ ਹੁੰਦੀ ਹੈ। ਉਸ ਦੇ ਸੰਗਠਨ ਵੱਲੋਂ ਦਿੱਤੀਆਂ ਹਿਦਾਇਤਾਂ ਸੁਣ ਕੇ ਵੀ ਅਸੀਂ ਉਸ ਦੇ ਵਾਅਦਿਆਂ ਨੂੰ ਸੁਣਦੇ ਹਾਂ। ਪਰ ਸ਼ਾਇਦ ਅਜੇ ਵੀ ਅਸੀਂ ਸੋਚੀਏ, ‘ਸਾਡੀਆਂ ਦੁੱਖ-ਤਕਲੀਫ਼ਾਂ ਕਦੋਂ ਖ਼ਤਮ ਹੋਣਗੀਆਂ?’ ਹਬੱਕੂਕ ਨੇ ਅੱਗੇ ਜੋ ਕੀਤਾ, ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ?

ਯਹੋਵਾਹ ਦੀ ਉਡੀਕ ਕਰੋ

11. ਹਬੱਕੂਕ ਨੇ ਕੀ ਕਰਨ ਦਾ ਇਰਾਦਾ ਕੀਤਾ ਸੀ?

11 ਹਬੱਕੂਕ 2:1 ਪੜ੍ਹੋ। ਯਹੋਵਾਹ ਨਾਲ ਗੱਲਬਾਤ ਕਰ ਕੇ ਹਬੱਕੂਕ ਨੂੰ ਮਨ ਦੀ ਸ਼ਾਂਤੀ ਮਿਲੀ। ਸੋ ਉਸ ਨੇ ਯਹੋਵਾਹ ਦੀ ਉਡੀਕ ਕਰਨ ਦਾ ਇਰਾਦਾ ਕੀਤਾ। ਹਬੱਕੂਕ ਨੇ ਆਪਣੇ ਇਰਾਦੇ ਬਾਰੇ ਦੁਬਾਰਾ ਗੱਲ ਕਰਦਿਆਂ ਕਿਹਾ: “ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਤੱਕਾਂਗਾ।” (ਹਬ. 3:16) ਪਰਮੇਸ਼ੁਰ ਦੇ ਹੋਰ ਵਫ਼ਾਦਾਰ ਸੇਵਕਾਂ ਨੇ ਵੀ ਯਹੋਵਾਹ ਦੀ ਧੀਰਜ ਨਾਲ ਉਡੀਕ ਕੀਤੀ। ਇਨ੍ਹਾਂ ਸੇਵਕਾਂ ਤੋਂ ਸਾਨੂੰ ਵੀ ਯਹੋਵਾਹ ਦੀ ਉਡੀਕ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲਦੀ ਹੈ।​—ਮੀਕਾ. 7:7; ਯਾਕੂ. 5:7, 8.

12. ਅਸੀਂ ਹਬੱਕੂਕ ਤੋਂ ਕੀ ਸਿੱਖ ਸਕਦੇ ਹਾਂ?

12 ਅਸੀਂ ਹਬੱਕੂਕ ਦੇ ਇਰਾਦੇ ਤੋਂ ਕੀ ਸਿੱਖ ਸਕਦੇ ਹਾਂ? ਪਹਿਲਾ, ਸਾਨੂੰ ਹਮੇਸ਼ਾ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਮੁਸ਼ਕਲਾਂ ਬਾਰੇ ਦੱਸਣਾ ਚਾਹੀਦਾ ਹੈ। ਦੂਜਾ, ਯਹੋਵਾਹ ਆਪਣੇ ਬਚਨ ਤੇ ਸੰਗਠਨ ਦੇ ਜ਼ਰੀਏ ਜੋ ਦੱਸਦਾ ਹੈ, ਉਹ ਸਾਨੂੰ ਸੁਣਨਾ ਚਾਹੀਦਾ ਹੈ। ਤੀਜਾ, ਸਾਨੂੰ ਧੀਰਜ ਨਾਲ ਯਹੋਵਾਹ ਦੇ ਕਦਮ ਚੁੱਕਣ ਦੀ ਉਡੀਕ ਕਰਨੀ ਚਾਹੀਦੀ ਹੈ ਅਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਸਹੀ ਸਮੇਂ ’ਤੇ ਸਾਡੇ ਦੁੱਖ ਦੂਰ ਕਰੇਗਾ। ਹਬੱਕੂਕ ਦੀ ਰੀਸ ਕਰ ਕੇ ਸਾਨੂੰ ਮਨ ਦੀ ਸ਼ਾਂਤੀ ਮਿਲੇਗੀ ਅਤੇ ਅਸੀਂ ਦੁੱਖ ਸਹਿ ਸਕਾਂਗੇ। ਚਾਹੇ ਸਾਨੂੰ ਜੋ ਮਰਜ਼ੀ ਮੁਸ਼ਕਲਾਂ ਹੋਣ, ਪਰ ਧੀਰਜ ਰੱਖਣ ਅਤੇ ਖ਼ੁਸ਼ ਰਹਿਣ ਵਿਚ ਉਮੀਦ ਸਾਡੀ ਮਦਦ ਕਰੇਗੀ।​—ਰੋਮੀ. 12:12.

13. ਯਹੋਵਾਹ ਨੇ ਹਬੱਕੂਕ ਨੂੰ ਦਿਲਾਸਾ ਕਿਵੇਂ ਦਿੱਤਾ?

13 ਹਬੱਕੂਕ 2:3 ਪੜ੍ਹੋ। ਹਬੱਕੂਕ ਦੇ ਉਡੀਕ ਕਰਨ ਦੇ ਫ਼ੈਸਲੇ ’ਤੇ ਯਹੋਵਾਹ ਜ਼ਰੂਰ ਖ਼ੁਸ਼ ਹੋਇਆ ਹੋਣਾ। ਸਰਬਸ਼ਕਤੀਮਾਨ ਜਾਣਦਾ ਸੀ ਕਿ ਹਬੱਕੂਕ ਕੀ ਕੁਝ ਝੱਲ ਰਿਹਾ ਸੀ। ਇਸ ਲਈ ਪਰਮੇਸ਼ੁਰ ਨੇ ਨਬੀ ਨੂੰ ਦਿਲਾਸਾ ਦਿੱਤਾ ਅਤੇ ਪਿਆਰ ਨਾਲ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਉਸ ਦੀਆਂ ਚਿੰਤਾਵਾਂ ਪ੍ਰਤੀ ਕੁਝ ਕਰੇਗਾ। ਇਹ ਇੱਦਾਂ ਸੀ ਜਿਵੇਂ ਯਹੋਵਾਹ ਨੇ ਹਬੱਕੂਕ ਨੂੰ ਕਿਹਾ: “ਬਸ ਧੀਰਜ ਰੱਖ ਅਤੇ ਮੇਰੇ ’ਤੇ ਭਰੋਸਾ ਰੱਖ। ਮੈਂ ਤੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵਾਂਗਾ ਚਾਹੇ ਤੈਨੂੰ ਲੱਗਦਾ ਹੈ ਕਿ ਇੱਦਾਂ ਹੋਣ ਵਿਚ ਦੇਰ ਹੋ ਰਹੀ ਹੈ।” ਯਹੋਵਾਹ ਨੇ ਹਬੱਕੂਕ ਨੂੰ ਯਾਦ ਕਰਾਇਆ ਕਿ ਉਸ ਨੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦਾ ਸਮਾਂ ਤੈਅ ਕੀਤਾ ਹੋਇਆ ਸੀ। ਸੋ ਉਸ ਨੇ ਹਬੱਕੂਕ ਨੂੰ ਉਡੀਕ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੱਤੀ। ਯਹੋਵਾਹ ’ਤੇ ਭਰੋਸਾ ਰੱਖਣਾ ਕਰਕੇ ਹਬੱਕੂਕ ਨੂੰ ਨਿਰਾਸ਼ਾ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ।

ਅਸੀਂ ਯਹੋਵਾਹ ਦੀ ਸੇਵਾ ਪੂਰੀ ਵਾਹ ਲਾ ਕੇ ਕਰਨ ਦਾ ਇਰਾਦਾ ਕਿਉਂ ਕੀਤਾ ਹੈ? (ਪੈਰਾ 14 ਦੇਖੋ)

14. ਮੁਸ਼ਕਲਾਂ ਦੇ ਬਾਵਜੂਦ ਸਾਨੂੰ ਕੀ ਕਰਨ ਦਾ ਇਰਾਦਾ ਕਰਨਾ ਚਾਹੀਦਾ ਹੈ?

14 ਸਾਨੂੰ ਵੀ ਯਹੋਵਾਹ ਦੇ ਕਦਮ ਚੁੱਕਣ ਦਾ ਇੰਤਜ਼ਾਰ ਕਰਨਾ ਚਾਹੀਦਾ ਅਤੇ ਧਿਆਨ ਨਾਲ ਉਸ ਦੀ ਗੱਲ ਸੁਣਨੀ ਚਾਹੀਦੀ ਹੈ। ਇੱਦਾਂ ਕਰ ਕੇ ਅਸੀਂ ਮੁਸ਼ਕਲਾਂ ਦੇ ਬਾਵਜੂਦ ਵੀ ਉਸ ’ਤੇ ਭਰੋਸਾ ਰੱਖਾਂਗੇ ਅਤੇ ਸਾਡੇ ਕੋਲ ਮਨ ਦੀ ਸ਼ਾਂਤੀ ਹੋਵੇਗੀ। ਯਿਸੂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਕਿ ਸਾਨੂੰ ‘ਮਿਥਿਆ ਹੋਇਆ ਸਮਾਂ’ ਜਾਣਨ ’ਤੇ ਧਿਆਨ ਨਹੀਂ ਲਾਉਣਾ ਚਾਹੀਦਾ ਜਿਸ ਬਾਰੇ ਪਰਮੇਸ਼ੁਰ ਨੇ ਸਾਨੂੰ ਨਹੀਂ ਦੱਸਿਆ। (ਰਸੂ. 1:7) ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੂੰ ਪਤਾ ਹੈ ਕਿ ਕਦਮ ਚੁੱਕਣ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ। ਇਸ ਲਈ ਕਦੇ ਵੀ ਹਾਰ ਨਾ ਮੰਨੋ। ਨਿਮਰ ਰਹੋ, ਧੀਰਜ ਰੱਖੋ ਅਤੇ ਪਰਮੇਸ਼ੁਰ ’ਤੇ ਨਿਹਚਾ ਰੱਖੋ। ਇੰਤਜ਼ਾਰ ਕਰਦਿਆਂ ਸਾਨੂੰ ਆਪਣੇ ਸਮੇਂ ਨੂੰ ਸਮਝਦਾਰੀ ਨਾਲ ਵਰਤਣਾ ਚਾਹੀਦਾ ਹੈ ਅਤੇ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੀਦੀ ਹੈ।​—ਮਰ. 13:35-37; ਗਲਾ. 6:9.

ਯਹੋਵਾਹ ਭਰੋਸਾ ਰੱਖਣ ਵਾਲਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕਰਦਾ ਹੈ

15, 16. (ੳ) ਅਸੀਂ ਹਬੱਕੂਕ ਦੀ ਕਿਤਾਬ ਵਿਚ ਕਿਹੜੇ ਵਾਅਦੇ ਪੜ੍ਹ ਸਕਦੇ ਹਾਂ? (ਅ) ਇਨ੍ਹਾਂ ਵਾਅਦਿਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

15 ਯਹੋਵਾਹ ਨੇ ਵਾਅਦਾ ਕੀਤਾ: “ਧਰਮੀ ਆਪਣੀ ਵਫ਼ਾਦਾਰੀ ਨਾਲ ਜੀਵੇਗਾ” ਅਤੇ “ਧਰਤੀ ਤਾਂ ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ।” (ਹਬ. 2:4, 14) ਜੀ ਹਾਂ, ਯਹੋਵਾਹ ਉਨ੍ਹਾਂ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕਰਦਾ ਹੈ ਜੋ ਧੀਰਜ ਅਤੇ ਉਸ ’ਤੇ ਭਰੋਸਾ ਰੱਖਦੇ ਹਨ।

16 ਹਬੱਕੂਕ 2:4 ਵਿਚ ਦਿੱਤੇ ਵਾਅਦੇ ਬਾਰੇ ਜ਼ਰਾ ਸੋਚੋ। ਇਹ ਵਾਅਦਾ ਇੰਨਾ ਅਹਿਮ ਹੈ ਕਿ ਪੌਲੁਸ ਰਸੂਲ ਨੇ ਤਿੰਨ ਵਾਰੀ ਆਪਣੀਆਂ ਚਿੱਠੀਆਂ ਵਿਚ ਇਸ ਦਾ ਹਵਾਲਾ ਦਿੱਤਾ। (ਰੋਮੀ. 1:17; ਗਲਾ. 3:11; ਇਬ. 10:38) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਮੁਸ਼ਕਲਾਂ ਦੇ ਬਾਵਜੂਦ ਵੀ ਜੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਾਂ ਅਤੇ ਉਸ ’ਤੇ ਨਿਹਚਾ ਰੱਖਦੇ ਹਾਂ, ਤਾਂ ਅਸੀਂ ਉਸ ਦੇ ਵਾਅਦੇ ਪੂਰੇ ਹੁੰਦੇ ਦੇਖਾਂਗੇ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀ ਨਜ਼ਰ ਉਮੀਦ ’ਤੇ ਟਿਕਾਈ ਰੱਖੀਏ।

17. ਹਬੱਕੂਕ ਦੀ ਕਿਤਾਬ ਸਾਨੂੰ ਕੀ ਭਰੋਸਾ ਦਿਵਾਉਂਦੀ ਹੈ?

17 ਹਬੱਕੂਕ ਦੀ ਕਿਤਾਬ ਆਖ਼ਰੀ ਦਿਨਾਂ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਇਕ ਅਹਿਮ ਸਬਕ ਸਿਖਾਉਂਦੀ ਹੈ। ਯਹੋਵਾਹ ਭਰੋਸਾ ਰੱਖਣ ਵਾਲੇ ਧਰਮੀ ਵਿਅਕਤੀ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕਰਦਾ ਹੈ। ਸੋ ਆਓ ਆਪਾਂ ਮੁਸ਼ਕਲਾਂ ਅਤੇ ਚਿੰਤਾਵਾਂ ਦੇ ਬਾਵਜੂਦ ਪਰਮੇਸ਼ੁਰ ’ਤੇ ਆਪਣੇ ਭਰੋਸੇ ਨੂੰ ਪੱਕਾ ਕਰਦੇ ਰਹੀਏ। ਯਹੋਵਾਹ ਨੇ ਹਬੱਕੂਕ ਨੂੰ ਜੋ ਕਿਹਾ, ਉਸ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਉਹ ਸਾਡੇ ਨਾਲ ਹੋਵੇਗਾ ਅਤੇ ਸਾਡੀ ਰਾਖੀ ਕਰੇਗਾ। ਉਹ ਪਿਆਰ ਨਾਲ ਸਾਨੂੰ ਉਸ ’ਤੇ ਭਰੋਸਾ ਰੱਖਣ ਅਤੇ ਉਸ ਸਮੇਂ ਦਾ ਇੰਤਜ਼ਾਰ ਕਰਨ ਲਈ ਕਹਿੰਦਾ ਹੈ ਜੋ ਉਸ ਨੇ ਧਰਤੀ ’ਤੇ ਆਪਣਾ ਰਾਜ ਲਿਆਉਣ ਲਈ ਤੈਅ ਕੀਤਾ ਹੋਇਆ ਹੈ। ਉਸ ਸਮੇਂ ਧਰਤੀ ਖ਼ੁਸ਼ ਅਤੇ ਸ਼ਾਂਤੀ ਪਸੰਦ ਲੋਕਾਂ ਨਾਲ ਭਰੀ ਹੋਵੇਗੀ ਜੋ ਯਹੋਵਾਹ ਦੀ ਭਗਤੀ ਕਰਦੇ ਹਨ।​—ਮੱਤੀ 5:5; ਇਬ. 10:36-39.

ਯਹੋਵਾਹ ’ਤੇ ਭਰੋਸਾ ਰੱਖੋ ਅਤੇ ਖ਼ੁਸ਼ ਰਹੋ

18. ਯਹੋਵਾਹ ਦੇ ਸ਼ਬਦਾਂ ਦਾ ਹਬੱਕੂਕ ’ਤੇ ਕੀ ਅਸਰ ਪਿਆ?

18 ਹਬੱਕੂਕ 3:16-19 ਪੜ੍ਹੋ। ਯਹੋਵਾਹ ਦੇ ਸ਼ਬਦਾਂ ਦਾ ਹਬੱਕੂਕ ’ਤੇ ਗਹਿਰਾ ਅਸਰ ਪਿਆ। ਹਬੱਕੂਕ ਨੇ ਯਹੋਵਾਹ ਦੇ ਉਨ੍ਹਾਂ ਸ਼ਾਨਦਾਰ ਕੰਮਾਂ ’ਤੇ ਸੋਚ-ਵਿਚਾਰ ਕੀਤਾ ਜੋ ਉਸ ਨੇ ਪੁਰਾਣੇ ਸਮੇਂ ਵਿਚ ਆਪਣੇ ਲੋਕਾਂ ਲਈ ਕੀਤੇ ਸਨ। ਹੁਣ ਉਸ ਦਾ ਭਰੋਸਾ ਯਹੋਵਾਹ ’ਤੇ ਹੋਰ ਪੱਕਾ ਹੋਇਆ। ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਜਲਦੀ ਹੀ ਕਦਮ ਚੁੱਕੇਗਾ। ਭਾਵੇਂ ਨਬੀ ਜਾਣਦਾ ਸੀ ਕਿ ਸ਼ਾਇਦ ਉਸ ਨੂੰ ਕੁਝ ਸਮੇਂ ਲਈ ਦੁੱਖ ਝੱਲਣੇ ਪੈਣੇ, ਪਰ ਫਿਰ ਵੀ ਉਸ ਨੂੰ ਇਸ ਤੋਂ ਦਿਲਾਸਾ ਮਿਲਿਆ। ਹਬੱਕੂਕ ਨੂੰ ਹੁਣ ਕੋਈ ਸ਼ੱਕ ਨਹੀਂ ਰਿਹਾ। ਇਸ ਦੀ ਬਜਾਇ, ਉਸ ਨੂੰ ਪੂਰੀ ਨਿਹਚਾ ਸੀ ਕਿ ਯਹੋਵਾਹ ਉਸ ਦੀ ਰਾਖੀ ਕਰੇਗਾ। ਦਰਅਸਲ, ਉਸ ਨੇ ਪਰਮੇਸ਼ੁਰ ’ਤੇ ਆਪਣਾ ਭਰੋਸਾ ਜ਼ਾਹਰ ਕਰਨ ਲਈ ਆਇਤ 18 ਵਿਚ ਜੋ ਸ਼ਬਦ ਵਰਤੇ, ਸ਼ਾਇਦ ਹੀ ਹੋਰ ਕਿਸੇ ਵਿਅਕਤੀ ਨੇ ਅਜਿਹੇ ਸ਼ਬਦ ਵਰਤੇ ਹੋਣ। ਆਇਤ 18 ਵਿਚ ਲਿਖਿਆ ਹੈ: “ਮੈਂ ਯਹੋਵਾਹ ਵਿੱਚ ਬਾਗ ਬਾਗ ਹੋਵਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ।” 16 ਤੋਂ 19 ਆਇਤਾਂ ਤੋਂ ਸਾਨੂੰ ਕਿੰਨਾ ਹੀ ਭਰੋਸਾ ਮਿਲਦਾ ਹੈ! ਯਹੋਵਾਹ ਨੇ ਸਿਰਫ਼ ਭਵਿੱਖ ਲਈ ਵਾਅਦੇ ਹੀ ਨਹੀਂ ਕੀਤੇ, ਸਗੋਂ ਉਸ ਨੇ ਸਾਨੂੰ ਭਰੋਸਾ ਵੀ ਦਿਵਾਇਆ ਹੈ ਕਿ ਉਹ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਹੁਣ ਕੰਮ ਕਰ ਰਿਹਾ ਹੈ।

19. ਹਬੱਕੂਕ ਵਾਂਗ ਅਸੀਂ ਯਹੋਵਾਹ ਤੋਂ ਦਿਲਾਸਾ ਕਿਵੇਂ ਪਾ ਸਕਦੇ ਹਾਂ?

19 ਹਬੱਕੂਕ ਦੀ ਕਿਤਾਬ ਤੋਂ ਅਸੀਂ ਇਕ ਅਹਿਮ ਸਬਕ ਸਿੱਖਦੇ ਹਾਂ ਕਿ ਸਾਨੂੰ ਯਹੋਵਾਹ ’ਤੇ ਭਰੋਸਾ ਰੱਖਣਾ ਚਾਹੀਦਾ ਹੈ। (ਹਬ. 2:4) ਯਹੋਵਾਹ ’ਤੇ ਭਰੋਸਾ ਕਰਦੇ ਰਹਿਣ ਲਈ ਸਾਨੂੰ ਉਸ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਲਈ (1) ਸਾਨੂੰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਸ ਨੂੰ ਆਪਣੀਆਂ ਚਿੰਤਾਵਾਂ ਦੱਸਣੀਆਂ ਚਾਹੀਦੀਆਂ ਹਨ। (2) ਯਹੋਵਾਹ ਸਾਨੂੰ ਆਪਣੇ ਬਚਨ ਅਤੇ ਆਪਣੇ ਸੰਗਠਨ ਰਾਹੀਂ ਜੋ ਦੱਸਦਾ ਹੈ, ਉਸ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। (3) ਯਹੋਵਾਹ ਦੇ ਵਾਅਦਿਆਂ ਦਾ ਪੂਰਾ ਹੋਣ ਦਾ ਇੰਤਜ਼ਾਰ ਕਰਦਿਆਂ ਸਾਨੂੰ ਵਫ਼ਾਦਾਰ ਰਹਿਣਾ ਚਾਹੀਦਾ ਹੈ ਅਤੇ ਧੀਰਜ ਰੱਖਣਾ ਚਾਹੀਦਾ ਹੈ। ਇਹੀ ਹਬੱਕੂਕ ਨੇ ਕੀਤਾ। ਭਾਵੇਂ ਕਿ ਜਦੋਂ ਹਬੱਕੂਕ ਨੇ ਯਹੋਵਾਹ ਨਾਲ ਗੱਲ ਕਰਨੀ ਸ਼ੁਰੂ ਕੀਤੀ ਸੀ, ਉਹ ਬਹੁਤ ਦੁਖੀ ਸੀ, ਪਰ ਗੱਲਬਾਤ ਦੇ ਅਖ਼ੀਰ ਤੇ ਉਸ ਨੂੰ ਹੌਸਲਾ ਅਤੇ ਖ਼ੁਸ਼ੀ ਮਿਲੀ। ਜੇ ਅਸੀਂ ਹਬੱਕੂਕ ਦੀ ਰੀਸ ਕਰਾਂਗੇ, ਤਾਂ ਅਸੀਂ ਵੀ ਮਹਿਸੂਸ ਕਰਾਂਗੇ ਕਿ ਸਾਡੇ ਸਵਰਗੀ ਪਿਤਾ ਯਹੋਵਾਹ ਨੇ ਸਾਨੂੰ ਪਿਆਰ ਨਾਲ ਗਲੇ ਲਾਇਆ ਹੈ। ਇਸ ਦੁਸ਼ਟ ਦੁਨੀਆਂ ਵਿਚ ਇਸ ਤੋਂ ਵਧ ਦਿਲਾਸਾ ਹੋਰ ਕਿੱਥੋਂ ਮਿਲ ਸਕਦਾ ਹੈ?