Skip to content

Skip to table of contents

ਜੀਵਨੀ

“ਯਹੋਵਾਹ ਨੇ ਸਾਡੇ ਉੱਤੇ ਪਰਉਪਕਾਰ ਕੀਤਾ ਹੈ”

“ਯਹੋਵਾਹ ਨੇ ਸਾਡੇ ਉੱਤੇ ਪਰਉਪਕਾਰ ਕੀਤਾ ਹੈ”

ਮੈਂ ਤੇ ਮੇਰੀ ਪਤਨੀ ਡੇਨਿਏਲੇ ਹਾਲੇ ਹੋਟਲ ਵਿਚ ਪਹੁੰਚੇ ਹੀ ਸੀ ਕਿ ਰਿਸੈਪਸ਼ਨਿਸਟ ਨੇ ਮੈਨੂੰ ਕਿਹਾ, “ਕੀ ਤੁਸੀਂ ਫ਼ੌਜੀਆਂ ਨੂੰ ਬੁਲਾ ਸਕਦੇ ਹੋ?” ਕੁਝ ਘੰਟੇ ਪਹਿਲਾਂ ਅਸੀਂ ਪੱਛਮੀ ਅਫ਼ਰੀਕਾ ਦੇ ਗੀਬੋਨ ਦੇਸ਼ ਪਹੁੰਚੇ ਸੀ ਜਿੱਥੇ 1970 ਦੇ ਦਹਾਕੇ ਵਿਚ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ।

ਡੇਨਿਏਲੇ ਹਮੇਸ਼ਾ ਚੁਕੰਨੀ ਰਹਿੰਦੀ ਸੀ ਜਿਸ ਕਰਕੇ ਉਸ ਨੇ ਇਕਦਮ ਦੇਖ ਲਿਆ ਕਿ ਕੀ ਹੋ ਰਿਹਾ ਸੀ। ਉਸ ਨੇ ਮੇਰੇ ਕੰਨ ਵਿਚ ਹੌਲੀ ਜਿਹੀ ਕਿਹਾ, “ਫ਼ੌਜ ਨੂੰ ਬੁਲਾਉਣ ਦੀ ਲੋੜ ਨਹੀਂ, ਫ਼ੌਜ ਪਹਿਲਾਂ ਹੀ ਆ ਚੁੱਕੀ ਹੈ।” ਬਿਲਕੁਲ ਸਾਡੇ ਪਿੱਛੇ ਹੋਟਲ ਦੇ ਸਾਮ੍ਹਣੇ ਇਕ ਗੱਡੀ ਖੜ੍ਹੀ ਸੀ। ਜਲਦੀ ਹੀ ਫ਼ੌਜੀਆਂ ਨੇ ਸਾਨੂੰ ਗਿਰਫ਼ਤਾਰ ਕਰ ਲਿਆ। ਪਰ ਸ਼ੁਕਰ ਹੈ ਕਿ ਡੇਨਿਏਲੇ ਨੇ ਮੈਨੂੰ ਪਹਿਲਾਂ ਹੀ ਖ਼ਬਰਦਾਰ ਕਰ ਦਿੱਤਾ ਸੀ ਜਿਸ ਕਰਕੇ ਮੈਂ ਉੱਥੇ ਹਾਜ਼ਰ ਇਕ ਭਰਾ ਨੂੰ ਕੁਝ ਦਸਤਾਵੇਜ਼ ਦੇ ਸਕਿਆ।

ਜਦੋਂ ਸਾਨੂੰ ਪੁਲਿਸ ਸਟੇਸ਼ਨ ਲਿਜਾਇਆ ਜਾ ਰਿਹਾ ਸੀ, ਤਾਂ ਮੈਂ ਸੋਚਿਆ ਕਿ ਮੈਨੂੰ ਕਿੰਨੀ ਵਧੀਆ ਪਤਨੀ ਮਿਲੀ ਹੈ ਜੋ ਬਹੁਤ ਦਲੇਰ ਹੈ ਅਤੇ ਜਿਸ ਨੂੰ ਯਹੋਵਾਹ ਅਤੇ ਉਸ ਦੇ ਸੰਗਠਨ ਦੀ ਕਿੰਨੀ ਪਰਵਾਹ ਹੈ। ਇਸ ਤਰ੍ਹਾਂ ਸਾਡੇ ਨਾਲ ਕਈ ਵਾਰੀ ਹੋਇਆ ਜਦੋਂ ਮੈਂ ਤੇ ਮੇਰੀ ਪਤਨੀ ਨੇ ਮਿਲ ਕੇ ਕੰਮ ਕੀਤਾ। ਆਓ ਮੈਂ ਤੁਹਾਨੂੰ ਦੱਸਾਂ ਕਿ ਕਿਹੜੀਆਂ ਗੱਲਾਂ ਕਰਕੇ ਅਸੀਂ ਉਨ੍ਹਾਂ ਦੇਸ਼ਾਂ ਦਾ ਦੌਰਾ ਕਰਨ ਗਏ ਜਿਨ੍ਹਾਂ ਵਿਚ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ।

ਯਹੋਵਾਹ ਨੇ ਸੱਚਾਈ ਸਮਝਣ ਵਿਚ ਪਿਆਰ ਨਾਲ ਮੇਰੀ ਮਦਦ ਕੀਤੀ

ਮੇਰਾ ਜਨਮ 1930 ਵਿਚ ਉੱਤਰੀ ਫਰਾਂਸ ਦੇ ਇਕ ਛੋਟੇ ਜਿਹੇ ਸ਼ਹਿਰ ਕ੍ਰਵਾ ਵਿਚ ਹੋਇਆ। ਮੇਰਾ ਪਰਿਵਾਰ ਕੈਥੋਲਿਕ ਧਰਮ ਨੂੰ ਮੰਨਦਾ ਸੀ। ਸਾਡਾ ਪਰਿਵਾਰ ਹਰੇਕ ਹਫ਼ਤੇ ਪ੍ਰਭੂ ਦਾ ਸੰਧਿਆ ਭੋਜ ਮਨਾਉਣ ਲਈ ਜਾਂਦਾ ਹੁੰਦਾ ਸੀ ਅਤੇ ਮੇਰੇ ਡੈਡੀ ਜੀ ਚਰਚ ਦੇ ਕੰਮਾਂ ਵਿਚ ਹਿੱਸਾ ਲੈਂਦੇ ਸਨ। ਜਦੋਂ ਮੈਂ 14 ਸਾਲ ਦਾ ਸੀ, ਤਾਂ ਇਕ ਘਟਨਾ ਕਰਕੇ ਚਰਚ ਦੇ ਪਾਦਰੀਆਂ ਦਾ ਪਖੰਡ ਮੇਰੀਆਂ ਅੱਖਾਂ ਸਾਮ੍ਹਣੇ ਆ ਗਿਆ।

ਦੂਜੇ ਵਿਸ਼ਵ ਯੁੱਧ ਦੌਰਾਨ ਫਰਾਂਸ ’ਤੇ ਜਰਮਨ ਫ਼ੌਜੀਆਂ ਦਾ ਕਬਜ਼ਾ ਹੋ ਗਿਆ। ਪਾਦਰੀ ਆਪਣੇ ਭਾਸ਼ਣਾਂ ਰਾਹੀਂ ਸਾਨੂੰ ਵੀਸ਼ੀ ਵਿਚ ਨਾਜ਼ੀ ਸਰਕਾਰ ਦਾ ਸਮਰਥਨ ਕਰਨ ਦੀ ਹੱਲਾਸ਼ੇਰੀ ਦਿੰਦਾ ਸੀ। ਸਾਨੂੰ ਉਸ ਦੇ ਭਾਸ਼ਣਾਂ ਤੋਂ ਡਰ ਲੱਗਦਾ ਸੀ। ਫਰਾਂਸ ਦੇ ਬਹੁਤ ਸਾਰੇ ਲੋਕਾਂ ਵਾਂਗ ਅਸੀਂ ਵੀ ਲੁਕ ਕੇ ਬੀ. ਬੀ. ਸੀ. ਰੇਡੀਓ ਸੁਣਦੇ ਸੀ ਜਿਸ ’ਤੇ ਮਿੱਤਰ ਫ਼ੌਜਾਂ ਵੱਲੋਂ ਪੇਸ਼ ਕੀਤੀਆਂ ਖ਼ਬਰਾਂ ਆਉਂਦੀਆਂ ਸਨ। ਫਿਰ ਅਚਾਨਕ ਪਾਦਰੀ ਨੇ ਪਾਸਾ ਹੀ ਪਲਟ ਲਿਆ। ਸਤੰਬਰ 1944 ਵਿਚ ਮਿੱਤਰ ਫ਼ੌਜਾਂ ਦੀ ਜਿੱਤ ਦੀ ਖ਼ੁਸ਼ੀ ਵਿਚ ਪਾਦਰੀ ਨੇ ਧੰਨਵਾਦ ਕਰਨ ਵਾਸਤੇ ਭਾਸ਼ਣ ਦਿੱਤਾ। ਮੈਂ ਉਸ ਦਾ ਪਖੰਡ ਦੇਖ ਕੇ ਹੈਰਾਨ ਰਹਿ ਗਿਆ। ਇਸ ਕਰਕੇ ਪਾਦਰੀਆਂ ਤੋਂ ਮੇਰਾ ਵਿਸ਼ਵਾਸ ਉੱਠ ਗਿਆ।

ਯੁੱਧ ਤੋਂ ਜਲਦੀ ਬਾਅਦ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਮੇਰੀ ਵੱਡੀ ਭੈਣ ਵਿਆਹੀ ਹੋਈ ਸੀ ਅਤੇ ਉਹ ਬੈਲਜੀਅਮ ਵਿਚ ਰਹਿੰਦੀ ਸੀ। ਇਸ ਕਰਕੇ ਮੰਮੀ ਜੀ ਦੀ ਜ਼ਿੰਮੇਵਾਰੀ ਮੇਰੇ ’ਤੇ ਸੀ। ਮੈਨੂੰ ਵਧੀਆ ਕੰਮ ਮਿਲ ਗਿਆ। ਮੇਰਾ ਮਾਲਕ ਅਤੇ ਉਸ ਦੇ ਮੁੰਡੇ ਕੱਟੜ ਕੈਥੋਲਿਕ ਸਨ। ਚਾਹੇ ਮੈਨੂੰ ਲੱਗਦਾ ਸੀ ਕਿ ਮੇਰਾ ਕੰਮ ਪੱਕਾ ਸੀ, ਪਰ ਛੇਤੀ ਹੀ ਮੈਨੂੰ ਇਕ ਪਰੀਖਿਆ ਦਾ ਸਾਮ੍ਹਣਾ ਕਰਨਾ ਪਿਆ।

1953 ਵਿਚ ਮੇਰੀ ਭੈਣ ਸਿਮੋਨ ਸਾਨੂੰ ਮਿਲਣ ਆਈ ਜੋ ਗਵਾਹ ਬਣ ਗਈ ਸੀ। ਉਸ ਨੇ ਆਪਣੀ ਬਾਈਬਲ ਵਰਤ ਕੇ ਬਹੁਤ ਵਧੀਆ ਢੰਗ ਨਾਲ ਕੈਥੋਲਿਕ ਚਰਚ ਦੀਆਂ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕੀਤਾ, ਜਿਵੇਂ ਕਿ ਨਰਕ ਦੀ ਸਿੱਖਿਆ, ਤ੍ਰਿਏਕ ਅਤੇ ਅਮਰ ਆਤਮਾ ਦੀ ਸਿੱਖਿਆ। ਪਹਿਲਾਂ ਤਾਂ ਮੈਂ ਬਹਿਸ ਕਰਦਿਆਂ ਕਿਹਾ ਕਿ ਉਹ ਕੈਥੋਲਿਕ ਬਾਈਬਲ ਵਿੱਚੋਂ ਨਹੀਂ ਦੱਸ ਰਹੀ ਸੀ। ਪਰ ਜਲਦੀ ਹੀ ਮੈਨੂੰ ਯਕੀਨ ਹੋ ਗਿਆ ਕਿ ਉਹ ਸੱਚਾਈ ਦੱਸ ਰਹੀ ਸੀ। ਬਾਅਦ ਵਿਚ ਉਸ ਨੇ ਮੈਨੂੰ ਕੁਝ ਪੁਰਾਣੇ ਪਹਿਰਾਬੁਰਜ ਦਿੱਤੇ ਜਿਨ੍ਹਾਂ ਨੂੰ ਮੈਂ ਇੱਕੋ ਰਾਤ ਵਿਚ ਪੜ੍ਹ ਲਿਆ। ਮੈਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਇਹੀ ਸੱਚਾਈ ਹੈ। ਪਰ ਮੈਂ ਯਹੋਵਾਹ ਦਾ ਪੱਖ ਲੈਣ ਤੋਂ ਡਰਦਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਮੇਰਾ ਕੰਮ ਛੁੱਟ ਸਕਦਾ ਸੀ।

ਕੁਝ ਮਹੀਨਿਆਂ ਤਕ ਮੈਂ ਖ਼ੁਦ ਹੀ ਬਾਈਬਲ ਅਤੇ ਪਹਿਰਾਬੁਰਜ ਦੇ ਲੇਖ ਪੜ੍ਹਦਾ ਰਿਹਾ। ਆਖ਼ਰਕਾਰ ਮੈਂ ਕਿੰਗਡਮ ਹਾਲ ਜਾਣ ਦਾ ਫ਼ੈਸਲਾ ਕੀਤਾ। ਮੰਡਲੀ ਵਿਚ ਪਿਆਰ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਾ। ਛੇ ਮਹੀਨੇ ਮੈਂ ਇਕ ਤਜਰਬੇਕਾਰ ਭਰਾ ਤੋਂ ਬਾਈਬਲ ਅਧਿਐਨ ਕੀਤਾ। ਇਸ ਤੋਂ ਬਾਅਦ ਸਤੰਬਰ 1954 ਵਿਚ ਮੈਂ ਬਪਤਿਸਮਾ ਲੈ ਲਿਆ। ਜਲਦੀ ਹੀ ਮੇਰੇ ਮੰਮੀ ਜੀ ਅਤੇ ਛੋਟੀ ਭੈਣ ਨੇ ਵੀ ਬਪਤਿਸਮਾ ਲੈ ਲਿਆ ਜਿਸ ਕਰਕੇ ਮੈਨੂੰ ਬਹੁਤ ਖ਼ੁਸ਼ੀ ਹੋਈ।

ਪੂਰੇ ਸਮੇਂ ਦੀ ਸੇਵਾ ਵਿਚ ਯਹੋਵਾਹ ’ਤੇ ਭਰੋਸਾ

ਦੁੱਖ ਦੀ ਗੱਲ ਹੈ ਕਿ 1958 ਵਿਚ ਨਿਊਯਾਰਕ ਵਿਚ ਹੋਣ ਵਾਲੇ ਅੰਤਰ ਰਾਸ਼ਟਰੀ ਸੰਮੇਲਨ ਤੋਂ ਕੁਝ ਹਫ਼ਤੇ ਪਹਿਲਾਂ ਮੇਰੀ ਮੰਮੀ ਜੀ ਦੀ ਮੌਤ ਹੋ ਗਈ। ਮੈਨੂੰ ਇਸ ਸੰਮੇਲਨ ’ਤੇ ਹਾਜ਼ਰ ਹੋਣ ਦਾ ਸਨਮਾਨ ਮਿਲਿਆ। ਜਦੋਂ ਮੈਂ ਵਾਪਸ ਆਇਆ, ਤਾਂ ਮੇਰੇ ਉੱਤੇ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ। ਇਸ ਲਈ ਮੈਂ ਆਪਣਾ ਕੰਮ ਛੱਡ ਦਿੱਤਾ ਅਤੇ ਪਾਇਨੀਅਰਿੰਗ ਸ਼ੁਰੂ ਕਰ ਦਿੱਤੀ। ਇਸ ਸਮੇਂ ਦੌਰਾਨ ਮੇਰੀ ਮੰਗਣੀ ਇਕ ਜੋਸ਼ੀਲੀ ਪਾਇਨੀਅਰ, ਡੇਨਿਏਲੇ ਡੇਲੀ, ਨਾਲ ਹੋ ਗਈ। ਮਈ 1959 ਵਿਚ ਸਾਡਾ ਵਿਆਹ ਹੋ ਗਿਆ।

ਡੇਨਿਏਲੇ ਨੇ ਆਪਣੇ ਘਰ ਤੋਂ ਦੂਰ ਬ੍ਰਿਟਨੀ ਦੇ ਇਕ ਪੇਂਡੂ ਇਲਾਕੇ ਵਿਚ ਪੂਰੇ ਸਮੇਂ ਦੀ ਸੇਵਾ ਸ਼ੁਰੂ ਕੀਤੀ ਸੀ। ਉਸ ਨੂੰ ਕੈਥੋਲਿਕ ਇਲਾਕੇ ਵਿਚ ਪ੍ਰਚਾਰ ਕਰਨ ਅਤੇ ਪੇਂਡੂ ਇਲਾਕਿਆਂ ਵਿਚ ਸਾਈਕਲ ’ਤੇ ਜਾਣ ਲਈ ਹਿੰਮਤ ਦੀ ਲੋੜ ਸੀ। ਮੇਰੇ ਵਾਂਗ ਉਸ ਨੂੰ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਅੰਤ ਬਹੁਤ ਨੇੜੇ ਹੈ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਕਿੰਨਾ ਕੁ ਨੇੜੇ ਹੈ। (ਮੱਤੀ 25:13) ਡੇਨਿਏਲੇ ਕੁਰਬਾਨੀਆਂ ਕਰਨ ਲਈ ਤਿਆਰ ਸੀ ਜਿਸ ਕਰਕੇ ਅਸੀਂ ਪੂਰੇ ਸਮੇਂ ਦੀ ਸੇਵਾ ਕਰਦੇ ਰਹਿ ਸਕੇ।

ਸਾਡੇ ਵਿਆਹ ਤੋਂ ਕੁਝ ਦਿਨਾਂ ਬਾਅਦ ਸਾਨੂੰ ਸਫ਼ਰੀ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਅਸੀਂ ਸਾਦੀ ਜ਼ਿੰਦਗੀ ਜੀਉਂਦੇ ਸੀ। ਅਸੀਂ ਜਿਹੜੀ ਪਹਿਲੀ ਮੰਡਲੀ ਦਾ ਦੌਰਾ ਕੀਤਾ ਉਸ ਵਿਚ ਸਿਰਫ਼ 14 ਪ੍ਰਚਾਰਕ ਸਨ। ਭੈਣ-ਭਰਾ ਗ਼ਰੀਬ ਸਨ ਜਿਸ ਕਰਕੇ ਉਨ੍ਹਾਂ ਦੇ ਘਰ ਰਹਿਣਾ ਮੁਮਕਿਨ ਨਹੀਂ ਸੀ। ਸੋ ਅਸੀਂ ਕਿੰਗਡਮ ਹਾਲ ਦੀ ਸਟੇਜ ’ਤੇ ਸੁੱਤੇ। ਚਾਹੇ ਇੱਦਾਂ ਸੌਣਾ ਆਰਾਮਦਾਇਕ ਨਹੀਂ ਸੀ, ਪਰ ਜ਼ਮੀਨ ’ਤੇ ਸੌਣ ਕਰਕੇ ਸਾਡੀ ਪਿੱਠ ਸਿੱਧੀ ਹੋ ਗਈ।

ਅਸੀਂ ਆਪਣੀ ਛੋਟੀ ਕਾਰ ਰਾਹੀਂ ਮੰਡਲੀਆਂ ਦਾ ਦੌਰਾ ਕਰਦੇ ਸੀ

ਸਫ਼ਰੀ ਕੰਮ ਰੁਝੇਵੇਂ ਭਰਿਆ ਸੀ, ਪਰ ਡੇਨਿਏਲੇ ਨੇ ਆਪਣੇ ਆਪ ਨੂੰ ਇਸ ਮੁਤਾਬਕ ਢਾਲਿਆ। ਜਦੋਂ ਬਜ਼ੁਰਗਾਂ ਨੂੰ ਅਚਾਨਕ ਮੀਟਿੰਗ ਕਰਨੀ ਪੈਂਦੀ ਸੀ, ਤਾਂ ਉਹ ਅਕਸਰ ਸਾਡੀ ਛੋਟੀ ਜਿਹੀ ਕਾਰ ਵਿਚ ਮੇਰਾ ਇੰਤਜ਼ਾਰ ਕਰਦੀ ਸੀ। ਪਰ ਉਸ ਨੇ ਕਦੀ ਵੀ ਸ਼ਿਕਾਇਤ ਨਹੀਂ ਕੀਤੀ। ਅਸੀਂ ਸਿਰਫ਼ ਦੋ ਸਾਲ ਸਰਕਟ ਦਾ ਕੰਮ ਕੀਤਾ। ਇਸ ਦੌਰਾਨ ਅਸੀਂ ਸਿੱਖਿਆ ਕਿ ਵਿਆਹੇ ਜੋੜਿਆਂ ਲਈ ਈਮਾਨਦਾਰੀ ਨਾਲ ਖੁੱਲ੍ਹ ਕੇ ਗੱਲ ਕਰਨੀ ਅਤੇ ਮਿਲ ਕੇ ਕੰਮ ਕਰਨਾ ਕਿੰਨਾ ਜ਼ਰੂਰੀ ਹੈ।​—ਉਪ. 4:9.

ਨਵੀਆਂ ਜ਼ਿੰਮੇਵਾਰੀਆਂ ਮਿਲੀਆਂ

1962 ਵਿਚ ਸਾਨੂੰ ਨਿਊਯਾਰਕ ਦੇ ਬਰੁਕਲਿਨ ਵਿਚ ਦਸ ਮਹੀਨਿਆਂ ਦੀ ਗਿਲਿਅਡ ਸਕੂਲ ਦੀ 37ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। 100 ਵਿਦਿਆਰਥੀਆਂ ਵਿੱਚੋਂ 13 ਵਿਆਹੇ ਜੋੜੇ ਸਨ। ਅਸੀਂ ਖ਼ੁਸ਼ ਸੀ ਕਿ ਸਾਨੂੰ ਦੋਵਾਂ ਨੂੰ ਇਕੱਠੇ ਇਸ ਸਕੂਲ ਵਿਚ ਹਾਜ਼ਰ ਹੋਣ ਦਾ ਸਨਮਾਨ ਮਿਲਿਆ ਸੀ। ਫਰੈਡਰਿਕ ਫ਼ਰਾਂਜ਼, ਯੁਲਿਸੀਜ਼ ਗਲਾਸ ਅਤੇ ਐਲੇਗਜ਼ੈਂਡਰ ਐੱਚ. ਮੈਕਮਿਲਨ ਵਰਗੇ ਨਿਹਚਾ ਵਿਚ ਮਜ਼ਬੂਤ ਭਰਾਵਾਂ ਨਾਲ ਬਿਤਾਏ ਸਮੇਂ ਦੀਆਂ ਕੁਝ ਮਿੱਠੀਆਂ ਯਾਦਾਂ ਹਾਲੇ ਵੀ ਮੇਰੇ ਦਿਮਾਗ਼ ਵਿਚ ਤਾਜ਼ਾ ਹਨ।

ਸਾਨੂੰ ਇਕੱਠਿਆਂ ਗਿਲਿਅਡ ਸਕੂਲ ਵਿਚ ਹਾਜ਼ਰ ਹੋ ਕੇ ਖ਼ੁਸ਼ੀ ਹੋਈ

ਸਿਖਲਾਈ ਦੌਰਾਨ ਸਾਨੂੰ ਚੀਜ਼ਾਂ ਨੂੰ ਧਿਆਨ ਨਾਲ ਦੇਖਣ ਦੀ ਹੱਲਾਸ਼ੇਰੀ ਦਿੱਤੀ ਗਈ। ਕੁਝ ਸ਼ਨੀਵਾਰ ਦੁਪਹਿਰ ਨੂੰ ਕਲਾਸ ਖ਼ਤਮ ਹੋਣ ਤੋਂ ਬਾਅਦ ਸਾਨੂੰ ਨਿਊਯਾਰਕ ਸਿਟੀ ਵਿਚ ਘੁੰਮਣ-ਫਿਰਨ ਲਈ ਭੇਜਿਆ ਜਾਂਦਾ ਸੀ। ਸਾਨੂੰ ਪਤਾ ਹੁੰਦਾ ਸੀ ਕਿ ਅਸੀਂ ਜੋ ਵੀ ਦੇਖਿਆ ਹੁੰਦਾ ਸੀ, ਉਸ ਬਾਰੇ ਸੋਮਵਾਰ ਨੂੰ ਲਿਖਣਾ ਹੁੰਦਾ ਸੀ। ਅਸੀਂ ਸ਼ਨੀਵਾਰ ਸ਼ਾਮ ਨੂੰ ਅਕਸਰ ਥੱਕੇ-ਟੁੱਟੇ ਵਾਪਸ ਆਉਂਦੇ ਸੀ। ਪਰ ਸਾਡਾ ਟੂਰ ਗਾਈਡ, ਜੋ ਬੈਥਲ ਵਿਚ ਹੀ ਸੇਵਾ ਕਰਦਾ ਸੀ, ਸਾਡੇ ਕੋਲੋਂ ਸਵਾਲ ਪੁੱਛਦਾ ਸੀ ਤਾਂਕਿ ਅਸੀਂ ਮੁੱਖ ਗੱਲਾਂ ਯਾਦ ਰੱਖ ਸਕੀਏ ਅਤੇ ਸੋਮਵਾਰ ਨੂੰ ਇਹ ਗੱਲਾਂ ਲਿਖ ਸਕੀਏ। ਇਕ ਸ਼ਨੀਵਾਰ ਅਸੀਂ ਪੂਰੀ ਦੁਪਹਿਰ ਸ਼ਹਿਰ ਵਿਚ ਘੁੰਮਦੇ ਰਹੇ। ਇਕ ਜਗ੍ਹਾ ਜਾ ਕੇ ਅਸੀਂ ਟੁੱਟੇ ਹੋਏ ਤਾਰਿਆਂ ਅਤੇ ਪੁਲਾੜ ਤੋਂ ਡਿੱਗੀਆਂ ਚਟਾਨਾਂ ਬਾਰੇ ਸਿੱਖਿਆ। ਅਸੀਂ ਅਮੈਰੀਕਨ ਮਿਊਜ਼ੀਅਮ ਆਫ਼ ਨੈਚਰਲ ਹਿਸਟਰੀ ਵਿਚ ਘੜਿਆਲ ਅਤੇ ਮਗਰਮੱਛ ਵਿਚ ਫ਼ਰਕ ਜਾਣਿਆ। ਬੈਥਲ ਵਿਚ ਵਾਪਸ ਆ ਕੇ ਸਾਡੇ ਟੂਰ ਗਾਈਡ ਨੇ ਸਾਨੂੰ ਪੁੱਛਿਆ, “ਸੋ ਦੱਸੋ, ਟੁੱਟੇ ਹੋਏ ਤਾਰੇ ਅਤੇ ਪੁਲਾੜ ਤੋਂ ਡਿੱਗੀ ਚਟਾਨ ਵਿਚ ਕੀ ਫ਼ਰਕ ਹੈ?” ਡੇਨਿਏਲੇ ਬਹੁਤ ਹੀ ਥੱਕੀ ਹੋਈ ਸੀ ਤੇ ਉਸ ਨੇ ਜਵਾਬ ਦਿੱਤਾ, “ਪੁਲਾੜ ਤੋਂ ਡਿੱਗੀਆਂ ਚਟਾਨਾਂ ਦੇ ਦੰਦ ਜ਼ਿਆਦਾ ਲੰਬੇ ਹੁੰਦੇ ਹਨ!”

ਸਾਨੂੰ ਅਫ਼ਰੀਕਾ ਵਿਚ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਮਿਲ ਕੇ ਖ਼ੁਸ਼ੀ ਹੋਈ

ਸਾਨੂੰ ਬਹੁਤ ਹੈਰਾਨੀ ਹੋਈ ਜਦੋਂ ਸਾਨੂੰ ਫਰਾਂਸ ਦੇ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ। ਅਸੀਂ ਇੱਥੇ ਇਕੱਠਿਆਂ 53 ਤੋਂ ਜ਼ਿਆਦਾ ਸਾਲ ਸੇਵਾ ਕੀਤੀ। 1976 ਵਿਚ ਮੈਨੂੰ ਬ੍ਰਾਂਚ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਅਤੇ ਮੈਨੂੰ ਅਫ਼ਰੀਕਾ ਅਤੇ ਮੱਧ ਪੂਰਬ ਦੇ ਦੇਸ਼ਾਂ ਵਿਚ ਜਾਣ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਜਿੱਥੇ ਸਾਡੇ ਪ੍ਰਚਾਰ ਦੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ। ਇਸ ਕਰਕੇ ਅਸੀਂ ਗੀਬੋਨ ਗਏ ਜਿੱਥੇ ਸਾਡੇ ਨਾਲ ਇਸ ਲੇਖ ਦੇ ਸ਼ੁਰੂ ਵਿਚ ਦੱਸੀ ਘਟਨਾ ਵਾਪਰੀ ਸੀ। ਸੱਚ ਦੱਸਾਂ ਤਾਂ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਨੂੰ ਇਹ ਜ਼ਿੰਮੇਵਾਰੀਆਂ ਮਿਲਣਗੀਆਂ ਤੇ ਮੈਂ ਇਨ੍ਹਾਂ ਨੂੰ ਨਿਭਾ ਸਕਾਂਗਾ। ਪਰ ਮੈਂ ਡੇਨਿਏਲੇ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਨੇ ਹਰ ਕਦਮ ’ਤੇ ਮੇਰਾ ਸਾਥ ਦਿੱਤਾ ਅਤੇ ਮੈਂ ਆਪਣੀ ਹਰ ਜ਼ਿੰਮੇਵਾਰੀ ਪੂਰੀ ਕਰ ਸਕਿਆ।

ਪੈਰਿਸ ਵਿਚ 1988 ਦੇ “ਪਰਮੇਸ਼ੁਰ ਦਾ ਨਿਆਂ” ਸੰਮੇਲਨ ਵਿਚ ਭਰਾ ਜੈਰਸ ਥੀਓਡੋਰ ਦੇ ਭਾਸ਼ਣ ਦਾ ਅਨੁਵਾਦ ਕਰਦਾ ਹੋਇਆ

ਇਕ ਵੱਡੀ ਅਜ਼ਮਾਇਸ਼

ਸ਼ੁਰੂ ਤੋਂ ਹੀ ਸਾਨੂੰ ਬੈਥਲ ਵਿਚ ਸੇਵਾ ਕਰਨੀ ਬਹੁਤ ਵਧੀਆ ਲੱਗਦੀ ਸੀ। ਡੇਨਿਏਲੇ ਇਕ ਬਹੁਤ ਵਧੀਆ ਅਨੁਵਾਦਕ ਬਣ ਗਈ ਜਿਸ ਨੇ ਗਿਲਿਅਡ ਜਾਣ ਤੋਂ ਪਹਿਲਾਂ ਪੰਜ ਮਹੀਨਿਆਂ ਦੇ ਅੰਦਰ-ਅੰਦਰ ਅੰਗ੍ਰੇਜ਼ੀ ਸਿੱਖੀ ਸੀ। ਸਾਨੂੰ ਬੈਥਲ ਵਿਚ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਸੀ, ਪਰ ਮੰਡਲੀ ਦੇ ਕੰਮਾਂ ਵਿਚ ਹਿੱਸਾ ਲੈ ਕੇ ਸਾਡੀ ਖ਼ੁਸ਼ੀ ਦੁਗਣੀ ਹੋ ਜਾਂਦੀ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅਸੀਂ ਦੇਰ ਰਾਤ ਨੂੰ ਪੈਰਿਸ ਤੋਂ ਗੱਡੀ ਰਾਹੀਂ ਆ ਰਹੇ ਸੀ। ਅਸੀਂ ਥੱਕੇ ਹੋਏ ਸੀ, ਪਰ ਅਸੀਂ ਬਹੁਤ ਖ਼ੁਸ਼ ਸੀ ਕਿਉਂਕਿ ਅਸੀਂ ਇਕੱਠਿਆਂ ਨੇ ਤਰੱਕੀ ਕਰਨ ਵਾਲੀਆਂ ਬਾਈਬਲ ਸਟੱਡੀਆਂ ਕਰਵਾਈਆਂ ਸਨ। ਪਰ ਦੁੱਖ ਦੀ ਗੱਲ ਹੈ ਕਿ ਡੇਨਿਏਲੇ ਦੀ ਸਿਹਤ ਇਕਦਮ ਖ਼ਰਾਬ ਹੋਣ ਕਰਕੇ ਉਹ ਪਰਮੇਸ਼ੁਰ ਦੀ ਸੇਵਾ ਵਿਚ ਉੱਨਾ ਨਹੀਂ ਕਰ ਸਕਦੀ ਸੀ ਜਿੰਨਾ ਉਹ ਕਰਨਾ ਚਾਹੁੰਦੀ ਸੀ।

1993 ਵਿਚ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਛਾਤੀ ਦਾ ਕੈਂਸਰ ਸੀ। ਇਸ ਦਾ ਇਲਾਜ ਬਹੁਤ ਹੀ ਦਰਦਨਾਕ ਸੀ ਜਿਸ ਵਿਚ ਓਪਰੇਸ਼ਨ ਤੇ ਕੀਮੋਥੈਰੇਪੀ ਸ਼ਾਮਲ ਸੀ। 15 ਸਾਲਾਂ ਬਾਅਦ ਉਸ ਨੂੰ ਫਿਰ ਕੈਂਸਰ ਹੋ ਗਿਆ ਜੋ ਕਿ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਸੀ। ਪਰ ਅਨੁਵਾਦਕ ਵਜੋਂ ਉਸ ਨੂੰ ਆਪਣਾ ਕੰਮ ਇੰਨਾ ਪਸੰਦ ਸੀ ਕਿ ਜਦੋਂ ਉਹ ਠੀਕ ਹੁੰਦੀ ਸੀ, ਤਾਂ ਉਹ ਕੰਮ ’ਤੇ ਚਲੀ ਜਾਂਦੀ ਸੀ।

ਡੇਨਿਏਲੇ ਦੀ ਮਾੜੀ ਸਿਹਤ ਦੇ ਬਾਵਜੂਦ ਅਸੀਂ ਕਦੇ ਵੀ ਬੈਥਲ ਛੱਡਣ ਬਾਰੇ ਨਹੀਂ ਸੋਚਿਆ। ਪਰ ਬੀਮਾਰ ਹੋਣ ਕਰਕੇ ਬੈਥਲ ਵਿਚ ਵੀ ਕਈ ਚੁਣੌਤੀਆਂ ਆਉਂਦੀਆਂ ਹਨ, ਖ਼ਾਸ ਕਰਕੇ ਜੇ ਦੂਜਿਆਂ ਨੂੰ ਤੁਹਾਡੀ ਗੰਭੀਰ ਬੀਮਾਰੀ ਬਾਰੇ ਪਤਾ ਨਾ ਹੋਵੇ। (ਕਹਾ. 14:13) ਚਾਹੇ ਡੇਨਿਏਲੇ ਦੀ ਉਮਰ 75 ਤੋਂ ਉੱਪਰ ਸੀ, ਤਾਂ ਵੀ ਉਸ ਦੇ ਪਿਆਰੇ ਚਿਹਰੇ ’ਤੇ ਰੌਣਕ ਰਹਿੰਦੀ ਸੀ ਜਿਸ ਕਰਕੇ ਉਸ ਦੀ ਮਾੜੀ ਸਿਹਤ ਬਾਰੇ ਪਤਾ ਹੀ ਨਹੀਂ ਸੀ ਲੱਗਦਾ। ਉਹ ਆਪਣੇ ਆਪ ’ਤੇ ਤਰਸ ਨਹੀਂ ਸੀ ਖਾਂਦੀ। ਇਸ ਦੀ ਬਜਾਇ, ਉਹ ਦੂਜਿਆਂ ਦੀ ਮਦਦ ਕਰਦੀ ਸੀ। ਉਹ ਜਾਣਦੀ ਸੀ ਕਿ ਦੁੱਖਾਂ ਵਿੱਚੋਂ ਲੰਘਣ ਵਾਲਿਆਂ ਦੀ ਗੱਲ ਸੁਣਨ ਨਾਲ ਹੀ ਉਨ੍ਹਾਂ ਦੀ ਕਾਫ਼ੀ ਮਦਦ ਹੋ ਸਕਦੀ ਹੈ। (ਕਹਾ. 17:17) ਡੇਨਿਏਲੇ ਆਪਣੇ ਤਜਰਬੇ ਰਾਹੀਂ ਬਹੁਤ ਸਾਰੀਆਂ ਭੈਣਾਂ ਦੀ ਮਦਦ ਕਰਦੀ ਸੀ ਕਿ ਉਨ੍ਹਾਂ ਨੂੰ ਕੈਂਸਰ ਵਰਗੀ ਬੀਮਾਰੀ ਤੋਂ ਡਰਨ ਦੀ ਲੋੜ ਨਹੀਂ।

ਸਾਨੂੰ ਇਕ ਹੋਰ ਨਵੀਂ ਅਜ਼ਮਾਇਸ਼ ਵਿੱਚੋਂ ਲੰਘਣਾ ਪਿਆ ਯਾਨੀ ਡੇਨਿਏਲੇ ਹੁਣ ਪੂਰਾ ਦਿਨ ਕੰਮ ਨਹੀਂ ਕਰ ਸਕਦੀ ਸੀ। ਜਦੋਂ ਡੇਨਿਏਲੇ ਪੂਰਾ ਦਿਨ ਕੰਮ ’ਤੇ ਨਹੀਂ ਆ ਸਕਦੀ ਸੀ, ਤਾਂ ਉਸ ਨੇ ਹੋਰ ਤਰੀਕਿਆਂ ਨਾਲ ਮੇਰੀ ਮਦਦ ਕੀਤੀ। ਉਸ ਨੇ ਇੰਨੇ ਵਧੀਆ ਢੰਗ ਨਾਲ ਮੇਰਾ ਸਾਥ ਦਿੱਤਾ ਜਿਸ ਕਰਕੇ ਮੈਂ 37 ਸਾਲਾਂ ਤੋਂ ਬ੍ਰਾਂਚ ਕਮੇਟੀ ਦੇ ਕੋਆਰਡੀਨੇਟਰ ਦੇ ਤੌਰ ’ਤੇ ਕੰਮ ਕਰਦਾ ਰਹਿ ਸਕਿਆ। ਮਿਸਾਲ ਲਈ, ਉਹ ਸਾਰਾ ਕੁਝ ਤਿਆਰ ਰੱਖਦੀ ਸੀ ਤਾਂਕਿ ਅਸੀਂ ਆਪਣੇ ਕਮਰੇ ਵਿਚ ਇਕੱਠੇ ਦੁਪਹਿਰ ਦਾ ਖਾਣਾ ਖਾ ਸਕੀਏ ਅਤੇ ਥੋੜ੍ਹਾ ਆਰਾਮ ਕਰ ਸਕੀਏ।​—ਕਹਾ. 18:22.

ਹਰ ਰੋਜ਼ ਚਿੰਤਾਵਾਂ ਨਾਲ ਸਿੱਝਣਾ

ਡੇਨਿਏਲੇ ਨੇ ਕਦੇ ਉਮੀਦ ਦਾ ਪੱਲਾ ਨਹੀਂ ਛੱਡਿਆ ਅਤੇ ਉਸ ਦੇ ਅੰਦਰ ਜੀਉਣ ਦੀ ਚਾਹਤ ਸੀ। ਫਿਰ ਉਸ ਨੂੰ ਤੀਜੀ ਵਾਰ ਕੈਂਸਰ ਹੋ ਗਿਆ ਜਿਸ ਕਰਕੇ ਅਸੀਂ ਬੇਬੱਸ ਮਹਿਸੂਸ ਕਰਦੇ ਸੀ। ਕੀਮੋਥੈਰੇਪੀ ਤੇ ਰੇਡੀਓ-ਥੈਰੇਪੀ ਕਰਕੇ ਉਸ ਦੀ ਸਿਹਤ ’ਤੇ ਇੰਨਾ ਮਾੜਾ ਅਸਰ ਪਿਆ ਕਿ ਕਦੀ-ਕਦਾਈਂ ਤਾਂ ਉਹ ਚੱਲ ਵੀ ਨਹੀਂ ਸਕਦੀ ਸੀ। ਮੈਨੂੰ ਬਹੁਤ ਦੁੱਖ ਲੱਗਦਾ ਸੀ ਜਦੋਂ ਮੈਂ ਦੇਖਦਾ ਸੀ ਕਿ ਆਪਣੀ ਗੱਲ ਕਹਿਣ ਲਈ ਮੇਰੀ ਪਿਆਰੀ ਪਤਨੀ ਨੂੰ ਸ਼ਬਦ ਵੀ ਯਾਦ ਨਹੀਂ ਆਉਂਦੇ ਸਨ ਜੋ ਕਿ ਇਕ ਸਮੇਂ ’ਤੇ ਬਹੁਤ ਵਧੀਆ ਅਨੁਵਾਦਕ ਸੀ।

ਚਾਹੇ ਅਸੀਂ ਬੇਬੱਸ ਮਹਿਸੂਸ ਕਰਦੇ ਸੀ, ਪਰ ਅਸੀਂ ਕਦੇ ਵੀ ਪ੍ਰਾਰਥਨਾ ਕਰਨੀ ਨਹੀਂ ਛੱਡੀ। ਸਾਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਸਾਡੇ ’ਤੇ ਕਦੇ ਵੀ ਇੱਦਾਂ ਦੀ ਕੋਈ ਅਜ਼ਮਾਇਸ਼ ਨਹੀਂ ਆਉਣ ਦੇਵੇਗਾ ਜਿਸ ਨੂੰ ਅਸੀਂ ਸਹਿ ਨਹੀਂ ਸਕਦੇ। (1 ਕੁਰਿੰ. 10:13) ਅਸੀਂ ਹਮੇਸ਼ਾ ਯਹੋਵਾਹ ਵੱਲੋਂ ਮਿਲਦੀ ਮਦਦ ਦੀ ਕਦਰ ਕਰਦੇ ਸੀ ਜੋ ਉਹ ਸਾਨੂੰ ਆਪਣੇ ਬਚਨ, ਬੈਥਲ ਦੇ ਮੈਡੀਕਲ ਸਟਾਫ਼ ਅਤੇ ਪਿਆਰੇ ਭੈਣਾਂ-ਭਰਾਵਾਂ ਰਾਹੀਂ ਦਿੰਦਾ ਸੀ।

ਅਸੀਂ ਇਲਾਜ ਦੇ ਮਾਮਲੇ ਵਿਚ ਯਹੋਵਾਹ ਤੋਂ ਅਗਵਾਈ ਮੰਗਦੇ ਸੀ। ਇਕ ਸਮਾਂ ਆਇਆ ਜਦੋਂ ਡੇਨਿਏਲੇ ਦਾ ਕੋਈ ਇਲਾਜ ਨਹੀਂ ਹੋ ਰਿਹਾ ਸੀ। ਜਿਹੜਾ ਡਾਕਟਰ 23 ਸਾਲਾਂ ਤੋਂ ਡੇਨਿਏਲੇ ਦਾ ਇਲਾਜ ਕਰ ਰਿਹਾ ਸੀ, ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਹਰ ਕੀਮੋਥੈਰੇਪੀ ਤੋਂ ਬਾਅਦ ਉਹ ਬੇਹੋਸ਼ ਕਿਉਂ ਹੋ ਜਾਂਦੀ ਸੀ। ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਡੇਨਿਏਲੇ ਦਾ ਹੋਰ ਕਿਵੇਂ ਇਲਾਜ ਕਰ ਸਕਦਾ। ਸਾਨੂੰ ਲੱਗਦਾ ਸੀ ਕਿ ਅਸੀਂ ਇਕੱਲੇ ਰਹਿ ਗਏ ਸੀ ਤੇ ਸੋਚਦੇ ਸੀ ਕਿ ਅੱਗੇ ਕੀ ਹੋਵੇਗਾ। ਫਿਰ ਕੈਂਸਰ ਦਾ ਇਕ ਹੋਰ ਡਾਕਟਰ ਡੇਨਿਏਲੇ ਦਾ ਇਲਾਜ ਕਰਨ ਲਈ ਮੰਨ ਗਿਆ। ਅਸੀਂ ਮਹਿਸੂਸ ਕੀਤਾ ਕਿ ਚਿੰਤਾਵਾਂ ਦਾ ਸਾਮ੍ਹਣਾ ਕਰਨ ਲਈ ਯਹੋਵਾਹ ਨੇ ਸਾਡੇ ਲਈ ਰਾਹ ਖੋਲ੍ਹ ਦਿੱਤਾ ਸੀ।

ਅਸੀਂ ਸਿੱਖਿਆ ਕਿ ਸਾਨੂੰ ਸਿਰਫ਼ ਅੱਜ ਦੀ ਹੀ ਚਿੰਤਾ ਕਰਨੀ ਚਾਹੀਦੀ। ਜਿਵੇਂ ਯਿਸੂ ਨੇ ਕਿਹਾ, “ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।” (ਮੱਤੀ 6:34) ਸਹੀ ਰਵੱਈਆ ਰੱਖਣ ਅਤੇ ਹਾਸਾ-ਮਜ਼ਾਕ ਕਰਨ ਨਾਲ ਵੀ ਸਾਡੀ ਮਦਦ ਹੋਈ। ਮਿਸਾਲ ਲਈ, ਜਦੋਂ ਦੋ ਮਹੀਨਿਆਂ ਲਈ ਡੇਨਿਏਲੇ ਦੀ ਕੀਮੋਥੈਰੇਪੀ ਨਹੀਂ ਹੋਈ, ਤਾਂ ਉਸ ਨੇ ਮੁਸਕਰਾਉਂਦਿਆਂ ਕਿਹਾ, “ਮੈਂ ਕਦੀ ਵੀ ਇੰਨਾ ਵਧੀਆ ਮਹਿਸੂਸ ਨਹੀਂ ਕੀਤਾ।” (ਕਹਾ. 17:22) ਆਪਣੇ ਦੁੱਖਾਂ ਦੇ ਬਾਵਜੂਦ ਉਹ ਉੱਚੀ ਅਤੇ ਦਮਦਾਰ ਆਵਾਜ਼ ਵਿਚ ਰਾਜ ਦੇ ਨਵੇਂ ਗੀਤਾਂ ਦੀ ਪ੍ਰੈਕਟਿਸ ਕਰ ਕੇ ਖ਼ੁਸ਼ ਹੁੰਦੀ ਸੀ।

ਆਪਣੀ ਪਤਨੀ ਦੇ ਸਹੀ ਰਵੱਈਏ ਕਰਕੇ ਮੈਂ ਆਪਣੀਆਂ ਚਿੰਤਾਵਾਂ ਨਾਲ ਨਿਭ ਸਕਿਆ। ਸੱਚ ਦੱਸਾਂ ਤਾਂ 57 ਸਾਲਾਂ ਤੋਂ ਡੇਨਿਏਲੇ ਨੇ ਮੇਰੀ ਹਰ ਜ਼ਰੂਰਤ ਦਾ ਧਿਆਨ ਰੱਖਿਆ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਆਂਡੇ ਕਿਵੇਂ ਬਣਾਈਦੇ। ਜਦੋਂ ਉਹ ਬਹੁਤ ਜ਼ਿਆਦਾ ਬੀਮਾਰ ਹੋਣ ਕਰਕੇ ਕੰਮ ਨਹੀਂ ਕਰ ਸਕਦੀ ਸੀ, ਤਾਂ ਮੈਂ ਭਾਂਡੇ ਅਤੇ ਕੱਪੜੇ ਧੋਣ ਦੇ ਨਾਲ-ਨਾਲ ਖਾਣਾ ਬਣਾਉਣਾ ਵੀ ਸਿੱਖਿਆ। ਇਹ ਕੰਮ ਕਰਦਿਆਂ ਮੇਰੇ ਤੋਂ ਕਈ ਕੱਚ ਦੇ ਗਲਾਸ ਵੀ ਟੁੱਟ ਗਏ, ਪਰ ਉਸ ਨੂੰ ਖ਼ੁਸ਼ ਕਰਨ ਲਈ ਮੈਨੂੰ ਇਹ ਕੰਮ ਕਰਨੇ ਚੰਗੇ ਲੱਗਦੇ ਸਨ। *

ਮੈਂ ਯਹੋਵਾਹ ਦੀ ਦਇਆ ਲਈ ਬਹੁਤ ਸ਼ੁਕਰਗੁਜ਼ਾਰ ਹਾਂ

ਆਪਣੀ ਜ਼ਿੰਦਗੀ ’ਤੇ ਝਾਤੀ ਮਾਰਦਿਆਂ ਮੈਂ ਦੇਖਿਆ ਕਿ ਸਿਹਤ ਸਮੱਸਿਆਵਾਂ ਅਤੇ ਵਧਦੀ ਉਮਰ ਕਰਕੇ ਅਸੀਂ ਬਹੁਤ ਕੁਝ ਨਹੀਂ ਕਰ ਸਕਦੇ। ਇਨ੍ਹਾਂ ਗੱਲਾਂ ਤੋਂ ਮੈਂ ਬਹੁਤ ਸਾਰੇ ਵਧੀਆ ਸਬਕ ਸਿੱਖੇ। ਪਹਿਲਾ, ਸਾਨੂੰ ਆਪਣੇ ਕੰਮਾਂ ਵਿਚ ਇੰਨੇ ਨਹੀਂ ਰੁੱਝ ਜਾਣਾ ਚਾਹੀਦਾ ਕਿ ਅਸੀਂ ਆਪਣੇ ਜੀਵਨ ਸਾਥੀ ਨੂੰ ਪਿਆਰ ਦਿਖਾਉਣਾ ਹੀ ਭੁੱਲ ਜਾਈਏ। ਸਾਨੂੰ ਉਸ ਸਮੇਂ ਨੂੰ ਚੰਗੀ ਤਰ੍ਹਾਂ ਵਰਤਣਾ ਚਾਹੀਦਾ ਹੈ ਜਦੋਂ ਸਾਡੇ ਕੋਲ ਆਪਣੇ ਪਿਆਰਿਆਂ ਦੀ ਦੇਖ ਭਾਲ ਕਰਨ ਲਈ ਤਾਕਤ ਹੁੰਦੀ ਹੈ। (ਉਪ. 9:9) ਦੂਜਾ, ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਲਈ ਹੱਦੋਂ ਵੱਧ ਚਿੰਤਾ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਸ਼ਾਇਦ ਅਸੀਂ ਹਰ ਰੋਜ਼ ਮਿਲਣ ਵਾਲੀਆਂ ਬਰਕਤਾਂ ਨੂੰ ਨਜ਼ਰਅੰਦਾਜ਼ ਕਰ ਦੇਈਏ।​—ਕਹਾ. 15:15.

ਆਪਣੇ ਪੂਰੇ ਸਮੇਂ ਦੀ ਸੇਵਾ ’ਤੇ ਨਜ਼ਰ ਮਾਰਦਿਆਂ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਯਹੋਵਾਹ ਨੇ ਸਾਨੂੰ ਇੰਨੀਆਂ ਬਰਕਤਾਂ ਦਿੱਤੀਆਂ ਜਿੰਨੀਆਂ ਅਸੀਂ ਸੋਚੀਆਂ ਵੀ ਨਹੀਂ ਸਨ। ਮੈਂ ਜ਼ਬੂਰਾਂ ਦੇ ਲਿਖਾਰੀ ਦੀ ਗੱਲ ਨਾਲ ਸਹਿਮਤ ਹਾਂ ਜਿਸ ਨੇ ਕਿਹਾ: ‘ਯਹੋਵਾਹ ਨੇ ਮੇਰੇ ਉੱਤੇ ਪਰਉਪਕਾਰ ਕੀਤਾ ਹੈ।’​—ਜ਼ਬੂ. 116:7.

^ ਪੈਰਾ 32 ਜਦੋਂ ਇਹ ਲੇਖ ਤਿਆਰ ਕੀਤਾ ਜਾ ਰਿਹਾ ਸੀ, ਤਾਂ ਭੈਣ ਡੇਨਿਏਲੇ ਬੋਕਾਰਟ ਗੁਜ਼ਰ ਗਈ। ਉਹ 78 ਸਾਲਾਂ ਦੀ ਸੀ।