Skip to content

Skip to table of contents

ਜਦੋਂ ਕੋਈ ਗੰਭੀਰ ਬੀਮਾਰੀ ਲੱਗ ਜਾਵੇ

ਜਦੋਂ ਕੋਈ ਗੰਭੀਰ ਬੀਮਾਰੀ ਲੱਗ ਜਾਵੇ

“ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਫੇਫੜਿਆਂ ਤੇ ਵੱਡੀ ਆਂਤ ਦਾ ਕੈਂਸਰ ਹੈ, ਤਾਂ ਮੈਨੂੰ ਇੱਦਾਂ ਲੱਗਾ ਜਿਵੇਂ ਮੈਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੋਵੇ। ਡਾਕਟਰ ਕੋਲੋਂ ਘਰ ਆ ਕੇ ਮੈਂ ਸੋਚਿਆ ਕਿ ‘ਭਾਵੇਂ ਮੈਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਮੇਰੇ ਨਾਲ ਇੱਦਾਂ ਹੋਵੇਗਾ, ਪਰ ਹੁਣ ਮੈਨੂੰ ਇਸ ਬੀਮਾਰੀ ਨਾਲ ਨਜਿੱਠਣ ਲਈ ਕੁਝ-ਨਾ-ਕੁਝ ਤਾਂ ਕਰਨਾ ਹੀ ਪੈਣਾ।’”​—ਲਿਨ, ਉਮਰ 71 ਸਾਲ।

“ਮੈਨੂੰ ਇਕ ਬੜੀ ਦਰਦਨਾਕ ਬੀਮਾਰੀ ਹੈ ਜਿਸ ਦਾ ਮੇਰੇ ਚਿਹਰੇ ਦੇ ਖੱਬੇ ਪਾਸੇ ਦੀਆਂ ਨਸਾਂ ʼਤੇ ਅਸਰ ਹੈ। ਕਈ ਵਾਰ ਬਹੁਤ ਤੇਜ਼ ਦਰਦ ਹੋਣ ਕਰਕੇ ਮੈਂ ਬਹੁਤ ਨਿਰਾਸ਼ ਹੋ ਜਾਂਦੀ ਹਾਂ। ਬਹੁਤ ਵਾਰੀ ਮੈਨੂੰ ਇੱਦਾਂ ਲੱਗਦਾ ਸੀ ਕਿ ਕਿਸੇ ਨੂੰ ਮੇਰੀ ਕੋਈ ਪਰਵਾਹ ਨਹੀਂ ਅਤੇ ਮੈਂ ਖ਼ੁਦਕਸ਼ੀ ਕਰਨ ਦੀ ਵੀ ਸੋਚੀ।”​—ਐਲਿਸ, ਉਮਰ 49 ਸਾਲ।

ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਦੋਸਤ-ਰਿਸ਼ਤੇਦਾਰ ਨੂੰ ਅਜਿਹੀ ਗੰਭੀਰ ਬੀਮਾਰੀ ਹੈ ਜਿਸ ਦਾ ਅੰਤ ਮੌਤ ਹੋ ਸਕਦਾ ਹੈ, ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹ ਕਿੰਨਾ ਦੁਖਦਾਈ ਹੁੰਦਾ ਹੈ। ਬੀਮਾਰੀ ਤਾਂ ਹੁੰਦੀ ਹੀ ਹੈ, ਪਰ ਇਸ ਦੇ ਨਾਲ-ਨਾਲ ਆਪਣੀਆਂ ਭਾਵਨਾਵਾਂ ਨਾਲ ਵੀ ਲੜਨਾ ਪੈਂਦਾ ਹੈ। ਜਦੋਂ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ, ਸਹੀ ਇਲਾਜ ਕਰਾਉਣ ਵਿਚ ਮੁਸ਼ਕਲ ਆਉਂਦੀ ਜਾਂ ਫਿਰ ਦਵਾਈਆਂ ਦੇ ਹੋਰ ਮਾੜੇ ਅਸਰ ਹੋਣ ਲੱਗ ਪੈਂਦੇ ਹਨ, ਤਾਂ ਡਰ ਤੇ ਚਿੰਤਾ ਹੋਰ ਵੀ ਵਧ ਜਾਂਦੀ। ਗੰਭੀਰ ਬੀਮਾਰੀ ਕਰਕੇ ਹੁੰਦੀ ਪਰੇਸ਼ਾਨੀ ਸਹਿਣੀ ਬਹੁਤ ਔਖੀ ਹੋ ਸਕਦੀ ਹੈ।

ਅਸੀਂ ਮਦਦ ਕਿੱਥੋਂ ਲੈ ਸਕਦੇ ਹਾਂ? ਬਹੁਤ ਸਾਰੇ ਲੋਕਾਂ ਨੇ ਦੇਖਿਆ ਹੈ ਕਿ ਪ੍ਰਾਰਥਨਾ ਅਤੇ ਬਾਈਬਲ ਨਾਲ ਉਨ੍ਹਾਂ ਨੂੰ ਉਹ ਦਿਲਾਸਾ ਮਿਲਿਆ ਹੈ ਜੋ ਹੋਰ ਕਿਤੇ ਨਹੀਂ ਮਿਲ ਸਕਦਾ। ਇਸ ਦੇ ਨਾਲ-ਨਾਲ ਪਰਿਵਾਰ ਅਤੇ ਦੋਸਤਾਂ ਵੱਲੋਂ ਮਿਲਦੀ ਮਦਦ ਅਤੇ ਉਨ੍ਹਾਂ ਦੇ ਪਿਆਰ ਨਾਲ ਵੀ ਬਹੁਤ ਸਹਾਰਾ ਮਿਲਦਾ ਹੈ।

ਕਈਆਂ ਦੀ ਕਿਵੇਂ ਮਦਦ ਹੋਈ?

58 ਸਾਲਾਂ ਦਾ ਰੌਬਰਟ ਸਲਾਹ ਦਿੰਦਾ ਹੈ ਕਿ “ਬੀਮਾਰੀ ਦਾ ਸਾਮ੍ਹਣਾ ਕਰਦੇ ਵੇਲੇ ਰੱਬ ਉੱਤੇ ਨਿਹਚਾ ਰੱਖੋ ਅਤੇ ਉਹ ਸਹਿਣ ਵਿਚ ਤੁਹਾਡੀ ਮਦਦ ਕਰੇਗਾ। ਯਹੋਵਾਹ ਨੂੰ ਪ੍ਰਾਰਥਨਾ ਕਰੋ। ਉਸ ਨੂੰ ਦੱਸੋ ਕਿ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ। ਉਸ ਕੋਲੋਂ ਪਵਿੱਤਰ ਸ਼ਕਤੀ ਮੰਗੋ। ਉਸ ਕੋਲੋਂ ਤਾਕਤ ਮੰਗੋ ਕਿ ਤੁਸੀਂ ਆਪਣੇ ਪਰਿਵਾਰ ਦੀ ਖ਼ਾਤਰ ਮਜ਼ਬੂਤ ਰਹਿ ਸਕੋ ਅਤੇ ਆਪਣੀ ਬੀਮਾਰੀ ਦਾ ਸਾਮ੍ਹਣਾ ਕਰ ਸਕੋ।

“ਜਦੋਂ ਤੁਹਾਡਾ ਪਰਿਵਾਰ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ ਤੇ ਤੁਹਾਡੇ ਨਾਲ ਹੁੰਦਾ ਹੈ, ਤਾਂ ਇਹ ਬਹੁਤ ਵੱਡੀ ਮਦਦ ਹੁੰਦੀ ਹੈ। ਮੈਨੂੰ ਹਰ ਰੋਜ਼ ਇਕ-ਦੋ ਜਣੇ ਜ਼ਰੂਰ ਫ਼ੋਨ ਕਰਦੇ ਹਨ ਤੇ ਪੁੱਛਦੇ ਹਨ, ‘ਕੀ ਹਾਲ ਹੈ?’ ਹਰ ਜਗ੍ਹਾ ਤੋਂ ਮੇਰੇ ਦੋਸਤ ਮੈਨੂੰ ਹੌਸਲਾ ਦਿੰਦੇ ਹਨ। ਉਨ੍ਹਾਂ ਨਾਲ ਗੱਲ ਕਰ ਕੇ ਮੈਨੂੰ ਬਹੁਤ ਚੰਗਾ ਲੱਗਦਾ ਤੇ ਮੇਰੀ ਮਦਦ ਹੁੰਦੀ ਕਿ ਮੈਂ ਹੌਸਲਾ ਨਾ ਹਾਰਾਂ।”

ਜੇ ਤੁਸੀਂ ਕਿਸੇ ਬੀਮਾਰ ਵਿਅਕਤੀ ਨੂੰ ਮਿਲਣ ਜਾਂਦੇ ਹੋ, ਤਾਂ ਧਿਆਨ ਦਿਓ ਕਿ ਲਿਨ ਕੀ ਕਹਿੰਦੀ ਹੈ: “ਬੀਮਾਰ ਵਿਅਕਤੀ ਚਾਹੁੰਦਾ ਹੁੰਦਾ ਕਿ ਉਹ ਜਿੰਨਾ ਹੋ ਸਕੇ ਆਮ ਲੋਕਾਂ ਵਾਂਗ ਜ਼ਿੰਦਗੀ ਜੀ ਸਕੇ ਅਤੇ ਸ਼ਾਇਦ ਉਹ ਹਰ ਵੇਲੇ ਬੀਮਾਰੀ ਬਾਰੇ ਹੀ ਗੱਲ ਨਾ ਕਰਨੀ ਚਾਹੇ। ਇਸ ਲਈ ਉਨ੍ਹਾਂ ਨਾਲ ਆਮ ਗੱਲਾਂ-ਬਾਤਾਂ ਕਰੋ।”

ਰੱਬ ਕੋਲੋਂ ਤਾਕਤ ਲੈ ਕੇ, ਉਸ ਦੇ ਬਚਨਾਂ ਤੋਂ ਦਿਲਾਸਾ ਲੈ ਕੇ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਤੋਂ ਮਦਦ ਲੈ ਕੇ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਚਾਹੇ ਸਾਨੂੰ ਕੋਈ ਗੰਭੀਰ ਬੀਮਾਰੀ ਲੱਗੀ ਹੋਈ ਹੈ, ਪਰ ਜ਼ਿੰਦਗੀ ਅਜੇ ਵੀ ਖ਼ੂਬਸੂਰਤ ਹੋ ਸਕਦੀ ਹੈ।