Skip to content

Skip to table of contents

ਕੀ ਅਸੀਂ ਖ਼ੁਸ਼ਹਾਲ ਜ਼ਿੰਦਗੀ ਜੀ ਸਕਦੇ ਹਾਂ?

ਕੀ ਅਸੀਂ ਖ਼ੁਸ਼ਹਾਲ ਜ਼ਿੰਦਗੀ ਜੀ ਸਕਦੇ ਹਾਂ?

ਫੈਜ਼ਲ ਦੀ ਪਤਨੀ ਨੂੰ ਗੁਜ਼ਰੇ ਅਜੇ ਲਗਭਗ ਇਕ ਸਾਲ ਹੀ ਹੋਇਆ ਸੀ ਕਿ ਉਸ ਨੂੰ ਦਿਲ ਦਾ ਵੱਡਾ ਓਪਰੇਸ਼ਨ ਕਰਾਉਣਾ ਪਿਆ। ਉਹ ਕਹਿੰਦਾ ਹੈ: “ਅੱਯੂਬ ਦੀ ਕਿਤਾਬ ਪੜ੍ਹਦੇ ਵੇਲੇ ਮੈਨੂੰ ਅਹਿਸਾਸ ਹੁੰਦਾ ਕਿ ਯਹੋਵਾਹ ਨੇ ਕਿਸੇ ਮਕਸਦ ਕਰਕੇ ਇਸ ਕਿਤਾਬ ਨੂੰ ਬਾਈਬਲ ਵਿਚ ਦਰਜ ਕਰਵਾਇਆ ਹੈ। ਜਦੋਂ ਅਸੀਂ ਬਹੁਤ ਨਿਰਾਸ਼ ਹੁੰਦੇ ਹਾਂ ਅਤੇ ਬਾਈਬਲ ਵਿੱਚੋਂ ਕਿਸੇ ਵਿਅਕਤੀ ਬਾਰੇ ਪੜ੍ਹਦੇ ਹਾਂ ਜਿਸ ਦੇ ਹਾਲਾਤ ਸਾਡੇ ਵਰਗੇ ਸਨ, ਤਾਂ ਇਹ ਇਸ ਤਰ੍ਹਾਂ ਹੁੰਦਾ ਜਿਵੇਂ ਕੋਈ ਸਾਡੇ ਦਿਲ ʼਤੇ ਮਲ੍ਹਮ ਲਗਾ ਰਿਹਾ ਹੋਵੇ।” ਉਸ ਨੇ ਅੱਗੇ ਕਿਹਾ: “ਜ਼ਿੰਦਗੀ ਅਜੇ ਵੀ ਖ਼ੂਬਸੂਰਤ ਹੈ!”

ਤਾਰਸ਼ਾ ਛੋਟੀ ਉਮਰ ਦੀ ਸੀ ਜਦੋਂ ਉਸ ਦੀ ਮੰਮੀ ਦੀ ਮੌਤ ਹੋ ਗਈ। ਉਹ ਕਹਿੰਦੀ ਹੈ: “ਭਾਵੇਂ ਮੇਰੀ ਜ਼ਿੰਦਗੀ ਵਿਚ ਢੇਰ ਸਾਰੀਆਂ ਮੁਸ਼ਕਲਾਂ ਸਨ, ਪਰ ਸ੍ਰਿਸ਼ਟੀਕਰਤਾ ਨੂੰ ਜਾਣਨ ਨਾਲ ਜ਼ਿੰਦਗੀ ਵਿਚ ਮਕਸਦ, ਉਮੀਦ ਅਤੇ ਖ਼ੁਸ਼ੀ ਮਿਲਦੀ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਹਰ ਦਿਨ ਸਾਨੂੰ ਸੰਭਾਲ ਸਕਦਾ ਅਤੇ ਸਾਡੀ ਮਦਦ ਕਰ ਸਕਦਾ ਹੈ।”

ਪਿਛਲੇ ਲੇਖਾਂ ਵਿਚ ਅਸੀਂ ਦੇਖਿਆ ਸੀ ਕਿ ਵੱਖੋ-ਵੱਖਰੇ ਮੁਸ਼ਕਲ ਹਾਲਾਤਾਂ ਕਰਕੇ ਸਾਡਾ ਜੀਉਣਾ ਔਖਾ ਹੋ ਸਕਦਾ ਹੈ। ਮੁਸ਼ਕਲਾਂ ਝੱਲਦੇ ਵੇਲੇ ਸ਼ਾਇਦ ਤੁਸੀਂ ਸੋਚੋ, ‘ਜੀਉਣ ਦਾ ਕੀ ਫ਼ਾਇਦਾ?’ ਜਾਂ ‘ਕੀ ਕੋਈ ਮੇਰੀ ਪਰਵਾਹ ਕਰਦਾ ਵੀ ਹੈ?’ ਇਸ ਗੱਲ ਦਾ ਪੱਕਾ ਭਰੋਸਾ ਰੱਖੋ ਕਿ ਰੱਬ ਨੂੰ ਤੁਹਾਡੀ ਪਰਵਾਹ ਹੈ। ਤੁਸੀਂ ਉਸ ਲਈ ਅਨਮੋਲ ਹੋ।

ਜ਼ਬੂਰ 86 ਦੇ ਲਿਖਾਰੀ ਨੇ ਪੂਰੇ ਭਰੋਸੇ ਨਾਲ ਰੱਬ ਬਾਰੇ ਕਿਹਾ: “ਮੈਂ ਆਪਣੀ ਬਿਪਤਾ ਦੇ ਦਿਨ ਤੈਨੂੰ ਪੁਕਾਰਾਂਗਾ, ਕਿਉਂ ਜੋ ਤੂੰ ਮੈਨੂੰ ਉੱਤਰ ਦੇਵੇਂਗਾ।” (ਜ਼ਬੂਰਾਂ ਦੀ ਪੋਥੀ 86:7) ਪਰ ਸ਼ਾਇਦ ਤੁਸੀਂ ਸੋਚੋ ਕਿ ‘ਰੱਬ ਮੈਨੂੰ ਮੇਰੇ “ਬਿਪਤਾ ਦੇ ਦਿਨ” ਕਿਵੇਂ ਜਵਾਬ ਦੇਵੇਗਾ?’

ਇਹ ਸੱਚ ਹੈ ਕਿ ਰੱਬ ਸ਼ਾਇਦ ਤੁਹਾਡੀਆਂ ਮੁਸ਼ਕਲਾਂ ਨੂੰ ਖ਼ਤਮ ਨਾ ਕਰੇ। ਪਰ ਉਸ ਦੇ ਬਚਨ ਬਾਈਬਲ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਉਹ ਸਾਨੂੰ ਮਨ ਦੀ ਸ਼ਾਂਤੀ ਦੇ ਸਕਦਾ ਤਾਂਕਿ ਅਸੀਂ ਮੁਸ਼ਕਲਾਂ ਸਹਿ ਸਕੀਏ। ਉਸ ਦੇ ਬਚਨ ਵਿਚ ਲਿਖਿਆ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ; ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਆਓ ਦੇਖੀਏ ਕਿ ਹੇਠਾਂ ਦੱਸੀਆਂ ਆਇਤਾਂ ਤੋਂ ਕਿਵੇਂ ਭਰੋਸਾ ਮਿਲਦਾ ਹੈ ਕਿ ਰੱਬ ਸਾਡੀ ਪਰਵਾਹ ਕਰਦਾ ਹੈ।

ਰੱਬ ਨੂੰ ਤੁਹਾਡਾ ਫ਼ਿਕਰ ਹੈ

“ਪਰਮੇਸ਼ੁਰ . . . ਕਿਸੇ [ਚਿੜੀ] ਨੂੰ ਵੀ ਨਹੀਂ ਭੁੱਲਦਾ। . . . ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਬਹੁਤ ਕੀਮਤੀ ਹੋ।”​ਲੂਕਾ 12:6, 7.

ਜ਼ਰਾ ਸੋਚੋ: ਚਿੜੀਆਂ ਵਰਗੇ ਛੋਟੇ ਪੰਛੀਆਂ ਵੱਲ ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ, ਪਰ ਪਰਮੇਸ਼ੁਰ ਉਨ੍ਹਾਂ ਦੀ ਵੀ ਪਰਵਾਹ ਕਰਦਾ ਹੈ। ਪਰਮੇਸ਼ੁਰ ਹਰ ਛੋਟੀ ਚਿੜੀ ਵੱਲ ਧਿਆਨ ਦਿੰਦਾ ਹੈ। ਉਸ ਦੀਆਂ ਨਜ਼ਰਾਂ ਵਿਚ ਹਰ ਜੀਉਂਦੀ ਚੀਜ਼ ਅਨਮੋਲ ਹੈ। ਰੱਬ ਲਈ ਇਨਸਾਨ ਚਿੜੀਆਂ ਨਾਲੋਂ ਕੀਤੇ ਜ਼ਿਆਦਾ ਕੀਮਤੀ ਹਨ। ਧਰਤੀ ʼਤੇ ਸ੍ਰਿਸ਼ਟ ਕੀਤੀਆਂ ਚੀਜ਼ਾਂ ਵਿੱਚੋਂ ਇਨਸਾਨ ਰੱਬ ਦੀ ਸਭ ਤੋਂ ਉੱਤਮ ਸ੍ਰਿਸ਼ਟੀ ਹਨ ਕਿਉਂਕਿ ਉਹ ਰੱਬ ਦੇ “ਸਰੂਪ” ʼਤੇ ਬਣਾਏ ਗਏ ਹਨ ਤੇ ਉਹ ਰੱਬ ਵਰਗੇ ਗੁਣ ਪੈਦਾ ਕਰ ਸਕਦੇ ਹਨ।​—ਉਤਪਤ 1:26, 27.

“ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ, . . . ਤੂੰ ਮੇਰੀ ਵਿਚਾਰ . . . ਸਮਝ ਲੈਂਦਾ ਹੈਂ . . . ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ।”​ਜ਼ਬੂਰਾਂ ਦੀ ਪੋਥੀ 139:1, 2, 23.

ਜ਼ਰਾ ਸੋਚੋ: ਰੱਬ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹ ਜਾਣਦਾ ਹੈ ਕਿ ਤੁਹਾਡੇ ਦਿਲ ਵਿਚ ਕੀ ਹੈ ਤੇ ਤੁਹਾਨੂੰ ਕਿਨ੍ਹਾਂ ਗੱਲਾਂ ਦਾ ਫ਼ਿਕਰ ਹੈ। ਸ਼ਾਇਦ ਦੂਸਰੇ ਤੁਹਾਡੀਆਂ ਮੁਸ਼ਕਲਾਂ ਅਤੇ ਚਿੰਤਾਵਾਂ ਨਾ ਸਮਝ ਪਾਉਣ, ਪਰ ਰੱਬ ਨੂੰ ਤੁਹਾਡੀ ਪਰਵਾਹ ਹੈ ਅਤੇ ਉਹ ਤੁਹਾਡੀ ਮਦਦ ਵੀ ਕਰਨੀ ਚਾਹੁੰਦਾ ਹੈ। ਕੀ ਇਸ ਗੱਲ ਕਰਕੇ ਤੁਹਾਨੂੰ ਜ਼ਿੰਦਗੀ ਜੀਉਣ ਦੀ ਉਮੀਦ ਨਹੀਂ ਮਿਲਦੀ?

ਤੁਹਾਡੀ ਜ਼ਿੰਦਗੀ ਦਾ ਇਕ ਮਕਸਦ ਹੈ

“ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ, ਅਤੇ ਮੇਰੀ ਦੁਹਾਈ ਤੇਰੇ ਤੀਕ ਅੱਪੜੇ! . . . ਆਪਣਾ ਕੰਨ ਮੇਰੀ ਵਲ ਝੁਕਾ, ਜਿਸ ਦਿਨ ਮੈਂ ਤੈਨੂੰ ਪੁਕਾਰਾਂ ਮੈਨੂੰ ਛੇਤੀ ਉੱਤਰ ਦੇਹ! . . . ਉਸ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ।”​ਜ਼ਬੂਰਾਂ ਦੀ ਪੋਥੀ 102:1, 2, 17.

ਜ਼ਰਾ ਸੋਚੋ: ਸ਼ੁਰੂ ਤੋਂ ਹੀ ਯਹੋਵਾਹ ਨੇ ਇਨਸਾਨਾਂ ਦੇ ਹਰ ਦੁੱਖ ਵੱਲ ਧਿਆਨ ਦਿੱਤਾ ਹੈ। ਇਹ ਇੱਦਾਂ ਹੈ ਜਿਵੇਂ ਯਹੋਵਾਹ ਨੇ ਉਨ੍ਹਾਂ ਦੀਆਂ ਅੱਖਾਂ ਵਿਚਲੇ ਹਰ ਹੰਝੂ ਦਾ ਹਿਸਾਬ ਰੱਖਿਆ ਹੋਵੇ। (ਜ਼ਬੂਰਾਂ ਦੀ ਪੋਥੀ 56:8) ਰੱਬ ਨੂੰ ਤੁਹਾਡੇ ਸਾਰੇ ਹੰਝੂ ਅਤੇ ਦੁੱਖ ਯਾਦ ਹਨ ਕਿਉਂਕਿ ਤੁਸੀਂ ਉਸ ਲਈ ਅਨਮੋਲ ਹੋ।

“ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ . . . ਹਾਂ, ਮੈਂ ਯਹੋਵਾਹ ਤੇਰਾ ਪਰਮੇਸ਼ੁਰ . . . ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।”​ਯਸਾਯਾਹ 41:10, 13.

ਜ਼ਰਾ ਸੋਚੋ: ਰੱਬ ਤੁਹਾਡੀ ਮਦਦ ਕਰਨ ਲਈ ਤਿਆਰ ਹੈ। ਜੇ ਤੁਸੀਂ ਡਿਗ ਗਏ, ਤਾਂ ਉਹ ਤੁਹਾਨੂੰ ਚੁੱਕ ਲਵੇਗਾ।

ਵਧੀਆ ਭਵਿੱਖ ਦੀ ਉਮੀਦ

“ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।”​ਯੂਹੰਨਾ 3:16.

ਜ਼ਰਾ ਸੋਚੋ: ਤੁਸੀਂ ਰੱਬ ਨੂੰ ਇੰਨੇ ਪਿਆਰੇ ਹੋ ਕਿ ਉਸ ਨੇ ਤੁਹਾਡੀ ਖ਼ਾਤਰ ਆਪਣੇ ਇਕਲੌਤਾ ਪੁੱਤਰ ਯਿਸੂ ਨੂੰ ਕੁਰਬਾਨ ਕਰ ਦਿੱਤਾ। ਇਸ ਕੁਰਬਾਨੀ ਕਰਕੇ ਤੁਹਾਨੂੰ ਹਮੇਸ਼ਾ-ਹਮੇਸ਼ਾ ਲਈ ਖ਼ੁਸ਼ਹਾਲ ਜੀਵਨ ਜੀਉਣ ਦੀ ਉਮੀਦ ਮਿਲਦੀ ਹੈ। *

ਤੁਸੀਂ ਸ਼ਾਇਦ ਪਰੇਸ਼ਾਨ ਹੋਵੋ ਅਤੇ ਤੁਹਾਨੂੰ ਆਪਣੇ ਦੁੱਖ ਬਰਦਾਸ਼ਤ ਤੋਂ ਬਾਹਰ ਲੱਗਣ, ਪਰ ਫਿਰ ਵੀ ਰੱਬ ਦੇ ਬਚਨ ਦਾ ਧਿਆਨ ਨਾਲ ਅਧਿਐਨ ਕਰੋ ਅਤੇ ਉਸ ਦੇ ਕੀਤੇ ਵਾਅਦਿਆਂ ʼਤੇ ਆਪਣਾ ਵਿਸ਼ਵਾਸ ਪੱਕਾ ਕਰੋ। ਇਸ ਨਾਲ ਤੁਹਾਨੂੰ ਖ਼ੁਸ਼ੀ ਮਿਲੇਗੀ ਅਤੇ ਭਰੋਸਾ ਹੋਵੇਗਾ ਕਿ ਜ਼ਿੰਦਗੀ ਸੱਚ-ਮੁੱਚ ਅਨਮੋਲ ਹੈ।

^ ਇਸ ਬਾਰੇ ਹੋਰ ਜਾਣਨ ਲਈ ਕਿ ਯਿਸੂ ਦੀ ਕੁਰਬਾਨੀ ਨਾਲ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ www.pr418.com/pa ʼਤੇ ਯਿਸੂ ਦੀ ਮੌਤ ਦੀ ਯਾਦਗਾਰ ਨਾਂ ਦੀ ਵੀਡੀਓ ਦੇਖੋ। “ਸਾਡੇ ਬਾਰੇ” > “ਯਿਸੂ ਦੀ ਮੌਤ ਦੀ ਯਾਦਗਾਰ” ਹੇਠਾਂ ਦੇਖੋ।