Skip to content

Skip to table of contents

ਅਧਿਐਨ ਲੇਖ 2

ਸਭਾਵਾਂ ਵਿਚ ਯਹੋਵਾਹ ਦੀ ਮਹਿਮਾ ਕਰੋ

ਸਭਾਵਾਂ ਵਿਚ ਯਹੋਵਾਹ ਦੀ ਮਹਿਮਾ ਕਰੋ

“ਮੈਂ . . . ਸਭਾ ਵਿੱਚ ਤੇਰੀ ਉਸਤਤ ਕਰਾਂਗਾ।”​—ਜ਼ਬੂ. 22:22.

ਗੀਤ 9 ਯਹੋਵਾਹ ਦੀ ਜੈ ਜੈ ਕਾਰ ਕਰੋ

ਖ਼ਾਸ ਗੱਲਾਂ *

1. ਦਾਊਦ ਯਹੋਵਾਹ ਬਾਰੇ ਕਿਵੇਂ ਮਹਿਸੂਸ ਕਰਦਾ ਸੀ ਅਤੇ ਇਸ ਕਰਕੇ ਉਹ ਕੀ ਕਰਨ ਲਈ ਪ੍ਰੇਰਿਤ ਹੋਇਆ?

ਰਾਜਾ ਦਾਊਦ ਨੇ ਲਿਖਿਆ: “ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ।” (ਜ਼ਬੂ. 145:3) ਉਹ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਇਸ ਕਰਕੇ ਉਹ “ਸਭਾ ਵਿੱਚ” ਪਰਮੇਸ਼ੁਰ ਦੀ ਉਸਤਤ ਕਰਨ ਲਈ ਪ੍ਰੇਰਿਤ ਹੋਇਆ। (ਜ਼ਬੂ. 22:22; 40:5) ਬਿਨਾਂ ਸ਼ੱਕ, ਤੁਸੀਂ ਵੀ ਯਹੋਵਾਹ ਨੂੰ ਪਿਆਰ ਕਰਦੇ ਹੋਣੇ ਅਤੇ ਦਾਊਦ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋਣੇ: “ਹੇ ਯਹੋਵਾਹ ਸਾਡੇ ਪਿਤਾ ਇਸਰਾਏਲ ਦੇ ਪਰਮੇਸ਼ੁਰ, ਤੂੰ ਸਦੀਪਕਾਲ ਤੋੜੀ ਧੰਨ ਹੋ।”​—1 ਇਤ. 29:10-13.

2. (ੳ) ਅਸੀਂ ਯਹੋਵਾਹ ਦੀ ਮਹਿਮਾ ਕਿਵੇਂ ਕਰ ਸਕਦੇ ਹਾਂ? (ਅ) ਕਈਆਂ ਨੂੰ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਅਤੇ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

2 ਅੱਜ ਯਹੋਵਾਹ ਦੀ ਮਹਿਮਾ ਕਰਨ ਦਾ ਇਕ ਤਰੀਕਾ ਹੈ, ਮਸੀਹੀ ਸਭਾਵਾਂ ਵਿਚ ਜਵਾਬ ਦੇਣੇ। ਪਰ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਸਭਾਵਾਂ ਵਿਚ ਜਵਾਬ ਦੇਣੇ ਔਖੇ ਲੱਗਦੇ ਹਨ। ਉਹ ਜਵਾਬ ਤਾਂ ਦੇਣੇ ਚਾਹੁੰਦੇ ਹਨ, ਪਰ ਡਰ ਕਰਕੇ ਨਹੀਂ ਦੇ ਪਾਉਂਦੇ। ਉਹ ਆਪਣੇ ਡਰ ’ਤੇ ਕਿਵੇਂ ਕਾਬੂ ਪਾ ਸਕਦੇ ਹਨ? ਕਿਹੜੇ ਕੁਝ ਸੁਝਾਵਾਂ ਦੀ ਮਦਦ ਨਾਲ ਅਸੀਂ ਸਾਰੇ ਜਣੇ ਹੌਸਲਾ ਦੇਣ ਵਾਲੇ ਜਵਾਬ ਦੇ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਤੋਂ ਪਹਿਲਾਂ ਆਓ ਆਪਾਂ ਸਭਾਵਾਂ ਵਿਚ ਜਵਾਬ ਦੇਣ ਦੇ ਚਾਰ ਕਾਰਨਾਂ ’ਤੇ ਗੌਰ ਕਰੀਏ।

ਅਸੀਂ ਸਭਾਵਾਂ ਵਿਚ ਜਵਾਬ ਕਿਉਂ ਦਿੰਦੇ ਹਾਂ?

3-5. (ੳ) ਇਬਰਾਨੀਆਂ 13:15 ਅਨੁਸਾਰ ਅਸੀਂ ਸਭਾਵਾਂ ਵਿਚ ਜਵਾਬ ਕਿਉਂ ਦਿੰਦੇ ਹਾਂ? (ਅ) ਕੀ ਸਾਨੂੰ ਸਾਰਿਆਂ ਨੂੰ ਇੱਕੋ ਜਿਹੇ ਜਵਾਬ ਦੇਣੇ ਚਾਹੀਦੇ ਹਨ? ਸਮਝਾਓ।

3 ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਉਸ ਦੀ ਮਹਿਮਾ ਕਰਨ ਦਾ ਸਨਮਾਨ ਦਿੱਤਾ ਹੈ। (ਜ਼ਬੂ. 119:108) ਸਭਾਵਾਂ ਵਿਚ ਜਵਾਬ ਦੇਣੇ ‘ਉਸਤਤ ਦੇ ਬਲੀਦਾਨ’ ਚੜ੍ਹਾਉਣ ਵਾਂਗ ਹਨ ਅਤੇ ਕੋਈ ਹੋਰ ਸਾਡੇ ਲਈ ਇਹ ਬਲੀਦਾਨ ਨਹੀਂ ਚੜ੍ਹਾ ਸਕਦਾ। (ਇਬਰਾਨੀਆਂ 13:15 ਪੜ੍ਹੋ।) ਕੀ ਯਹੋਵਾਹ ਸਾਡੇ ਸਾਰਿਆਂ ਤੋਂ ਇੱਕੋ ਜਿਹੇ ਬਲੀਦਾਨ ਯਾਨੀ ਇੱਕੋ ਜਿਹੇ ਜਵਾਬ ਦੇਣ ਦੀ ਮੰਗ ਕਰਦਾ ਹੈ? ਨਹੀਂ, ਬਿਲਕੁਲ ਨਹੀਂ।

4 ਯਹੋਵਾਹ ਜਾਣਦਾ ਹੈ ਕਿ ਸਾਡੇ ਸਾਰਿਆਂ ਵਿਚ ਵੱਖੋ-ਵੱਖਰੀਆਂ ਕਾਬਲੀਅਤਾਂ ਹਨ ਤੇ ਸਾਡੇ ਹਾਲਾਤ ਵੀ ਅਲੱਗ-ਅਲੱਗ ਹਨ। ਇਸ ਲਈ ਅਸੀਂ ਜਿਹੜੇ ਵੀ ਬਲੀਦਾਨ ਚੜ੍ਹਾਉਂਦੇ ਹਾਂ, ਉਹ ਉਨ੍ਹਾਂ ਦੀ ਦਿਲੋਂ ਕਦਰ ਕਰਦਾ ਹੈ। ਸੋਚੋ ਕਿ ਉਹ ਇਜ਼ਰਾਈਲੀਆਂ ਵੱਲੋਂ ਚੜ੍ਹਾਏ ਜਾਂਦੇ ਕਿਸ ਤਰ੍ਹਾਂ ਦੇ ਬਲੀਦਾਨ ਸਵੀਕਾਰ ਕਰਦਾ ਸੀ। ਕੁਝ ਇਜ਼ਰਾਈਲੀ ਲੇਲਾ ਜਾਂ ਬੱਕਰੀ ਚੜ੍ਹਾ ਸਕਦੇ ਸਨ। ਪਰ ਇਕ ਗ਼ਰੀਬ ਇਜ਼ਰਾਈਲੀ “ਦੋ ਘੁੱਗੀਆਂ ਯਾ ਦੋ ਕਬੂਤ੍ਰਾਂ ਦੇ ਬੱਚੇ” ਚੜ੍ਹਾ ਸਕਦਾ ਸੀ। ਪਰ ਜੇ ਕੋਈ ਇਜ਼ਰਾਈਲੀ ਦੋ ਪੰਛੀ ਵੀ ਨਹੀਂ ਚੜ੍ਹਾ ਸਕਦਾ ਸੀ, ਤਾਂ ਯਹੋਵਾਹ ਉਸ ਵੱਲੋਂ ਚੜ੍ਹਾਏ “ਇੱਕ ਮੈਦੇ ਦੇ ਏਫਾਹ ਦਾ ਦਸਵਾਂ ਹਿੱਸਾ” ਵੀ ਸਵੀਕਾਰ ਕਰਦਾ ਸੀ। (ਲੇਵੀ. 5:7, 11) ਮੈਦਾ ਸਸਤਾ ਹੁੰਦਾ ਸੀ, ਪਰ ਫਿਰ ਵੀ ਯਹੋਵਾਹ ਇਸ ਬਲੀਦਾਨ ਦੀ ਕਦਰ ਕਰਦਾ ਸੀ। ਪਰ ਮੈਦਾ ਵਧੀਆ ਕਿਸਮ ਦਾ ਹੋਣਾ ਚਾਹੀਦਾ ਸੀ।

5 ਸਾਡਾ ਦਿਆਲੂ ਪਰਮੇਸ਼ੁਰ ਅੱਜ ਵੀ ਇਸੇ ਤਰ੍ਹਾਂ ਮਹਿਸੂਸ ਕਰਦਾ ਹੈ। ਜਦੋਂ ਅਸੀਂ ਜਵਾਬ ਦਿੰਦੇ ਹਾਂ, ਤਾਂ ਉਹ ਇਹ ਮੰਗ ਨਹੀਂ ਕਰਦਾ ਹੈ ਕਿ ਅਸੀਂ ਅਪੁੱਲੋਸ ਵਾਂਗ ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕਰੀਏ ਜਾਂ ਪੌਲੁਸ ਵਾਂਗ ਦਲੀਲਾਂ ਦੇ ਕੇ ਕਾਇਲ ਕਰਨ ਵਾਲੇ ਹੋਈਏ। (ਰਸੂ. 18:24; 26:28) ਯਹੋਵਾਹ ਤਾਂ ਇਹੀ ਚਾਹੁੰਦਾ ਹੈ ਕਿ ਜਿੰਨਾ ਹੋ ਸਕੇ, ਅਸੀਂ ਆਪਣੇ ਵੱਲੋਂ ਵਧੀਆ ਜਵਾਬ ਦੇਣ ਦੀ ਕੋਸ਼ਿਸ਼ ਕਰੀਏ। ਜ਼ਰਾ ਉਸ ਵਿਧਵਾ ਨੂੰ ਯਾਦ ਕਰੋ ਜਿਸ ਨੇ ਦੋ ਸਿੱਕੇ ਦਾਨ ਕੀਤੇ ਸਨ। ਉਹ ਵਿਧਵਾ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਸੀ ਕਿਉਂਕਿ ਉਸ ਨੇ ਆਪਣਾ ਸਭ ਤੋਂ ਵਧੀਆ ਦਿੱਤਾ ਸੀ।​—ਲੂਕਾ 21:1-4.

ਸਾਡੇ ਜਵਾਬਾਂ ਤੋਂ ਸਾਨੂੰ ਅਤੇ ਸੁਣਨ ਵਾਲਿਆਂ ਨੂੰ ਫ਼ਾਇਦਾ ਹੁੰਦਾ ਹੈ (ਪੈਰੇ 6-7 ਦੇਖੋ) *

6. (ੳ) ਇਬਰਾਨੀਆਂ 10:24, 25 ਅਨੁਸਾਰ ਸਭਾਵਾਂ ਵਿਚ ਦੂਜਿਆਂ ਦੇ ਜਵਾਬ ਸੁਣ ਕੇ ਸਾਡੇ ’ਤੇ ਕੀ ਅਸਰ ਪੈ ਸਕਦਾ ਹੈ? (ਅ) ਹੌਸਲਾ ਦੇਣ ਵਾਲੇ ਜਵਾਬਾਂ ਲਈ ਤੁਸੀਂ ਕਦਰਦਾਨੀ ਕਿਵੇਂ ਦਿਖਾ ਸਕਦੇ ਹੋ?

6 ਅਸੀਂ ਆਪਣੇ ਜਵਾਬਾਂ ਰਾਹੀਂ ਇਕ-ਦੂਜੇ ਨੂੰ ਹੌਸਲਾ ਦਿੰਦੇ ਹਾਂ। (ਇਬਰਾਨੀਆਂ 10:24, 25 ਪੜ੍ਹੋ।) ਸਾਨੂੰ ਸਾਰਿਆਂ ਨੂੰ ਸਭਾਵਾਂ ਵਿਚ ਅਲੱਗ-ਅਲੱਗ ਤਰ੍ਹਾਂ ਦੇ ਜਵਾਬ ਸੁਣ ਕੇ ਖ਼ੁਸ਼ੀ ਹੁੰਦੀ ਹੈ। ਸਾਨੂੰ ਛੋਟੇ ਬੱਚਿਆਂ ਦੇ ਸੌਖੇ ਅਤੇ ਦਿਲੋਂ ਦਿੱਤੇ ਜਵਾਬ ਸੁਣ ਕੇ ਖ਼ੁਸ਼ੀ ਹੁੰਦੀ ਹੈ। ਜਦੋਂ ਕੋਈ ਜਣਾ ਬੜੇ ਜੋਸ਼ ਨਾਲ ਦੱਸਦਾ ਹੈ ਕਿ ਉਸ ਨੂੰ ਬਾਈਬਲ ਦੀ ਕਿਹੜੀ ਸੱਚਾਈ ਪਤਾ ਲੱਗੀ, ਤਾਂ ਉਸ ਦਾ ਜਵਾਬ ਸੁਣ ਕੇ ਸਾਨੂੰ ਹੌਸਲਾ ਮਿਲਦਾ ਹੈ। ਭਾਵੇਂ ਕਿ ਕੁਝ ਭੈਣ-ਭਰਾ ਸ਼ਰਮਾਕਲ ਹੁੰਦੇ ਹਨ ਜਾਂ ਕਈਆਂ ਨੇ ਸਾਡੀ ਭਾਸ਼ਾ ਸਿੱਖਣੀ ਸ਼ੁਰੂ ਕੀਤੀ ਹੁੰਦੀ ਹੈ, ਪਰ ਫਿਰ ਵੀ ਉਹ ਜਵਾਬ ਦੇਣ ਦੀ ‘ਦਲੇਰੀ’ ਕਰਦੇ ਹਨ। ਸਾਨੂੰ ਇਨ੍ਹਾਂ ਭੈਣਾਂ-ਭਰਾਵਾਂ ਦੀ ਤਾਰੀਫ਼ ਕਰਨੀ ਚਾਹੀਦੀ ਹੈ। (1 ਥੱਸ. 2:2) ਅਸੀਂ ਇਨ੍ਹਾਂ ਸਾਰਿਆਂ ਲਈ ਕਦਰਦਾਨੀ ਕਿਵੇਂ ਦਿਖਾ ਸਕਦੇ ਹਾਂ? ਅਸੀਂ ਸਭਾ ਤੋਂ ਬਾਅਦ ਉਨ੍ਹਾਂ ਦੇ ਹੌਸਲਾ ਦੇਣ ਵਾਲੇ ਜਵਾਬ ਲਈ ਸ਼ੁਕਰੀਆ ਕਹਿ ਸਕਦੇ ਹਾਂ। ਅਸੀਂ ਉਦੋਂ ਵੀ ਕਦਰਦਾਨੀ ਦਿਖਾਉਂਦੇ ਹਾਂ ਜਦੋਂ ਅਸੀਂ ਖ਼ੁਦ ਜਵਾਬ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਾਂ। ਇਸ ਤਰ੍ਹਾਂ ਸਭਾਵਾਂ ਵਿਚ ਸਾਨੂੰ ਹੀ ਹੌਸਲਾ ਨਹੀਂ ਮਿਲੇਗਾ, ਸਗੋਂ ਅਸੀਂ ਦੂਜਿਆਂ ਨੂੰ ਵੀ ਹੌਸਲਾ ਦੇਵਾਂਗੇ।​—ਰੋਮੀ. 1:11, 12.

7. ਸਾਨੂੰ ਆਪਣੇ ਦਿੱਤੇ ਜਵਾਬਾਂ ਤੋਂ ਕਿਵੇਂ ਫ਼ਾਇਦਾ ਹੁੰਦਾ ਹੈ?

7 ਜਵਾਬ ਦੇ ਕੇ ਸਾਨੂੰ ਖ਼ੁਦ ਨੂੰ ਫ਼ਾਇਦਾ ਹੁੰਦਾ ਹੈ। (ਯਸਾ. 48:17) ਕਿਵੇਂ? ਪਹਿਲਾ ਫ਼ਾਇਦਾ, ਜਦੋਂ ਅਸੀਂ ਪਹਿਲਾਂ ਤੋਂ ਹੀ ਜਵਾਬ ਦੇਣ ਦਾ ਫ਼ੈਸਲਾ ਕਰਦੇ ਹਾਂ, ਤਾਂ ਅਸੀਂ ਸਭਾਵਾਂ ਦੀ ਵਧੀਆ ਤਿਆਰੀ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਵਧੀਆ ਤਿਆਰੀ ਕਰਨ ਕਰਕੇ ਸਾਨੂੰ ਪਰਮੇਸ਼ੁਰ ਦੇ ਬਚਨ ਦੀ ਡੂੰਘੀ ਸਮਝ ਮਿਲਦੀ ਹੈ। ਡੂੰਘੀ ਸਮਝ ਮਿਲਣ ਕਰਕੇ ਅਸੀਂ ਸਿੱਖੀਆਂ ਗੱਲਾਂ ਨੂੰ ਵਧੀਆ ਤਰੀਕੇ ਨਾਲ ਲਾਗੂ ਕਰ ਸਕਦੇ ਹਾਂ। ਦੂਜਾ ਫ਼ਾਇਦਾ, ਸਭਾਵਾਂ ਵਿਚ ਹੁੰਦੀ ਚਰਚਾ ਵਿਚ ਹਿੱਸਾ ਲੈ ਕੇ ਸਾਨੂੰ ਹੋਰ ਜ਼ਿਆਦਾ ਖ਼ੁਸ਼ੀ ਮਿਲੇਗੀ। ਤੀਜਾ ਫ਼ਾਇਦਾ, ਜਦੋਂ ਅਸੀਂ ਜਵਾਬ ਦੇਣ ਲਈ ਮਿਹਨਤ ਕਰਦੇ ਹਾਂ, ਤਾਂ ਸਾਨੂੰ ਆਪਣੇ ਜਵਾਬ ਅਕਸਰ ਲੰਬੇ ਸਮੇਂ ਤਕ ਯਾਦ ਰਹਿੰਦੇ ਹਨ।

8, 9. (ੳ) ਮਲਾਕੀ 3:16 ਅਨੁਸਾਰ ਸਭਾਵਾਂ ਵਿਚ ਸਾਡੇ ਜਵਾਬ ਸੁਣ ਕੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ? (ਅ) ਕੁਝ ਜਣਿਆਂ ਨੂੰ ਹਾਲੇ ਵੀ ਕਿਹੜੀ ਚੀਜ਼ ਤੋਂ ਡਰ ਲੱਗਦਾ ਹੋਵੇ?

8 ਆਪਣੇ ਜਵਾਬਾਂ ਰਾਹੀਂ ਨਿਹਚਾ ਜ਼ਾਹਰ ਕਰ ਕੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਜਵਾਬ ਸੁਣਦਾ ਹੈ ਅਤੇ ਸਭਾਵਾਂ ਵਿਚ ਜਵਾਬ ਦੇਣ ਲਈ ਕੀਤੇ ਸਾਡੇ ਜਤਨਾਂ ਦੀ ਕਦਰ ਕਰਦਾ ਹੈ। (ਮਲਾਕੀ 3:16 ਪੜ੍ਹੋ।) ਜਦੋਂ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਸਾਨੂੰ ਬਰਕਤਾਂ ਦੇ ਕੇ ਆਪਣੀ ਕਦਰ ਜ਼ਾਹਰ ਕਰਦਾ ਹੈ।​—ਮਲਾ. 3:10.

9 ਇਹ ਗੱਲ ਸਾਫ਼ ਹੈ ਕਿ ਸਾਡੇ ਕੋਲ ਸਭਾਵਾਂ ਵਿਚ ਜਵਾਬ ਦੇਣ ਦੇ ਕਈ ਚੰਗੇ ਕਾਰਨ ਹਨ। ਪਰ ਸ਼ਾਇਦ ਕੁਝ ਜਣੇ ਫਿਰ ਵੀ ਹੱਥ ਖੜ੍ਹਾ ਕਰਨ ਤੋਂ ਡਰਨ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ, ਤਾਂ ਨਿਰਾਸ਼ ਨਾ ਹੋਵੋ। ਆਓ ਆਪਾਂ ਬਾਈਬਲ ਦੇ ਕੁਝ ਅਸੂਲਾਂ, ਮਿਸਾਲਾਂ ਅਤੇ ਕੁਝ ਸੁਝਾਵਾਂ ’ਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਸਭਾਵਾਂ ਵਿਚ ਹੋਰ ਵੀ ਜ਼ਿਆਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

ਡਰ ’ਤੇ ਕਾਬੂ ਪਾਓ

10. (ੳ) ਸਾਡੇ ਵਿੱਚੋਂ ਬਹੁਤ ਜਣਿਆਂ ਨੂੰ ਕਿਹੜੀ ਗੱਲ ਤੋਂ ਡਰ ਲੱਗਦਾ ਹੈ? (ਅ) ਜੇ ਤੁਹਾਨੂੰ ਜਵਾਬ ਦੇਣ ਤੋਂ ਡਰ ਲੱਗਦਾ ਹੈ, ਤਾਂ ਇਹ ਕਿਹੜੇ ਚੰਗੇ ਗੁਣ ਦੀ ਨਿਸ਼ਾਨੀ ਹੈ?

10 ਕੀ ਜਵਾਬ ਦੇਣ ਲਈ ਹੱਥ ਖੜ੍ਹਾ ਕਰਨ ਬਾਰੇ ਸੋਚ ਕੇ ਹੀ ਤੁਹਾਡੇ ਢਿੱਡ ਵਿਚ ਗੰਢ ਬੱਝ ਜਾਂਦੀ ਹੈ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਸੱਚ ਤਾਂ ਇਹ ਹੈ ਕਿ ਸਾਡੇ ਵਿੱਚੋਂ ਜ਼ਿਆਦਾਤਰ ਜਣਿਆਂ ਨੂੰ ਜਵਾਬ ਦੇਣ ਵੇਲੇ ਥੋੜ੍ਹਾ-ਬਹੁਤਾ ਡਰ ਤਾਂ ਲੱਗਦਾ ਹੀ ਹੈ। ਆਪਣੇ ਡਰ ’ਤੇ ਕਾਬੂ ਪਾਉਣ ਤੋਂ ਪਹਿਲਾਂ ਜਾਣੋ ਕਿ ਤੁਹਾਨੂੰ ਡਰ ਕਿਉਂ ਲੱਗਦਾ ਹੈ? ਕੀ ਤੁਹਾਨੂੰ ਇਹ ਡਰ ਲੱਗਦਾ ਹੈ ਕਿ ਤੁਸੀਂ ਵਿੱਚੇ ਹੀ ਭੁੱਲ ਜਾਓਗੇ ਜਾਂ ਕਿਤੇ ਤੁਸੀਂ ਗ਼ਲਤ ਜਵਾਬ ਨਾ ਦੇ ਦਿਓ? ਕੀ ਤੁਹਾਨੂੰ ਚਿੰਤਾ ਹੁੰਦੀ ਹੈ ਕਿ ਦੂਜਿਆਂ ਵਾਂਗ ਤੁਹਾਡਾ ਜਵਾਬ ਇੰਨਾ ਵਧੀਆ ਨਹੀਂ ਹੋਵੇਗਾ? ਦਰਅਸਲ, ਇਸ ਤਰ੍ਹਾਂ ਦਾ ਡਰ ਲੱਗਣਾ ਚੰਗੀ ਗੱਲ ਦੀ ਨਿਸ਼ਾਨੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਨਿਮਰ ਹੋ ਅਤੇ ਦੂਜਿਆਂ ਨੂੰ ਆਪਣੇ ਨਾਲੋਂ ਚੰਗਾ ਸਮਝਦੇ ਹੋ। ਯਹੋਵਾਹ ਨੂੰ ਨਿਮਰਤਾ ਦਾ ਗੁਣ ਚੰਗਾ ਲੱਗਦਾ ਹੈ। (ਜ਼ਬੂ. 138:6; ਫ਼ਿਲਿ. 2:3) ਪਰ ਯਹੋਵਾਹ ਇਹ ਵੀ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਮਹਿਮਾ ਕਰੋ ਅਤੇ ਸਭਾਵਾਂ ਵਿਚ ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿਓ। (1 ਥੱਸ. 5:11) ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਲੋੜ ਅਨੁਸਾਰ ਤੁਹਾਨੂੰ ਹੌਸਲਾ ਦੇਵੇਗਾ।

11. ਬਾਈਬਲ ਦੀਆਂ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

11 ਜ਼ਰਾ ਕੁਝ ਗੱਲਾਂ ’ਤੇ ਗੌਰ ਕਰੋ ਜੋ ਬਾਈਬਲ ਸਾਨੂੰ ਯਾਦ ਕਰਾਉਂਦੀ ਹੈ। ਬਾਈਬਲ ਕਹਿੰਦੀ ਹੈ ਕਿ ਹਰ ਕੋਈ ਬੋਲਣ ਵਿਚ ਗ਼ਲਤੀ ਕਰਦਾ ਹੈ। (ਯਾਕੂ. 3:2) ਯਹੋਵਾਹ ਸਾਡੇ ਤੋਂ ਇਹ ਆਸ ਨਹੀਂ ਰੱਖਦਾ ਕਿ ਅਸੀਂ ਗ਼ਲਤੀ ਨਹੀਂ ਕਰਾਂਗੇ ਅਤੇ ਨਾ ਹੀ ਸਾਡੇ ਭੈਣ-ਭਰਾ ਇਹ ਆਸ ਰੱਖਦੇ ਹਨ। (ਜ਼ਬੂ. 103:12-14) ਉਹ ਸਾਡਾ ਪਰਿਵਾਰ ਹੈ ਅਤੇ ਉਹ ਸਾਨੂੰ ਪਿਆਰ ਕਰਦੇ ਹਨ। (ਮਰ. 10:29, 30; ਯੂਹੰ. 13:35) ਉਹ ਇਹ ਗੱਲ ਸਮਝਦੇ ਹਨ ਕਿ ਕਈ ਵਾਰ ਅਸੀਂ ਜੋ ਜਵਾਬ ਦੇਣਾ ਚਾਹੁੰਦੇ ਹਾਂ ਉਹ ਚੰਗੀ ਤਰ੍ਹਾਂ ਨਹੀਂ ਦੇ ਪਾਉਂਦੇ।

12-13. ਅਸੀਂ ਨਹਮਯਾਹ ਅਤੇ ਯੂਨਾਹ ਦੀਆਂ ਮਿਸਾਲਾਂ ਤੋਂ ਕੀ ਸਿੱਖਦੇ ਹਾਂ?

12 ਜ਼ਰਾ ਬਾਈਬਲ ਦੀਆਂ ਕੁਝ ਮਿਸਾਲਾਂ ’ਤੇ ਗੌਰ ਕਰੋ ਜੋ ਸਾਡੀ ਆਪਣੇ ਡਰ ’ਤੇ ਕਾਬੂ ਪਾਉਣ ਵਿਚ ਮਦਦ ਕਰ ਸਕਦੀਆਂ ਹਨ। ਨਹਮਯਾਹ ਨੂੰ ਯਾਦ ਕਰੋ। ਉਹ ਸ਼ਕਤੀਸ਼ਾਲੀ ਰਾਜੇ ਦੇ ਦਰਬਾਰ ਵਿਚ ਸੇਵਾ ਕਰਦਾ ਸੀ। ਨਹਮਯਾਹ ਨਿਰਾਸ਼ ਸੀ ਕਿਉਂਕਿ ਉਸ ਨੇ ਸੁਣਿਆ ਸੀ ਕਿ ਯਰੂਸ਼ਲਮ ਦੀਆਂ ਕੰਧਾਂ ਅਤੇ ਫਾਟਕ ਤਬਾਹ ਹੋ ਗਏ ਸਨ। (ਨਹ. 1:1-4) ਸੋਚੋ ਕਿ ਉਸ ਦੇ ਢਿੱਡ ਵਿਚ ਵੀ ਸ਼ਾਇਦ ਕਿੰਨੀ ਵੱਡੀ ਗੰਢ ਬੱਝ ਗਈ ਹੋਣੀ ਜਦੋਂ ਰਾਜੇ ਨੇ ਉਸ ਨੂੰ ਉਸ ਦੇ ਉਦਾਸ ਹੋਣ ਦਾ ਕਾਰਨ ਪੁੱਛਿਆ! ਨਹਮਯਾਹ ਨੇ ਉਸੇ ਵੇਲੇ ਪ੍ਰਾਰਥਨਾ ਕੀਤੀ ਅਤੇ ਫਿਰ ਰਾਜੇ ਨੂੰ ਜਵਾਬ ਦਿੱਤਾ। ਰਾਜੇ ਨੇ ਜਵਾਬ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਲਈ ਬਹੁਤ ਕੁਝ ਕੀਤਾ। (ਨਹ. 2:1-8) ਯੂਨਾਹ ਬਾਰੇ ਸੋਚੋ। ਜਦੋਂ ਯਹੋਵਾਹ ਨੇ ਉਸ ਨੂੰ ਨੀਨਵਾਹ ਦੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਕਿਹਾ, ਤਾਂ ਉਹ ਡਰ ਦੇ ਮਾਰੇ ਨੀਨਵਾਹ ਤੋਂ ਬਿਲਕੁਲ ਉਲਟ ਦਿਸ਼ਾ ਨੂੰ ਭੱਜ ਗਿਆ ਸੀ। (ਯੂਨਾ. 1:1-3) ਪਰ ਯਹੋਵਾਹ ਨੇ ਯੂਨਾਹ ਦੀ ਜ਼ਿੰਮੇਵਾਰੀ ਪੂਰੀ ਕਰਨ ਵਿਚ ਉਸ ਦੀ ਮਦਦ ਕੀਤੀ। ਨਾਲੇ ਯੂਨਾਹ ਦੀਆਂ ਗੱਲਾਂ ਦਾ ਨੀਨਵਾਹ ਦੇ ਲੋਕਾਂ ’ਤੇ ਬਹੁਤ ਚੰਗਾ ਅਸਰ ਪਿਆ। (ਯੂਨਾ. 3:5-10) ਨਹਮਯਾਹ ਤੋਂ ਅਸੀਂ ਸਿੱਖਦੇ ਹਾਂ ਕਿ ਕਿਸੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਨਾਲੇ ਯੂਨਾਹ ਤੋਂ ਅਸੀਂ ਸਿੱਖਦੇ ਹਾਂ ਕਿ ਚਾਹੇ ਸਾਨੂੰ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਤੋਂ ਕਿੰਨਾ ਹੀ ਡਰ ਕਿਉਂ ਨਾ ਲੱਗਦਾ ਹੋਵੇ, ਪਰ ਯਹੋਵਾਹ ਜ਼ਿੰਮੇਵਾਰੀ ਪੂਰੀ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। ਕੀ ਇੱਦਾਂ ਦੀ ਕੋਈ ਮੰਡਲੀ ਹੈ ਜਿਸ ਵਿਚ ਨੀਨਵਾਹ ਵਰਗੇ ਲੋਕ ਹਨ?

13 ਕਿਹੜੇ ਕੁਝ ਸੁਝਾਵਾਂ ਦੀ ਮਦਦ ਨਾਲ ਤੁਸੀਂ ਸਭਾਵਾਂ ਵਿਚ ਹੌਸਲਾ ਦੇਣ ਵਾਲੇ ਜਵਾਬ ਦੇ ਸਕਦੇ ਹੋ? ਆਓ ਆਪਾਂ ਕੁਝ ਸੁਝਾਵਾਂ ’ਤੇ ਗੌਰ ਕਰੀਏ।

14. ਸਾਨੂੰ ਸਭਾਵਾਂ ਦੀ ਚੰਗੀ ਤਰ੍ਹਾਂ ਤਿਆਰੀ ਕਿਉਂ ਕਰਨੀ ਚਾਹੀਦੀ ਹੈ ਅਤੇ ਅਸੀਂ ਤਿਆਰੀ ਕਦੋਂ ਕਰ ਸਕਦੇ ਹਾਂ?

14 ਹਰੇਕ ਸਭਾ ਦੀ ਤਿਆਰੀ ਕਰੋ। ਜਦੋਂ ਤੁਸੀਂ ਪਹਿਲਾਂ ਹੀ ਜਵਾਬ ਦੇਣ ਬਾਰੇ ਸੋਚਦੇ ਹੋ ਅਤੇ ਚੰਗੀ ਤਿਆਰੀ ਕਰਦੇ ਹੋ, ਤਾਂ ਤੁਸੀਂ ਹੋਰ ਵੀ ਭਰੋਸੇ ਨਾਲ ਜਵਾਬ ਦੇ ਸਕੋਗੇ। (ਕਹਾ. 21:5) ਬਿਨਾਂ ਸ਼ੱਕ, ਸਭਾਵਾਂ ਦੀ ਤਿਆਰੀ ਕਰਨ ਦਾ ਸਾਰਿਆਂ ਦਾ ਸਮਾਂ ਵੱਖੋ-ਵੱਖਰਾ ਹੁੰਦਾ ਹੈ। 80 ਸਾਲਾਂ ਦੀ ਏਲੋਈਸ ਨਾਂ ਦੀ ਵਿਧਵਾ ਭੈਣ ਹਫ਼ਤੇ ਦੇ ਸ਼ੁਰੂ ਵਿਚ ਪਹਿਰਾਬੁਰਜ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੀ ਹੈ। ਉਹ ਕਹਿੰਦੀ ਹੈ, “ਪਹਿਲਾਂ ਤੋਂ ਹੀ ਤਿਆਰੀ ਕਰਨ ਕਰਕੇ ਮੈਨੂੰ ਸਭਾਵਾਂ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” ਪੂਰਾ ਸਮਾਂ ਕੰਮ ਕਰਨ ਵਾਲੀ ਜੋਏ ਨਾਂ ਦੀ ਭੈਣ ਸ਼ਨੀਵਾਰ ਨੂੰ ਪਹਿਰਾਬੁਰਜ ਦੀ ਤਿਆਰੀ ਕਰਦੀ ਹੈ। ਉਹ ਕਹਿੰਦੀ ਹੈ, “ਮੈਂ ਚਾਹੁੰਦੀ ਹਾਂ ਕਿ ਗੱਲਾਂ ਮੇਰੇ ਦਿਮਾਗ਼ ਵਿਚ ਤਾਜ਼ੀਆਂ ਰਹਿਣ।” ਆਈਕੇ ਨਾਂ ਦਾ ਭਰਾ, ਜੋ ਇਕ ਬਜ਼ੁਰਗ ਤੇ ਪਾਇਨੀਅਰ ਹੈ, ਕਹਿੰਦਾ ਹੈ, “ਮੈਂ ਦੇਖਿਆ ਹੈ ਕਿ ਮੇਰੇ ਲਈ ਇੱਕੋ ਵਾਰ ਵਿਚ ਸਾਰੀ ਸਭਾ ਦੀ ਤਿਆਰੀ ਕਰਨ ਦੀ ਬਜਾਇ ਰੋਜ਼ ਥੋੜ੍ਹੀ-ਥੋੜ੍ਹੀ ਤਿਆਰੀ ਕਰਨੀ ਜ਼ਿਆਦਾ ਵਧੀਆ ਹੈ।”

15. ਤੁਸੀਂ ਸਭਾਵਾਂ ਦੀ ਚੰਗੀ ਤਿਆਰੀ ਕਿਵੇਂ ਕਰ ਸਕਦੇ ਹੋ?

15 ਸਭਾਵਾਂ ਦੀ ਚੰਗੀ ਤਿਆਰੀ ਕਰਨ ਵਿਚ ਕਿਹੜੀਆਂ ਗੱਲਾਂ ਸ਼ਾਮਲ ਹਨ? ਹਰ ਵਾਰ ਅਧਿਐਨ ਕਰਨ ਤੋਂ ਪਹਿਲਾਂ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗੋ। (ਲੂਕਾ 11:13; 1 ਯੂਹੰ. 5:14) ਫਿਰ ਵਿਸ਼ੇ, ਉਪ-ਸਿਰਲੇਖਾਂ, ਮਿਸਾਲਾਂ ਅਤੇ ਡੱਬੀਆਂ ’ਤੇ ਕੁਝ ਮਿੰਟ ਸਰਸਰੀ ਨਜ਼ਰ ਮਾਰੋ। ਪੈਰੇ ਪੜ੍ਹਦੇ ਹੋਏ ਲੇਖ ਵਿਚ ਦਿੱਤੀਆਂ ਸਾਰੀਆਂ ਆਇਤਾਂ ਪੜ੍ਹਨ ਦੀ ਕੋਸ਼ਿਸ਼ ਕਰੋ। ਜਾਣਕਾਰੀ ਉੱਤੇ ਸੋਚ-ਵਿਚਾਰ ਕਰੋ ਅਤੇ ਉਨ੍ਹਾਂ ਗੱਲਾਂ ’ਤੇ ਖ਼ਾਸ ਧਿਆਨ ਦਿਓ ਜਿਨ੍ਹਾਂ ਬਾਰੇ ਤੁਸੀਂ ਜਵਾਬ ਦੇਣਾ ਚਾਹੁੰਦੇ ਹੋ। ਜਿੰਨੀ ਵਧੀਆ ਤੁਸੀਂ ਤਿਆਰੀ ਕਰੋਗੇ, ਉੱਨਾ ਜ਼ਿਆਦਾ ਤੁਹਾਨੂੰ ਫ਼ਾਇਦਾ ਹੋਵੇਗਾ ਅਤੇ ਜਵਾਬ ਦੇਣਾ ਹੋਰ ਸੌਖਾ ਹੋਵੇਗਾ।​—2 ਕੁਰਿੰ. 9:6.

16. ਤੁਹਾਡੇ ਕੋਲ ਕਿਹੜੇ ਔਜ਼ਾਰ ਹਨ ਅਤੇ ਤੁਸੀਂ ਇਨ੍ਹਾਂ ਨੂੰ ਕਿਵੇਂ ਇਸਤੇਮਾਲ ਕਰਦੇ ਹੋ?

16 ਜੇ ਤੁਹਾਡੀ ਭਾਸ਼ਾ ਵਿਚ ਇਲੈਕਟ੍ਰਾਨਿਕ ਔਜ਼ਾਰ ਹਨ, ਤਾਂ ਉਨ੍ਹਾਂ ਨੂੰ ਵਰਤਣ ਦੀ ਕੋਸ਼ਿਸ਼ ਕਰੋ। ਯਹੋਵਾਹ ਨੇ ਆਪਣੇ ਸੰਗਠਨ ਰਾਹੀਂ ਸਾਨੂੰ ਸਭਾਵਾਂ ਦੀ ਤਿਆਰੀ ਕਰਨ ਵਾਸਤੇ ਇਲੈਕਟ੍ਰਾਨਿਕ ਔਜ਼ਾਰ ਦਿੱਤੇ ਹਨ। ਅਸੀਂ ਆਪਣੇ ਮੋਬਾਇਲ ’ਤੇ JW ਲਾਇਬ੍ਰੇਰੀ ਐਪ ਤੋਂ ਅਧਿਐਨ ਕਰਨ ਲਈ ਪ੍ਰਕਾਸ਼ਨ ਡਾਊਨਲੋਡ ਕਰ ਸਕਦੇ ਹਾਂ। ਫਿਰ ਅਸੀਂ ਕਿਸੇ ਵੀ ਜਗ੍ਹਾ ’ਤੇ ਅਤੇ ਕਿਸੇ ਵੀ ਵੇਲੇ ਅਧਿਐਨ ਕਰ ਸਕਦੇ ਹਾਂ ਜਾਂ ਘੱਟੋ-ਘੱਟ ਜਾਣਕਾਰੀ ਨੂੰ ਪੜ੍ਹ ਜਾਂ ਸੁਣ ਸਕਦੇ ਹਾਂ। ਕੁਝ ਜਣੇ ਕੰਮ ’ਤੇ ਜਾਂ ਸਕੂਲ ਵਿਚ ਖਾਣੇ ਦੇ ਸਮੇਂ ਜਾਂ ਸਫ਼ਰ ਕਰਦਿਆਂ ਅਧਿਐਨ ਕਰਨ ਲਈ ਇਨ੍ਹਾਂ ਔਜ਼ਾਰਾਂ ਨੂੰ ਵਰਤਦੇ ਹਨ। ਵਾਚਟਾਵਰ ਲਾਇਬ੍ਰੇਰੀ ਅਤੇ ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਰਾਹੀਂ ਵਿਸ਼ਿਆਂ ’ਤੇ ਗਹਿਰਾਈ ਨਾਲ ਖੋਜਬੀਨ ਕਰਨੀ ਬਹੁਤ ਸੌਖੀ ਹੈ।

ਤੁਸੀਂ ਸਭਾਵਾਂ ਦੀ ਤਿਆਰੀ ਕਦੋਂ ਕਰਦੇ ਹੋ? (ਪੈਰੇ 14-16 ਦੇਖੋ) *

17. (ੳ) ਕਈ ਜਵਾਬ ਤਿਆਰ ਕਰਨੇ ਵਧੀਆ ਕਿਉਂ ਹਨ? (ਅ) ਯਹੋਵਾਹ ਦੇ ਦੋਸਤ ਬਣੋ—ਜਵਾਬ ਤਿਆਰ ਕਰੋ ਨਾਂ ਦੇ ਵੀਡੀਓ ਤੋਂ ਤੁਸੀਂ ਕੀ ਸਿੱਖਿਆ?

17 ਜੇ ਹੋ ਸਕੇ, ਤਾਂ ਹਰ ਲੇਖ ਵਿੱਚੋਂ ਇਕ ਤੋਂ ਜ਼ਿਆਦਾ ਜਵਾਬ ਤਿਆਰ ਕਰੋ। ਕਿਉਂ? ਕਿਉਂਕਿ ਜ਼ਰੂਰੀ ਨਹੀਂ ਕਿ ਪਹਿਲੀ ਵਾਰ ਹੱਥ ਖੜ੍ਹਾ ਕਰਨ ’ਤੇ ਤੁਹਾਡੇ ਕੋਲੋਂ ਜਵਾਬ ਪੁੱਛਿਆ ਜਾਵੇ। ਇੱਕੋ ਸਮੇਂ ’ਤੇ ਹੋਰ ਵੀ ਕਈ ਜਣੇ ਹੱਥ ਖੜ੍ਹਾ ਕਰਨਗੇ ਅਤੇ ਭਾਗ ਪੇਸ਼ ਕਰਨ ਵਾਲਾ ਭਰਾ ਸ਼ਾਇਦ ਉਨ੍ਹਾਂ ਵਿੱਚੋਂ ਇਕ ਨੂੰ ਪੁੱਛੇ। ਸਭਾ ਨੂੰ ਸਮੇਂ ’ਤੇ ਖ਼ਤਮ ਕਰਨ ਲਈ ਭਾਗ ਪੇਸ਼ ਕਰਨ ਵਾਲਾ ਭਰਾ ਕਿਸੇ ਵਿਸ਼ੇ ’ਤੇ ਸ਼ਾਇਦ ਕੁਝ ਹੀ ਜਵਾਬ ਲਵੇ। ਇਸ ਲਈ ਗੁੱਸੇ ਜਾਂ ਨਿਰਾਸ਼ ਨਾ ਹੋਵੋ ਜੇ ਤੁਹਾਡੇ ਕੋਲ ਸ਼ੁਰੂ ਵਿਚ ਹੀ ਜਵਾਬ ਨਹੀਂ ਪੁੱਛਿਆ ਜਾਂਦਾ। ਕਈ ਜਵਾਬ ਤਿਆਰ ਕਰਨ ਕਰਕੇ ਤੁਹਾਨੂੰ ਜਵਾਬ ਦੇਣ ਦੇ ਕਈ ਮੌਕੇ ਮਿਲਣਗੇ। ਜਵਾਬ ਦੇਣ ਦੀ ਤਿਆਰੀ ਕਰਨ ਵਿਚ ਆਇਤ ਪੜ੍ਹਨੀ ਵੀ ਸ਼ਾਮਲ ਹੈ। ਪਰ ਜੇ ਹੋ ਸਕੇ, ਤਾਂ ਆਪਣੇ ਸ਼ਬਦਾਂ ਵਿਚ ਵੀ ਜਵਾਬ ਤਿਆਰ ਕਰੋ। *

18. ਸਾਨੂੰ ਛੋਟੇ ਜਵਾਬ ਕਿਉਂ ਦੇਣੇ ਚਾਹੀਦੇ ਹਨ?

18 ਛੋਟੇ ਜਵਾਬ ਦਿਓ। ਸਭ ਤੋਂ ਜ਼ਿਆਦਾ ਹੌਸਲਾ ਅਕਸਰ ਛੋਟੇ ਅਤੇ ਸੌਖੇ ਜਵਾਬਾਂ ਤੋਂ ਹੀ ਮਿਲਦਾ ਹੈ। ਇਸ ਲਈ ਛੋਟੇ ਜਵਾਬ ਦੇਣ ਦਾ ਫ਼ੈਸਲਾ ਕਰੋ। ਲਗਭਗ 30 ਸਕਿੰਟਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੋ। (ਕਹਾ. 10:19; 15:23) ਜੇ ਤੁਸੀਂ ਸਭਾਵਾਂ ਵਿਚ ਕਾਫ਼ੀ ਸਾਲਾਂ ਤੋਂ ਜਵਾਬ ਦੇ ਰਹੋ ਹੋ, ਤਾਂ ਜ਼ਰੂਰੀ ਹੈ ਕਿ ਤੁਸੀਂ ਛੋਟੇ ਜਵਾਬ ਦੇ ਕੇ ਵਧੀਆ ਮਿਸਾਲ ਕਾਇਮ ਕਰੋ। ਜੇ ਤੁਸੀਂ ਕੁਝ ਮਿੰਟਾਂ ਵਿਚ ਬਹੁਤ ਸਾਰੀਆਂ ਗੱਲਾਂ ਬਾਰੇ ਜਵਾਬ ਦਿਓਗੇ, ਤਾਂ ਦੂਜਿਆਂ ਦੇ ਮਨ ਵਿਚ ਸ਼ਾਇਦ ਡਰ ਬੈਠ ਜਾਵੇ ਕਿ ਉਨ੍ਹਾਂ ਵਿਚ ਤੁਹਾਡੇ ਵਾਂਗ ਜਵਾਬ ਦੇਣ ਦੀ ਯੋਗਤਾ ਨਹੀਂ ਹੈ। ਨਾਲੇ ਸਭਾਵਾਂ ਵਿਚ ਛੋਟੇ ਜਵਾਬ ਦੇਣ ਨਾਲ ਜ਼ਿਆਦਾ ਲੋਕਾਂ ਨੂੰ ਜਵਾਬ ਦੇਣ ਦੇ ਮੌਕੇ ਮਿਲਦੇ ਹਨ। ਖ਼ਾਸ ਕਰਕੇ ਜਦੋਂ ਤੁਹਾਨੂੰ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ, ਤਾਂ ਸਵਾਲ ਦਾ ਸੌਖੇ ਸ਼ਬਦਾਂ ਵਿਚ ਸਿੱਧਾ ਜਵਾਬ ਦਿਓ। ਪੈਰੇ ਵਿਚ ਦਿੱਤੀ ਸਾਰੀ ਜਾਣਕਾਰੀ ਦੱਸਣ ਦੀ ਕੋਸ਼ਿਸ਼ ਨਾ ਕਰੋ। ਜਦੋਂ ਪੈਰੇ ਵਿੱਚੋਂ ਸਵਾਲ ਦਾ ਜਵਾਬ ਆ ਜਾਂਦਾ ਹੈ, ਤਾਂ ਤੁਸੀਂ ਪੈਰੇ ਵਿਚ ਦੱਸੀ ਹੋਰ ਜਾਣਕਾਰੀ ਬਾਰੇ ਦੱਸ ਸਕਦੇ ਹੋ।​—“ ਮੈਂ ਕੀ ਜਵਾਬ ਦੇ ਸਕਦਾ ਹਾਂ?” ਨਾਂ ਦੀ ਡੱਬੀ ਦੇਖੋ।

19. ਭਾਗ ਪੇਸ਼ ਕਰਨ ਵਾਲਾ ਭਰਾ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ, ਪਰ ਇਸ ਲਈ ਤੁਹਾਨੂੰ ਕੀ ਕਰਨਾ ਪੈਣਾ?

19 ਭਾਗ ਪੇਸ਼ ਕਰਨ ਵਾਲੇ ਭਰਾ ਨੂੰ ਦੱਸੋ ਕਿ ਤੁਸੀਂ ਕਿਹੜੇ ਪੈਰੇ ’ਤੇ ਜਵਾਬ ਦੇਣਾ ਚਾਹੁੰਦੇ ਹੋ। ਇਸ ਤਰ੍ਹਾਂ ਕਰਨ ਲਈ ਤੁਹਾਨੂੰ ਭਾਗ ਪੇਸ਼ ਕਰਨ ਵਾਲੇ ਭਰਾ ਨੂੰ ਸਭਾ ਤੋਂ ਪਹਿਲਾਂ ਹੀ ਦੱਸਣਾ ਚਾਹੀਦਾ ਹੈ। ਜਦੋਂ ਉਸ ਪਹਿਰੇ ਦੇ ਸਵਾਲ ਦਾ ਜਵਾਬ ਦੇਣ ਦੀ ਵਾਰੀ ਆਉਂਦੀ ਹੈ, ਤਾਂ ਇਕਦਮ ਉੱਚਾ ਹੱਥ ਖੜ੍ਹਾ ਕਰੋ ਤਾਂਕਿ ਭਾਗ ਪੇਸ਼ ਕਰਨ ਵਾਲਾ ਭਰਾ ਤੁਹਾਡਾ ਹੱਥ ਦੇਖ ਸਕੇ।

20. ਮੰਡਲੀ ਦੀ ਸਭਾ ਦੋਸਤਾਂ ਨਾਲ ਖਾਣਾ ਸਾਂਝਾ ਕਰਨ ਵਾਂਗ ਕਿਵੇਂ ਹੈ?

20 ਮੰਡਲੀ ਦੀਆਂ ਸਭਾਵਾਂ ਚੰਗੇ ਦੋਸਤਾਂ ਨਾਲ ਖਾਣਾ ਸਾਂਝਾ ਕਰਨ ਵਾਂਗ ਹਨ। ਕਲਪਨਾ ਕਰੋ ਕਿ ਮੰਡਲੀ ਦੇ ਭੈਣ-ਭਰਾ ਤੁਹਾਨੂੰ ਖਾਣੇ ’ਤੇ ਬੁਲਾਉਂਦੇ ਹਨ ਅਤੇ ਤੁਹਾਨੂੰ ਕੁਝ ਸਾਦਾ ਜਿਹਾ ਖਾਣਾ ਬਣਾ ਕੇ ਲਿਆਉਣ ਲਈ ਕਹਿੰਦੇ ਹਨ, ਤਾਂ ਤੁਹਾਨੂੰ ਕਿਵੇਂ ਲੱਗੇਗਾ? ਸ਼ਾਇਦ ਤੁਹਾਨੂੰ ਥੋੜ੍ਹੀ ਚਿੰਤਾ ਹੋਵੇ, ਪਰ ਤੁਸੀਂ ਇਸ ਸਾਦੇ ਖਾਣੇ ਨੂੰ ਵੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋਗੇ ਤਾਂਕਿ ਇਸ ਨੂੰ ਖਾ ਕੇ ਸਾਰਿਆਂ ਨੂੰ ਮਜ਼ਾ ਆਵੇ। ਸਾਡਾ ਮੇਜ਼ਬਾਨ ਯਹੋਵਾਹ ਸਾਨੂੰ ਸਭਾਵਾਂ ਵਿਚ ਬਹੁਤ ਸਾਰੇ ਚੰਗੇ ਖਾਣੇ ਦਿੰਦਾ ਹੈ। (ਜ਼ਬੂ. 23:5; ਮੱਤੀ 24:45) ਉਸ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਆਪਣੀ ਕਾਬਲੀਅਤ ਅਨੁਸਾਰ ਉਸ ਲਈ ਸਾਦਾ ਜਿਹਾ ਤੋਹਫ਼ਾ ਲੈ ਕੇ ਜਾਂਦੇ ਹਾਂ। ਇਸ ਲਈ ਚੰਗੀ ਤਿਆਰੀ ਕਰੋ ਅਤੇ ਜਿੰਨਾ ਹੋ ਸਕੇ, ਸਭਾਵਾਂ ਵਿਚ ਜਵਾਬ ਦੇਣ ਦੀ ਕੋਸ਼ਿਸ਼ ਕਰੋ। ਫਿਰ ਤੁਸੀਂ ਸਿਰਫ਼ ਯਹੋਵਾਹ ਦੇ ਮੇਜ਼ ਤੋਂ ਖਾਓਗੇ ਹੀ ਨਹੀਂ, ਸਗੋਂ ਮੰਡਲੀ ਨਾਲ ਸਾਂਝਾ ਕਰਨ ਲਈ ਤੋਹਫ਼ਾ ਵੀ ਲੈ ਕੇ ਜਾਓਗੇ।

ਗੀਤ 138 ਯਹੋਵਾਹ ਤੇਰਾ ਨਾਮ

^ ਪੈਰਾ 5 ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਅਸੀਂ ਵੀ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਸਾਨੂੰ ਉਸ ਦੀ ਮਹਿਮਾ ਕਰ ਕੇ ਖ਼ੁਸ਼ੀ ਮਿਲਦੀ ਹੈ। ਜਦੋਂ ਅਸੀਂ ਮੰਡਲੀ ਦੀਆਂ ਸਭਾਵਾਂ ਵਿਚ ਭਗਤੀ ਕਰਨ ਲਈ ਇਕੱਠੇ ਹੁੰਦੇ ਹਾਂ, ਤਾਂ ਸਾਡੇ ਕੋਲ ਉਸ ਲਈ ਆਪਣਾ ਪਿਆਰ ਜ਼ਾਹਰ ਕਰਨ ਦਾ ਖ਼ਾਸ ਮੌਕਾ ਹੁੰਦਾ ਹੈ। ਪਰ ਸਾਡੇ ਵਿੱਚੋਂ ਕੁਝ ਜਣਿਆਂ ਨੂੰ ਸਭਾਵਾਂ ਵਿਚ ਜਵਾਬ ਦੇਣੇ ਔਖੇ ਲੱਗਦੇ ਹਨ। ਜੇ ਤੁਹਾਨੂੰ ਜਵਾਬ ਦੇਣੇ ਔਖੇ ਲੱਗਦੇ ਹਨ, ਤਾਂ ਇਹ ਲੇਖ ਤੁਹਾਡੇ ਡਰ ਨੂੰ ਪਛਾਣਨ ਅਤੇ ਇਸ ’ਤੇ ਕਾਬੂ ਪਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।

^ ਪੈਰਾ 17 jw.org ’ਤੇ ਯਹੋਵਾਹ ਦੇ ਦੋਸਤ ਬਣੋ—ਜਵਾਬ ਤਿਆਰ ਕਰੋ ਨਾਂ ਦਾ ਵੀਡੀਓ ਦੇਖੋ। “ਬਾਈਬਲ ਦੀਆਂ ਸਿੱਖਿਆਵਾਂ” > “ਬੱਚਿਆਂ ਲਈ” ਹੇਠ ਦੇਖੋ।

^ ਪੈਰਾ 63 ਤਸਵੀਰਾਂ ਬਾਰੇ ਜਾਣਕਾਰੀ: ਮੰਡਲੀ ਦੇ ਭੈਣ-ਭਰਾ ਪਹਿਰਾਬੁਰਜ ਚਰਚਾ ਵਿਚ ਖ਼ੁਸ਼ੀ-ਖ਼ੁਸ਼ੀ ਹਿੱਸਾ ਲੈਂਦੇ ਹੋਏ।

^ ਪੈਰਾ 65 ਤਸਵੀਰਾਂ ਬਾਰੇ ਜਾਣਕਾਰੀ: ਮੰਡਲੀ ਦੇ ਕੁਝ ਭੈਣ-ਭਰਾ ਪਹਿਰਾਬੁਰਜ ਚਰਚਾ ਵਿਚ ਹਿੱਸਾ ਲੈਣ ਤੋਂ ਪਹਿਲਾਂ। ਚਾਹੇ ਇਨ੍ਹਾਂ ਦੇ ਹਾਲਾਤ ਵੱਖੋ-ਵੱਖਰੇ ਹਨ, ਪਰ ਸਾਰਿਆਂ ਨੇ ਸਭਾ ਦੀ ਤਿਆਰੀ ਕਰਨ ਦਾ ਵੱਖਰਾ ਸਮਾਂ ਰੱਖਿਆ ਹੈ।