Skip to content

Skip to table of contents

ਅਧਿਐਨ ਲੇਖ 6

ਆਪਣੀ ਖਰਿਆਈ ਬਣਾਈ ਰੱਖੋ!

ਆਪਣੀ ਖਰਿਆਈ ਬਣਾਈ ਰੱਖੋ!

“ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।”​—ਅੱਯੂ. 27:5.

ਗੀਤ 29 ਵਫ਼ਾ ਦੇ ਰਾਹ ’ਤੇ ਚੱਲੋ

ਖ਼ਾਸ ਗੱਲਾਂ *

1. ਇਸ ਪੈਰੇ ਵਿਚ ਦੱਸੇ ਤਿੰਨ ਗਵਾਹ ਯਹੋਵਾਹ ਪ੍ਰਤੀ ਵਫ਼ਾਦਾਰ ਕਿਵੇਂ ਬਣੇ ਰਹੇ?

ਅੱਗੇ ਦੱਸੇ ਤਿੰਨ ਹਾਲਾਤਾਂ ਦੀ ਕਲਪਨਾ ਕਰੋ ਜਿਸ ਵਿਚ ਯਹੋਵਾਹ ਦੇ ਗਵਾਹ ਸ਼ਾਮਲ ਹਨ। (1) ਇਕ ਦਿਨ ਸਕੂਲ ਵਿਚ ਅਧਿਆਪਕ ਸਾਰੇ ਵਿਦਿਆਰਥੀਆਂ ਨੂੰ ਦਿਨ-ਤਿਉਹਾਰ ਵਿਚ ਹਿੱਸਾ ਲੈਣ ਲਈ ਕਹਿੰਦਾ ਹੈ। ਉੱਥੇ ਇਕ ਨੌਜਵਾਨ ਕੁੜੀ ਹੈ ਜਿਸ ਨੂੰ ਪਤਾ ਹੈ ਕਿ ਦਿਨ-ਤਿਉਹਾਰਾਂ ਤੋਂ ਪਰਮੇਸ਼ੁਰ ਨੂੰ ਕੋਈ ਖ਼ੁਸ਼ੀ ਨਹੀਂ ਹੁੰਦੀ। ਇਸ ਲਈ ਉਹ ਬੜੇ ਆਦਰ ਨਾਲ ਇਸ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੰਦੀ ਹੈ। (2) ਇਕ ਸ਼ਰਮੀਲੇ ਸੁਭਾਅ ਦਾ ਨੌਜਵਾਨ ਘਰ-ਘਰ ਪ੍ਰਚਾਰ ਕਰ ਰਿਹਾ ਹੈ। ਉਸ ਨੂੰ ਪਤਾ ਹੈ ਕਿ ਅਗਲਾ ਘਰ ਉਸ ਨਾਲ ਪੜ੍ਹਨ ਵਾਲੇ ਦਾ ਹੈ ਜਿਸ ਨੇ ਪਹਿਲਾਂ ਯਹੋਵਾਹ ਦੇ ਗਵਾਹਾਂ ਦਾ ਮਜ਼ਾਕ ਉਡਾਇਆ ਸੀ। ਪਰ ਨੌਜਵਾਨ ਉਸ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ। (3) ਇਕ ਆਦਮੀ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਸਖ਼ਤ ਮਿਹਨਤ ਕਰਦਾ ਹੈ। ਇਕ ਦਿਨ ਉਸ ਦਾ ਮਾਲਕ ਉਸ ਨੂੰ ਬੇਈਮਾਨੀ ਜਾਂ ਕੋਈ ਗ਼ੈਰ-ਕਾਨੂੰਨੀ ਕੰਮ ਕਰਨ ਲਈ ਕਹਿੰਦਾ ਹੈ। ਭਾਵੇਂ ਕਿ ਉਸ ਨੂੰ ਪਤਾ ਹੈ ਕਿ ਇੱਦਾਂ ਨਾ ਕਰਨ ਕਰਕੇ ਉਸ ਦੀ ਨੌਕਰੀ ਜਾ ਸਕਦੀ ਹੈ, ਪਰ ਫਿਰ ਵੀ ਉਹ ਆਪਣੇ ਮਾਲਕ ਨੂੰ ਸਮਝਾਉਂਦਾ ਹੈ ਕਿ ਉਸ ਨੂੰ ਈਮਾਨਦਾਰ ਬਣਨ ਅਤੇ ਕਾਨੂੰਨਾਂ ਦੀ ਪਾਲਣਾ ਕਰਨ ਦੀ ਲੋੜ ਹੈ ਕਿਉਂਕਿ ਪਰਮੇਸ਼ੁਰ ਆਪਣੇ ਸੇਵਕਾਂ ਤੋਂ ਇਨ੍ਹਾਂ ਗੱਲਾਂ ਦੀ ਮੰਗ ਕਰਦਾ ਹੈ।​—ਰੋਮੀ. 13:1-4; ਇਬ. 13:18.

2. ਅਸੀਂ ਕਿਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ ਅਤੇ ਕਿਉਂ?

2 ਇਨ੍ਹਾਂ ਤਿੰਨਾਂ ਵਿਚ ਤੁਹਾਨੂੰ ਕਿਹੜਾ ਗੁਣ ਨਜ਼ਰ ਆਇਆ? ਤੁਸੀਂ ਸ਼ਾਇਦ ਅਲੱਗ-ਅਲੱਗ ਗੁਣ ਦੇਖੇ ਹੋਣ, ਜਿਵੇਂ ਦਲੇਰੀ ਅਤੇ ਈਮਾਨਦਾਰੀ। ਪਰ ਇਨ੍ਹਾਂ ਸਾਰਿਆਂ ਵਿਚ ਖ਼ਾਸ ਕਰਕੇ ਇਕ ਅਨਮੋਲ ਗੁਣ ਨਜ਼ਰ ਆਇਆ, ਉਹ ਹੈ ਖਰਿਆਈ। ਤਿੰਨੇ ਜਣੇ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ। ਇਨ੍ਹਾਂ ਨੇ ਪਰਮੇਸ਼ੁਰ ਦੇ ਮਿਆਰਾਂ ਨਾਲ ਸਮਝੌਤਾ ਕਰਨ ਤੋਂ ਇਨਕਾਰ ਕੀਤਾ। ਇਨ੍ਹਾਂ ਨੇ ਜੋ ਕੀਤਾ, ਉਹ ਆਪਣੀ ਖਰਿਆਈ ਕਰਕੇ ਕੀਤਾ। ਇਨ੍ਹਾਂ ਵੱਲੋਂ ਇਹ ਗੁਣ ਦਿਖਾਏ ਜਾਣ ਕਰਕੇ ਯਹੋਵਾਹ ਨੂੰ ਜ਼ਰੂਰ ਮਾਣ ਮਹਿਸੂਸ ਹੋਇਆ ਹੋਣਾ। ਅਸੀਂ ਵੀ ਆਪਣੇ ਸਵਰਗੀ ਪਿਤਾ ਨੂੰ ਮਾਣ ਮਹਿਸੂਸ ਕਰਾਉਣਾ ਚਾਹੁੰਦੇ ਹਾਂ। ਇਸ ਲਈ ਆਓ ਆਪਾਂ ਇਨ੍ਹਾਂ ਸਵਾਲਾਂ ’ਤੇ ਚਰਚਾ ਕਰੀਏ: ਖਰਿਆਈ ਕੀ ਹੈ? ਸਾਡੇ ਸਾਰਿਆਂ ਲਈ ਖਰਿਆਈ ਬਣਾਈ ਰੱਖਣੀ ਜ਼ਰੂਰੀ ਕਿਉਂ ਹੈ? ਇਨ੍ਹਾਂ ਮੁਸ਼ਕਲ ਸਮਿਆਂ ਵਿਚ ਅਸੀਂ ਆਪਣੀ ਖਰਿਆਈ ਬਣਾਈ ਰੱਖਣ ਦਾ ਆਪਣਾ ਇਰਾਦਾ ਹੋਰ ਪੱਕਾ ਕਿਵੇਂ ਕਰ ਸਕਦੇ ਹਾਂ?

ਖਰਿਆਈ ਕੀ ਹੈ?

3. (ੳ) ਖਰਿਆਈ ਕੀ ਹੈ? (ਅ) ਕਿਹੜੀਆਂ ਮਿਸਾਲਾਂ ਖਰਿਆਈ ਦਾ ਮਤਲਬ ਸਮਝਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ?

3 ਜਦੋਂ ਪਰਮੇਸ਼ੁਰ ਪ੍ਰਤੀ ਸਾਡੀ ਖਰਿਆਈ ਦੀ ਗੱਲ ਆਉਂਦੀ ਹੈ, ਤਾਂ ਖਰਿਆਈ ਦਾ ਮਤਲਬ ਹੈ ਕਿ ਯਹੋਵਾਹ ਨੂੰ ਦਿਲੋਂ ਤੇ ਅਟੁੱਟ ਪਿਆਰ ਕਰਨਾ ਤਾਂਕਿ ਅਸੀਂ ਹਰ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਦੀ ਇੱਛਾ ਬਾਰੇ ਸੋਚੀਏ। ਕੁਝ ਜਾਣਕਾਰੀ ’ਤੇ ਗੌਰ ਕਰੋ ਕਿ ਬਾਈਬਲ ਵਿਚ ਖਰਿਆਈ ਸ਼ਬਦ ਕਿਵੇਂ ਵਰਤਿਆ ਗਿਆ ਹੈ। ਬਾਈਬਲ ਵਿਚ ਜਿਸ ਸ਼ਬਦ ਦਾ ਅਨੁਵਾਦ “ਖਰਿਆਈ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ: ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰਾ। ਮਿਸਾਲ ਲਈ, ਇਜ਼ਰਾਈਲੀ ਯਹੋਵਾਹ ਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਂਦੇ ਹੁੰਦੇ ਸਨ। ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਜਾਨਵਰਾਂ ਵਿਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। * (ਲੇਵੀ. 22:21, 22) ਪਰਮੇਸ਼ੁਰ ਦੇ ਲੋਕ ਉਹ ਜਾਨਵਰ ਨਹੀਂ ਚੜ੍ਹਾ ਸਕਦੇ ਸਨ ਜਿਸ ਦੀ ਲੱਤ, ਅੱਖ ਜਾਂ ਕੰਨ ਨਹੀਂ ਸੀ ਹੁੰਦਾ ਤੇ ਨਾ ਹੀ ਕਿਸੇ ਬੀਮਾਰ ਜਾਨਵਰ ਦੀ ਬਲ਼ੀ ਚੜ੍ਹਾ ਸਕਦੇ ਸਨ। ਯਹੋਵਾਹ ਲਈ ਇਹ ਗੱਲ ਜ਼ਰੂਰੀ ਸੀ ਕਿ ਜਾਨਵਰ ਪੂਰਾ ਜਾਂ ਬਿਨਾਂ ਨੁਕਸ ਤੋਂ ਹੋਵੇ। (ਮਲਾ. 1:6-9) ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਇੱਦਾਂ ਕਿਉਂ ਚਾਹੁੰਦਾ ਸੀ। ਜਦੋਂ ਅਸੀਂ ਕੋਈ ਫਲ, ਕਿਤਾਬ, ਔਜ਼ਾਰ ਜਾਂ ਕੋਈ ਹੋਰ ਚੀਜ਼ ਖ਼ਰੀਦਦੇ ਹਾਂ, ਤਾਂ ਅਸੀਂ ਨਹੀਂ ਚਾਹੁੰਦੇ ਹਾਂ ਕਿ ਉਹ ਖ਼ਰਾਬ ਹੋਵੇ। ਅਸੀਂ ਚਾਹੁੰਦੇ ਹਾਂ ਕਿ ਚੀਜ਼ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰੀ ਹੋਵੇ। ਪਿਆਰ ਤੇ ਵਫ਼ਾਦਾਰੀ ਦੇ ਮਾਮਲੇ ਵਿਚ ਯਹੋਵਾਹ ਵੀ ਇਸੇ ਤਰ੍ਹਾਂ ਚਾਹੁੰਦਾ ਹੈ। ਸਾਡਾ ਪਿਆਰ ਤੇ ਵਫ਼ਾਦਾਰੀ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰੀ ਹੋਣੀ ਚਾਹੀਦੀ ਹੈ।

4. (ੳ) ਇਕ ਨਾਮੁਕੰਮਲ ਇਨਸਾਨ ਖਰਿਆਈ ਕਿਉਂ ਰੱਖ ਸਕਦਾ ਹੈ? (ਅ) ਜ਼ਬੂਰਾਂ ਦੀ ਪੋਥੀ 103:12-14 ਅਨੁਸਾਰ ਯਹੋਵਾਹ ਸਾਡੇ ਕੀ ਉਮੀਦ ਰੱਖਦਾ ਹੈ?

4 ਕੀ ਇਸ ਤੋਂ ਸਾਨੂੰ ਇਹ ਸਿੱਟਾ ਕੱਢਣਾ ਚਾਹੀਦਾ ਹੈ ਕਿ ਖਰਿਆਈ ਰੱਖਣ ਲਈ ਸਾਨੂੰ ਮੁਕੰਮਲ ਹੋਣ ਦੀ ਲੋੜ ਹੈ? ਅਸੀਂ ਸ਼ਾਇਦ ਸੋਚੀਏ ਕਿ ਅਸੀਂ ਸਾਰੇ ਤਾਂ ਬਹੁਤ ਸਾਰੀਆਂ ਗ਼ਲਤੀਆਂ ਕਰਦੇ ਹਾਂ। ਆਓ ਆਪਾਂ ਦੋ ਕਾਰਨਾਂ ’ਤੇ ਗੌਰ ਕਰੀਏ ਕਿ ਖਰਿਆਈ ਰੱਖਣ ਲਈ ਸਾਨੂੰ ਮੁਕੰਮਲ ਹੋਣ ਦੀ ਲੋੜ ਕਿਉਂ ਨਹੀਂ ਹੈ। ਪਹਿਲਾ, ਯਹੋਵਾਹ ਸਾਡੀਆਂ ਗ਼ਲਤੀਆਂ ’ਤੇ ਧਿਆਨ ਨਹੀਂ ਲਾਉਂਦਾ। ਉਸ ਦਾ ਬਚਨ ਸਾਨੂੰ ਦੱਸਦਾ ਹੈ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂ. 130:3) ਉਹ ਜਾਣਦਾ ਹੈ ਕਿ ਅਸੀਂ ਨਾਮੁਕੰਮਲ, ਪਾਪੀ ਇਨਸਾਨ ਹਾਂ। ਇਸ ਲਈ ਉਹ ਖੁੱਲ੍ਹੇ ਦਿਲ ਨਾਲ ਸਾਨੂੰ ਮਾਫ਼ ਕਰਦਾ ਹੈ। (ਜ਼ਬੂ. 86:5) ਦੂਜਾ, ਯਹੋਵਾਹ ਜਾਣਦਾ ਹੈ ਕਿ ਅਸੀਂ ਕਿੰਨਾ ਕੁ ਕਰ ਸਕਦੇ ਹਾਂ। ਇਸ ਲਈ ਅਸੀਂ ਜਿੰਨਾ ਕਰ ਸਕਦੇ ਹਾਂ, ਉਹ ਸਾਡੇ ਤੋਂ ਉਸ ਤੋਂ ਜ਼ਿਆਦਾ ਦੀ ਉਮੀਦ ਨਹੀਂ ਰੱਖਦਾ। (ਜ਼ਬੂਰਾਂ ਦੀ ਪੋਥੀ 103:12-14 ਪੜ੍ਹੋ।) ਤਾਂ ਫਿਰ ਕਿਸ ਮਾਅਨੇ ਵਿਚ ਅਸੀਂ ਉਸ ਦੀਆਂ ਨਜ਼ਰਾਂ ਵਿਚ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰੇ ਹੋ ਸਕਦੇ ਹਾਂ?

5. ਯਹੋਵਾਹ ਦੇ ਸੇਵਕਾਂ ਲਈ ਖਰਿਆਈ ਬਣਾਈ ਰੱਖਣ ਲਈ ਪਿਆਰ ਕਿਉਂ ਜ਼ਰੂਰੀ ਹੈ?

5 ਯਹੋਵਾਹ ਦੇ ਸੇਵਕਾਂ ਲਈ ਖਰਿਆਈ ਬਣਾਈ ਰੱਖਣ ਲਈ ਪਿਆਰ ਜ਼ਰੂਰੀ ਹੈ। ਸਵਰਗੀ ਪਿਤਾ ਵਜੋਂ, ਪਰਮੇਸ਼ੁਰ ਲਈ ਸਾਡਾ ਪਿਆਰ ਤੇ ਭਗਤੀ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰੀ ਹੋਣੀ ਚਾਹੀਦੀ ਹੈ। ਜਦੋਂ ਪਰੀਖਿਆ ਵੇਲੇ ਵੀ ਅਸੀਂ ਆਪਣਾ ਪਿਆਰ ਬਣਾਈ ਰੱਖਦੇ ਹਾਂ, ਤਾਂ ਅਸੀਂ ਖਰਿਆਈ ਬਣਾਈ ਰੱਖਦੇ ਹਾਂ। (1 ਇਤ. 28:9; ਮੱਤੀ 22:37) ਸ਼ੁਰੂ ਵਿਚ ਜ਼ਿਕਰ ਕੀਤੇ ਤਿੰਨ ਗਵਾਹਾਂ ’ਤੇ ਦੁਬਾਰਾ ਗੌਰ ਕਰੋ। ਉਨ੍ਹਾਂ ਨੇ ਜੋ ਕੀਤਾ, ਉਹ ਕਿਉਂ ਕੀਤਾ ਸੀ? ਕੀ ਨੌਜਵਾਨ ਕੁੜੀ ਸਕੂਲ ਵਿਚ ਮਜ਼ਾ ਨਹੀਂ ਲੈਣਾ ਚਾਹੁੰਦੀ, ਕੀ ਨੌਜਵਾਨ ਮੁੰਡਾ ਚਾਹੁੰਦਾ ਹੈ ਕਿ ਉਸ ਨੂੰ ਦਰਵਾਜ਼ੇ ’ਤੇ ਸ਼ਰਮਿੰਦਗੀ ਮਹਿਸੂਸ ਹੋਵੇ ਜਾਂ ਕੀ ਉਹ ਆਦਮੀ ਆਪਣੀ ਨੌਕਰੀ ਗੁਆਉਣਾ ਚਾਹੁੰਦਾ ਹੈ? ਬਿਲਕੁਲ ਨਹੀਂ। ਇਸ ਦੀ ਬਜਾਇ, ਉਹ ਜਾਣਦੇ ਹਨ ਕਿ ਯਹੋਵਾਹ ਦੇ ਧਰਮੀ ਮਿਆਰ ਹਨ ਅਤੇ ਉਨ੍ਹਾਂ ਨੇ ਆਪਣਾ ਧਿਆਨ ਆਪਣੇ ਸਵਰਗੀ ਪਿਤਾ ਨੂੰ ਖ਼ੁਸ਼ ਕਰਨ ’ਤੇ ਲਾਇਆ ਹੋਇਆ ਹੈ। ਪਰਮੇਸ਼ੁਰ ਲਈ ਪਿਆਰ ਹੋਣ ਕਰਕੇ ਉਹ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਬਾਰੇ ਸੋਚਦੇ ਹਨ। ਇਸ ਤਰ੍ਹਾਂ ਉਹ ਆਪਣੀ ਖਰਿਆਈ ਸਾਬਤ ਕਰਦੇ ਹਨ।

ਸਾਨੂੰ ਖਰਿਆਈ ਬਣਾਈ ਰੱਖਣ ਦੀ ਕਿਉਂ ਲੋੜ ਹੈ?

6. (ੳ) ਸਾਨੂੰ ਸਾਰਿਆਂ ਨੂੰ ਖਰਿਆਈ ਬਣਾਈ ਰੱਖਣ ਦੀ ਕਿਉਂ ਲੋੜ ਹੈ? (ਅ) ਖਰਿਆਈ ਦਿਖਾਉਣ ਵਿਚ ਆਦਮ ਤੇ ਹੱਵਾਹ ਨਾਕਾਮ ਕਿਵੇਂ ਹੋ ਗਏ?

6 ਸਾਨੂੰ ਸਾਰਿਆਂ ਨੂੰ ਖਰਿਆਈ ਬਣਾਈ ਰੱਖਣ ਦੀ ਕਿਉਂ ਲੋੜ ਹੈ? ਕਿਉਂਕਿ ਸ਼ੈਤਾਨ ਨੇ ਯਹੋਵਾਹ ਨੂੰ ਲਲਕਾਰਿਆ ਹੈ ਅਤੇ ਤੁਹਾਨੂੰ ਵੀ। ਇਸ ਬਾਗ਼ੀ ਦੂਤ ਨੇ ਅਦਨ ਦੇ ਬਾਗ਼ ਵਿਚ ਆਪਣੇ ਆਪ ਨੂੰ ਸ਼ੈਤਾਨ ਜਾਂ ਵਿਰੋਧੀ ਬਣਾ ਲਿਆ। ਉਸ ਨੇ ਯਹੋਵਾਹ ਨੂੰ ਬੁਰਾ, ਸੁਆਰਥੀ ਤੇ ਬੇਈਮਾਨ ਰਾਜਾ ਕਹਿ ਕੇ ਉਸ ਦੀ ਨੇਕਨਾਮੀ ’ਤੇ ਕਲੰਕ ਲਾਇਆ। ਅਫ਼ਸੋਸ ਦੀ ਗੱਲ ਹੈ ਕਿ ਆਦਮ ਤੇ ਹੱਵਾਹ ਸ਼ੈਤਾਨ ਨਾਲ ਬਗਾਵਤ ਵਿਚ ਰਲ਼ ਗਏ। (ਉਤ. 3:1-6) ਅਦਨ ਦੇ ਬਾਗ਼ ਵਿਚ ਉਨ੍ਹਾਂ ਕੋਲ ਯਹੋਵਾਹ ਲਈ ਆਪਣਾ ਪਿਆਰ ਗੂੜ੍ਹਾ ਕਰਨ ਦੇ ਅਣਗਿਣਤ ਮੌਕੇ ਸਨ। ਪਰ ਸ਼ੈਤਾਨ ਦੀ ਬਗਾਵਤ ਦੇ ਸਮੇਂ ਉਨ੍ਹਾਂ ਦਾ ਪਿਆਰ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰਾ ਨਹੀਂ ਸੀ। ਫਿਰ ਇਕ ਹੋਰ ਸਵਾਲ ਖੜ੍ਹਾ ਹੋਇਆ: ਕੀ ਪਿਆਰ ਕਰਕੇ ਕੋਈ ਵੀ ਇਨਸਾਨ ਯਹੋਵਾਹ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖੇਗਾ? ਹੋਰ ਸ਼ਬਦਾਂ ਵਿਚ, ਕੀ ਇਨਸਾਨ ਖਰਿਆਈ ਬਣਾਈ ਰੱਖਣ ਦੇ ਕਾਬਲ ਹਨ? ਇਹ ਸਵਾਲ ਅੱਯੂਬ ਦੇ ਮਾਮਲੇ ਵਿਚ ਵੀ ਖੜ੍ਹਾ ਹੋਇਆ।

7. ਅੱਯੂਬ 1:8-11 ਮੁਤਾਬਕ ਯਹੋਵਾਹ ਅਤੇ ਸ਼ੈਤਾਨ ਅੱਯੂਬ ਦੀ ਖਰਿਆਈ ਬਾਰੇ ਕੀ ਸੋਚਦੇ ਸਨ?

7 ਅੱਯੂਬ ਉਸ ਸਮੇਂ ਵਿਚ ਰਹਿੰਦਾ ਸੀ ਜਦੋਂ ਇਜ਼ਰਾਈਲੀ ਮਿਸਰ ਵਿਚ ਸਨ। ਉਸ ਸਮੇਂ ਕੋਈ ਵੀ ਅੱਯੂਬ ਵਾਂਗ ਖਰਿਆਈ ਰੱਖਣ ਵਾਲਾ ਨਹੀਂ ਸੀ। ਸਾਡੇ ਵਾਂਗ ਉਹ ਵੀ ਨਾਮੁਕੰਮਲ ਸੀ ਅਤੇ ਉਸ ਨੇ ਵੀ ਗ਼ਲਤੀਆਂ ਕੀਤੀਆਂ। ਪਰ ਉਸ ਦੀ ਖਰਿਆਈ ਕਰਕੇ ਯਹੋਵਾਹ ਉਸ ਨੂੰ ਪਿਆਰ ਕਰਦਾ ਸੀ। ਲੱਗਦਾ ਹੈ ਕਿ ਸ਼ੈਤਾਨ ਨੇ ਪਹਿਲਾਂ ਹੀ ਇਨਸਾਨਾਂ ਦੀ ਖਰਿਆਈ ਸੰਬੰਧੀ ਯਹੋਵਾਹ ਨੂੰ ਮਿਹਣਾ ਮਾਰ ਦਿੱਤਾ ਸੀ। ਇਸ ਲਈ ਯਹੋਵਾਹ ਨੇ ਸ਼ੈਤਾਨ ਦਾ ਧਿਆਨ ਅੱਯੂਬ ਵੱਲ ਖਿੱਚਿਆ। ਅੱਯੂਬ ਦੇ ਕੰਮਾਂ ਨੇ ਸ਼ੈਤਾਨ ਨੂੰ ਝੂਠਾ ਸਾਬਤ ਕੀਤਾ ਅਤੇ ਸ਼ੈਤਾਨ ਨੇ ਕਿਹਾ ਕਿ ਅੱਯੂਬ ਦੀ ਖਰਿਆਈ ਦੀ ਪਰਖ ਹੋਣੀ ਚਾਹੀਦੀ। ਯਹੋਵਾਹ ਨੂੰ ਆਪਣੇ ਦੋਸਤ ਅੱਯੂਬ ’ਤੇ ਭਰੋਸਾ ਸੀ ਜਿਸ ਕਰਕੇ ਉਸ ਨੇ ਸ਼ੈਤਾਨ ਨੂੰ ਅੱਯੂਬ ਦੀ ਪਰੀਖਿਆ ਲੈਣ ਦੀ ਇਜਾਜ਼ਤ ਦੇ ਦਿੱਤੀ।​—ਅੱਯੂਬ 1:8-11 ਪੜ੍ਹੋ।

8. ਸ਼ੈਤਾਨ ਨੇ ਅੱਯੂਬ ਨਾਲ ਕੀ-ਕੀ ਕੀਤਾ?

8 ਸ਼ੈਤਾਨ ਜ਼ਾਲਮ ਤੇ ਖ਼ੂਨੀ ਹੈ। ਉਸ ਨੇ ਅੱਯੂਬ ਦੀ ਧਨ-ਦੌਲਤ ਤੇ ਚੀਜ਼ਾਂ ਖੋਹ ਲਈਆਂ, ਉਸ ਦੇ ਨੌਕਰਾਂ ਨੂੰ ਮਾਰ ਦਿੱਤਾ ਅਤੇ ਉਸ ਦੀ ਨੇਕਨਾਮੀ ’ਤੇ ਕਲੰਕ ਲਾ ਦਿੱਤਾ। ਉਸ ਨੇ ਅੱਯੂਬ ਦੇ ਦਸ ਬੱਚਿਆਂ ਨੂੰ ਮਾਰ ਦਿੱਤਾ। ਫਿਰ ਉਸ ਨੇ ਅੱਯੂਬ ਨੂੰ ਸਿਰ ਤੋਂ ਪੈਰਾਂ ਤਕ ਇਕ ਭਿਆਨਕ ਬੀਮਾਰੀ ਲਾ ਦਿੱਤੀ। ਅੱਯੂਬ ਦੀ ਪਤਨੀ ਗਮ ਦੇ ਮਾਰੇ ਬਹੁਤ ਨਿਰਾਸ਼ ਹੋ ਗਈ। ਉਸ ਨੇ ਅੱਯੂਬ ’ਤੇ ਜ਼ੋਰ ਪਾਇਆ ਕਿ ਉਹ ਪਰਮੇਸ਼ੁਰ ਨੂੰ ਫਿਟਕਾਰੇ ਤੇ ਮਰ ਜਾਵੇ। ਅੱਯੂਬ ਨੇ ਵੀ ਆਪਣੇ ਲਈ ਮੌਤ ਮੰਗੀ, ਪਰ ਫਿਰ ਵੀ ਉਸ ਨੇ ਆਪਣੀ ਖਰਿਆਈ ਬਣਾਈ ਰੱਖੀ। ਫਿਰ ਸ਼ੈਤਾਨ ਨੇ ਇਕ ਹੋਰ ਤਰੀਕੇ ਨਾਲ ਉਸ ’ਤੇ ਵਾਰ ਕੀਤਾ। ਉਸ ਨੇ ਅੱਯੂਬ ਦੇ ਤਿੰਨ ਦੋਸਤਾਂ ਨੂੰ ਵਰਤਿਆ। ਇਹ ਆਦਮੀ ਉਸ ਨਾਲ ਕਈ ਦਿਨ ਰਹੇ, ਪਰ ਉਨ੍ਹਾਂ ਨੇ ਉਸ ਨੂੰ ਕੋਈ ਦਿਲਾਸਾ ਨਾ ਦਿੱਤਾ। ਇਸ ਦੀ ਬਜਾਇ, ਉਨ੍ਹਾਂ ਨੇ ਬਿਨਾਂ ਸੋਚੇ-ਸਮਝੇ ਉਸ ਨੂੰ ਗੱਲਾਂ ਕਹੀਆਂ ਅਤੇ ਉਸ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਸ ਦੀਆਂ ਮੁਸ਼ਕਲਾਂ ਪਿੱਛੇ ਪਰਮੇਸ਼ੁਰ ਦਾ ਹੱਥ ਸੀ ਅਤੇ ਪਰਮੇਸ਼ੁਰ ਲਈ ਉਸ ਦੀ ਖਰਿਆਈ ਕੋਈ ਮਾਅਨੇ ਨਹੀਂ ਰੱਖਦੀ। ਉਨ੍ਹਾਂ ਨੇ ਤਾਂ ਇਹ ਵੀ ਕਿਹਾ ਕਿ ਅੱਯੂਬ ਦੁਸ਼ਟ ਆਦਮੀ ਹੈ ਜਿਸ ਕਰਕੇ ਉਸ ’ਤੇ ਇਹ ਸਾਰੀਆਂ ਮੁਸ਼ਕਲਾਂ ਆਈਆਂ ਸਨ।​—ਅੱਯੂ. 1:13-22; 2:7-11; 15:4, 5; 22:3-6; 25:4-6.

9. ਅਜ਼ਮਾਇਸ਼ਾਂ ਦੇ ਬਾਵਜੂਦ ਵੀ ਅੱਯੂਬ ਨੇ ਕੀ ਕਰਨ ਤੋਂ ਇਨਕਾਰ ਕੀਤਾ?

9 ਇਨ੍ਹਾਂ ਮੁਸ਼ਕਲ ਹਾਲਾਤਾਂ ਵਿਚ ਅੱਯੂਬ ਨੇ ਕੀ ਕੀਤਾ? ਉਹ ਮੁਕੰਮਲ ਨਹੀਂ ਸੀ। ਉਸ ਨੇ ਬਹੁਤ ਗੁੱਸੇ ਨਾਲ ਝੂਠਾ ਦਿਲਾਸਾ ਦੇਣ ਵਾਲੇ ਆਪਣੇ ਦੋਸਤਾਂ ਨੂੰ ਝਿੜਕਿਆ। ਬਾਅਦ ਵਿਚ ਉਹ ਮੰਨਿਆ ਕਿ ਉਸ ਨੇ ਨਾਸਮਝੀ ਵਾਲੀਆਂ ਗੱਲਾਂ ਕਹੀਆਂ ਸਨ। ਉਸ ਨੇ ਪਰਮੇਸ਼ੁਰ ਨਾਲੋਂ ਜ਼ਿਆਦਾ ਆਪਣੇ ਆਪ ਨੂੰ ਧਰਮੀ ਠਹਿਰਾਉਣ ਦੀ ਕੋਸ਼ਿਸ਼ ਕੀਤੀ। (ਅੱਯੂ. 6:3; 13:4, 5; 32:2; 34:5) ਪਰ ਸਭ ਤੋਂ ਬੁਰੇ ਹਾਲਾਤ ਵਿਚ ਵੀ ਉਸ ਨੇ ਯਹੋਵਾਹ ਪਰਮੇਸ਼ੁਰ ਤੋਂ ਮੂੰਹ ਮੋੜਨ ਤੋਂ ਇਨਕਾਰ ਕੀਤਾ। ਉਸ ਨੇ ਆਪਣੇ ਝੂਠੇ ਦੋਸਤਾਂ ਦੀਆਂ ਗੱਲਾਂ ’ਤੇ ਯਕੀਨ ਨਹੀਂ ਕੀਤਾ। ਉਸ ਨੇ ਕਿਹਾ: “ਇਹ ਮੈਥੋਂ ਦੂਰ ਹੋਵੇ ਕਿ ਮੈਂ ਤੁਹਾਨੂੰ ਧਰਮੀ ਠਹਿਰਾਵਾਂ, ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।” (ਅੱਯੂ. 27:5) ਇਨ੍ਹਾਂ ਸ਼ਬਦਾਂ ਤੋਂ ਸਾਬਤ ਹੁੰਦਾ ਹੈ ਕਿ ਅੱਯੂਬ ਨੇ ਹਰ ਹਾਲਾਤ ਵਿਚ ਆਪਣੀ ਖਰਿਆਈ ਬਣਾਈ ਰੱਖਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਅਸੀਂ ਵੀ ਇੱਦਾਂ ਕਰ ਸਕਦੇ ਹਾਂ।

10. ਸ਼ੈਤਾਨ ਨੇ ਅੱਯੂਬ ’ਤੇ ਜੋ ਦੋਸ਼ ਲਾਇਆ ਸੀ, ਉਸ ਵਿਚ ਤੁਸੀਂ ਕਿਵੇਂ ਸ਼ਾਮਲ ਹੋ?

10 ਸ਼ੈਤਾਨ ਨੇ ਅੱਯੂਬ ’ਤੇ ਜੋ ਦੋਸ਼ ਲਾਇਆ ਸੀ, ਉਸ ਵਿਚ ਤੁਸੀਂ ਕਿਵੇਂ ਸ਼ਾਮਲ ਹੋ? ਦਰਅਸਲ, ਉਹ ਕਹਿੰਦਾ ਹੈ ਕਿ ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦੇ ਤੇ ਆਪਣੇ ਆਪ ਨੂੰ ਬਚਾਉਣ ਲਈ ਤੁਸੀਂ ਉਸ ਦੀ ਸੇਵਾ ਕਰਨੀ ਛੱਡ ਦਿਓਗੇ ਅਤੇ ਤੁਸੀਂ ਆਪਣੀ ਖਰਿਆਈ ਨਹੀਂ ਬਣਾਈ ਰੱਖੋਗੇ। (ਅੱਯੂ. 2:4, 5; ਪ੍ਰਕਾ. 12:10) ਤੁਸੀਂ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ? ਤੁਹਾਨੂੰ ਜ਼ਰੂਰ ਦੁੱਖ ਲੱਗਦਾ ਹੋਣਾ! ਪਰ ਜ਼ਰਾ ਇਸ ਬਾਰੇ ਸੋਚੋ: ਯਹੋਵਾਹ ਤੁਹਾਡੇ ’ਤੇ ਇੰਨਾ ਜ਼ਿਆਦਾ ਭਰੋਸਾ ਕਰਦਾ ਹੈ ਕਿ ਉਸ ਨੇ ਤੁਹਾਨੂੰ ਇਕ ਸ਼ਾਨਦਾਰ ਮੌਕਾ ਦਿੱਤਾ ਹੈ। ਯਹੋਵਾਹ ਸ਼ੈਤਾਨ ਨੂੰ ਤੁਹਾਡੀ ਖਰਿਆਈ ਪਰਖਣ ਦਾ ਮੌਕਾ ਦੇ ਰਿਹਾ ਹੈ। ਯਹੋਵਾਹ ਨੂੰ ਭਰੋਸਾ ਹੈ ਕਿ ਤੁਸੀਂ ਆਪਣੀ ਖਰਿਆਈ ਬਣਾਈ ਰੱਖ ਸਕਦੇ ਹੋ ਅਤੇ ਸ਼ੈਤਾਨ ਨੂੰ ਝੂਠਾ ਸਾਬਤ ਕਰ ਸਕਦੇ ਹੋ। ਨਾਲੇ ਇੱਦਾਂ ਕਰਨ ਵਿਚ ਉਹ ਤੁਹਾਡੀ ਮਦਦ ਕਰਨ ਦਾ ਵਾਅਦਾ ਕਰਦਾ ਹੈ। (ਇਬ. 13:6) ਇਹ ਕਿੰਨਾ ਹੀ ਵੱਡਾ ਸਨਮਾਨ ਹੈ ਕਿ ਪੂਰੀ ਕਾਇਨਾਤ ਦਾ ਮਾਲਕ ਤੁਹਾਡੇ ’ਤੇ ਭਰੋਸਾ ਕਰਦਾ ਹੈ! ਕੀ ਤੁਸੀਂ ਗੌਰ ਕੀਤਾ ਕਿ ਸਾਡੇ ਲਈ ਖਰਿਆਈ ਬਣਾਈ ਰੱਖਣੀ ਕਿਉਂ ਜ਼ਰੂਰੀ ਹੈ? ਖਰਿਆਈ ਬਣਾਈ ਰੱਖਣ ਕਰਕੇ ਅਸੀਂ ਸ਼ੈਤਾਨ ਨੂੰ ਝੂਠਾ ਸਾਬਤ ਕਰ ਸਕਦੇ ਹਾਂ, ਆਪਣੇ ਪਿਤਾ ਦਾ ਨਾਂ ਬੁਲੰਦ ਕਰ ਸਕਦੇ ਹਾਂ ਅਤੇ ਉਸ ਦੀ ਹਕੂਮਤ ਦਾ ਪੱਖ ਲੈ ਸਕਦੇ ਹਾਂ। ਅਸੀਂ ਆਪਣੀ ਖਰਿਆਈ ਬਣਾਈ ਰੱਖਣ ਲਈ ਕੀ ਕਰ ਸਕਦੇ ਹਾਂ?

ਇਸ ਸਮੇਂ ਅਸੀਂ ਆਪਣੀ ਖਰਿਆਈ ਕਿਵੇਂ ਬਣਾਈ ਰੱਖ ਸਕਦੇ ਹਾਂ?

11. ਅਸੀਂ ਅੱਯੂਬ ਤੋਂ ਕੀ ਸਿੱਖ ਸਕਦੇ ਹਾਂ?

11 ਸ਼ੈਤਾਨ ਨੇ ਮੁਸੀਬਤਾਂ ਨਾਲ ਭਰੇ ਇਨ੍ਹਾਂ ‘ਆਖ਼ਰੀ ਦਿਨਾਂ’ ਵਿਚ ਪਰਮੇਸ਼ੁਰ ਦੇ ਸੇਵਕਾਂ ’ਤੇ ਆਪਣੇ ਹਮਲੇ ਵਧਾ ਦਿੱਤੇ ਹਨ। (2 ਤਿਮੋ. 3:1) ਇਨ੍ਹਾਂ ਔਖੇ ਸਮਿਆਂ ਵਿਚ ਅਸੀਂ ਆਪਣੀ ਖਰਿਆਈ ਬਣਾਈ ਰੱਖਣ ਦੇ ਇਰਾਦੇ ਨੂੰ ਹੋਰ ਮਜ਼ਬੂਤ ਕਿਵੇਂ ਕਰ ਸਕਦੇ ਹਾਂ? ਅਸੀਂ ਇਸ ਸੰਬੰਧੀ ਵੀ ਅੱਯੂਬ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਪਰੀਖਿਆਵਾਂ ਆਉਣ ਤੋਂ ਬਹੁਤ ਸਮਾਂ ਪਹਿਲਾਂ ਹੀ ਅੱਯੂਬ ਨੇ ਯਹੋਵਾਹ ਪ੍ਰਤੀ ਆਪਣੀ ਖਰਿਆਈ ਬਣਾਈ ਰੱਖੀ ਸੀ। ਆਓ ਆਪਾਂ ਅੱਯੂਬ ਤੋਂ ਤਿੰਨ ਸਬਕ ਸਿੱਖੀਏ ਜਿਨ੍ਹਾਂ ਕਰਕੇ ਅਸੀਂ ਆਪਣੀ ਖਰਿਆਈ ਬਣਾਈ ਰੱਖਣ ਦੇ ਆਪਣੇ ਇਰਾਦੇ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ।

ਕਿਹੜੇ ਕੁਝ ਤਰੀਕਿਆਂ ਰਾਹੀਂ ਅਸੀਂ ਆਪਣੀ ਖਰਿਆਈ ਬਣਾਈ ਰੱਖਣ ਦੇ ਇਰਾਦੇ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ? (ਪੈਰਾ 12 ਦੇਖੋ) *

12. (ੳ) ਅੱਯੂਬ 26:7, 8, 14 ਅਨੁਸਾਰ ਅੱਯੂਬ ਨੇ ਕੀ ਕੀਤਾ ਜਿਸ ਕਰਕੇ ਉਹ ਯਹੋਵਾਹ ਦੇ ਕੰਮਾਂ ਤੋਂ ਹੈਰਾਨ ਸੀ ਅਤੇ ਉਸ ਦਾ ਹੋਰ ਆਦਰ ਕਰ ਸਕਿਆ? (ਅ) ਅਸੀਂ ਪਰਮੇਸ਼ੁਰ ਦੇ ਕੰਮਾਂ ਤੋਂ ਹੈਰਾਨ ਕਿਵੇਂ ਹੋ ਸਕਦੇ ਹਾਂ?

12 ਅੱਯੂਬ ਯਹੋਵਾਹ ਦੇ ਹੱਥਾਂ ਦੇ ਕੰਮ ਦੇਖ ਕੇ ਹੈਰਾਨ ਸੀ ਜਿਸ ਕਰਕੇ ਪਰਮੇਸ਼ੁਰ ਲਈ ਉਸ ਦਾ ਪਿਆਰ ਹੋਰ ਗੂੜ੍ਹਾ ਹੋਇਆ। ਅੱਯੂਬ ਨੇ ਯਹੋਵਾਹ ਦੀ ਸ੍ਰਿਸ਼ਟੀ ’ਤੇ ਸੋਚ-ਵਿਚਾਰ ਕਰਨ ਵਿਚ ਸਮਾਂ ਲਾਇਆ। (ਅੱਯੂਬ 26:7, 8, 14 ਪੜ੍ਹੋ।) ਜਦੋਂ ਉਹ ਧਰਤੀ, ਆਕਾਸ਼, ਬੱਦਲਾਂ ਅਤੇ ਗਰਜਾਂ ਬਾਰੇ ਸੋਚਦਾ ਸੀ, ਤਾਂ ਉਹ ਹੈਰਾਨ ਰਹਿ ਜਾਂਦਾ ਸੀ। ਪਰ ਉਸ ਨੂੰ ਅਹਿਸਾਸ ਸੀ ਕਿ ਉਹ ਪਰਮੇਸ਼ੁਰ ਦੀ ਸ੍ਰਿਸ਼ਟੀ ਬਾਰੇ ਬਹੁਤ ਥੋੜ੍ਹਾ ਜਾਣਦਾ ਸੀ। ਉਹ ਯਹੋਵਾਹ ਦੀਆਂ ਗੱਲਾਂ ਦੀ ਵੀ ਕਦਰ ਕਰਦਾ ਸੀ। ਅੱਯੂਬ ਨੇ ਪਰਮੇਸ਼ੁਰ ਦੇ ਸ਼ਬਦਾਂ ਬਾਰੇ ਕਿਹਾ: “ਉਹ ਦੇ ਮੂੰਹ ਦਿਆਂ ਵਾਕਾਂ ਦੀ ਮੈਂ . . . ਵਧੀਕ ਕਦਰ ਕੀਤੀ।” (ਅੱਯੂ. 23:12) ਅੱਯੂਬ ਯਹੋਵਾਹ ਦੇ ਕੰਮਾਂ ਤੋਂ ਹੈਰਾਨ ਸੀ ਜਿਸ ਕਰਕੇ ਉਹ ਪਰਮੇਸ਼ੁਰ ਦਾ ਗਹਿਰਾ ਆਦਰ ਕਰਨ ਲਈ ਪ੍ਰੇਰਿਤ ਹੋਇਆ। ਉਹ ਆਪਣੇ ਸਵਰਗੀ ਪਿਤਾ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਇਸ ਕਰਕੇ ਅੱਯੂਬ ਨੇ ਆਪਣੀ ਖਰਿਆਈ ਬਣਾਈ ਰੱਖਣ ਦਾ ਇਰਾਦਾ ਹੋਰ ਪੱਕਾ ਕੀਤਾ। ਸਾਨੂੰ ਵੀ ਅੱਯੂਬ ਵਾਂਗ ਖਰਿਆਈ ਬਣਾਈ ਰੱਖਣ ਦੀ ਲੋੜ ਹੈ। ਸ਼ਾਨਦਾਰ ਸ੍ਰਿਸ਼ਟੀ ਬਾਰੇ ਅਸੀਂ ਅੱਯੂਬ ਦੇ ਸਮੇਂ ਦੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਜਾਣਦੇ ਹਾਂ। ਨਾਲੇ ਸਾਡੇ ਕੋਲ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਲਿਖੀ ਬਾਈਬਲ ਹੈ ਜਿਸ ਦੀ ਮਦਦ ਨਾਲ ਅਸੀਂ ਯਹੋਵਾਹ ਬਾਰੇ ਜਾਣ ਸਕਦੇ ਹਾਂ। ਅਸੀਂ ਜੋ ਵੀ ਸਿੱਖਦੇ ਹਾਂ, ਉਸ ਕਰਕੇ ਅਸੀਂ ਵੀ ਹੈਰਾਨੀ ਨਾਲ ਭਰ ਸਕਦੇ ਹਾਂ। ਯਹੋਵਾਹ ਦੇ ਕੰਮਾਂ ਲਈ ਹੈਰਾਨੀ ਤੇ ਆਦਰ ਹੋਣ ਕਰਕੇ ਅਸੀਂ ਉਸ ਨਾਲ ਪਿਆਰ ਕਰਨ, ਉਸ ਦਾ ਕਹਿਣਾ ਮੰਨਣ ਅਤੇ ਆਪਣੀ ਖਰਿਆਈ ਬਣਾਈ ਰੱਖਣ ਲਈ ਪ੍ਰੇਰਿਤ ਹੋਵਾਂਗੇ।​—ਅੱਯੂ. 28:28.

ਅਸੀਂ ਅਸ਼ਲੀਲ ਤਸਵੀਰਾਂ ਦੇਖਣ ਤੋਂ ਮਨ੍ਹਾ ਕਰ ਕੇ ਆਪਣੀ ਖਰਿਆਈ ਬਣਾਈ ਰੱਖਣ ਦੇ ਇਰਾਦੇ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ (ਪੈਰਾ 13 ਦੇਖੋ) *

13-14. (ੳ) ਅੱਯੂਬ 31:1 ਅਨੁਸਾਰ ਅੱਯੂਬ ਨੇ ਕਿਵੇਂ ਸਾਬਤ ਕੀਤਾ ਕਿ ਉਹ ਪਰਮੇਸ਼ੁਰ ਦਾ ਕਹਿਣਾ ਮੰਨਦਾ ਸੀ? (ਅ) ਅਸੀਂ ਅੱਯੂਬ ਦੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹਾਂ?

13 ਹਰ ਗੱਲ ਵਿਚ ਕਹਿਣਾ ਮੰਨਣ ਕਰਕੇ ਅੱਯੂਬ ਆਪਣੀ ਖਰਿਆਈ ਬਣਾਈ ਰੱਖ ਸਕਿਆ। ਅੱਯੂਬ ਜਾਣਦਾ ਸੀ ਕਿ ਖਰਿਆਈ ਬਣਾਈ ਰੱਖਣ ਲਈ ਕਹਿਣਾ ਮੰਨਣ ਦੀ ਲੋੜ ਸੀ। ਦਰਅਸਲ, ਜਦੋਂ ਵੀ ਅਸੀਂ ਕਹਿਣਾ ਮੰਨਦੇ ਹਾਂ, ਉਦੋਂ ਖਰਿਆਈ ਬਣਾਈ ਰੱਖਣ ਦਾ ਸਾਡਾ ਇਰਾਦਾ ਹੋਰ ਪੱਕਾ ਹੁੰਦਾ ਹੈ। ਅੱਯੂਬ ਨੇ ਹਰ ਰੋਜ਼ ਪਰਮੇਸ਼ੁਰ ਦਾ ਕਹਿਣਾ ਮੰਨਣ ਲਈ ਜੱਦੋ-ਜਹਿਦ ਕੀਤੀ। ਮਿਸਾਲ ਲਈ, ਉਹ ਔਰਤਾਂ ਨਾਲ ਪੇਸ਼ ਆਉਂਦੇ ਸਮੇਂ ਧਿਆਨ ਰੱਖਦਾ ਸੀ। (ਅੱਯੂਬ 31:1 ਪੜ੍ਹੋ।) ਉਹ ਵਿਆਹਿਆ ਸੀ ਜਿਸ ਕਰਕੇ ਉਹ ਜਾਣਦਾ ਸੀ ਕਿ ਆਪਣੀ ਪਤਨੀ ਤੋਂ ਇਲਾਵਾ ਕਿਸੇ ਹੋਰ ਔਰਤ ਵੱਲ ਪਿਆਰ ਦੀਆਂ ਨਜ਼ਰਾਂ ਨਾਲ ਦੇਖਣਾ ਗ਼ਲਤ ਸੀ। ਅੱਜ ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਹਰ ਪਾਸੇ ਅਨੈਤਿਕ ਕੰਮ ਕਰਨ ਦੇ ਪਰਤਾਵੇ ਆਉਂਦੇ ਹਨ। ਕੀ ਅੱਯੂਬ ਦੀ ਤਰ੍ਹਾਂ ਅਸੀਂ ਵੀ ਕਿਸੇ ਹੋਰ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਣ ਤੋਂ ਇਨਕਾਰ ਕਰਾਂਗੇ? ਕੀ ਅਸੀਂ ਅਸ਼ਲੀਲ ਤਸਵੀਰਾਂ ਦੇਖਣ ਤੋਂ ਵੀ ਮੂੰਹ ਮੋੜਾਂਗੇ? (ਮੱਤੀ 5:28) ਜੇ ਅਸੀਂ ਹਰ ਰੋਜ਼ ਸੰਜਮ ਰੱਖਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਆਪਣੀ ਖਰਿਆਈ ਬਣਾਈ ਰੱਖਣ ਦੇ ਆਪਣੇ ਇਰਾਦੇ ਨੂੰ ਹੋਰ ਮਜ਼ਬੂਤ ਕਰਾਂਗੇ।

ਅਸੀਂ ਧਨ-ਦੌਲਤ ਤੇ ਚੀਜ਼ਾਂ ਪ੍ਰਤੀ ਸਹੀ ਨਜ਼ਰੀਆ ਰੱਖ ਕੇ ਆਪਣੀ ਖਰਿਆਈ ਬਣਾਈ ਰੱਖਣ ਦੇ ਇਰਾਦੇ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ (ਪੈਰਾ 14 ਦੇਖੋ) *

14 ਧਨ-ਦੌਲਤ ਤੇ ਚੀਜ਼ਾਂ ਪ੍ਰਤੀ ਸਹੀ ਨਜ਼ਰੀਆ ਰੱਖ ਕੇ ਵੀ ਅੱਯੂਬ ਨੇ ਯਹੋਵਾਹ ਦਾ ਕਹਿਣਾ ਮੰਨਿਆ। ਅੱਯੂਬ ਸਮਝ ਗਿਆ ਸੀ ਕਿ ਜੇ ਉਹ ਆਪਣੇ ਧਨ-ਦੌਲਤ ਅਤੇ ਚੀਜ਼ਾਂ ’ਤੇ ਭਰੋਸਾ ਰੱਖੇਗਾ, ਤਾਂ ਇਹ ਸਜ਼ਾ ਦੇ ਲਾਇਕ ਗੰਭੀਰ ਪਾਪ ਹੋਵੇਗਾ। (ਅੱਯੂ. 31:24, 25, 28) ਅੱਜ ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜੋ ਧਨ-ਦੌਲਤ ਤੇ ਚੀਜ਼ਾਂ ਪਿੱਛੇ ਭੱਜ ਰਹੀ ਹੈ। ਜੇ ਅਸੀਂ ਬਾਈਬਲ ਦੀ ਸਲਾਹ ਅਨੁਸਾਰ ਧਨ-ਦੌਲਤ ਤੇ ਚੀਜ਼ਾਂ ਨੂੰ ਸਹੀ ਜਗ੍ਹਾ ’ਤੇ ਰੱਖਾਂਗੇ, ਤਾਂ ਖਰਿਆਈ ਬਣਾਈ ਰੱਖਣ ਦਾ ਸਾਡਾ ਇਰਾਦਾ ਹੋਰ ਮਜ਼ਬੂਤ ਹੋਵੇਗਾ।​—ਕਹਾ. 30:8, 9; ਮੱਤੀ 6:19-21.

ਅਸੀਂ ਆਪਣੀ ਉਮੀਦ ਨੂੰ ਆਪਣੇ ਮਨ ਵਿਚ ਤਾਜ਼ਾ ਰੱਖ ਕੇ ਆਪਣੀ ਖਰਿਆਈ ਬਣਾਈ ਰੱਖਣ ਦੇ ਇਰਾਦੇ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ (ਪੈਰਾ 15 ਦੇਖੋ) *

15. (ੳ) ਕਿਹੜੀ ਉਮੀਦ ਕਰਕੇ ਅੱਯੂਬ ਆਪਣੀ ਖਰਿਆਈ ਬਣਾਈ ਰੱਖ ਸਕਿਆ? (ਅ) ਯਹੋਵਾਹ ਵੱਲੋਂ ਮਿਲੀ ਉਮੀਦ ਨੂੰ ਮਨ ਵਿਚ ਰੱਖ ਕੇ ਸਾਡੀ ਮਦਦ ਕਿਉਂ ਹੋ ਸਕਦੀ ਹੈ?

15 ਅੱਯੂਬ ਨੇ ਆਪਣਾ ਧਿਆਨ ਪਰਮੇਸ਼ੁਰ ਵੱਲੋਂ ਮਿਲਣ ਵਾਲੇ ਇਨਾਮ ’ਤੇ ਲਾ ਕੇ ਆਪਣੀ ਖਰਿਆਈ ਬਣਾਈ ਰੱਖੀ। ਉਸ ਨੂੰ ਯਕੀਨ ਸੀ ਕਿ ਪਰਮੇਸ਼ੁਰ ਉਸ ਦੀ ਖਰਿਆਈ ਦੀ ਕਦਰ ਕਰਦਾ ਹੈ। (ਅੱਯੂ. 31:6) ਅਜ਼ਮਾਇਸ਼ਾਂ ਦੇ ਬਾਵਜੂਦ ਅੱਯੂਬ ਨੂੰ ਭਰੋਸਾ ਸੀ ਕਿ ਯਹੋਵਾਹ ਉਸ ਨੂੰ ਜ਼ਰੂਰ ਇਨਾਮ ਦੇਵੇਗਾ। ਇਸ ਭਰੋਸੇ ਕਰਕੇ ਉਸ ਦੀ ਖਰਿਆਈ ਬਣਾਈ ਰੱਖਣ ਵਿਚ ਜ਼ਰੂਰ ਮਦਦ ਹੋਈ ਹੋਣੀ। ਯਹੋਵਾਹ ਅੱਯੂਬ ਦੀ ਖਰਿਆਈ ਤੋਂ ਇੰਨਾ ਜ਼ਿਆਦਾ ਖ਼ੁਸ਼ ਸੀ ਕਿ ਉਸ ਨੇ ਅੱਯੂਬ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਚਾਹੇ ਕਿ ਉਹ ਅਜੇ ਵੀ ਨਾਮੁਕੰਮਲ ਆਦਮੀ ਸੀ! (ਅੱਯੂ. 42:12-17; ਯਾਕੂ. 5:11) ਅੱਯੂਬ ਨੂੰ ਭਵਿੱਖ ਵਿਚ ਇਸ ਤੋਂ ਕਿਤੇ ਜ਼ਿਆਦਾ ਬਰਕਤਾਂ ਮਿਲਣਗੀਆਂ। ਕੀ ਤੁਹਾਨੂੰ ਪੱਕੀ ਉਮੀਦ ਹੈ ਕਿ ਯਹੋਵਾਹ ਤੁਹਾਨੂੰ ਖਰਿਆਈ ਦਾ ਇਨਾਮ ਦੇਵੇਗਾ? ਸਾਡਾ ਪਰਮੇਸ਼ੁਰ ਬਦਲਿਆ ਨਹੀਂ ਹੈ। (ਮਲਾ. 3:6) ਜੇ ਅਸੀਂ ਯਾਦ ਰੱਖਦੇ ਹਾਂ ਕਿ ਪਰਮੇਸ਼ੁਰ ਸਾਡੀ ਖਰਿਆਈ ਦੀ ਕਦਰ ਕਰਦਾ ਹੈ, ਤਾਂ ਅਸੀਂ ਭਵਿੱਖ ਦੀ ਸ਼ਾਨਦਾਰ ਉਮੀਦ ਨੂੰ ਆਪਣੇ ਮਨਾਂ ਵਿਚ ਤਾਜ਼ੀ ਰੱਖ ਸਕਦੇ ਹਾਂ।​—1 ਥੱਸ. 5:8, 9.

16. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

16 ਤਾਂ ਫਿਰ, ਖਰਿਆਈ ਬਣਾਈ ਰੱਖਣ ਦਾ ਆਪਣਾ ਇਰਾਦਾ ਪੱਕਾ ਕਰੋ। ਕਈ ਵਾਰ ਤੁਹਾਨੂੰ ਸ਼ਾਇਦ ਲੱਗੇ ਕਿ ਤੁਸੀਂ ਇਕੱਲੇ ਹੀ ਹੋ। ਪਰ ਤੁਸੀਂ ਇਕੱਲੇ ਨਹੀਂ ਹੋ! ਤੁਸੀਂ ਪੂਰੀ ਦੁਨੀਆਂ ਦੇ ਉਨ੍ਹਾਂ ਲੱਖਾਂ ਲੋਕਾਂ ਵਿੱਚੋਂ ਹੋ ਜੋ ਆਪਣੀ ਖਰਿਆਈ ਬਣਾਈ ਰੱਖ ਰਹੇ ਹਨ। ਤੁਸੀਂ ਉਨ੍ਹਾਂ ਵਫ਼ਾਦਾਰ ਆਦਮੀਆਂ-ਔਰਤਾਂ ਵਿਚ ਸ਼ਾਮਲ ਹੋ ਜਿਨ੍ਹਾਂ ਨੇ ਆਪਣੀ ਖਰਿਆਈ ਬਣਾਈ ਰੱਖੀ, ਇੱਥੋਂ ਤਕ ਕਿ ਉਦੋਂ ਵੀ ਜਦੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ। (ਇਬ. 11:36-38; 12:1) ਆਓ ਆਪਾਂ ਸਾਰੇ ਜਣੇ ਅੱਯੂਬ ਵਾਂਗ ਆਪਣੀ ਖਰਿਆਈ ਬਣਾਈ ਰੱਖਣ ਦਾ ਪੱਕਾ ਇਰਾਦਾ ਕਰੀਏ ਜਿਸ ਨੇ ਕਿਹਾ: “ਮੈਂ . . . ਆਪਣੀ ਖਰਿਆਈ ਨਾ ਛੱਡਾਂਗਾ।” ਨਾਲੇ ਸਾਡੀ ਦੁਆ ਹੈ ਕਿ ਸਾਡੀ ਖਰਿਆਈ ਕਰਕੇ ਹਮੇਸ਼ਾ-ਹਮੇਸ਼ਾ ਯਹੋਵਾਹ ਦੀ ਮਹਿਮਾ ਹੋਵੇ!

ਗੀਤ 18 ਰੱਬ ਦਾ ਸੱਚਾ ਪਿਆਰ

^ ਪੈਰਾ 5 ਖਰਿਆਈ ਕੀ ਹੈ? ਯਹੋਵਾਹ ਆਪਣੇ ਸੇਵਕਾਂ ਦੇ ਇਸ ਗੁਣ ਦੀ ਕਦਰ ਕਿਉਂ ਕਰਦਾ ਹੈ? ਸਾਡੇ ਸਾਰਿਆਂ ਲਈ ਖਰਿਆਈ ਬਣਾਈ ਰੱਖਣੀ ਜ਼ਰੂਰੀ ਕਿਉਂ ਹੈ? ਇਹ ਲੇਖ ਸਾਡੀ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਵਿਚ ਮਦਦ ਕਰੇਗਾ। ਨਾਲੇ ਸਾਡੀ ਇਹ ਵੀ ਜਾਣਨ ਵਿਚ ਮਦਦ ਕਰੇਗਾ ਕਿ ਅਸੀਂ ਦਿਨ-ਬਦਿਨ ਆਪਣੀ ਖਰਿਆਈ ਕਿਵੇਂ ਬਣਾਈ ਰੱਖ ਸਕਦੇ ਹਾਂ। ਇੱਦਾਂ ਕਰਨ ਕਰਕੇ ਸਾਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ।

^ ਪੈਰਾ 3 ਜਾਨਵਰਾਂ ਲਈ ਵਰਤੇ ਗਏ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਬਿਨਾਂ ਨੁਕਸ ਵਾਲਾ” ਕੀਤਾ ਗਿਆ ਹੈ, ਉਹ ਇਨਸਾਨਾਂ ਲਈ ਵਰਤੇ ਗਏ “ਖਰਿਆਈ” ਸ਼ਬਦ ਨਾਲ ਮਿਲਦਾ-ਜੁਲਦਾ ਹੈ।

^ ਪੈਰਾ 50 ਤਸਵੀਰਾਂ ਬਾਰੇ ਜਾਣਕਾਰੀ: ਅੱਯੂਬ ਆਪਣੇ ਕੁਝ ਬੱਚਿਆਂ ਨੂੰ ਯਹੋਵਾਹ ਦੀ ਸ੍ਰਿਸ਼ਟੀ ਦੀਆਂ ਸ਼ਾਨਦਾਰ ਚੀਜ਼ਾਂ ਬਾਰੇ ਦੱਸਦਾ ਹੋਇਆ।

^ ਪੈਰਾ 52 ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਅਸ਼ਲੀਲ ਤਸਵੀਰਾਂ ਦੇਖਣ ਤੋਂ ਮਨ੍ਹਾ ਕਰਦਾ ਹੋਇਆ

^ ਪੈਰਾ 54 ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਵੱਡਾ ਤੇ ਮਹਿੰਗਾ ਟੀ. ਵੀ. ਖ਼ਰੀਦਣ ਤੋਂ ਮਨ੍ਹਾ ਕਰਦਾ ਹੋਇਆ ਜਿਸ ਦੀ ਨਾ ਤਾਂ ਉਸ ਨੂੰ ਲੋੜ ਹੈ ਤੇ ਨਾ ਹੀ ਉਹ ਖ਼ਰੀਦ ਸਕਦਾ ਹੈ

^ ਪੈਰਾ 56 ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਸੋਹਣੀ ਧਰਤੀ ਦੀ ਉਮੀਦ ’ਤੇ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰਦਾ ਹੋਇਆ।