Skip to content

Skip to table of contents

ਅਧਿਐਨ ਲੇਖ 7

ਨਿਮਰ ਬਣੋ ਅਤੇ ਯਹੋਵਾਹ ਨੂੰ ਖ਼ੁਸ਼ ਕਰੋ

ਨਿਮਰ ਬਣੋ ਅਤੇ ਯਹੋਵਾਹ ਨੂੰ ਖ਼ੁਸ਼ ਕਰੋ

“ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ . . . ਮਸਕੀਨੀ ਨੂੰ ਭਾਲੋ।”​—ਸਫ਼. 2:3.

ਗੀਤ 1 ਯਹੋਵਾਹ ਦੇ ਗੁਣ

ਖ਼ਾਸ ਗੱਲਾਂ *

1-2. (ੳ) ਮੂਸਾ ਬਾਰੇ ਕੀ ਦੱਸਿਆ ਗਿਆ ਹੈ ਅਤੇ ਉਸ ਨੇ ਕੀ ਕੀਤਾ ਸੀ? (ਅ) ਨਿਮਰਤਾ ਦਾ ਗੁਣ ਪੈਦਾ ਕਰਨ ਲਈ ਸਾਡੇ ਕੋਲ ਕਿਹੜਾ ਜ਼ਬਰਦਸਤ ਕਾਰਨ ਹੈ?

ਬਾਈਬਲ ਦੱਸਦੀ ਹੈ ਕਿ ਮੂਸਾ “ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ [ਯਾਨੀ ਨਿਮਰ] ਸੀ।” (ਗਿਣ. 12:3) ਕੀ ਇਸ ਦਾ ਇਹ ਮਤਲਬ ਹੈ ਕਿ ਉਹ ਕਮਜ਼ੋਰ ਸੀ, ਫ਼ੈਸਲੇ ਲੈਣ ਅਤੇ ਵਿਰੋਧ ਦਾ ਸਾਮ੍ਹਣਾ ਕਰਨ ਤੋਂ ਡਰਦਾ ਸੀ? ਕੁਝ ਲੋਕਾਂ ਦੀਆਂ ਨਜ਼ਰਾਂ ਵਿਚ ਨਿਮਰ ਇਨਸਾਨ ਇਸ ਤਰ੍ਹਾਂ ਦਾ ਹੁੰਦਾ ਹੈ। ਪਰ ਇਹ ਸੱਚ ਨਹੀਂ ਹੈ। ਮੂਸਾ ਤਾਕਤਵਰ, ਫ਼ੈਸਲੇ ਲੈਣ ਵਾਲਾ ਅਤੇ ਪਰਮੇਸ਼ੁਰ ਦਾ ਦਲੇਰ ਸੇਵਕ ਸੀ। ਯਹੋਵਾਹ ਦੀ ਮਦਦ ਨਾਲ ਉਸ ਨੇ ਮਿਸਰ ਦੇ ਸ਼ਕਤੀਸ਼ਾਲੀ ਰਾਜੇ ਦਾ ਸਾਮ੍ਹਣਾ ਕੀਤਾ, ਸ਼ਾਇਦ 30 ਲੱਖ ਲੋਕਾਂ ਦੀ ਉਜਾੜ ਵਿਚ ਅਗਵਾਈ ਕੀਤੀ ਅਤੇ ਇਜ਼ਰਾਈਲੀਆਂ ਦੀ ਉਨ੍ਹਾਂ ਦੇ ਦੁਸ਼ਮਣਾਂ ’ਤੇ ਜਿੱਤ ਹਾਸਲ ਕਰਨ ਵਿਚ ਮਦਦ ਕੀਤੀ।

2 ਅਸੀਂ ਮੂਸਾ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰਦੇ, ਪਰ ਅੱਜ ਸਾਡਾ ਇੱਦਾਂ ਦੇ ਲੋਕਾਂ ਨਾਲ ਵਾਹ ਪੈਂਦਾ ਹੈ ਜਾਂ ਸਾਨੂੰ ਇੱਦਾਂ ਦੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਕਰਕੇ ਨਿਮਰ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਪਰ ਇਸ ਗੁਣ ਨੂੰ ਪੈਦਾ ਕਰਨ ਲਈ ਸਾਡੇ ਕੋਲ ਜ਼ਬਰਦਸਤ ਕਾਰਨ ਹੈ। ਯਹੋਵਾਹ ਵਾਅਦਾ ਕਰਦਾ ਹੈ ਕਿ ਨਿਮਰ “ਧਰਤੀ ਦੇ ਵਾਰਸ ਹੋਣਗੇ।” (ਜ਼ਬੂ. 37:11) ਦੂਜੇ ਤੁਹਾਡੇ ਬਾਰੇ ਕਹਿਣਗੇ ਕਿ ਤੁਸੀਂ ਨਿਮਰ ਹੋ? ਤੁਸੀਂ ਆਪਣੇ ਬਾਰੇ ਕੀ ਕਹੋਗੇ? ਇਨ੍ਹਾਂ ਜ਼ਰੂਰੀ ਸਵਾਲਾਂ ਦੇ ਜਵਾਬ ਲੈਣ ਤੋਂ ਪਹਿਲਾਂ ਇਹ ਜਾਣਨ ਦੀ ਲੋੜ ਹੈ ਕਿ ਨਿਮਰ ਬਣਨ ਦਾ ਕੀ ਮਤਲਬ ਹੈ।

ਨਿਮਰਤਾ ਦਾ ਕੀ ਮਤਲਬ ਹੈ?

3-4. (ੳ) ਨਿਮਰਤਾ ਦੀ ਤੁਲਨਾ ਕਿਸ ਨਾਲ ਕੀਤੀ ਜਾ ਸਕਦੀ ਹੈ? (ਅ) ਨਿਮਰ ਬਣਨ ਲਈ ਸਾਨੂੰ ਆਪਣੇ ਵਿਚ ਕਿਹੜੇ ਤਿੰਨ ਗੁਣ ਪੈਦਾ ਕਰਨ ਦੀ ਲੋੜ ਹੈ ਅਤੇ ਕਿਉਂ?

3 ਨਿਮਰਤਾ * ਇਕ ਖੂਬਸੂਰਤ ਤਸਵੀਰ ਵਾਂਗ ਹੈ। ਕਿਵੇਂ? ਜਿਸ ਤਰ੍ਹਾਂ ਇਕ ਕਲਾਕਾਰ ਤਸਵੀਰ ਬਣਾਉਣ ਲਈ ਅਲੱਗ-ਅਲੱਗ ਸੋਹਣੇ ਰੰਗ ਭਰਦਾ ਹੈ, ਉਸੇ ਤਰ੍ਹਾਂ ਨਿਮਰ ਬਣਨ ਲਈ ਸਾਨੂੰ ਆਪਣੇ ਵਿਚ ਅਲੱਗ-ਅਲੱਗ ਗੁਣ ਪੈਦਾ ਕਰਨੇ ਚਾਹੀਦੇ ਹਨ। ਇਨ੍ਹਾਂ ਵਿੱਚੋਂ ਕੁਝ ਗੁਣ ਹਨ, ਨਰਮਾਈ, ਅਧੀਨਗੀ ਅਤੇ ਦਲੇਰੀ। ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਇਹ ਗੁਣ ਪੈਦਾ ਕਰਨ ਦੀ ਕਿਉਂ ਲੋੜ ਹੈ?

4 ਸਿਰਫ਼ ਨਿਮਰ ਇਨਸਾਨ ਹੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨਗੇ ਅਤੇ ਨਰਮ ਸੁਭਾਅ ਦੇ ਬਣਨਗੇ। (ਮੱਤੀ 5:5; ਗਲਾ. 5:23) ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਅਸੀਂ ਸ਼ੈਤਾਨ ਨੂੰ ਗੁੱਸਾ ਚੜ੍ਹਾਉਂਦੇ ਹਾਂ। ਭਾਵੇਂ ਅਸੀਂ ਨਿਮਰ ਅਤੇ ਨਰਮ ਸੁਭਾਅ ਦੇ ਹਾਂ, ਪਰ ਸ਼ੈਤਾਨ ਦੀ ਦੁਨੀਆਂ ਦੇ ਬਹੁਤ ਸਾਰੇ ਲੋਕ ਸਾਡੇ ਨਾਲ ਨਫ਼ਰਤ ਕਰਦੇ ਹਨ। (ਯੂਹੰ. 15:18, 19) ਇਸ ਲਈ ਸ਼ੈਤਾਨ ਦਾ ਮੁਕਾਬਲਾ ਕਰਨ ਲਈ ਸਾਨੂੰ ਦਲੇਰ ਬਣਨ ਦੀ ਲੋੜ ਹੈ।

5-6. (ੳ) ਸ਼ੈਤਾਨ ਨਿਮਰ ਲੋਕਾਂ ਨਾਲ ਨਫ਼ਰਤ ਕਿਉਂ ਕਰਦਾ ਹੈ? (ਅ) ਅਸੀਂ ਕਿਹੜੇ ਸਵਾਲਾਂ ਦੇ ਜਵਾਬ ਲਵਾਂਗੇ?

5 ਨਿਮਰ ਇਨਸਾਨ ਤੋਂ ਉਲਟ ਘਮੰਡੀ ਇਨਸਾਨ ਗੁੱਸੇ ’ਤੇ ਕਾਬੂ ਨਹੀਂ ਰੱਖਦਾ ਅਤੇ ਯਹੋਵਾਹ ਦਾ ਕਹਿਣਾ ਨਹੀਂ ਮੰਨਦਾ। ਸ਼ੈਤਾਨ ਬਿਲਕੁਲ ਇੱਦਾਂ ਦਾ ਹੈ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਹ ਨਿਮਰ ਲੋਕਾਂ ਨਾਲ ਨਫ਼ਰਤ ਕਰਦਾ ਹੈ। ਆਪਣੇ ਚੰਗੇ ਗੁਣਾਂ ਰਾਹੀਂ ਨਿਮਰ ਲੋਕ ਜ਼ਾਹਰ ਕਰਦੇ ਹਨ ਕਿ ਸ਼ੈਤਾਨ ਕਿੰਨਾ ਦੁਸ਼ਟ ਹੈ! ਸ਼ੈਤਾਨ ਲਈ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਨਿਮਰ ਲੋਕ ਉਸ ਨੂੰ ਝੂਠਾ ਸਾਬਤ ਕਰਦੇ ਹਨ। ਕਿਉਂ? ਕਿਉਂਕਿ ਉਹ ਚਾਹੇ ਜੋ ਮਰਜ਼ੀ ਕਹੇ ਜਾਂ ਕਰੇ, ਪਰ ਉਹ ਨਿਮਰ ਲੋਕਾਂ ਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦਾ।​—ਅੱਯੂ. 2:3-5.

6 ਸਾਡੇ ਲਈ ਨਿਮਰ ਰਹਿਣਾ ਔਖਾ ਕਦੋਂ ਹੋ ਸਕਦਾ ਹੈ? ਸਾਨੂੰ ਲਗਾਤਾਰ ਨਿਮਰਤਾ ਦਾ ਗੁਣ ਪੈਦਾ ਕਿਉਂ ਕਰਦੇ ਰਹਿਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਮੂਸਾ, ਬਾਬਲ ਵਿਚ ਗ਼ੁਲਾਮ ਤਿੰਨ ਇਬਰਾਨੀ ਨੌਜਵਾਨਾਂ ਅਤੇ ਯਿਸੂ ਦੀ ਮਿਸਾਲ ਉੱਤੇ ਗੌਰ ਕਰਾਂਗੇ।

ਨਿਮਰ ਰਹਿਣਾ ਕਦੋਂ ਔਖਾ ਹੋ ਸਕਦਾ ਹੈ?

7-8. ਮੂਸਾ ਕਿਵੇਂ ਪੇਸ਼ ਆਇਆ ਜਦੋਂ ਦੂਜਿਆਂ ਨੇ ਉਸ ਦਾ ਆਦਰ ਨਹੀਂ ਕੀਤਾ?

7 ਜਦੋਂ ਕਿਸੇ ਕੋਲ ਕੋਈ ਅਧਿਕਾਰ ਹੁੰਦਾ ਹੈ: ਅਧਿਕਾਰ ਰੱਖਣ ਵਾਲਿਆਂ ਲਈ ਖ਼ਾਸ ਕਰਕੇ ਉਦੋਂ ਨਿਮਰ ਰਹਿਣਾ ਔਖਾ ਹੋ ਸਕਦਾ ਹੈ ਜਦੋਂ ਉਨ੍ਹਾਂ ਦੇ ਅਧੀਨ ਲੋਕ ਉਨ੍ਹਾਂ ਨਾਲ ਆਦਰ ਨਾਲ ਪੇਸ਼ ਨਹੀਂ ਆਉਂਦੇ ਜਾਂ ਉਨ੍ਹਾਂ ਵੱਲੋਂ ਕੀਤੇ ਫ਼ੈਸਲਿਆਂ ’ਤੇ ਸਵਾਲ ਖੜ੍ਹਾ ਕਰਦੇ ਹਨ। ਕੀ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਹੈ? ਉਦੋਂ ਕੀ ਜਦੋਂ ਪਰਿਵਾਰ ਦਾ ਕੋਈ ਜੀਅ ਇਸ ਤਰ੍ਹਾਂ ਪੇਸ਼ ਆਵੇ? ਤੁਸੀਂ ਕੀ ਕਰੋਗੇ? ਗੌਰ ਕਰੋ ਕਿ ਮੂਸਾ ਨੇ ਅਜਿਹੇ ਹਾਲਾਤ ਵਿਚ ਕੀ ਕੀਤਾ।

8 ਯਹੋਵਾਹ ਨੇ ਮੂਸਾ ਨੂੰ ਇਜ਼ਰਾਈਲੀਆਂ ਦਾ ਆਗੂ ਚੁਣਿਆ ਅਤੇ ਉਸ ਨੂੰ ਕੌਮ ਲਈ ਕਾਨੂੰਨ ਲਿਖਣ ਦਾ ਸਨਮਾਨ ਦਿੱਤਾ। ਬਿਨਾਂ ਸ਼ੱਕ ਯਹੋਵਾਹ ਮੂਸਾ ਦੀ ਮਦਦ ਕਰ ਰਿਹਾ ਸੀ। ਪਰ ਫਿਰ ਵੀ ਮੂਸਾ ਦੀ ਭੈਣ ਮਿਰਯਮ ਅਤੇ ਉਸ ਦੇ ਭਰਾ ਹਾਰੂਨ ਨੇ ਉਸ ਦੀ ਨੁਕਤਾਚੀਨੀ ਕੀਤੀ ਅਤੇ ਪਤਨੀ ਚੁਣਨ ਦੇ ਮਾਮਲੇ ਵਿਚ ਸਵਾਲ ਖੜ੍ਹਾ ਕੀਤਾ। ਜੇ ਉਸ ਸਮੇਂ ਕਿਸੇ ਹੋਰ ਕੋਲ ਮੂਸਾ ਜਿੰਨਾ ਅਧਿਕਾਰ ਹੁੰਦਾ ਹੈ, ਤਾਂ ਉਸ ਨੇ ਸ਼ਾਇਦ ਗੁੱਸੇ ਹੋ ਜਾਣਾ ਸੀ ਅਤੇ ਬਦਲਾ ਲੈਣ ਦੀ ਕੋਸ਼ਿਸ਼ ਕਰਨੀ ਸੀ। ਪਰ ਮੂਸਾ ਨੇ ਇੱਦਾਂ ਨਹੀਂ ਕੀਤਾ। ਉਹ ਛੇਤੀ ਗੁੱਸੇ ਨਹੀਂ ਹੋਇਆ। ਉਸ ਨੇ ਤਾਂ ਯਹੋਵਾਹ ਦੇ ਤਰਲੇ ਵੀ ਕੀਤੇ ਕਿ ਉਹ ਮਿਰਯਮ ਦੀ ਸਜ਼ਾ ਖ਼ਤਮ ਕਰ ਦੇਵੇ। (ਗਿਣ. 12:1-13) ਮੂਸਾ ਇਸ ਤਰ੍ਹਾਂ ਕਿਉਂ ਪੇਸ਼ ਆਇਆ?

ਮੂਸਾ ਨੇ ਯਹੋਵਾਹ ਦੇ ਤਰਲੇ ਕੀਤੇ ਕਿ ਉਹ ਮਿਰਯਮ ਦੀ ਸਜ਼ਾ ਖ਼ਤਮ ਕਰ ਦੇਵੇ (ਪੈਰਾ 8 ਦੇਖੋ)

9-10. (ੳ) ਯਹੋਵਾਹ ਨੇ ਮੂਸਾ ਦੀ ਕੀ ਸਮਝਣ ਵਿਚ ਮਦਦ ਕੀਤੀ? (ਅ) ਪਰਿਵਾਰ ਦੇ ਮੁਖੀ ਅਤੇ ਮੰਡਲੀ ਦੇ ਬਜ਼ੁਰਗ ਮੂਸਾ ਤੋਂ ਕਿਹੜਾ ਸਬਕ ਸਿੱਖ ਸਕਦੇ ਹਨ?

9 ਮੂਸਾ ਨੇ ਯਹੋਵਾਹ ਤੋਂ ਸਿਖਲਾਈ ਲਈ ਸੀ। ਲਗਭਗ 40 ਸਾਲ ਪਹਿਲਾਂ ਜਦੋਂ ਮੂਸਾ ਮਿਸਰ ਵਿਚ ਸ਼ਾਹੀ ਪਰਿਵਾਰ ਦਾ ਜੀਅ ਸੀ, ਉਦੋਂ ਉਹ ਨਿਮਰ ਨਹੀਂ ਸੀ। ਦਰਅਸਲ ਉਸ ਨੂੰ ਛੇਤੀ ਹੀ ਗੁੱਸਾ ਚੜ੍ਹ ਗਿਆ ਜਿਸ ਕਰਕੇ ਉਸ ਨੇ ਇਕ ਆਦਮੀ ਨੂੰ ਮਾਰ ਦਿੱਤਾ ਕਿਉਂਕਿ ਉਸ ਨੂੰ ਲੱਗਾ ਕਿ ਉਹ ਆਦਮੀ ਬੇਇਨਸਾਫ਼ੀ ਕਰ ਰਿਹਾ ਸੀ। ਮੂਸਾ ਨੇ ਸੋਚਿਆ ਕਿ ਉਸ ਨੇ ਜੋ ਕੀਤਾ, ਉਹ ਯਹੋਵਾਹ ਨੂੰ ਮਨਜ਼ੂਰ ਹੋਣਾ। ਯਹੋਵਾਹ ਨੇ 40 ਸਾਲ ਮੂਸਾ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਇਜ਼ਰਾਈਲੀਆਂ ਦੀ ਅਗਵਾਈ ਕਰਨ ਲਈ ਉਸ ਨੂੰ ਦਲੇਰ ਬਣਨ ਨਾਲੋਂ ਜ਼ਿਆਦਾ ਨਿਮਰ ਬਣਨ ਦੀ ਲੋੜ ਸੀ। ਨਾਲੇ ਨਿਮਰ ਬਣਨ ਲਈ ਮੂਸਾ ਨੂੰ ਅਧੀਨ ਅਤੇ ਨਰਮ ਸੁਭਾਅ ਦਾ ਹੋਣਾ ਵੀ ਜ਼ਰੂਰੀ ਸੀ। ਉਸ ਨੇ ਇਹ ਵਧੀਆ ਸਬਕ ਸਿੱਖਿਆ ਅਤੇ ਉਹ ਬਹੁਤ ਵਧੀਆ ਆਗੂ ਬਣਿਆ।​—ਕੂਚ 2:11, 12; ਰਸੂ. 7:21-30, 36.

10 ਅੱਜ ਪਰਿਵਾਰ ਦੇ ਮੁਖੀਆਂ ਅਤੇ ਮੰਡਲੀ ਦੇ ਬਜ਼ੁਰਗਾਂ ਨੂੰ ਮੂਸਾ ਦੀ ਰੀਸ ਕਰਨੀ ਚਾਹੀਦੀ ਹੈ। ਜਦੋਂ ਦੂਸਰੇ ਤੁਹਾਡਾ ਨਿਰਾਦਰ ਕਰਦੇ ਹਨ, ਤਾਂ ਛੇਤੀ ਗੁੱਸੇ ਨਾ ਹੋਵੋ। ਨਿਮਰ ਬਣੋ ਅਤੇ ਆਪਣੀਆਂ ਗ਼ਲਤੀਆਂ ਮੰਨੋ। (ਉਪ. 7:9, 20) ਮੁਸ਼ਕਲਾਂ ਸੁਲਝਾਉਣ ਲਈ ਯਹੋਵਾਹ ਦੀ ਸੇਧ ਵਿਚ ਚੱਲੋ। ਨਾਲੇ ਹਮੇਸ਼ਾ ਨਰਮ ਜਵਾਬ ਦਿਓ। (ਕਹਾ. 15:1) ਇਸ ਤਰ੍ਹਾਂ ਪੇਸ਼ ਆ ਕੇ ਪਰਿਵਾਰ ਦੇ ਮੁਖੀ ਅਤੇ ਅਗਵਾਈ ਲੈਣ ਵਾਲੇ ਯਹੋਵਾਹ ਨੂੰ ਖ਼ੁਸ਼ ਕਰਦੇ ਹਨ, ਸ਼ਾਂਤੀ ਵਧਾਉਂਦੇ ਹਨ ਅਤੇ ਨਿਮਰਤਾ ਦੀ ਵਧੀਆ ਮਿਸਾਲ ਕਾਇਮ ਕਰਦੇ ਹਨ।

11-13. ਤਿੰਨ ਇਬਰਾਨੀਆਂ ਨੇ ਸਾਡੇ ਲਈ ਕਿਹੜੀ ਮਿਸਾਲ ਕਾਇਮ ਕੀਤੀ?

11 ਜਦੋਂ ਸਤਾਇਆ ਜਾਂਦਾ ਹੈ: ਇਤਿਹਾਸ ਦੌਰਾਨ ਮਨੁੱਖੀ ਹਾਕਮਾਂ ਨੇ ਯਹੋਵਾਹ ਦੇ ਲੋਕਾਂ ਨੂੰ ਸਤਾਇਆ ਹੈ। ਉਹ ਸ਼ਾਇਦ ਸਾਡੇ ਉੱਤੇ ਬੁਰੇ ਕੰਮ ਕਰਨ ਦਾ ਦੋਸ਼ ਲਾਉਣ, ਪਰ ਉਹ ਸਾਨੂੰ ਇਸ ਕਰਕੇ ਸਤਾਉਂਦੇ ਹਨ ਕਿਉਂਕਿ ‘ਅਸੀਂ ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੁਕਮ’ ਮੰਨਦੇ ਹਾਂ। (ਰਸੂ. 5:29) ਉਹ ਸ਼ਾਇਦ ਸਾਡਾ ਮਜ਼ਾਕ ਉਡਾਉਣ, ਸਾਨੂੰ ਜੇਲ੍ਹਾਂ ਵਿਚ ਸੁੱਟਣ ਜਾਂ ਇੱਥੋਂ ਤਕ ਕਿ ਸਾਨੂੰ ਮਾਰਨ-ਕੁੱਟਣ ਵੀ। ਪਰ ਯਹੋਵਾਹ ਦੀ ਮਦਦ ਨਾਲ ਅਸੀਂ ਬਦਲਾ ਲੈਣ ਦੀ ਬਜਾਇ ਪਰੀਖਿਆ ਦੌਰਾਨ ਸ਼ਾਂਤ ਰਹਾਂਗੇ।

12 ਜ਼ਰਾ ਤਿੰਨ ਇਬਰਾਨੀ ਗ਼ੁਲਾਮਾਂ ਦੀ ਮਿਸਾਲ ਉੱਤੇ ਗੌਰ ਕਰੋ। ਉਨ੍ਹਾਂ ਦੇ ਨਾਂ ਸਨ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ। * ਬਾਬਲ ਦੇ ਰਾਜੇ ਨੇ ਸੋਨੇ ਦੀ ਬਣੀ ਵੱਡੀ ਮੂਰਤ ਅੱਗੇ ਮੱਥਾ ਟੇਕਣ ਦਾ ਹੁਕਮ ਦਿੱਤਾ। ਉਨ੍ਹਾਂ ਨੇ ਬੜੀ ਹੀ ਨਿਮਰਤਾ ਨਾਲ ਰਾਜੇ ਨੂੰ ਸਮਝਾਇਆ ਕਿ ਉਹ ਕਿਉਂ ਇਸ ਮੂਰਤ ਅੱਗੇ ਮੱਥਾ ਨਹੀਂ ਟੇਕਣਗੇ। ਭਾਵੇਂ ਰਾਜੇ ਨੇ ਉਨ੍ਹਾਂ ਨੂੰ ਬਲ਼ਦੀ ਭੱਠੀ ਵਿਚ ਸੁੱਟਣ ਦੀ ਧਮਕੀ ਦਿੱਤੀ, ਪਰ ਫਿਰ ਵੀ ਉਹ ਪਰਮੇਸ਼ੁਰ ਦੇ ਅਧੀਨ ਰਹੇ। ਯਹੋਵਾਹ ਨੇ ਉਨ੍ਹਾਂ ਨੂੰ ਉਸੇ ਵੇਲੇ ਬਚਾਇਆ, ਪਰ ਉਨ੍ਹਾਂ ਨੇ ਪਹਿਲਾਂ ਹੀ ਨਹੀਂ ਸੋਚ ਲਿਆ ਸੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਚਾਵੇਗਾ। ਇਸ ਦੀ ਬਜਾਇ, ਉਹ ਸਭ ਮੁਸੀਬਤਾਂ ਸਹਿਣ ਲਈ ਤਿਆਰ ਸਨ ਜੋ ਯਹੋਵਾਹ ਨੇ ਉਨ੍ਹਾਂ ’ਤੇ ਆਉਣ ਦੇਣੀਆਂ ਸਨ। (ਦਾਨੀ. 3:1, 8-28) ਉਨ੍ਹਾਂ ਨੇ ਸਾਬਤ ਕੀਤਾ ਕਿ ਨਿਮਰ ਲੋਕ ਵਾਕਈ ਦਲੇਰ ਹੁੰਦੇ ਹਨ। ਨਾ ਕੋਈ ਰਾਜਾ, ਨਾ ਕੋਈ ਧਮਕੀ ਤੇ ਨਾ ਹੀ ਕੋਈ ਸਜ਼ਾ ਸਾਨੂੰ ਯਹੋਵਾਹ ਦੀ ਭਗਤੀ ਕਰਨ ਤੋਂ ਰੋਕ ਸਕਦੀ ਹੈ।​—ਕੂਚ 20:4, 5.

13 ਪਰਮੇਸ਼ੁਰ ਪ੍ਰਤੀ ਸਾਡੀ ਵਫ਼ਾਦਾਰੀ ਪਰਖੀ ਜਾਣ ’ਤੇ ਅਸੀਂ ਇਨ੍ਹਾਂ ਤਿੰਨ ਇਬਰਾਨੀਆਂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਅਸੀਂ ਨਿਮਰ ਹਾਂ ਅਤੇ ਭਰੋਸਾ ਰੱਖਦੇ ਹਾਂ ਕਿ ਯਹੋਵਾਹ ਸਾਡੀ ਰਾਖੀ ਕਰੇਗਾ। (ਜ਼ਬੂ. 118:6, 7) ਜਿਹੜੇ ਲੋਕ ਸਾਡੇ ’ਤੇ ਗ਼ਲਤ ਕੰਮ ਕਰਨ ਦਾ ਦੋਸ਼ ਲਾਉਂਦੇ ਹਨ, ਅਸੀਂ ਉਨ੍ਹਾਂ ਨੂੰ ਨਰਮਾਈ ਅਤੇ ਆਦਰ ਨਾਲ ਜਵਾਬ ਦਿੰਦੇ ਹਾਂ। (1 ਪਤ. 3:15) ਨਾਲੇ ਅਸੀਂ ਉਹ ਹਰ ਕੰਮ ਕਰਨ ਤੋਂ ਇਨਕਾਰ ਕਰਦੇ ਹਾਂ ਜਿਸ ਕਰਕੇ ਸਾਡੇ ਪਿਆਰੇ ਪਿਤਾ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ।

ਜਦੋਂ ਲੋਕ ਸਾਡਾ ਵਿਰੋਧ ਕਰਦੇ ਹਨ, ਤਾਂ ਅਸੀਂ ਆਦਰ ਨਾਲ ਜਵਾਬ ਦਿੰਦੇ ਹਾਂ (ਪੈਰਾ 13 ਦੇਖੋ)

14-15. (ੳ) ਤਣਾਅ ਵਿਚ ਹੁੰਦਿਆਂ ਸਾਡੇ ਤੋਂ ਕੀ ਹੋ ਸਕਦਾ ਹੈ? (ਅ) ਯਸਾਯਾਹ 53:7, 10 ਅਨੁਸਾਰ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਤਣਾਅ ਵਿਚ ਨਿਮਰ ਰਹਿ ਕੇ ਸਭ ਤੋਂ ਸ਼ਾਨਦਾਰ ਮਿਸਾਲ ਕਾਇਮ ਕੀਤੀ?

14 ਜਦੋਂ ਤਣਾਅ ਵਿਚ ਹੁੰਦੇ ਹਾਂ: ਸਾਨੂੰ ਅਲੱਗ-ਅਲੱਗ ਕਾਰਨਾਂ ਕਰਕੇ ਤਣਾਅ ਹੁੰਦਾ ਹੈ। ਅਸੀਂ ਸ਼ਾਇਦ ਸਕੂਲ ਵਿਚ ਪੇਪਰ ਦੇਣ ਤੋਂ ਪਹਿਲਾਂ ਜਾਂ ਕੋਈ ਖ਼ਾਸ ਕੰਮ ਕਰਦਿਆਂ ਤਣਾਅ ਮਹਿਸੂਸ ਕੀਤਾ ਹੋਵੇ। ਜਾਂ ਸ਼ਾਇਦ ਅਸੀਂ ਉਦੋਂ ਵੀ ਤਣਾਅ ਮਹਿਸੂਸ ਕਰੀਏ ਜਦੋਂ ਸਾਨੂੰ ਕਿਸੇ ਡਾਕਟਰੀ ਇਲਾਜ ਦੀ ਲੋੜ ਪੈਂਦੀ ਹੈ। ਤਣਾਅ ਵਿਚ ਹੁੰਦਿਆਂ ਸਾਡੇ ਲਈ ਨਿਮਰ ਰਹਿਣਾ ਔਖਾ ਹੁੰਦਾ ਹੈ। ਜਿਨ੍ਹਾਂ ਗੱਲਾਂ ਨਾਲ ਸਾਨੂੰ ਪਹਿਲਾਂ ਕੋਈ ਫ਼ਰਕ ਨਹੀਂ ਪੈਂਦਾ ਸੀ, ਸ਼ਾਇਦ ਉਨ੍ਹਾਂ ਕਰਕੇ ਸਾਨੂੰ ਖਿੱਝ ਚੜ੍ਹਨ ਲੱਗ ਪਵੇ। ਅਸੀਂ ਸ਼ਾਇਦ ਦੂਜਿਆਂ ਨੂੰ ਬੁਰਾ-ਭਲਾ ਕਹਿ ਦੇਈਏ ਅਤੇ ਰੁੱਖੇ ਤਰੀਕੇ ਨਾਲ ਪੇਸ਼ ਆਈਏ। ਜੇ ਤੁਸੀਂ ਕਦੇ ਤਣਾਅ ਮਹਿਸੂਸ ਕੀਤਾ ਹੈ, ਤਾਂ ਯਿਸੂ ਦੀ ਮਿਸਾਲ ’ਤੇ ਗੌਰ ਕਰੋ।

15 ਧਰਤੀ ’ਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਮਹੀਨਿਆਂ ਦੌਰਾਨ ਯਿਸੂ ਬਹੁਤ ਤਣਾਅ ਵਿਚ ਸੀ। ਉਸ ਨੂੰ ਪਤਾ ਸੀ ਕਿ ਉਸ ਨੂੰ ਸੂਲ਼ੀ ’ਤੇ ਟੰਗਿਆ ਜਾਵੇਗਾ ਅਤੇ ਉਸ ਨੂੰ ਬਹੁਤ ਜ਼ਿਆਦਾ ਦੁੱਖ ਝੱਲਣੇ ਪੈਣਗੇ। (ਯੂਹੰ. 3:14, 15; ਗਲਾ. 3:13) ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਉਸ ਨੇ ਕਿਹਾ ਕਿ ਉਹ ਬਹੁਤ ਪਰੇਸ਼ਾਨ ਸੀ। (ਲੂਕਾ 12:50) ਨਾਲੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਯਿਸੂ ਨੇ ਕਿਹਾ: “ਮੇਰਾ ਮਨ ਬੜਾ ਪਰੇਸ਼ਾਨ ਹੈ।” ਉਸ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਦੇ ਸਾਮ੍ਹਣੇ ਜਿਸ ਤਰ੍ਹਾਂ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਨਿਮਰ ਤੇ ਅਧੀਨ ਸੀ। ਉਸ ਨੇ ਕਿਹਾ: “ਹੇ ਪਿਤਾ, ਮੈਨੂੰ ਇਸ ਮੁਸ਼ਕਲ ਘੜੀ ਤੋਂ ਬਚਾ। ਪਰ ਮੇਰੇ ’ਤੇ ਇਹ ਮੁਸ਼ਕਲ ਘੜੀ ਆਉਣੀ ਹੀ ਹੈ ਕਿਉਂਕਿ ਮੈਂ ਇਸੇ ਕਰਕੇ ਆਇਆ ਹਾਂ। ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ।” (ਯੂਹੰ. 12:27, 28) ਸਮਾਂ ਆਉਣ ’ਤੇ ਯਿਸੂ ਨੇ ਦਲੇਰੀ ਨਾਲ ਆਪਣੇ ਆਪ ਨੂੰ ਪਰਮੇਸ਼ੁਰ ਦੇ ਦੁਸ਼ਮਣਾਂ ਦੇ ਹੱਥ ਦੇ ਦਿੱਤਾ ਜਿਨ੍ਹਾਂ ਨੇ ਉਸ ਨੂੰ ਬਹੁਤ ਦੁੱਖ ਦੇ ਕੇ ਅਤੇ ਬੇਇੱਜ਼ਤ ਕਰ ਕੇ ਸੂਲ਼ੀ ’ਤੇ ਟੰਗਿਆ। ਤਣਾਅ ਤੇ ਦੁੱਖ ਵਿਚ ਹੋਣ ਦੇ ਬਾਵਜੂਦ ਯਿਸੂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ। ਬਿਨਾਂ ਸ਼ੱਕ, ਅਸੀਂ ਕਹਿ ਸਕਦੇ ਹਾਂ ਕਿ ਤਣਾਅ ਵਿਚ ਨਿਮਰ ਰਹਿਣ ਦੀ ਸਭ ਤੋਂ ਸ਼ਾਨਦਾਰ ਮਿਸਾਲ ਯਿਸੂ ਨੇ ਕਾਇਮ ਕੀਤੀ।​—ਯਸਾਯਾਹ 53:7, 10 ਪੜ੍ਹੋ।

ਯਿਸੂ ਨਿਮਰਤਾ ਦੀ ਸਭ ਤੋਂ ਸ਼ਾਨਦਾਰ ਮਿਸਾਲ ਹੈ (ਪੈਰੇ 16-17 ਦੇਖੋ) *

16-17. (ੳ) ਯਿਸੂ ਦੇ ਸਭ ਤੋਂ ਕਰੀਬੀ ਦੋਸਤਾਂ ਕਰਕੇ ਉਸ ਦੀ ਨਿਮਰਤਾ ਕਿਵੇਂ ਪਰਖੀ ਗਈ? (ਅ) ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?

16 ਧਰਤੀ ’ਤੇ ਯਿਸੂ ਦੀ ਆਖ਼ਰੀ ਰਾਤ ਵੇਲੇ ਉਸ ਦੇ ਸਭ ਤੋਂ ਕਰੀਬੀ ਦੋਸਤਾਂ ਕਰਕੇ ਉਸ ਦੀ ਨਿਮਰਤਾ ਪਰਖੀ ਗਈ। ਜ਼ਰਾ ਉਸ ਤਣਾਅ ਬਾਰੇ ਸੋਚੋ ਜੋ ਉਸ ਰਾਤ ਯਿਸੂ ਨੂੰ ਸੀ। ਕੀ ਉਸ ਨੇ ਆਪਣੀ ਮੌਤ ਤਕ ਪੂਰੀ ਤਰ੍ਹਾਂ ਵਫ਼ਾਦਾਰ ਰਹਿਣਾ ਸੀ? ਜੇ ਉਹ ਵਫ਼ਾਦਾਰ ਨਾ ਰਹਿੰਦਾ, ਤਾਂ ਕਿਸੇ ਨੂੰ ਵੀ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲਣੀ ਸੀ। (ਰੋਮੀ. 5:18, 19) ਇਸ ਤੋਂ ਵੀ ਅਹਿਮ ਗੱਲ ਸੀ ਕਿ ਉਸ ਦੇ ਕੰਮਾਂ ਨਾਲ ਜਾਂ ਤਾਂ ਉਸ ਦੇ ਪਿਤਾ ਦੀ ਬਦਨਾਮੀ ਹੋ ਸਕਦੀ ਸੀ ਜਾਂ ਉਸ ਦਾ ਨਾਂ ਰੌਸ਼ਨ ਹੋ ਸਕਦਾ ਸੀ। (ਅੱਯੂ. 2:4) ਫਿਰ ਆਖ਼ਰੀ ਖਾਣੇ ਦੌਰਾਨ ਉਸ ਦੇ ਸਭ ਤੋਂ ਕਰੀਬੀ ਦੋਸਤਾਂ ਯਾਨੀ ਰਸੂਲਾਂ ਵਿਚ ਇਸ ਗੱਲ ’ਤੇ ‘ਬਹਿਸ’ ਹੋਈ ਕਿ “ਉਨ੍ਹਾਂ ਵਿੱਚੋਂ ਵੱਡਾ ਕੌਣ ਸੀ।” ਯਿਸੂ ਨੇ ਇਸ ਮਾਮਲੇ ਸੰਬੰਧੀ ਆਪਣੇ ਦੋਸਤਾਂ ਨੂੰ ਕਈ ਵਾਰੀ ਸੁਧਾਰਿਆ ਸੀ, ਇੱਥੋਂ ਤਕ ਕਿ ਉਸੇ ਸ਼ਾਮ ਨੂੰ ਵੀ। ਪਰ ਹੈਰਾਨੀ ਦੀ ਗੱਲ ਹੈ ਕਿ ਯਿਸੂ ਖਿਝਿਆ ਨਹੀਂ। ਇਸ ਦੀ ਬਜਾਇ, ਉਹ ਸ਼ਾਂਤ ਰਿਹਾ। ਪਿਆਰ, ਪਰ ਪੂਰੀ ਦ੍ਰਿੜ੍ਹਤਾ ਨਾਲ ਯਿਸੂ ਨੇ ਦੁਬਾਰਾ ਤੋਂ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ ਦਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਸੀ। ਫਿਰ ਉਸ ਨੇ ਵਫ਼ਾਦਾਰੀ ਨਾਲ ਉਸ ਦਾ ਸਾਥ ਦੇਣ ਲਈ ਆਪਣੇ ਦੋਸਤਾਂ ਦੀ ਤਾਰੀਫ਼ ਕੀਤੀ।​—ਲੂਕਾ 22:24-28; ਯੂਹੰ. 13:1-5, 12-15.

17 ਜੇ ਤੁਹਾਡੇ ਨਾਲ ਇੱਦਾਂ ਦਾ ਕੁਝ ਹੁੰਦਾ, ਤਾਂ ਤੁਸੀਂ ਕੀ ਕਰਦੇ? ਤਣਾਅ ਵਿਚ ਹੁੰਦਿਆਂ ਵੀ ਅਸੀਂ ਯਿਸੂ ਦੀ ਰੀਸ ਕਰ ਸਕਦੇ ਹਾਂ ਅਤੇ ਨਰਮ ਸੁਭਾਅ ਦੇ ਬਣੇ ਰਹਿ ਸਕਦੇ ਹਾਂ। “ਇਕ-ਦੂਜੇ ਦੀ ਸਹਿੰਦੇ” ਰਹਿਣ ਦੇ ਯਹੋਵਾਹ ਦੇ ਹੁਕਮ ਨੂੰ ਖ਼ੁਸ਼ੀ-ਖ਼ੁਸ਼ੀ ਮੰਨੋ। (ਕੁਲੁ. 3:13) ਅਸੀਂ ਇਹ ਹੁਕਮ ਮੰਨਾਂਗੇ ਜੇ ਅਸੀਂ ਇਹ ਯਾਦ ਰੱਖਾਂਗੇ ਕਿ ਅਸੀਂ ਵੀ ਆਪਣੀ ਕਹਿਣੀ ਤੇ ਕਰਨੀ ਰਾਹੀਂ ਦੂਜਿਆਂ ਨੂੰ ਖਿੱਝ ਚੜ੍ਹਾ ਦਿੰਦੇ ਹਾਂ। (ਕਹਾ. 12:18; ਯਾਕੂ. 3:2, 5) ਨਾਲੇ ਹਮੇਸ਼ਾ ਦੂਜਿਆਂ ਦੇ ਗੁਣਾਂ ਦੀ ਤਾਰੀਫ਼ ਕਰੋ।​—ਅਫ਼. 4:29.

ਹਮੇਸ਼ਾ ਨਿਮਰ ਬਣੇ ਰਹਿਣ ਦੀ ਕੋਸ਼ਿਸ਼ ਕਿਉਂ ਕਰੀਏ?

18. ਯਹੋਵਾਹ ਨਿਮਰ ਲੋਕਾਂ ਦੀ ਸਹੀ ਫ਼ੈਸਲੇ ਕਰਨ ਵਿਚ ਕਿਵੇਂ ਮਦਦ ਕਰਦਾ ਹੈ, ਪਰ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ?

18 ਅਸੀਂ ਸਹੀ ਫ਼ੈਸਲੇ ਕਰ ਸਕਾਂਗੇ। ਜਦੋਂ ਜ਼ਿੰਦਗੀ ਵਿਚ ਸਾਡੇ ਲਈ ਕੋਈ ਫ਼ੈਸਲਾ ਕਰਨਾ ਔਖਾ ਹੁੰਦਾ ਹੈ, ਤਾਂ ਯਹੋਵਾਹ ਸਾਡੀ ਸਹੀ ਫ਼ੈਸਲਾ ਕਰਨ ਵਿਚ ਮਦਦ ਕਰੇਗਾ। ਪਰ ਉਹ ਸਿਰਫ਼ ਉਦੋਂ ਸਾਡੀ ਮਦਦ ਕਰੇਗਾ ਜੇ ਅਸੀਂ ਨਿਮਰ ਹਾਂ। ਉਹ ਵਾਅਦਾ ਕਰਦਾ ਹੈ ਕਿ ਉਹ ਨਿਮਰ ਲੋਕਾਂ ਦੀ ਫ਼ਰਿਆਦ ਸੁਣੇਗਾ। (ਜ਼ਬੂ. 10:17) ਨਾਲੇ ਉਹ ਸਾਡੀ ਫ਼ਰਿਆਦ ਸੁਣਨ ਤੋਂ ਇਲਾਵਾ ਵੀ ਕੁਝ ਕਰੇਗਾ। ਬਾਈਬਲ ਵਾਅਦਾ ਕਰਦੀ ਹੈ: “ਉਹ ਮਸਕੀਨਾਂ ਦੀ ਅਗਵਾਈ ਨਿਆਉਂ ਨਾਲ ਕਰੇਗਾ, ਅਤੇ ਅਧੀਨਾਂ ਨੂੰ ਆਪਣਾ ਰਾਹ ਸਿਖਾਲੇਗਾ।” (ਜ਼ਬੂ. 25:9) ਯਹੋਵਾਹ ਬਾਈਬਲ ਦੇ ਨਾਲ-ਨਾਲ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵੱਲੋਂ ਤਿਆਰ ਕੀਤੇ ਜਾਂਦੇ ਪ੍ਰਕਾਸ਼ਨਾਂ, * ਵੀਡੀਓ ਤੇ ਸਭਾਵਾਂ ਰਾਹੀਂ ਵੀ ਸਾਨੂੰ ਸੇਧ ਦਿੰਦਾ ਹੈ। (ਮੱਤੀ 24:45-47) ਯਹੋਵਾਹ ਵੱਲੋਂ ਦਿੱਤੇ ਜਾਂਦੇ ਪ੍ਰਕਾਸ਼ਨਾਂ ਦਾ ਅਧਿਐਨ ਕਰ ਕੇ ਅਤੇ ਸਿੱਖੀਆਂ ਗੱਲਾਂ ਨੂੰ ਖ਼ੁਸ਼ੀ-ਖ਼ੁਸ਼ੀ ਲਾਗੂ ਕਰ ਕੇ ਅਸੀਂ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ ਕਿ ਸਾਨੂੰ ਯਹੋਵਾਹ ਦੀ ਮਦਦ ਦੀ ਲੋੜ ਹੈ।

19-21. ਮੂਸਾ ਨੇ ਕਾਦੇਸ਼ ਵਿਚ ਕਿਹੜੀ ਗ਼ਲਤੀ ਕੀਤੀ ਅਤੇ ਇਸ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?

19 ਅਸੀਂ ਗ਼ਲਤੀਆਂ ਕਰਨ ਤੋਂ ਬਚਾਂਗੇ। ਦੁਬਾਰਾ ਮੂਸਾ ਬਾਰੇ ਸੋਚੋ। ਕਈ ਦਹਾਕਿਆਂ ਤਕ ਉਹ ਨਿਮਰ ਰਿਹਾ ਅਤੇ ਯਹੋਵਾਹ ਨੂੰ ਖ਼ੁਸ਼ ਕਰਦਾ ਰਿਹਾ। ਪਰ ਜਦੋਂ ਇਜ਼ਰਾਈਲੀਆਂ ਦਾ ਉਜਾੜ ਵਿਚ 40 ਸਾਲ ਦਾ ਸਫ਼ਰ ਲਗਭਗ ਮੁੱਕਣ ਹੀ ਵਾਲਾ ਸੀ, ਉਦੋਂ ਮੂਸਾ ਨਿਮਰਤਾ ਦਿਖਾਉਣ ਵਿਚ ਨਾਕਾਮ ਰਿਹਾ। ਮਿਸਰ ਵਿਚ ਸ਼ਾਇਦ ਜਿਸ ਭੈਣ ਨੇ ਮੂਸਾ ਦੀ ਜਾਨ ਬਚਾਈ ਸੀ, ਉਸ ਦੀ ਅਜੇ ਮੌਤ ਹੋਈ ਹੀ ਸੀ ਅਤੇ ਉਸ ਨੂੰ ਕਾਦੇਸ਼ ਵਿਚ ਦਫ਼ਨਾਇਆ ਗਿਆ ਸੀ। ਹੁਣ ਫਿਰ ਤੋਂ ਇਜ਼ਰਾਈਲੀ ਕਹਿਣ ਲੱਗ ਪਏ ਕਿ ਉਨ੍ਹਾਂ ਦੀ ਸਹੀ ਤਰੀਕੇ ਨਾਲ ਦੇਖ-ਭਾਲ ਨਹੀਂ ਕੀਤੀ ਜਾ ਰਹੀ। ਇਸ ਸਮੇਂ ਉਹ ਪਾਣੀ ਦੀ ਕਮੀ ਕਰਕੇ “ਮੂਸਾ ਨਾਲ ਝਗੜਨ” ਲੱਗੇ। ਭਾਵੇਂ ਕਿ ਯਹੋਵਾਹ ਨੇ ਮੂਸਾ ਨੂੰ ਬਹੁਤ ਸਾਰੇ ਚਮਤਕਾਰ ਕਰਨ ਦੀ ਤਾਕਤ ਦਿੱਤੀ ਸੀ ਅਤੇ ਭਾਵੇਂ ਮੂਸਾ ਇੰਨੇ ਸਮੇਂ ਤੋਂ ਬਿਨਾਂ ਸੁਆਰਥ ਤੋਂ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ, ਪਰ ਫਿਰ ਵੀ ਉਹ ਬੁੜਬੁੜਾਉਣ ਲੱਗੇ। ਉਨ੍ਹਾਂ ਨੇ ਸਿਰਫ਼ ਪਾਣੀ ਦੀ ਕਮੀ ਬਾਰੇ ਹੀ ਨਹੀਂ, ਸਗੋਂ ਮੂਸਾ ਬਾਰੇ ਵੀ ਸ਼ਿਕਾਇਤ ਕੀਤੀ ਜਿਵੇਂ ਉਹ ਮੂਸਾ ਕਰਕੇ ਪਿਆਸੇ ਸਨ।​—ਗਿਣ. 20:1-5, 9-11.

20 ਗੁੱਸੇ ਵਿਚ ਆ ਕੇ ਮੂਸਾ ਨਿਮਰ ਨਹੀਂ ਰਿਹਾ। ਭਾਵੇਂ ਯਹੋਵਾਹ ਨੇ ਮੂਸਾ ਨੂੰ ਚਟਾਨ ਨਾਲ ਗੱਲ ਕਰਨ ਦਾ ਹੁਕਮ ਦਿੱਤਾ ਸੀ, ਪਰ ਉਸ ਨੇ ਕਠੋਰਤਾ ਨਾਲ ਲੋਕਾਂ ਨਾਲ ਗੱਲ ਕੀਤੀ ਤੇ ਕਿਹਾ ਕਿ ਉਹ ਚਮਤਕਾਰ ਕਰੇਗਾ। ਫਿਰ ਉਸ ਨੇ ਚਟਾਨ ਨੂੰ ਦੋ ਵਾਰ ਮਾਰਿਆ ਅਤੇ ਉਸ ਵਿੱਚੋਂ ਪਾਣੀ ਨਿਕਲ ਆਇਆ। ਘਮੰਡ ਤੇ ਗੁੱਸੇ ਕਰਕੇ ਉਹ ਗੰਭੀਰ ਗ਼ਲਤੀ ਕਰ ਬੈਠਾ। (ਜ਼ਬੂ. 106:32, 33) ਉਸ ਸਮੇਂ ਨਿਮਰਤਾ ਨਾ ਦਿਖਾਉਣ ਕਰਕੇ ਮੂਸਾ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।—ਗਿਣ. 20:12.

21 ਇਸ ਮਿਸਾਲ ਤੋਂ ਅਸੀਂ ਅਹਿਮ ਸਬਕ ਸਿੱਖਦੇ ਹਾਂ। ਪਹਿਲਾ, ਸਾਨੂੰ ਨਿਮਰਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਨਿਮਰਤਾ ਦਿਖਾਉਣੀ ਛੱਡ ਦਿੰਦੇ ਹਾਂ, ਤਾਂ ਸ਼ਾਇਦ ਅਸੀਂ ਛੇਤੀ ਹੀ ਘਮੰਡੀ ਬਣ ਜਾਈਏ ਜਿਸ ਕਰਕੇ ਅਸੀਂ ਨਾਸਮਝੀ ਵਿਚ ਬੋਲਣ ਅਤੇ ਕੰਮ ਕਰਨ ਲੱਗ ਪਈਏ। ਦੂਜਾ, ਤਣਾਅ ਵਿਚ ਹੁੰਦਿਆਂ ਨਿਮਰ ਰਹਿਣਾ ਔਖਾ ਹੋ ਸਕਦਾ ਹੈ। ਇਸ ਲਈ ਦਬਾਅ ਵਿਚ ਹੁੰਦਿਆਂ ਵੀ ਸਾਨੂੰ ਨਿਮਰ ਬਣੇ ਰਹਿਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ।

22-23. (ੳ) ਸਾਨੂੰ ਹਮੇਸ਼ਾ ਨਿਮਰ ਕਿਉਂ ਰਹਿਣਾ ਚਾਹੀਦਾ ਹੈ? (ਅ) ਸਫ਼ਨਯਾਹ 2:3 ਤੋਂ ਕੀ ਪਤਾ ਲੱਗਦਾ ਹੈ?

22 ਅਸੀਂ ਬਚਾਏ ਜਾਵਾਂਗੇ। ਜਲਦੀ ਹੀ ਯਹੋਵਾਹ ਧਰਤੀ ਤੋਂ ਦੁਸ਼ਟ ਲੋਕਾਂ ਨੂੰ ਖ਼ਤਮ ਕਰੇਗਾ ਅਤੇ ਸਿਰਫ਼ ਨਿਮਰ ਲੋਕ ਹੀ ਧਰਤੀ ’ਤੇ ਰਹਿਣਗੇ। ਫਿਰ ਧਰਤੀ ਉੱਤੇ ਸੱਚੀ ਸ਼ਾਂਤੀ ਹੋਵੇਗੀ। (ਜ਼ਬੂ. 37:10, 11) ਕੀ ਤੁਸੀਂ ਉਨ੍ਹਾਂ ਨਿਮਰ ਲੋਕਾਂ ਵਿਚ ਹੋਵੋਗੇ? ਤੁਸੀਂ ਉਨ੍ਹਾਂ ਵਿਚ ਹੋ ਸਕਦੇ ਹੋ ਜੇ ਤੁਸੀਂ ਯਹੋਵਾਹ ਵੱਲੋਂ ਦਿੱਤੇ ਸੱਦੇ ਮੁਤਾਬਕ ਕੰਮ ਕਰੋ ਜੋ ਉਸ ਨੇ ਸਫ਼ਨਯਾਹ ਨਬੀ ਦੁਆਰਾ ਦਰਜ ਕਰਵਾਇਆ ਹੈ।​—ਸਫ਼ਨਯਾਹ 2:3 ਪੜ੍ਹੋ।

23 ਸਫ਼ਨਯਾਹ 2:3 ਵਿਚ ਕਿਉਂ ਕਿਹਾ ਗਿਆ ਹੈ ਕਿ “ਸ਼ਾਇਤ ਤੁਸੀਂ . . . ਲੁੱਕੇ ਰਹੋਗੇ”? ਇਸ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਬਚਾਉਣ ਦੇ ਕਾਬਲ ਨਹੀਂ ਹੈ ਜੋ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਅਤੇ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਇਸ ਦੀ ਬਜਾਇ, ਇਸ ਦਾ ਇਹ ਮਤਲਬ ਹੈ ਕਿ ਬਚਣ ਲਈ ਸਾਨੂੰ ਕੁਝ ਕਰਨ ਦੀ ਲੋੜ ਹੈ। ਜੇ ਅਸੀਂ ਅੱਜ ਨਿਮਰ ਬਣਨ ਅਤੇ ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ “ਯਹੋਵਾਹ ਦੇ ਕ੍ਰੋਧ ਦੇ ਦਿਨ” ਤੋਂ ਬਚ ਸਕਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਾਂ।

ਗੀਤ 21 ਖ਼ੁਸ਼ ਹਨ ਦਇਆਵਾਨ!

^ ਪੈਰਾ 5 ਕੋਈ ਵੀ ਇਨਸਾਨ ਜਨਮ ਤੋਂ ਹੀ ਨਿਮਰ ਨਹੀਂ ਹੁੰਦਾ। ਸਾਨੂੰ ਸਾਰਿਆਂ ਨੂੰ ਨਿਮਰਤਾ ਦਾ ਗੁਣ ਪੈਦਾ ਕਰਨ ਦੀ ਲੋੜ ਹੁੰਦੀ ਹੈ। ਸ਼ਾਇਦ ਸਾਡੇ ਲਈ ਸ਼ਾਂਤ ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਸੌਖਾ ਹੋਵੇ, ਪਰ ਸ਼ਾਇਦ ਘਮੰਡੀ ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਬਹੁਤ ਔਖਾ ਹੋਵੇ। ਇਸ ਲੇਖ ਵਿਚ ਅਸੀਂ ਕੁਝ ਰੁਕਾਵਟਾਂ ਬਾਰੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਪਾਰ ਕਰ ਕੇ ਅਸੀਂ ਆਪਣੇ ਵਿਚ ਇਹ ਖ਼ੂਬਸੂਰਤ ਗੁਣ ਪੈਦਾ ਕਰ ਸਕਦੇ ਹਾਂ।

^ ਪੈਰਾ 3 ਸ਼ਬਦ ਦਾ ਮਤਲਬ: ਨਿਮਰਤਾ। ਨਿਮਰ ਇਨਸਾਨ ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ ਅਤੇ ਉਦੋਂ ਵੀ ਸ਼ਾਂਤ ਰਹਿੰਦੇ ਹਨ ਜਦੋਂ ਉਨ੍ਹਾਂ ਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ। ਨਿਮਰ ਲੋਕ ਘਮੰਡੀ ਜਾਂ ਹੰਕਾਰੀ ਵੀ ਨਹੀਂ ਹੁੰਦੇ। ਉਹ ਦੂਜਿਆਂ ਨੂੰ ਆਪਣੇ ਨਾਲੋਂ ਚੰਗਾ ਸਮਝਦੇ ਹਨ। ਯਹੋਵਾਹ ਵੀ ਨਿਮਰਤਾ ਦਿਖਾਉਂਦਾ ਹੈ। ਉਹ ਸਾਡੇ ਵਰਗੇ ਪਾਪੀ ਇਨਸਾਨਾਂ ਨਾਲ ਪਿਆਰ ਤੇ ਦਇਆ ਨਾਲ ਪੇਸ਼ ਆਉਂਦਾ ਹੈ।

^ ਪੈਰਾ 12 ਬਾਬਲੀਆਂ ਨੇ ਇਨ੍ਹਾਂ ਤਿੰਨ ਇਬਰਾਨੀਆਂ ਦੇ ਇਹ ਨਾਂ ਰੱਖੇ, ਸ਼ਦਰਕ, ਮੇਸ਼ਕ ਅਤੇ ਅਬੇਦ-ਨਗੋ।​—ਦਾਨੀ. 1:7.

^ ਪੈਰਾ 18 ਮਿਸਾਲ ਲਈ, 15 ਅਪ੍ਰੈਲ 2011 ਦੇ ਪਹਿਰਾਬੁਰਜ ਵਿੱਚੋਂ “ਉਹ ਫ਼ੈਸਲੇ ਕਰੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ” ਨਾਂ ਦਾ ਲੇਖ ਦੇਖੋ।

^ ਪੈਰਾ 59 ਤਸਵੀਰ ਬਾਰੇ ਜਾਣਕਾਰੀ: ਯਿਸੂ ਨਰਮ ਸੁਭਾਅ ਦਾ ਸੀ ਅਤੇ ਉਸ ਨੇ ਸ਼ਾਂਤੀ ਨਾਲ ਆਪਣੇ ਚੇਲਿਆਂ ਨੂੰ ਸੁਧਾਰਿਆ ਜਦੋਂ ਉਹ ਬਹਿਸ ਕਰ ਰਹੇ ਸਨ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਸੀ।