Skip to content

Skip to table of contents

ਅਧਿਐਨ ਲੇਖ 12

ਇਕ-ਦੂਜੇ ਲਈ ਹਮਦਰਦੀ ਦਿਖਾਓ

ਇਕ-ਦੂਜੇ ਲਈ ਹਮਦਰਦੀ ਦਿਖਾਓ

“ਤੁਸੀਂ ਸਾਰੇ ਜਣੇ . . . ਇਕ-ਦੂਜੇ ਲਈ ਹਮਦਰਦੀ ਦਿਖਾਓ।”​—1 ਪਤ. 3:8.

ਗੀਤ 53 ਏਕਤਾ ਬਣਾਈ ਰੱਖੋ

ਖ਼ਾਸ ਗੱਲਾਂ *

1. 1 ਪਤਰਸ 3:8 ਮੁਤਾਬਕ ਸਾਨੂੰ ਕਿਉਂ ਖ਼ੁਸ਼ੀ ਹੁੰਦੀ ਹੈ ਜਦੋਂ ਲੋਕ ਸਾਡੀਆਂ ਭਾਵਨਾਵਾਂ ਦੀ ਪਰਵਾਹ ਕਰਦੇ ਹਨ ਅਤੇ ਸਾਡਾ ਭਲਾ ਚਾਹੁੰਦੇ ਹਨ?

ਸਾਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਸਾਡੇ ਆਲੇ-ਦੁਆਲੇ ਦੇ ਲੋਕ ਸਾਡੀਆਂ ਭਾਵਨਾਵਾਂ ਦੀ ਪਰਵਾਹ ਕਰਦੇ ਹਨ ਅਤੇ ਸਾਡਾ ਭਲਾ ਚਾਹੁੰਦੇ ਹਨ। ਉਹ ਆਪਣੇ ਆਪ ਨੂੰ ਸਾਡੀ ਜਗ੍ਹਾ ’ਤੇ ਰੱਖ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਕੀ ਸੋਚ ਰਹੇ ਹਾਂ ਅਤੇ ਕੀ ਮਹਿਸੂਸ ਕਰ ਰਹੇ ਹਾਂ। ਉਹ ਸਾਡੇ ਦੱਸਣ ਤੋਂ ਪਹਿਲਾਂ ਹੀ ਸਾਡੀਆਂ ਲੋੜਾਂ ਜਾਣ ਲੈਂਦੇ ਹਨ ਅਤੇ ਕਈ ਵਾਰ ਤਾਂ ਉਹ ਸਾਡੇ ਕਹਿਣ ਤੋਂ ਪਹਿਲਾਂ ਹੀ ਸਾਡੀ ਮਦਦ ਕਰ ਦਿੰਦੇ ਹਨ। ਅਸੀਂ ਉਨ੍ਹਾਂ ਲੋਕਾਂ ਦੀ ਬਹੁਤ ਕਦਰ ਕਰਦੇ ਹਾਂ ਜੋ ਸਾਡੇ ਨਾਲ “ਹਮਦਰਦੀ” * ਰੱਖਦੇ ਹਨ।​—1 ਪਤਰਸ 3:8 ਪੜ੍ਹੋ।

2. ਸ਼ਾਇਦ ਸਾਨੂੰ ਹਮਦਰਦੀ ਦਿਖਾਉਣ ਦੀ ਪੂਰੀ ਕੋਸ਼ਿਸ਼ ਕਿਉਂ ਕਰਨੀ ਪਵੇ?

2 ਮਸੀਹੀਆਂ ਵਜੋਂ, ਅਸੀਂ ਸਾਰੇ ਜਣੇ ਹਮਦਰਦੀ ਦਿਖਾਉਣੀ ਚਾਹੁੰਦੇ ਹਾਂ। ਪਰ ਹਮੇਸ਼ਾ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੁੰਦਾ। ਕਿਉਂ? ਕਿਉਂਕਿ ਅਸੀਂ ਪਾਪੀ ਹਾਂ। (ਰੋਮੀ. 3:23) ਸਾਡਾ ਸੁਭਾਅ ਹੈ ਕਿ ਅਸੀਂ ਆਪਣੇ ਬਾਰੇ ਹੀ ਸੋਚਦੇ ਹਾਂ। ਇਸ ਲਈ ਸਾਨੂੰ ਦੂਜਿਆਂ ਲਈ ਪਰਵਾਹ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਾਲੇ ਸ਼ਾਇਦ ਸਾਡੇ ਨਾਲ ਜ਼ਿੰਦਗੀ ਵਿਚ ਜੋ ਹੋਇਆ ਜਾਂ ਸਾਡੀ ਪਰਵਰਿਸ਼ ਕਰਕੇ ਵੀ ਸਾਨੂੰ ਹਮਦਰਦੀ ਦਿਖਾਉਣੀ ਔਖੀ ਲੱਗਦੀ ਹੋਵੇ। ਇਸ ਤੋਂ ਇਲਾਵਾ, ਸ਼ਾਇਦ ਸਾਡੇ ’ਤੇ ਆਲੇ-ਦੁਆਲੇ ਦੇ ਲੋਕਾਂ ਦੇ ਰਵੱਈਏ ਦਾ ਵੀ ਅਸਰ ਹੋਵੇ। ਇਨ੍ਹਾਂ ਆਖ਼ਰੀ ਦਿਨਾਂ ਵਿਚ ਬਹੁਤ ਸਾਰੇ ਲੋਕਾਂ ਨੂੰ ਦੂਜਿਆਂ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਹੈ। ਇਸ ਦੀ ਬਜਾਇ, ਉਹ “ਸੁਆਰਥੀ” ਹਨ। (2 ਤਿਮੋ. 3:1, 2) ਹਮਦਰਦੀ ਦਿਖਾਉਣ ਦੇ ਰਾਹ ਵਿਚ ਆਉਣ ਵਾਲੀਆਂ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

3. (ੳ) ਅਸੀਂ ਹੋਰ ਵੀ ਜ਼ਿਆਦਾ ਹਮਦਰਦੀ ਕਿਵੇਂ ਦਿਖਾ ਸਕਦੇ ਹਾਂ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਰੀਸ ਕਰ ਕੇ ਅਸੀਂ ਹੋਰ ਵੀ ਜ਼ਿਆਦਾ ਹਮਦਰਦੀ ਦਿਖਾ ਸਕਦੇ ਹਾਂ। ਯਹੋਵਾਹ ਪਿਆਰ ਦਾ ਪਰਮੇਸ਼ੁਰ ਹੈ ਜਿਸ ਕਰਕੇ ਦੂਜਿਆਂ ਨੂੰ ਹਮਦਰਦੀ ਦਿਖਾਉਣ ਸੰਬੰਧੀ ਉਸ ਦੀ ਮਿਸਾਲ ਸਭ ਤੋਂ ਵਧੀਆ ਹੈ। (1 ਯੂਹੰ. 4:8) ਯਿਸੂ ਨੇ ਆਪਣੇ ਪਿਤਾ ਦੀ ਹੂ-ਬਹੂ ਰੀਸ ਕੀਤੀ। (ਯੂਹੰ. 14:9) ਧਰਤੀ ’ਤੇ ਹੁੰਦਿਆਂ ਉਸ ਨੇ ਦਿਖਾਇਆ ਕਿ ਇਕ ਇਨਸਾਨ ਹਮਦਰਦੀ ਕਿਵੇਂ ਦਿਖਾ ਸਕਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਤੇ ਯਿਸੂ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਨੂੰ ਦੂਜਿਆਂ ਦੀਆਂ ਭਾਵਨਾਵਾਂ ਦੀ ਪਰਵਾਹ ਹੈ। ਫਿਰ ਅਸੀਂ ਦੇਖਾਂਗੇ ਕਿ ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਹਮਦਰਦੀ ਦਿਖਾਉਣ ਸੰਬੰਧੀ ਯਹੋਵਾਹ ਦੀ ਮਿਸਾਲ

4. ਯਸਾਯਾਹ 63:7-9 ਕਿਵੇਂ ਦਿਖਾਉਂਦਾ ਹੈ ਕਿ ਯਹੋਵਾਹ ਨੂੰ ਆਪਣੇ ਸੇਵਕਾਂ ਦੀਆਂ ਭਾਵਨਾਵਾਂ ਦੀ ਪਰਵਾਹ ਹੈ?

4 ਬਾਈਬਲ ਦੱਸਦੀ ਹੈ ਕਿ ਯਹੋਵਾਹ ਨੂੰ ਆਪਣੇ ਸੇਵਕਾਂ ਦੀਆਂ ਭਾਵਨਾਵਾਂ ਦੀ ਪਰਵਾਹ ਹੈ। ਮਿਸਾਲ ਲਈ, ਗੌਰ ਕਰੋ ਕਿ ਜਦੋਂ ਇਜ਼ਰਾਈਲੀ ਅਲੱਗ-ਅਲੱਗ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਸਨ, ਤਾਂ ਯਹੋਵਾਹ ਨੂੰ ਕਿਵੇਂ ਲੱਗਾ। ਪਰਮੇਸ਼ੁਰ ਦਾ ਬਚਨ ਦੱਸਦਾ ਹੈ: “ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ।” (ਯਸਾਯਾਹ 63:7-9 ਪੜ੍ਹੋ।) ਬਾਅਦ ਵਿਚ, ਜ਼ਕਰਯਾਹ ਨਬੀ ਦੁਆਰਾ ਯਹੋਵਾਹ ਨੇ ਦੱਸਿਆ ਕਿ ਜਦੋਂ ਉਸ ਦੇ ਲੋਕਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ, ਤਾਂ ਉਸ ਨੂੰ ਇੱਦਾਂ ਲੱਗਦਾ ਹੈ ਜਿੱਦਾਂ ਉਸ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਯਹੋਵਾਹ ਨੇ ਆਪਣੇ ਸੇਵਕਾਂ ਬਾਰੇ ਕਿਹਾ: “ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਉਸ ਦੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ।” (ਜ਼ਕ. 2:8) ਯਹੋਵਾਹ ਵੱਲੋਂ ਆਪਣੇ ਲੋਕਾਂ ਲਈ ਪਰਵਾਹ ਦਿਖਾਉਣ ਦੀ ਕਿੰਨੀ ਹੀ ਵਧੀਆ ਮਿਸਾਲ!

ਹਮਦਰਦੀ ਹੋਣ ਕਰਕੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਇਆ (ਪੈਰਾ 5 ਦੇਖੋ)

5. ਇਕ ਮਿਸਾਲ ਦਿਓ ਕਿ ਯਹੋਵਾਹ ਨੇ ਕਿਵੇਂ ਆਪਣੇ ਦੁਖੀ ਸੇਵਕਾਂ ਦੀ ਮਦਦ ਕਰਨ ਲਈ ਕਦਮ ਚੁੱਕਿਆ।

5 ਯਹੋਵਾਹ ਆਪਣੇ ਦੁਖੀ ਸੇਵਕਾਂ ਲਈ ਸਿਰਫ਼ ਹਮਦਰਦੀ ਹੀ ਨਹੀਂ ਰੱਖਦਾ, ਸਗੋਂ ਉਨ੍ਹਾਂ ਦੀ ਮਦਦ ਕਰਨ ਲਈ ਕਦਮ ਵੀ ਚੁੱਕਦਾ ਹੈ। ਮਿਸਾਲ ਲਈ, ਜਦੋਂ ਇਜ਼ਰਾਈਲੀ ਮਿਸਰ ਵਿਚ ਗ਼ੁਲਾਮਾਂ ਵਜੋਂ ਦੁੱਖ ਭੋਗ ਰਹੇ ਸਨ, ਤਾਂ ਯਹੋਵਾਹ ਨੇ ਉਨ੍ਹਾਂ ਦੇ ਦੁੱਖਾਂ ਨੂੰ ਸਮਝਿਆ ਅਤੇ ਉਨ੍ਹਾਂ ਨੂੰ ਆਜ਼ਾਦ ਕਰਾਉਣ ਲਈ ਪ੍ਰੇਰਿਤ ਹੋਇਆ। ਯਹੋਵਾਹ ਨੇ ਮੂਸਾ ਨੂੰ ਕਿਹਾ: ‘ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ। ਮੈਂ ਉੱਤਰਿਆ ਹਾਂ ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ।’ (ਕੂਚ 3:7, 8) ਆਪਣੇ ਲੋਕਾਂ ਨਾਲ ਹਮਦਰਦੀ ਹੋਣ ਕਰਕੇ ਉਸ ਨੇ ਉਨ੍ਹਾਂ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਾਇਆ। ਸਦੀਆਂ ਬਾਅਦ, ਵਾਅਦਾ ਕੀਤੇ ਹੋਏ ਦੇਸ਼ ਵਿਚ ਦੁਸ਼ਮਣਾਂ ਨੇ ਇਜ਼ਰਾਈਲੀਆਂ ’ਤੇ ਹਮਲੇ ਕੀਤੇ। ਯਹੋਵਾਹ ਨੇ ਕੀ ਕੀਤਾ? ਉਸ ਨੇ “ਉਨ੍ਹਾਂ ਦੀ ਦੁਹਾਈ ਤੋਂ ਜੋ ਓਹ ਆਪਣੇ ਦੁਖਦਾਈ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ ਰੰਜ ਕੀਤਾ।” ਹਮਦਰਦੀ ਹੋਣ ਕਰਕੇ ਯਹੋਵਾਹ ਫਿਰ ਤੋਂ ਉਨ੍ਹਾਂ ਦੀ ਮਦਦ ਕਰਨ ਲਈ ਪ੍ਰੇਰਿਤ ਹੋਇਆ। ਉਸ ਨੇ ਇਜ਼ਰਾਈਲੀਆਂ ਨੂੰ ਦੁਸ਼ਮਣਾਂ ਦੇ ਹੱਥੋਂ ਬਚਾਉਣ ਲਈ ਨਿਆਈਆਂ ਨੂੰ ਭੇਜਿਆ।​—ਨਿਆ. 2:16, 18.

6. ਇਕ ਮਿਸਾਲ ਦਿਓ ਕਿ ਕਿਵੇਂ ਯਹੋਵਾਹ ਨੇ ਉਸ ਵਿਅਕਤੀ ਦੀਆਂ ਭਾਵਨਾਵਾਂ ਲਈ ਉਦੋਂ ਵੀ ਪਰਵਾਹ ਦਿਖਾਈ ਜਦੋਂ ਉਸ ਦੀ ਸੋਚ ਗ਼ਲਤ ਸੀ।

6 ਯਹੋਵਾਹ ਆਪਣੇ ਲੋਕਾਂ ਦੀਆਂ ਭਾਵਨਾਵਾਂ ਦੀ ਉਦੋਂ ਵੀ ਪਰਵਾਹ ਕਰਦਾ ਹੈ ਜਦੋਂ ਉਨ੍ਹਾਂ ਦੀ ਸੋਚ ਗ਼ਲਤ ਹੁੰਦੀ ਹੈ। ਜ਼ਰਾ ਯੂਨਾਹ ਦੀ ਮਿਸਾਲ ’ਤੇ ਗੌਰ ਕਰੋ। ਪਰਮੇਸ਼ੁਰ ਨੇ ਆਪਣੇ ਇਸ ਨਬੀ ਨੂੰ ਨੀਨਵਾਹ ਵਿਚ ਸਜ਼ਾ ਦਾ ਸੰਦੇਸ਼ ਸੁਣਾਉਣ ਲਈ ਭੇਜਿਆ ਸੀ। ਜਦੋਂ ਨੀਨਵਾਹ ਦੇ ਵਾਸੀਆਂ ਨੇ ਤੋਬਾ ਕੀਤੀ, ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਨਾਸ਼ ਨਾ ਕਰਨ ਦਾ ਫ਼ੈਸਲਾ ਕੀਤਾ। ਪਰ ਯੂਨਾਹ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਸੀ। ਨਾਸ਼ ਹੋਣ ਦੀ ਭਵਿੱਖਬਾਣੀ ਪੂਰੀ ਨਾ ਹੋਣ ਕਰਕੇ “ਉਹ ਭਬਕ ਉੱਠਿਆ।” ਪਰ ਯਹੋਵਾਹ ਯੂਨਾਹ ਨਾਲ ਧੀਰਜ ਨਾਲ ਪੇਸ਼ ਆਇਆ ਅਤੇ ਉਸ ਦੀ ਸੋਚ ਸੁਧਾਰੀ। (ਯੂਨਾ. 3:10–4:11) ਸਮੇਂ ਦੇ ਬੀਤਣ ਨਾਲ ਉਸ ਨੂੰ ਯਹੋਵਾਹ ਦੀ ਗੱਲ ਸਮਝ ਆ ਗਈ। ਉਸ ਨੂੰ ਤਾਂ ਯਹੋਵਾਹ ਨੇ ਇਹ ਬਿਰਤਾਂਤ ਲਿਖਣ ਲਈ ਵੀ ਵਰਤਿਆ ਤਾਂਕਿ ਸਾਨੂੰ ਫ਼ਾਇਦਾ ਹੋ ਸਕੇ।​—ਰੋਮੀ. 15:4. *

7. ਆਪਣੇ ਲੋਕਾਂ ਨਾਲ ਯਹੋਵਾਹ ਦੇ ਪੇਸ਼ ਆਉਣ ਦੇ ਤਰੀਕੇ ਤੋਂ ਸਾਨੂੰ ਕਿਹੜਾ ਭਰੋਸਾ ਮਿਲਦਾ ਹੈ?

7 ਆਪਣੇ ਲੋਕਾਂ ਨਾਲ ਯਹੋਵਾਹ ਦੇ ਪੇਸ਼ ਆਉਣ ਦੇ ਤਰੀਕੇ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਉਸ ਨੂੰ ਆਪਣੇ ਸੇਵਕਾਂ ਨਾਲ ਹਮਦਰਦੀ ਹੈ। ਉਹ ਸਾਡੇ ਹਰੇਕ ਦੇ ਦੁੱਖ-ਦਰਦ ਜਾਣਦਾ ਹੈ। ਯਹੋਵਾਹ ਵਾਕਈ ਸਾਡੇ “ਦਿਲ ਨੂੰ ਜਾਣਦਾ ਹੈਂ।” (2 ਇਤ. 6:30) ਉਹ ਸਾਡੀਆਂ ਸੋਚਾਂ, ਗਹਿਰੀਆਂ ਭਾਵਨਾਵਾਂ ਅਤੇ ਕਮੀਆਂ-ਕਮਜ਼ੋਰੀਆਂ ਨੂੰ ਸਮਝਦਾ ਹੈ। ਨਾਲੇ ‘ਜਿੰਨਾ ਅਸੀਂ ਬਰਦਾਸ਼ਤ ਕਰ ਸਕਦੇ ਹਾਂ, ਉਸ ਤੋਂ ਵੱਧ ਉਹ ਸਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ।’ (1 ਕੁਰਿੰ. 10:13) ਇਸ ਵਾਅਦੇ ਤੋਂ ਸਾਨੂੰ ਕਿੰਨਾ ਹੀ ਹੌਸਲਾ ਮਿਲਦਾ ਹੈ!

ਹਮਦਰਦੀ ਦਿਖਾਉਣ ਸੰਬੰਧੀ ਯਿਸੂ ਦੀ ਮਿਸਾਲ

8-10. ਕਿਹੜੀਆਂ ਗੱਲਾਂ ਨੇ ਯਿਸੂ ਦੀ ਦੂਜਿਆਂ ਪ੍ਰਤੀ ਪਰਵਾਹ ਦਿਖਾਉਣ ਵਿਚ ਮਦਦ ਕੀਤੀ ਹੋਣੀ?

8 ਧਰਤੀ ’ਤੇ ਹੁੰਦਿਆਂ ਯਿਸੂ ਦੂਜਿਆਂ ਦੀ ਦਿਲੋਂ ਪਰਵਾਹ ਕਰਦਾ ਸੀ। ਘੱਟੋ-ਘੱਟ ਤਿੰਨ ਗੱਲਾਂ ਕਰਕੇ ਯਿਸੂ ਨੇ ਦੂਜਿਆਂ ਦੀ ਪਰਵਾਹ ਕੀਤੀ ਹੋਣੀ। ਪਹਿਲੀ ਗੱਲ, ਜਿੱਦਾਂ ਉੱਪਰ ਦੱਸਿਆ ਗਿਆ ਸੀ ਕਿ ਯਿਸੂ ਨੇ ਆਪਣੇ ਸਵਰਗੀ ਪਿਤਾ ਦੀ ਹੂ-ਬਹੂ ਰੀਸ ਕੀਤੀ। ਆਪਣੇ ਪਿਤਾ ਵਾਂਗ ਯਿਸੂ ਲੋਕਾਂ ਨੂੰ ਪਿਆਰ ਕਰਦਾ ਸੀ। ਭਾਵੇਂ ਕਿ ਯਿਸੂ ਨੂੰ ਯਹੋਵਾਹ ਨਾਲ ਮਿਲ ਕੇ ਹਰ ਚੀਜ਼ ਬਣਾਉਣ ਵਿਚ ਖ਼ੁਸ਼ੀ ਮਿਲੀ, ਪਰ ਖ਼ਾਸ ਕਰਕੇ ਉਹ “ਆਦਮ ਵੰਸੀਆਂ ਨਾਲ ਪਰਸੰਨ” ਹੁੰਦਾ ਸੀ ਯਾਨੀ ਉਸ ਨੂੰ ਇਨਸਾਨਾਂ ਨਾਲ ਗਹਿਰਾ ਲਗਾਅ ਸੀ। (ਕਹਾ. 8:31) ਪਿਆਰ ਕਰਕੇ ਯਿਸੂ ਦੂਜਿਆਂ ਦੀਆਂ ਭਾਵਨਾਵਾਂ ਦੀ ਪਰਵਾਹ ਕਰ ਸਕਿਆ।

9 ਦੂਜੀ ਗੱਲ, ਯਹੋਵਾਹ ਦੀ ਤਰ੍ਹਾਂ ਯਿਸੂ ਦਿਲਾਂ ਨੂੰ ਪੜ੍ਹ ਸਕਦਾ ਹੈ। ਉਹ ਇਨਸਾਨਾਂ ਦੇ ਇਰਾਦਿਆਂ ਅਤੇ ਭਾਵਨਾਵਾਂ ਨੂੰ ਜਾਣ ਸਕਦਾ ਹੈ। (ਮੱਤੀ 9:4; ਯੂਹੰ. 13:10, 11) ਇਸ ਲਈ ਲੋਕਾਂ ਨੂੰ ਨਿਰਾਸ਼ ਦੇਖ ਕੇ ਯਿਸੂ ਨੇ ਉਨ੍ਹਾਂ ਲਈ ਪਰਵਾਹ ਦਿਖਾਈ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ।​—ਯਸਾ. 61:1, 2; ਲੂਕਾ 4:17-21.

10 ਤੀਜੀ ਗੱਲ, ਲੋਕਾਂ ਵਾਂਗ ਯਿਸੂ ’ਤੇ ਵੀ ਕੁਝ ਮੁਸ਼ਕਲਾਂ ਆਈਆਂ ਸਨ। ਮਿਸਾਲ ਲਈ, ਯਿਸੂ ਦੀ ਪਰਵਰਿਸ਼ ਇਕ ਗ਼ਰੀਬ ਪਰਿਵਾਰ ਵਿਚ ਹੋਈ ਸੀ। ਧਰਤੀ ’ਤੇ ਹੁੰਦਿਆਂ ਯਿਸੂ ਨੇ ਆਪਣੇ ਪਿਤਾ ਯੂਸੁਫ਼ ਤੋਂ ਸਖ਼ਤ ਮਿਹਨਤ ਕਰਨੀ ਸਿੱਖੀ। (ਮੱਤੀ 13:55; ਮਰ. 6:3) ਲੱਗਦਾ ਹੈ ਕਿ ਯਿਸੂ ਵੱਲੋਂ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ ਹੀ ਯੂਸੁਫ਼ ਦੀ ਮੌਤ ਹੋ ਗਈ ਸੀ। ਇਸ ਲਈ ਯਿਸੂ ਨੇ ਆਪਣੇ ਪਿਆਰੇ ਦੀ ਮੌਤ ਦਾ ਦੁੱਖ ਸਹਿਆ ਸੀ। ਨਾਲੇ ਯਿਸੂ ਜਾਣਦਾ ਸੀ ਕਿ ਅਲੱਗ-ਅਲੱਗ ਵਿਸ਼ਵਾਸ ਰੱਖਣ ਵਾਲੇ ਪਰਿਵਾਰ ਦੇ ਮੈਂਬਰਾਂ ਨਾਲ ਰਹਿਣਾ ਕੀ ਹੁੰਦਾ ਹੈ। (ਯੂਹੰ. 7:5) ਇਹ ਅਤੇ ਹੋਰ ਹਾਲਾਤਾਂ ਨੇ ਯਿਸੂ ਦੀ ਆਮ ਲੋਕਾਂ ਦੀਆਂ ਮੁਸ਼ਕਲਾਂ ਅਤੇ ਭਾਵਨਾਵਾਂ ਨੂੰ ਸਮਝਣ ਵਿਚ ਮਦਦ ਕੀਤੀ।

ਯਿਸੂ ਤਰਸ ਖਾ ਕੇ ਇਕ ਗੁੰਗੇ ਅਤੇ ਬੋਲ਼ੇ ਵਿਅਕਤੀ ਨੂੰ ਭੀੜ ਤੋਂ ਦੂਰ ਲਿਜਾ ਕੇ ਠੀਕ ਕਰਦਾ ਹੋਇਆ (ਪੈਰਾ 11 ਦੇਖੋ)

11. ਖ਼ਾਸ ਕਰਕੇ ਕਦੋਂ ਸਬੂਤ ਮਿਲਿਆ ਕਿ ਯਿਸੂ ਨੂੰ ਲੋਕਾਂ ਦੀ ਪਰਵਾਹ ਸੀ? ਸਮਝਾਓ। (ਪਹਿਲੇ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

11 ਖ਼ਾਸ ਕਰਕੇ ਯਿਸੂ ਦੇ ਚਮਤਕਾਰਾਂ ਤੋਂ ਸਬੂਤ ਮਿਲਿਆ ਕਿ ਉਸ ਨੂੰ ਲੋਕਾਂ ਦੀ ਪਰਵਾਹ ਸੀ। ਯਿਸੂ ਨੇ ਸਿਰਫ਼ ਇਸ ਲਈ ਚਮਤਕਾਰ ਨਹੀਂ ਕੀਤੇ ਕਿ ਉਸ ਨੂੰ ਕਰਨੇ ਪੈਣੇ ਸਨ, ਪਰ ਉਸ ਨੂੰ ਦੁਖੀ ਲੋਕਾਂ ’ਤੇ “ਤਰਸ ਆਇਆ।” (ਮੱਤੀ 20:29-34; ਮਰ. 1:40-42) ਮਿਸਾਲ ਲਈ, ਜ਼ਰਾ ਯਿਸੂ ਦੀਆਂ ਭਾਵਨਾਵਾਂ ਬਾਰੇ ਸੋਚੋ ਜਦੋਂ ਉਹ ਇਕ ਬੋਲ਼ੇ ਆਦਮੀ ਨੂੰ ਠੀਕ ਕਰਨ ਲਈ ਭੀੜ ਤੋਂ ਦੂਰ ਲੈ ਕੇ ਗਿਆ ਜਾਂ ਉਸ ਨੇ ਵਿਧਵਾ ਦੇ ਇਕਲੌਤੇ ਪੁੱਤਰ ਨੂੰ ਜੀਉਂਦਾ ਕੀਤਾ। (ਮਰ. 7:32-35; ਲੂਕਾ 7:12-15) ਯਿਸੂ ਨੂੰ ਉਨ੍ਹਾਂ ਲੋਕਾਂ ’ਤੇ ਤਰਸ ਆਇਆ ਅਤੇ ਉਹ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ।

12. ਯੂਹੰਨਾ 11:32-35 ਮੁਤਾਬਕ ਯਿਸੂ ਨੇ ਮਾਰਥਾ ਤੇ ਮਰੀਅਮ ਨੂੰ ਹਮਦਰਦੀ ਕਿਵੇਂ ਦਿਖਾਈ?

12 ਯਿਸੂ ਨੇ ਮਾਰਥਾ ਤੇ ਮਰੀਅਮ ਨੂੰ ਹਮਦਰਦੀ ਦਿਖਾਈ। ਜਦੋਂ ਉਹ ਆਪਣੇ ਭਰਾ ਲਾਜ਼ਰ ਦੀ ਮੌਤ ਦਾ ਸੋਗ ਮਨਾ ਰਹੀਆਂ ਸਨ, ਤਾਂ “ਯਿਸੂ ਰੋਇਆ।” (ਯੂਹੰਨਾ 11:32-35) ਉਹ ਇਸ ਕਰਕੇ ਨਹੀਂ ਰੋਇਆ ਸੀ ਕਿ ਉਸ ਨੇ ਆਪਣਾ ਪੱਕਾ ਦੋਸਤ ਗੁਆ ਲਿਆ ਸੀ। ਉਸ ਨੂੰ ਪਤਾ ਸੀ ਕਿ ਉਸ ਨੇ ਲਾਜ਼ਰ ਨੂੰ ਜੀਉਂਦਾ ਕਰ ਦੇਣਾ ਸੀ। ਪਰ ਉਹ ਇਸ ਕਰਕੇ ਰੋਇਆ ਸੀ ਕਿਉਂਕਿ ਉਹ ਮਾਰਥਾ ਤੇ ਮਰੀਅਮ ਦਾ ਦੁੱਖ ਸਮਝਦਾ ਸੀ।

13. ਸਾਨੂੰ ਇਹ ਜਾਣ ਕੇ ਹੌਸਲਾ ਕਿਉਂ ਮਿਲਦਾ ਹੈ ਕਿ ਯਿਸੂ ਨੂੰ ਲੋਕਾਂ ਨਾਲ ਹਮਦਰਦੀ ਹੈ?

13 ਸਾਨੂੰ ਇਹ ਜਾਣ ਕੇ ਹੌਸਲਾ ਮਿਲਦਾ ਹੈ ਕਿ ਯਿਸੂ ਨੂੰ ਲੋਕਾਂ ਨਾਲ ਹਮਦਰਦੀ ਹੈ। ਬਿਨਾਂ ਸ਼ੱਕ, ਅਸੀਂ ਯਿਸੂ ਵਾਂਗ ਮੁਕੰਮਲ ਨਹੀਂ ਹਾਂ। ਪਰ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਕਿਉਂਕਿ ਉਹ ਦੂਜਿਆਂ ਨਾਲ ਹਮਦਰਦੀ ਨਾਲ ਪੇਸ਼ ਆਇਆ। (1 ਪਤ. 1:8) ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਉਹ ਹੁਣ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਰਾਜ ਕਰ ਰਿਹਾ ਹੈ। ਜਲਦੀ ਹੀ ਉਹ ਸ਼ੈਤਾਨ ਦੇ ਰਾਜ ਕਰਕੇ ਆਏ ਸਾਰੇ ਦੁੱਖਾਂ ਨੂੰ ਖ਼ਤਮ ਕਰ ਦੇਵੇਗਾ। ਯਿਸੂ ਲੋਕਾਂ ਨੂੰ ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਦੇਣ ਲਈ ਸਭ ਤੋਂ ਕਾਬਲ ਹੈ ਕਿਉਂਕਿ ਉਹ ਵੀ ਇਨਸਾਨ ਵਜੋਂ ਇਹ ਦੁੱਖ ਦੇਖ ਚੁੱਕਾ ਹੈ। ਵਾਕਈ, ਇਹ ਸਾਡੇ ਲਈ ਇਕ ਬਰਕਤ ਹੈ ਕਿ ਸਾਡਾ ਰਾਜਾ “ਸਾਡੀਆਂ ਕਮਜ਼ੋਰੀਆਂ ਨੂੰ ਸਮਝ” ਸਕਦਾ ਹੈ।​—ਇਬ. 2:17, 18; 4:15, 16.

ਯਹੋਵਾਹ ਤੇ ਯਿਸੂ ਦੀ ਮਿਸਾਲ ਦੀ ਰੀਸ ਕਰੋ

14. ਅਫ਼ਸੀਆਂ 5:1, 2 ਮੁਤਾਬਕ ਅਸੀਂ ਕੀ ਕਰਨ ਲਈ ਪ੍ਰੇਰਿਤ ਹੁੰਦੇ ਹਾਂ?

14 ਯਹੋਵਾਹ ਤੇ ਯਿਸੂ ਦੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਹੋਰ ਜ਼ਿਆਦਾ ਹਮਦਰਦੀ ਦਿਖਾਉਣ ਲਈ ਪ੍ਰੇਰਿਤ ਹੁੰਦੇ ਹਾਂ। (ਅਫ਼ਸੀਆਂ 5:1, 2 ਪੜ੍ਹੋ।) ਅਸੀਂ ਉਨ੍ਹਾਂ ਵਾਂਗ ਦੂਜਿਆਂ ਦੇ ਦਿਲ ਨਹੀਂ ਪੜ੍ਹ ਸਕਦੇ। ਪਰ ਫਿਰ ਵੀ ਅਸੀਂ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹਾਂ। (2 ਕੁਰਿੰ. 11:29) ਦੁਨੀਆਂ ਦੇ ਸੁਆਰਥੀ ਲੋਕਾਂ ਤੋਂ ਉਲਟ ਅਸੀਂ ‘ਆਪਣੇ ਬਾਰੇ ਹੀ ਨਹੀਂ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚਣ’ ਦੀ ਕੋਸ਼ਿਸ਼ ਕਰਦੇ ਹਾਂ।’​—ਫ਼ਿਲਿ. 2:4.

(ਪੈਰੇ 15-19 ਦੇਖੋ) *

15. ਕਿਨ੍ਹਾਂ ਨੂੰ ਖ਼ਾਸ ਕਰਕੇ ਹਮਦਰਦੀ ਦਿਖਾਉਣ ਦੀ ਲੋੜ ਹੈ?

15 ਮੰਡਲੀ ਦੇ ਬਜ਼ੁਰਗਾਂ ਨੂੰ ਖ਼ਾਸ ਕਰਕੇ ਹਮਦਰਦੀ ਦਿਖਾਉਣ ਦੀ ਲੋੜ ਹੈ। ਉਨ੍ਹਾਂ ਨੂੰ ਪਤਾ ਹੈ ਕਿ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਾ ਹਿਸਾਬ ਯਹੋਵਾਹ ਨੂੰ ਦੇਣਾ ਪੈਣਾ। (ਇਬ. 13:17) ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਬਜ਼ੁਰਗਾਂ ਨੂੰ ਹਮਦਰਦੀ ਦਿਖਾਉਣ ਦੀ ਲੋੜ ਹੈ। ਬਜ਼ੁਰਗ ਹਮਦਰਦੀ ਕਿਵੇਂ ਦਿਖਾ ਸਕਦੇ ਹਨ?

16. ਹਮਦਰਦੀ ਰੱਖਣ ਵਾਲਾ ਬਜ਼ੁਰਗ ਕੀ ਕਰਦਾ ਹੈ ਅਤੇ ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ?

16 ਹਮਦਰਦੀ ਰੱਖਣ ਵਾਲਾ ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਂਦਾ ਹੈ। ਉਹ ਸਵਾਲ ਪੁੱਛਦਾ ਹੈ ਅਤੇ ਧਿਆਨ ਤੇ ਧੀਰਜ ਨਾਲ ਉਨ੍ਹਾਂ ਦੀ ਗੱਲ ਸੁਣਦਾ ਹੈ। ਇੱਦਾਂ ਕਰਨਾ ਉਦੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਦੋਂ ਕੋਈ ਭੈਣ ਜਾਂ ਭਰਾ ਆਪਣੇ ਦਿਲ ਦੀਆਂ ਗੱਲਾਂ ਦੱਸਣੀਆਂ ਚਾਹੁੰਦਾ ਹੈ, ਪਰ ਉਸ ਕੋਲ ਆਪਣੀਆਂ ਗੱਲਾਂ ਦੱਸਣ ਲਈ ਸਹੀ ਸ਼ਬਦ ਨਹੀਂ ਹੁੰਦੇ। (ਕਹਾ. 20:5) ਜਦੋਂ ਇਕ ਬਜ਼ੁਰਗ ਖ਼ੁਸ਼ੀ ਨਾਲ ਆਪਣਾ ਸਮਾਂ ਭੈਣਾਂ-ਭਰਾਵਾਂ ਨੂੰ ਦਿੰਦਾ ਹੈ, ਤਾਂ ਉਨ੍ਹਾਂ ਦਾ ਪਿਆਰ ਤੇ ਇਕ-ਦੂਜੇ ’ਤੇ ਭਰੋਸਾ ਵਧਦਾ ਹੈ ਅਤੇ ਦੋਸਤੀ ਹੋਰ ਗੂੜ੍ਹੀ ਹੁੰਦੀ ਹੈ।​—ਰਸੂ. 20:37.

17. ਬਹੁਤ ਸਾਰੇ ਭੈਣ-ਭਰਾ ਬਜ਼ੁਰਗਾਂ ਵਿਚ ਕਿਹੜੇ ਗੁਣ ਦੀ ਸਭ ਤੋਂ ਜ਼ਿਆਦਾ ਕਦਰ ਕਰਦੇ ਹਨ? ਇਕ ਮਿਸਾਲ ਦਿਓ।

17 ਬਹੁਤ ਸਾਰੇ ਭੈਣ-ਭਰਾ ਕਹਿੰਦੇ ਹਨ ਕਿ ਬਜ਼ੁਰਗਾਂ ਵਿਚ ਹਮਦਰਦੀ ਦੇ ਗੁਣ ਦੀ ਉਹ ਸਭ ਤੋਂ ਜ਼ਿਆਦਾ ਕਦਰ ਕਰਦੇ ਹਨ। ਕਿਉਂ? ਐਡੀਲੇਡ ਕਹਿੰਦੀ ਹੈ: “ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਉਹ ਸਾਡੀਆਂ ਭਾਵਨਾਵਾਂ ਸਮਝਦੇ ਹਨ, ਤਾਂ ਸਾਡੇ ਲਈ ਉਨ੍ਹਾਂ ਨਾਲ ਗੱਲ ਕਰਨੀ ਸੌਖੀ ਹੁੰਦੀ ਹੈ।” ਉਹ ਅੱਗੇ ਦੱਸਦੀ ਹੈ: “ਉਹ ਜਿਸ ਤਰੀਕੇ ਨਾਲ ਸਾਡੀ ਗੱਲ ਦਾ ਜਵਾਬ ਦਿੰਦੇ ਹਨ, ਉਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਨ੍ਹਾਂ ਨੂੰ ਸਾਡੇ ਨਾਲ ਹਮਦਰਦੀ ਹੈ।” ਇਕ ਭਰਾ ਉਸ ਬਜ਼ੁਰਗ ਦਾ ਸ਼ੁਕਰਗੁਜ਼ਾਰ ਹੈ ਜੋ ਉਸ ਨਾਲ ਵਧੀਆ ਤਰੀਕੇ ਨਾਲ ਪੇਸ਼ ਆਇਆ। ਉਹ ਦੱਸਦਾ ਹੈ: “ਜਦੋਂ ਮੈਂ ਇਕ ਬਜ਼ੁਰਗ ਨੂੰ ਆਪਣੇ ਬਾਰੇ ਦੱਸ ਰਿਹਾ ਸੀ, ਤਾਂ ਮੈਂ ਦੇਖਿਆ ਕਿ ਉਸ ਦੀਆਂ ਅੱਖਾਂ ਭਰ ਆਈਆਂ। ਮੈਂ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਾਂਗਾ।”​—ਰੋਮੀ. 12:15.

18. ਅਸੀਂ ਹਮਦਰਦੀ ਦਾ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ?

18 ਬਿਨਾਂ ਸ਼ੱਕ, ਸਿਰਫ਼ ਬਜ਼ੁਰਗਾਂ ਨੂੰ ਹੀ ਹਮਦਰਦੀ ਦਿਖਾਉਣ ਦੀ ਲੋੜ ਨਹੀਂ ਹੈ। ਅਸੀਂ ਸਾਰੇ ਜਣੇ ਇਹ ਗੁਣ ਪੈਦਾ ਕਰ ਸਕਦੇ ਹਾਂ। ਕਿਵੇਂ? ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਜਾਂ ਮੰਡਲੀ ਦੇ ਭੈਣ-ਭਰਾ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਮੰਡਲੀ ਦੇ ਨੌਜਵਾਨਾਂ, ਬੀਮਾਰ, ਸਿਆਣੀ ਉਮਰ ਦੇ ਅਤੇ ਸੋਗ ਮਨਾ ਰਹੇ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲਓ। ਉਨ੍ਹਾਂ ਦਾ ਹਾਲ-ਚਾਲ ਪੁੱਛੋ। ਜਦੋਂ ਉਹ ਆਪਣੇ ਦਿਲ ਦੀਆਂ ਗੱਲਾਂ ਦੱਸਦੇ ਹਨ, ਤਾਂ ਧਿਆਨ ਨਾਲ ਸੁਣੋ। ਦਿਖਾਓ ਕਿ ਤੁਸੀਂ ਉਨ੍ਹਾਂ ਦੇ ਹਾਲਾਤਾਂ ਨੂੰ ਵਾਕਈ ਸਮਝਦੇ ਹੋ। ਆਪਣੀ ਪੂਰੀ ਵਾਹ ਲਾ ਕੇ ਉਨ੍ਹਾਂ ਦੀ ਮਦਦ ਕਰੋ। ਇੱਦਾਂ ਕਰਨ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਾਂ।​—1 ਯੂਹੰ. 3:18.

19. ਦੂਜਿਆਂ ਦੀ ਮਦਦ ਕਰਦਿਆਂ ਸਾਨੂੰ ਹਾਲਾਤਾਂ ਮੁਤਾਬਕ ਢਲ਼ਣ ਦੀ ਕਿਉਂ ਲੋੜ ਹੈ?

19 ਦੂਜਿਆਂ ਦੀ ਮਦਦ ਕਰਦਿਆਂ ਸਾਨੂੰ ਹਾਲਾਤਾਂ ਮੁਤਾਬਕ ਢਲ਼ਣ ਦੀ ਲੋੜ ਹੈ। ਕਿਉਂ? ਕਿਉਂਕਿ ਮੁਸ਼ਕਲ ਹਾਲਾਤਾਂ ਵਿਚ ਲੋਕ ਅਲੱਗ-ਅਲੱਗ ਤਰੀਕਿਆਂ ਨਾਲ ਪੇਸ਼ ਆਉਂਦੇ ਹਨ। ਕਈ ਆਪਣੀਆਂ ਮੁਸ਼ਕਲਾਂ ਬਾਰੇ ਗੱਲ ਕਰਨ ਲਈ ਉਤਾਵਲੇ ਹੁੰਦੇ ਹਨ ਜਦ ਕਿ ਕਈ ਜਣੇ ਗੱਲ ਨਹੀਂ ਕਰਨੀ ਚਾਹੁੰਦੇ। ਇਸ ਲਈ ਭਾਵੇਂ ਅਸੀਂ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਾਂ, ਪਰ ਸਾਨੂੰ ਅਜਿਹੇ ਸਵਾਲ ਨਹੀਂ ਪੁੱਛਣੇ ਚਾਹੀਦੇ ਜਿਨ੍ਹਾਂ ਨਾਲ ਉਨ੍ਹਾਂ ਨੂੰ ਸ਼ਰਮਿੰਦਗੀ ਹੋਵੇ। (1 ਥੱਸ. 4:11) ਜਦੋਂ ਦੂਜੇ ਸਾਨੂੰ ਦੱਸਦੇ ਹਨ ਕਿ ਉਹ ਕਿਵੇਂ ਮਹਿਸੂਸ ਕਰਦੇ ਹਨ, ਤਾਂ ਸ਼ਾਇਦ ਅਸੀਂ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਾ ਹੋਈਏ। ਪਰ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਉਹ ਆਪਣੀਆਂ ਭਾਵਨਾਵਾਂ ਬਾਰੇ ਦੱਸ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਅਸੀਂ ਸੁਣਨ ਲਈ ਤਿਆਰ ਰਹੀਏ ਤੇ ਬੋਲਣ ਵਿਚ ਕਾਹਲੀ ਨਾ ਕਰੀਏ।​—ਮੱਤੀ 7:1; ਯਾਕੂ. 1:19.

20. ਅਗਲੇ ਲੇਖ ਵਿਚ ਅਸੀਂ ਕਿਸ ਗੱਲ ’ਤੇ ਚਰਚਾ ਕਰਾਂਗੇ?

20 ਮੰਡਲੀ ਵਿਚ ਹਮਦਰਦੀ ਦਿਖਾਉਣ ਦੇ ਨਾਲ-ਨਾਲ ਅਸੀਂ ਪ੍ਰਚਾਰ ਵਿਚ ਵੀ ਇਹ ਵਧੀਆ ਗੁਣ ਦਿਖਾਉਣਾ ਚਾਹੁੰਦੇ ਹਾਂ। ਚੇਲੇ ਬਣਾਉਂਦਿਆਂ ਅਸੀਂ ਹਮਦਰਦੀ ਕਿਵੇਂ ਦਿਖਾ ਸਕਦੇ ਹਾਂ? ਅਗਲੇ ਲੇਖ ਵਿਚ ਅਸੀਂ ਇਸ ਗੱਲ ’ਤੇ ਚਰਚਾ ਕਰਾਂਗੇ।

ਗੀਤ 35 ਪਰਮੇਸ਼ੁਰ ਦੇ ਧੀਰਜ ਲਈ ਕਦਰ ਦਿਖਾਓ

^ ਪੈਰਾ 5 ਯਹੋਵਾਹ ਤੇ ਯਿਸੂ ਨੂੰ ਦੂਜਿਆਂ ਦੀਆਂ ਭਾਵਨਾਵਾਂ ਦੀ ਪਰਵਾਹ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਉਨ੍ਹਾਂ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ। ਅਸੀਂ ਇਹ ਵੀ ਦੇਖਾਂਗੇ ਕਿ ਸਾਨੂੰ ਦੂਜਿਆਂ ਨੂੰ ਹਮਦਰਦੀ ਦਿਖਾਉਣ ਦੀ ਕਿਉਂ ਲੋੜ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ।

^ ਪੈਰਾ 1 ਸ਼ਬਦ ਦਾ ਮਤਲਬ: “ਹਮਦਰਦੀ” ਦਿਖਾਉਣ ਦਾ ਮਤਲਬ ਹੈ ਕਿ ਅਸੀਂ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਅਸੀਂ ਉਨ੍ਹਾਂ ਵਾਂਗ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। (ਰੋਮੀ. 12:15) ਇਸ ਲੇਖ ਵਿਚ “ਹਮਦਰਦੀ” ਅਤੇ “ਪਰਵਾਹ” ਦੋਨਾਂ ਸ਼ਬਦਾਂ ਦਾ ਇੱਕੋ ਹੀ ਮਤਲਬ ਹੈ।

^ ਪੈਰਾ 6 ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਵੀ ਹਮਦਰਦੀ ਦਿਖਾਈ ਜੋ ਨਿਰਾਸ਼ ਹੋ ਗਏ ਸਨ ਜਾਂ ਡਰ ਗਏ ਸਨ। ਜ਼ਰਾ ਹੰਨਾਹ (1 ਸਮੂ. 1:10-20), ਏਲੀਯਾਹ (1 ਰਾਜ. 19:1-18) ਅਤੇ ਅਬਦ-ਮਲਕ (ਯਿਰ. 38:7-13; 39:15-18) ਦੀਆਂ ਮਿਸਾਲਾਂ ’ਤੇ ਗੌਰ ਕਰੋ।

^ ਪੈਰਾ 65 ਤਸਵੀਰਾਂ ਬਾਰੇ ਜਾਣਕਾਰੀ: ਕਿੰਗਡਮ ਹਾਲ ਵਿਚ ਹਮਦਰਦੀ ਦਿਖਾਉਣ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ। ਅਸੀਂ ਦੇਖ ਸਕਦੇ ਹਾਂ ਕਿ (1) ਇਕ ਬਜ਼ੁਰਗ ਇਕ ਜਵਾਨ ਪ੍ਰਚਾਰਕ ਤੇ ਉਸ ਦੀ ਮਾਂ ਨਾਲ ਗੱਲ ਕਰਦਾ ਹੋਇਆ, (2) ਇਕ ਪਿਤਾ ਤੇ ਉਸ ਦੀ ਧੀ ਇਕ ਸਿਆਣੀ ਉਮਰ ਦੀ ਭੈਣ ਨੂੰ ਕਾਰ ਤਕ ਲੈ ਕੇ ਜਾਂਦੇ ਹੋਏ ਅਤੇ (3) ਦੋ ਬਜ਼ੁਰਗ ਇਕ ਭੈਣ ਦੀ ਗੱਲ ਧਿਆਨ ਨਾਲ ਸੁਣਦੇ ਹੋਏ।