Skip to content

Skip to table of contents

ਅਧਿਐਨ ਲੇਖ 13

ਪ੍ਰਚਾਰ ਵਿਚ ਲੋਕਾਂ ਨੂੰ ਹਮਦਰਦੀ ਦਿਖਾਓ

ਪ੍ਰਚਾਰ ਵਿਚ ਲੋਕਾਂ ਨੂੰ ਹਮਦਰਦੀ ਦਿਖਾਓ

“ਉਸ ਨੂੰ ਉਨ੍ਹਾਂ ’ਤੇ ਤਰਸ ਆਇਆ . . . ਅਤੇ ਉਹ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗ ਪਿਆ।”​—ਮਰ. 6:34.

ਗੀਤ 44 ਖ਼ੁਸ਼ੀ ਨਾਲ ਵਾਢੀ ਕਰੋ

ਖ਼ਾਸ ਗੱਲਾਂ *

1. ਯਿਸੂ ਦਾ ਸਭ ਤੋਂ ਛੂਹ ਜਾਣ ਵਾਲਾ ਗੁਣ ਕਿਹੜਾ ਹੈ? ਸਮਝਾਓ।

ਯਿਸੂ ਦਾ ਸਭ ਤੋਂ ਛੂਹ ਜਾਣ ਵਾਲਾ ਗੁਣ ਹੈ ਕਿ ਉਹ ਨਾਮੁਕੰਮਲ ਇਨਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੈ। ਧਰਤੀ ’ਤੇ ਹੁੰਦਿਆਂ ਯਿਸੂ ਨੇ “ਖ਼ੁਸ਼ੀਆਂ ਮਨਾਉਣ ਵਾਲੇ ਲੋਕਾਂ ਨਾਲ ਖ਼ੁਸ਼ੀਆਂ” ਮਨਾਈਆਂ ਅਤੇ “ਰੋਣ ਵਾਲੇ ਲੋਕਾਂ” ਨਾਲ ਰੋਇਆ। (ਰੋਮੀ. 12:15) ਮਿਸਾਲ ਲਈ, ਜਦੋਂ ਯਿਸੂ ਦੇ 70 ਚੇਲੇ ਪ੍ਰਚਾਰ ਤੋਂ ਖ਼ੁਸ਼ੀ-ਖ਼ੁਸ਼ੀ ਵਾਪਸ ਆਏ, ਤਾਂ ਯਿਸੂ ‘ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਖ਼ੁਸ਼’ ਹੋਇਆ। (ਲੂਕਾ 10:17-21) ਦੂਜੇ ਪਾਸੇ, ਜਦੋਂ ਯਿਸੂ ਨੇ ਦੇਖਿਆ ਕਿ ਲਾਜ਼ਰ ਦੀ ਮੌਤ ਕਰਕੇ ਉਸ ਦੇ ਕਰੀਬੀ ਰਿਸ਼ਤੇਦਾਰ ਕਿੰਨੇ ਦੁਖੀ ਸਨ, ਤਾਂ “ਉਸ ਦਾ ਵੀ ਦਿਲ ਭਰ ਆਇਆ ਅਤੇ ਉਹ ਬਹੁਤ ਦੁਖੀ ਹੋਇਆ।”​—ਯੂਹੰ. 11:33.

2. ਯਿਸੂ ਲੋਕਾਂ ਲਈ ਹਮਦਰਦੀ ਕਿਉਂ ਦਿਖਾ ਸਕਿਆ?

2 ਚਾਹੇ ਯਿਸੂ ਮੁਕੰਮਲ ਇਨਸਾਨ ਸੀ, ਪਰ ਉਹ ਨਾਮੁਕੰਮਲ ਇਨਸਾਨਾਂ ਉੱਤੇ ਦਇਆ ਕਰਦਾ ਸੀ ਅਤੇ ਉਨ੍ਹਾਂ ’ਤੇ ਤਰਸ ਖਾਂਦਾ ਸੀ। ਉਹ ਇਸ ਤਰ੍ਹਾਂ ਕਿਵੇਂ ਕਰ ਸਕਿਆ? ਸਭ ਤੋਂ ਜ਼ਰੂਰੀ ਗੱਲ ਹੈ ਕਿ ਯਿਸੂ ਲੋਕਾਂ ਨੂੰ ਪਿਆਰ ਕਰਦਾ ਸੀ। ਜਿੱਦਾਂ ਪਹਿਲੇ ਲੇਖ ਵਿਚ ਦੱਸਿਆ ਗਿਆ ਸੀ ਕਿ ਉਹ “ਆਦਮ ਵੰਸੀਆਂ ਨਾਲ ਪਰਸੰਨ” ਹੁੰਦਾ ਸੀ। (ਕਹਾ. 8:31) ਪਿਆਰ ਹੋਣ ਕਰਕੇ ਉਹ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਨ ਲਈ ਪ੍ਰੇਰਿਤ ਹੋਇਆ। ਯੂਹੰਨਾ ਰਸੂਲ ਨੇ ਸਮਝਾਇਆ: “ਉਹ ਆਪ ਇਨਸਾਨ ਦੇ ਦਿਲ ਦੀ ਗੱਲ ਜਾਣਦਾ ਸੀ।” (ਯੂਹੰ. 2:25) ਯਿਸੂ ਨੂੰ ਲੋਕਾਂ ਨਾਲ ਹਮਦਰਦੀ ਸੀ। ਲੋਕ ਦੇਖਦੇ ਸਨ ਕਿ ਯਿਸੂ ਉਨ੍ਹਾਂ ਨੂੰ ਪਿਆਰ ਕਰਦਾ ਸੀ ਅਤੇ ਉਹ ਉਸ ਦੇ ਰਾਜ ਦਾ ਸੰਦੇਸ਼ ਸੁਣਦੇ ਸਨ। ਜਿੰਨਾ ਜ਼ਿਆਦਾ ਅਸੀਂ ਲੋਕਾਂ ਲਈ ਇਸ ਤਰ੍ਹਾਂ ਦੀਆਂ ਕੋਮਲ ਭਾਵਨਾਵਾਂ ਪੈਦਾ ਕਰਾਂਗੇ, ਉੱਨਾ ਜ਼ਿਆਦਾ ਅਸੀਂ ਪ੍ਰਚਾਰ ਵਿਚ ਲੋਕਾਂ ਦੀ ਮਦਦ ਕਰ ਸਕਾਂਗੇ।​—2 ਤਿਮੋ. 4:5.

3-4. (ੳ) ਹਮਦਰਦੀ ਰੱਖਣ ਕਰਕੇ ਅਸੀਂ ਪ੍ਰਚਾਰ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਾਂਗੇ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?

3 ਪੌਲੁਸ ਰਸੂਲ ਜਾਣਦਾ ਸੀ ਕਿ ਉਸ ਲਈ ਪ੍ਰਚਾਰ ਕਰਨਾ ਜ਼ਰੂਰੀ ਸੀ ਅਤੇ ਅਸੀਂ ਵੀ ਜਾਣਦੇ ਹਾਂ ਕਿ ਸਾਡੇ ਲਈ ਪ੍ਰਚਾਰ ਕਰਨਾ ਜ਼ਰੂਰੀ ਹੈ। (1 ਕੁਰਿੰ. 9:16) ਪਰ ਲੋਕਾਂ ਨਾਲ ਹਮਦਰਦੀ ਹੋਣ ਕਰਕੇ ਅਸੀਂ ਪ੍ਰਚਾਰ ਦਾ ਕੰਮ ਸਿਰਫ਼ ਇਕ ਜ਼ਿੰਮੇਵਾਰੀ ਸਮਝ ਕੇ ਨਹੀਂ ਕਰਾਂਗੇ। ਇਸ ਦੀ ਬਜਾਇ, ਅਸੀਂ ਉਨ੍ਹਾਂ ਨੂੰ ਦਿਖਾਉਣਾ ਚਾਹਾਂਗੇ ਕਿ ਸਾਨੂੰ ਉਨ੍ਹਾਂ ਦੀ ਪਰਵਾਹ ਹੈ ਅਤੇ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਬੇਤਾਬ ਹਾਂ। ਅਸੀਂ ਜਾਣਦੇ ਹਾਂ ਕਿ “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂ. 20:35) ਜਦੋਂ ਅਸੀਂ ਲੋਕਾਂ ਦੀ ਮਦਦ ਕਰਨ ਲਈ ਪ੍ਰਚਾਰ ਕਰਾਂਗੇ, ਤਾਂ ਸਾਨੂੰ ਪ੍ਰਚਾਰ ਵਿਚ ਜ਼ਿਆਦਾ ਖ਼ੁਸ਼ੀ ਮਿਲੇਗੀ।

4 ਅਸੀਂ ਇਸ ਲੇਖ ਤੋਂ ਸਿੱਖਾਂਗੇ ਕਿ ਅਸੀਂ ਪ੍ਰਚਾਰ ਵਿਚ ਲੋਕਾਂ ਨੂੰ ਹਮਦਰਦੀ ਕਿਵੇਂ ਦਿਖਾ ਸਕਦੇ ਹਾਂ। ਅਸੀਂ ਦੇਖਾਂਗੇ ਕਿ ਯਿਸੂ ਜਿਸ ਤਰ੍ਹਾਂ ਲੋਕਾਂ ਬਾਰੇ ਮਹਿਸੂਸ ਕਰਦਾ ਸੀ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ। ਫਿਰ ਅਸੀਂ ਯਿਸੂ ਦੀ ਮਿਸਾਲ ’ਤੇ ਚੱਲਣ ਦੇ ਚਾਰ ਤਰੀਕਿਆਂ ’ਤੇ ਗੌਰ ਕਰਾਂਗੇ।​—1 ਪਤ. 2:21.

ਯਿਸੂ ਨੇ ਪ੍ਰਚਾਰ ਦੇ ਕੰਮ ਵਿਚ ਹਮਦਰਦੀ ਦਿਖਾਈ

ਲੋਕਾਂ ਨਾਲ ਹਮਦਰਦੀ ਹੋਣ ਕਰਕੇ ਯਿਸੂ ਉਨ੍ਹਾਂ ਨੂੰ ਦਿਲਾਸੇ ਦਾ ਸੰਦੇਸ਼ ਸੁਣਾਉਣ ਲਈ ਪ੍ਰੇਰਿਤ ਹੋਇਆ (ਪੈਰੇ 5-6 ਦੇਖੋ)

5-6. (ੳ) ਯਿਸੂ ਨੇ ਕਿਨ੍ਹਾਂ ਲਈ ਹਮਦਰਦੀ ਦਿਖਾਈ? (ਅ) ਯਸਾਯਾਹ 61:1, 2 ਦੀ ਭਵਿੱਖਬਾਣੀ ਮੁਤਾਬਕ ਯਿਸੂ ਨੂੰ ਉਨ੍ਹਾਂ ਲੋਕਾਂ ’ਤੇ ਤਰਸ ਕਿਉਂ ਆਇਆ ਜਿਨ੍ਹਾਂ ਨੂੰ ਉਹ ਪ੍ਰਚਾਰ ਕਰਦਾ ਸੀ?

5 ਜ਼ਰਾ ਇਕ ਮਿਸਾਲ ’ਤੇ ਗੌਰ ਕਰੋ ਕਿ ਯਿਸੂ ਨੇ ਹਮਦਰਦੀ ਕਿਵੇਂ ਦਿਖਾਈ। ਇਕ ਮੌਕੇ ’ਤੇ ਯਿਸੂ ਅਤੇ ਉਸ ਦੇ ਚੇਲੇ ਪੂਰਾ ਦਿਨ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਬਾਅਦ ਬਹੁਤ ਥੱਕੇ ਹੋਏ ਸਨ। “ਉਨ੍ਹਾਂ ਨੂੰ ਖਾਣਾ ਖਾਣ ਦੀ ਵੀ ਵਿਹਲ ਨਾ ਮਿਲੀ।” ਇਸ ਲਈ ਯਿਸੂ ਚੇਲਿਆਂ ਨੂੰ “ਕਿਸੇ ਇਕਾਂਤ ਜਗ੍ਹਾ” ’ਤੇ “ਥੋੜ੍ਹਾ ਆਰਾਮ” ਕਰਨ ਲਈ ਲੈ ਗਿਆ। ਪਰ ਯਿਸੂ ਅਤੇ ਉਸ ਦੇ ਚੇਲਿਆਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਇਕ ਵੱਡੀ ਭੀੜ ਉੱਥੇ ਪਹੁੰਚ ਗਈ। ਜਦੋਂ ਯਿਸੂ ਨੇ ਉੱਥੇ ਪਹੁੰਚ ਕੇ ਲੋਕਾਂ ਨੂੰ ਦੇਖਿਆ, ਤਾਂ ਉਸ ਨੇ ਕਿਵੇਂ ਮਹਿਸੂਸ ਕੀਤਾ ਅਤੇ ਕੀ ਕੀਤਾ? “ਉਸ ਨੂੰ ਉਨ੍ਹਾਂ ’ਤੇ ਤਰਸ * ਆਇਆ ਕਿਉਂਕਿ ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ। ਅਤੇ ਉਹ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗ ਪਿਆ।”​—ਮਰ. 6:30-34.

6 ਯਿਸੂ ਨੂੰ ਲੋਕਾਂ ’ਤੇ ਤਰਸ ਕਿਉਂ ਆਇਆ? ਉਸ ਨੇ ਦੇਖਿਆ ਕਿ ਲੋਕ “ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।” ਸ਼ਾਇਦ ਯਿਸੂ ਨੇ ਦੇਖਿਆ ਹੋਣਾ ਕਿ ਕੁਝ ਲੋਕ ਗ਼ਰੀਬ ਸਨ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਘੰਟਿਆਂ-ਬੱਧੀ ਸਖ਼ਤ ਮਿਹਨਤ ਕਰਦੇ ਸਨ। ਕਈ ਜਣੇ ਆਪਣੇ ਕਿਸੇ ਪਿਆਰੇ ਦੀ ਮੌਤ ਕਰਕੇ ਬਹੁਤ ਦੁਖੀ ਸਨ। ਜੇ ਇੱਦਾਂ ਹੈ, ਤਾਂ ਯਿਸੂ ਨੇ ਜ਼ਰੂਰ ਉਨ੍ਹਾਂ ਦੀ ਹਾਲਤ ਨੂੰ ਸਮਝਿਆ ਹੋਣਾ। ਜਿੱਦਾਂ ਅਸੀਂ ਪਿਛਲੇ ਲੇਖ ਵਿਚ ਚਰਚਾ ਕੀਤੀ ਸੀ ਕਿ ਯਿਸੂ ਨੇ ਵੀ ਸ਼ਾਇਦ ਇਨ੍ਹਾਂ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੋਵੇ। ਦੂਜਿਆਂ ਦੀ ਪਰਵਾਹ ਹੋਣ ਕਰਕੇ ਯਿਸੂ ਨੇ ਉਨ੍ਹਾਂ ਨੂੰ ਦਿਲਾਸਾ ਦੇਣ ਵਾਲਾ ਸੰਦੇਸ਼ ਸੁਣਾਇਆ।​—ਯਸਾਯਾਹ 61:1, 2 ਪੜ੍ਹੋ।

7. ਅਸੀਂ ਯਿਸੂ ਦੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹਾਂ?

7 ਯਿਸੂ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? ਯਿਸੂ ਵਾਂਗ ਸਾਡੇ ਆਲੇ-ਦੁਆਲੇ ਵੀ ਇਸ ਤਰ੍ਹਾਂ ਦੇ ਲੋਕ ਹਨ “ਜਿਨ੍ਹਾਂ ਦਾ ਕੋਈ ਚਰਵਾਹਾ” ਨਹੀਂ ਹੈ। ਉਹ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਸਾਡੇ ਕੋਲ ਉਹ ਸੰਦੇਸ਼ ਹੈ ਜਿਸ ਦੀ ਉਨ੍ਹਾਂ ਨੂੰ ਲੋੜ ਹੈ, ਉਹ ਹੈ ਰਾਜ ਦਾ ਸੰਦੇਸ਼। (ਪ੍ਰਕਾ. 14:6) ਇਸ ਲਈ ਆਪਣੇ ਗੁਰੂ ਦੀ ਰੀਸ ਕਰਦਿਆਂ ਅਸੀਂ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ ਕਿਉਂਕਿ ਸਾਨੂੰ “ਗਰੀਬ ਅਤੇ ਕੰਗਾਲ ਉੱਤੇ ਤਰਸ” ਆਉਂਦਾ ਹੈ। (ਜ਼ਬੂ. 72:13) ਲੋਕਾਂ ਨਾਲ ਹਮਦਰਦੀ ਹੋਣ ਕਰਕੇ ਅਸੀਂ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਾਂ।

ਅਸੀਂ ਹਮਦਰਦੀ ਕਿਵੇਂ ਦਿਖਾ ਸਕਦੇ ਹਾਂ?

ਹਰੇਕ ਇਨਸਾਨ ਦੀਆਂ ਲੋੜਾਂ ਬਾਰੇ ਸੋਚੋ (ਪੈਰੇ 8-9 ਦੇਖੋ)

8. ਪ੍ਰਚਾਰ ਵਿਚ ਲੋਕਾਂ ਨੂੰ ਹਮਦਰਦੀ ਦਿਖਾਉਣ ਦਾ ਇਕ ਤਰੀਕਾ ਕਿਹੜਾ ਹੈ? ਇਕ ਮਿਸਾਲ ਦਿਓ।

8 ਕਿਹੜੀ ਗੱਲ ਕਰਕੇ ਅਸੀਂ ਪ੍ਰਚਾਰ ਵਿਚ ਲੋਕਾਂ ਨੂੰ ਹਮਦਰਦੀ ਦਿਖਾ ਸਕਦੇ ਹਾਂ? ਸਾਨੂੰ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਦੀ ਜਗ੍ਹਾ ’ਤੇ ਰੱਖਣਾ ਚਾਹੀਦਾ ਹੈ ਜਿਹੜੇ ਸਾਨੂੰ ਪ੍ਰਚਾਰ ਵਿਚ ਮਿਲਦੇ ਹਨ। ਫਿਰ ਸਾਨੂੰ ਉਨ੍ਹਾਂ ਨਾਲ ਉਸ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ ਜਿਵੇਂ ਅਸੀਂ ਚਾਹੁੰਦੇ ਕਿ ਉਹ ਸਾਡੇ ਨਾਲ ਪੇਸ਼ ਆਉਂਦੇ ਜੇ ਅਸੀਂ ਉਨ੍ਹਾਂ ਦੀ ਜਗ੍ਹਾ ’ਤੇ ਹੁੰਦੇ। * (ਮੱਤੀ 7:12) ਆਓ ਆਪਾਂ ਚਾਰ ਤਰੀਕਿਆਂ ’ਤੇ ਗੌਰ ਕਰੀਏ ਕਿ ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ। ਪਹਿਲਾ, ਹਰ ਇਨਸਾਨ ਦੀਆਂ ਲੋੜਾਂ ਬਾਰੇ ਸੋਚੋ। ਅਸੀਂ ਆਪਣੇ ਪ੍ਰਚਾਰ ਦੇ ਕੰਮ ਦੀ ਤੁਲਨਾ ਡਾਕਟਰ ਦੇ ਕੰਮ ਨਾਲ ਕਰ ਸਕਦੇ ਹਾਂ। ਇਕ ਵਧੀਆ ਡਾਕਟਰ ਹਰੇਕ ਮਰੀਜ਼ ਦੀਆਂ ਲੋੜਾਂ ਬਾਰੇ ਸੋਚਦਾ ਹੈ। ਉਹ ਮਰੀਜ਼ ਕੋਲੋਂ ਸਵਾਲ ਪੁੱਛਦਾ ਹੈ ਅਤੇ ਮਰੀਜ਼ ਦੀ ਗੱਲ ਧਿਆਨ ਨਾਲ ਸੁਣਦਾ ਹੈ ਜਦੋਂ ਉਹ ਆਪਣੀ ਤਕਲੀਫ਼ ਬਾਰੇ ਦੱਸਦਾ ਹੈ। ਡਾਕਟਰ ਜਿਹੜੀ ਮਰਜ਼ੀ ਦਵਾਈ ਨਹੀਂ ਦਿੰਦਾ, ਸਗੋਂ ਪਹਿਲਾਂ ਉਹ ਮਰੀਜ਼ ਬਾਰੇ ਸੋਚਦਾ ਹੈ, ਸਮਾਂ ਲਾ ਕੇ ਉਹ ਮਰੀਜ਼ ਦੀ ਜਾਂਚ ਕਰਦਾ ਹੈ ਤਾਂਕਿ ਉਹ ਉਸ ਨੂੰ ਸਹੀ ਦਵਾਈ ਦੇ ਸਕੇ। ਇਸੇ ਤਰ੍ਹਾਂ ਸਾਨੂੰ ਪ੍ਰਚਾਰ ਵਿਚ ਹਰ ਵਿਅਕਤੀ ਨਾਲ ਇੱਕੋ ਤਰੀਕੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਹੈ। ਇਸ ਦੀ ਬਜਾਇ, ਸਾਨੂੰ ਹਰੇਕ ਵਿਅਕਤੀ ਦੇ ਹਾਲਾਤਾਂ ਅਤੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

9. ਸਾਨੂੰ ਕੀ ਨਹੀਂ ਸੋਚਣਾ ਚਾਹੀਦਾ ਹੈ? ਸਮਝਾਓ।

9 ਪ੍ਰਚਾਰ ਵਿਚ ਕਿਸੇ ਨੂੰ ਮਿਲਦਿਆਂ ਇਹ ਨਾ ਸੋਚੋ ਕਿ ਤੁਸੀਂ ਉਸ ਦੇ ਹਾਲਾਤਾਂ ਨੂੰ ਜਾਣਦੇ ਹੋ ਜਾਂ ਜਾਣਦੇ ਹੋ ਕਿ ਉਹ ਕੀ ਵਿਸ਼ਵਾਸ ਕਰਦਾ ਹੈ ਅਤੇ ਕਿਉਂ ਵਿਸ਼ਵਾਸ ਕਰਦਾ ਹੈ। (ਕਹਾ. 18:13) ਇਸ ਦੀ ਬਜਾਇ, ਵਿਅਕਤੀ ਅਤੇ ਉਸ ਦੇ ਵਿਸ਼ਵਾਸਾਂ ਬਾਰੇ ਜਾਣਨ ਲਈ ਸਮਝਦਾਰੀ ਨਾਲ ਸਵਾਲ ਪੁੱਛੋ। (ਕਹਾ. 20:5) ਜੇ ਤੁਹਾਡੇ ਸਭਿਆਚਾਰ ਮੁਤਾਬਕ ਸਹੀ ਹੋਵੇ, ਤਾਂ ਉਸ ਦੇ ਕੰਮ, ਪਰਿਵਾਰ, ਪਿਛੋਕੜ ਅਤੇ ਵਿਚਾਰਾਂ ਬਾਰੇ ਜਾਣੋ। ਸਵਾਲ ਪੁੱਛ ਕੇ ਅਸੀਂ ਉਨ੍ਹਾਂ ਦੀਆਂ ਲੋੜਾਂ ਬਾਰੇ ਜਾਣਦੇ ਹਾਂ। ਜਦੋਂ ਸਾਨੂੰ ਉਨ੍ਹਾਂ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਅਸੀਂ ਯਿਸੂ ਵਾਂਗ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਉਨ੍ਹਾਂ ਨੂੰ ਹਮਦਰਦੀ ਦਿਖਾ ਸਕਦੇ ਹਾਂ ਅਤੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ।​—1 ਕੁਰਿੰਥੀਆਂ 9:19-23 ਤੁਲਨਾ ਕਰੋ।

ਉਸ ਇਨਸਾਨ ਦੀ ਜ਼ਿੰਦਗੀ ਬਾਰੇ ਸੋਚੋ ਜਿਸ ਨੂੰ ਤੁਸੀਂ ਗਵਾਹੀ ਦਿੰਦੇ ਹੋ (ਪੈਰੇ 10-11 ਦੇਖੋ)

10-11. 2 ਕੁਰਿੰਥੀਆਂ 4:7, 8 ਮੁਤਾਬਕ ਦੂਜਿਆਂ ਨੂੰ ਹਮਦਰਦੀ ਦਿਖਾਉਣ ਦਾ ਦੂਜਾ ਤਰੀਕਾ ਕਿਹੜਾ ਹੈ? ਮਿਸਾਲ ਦਿਓ।

10 ਦੂਸਰਾ, ਕਲਪਨਾ ਕਰਨ ਦੀ ਕੋਸ਼ਿਸ਼ ਕਰੋ ਕਿ ਉਨ੍ਹਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ। ਕੁਝ ਤਰੀਕਿਆਂ ਨਾਲ ਅਸੀਂ ਉਨ੍ਹਾਂ ਦੇ ਹਾਲਾਤ ਸਮਝ ਸਕਦੇ ਹਾਂ। ਦਰਅਸਲ, ਨਾਮੁਕੰਮਲ ਹੋਣ ਕਰਕੇ ਸਾਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ। (1 ਕੁਰਿੰ. 10:13) ਅਸੀਂ ਜਾਣਦੇ ਹਾਂ ਕਿ ਅੱਜ ਇਸ ਦੁਨੀਆਂ ਵਿਚ ਰਹਿਣਾ ਬਹੁਤ ਮੁਸ਼ਕਲ ਹੈ। ਅਸੀਂ ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ਮੁਸ਼ਕਲਾਂ ਸਹਿ ਸਕਦੇ ਹਾਂ। (2 ਕੁਰਿੰਥੀਆਂ 4:7, 8 ਪੜ੍ਹੋ।) ਜ਼ਰਾ ਉਨ੍ਹਾਂ ਲੋਕਾਂ ਬਾਰੇ ਸੋਚੋ ਜਿਹੜੇ ਯਹੋਵਾਹ ਨੂੰ ਬਿਲਕੁਲ ਨਹੀਂ ਜਾਣਦੇ। ਉਨ੍ਹਾਂ ਲਈ ਉਸ ਦੀ ਮਦਦ ਤੋਂ ਬਗੈਰ ਇਸ ਦੁਨੀਆਂ ਵਿਚ ਰਹਿਣਾ ਬਹੁਤ ਮੁਸ਼ਕਲ ਹੈ। ਯਿਸੂ ਵਾਂਗ ਅਸੀਂ ਵੀ ਉਨ੍ਹਾਂ ਲੋਕਾਂ ’ਤੇ ਤਰਸ ਖਾਂਦੇ ਹਾਂ ਅਤੇ ਉਨ੍ਹਾਂ ਨੂੰ “ਭਲਿਆਈ ਦੀ ਖੁਸ਼ ਖਬਰੀ” ਸੁਣਾਉਣਾ ਚਾਹੁੰਦੇ ਹਾਂ।​—ਯਸਾ. 52:7.

11 ਸਰਗੇ ਦੀ ਮਿਸਾਲ ’ਤੇ ਗੌਰ ਕਰੋ। ਸੱਚਾਈ ਸਿੱਖਣ ਤੋਂ ਪਹਿਲਾਂ ਸਰਗੇ ਬਹੁਤ ਸ਼ਰਮੀਲੇ ਸੁਭਾਅ ਦਾ ਸੀ। ਉਸ ਨੂੰ ਦੂਜਿਆਂ ਨਾਲ ਗੱਲ ਕਰਨੀ ਬਹੁਤ ਔਖੀ ਲੱਗਦੀ ਸੀ। ਸਮੇਂ ਦੇ ਬੀਤਣ ਨਾਲ ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਸਰਗੇ ਦੱਸਦਾ ਹੈ, “ਬਾਈਬਲ ਦੀ ਸਟੱਡੀ ਕਰਦਿਆਂ ਮੈਂ ਸਿੱਖਿਆ ਕਿ ਮਸੀਹੀਆਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸਣ। ਸੱਚੀ ਦੱਸਾਂ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਕਦੀ ਵੀ ਇੱਦਾਂ ਨਹੀਂ ਕਰ ਸਕਦਾ।” ਪਰ ਉਹ ਉਨ੍ਹਾਂ ਲੋਕਾਂ ਬਾਰੇ ਸੋਚਦਾ ਸੀ ਜਿਨ੍ਹਾਂ ਨੇ ਹਾਲੇ ਸੱਚਾਈ ਸੁਣੀ ਨਹੀਂ ਸੀ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੂੰ ਨਾ ਜਾਣਨ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਕਿੰਨੀਆਂ ਮੁਸ਼ਕਲਾਂ ਹੋਣੀਆਂ। ਉਹ ਦੱਸਦਾ ਹੈ, “ਮੈਂ ਜਿਹੜੀਆਂ ਵੀ ਨਵੀਆਂ ਗੱਲਾਂ ਸਿੱਖਦਾ ਸੀ ਉਨ੍ਹਾਂ ਤੋਂ ਮੈਨੂੰ ਬਹੁਤ ਖ਼ੁਸ਼ੀ ਅਤੇ ਸ਼ਾਂਤੀ ਮਿਲਦੀ ਸੀ। ਮੈਨੂੰ ਪਤਾ ਸੀ ਕਿ ਦੂਜਿਆਂ ਨੂੰ ਵੀ ਇਹ ਸੱਚਾਈਆਂ ਸਿੱਖਣ ਦੀ ਲੋੜ ਸੀ।” ਆਪਣੇ ਵਿਚ ਹਮਦਰਦੀ ਦਾ ਗੁਣ ਵਧਾਉਣ ਕਰਕੇ ਸਰਗੇ ਨੇ ਦੇਖਿਆ ਕਿ ਉਸ ਨੂੰ ਦੂਜਿਆਂ ਨੂੰ ਪ੍ਰਚਾਰ ਕਰਨ ਦੀ ਹੋਰ ਹਿੰਮਤ ਮਿਲੀ। ਸਰਗੇ ਦੱਸਦਾ ਹੈ, “ਮੈਂ ਇਹ ਦੇਖ ਕੇ ਬਹੁਤ ਹੈਰਾਨ ਸੀ ਕਿ ਲੋਕਾਂ ਨੂੰ ਬਾਈਬਲ ਬਾਰੇ ਦੱਸਣ ਨਾਲ ਮੇਰਾ ਖ਼ੁਦ ਦਾ ਹੌਸਲਾ ਵਧਿਆ। ਨਾਲੇ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸ ਕੇ ਮੇਰੀ ਨਿਹਚਾ ਹੋਰ ਵੀ ਮਜ਼ਬੂਤ ਹੋਈ।” *

ਸ਼ਾਇਦ ਕਿਸੇ ਨੂੰ ਸੱਚਾਈ ਵਿਚ ਤਰੱਕੀ ਕਰਨ ਵਿਚ ਸਮਾਂ ਲੱਗੇ (ਪੈਰੇ 12-13 ਦੇਖੋ)

12-13. ਪ੍ਰਚਾਰ ਵਿਚ ਸਿਖਾਉਂਦਿਆਂ ਸਾਨੂੰ ਧੀਰਜ ਰੱਖਣ ਦੀ ਕਿਉਂ ਲੋੜ ਹੈ? ਮਿਸਾਲ ਦਿਓ।

12 ਤੀਸਰਾ, ਜਿਨ੍ਹਾਂ ਨੂੰ ਤੁਸੀਂ ਸਿਖਾਉਂਦੇ ਹੋ ਉਨ੍ਹਾਂ ਨਾਲ ਧੀਰਜ ਰੱਖੋ। ਯਾਦ ਰੱਖੋ ਕਿ ਬਾਈਬਲ ਦੀਆਂ ਜਿਹੜੀਆਂ ਸੱਚਾਈਆਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਸ਼ਾਇਦ ਇਨ੍ਹਾਂ ਵਿੱਚੋਂ ਕੁਝ ਸੱਚਾਈਆਂ ਬਾਰੇ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਨਾਲੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਸਹੀ ਹਨ। ਕਈ ਸੋਚਦੇ ਹਨ ਕਿ ਆਪਣੇ ਧਰਮ ਕਰਕੇ ਹੀ ਉਹ ਆਪਣੇ ਪਰਿਵਾਰ, ਰੀਤੀ-ਰਿਵਾਜਾਂ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਜੁੜੇ ਹੋਏ ਹਨ। ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

13 ਇਸ ਤੁਲਨਾ ’ਤੇ ਗੌਰ ਕਰੋ: ਉਦੋਂ ਕੀ ਹੁੰਦਾ ਹੈ ਜਦੋਂ ਇਕ ਪੁਰਾਣੇ ਤੇ ਟੁੱਟੇ-ਫੁੱਟੇ ਪੁਲ ਦੀ ਜਗ੍ਹਾ ਨਵਾਂ ਪੁਲ ਬਣਾਉਣ ਦੀ ਲੋੜ ਹੁੰਦੀ ਹੈ? ਅਕਸਰ ਲੋਕ ਪੁਰਾਣੇ ਪੁਲ ਨੂੰ ਹੀ ਵਰਤਦੇ ਹਨ ਜਦ ਤਕ ਨਵਾਂ ਪੁਲ ਬਣ ਨਹੀਂ ਜਾਂਦਾ। ਜਦੋਂ ਨਵਾਂ ਪੁਲ ਬਣ ਜਾਂਦਾ ਹੈ, ਤਾਂ ਪੁਰਾਣੇ ਪੁਲ ਨੂੰ ਢਾਹਿਆ ਜਾ ਸਕਦਾ ਹੈ। ਬਿਲਕੁਲ ਇਸੇ ਤਰ੍ਹਾਂ ਜੇ ਅਸੀਂ ਚਾਹੁੰਦੇ ਹਾਂ ਕਿ ਲੋਕ ਆਪਣੇ “ਪੁਰਾਣੇ” ਵਿਸ਼ਵਾਸ ਛੱਡ ਦੇਣ, ਤਾਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ “ਨਵੇਂ” ਵਿਸ਼ਵਾਸਾਂ ਯਾਨੀ ਬਾਈਬਲ ਦੀਆਂ ਸੱਚਾਈਆਂ ਜਾਣਨ ਵਿਚ ਉਨ੍ਹਾਂ ਦੀ ਮਦਦ ਕਰੀਏ ਜਿਨ੍ਹਾਂ ਤੋਂ ਉਹ ਪੂਰੀ ਤਰ੍ਹਾਂ ਅਣਜਾਣ ਹੁੰਦੇ ਹਨ। ਫਿਰ ਹੀ ਉਹ ਆਪਣੇ ਪੁਰਾਣੇ ਵਿਸ਼ਵਾਸ ਛੱਡਣ ਲਈ ਤਿਆਰ ਹੋਣਗੇ। ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰਨ ਲਈ ਲੋਕਾਂ ਦੀ ਮਦਦ ਕਰਨ ਵਿਚ ਸ਼ਾਇਦ ਸਮਾਂ ਲੱਗੇ।​—ਰੋਮੀ. 12:2.

14-15. ਅਸੀਂ ਉਨ੍ਹਾਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜਿਨ੍ਹਾਂ ਨੂੰ ਬਾਗ਼ ਵਰਗੀ ਧਰਤੀ ਉੱਤੇ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਬਾਰੇ ਜਾਂ ਤਾਂ ਪਤਾ ਹੀ ਨਹੀਂ ਹੈ ਜਾਂ ਬਹੁਤ ਘੱਟ ਪਤਾ ਹੈ? ਇਕ ਮਿਸਾਲ ਦਿਓ।

14 ਪ੍ਰਚਾਰ ਦੌਰਾਨ ਲੋਕਾਂ ਨਾਲ ਧੀਰਜ ਰੱਖਣ ਕਰਕੇ ਅਸੀਂ ਇਹ ਆਸ ਨਹੀਂ ਰੱਖਾਂਗੇ ਕਿ ਉਹ ਬਾਈਬਲ ਦੀ ਸੱਚਾਈ ਨੂੰ ਪਹਿਲੀ ਵਾਰ ਹੀ ਸੁਣ ਕੇ ਸਮਝ ਲੈਣ ਜਾਂ ਸਵੀਕਾਰ ਕਰ ਲੈਣ। ਇਸ ਦੀ ਬਜਾਇ, ਹਮਦਰਦੀ ਹੋਣ ਕਰਕੇ ਅਸੀਂ ਹੌਲੀ-ਹੌਲੀ ਉਨ੍ਹਾਂ ਦੀ ਬਾਈਬਲ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਵਿਚ ਮਦਦ ਕਰਾਂਗੇ। ਮਿਸਾਲ ਲਈ, ਗੌਰ ਕਰੋ ਕਿ ਅਸੀਂ ਕਿਸੇ ਨੂੰ ਬਾਗ਼ ਵਰਗੀ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਬਾਰੇ ਕਿਵੇਂ ਸਮਝਾ ਸਕਦੇ ਹਾਂ। ਬਹੁਤ ਸਾਰਿਆਂ ਨੂੰ ਇਸ ਉਮੀਦ ਬਾਰੇ ਪਤਾ ਹੀ ਨਹੀਂ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਨਹੀਂ ਹੋ ਸਕਦੇ। ਜਾਂ ਉਹ ਸ਼ਾਇਦ ਇਹ ਸੋਚਦੇ ਹਨ ਕਿ ਸਾਰੇ ਚੰਗੇ ਲੋਕ ਸਵਰਗ ਜਾਂਦੇ ਹਨ। ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

15 ਗੌਰ ਕਰੋ ਕਿ ਇਕ ਭਰਾ ਧਰਤੀ ਉੱਤੇ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਨੂੰ ਸਮਝਣ ਵਿਚ ਲੋਕਾਂ ਦੀ ਕਿਵੇਂ ਮਦਦ ਕਰਦਾ ਹੈ। ਉਹ ਪਹਿਲਾਂ ਉਤਪਤ 1:28 ਪੜ੍ਹਦਾ ਹੈ। ਫਿਰ ਘਰ-ਮਾਲਕ ਨੂੰ ਪੁੱਛਦਾ ਹੈ ਕਿ ਪਰਮੇਸ਼ੁਰ ਇਨਸਾਨਾਂ ਨੂੰ ਕਿੱਥੇ ਅਤੇ ਕਿਹੋ ਜਿਹੇ ਹਾਲਾਤਾਂ ਵਿਚ ਰੱਖਣਾ ਚਾਹੁੰਦਾ ਸੀ। ਜ਼ਿਆਦਾਤਰ ਲੋਕ ਜਵਾਬ ਦਿੰਦੇ ਹਨ, “ਧਰਤੀ ’ਤੇ ਚੰਗੇ ਹਾਲਾਤਾਂ ਵਿਚ।” ਫਿਰ ਭਰਾ ਯਸਾਯਾਹ 55:11 ਪੜ੍ਹਦਾ ਹੈ ਅਤੇ ਪੁੱਛਦਾ ਹੈ, ‘ਕੀ ਰੱਬ ਦਾ ਮਕਸਦ ਬਦਲ ਗਿਆ ਹੈ?’ ਅਕਸਰ ਘਰ-ਮਾਲਕ ਜਵਾਬ ਦਿੰਦਾ ਹੈ, ਨਹੀਂ। ਅਖ਼ੀਰ ਵਿਚ ਭਰਾ ਜ਼ਬੂਰ 37:10, 11 ਪੜ੍ਹਦਾ ਅਤੇ ਪੁੱਛਦਾ ਹੈ ਕਿ ਇਨਸਾਨਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਇਸ ਤਰੀਕੇ ਨਾਲ ਬਾਈਬਲ ਵਰਤ ਕੇ ਉਹ ਬਹੁਤ ਸਾਰੇ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਪਰਮੇਸ਼ੁਰ ਅਜੇ ਵੀ ਚਾਹੁੰਦਾ ਹੈ ਕਿ ਚੰਗੇ ਲੋਕ ਹਮੇਸ਼ਾ ਲਈ ਬਾਗ਼ ਵਰਗੀ ਧਰਤੀ ਉੱਤੇ ਵੱਸਣ।

ਦੂਜਿਆਂ ਲਈ ਕੋਈ ਛੋਟਾ ਜਿਹਾ ਕੰਮ ਕਰਨ ਦੇ ਵਧੀਆ ਨਤੀਜੇ ਨਿਕਲ ਸਕਦੇ ਹਨ, ਜਿਵੇਂ ਕਿਸੇ ਨੂੰ ਹੌਸਲਾ ਦੇਣ ਲਈ ਚਿੱਠੀ ਲਿਖਣੀ (ਪੈਰੇ 16-17 ਦੇਖੋ)

16-17. ਕਹਾਉਤਾਂ 3:27 ਨੂੰ ਮਨ ਵਿਚ ਰੱਖਦਿਆਂ ਹਮਦਰਦੀ ਦਿਖਾਉਣ ਦੇ ਕਿਹੜੇ ਕੁਝ ਤਰੀਕੇ ਹਨ? ਮਿਸਾਲ ਦਿਓ।

16 ਚੌਥਾ, ਸੋਚੋ ਕਿ ਤੁਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹੋ। ਮਿਸਾਲ ਲਈ, ਉਦੋਂ ਕੀ ਜਦੋਂ ਅਸੀਂ ਘਰ-ਮਾਲਕ ਨੂੰ ਉਸ ਸਮੇਂ ਮਿਲਣ ਜਾਂਦੇ ਹਾਂ ਜਦੋਂ ਉਸ ਕੋਲ ਸਮਾਂ ਨਹੀਂ ਹੁੰਦਾ? ਅਸੀਂ ਉਨ੍ਹਾਂ ਤੋਂ ਮਾਫ਼ੀ ਮੰਗ ਸਕਦੇ ਹਾਂ ਅਤੇ ਕਿਸੇ ਹੋਰ ਸਮੇਂ ’ਤੇ ਆਉਣ ਲਈ ਪੁੱਛ ਸਕਦੇ ਹਾਂ। ਉਦੋਂ ਕੀ ਜਦੋਂ ਘਰ-ਮਾਲਕ ਨੂੰ ਕਿਸੇ ਛੋਟੇ-ਮੋਟੇ ਕੰਮ ਵਿਚ ਮਦਦ ਦੀ ਲੋੜ ਹੋਵੇ? ਜਾਂ ਉਦੋਂ ਕੀ ਜਦੋਂ ਘਰ-ਮਾਲਕ ਬੀਮਾਰ ਜਾਂ ਬਜ਼ੁਰਗ ਹੋਣ ਕਰਕੇ ਬਾਹਰ ਨਹੀਂ ਜਾ ਸਕਦਾ ਤੇ ਉਸ ਨੂੰ ਕੋਈ ਸਾਮਾਨ ਲਿਆਉਣ ਲਈ ਮਦਦ ਦੀ ਲੋੜ ਹੋਵੇ? ਇਸ ਤਰ੍ਹਾਂ ਦੇ ਹਾਲਾਤਾਂ ਵਿਚ ਅਸੀਂ ਉਸ ਦੀ ਮਦਦ ਕਰ ਸਕਦੇ ਹਾਂ।​—ਕਹਾਉਤਾਂ 3:27 ਪੜ੍ਹੋ।

17 ਇਕ ਭੈਣ ਵੱਲੋਂ ਕੀਤੇ ਇਕ ਛੋਟੇ ਜਿਹੇ ਕੰਮ ਦੇ ਵਧੀਆ ਨਤੀਜੇ ਦੇਖਣ ਨੂੰ ਮਿਲੇ। ਹਮਦਰਦੀ ਕਰਕੇ ਉਸ ਨੇ ਇਕ ਪਰਿਵਾਰ ਨੂੰ ਚਿੱਠੀ ਲਿਖੀ ਜਿਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ ਸੀ। ਚਿੱਠੀ ਵਿਚ ਉਸ ਨੇ ਬਾਈਬਲ ਵਿੱਚੋਂ ਦਿਲਾਸਾ ਦੇਣ ਵਾਲੀਆਂ ਕੁਝ ਆਇਤਾਂ ਲਿਖੀਆਂ। ਉਸ ਪਰਿਵਾਰ ਨੂੰ ਕਿਵੇਂ ਲੱਗਾ? ਉਸ ਬੱਚੇ ਦੀ ਮਾਂ ਨੇ ਲਿਖਿਆ: “ਕੱਲ੍ਹ ਮੈਂ ਬਹੁਤ ਹੀ ਜ਼ਿਆਦਾ ਉਦਾਸ ਸੀ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਹਾਡੀ ਚਿੱਠੀ ਦਾ ਸਾਡੇ ’ਤੇ ਕਿੰਨਾ ਅਸਰ ਹੋਇਆ। ਚਿੱਠੀ ਲਈ ਮੈਂ ਤੁਹਾਡਾ ਬਹੁਤ ਹੀ ਸ਼ੁਕਰੀਆ ਕਰਦੀ ਹਾਂ ਜਿਸ ਤੋਂ ਸਾਨੂੰ ਬਹੁਤ ਹੀ ਦਿਲਾਸਾ ਮਿਲਿਆ। ਕੱਲ੍ਹ ਮੈਂ ਤੁਹਾਡੀ ਚਿੱਠੀ 20 ਤੋਂ ਜ਼ਿਆਦਾ ਵਾਰ ਪੜ੍ਹੀ। ਮੈਨੂੰ ਯਕੀਨ ਨਹੀਂ ਆਉਂਦਾ ਕਿ ਚਿੱਠੀ ਰਾਹੀਂ ਸਾਨੂੰ ਕਿੰਨਾ ਪਿਆਰ ਅਤੇ ਦਿਲਾਸਾ ਮਿਲਿਆ। ਅਸੀਂ ਦਿਲੋਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ।” ਬਿਨਾਂ ਸ਼ੱਕ, ਜਦੋਂ ਅਸੀਂ ਆਪਣੇ ਆਪ ਨੂੰ ਦੁੱਖ ਝੱਲਣ ਵਾਲਿਆਂ ਦੀ ਜਗ੍ਹਾ ਰੱਖਦੇ ਹਾਂ ਅਤੇ ਫਿਰ ਉਨ੍ਹਾਂ ਦੀ ਮਦਦ ਲਈ ਕੁਝ ਕਰਦੇ ਹਾਂ, ਤਾਂ ਵਧੀਆ ਨਤੀਜੇ ਨਿਕਲ ਸਕਦੇ ਹਨ।

ਆਪਣੀ ਪੂਰੀ ਵਾਹ ਲਾਓ ਅਤੇ ਨਿਰਾਸ਼ ਨਾ ਹੋਵੋ

18. 1 ਕੁਰਿੰਥੀਆਂ 3:6, 7 ਮੁਤਾਬਕ ਸਾਨੂੰ ਪ੍ਰਚਾਰ ਬਾਰੇ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ ਅਤੇ ਕਿਉਂ?

18 ਬਿਨਾਂ ਸ਼ੱਕ, ਸਾਨੂੰ ਪੂਰੀ ਵਾਹ ਲਾ ਕੇ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਇਸ ਕੰਮ ਰਾਹੀਂ ਅਸੀਂ ਪਰਮੇਸ਼ੁਰ ਬਾਰੇ ਸਿੱਖਣ ਵਿਚ ਲੋਕਾਂ ਦੀ ਮਦਦ ਕਰਦੇ ਹਾਂ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਕੰਮ ਵਿਚ ਯਹੋਵਾਹ ਸਭ ਤੋਂ ਅਹਿਮ ਭੂਮਿਕਾ ਨਿਭਾਉਂਦਾ ਹੈ। (1 ਕੁਰਿੰਥੀਆਂ 3:6, 7 ਪੜ੍ਹੋ।) ਯਹੋਵਾਹ ਹੀ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। (ਯੂਹੰ. 6:44) ਖ਼ੁਸ਼ ਖ਼ਬਰੀ ਸਵੀਕਾਰ ਕਰਨੀ ਜਾਂ ਨਾ ਕਰਨੀ ਲੋਕਾਂ ਦੀ ਦਿਲ ਦੀ ਹਾਲਤ ’ਤੇ ਨਿਰਭਰ ਕਰਦਾ ਹੈ। (ਮੱਤੀ 13:13) ਯਾਦ ਰੱਖੋ ਕਿ ਜ਼ਿਆਦਾਤਰ ਲੋਕਾਂ ਨੇ ਯਿਸੂ ਦਾ ਸੰਦੇਸ਼ ਨਹੀਂ ਸੁਣਿਆ ਸੀ ਅਤੇ ਯਿਸੂ ਦੁਨੀਆਂ ਦਾ ਸਭ ਤੋਂ ਮਹਾਨ ਗੁਰੂ ਸੀ! ਇਸ ਲਈ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਜੇ ਜ਼ਿਆਦਾਤਰ ਲੋਕ ਸਾਡਾ ਸੰਦੇਸ਼ ਨਹੀਂ ਸੁਣਦੇ।

19. ਪ੍ਰਚਾਰ ਵਿਚ ਹਮਦਰਦੀ ਦਿਖਾਉਣ ਦੇ ਕਿਹੜੇ ਚੰਗੇ ਨਤੀਜੇ ਨਿਕਲਦੇ ਹਨ?

19 ਪ੍ਰਚਾਰ ਵਿਚ ਹਮਦਰਦੀ ਦਿਖਾਉਣ ਦੇ ਸਾਨੂੰ ਵਧੀਆ ਨਤੀਜੇ ਦੇਖਣ ਨੂੰ ਮਿਲਣਗੇ। ਸਾਨੂੰ ਆਪਣੇ ਪ੍ਰਚਾਰ ਦੇ ਕੰਮ ਤੋਂ ਹੋਰ ਜ਼ਿਆਦਾ ਖ਼ੁਸ਼ੀ ਮਿਲੇਗੀ ਜੋ ਦੇਣ ਨਾਲ ਮਿਲਦੀ ਹੈ। ਨਾਲੇ ਅਸੀਂ ਉਨ੍ਹਾਂ ਲੋਕਾਂ ਲਈ ਸੱਚਾਈ ਸਵੀਕਾਰ ਕਰਨੀ ਹੋਰ ਸੌਖੀ ਬਣਾਉਂਦੇ ਹਾਂ “ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ। (ਰਸੂ. 13:48) ਇਸ ਲਈ “ਜਦ ਤਕ ਸਾਡੇ ਕੋਲ ਮੌਕਾ ਹੈ, ਆਓ ਆਪਾਂ ਸਾਰਿਆਂ ਦਾ ਭਲਾ ਕਰਦੇ ਰਹੀਏ।” (ਗਲਾ. 6:10) ਫਿਰ ਸਾਨੂੰ ਆਪਣੇ ਸਵਰਗੀ ਪਿਤਾ ਨੂੰ ਮਹਿਮਾ ਦੇ ਕੇ ਖ਼ੁਸ਼ੀ ਮਿਲੇਗੀ।​—ਮੱਤੀ 5:16.

ਗੀਤ 47 ਖ਼ੁਸ਼ ਖ਼ਬਰੀ ਦਾ ਐਲਾਨ ਕਰੋ

^ ਪੈਰਾ 5 ਪ੍ਰਚਾਰ ਵਿਚ ਹਮਦਰਦੀ ਦਿਖਾਉਣ ਕਰਕੇ ਅਸੀਂ ਜ਼ਿਆਦਾ ਖ਼ੁਸ਼ੀ ਪਾ ਸਕਦੇ ਹਾਂ ਅਤੇ ਸ਼ਾਇਦ ਲੋਕ ਸਾਡਾ ਸੰਦੇਸ਼ ਸੁਣਨ ਲਈ ਹੋਰ ਤਿਆਰ ਹੋ ਜਾਣ। ਇੱਦਾਂ ਕਿਉਂ? ਇਸ ਲੇਖ ਵਿਚ ਅਸੀਂ ਇਸ ਗੱਲ ’ਤੇ ਗੌਰ ਕਰਾਂਗੇ ਕਿ ਅਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ। ਨਾਲੇ ਅਸੀਂ ਚਾਰ ਤਰੀਕਿਆਂ ’ਤੇ ਗੌਰ ਕਰਾਂਗੇ ਕਿ ਅਸੀਂ ਪ੍ਰਚਾਰ ਵਿਚ ਮਿਲਣ ਵਾਲੇ ਲੋਕਾਂ ਨੂੰ ਹਮਦਰਦੀ ਕਿਵੇਂ ਦਿਖਾ ਸਕਦੇ ਹਾਂ।

^ ਪੈਰਾ 5 ਸ਼ਬਦ ਦਾ ਮਤਲਬ: ਤਰਸ ਸ਼ਬਦ ਦਾ ਮਤਲਬ ਹੈ, ਉਨ੍ਹਾਂ ਲੋਕਾਂ ਲਈ ਕੋਮਲ ਭਾਵਨਾਵਾਂ ਰੱਖਣੀਆਂ ਜੋ ਦੁੱਖ ਸਹਿ ਰਹੇ ਹਨ ਜਾਂ ਜਿਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ। ਇਨ੍ਹਾਂ ਭਾਵਨਾਵਾਂ ਕਰਕੇ ਅਸੀਂ ਉਨ੍ਹਾਂ ਇਨਸਾਨਾਂ ਦੀ ਮਦਦ ਕਰਨ ਲਈ ਜੋ ਵੀ ਕਰ ਸਕਦੇ ਹਾਂ ਉਹ ਕਰਾਂਗੇ।

^ ਪੈਰਾ 8 15 ਮਈ 2014 ਦੇ ਪਹਿਰਾਬੁਰਜ ਵਿਚ “ਪ੍ਰਚਾਰ ਵਿਚ ਇਕ ਉੱਤਮ ਅਸੂਲ ’ਤੇ ਚੱਲੋ” ਨਾਂ ਦਾ ਲੇਖ ਦੇਖੋ।

^ ਪੈਰਾ 11 1 ਅਗਸਤ 2011 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 21-22 ਦੇਖੋ।