Skip to content

Skip to table of contents

ਅਧਿਐਨ ਲੇਖ 11

ਯਹੋਵਾਹ ਦੀ ਗੱਲ ਸੁਣੋ

ਯਹੋਵਾਹ ਦੀ ਗੱਲ ਸੁਣੋ

“ਇਹ ਮੇਰਾ ਪਿਆਰਾ ਪੁੱਤਰ ਹੈ . . . ਇਸ ਦੀ ਗੱਲ ਸੁਣੋ।”​—ਮੱਤੀ 17:5.

ਗੀਤ 6 ਪਰਮੇਸ਼ੁਰ ਦੇ ਦਾਸ ਦੀ ਦੁਆ

ਖ਼ਾਸ ਗੱਲਾਂ *

1-2. (ੳ) ਯਹੋਵਾਹ ਨੇ ਇਨਸਾਨਾਂ ਨਾਲ ਕਿਵੇਂ ਗੱਲ ਕੀਤੀ ਹੈ? (ਅ) ਇਸ ਲੇਖ ਵਿਚ ਅਸੀਂ ਕਿਸ ਗੱਲ ’ਤੇ ਗੌਰ ਕਰਾਂਗੇ?

ਯਹੋਵਾਹ ਨੂੰ ਸਾਡੇ ਨਾਲ ਗੱਲ ਕਰਨੀ ਪਸੰਦ ਹੈ। ਪੁਰਾਣੇ ਸਮੇਂ ਵਿਚ ਉਸ ਨੇ ਆਪਣੇ ਵਿਚਾਰ ਦੱਸਣ ਲਈ ਨਬੀਆਂ, ਦੂਤਾਂ ਤੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਵਰਤਿਆ। (ਆਮੋ. 3:7; ਗਲਾ. 3:19; ਪ੍ਰਕਾ. 1:1) ਅੱਜ ਉਹ ਆਪਣੇ ਬਚਨ ਬਾਈਬਲ ਰਾਹੀਂ ਸਾਡੇ ਨਾਲ ਗੱਲ ਕਰਦਾ ਹੈ। ਉਸ ਨੇ ਸਾਨੂੰ ਬਾਈਬਲ ਇਸ ਲਈ ਦਿੱਤੀ ਹੈ ਤਾਂਕਿ ਅਸੀਂ ਉਸ ਦੀ ਸੋਚ ਜਾਣ ਸਕੀਏ ਅਤੇ ਉਸ ਦੇ ਰਾਹਾਂ ਨੂੰ ਸਮਝ ਸਕੀਏ।

2 ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਯਹੋਵਾਹ ਨੇ ਤਿੰਨ ਮੌਕਿਆਂ ’ਤੇ ਆਪ ਸਵਰਗੋਂ ਗੱਲ ਕੀਤੀ। ਆਓ ਆਪਾਂ ਗੌਰ ਕਰੀਏ ਕਿ ਯਹੋਵਾਹ ਨੇ ਕੀ ਕਿਹਾ, ਅਸੀਂ ਉਸ ਦੇ ਸ਼ਬਦਾਂ ਤੋਂ ਕੀ ਸਿੱਖ ਸਕਦੇ ਹਾਂ ਅਤੇ ਉਸ ਦੀਆਂ ਗੱਲਾਂ ਤੋਂ ਫ਼ਾਇਦਾ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ।

“ਤੂੰ ਮੇਰਾ ਪਿਆਰਾ ਪੁੱਤਰ ਹੈਂ”

3. ਮਰਕੁਸ 1:9-11 ਵਿਚ ਯਿਸੂ ਦੇ ਬਪਤਿਸਮੇ ਸਮੇਂ ਯਹੋਵਾਹ ਨੇ ਕੀ ਕਿਹਾ ਅਤੇ ਇਨ੍ਹਾਂ ਸ਼ਬਦਾਂ ਨੇ ਯਿਸੂ ਬਾਰੇ ਕਿਹੜੀਆਂ ਤਿੰਨ ਸੱਚਾਈਆਂ ਦੀ ਪੁਸ਼ਟੀ ਕੀਤੀ?

3 ਜਦੋਂ ਯਹੋਵਾਹ ਨੇ ਪਹਿਲੀ ਵਾਰ ਸਵਰਗੋਂ ਗੱਲ ਕੀਤੀ, ਤਾਂ ਉਸ ਦਾ ਜ਼ਿਕਰ ਮਰਕੁਸ 1:9-11 ਵਿਚ ਕੀਤਾ ਗਿਆ ਹੈ। (ਪੜ੍ਹੋ।) ਉਸ ਨੇ ਕਿਹਾ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।” ਜਦੋਂ ਯਿਸੂ ਨੇ ਸੁਣਿਆ ਕਿ ਉਸ ਦਾ ਪਿਤਾ ਉਸ ਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਉਸ ’ਤੇ ਭਰੋਸਾ ਕਰਦਾ ਹੈ, ਤਾਂ ਉਸ ਦਾ ਦਿਲ ਕਿੰਨਾ ਹੀ ਖ਼ੁਸ਼ ਹੋਇਆ ਹੋਣਾ! ਯਹੋਵਾਹ ਦੇ ਸ਼ਬਦਾਂ ਨੇ ਯਿਸੂ ਬਾਰੇ ਤਿੰਨ ਅਹਿਮ ਸੱਚਾਈਆਂ ਦੀ ਪੁਸ਼ਟੀ ਕੀਤੀ। ਪਹਿਲੀ, ਯਿਸੂ ਉਸ ਦਾ ਪੁੱਤਰ ਹੈ। ਦੂਜੀ, ਯਹੋਵਾਹ ਆਪਣੇ ਪੁੱਤਰ ਨੂੰ ਪਿਆਰ ਕਰਦਾ ਹੈ। ਤੀਜੀ, ਯਹੋਵਾਹ ਆਪਣੇ ਪੁੱਤਰ ਤੋਂ ਖ਼ੁਸ਼ ਹੈ। ਆਓ ਆਪਾਂ ਇਨ੍ਹਾਂ ਤਿੰਨ ਸੱਚਾਈਆਂ ’ਤੇ ਧਿਆਨ ਨਾਲ ਗੌਰ ਕਰੀਏ।

4. ਯਹੋਵਾਹ ਨੇ ਯਿਸੂ ਦੇ ਬਪਤਿਸਮੇ ਸਮੇਂ ਇਹ ਕਿਉਂ ਕਿਹਾ ਸੀ: “ਤੂੰ ਮੇਰਾ ਪਿਆਰਾ ਪੁੱਤਰ ਹੈਂ”?

4 “ਤੂੰ ਮੇਰਾ ਪਿਆਰਾ ਪੁੱਤਰ ਹੈਂ।” ਯਹੋਵਾਹ ਨੇ ਇਹ ਸ਼ਬਦ ਕਿਉਂ ਕਹੇ ਸਨ? ਧਰਤੀ ’ਤੇ ਆਉਣ ਤੋਂ ਪਹਿਲਾਂ ਹੀ ਉਹ ਪਰਮੇਸ਼ੁਰ ਦਾ ਪੁੱਤਰ ਸੀ। ਪਰ ਯਿਸੂ ਆਪਣੇ ਬਪਤਿਸਮੇ ਸਮੇਂ ਇਕ ਨਵੇਂ ਤਰੀਕੇ ਨਾਲ ਪਰਮੇਸ਼ੁਰ ਦਾ ਪੁੱਤਰ ਬਣਿਆ। ਉਸ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ ਅਤੇ ਉਸ ਨੂੰ ਸਵਰਗ ਵਾਪਸ ਜਾਣ ਦੀ ਉਮੀਦ ਮਿਲੀ ਸੀ ਜਿੱਥੇ ਜਾ ਕੇ ਉਸ ਨੇ ਪਰਮੇਸ਼ੁਰ ਵੱਲੋਂ ਚੁਣਿਆ ਹੋਇਆ ਰਾਜਾ ਅਤੇ ਮਹਾਂ ਪੁਜਾਰੀ ਬਣਨਾ ਸੀ। (ਲੂਕਾ 1:31-33; ਇਬ. 1:8, 9; 2:17) ਸੋ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਦੇ ਬਪਤਿਸਮੇ ਸਮੇਂ ਉਸ ਦੇ ਪਿਤਾ ਨੇ ਇਸ ਤਰ੍ਹਾਂ ਕਿਉਂ ਕਿਹਾ ਸੀ: “ਤੂੰ ਮੇਰਾ ਪਿਆਰਾ ਪੁੱਤਰ ਹੈਂ।”​—ਲੂਕਾ 3:22.

ਤਾਰੀਫ਼ ਤੇ ਹੱਲਾਸ਼ੇਰੀ ਮਿਲਣ ਕਰਕੇ ਅਸੀਂ ਵਧਦੇ-ਫੁੱਲਦੇ ਹਾਂ (ਪੈਰਾ 5 ਦੇਖੋ) *

5. ਪਿਆਰ ਜ਼ਾਹਰ ਕਰਨ ਅਤੇ ਤਾਰੀਫ਼ ਕਰਨ ਸੰਬੰਧੀ ਅਸੀਂ ਯਹੋਵਾਹ ਦੀ ਮਿਸਾਲ ਦੀ ਰੀਸ ਕਿਵੇਂ ਕਰ ਸਕਦੇ ਹਾਂ?

5 “ਤੂੰ ਮੇਰਾ ਪਿਆਰਾ ਪੁੱਤਰ ਹੈਂ।” ਪਿਆਰ ਜ਼ਾਹਰ ਕਰਨ ਅਤੇ ਤਾਰੀਫ਼ ਕਰਨ ਸੰਬੰਧੀ ਯਹੋਵਾਹ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਦੂਜਿਆਂ ਨੂੰ ਹੌਸਲਾ ਦੇਣ ਦੇ ਮੌਕੇ ਲੱਭਣੇ ਚਾਹੀਦੇ ਹਨ। (ਯੂਹੰ. 5:20) ਜਦੋਂ ਕੋਈ ਸਾਡਾ ਆਪਣਾ ਸਾਨੂੰ ਪਿਆਰ ਜ਼ਾਹਰ ਕਰਦਾ ਹੈ ਅਤੇ ਸਾਡੇ ਚੰਗੇ ਕੰਮਾਂ ਦੀ ਤਾਰੀਫ਼ ਕਰਦਾ ਹੈ, ਤਾਂ ਅਸੀਂ ਵਧਦੇ-ਫੁੱਲਦੇ ਹਾਂ। ਦੂਜਿਆਂ ਦੀ ਤਾਰੀਫ਼ ਕਰ ਕੇ ਅਸੀਂ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਦੇ ਹਾਂ ਅਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ। ਮਾਪਿਆਂ ਨੂੰ ਖ਼ਾਸ ਕਰਕੇ ਆਪਣੇ ਬੱਚਿਆਂ ਨੂੰ ਹੌਸਲਾ ਦੇਣ ਦੀ ਲੋੜ ਹੁੰਦੀ ਹੈ। ਮਾਪੇ ਆਪਣੇ ਬੱਚਿਆਂ ਦੀ ਦਿਲੋਂ ਤਾਰੀਫ਼ ਕਰ ਕੇ ਅਤੇ ਉਨ੍ਹਾਂ ਨੂੰ ਪਿਆਰ ਜ਼ਾਹਰ ਕਰ ਕੇ ਉਨ੍ਹਾਂ ਦੀ ਵਧਣ-ਫੁੱਲਣ ਵਿਚ ਮਦਦ ਕਰਦੇ ਹਨ।

6. ਅਸੀਂ ਯਿਸੂ ਮਸੀਹ ’ਤੇ ਭਰੋਸਾ ਕਿਉਂ ਰੱਖ ਸਕਦੇ ਹਾਂ?

6 “ਮੈਂ ਤੇਰੇ ਤੋਂ ਖ਼ੁਸ਼ ਹਾਂ।” ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਪੂਰਾ ਭਰੋਸਾ ਸੀ ਕਿ ਯਿਸੂ ਵਫ਼ਾਦਾਰੀ ਨਾਲ ਆਪਣੇ ਪਿਤਾ ਦੀ ਇੱਛਾ ਪੂਰੀ ਕਰੇਗਾ। ਜੇ ਯਹੋਵਾਹ ਨੂੰ ਆਪਣੇ ਪੁੱਤਰ ’ਤੇ ਪੂਰਾ ਭਰੋਸਾ ਹੈ, ਤਾਂ ਅਸੀਂ ਵੀ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਿਸੂ ਵਫ਼ਾਦਾਰੀ ਨਾਲ ਯਹੋਵਾਹ ਦੇ ਸਾਰੇ ਵਾਅਦੇ ਪੂਰੇ ਕਰੇਗਾ। (2 ਕੁਰਿੰ. 1:20) ਜਦੋਂ ਅਸੀਂ ਯਿਸੂ ਦੀ ਮਿਸਾਲ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਉਸ ਬਾਰੇ ਸਿੱਖਣ ਅਤੇ ਉਸ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਆਪਣਾ ਇਰਾਦਾ ਹੋਰ ਪੱਕਾ ਕਰਦੇ ਹਾਂ। ਜਿੱਦਾਂ ਯਹੋਵਾਹ ਨੂੰ ਯਿਸੂ ’ਤੇ ਪੂਰਾ ਭਰੋਸਾ ਸੀ, ਉੱਦਾਂ ਉਸ ਨੂੰ ਆਪਣੇ ਸੇਵਕਾਂ ’ਤੇ ਪੂਰਾ ਭਰੋਸਾ ਹੈ ਕਿ ਉਹ ਇਕ ਸਮੂਹ ਵਜੋਂ ਉਸ ਦੇ ਪੁੱਤਰ ਤੋਂ ਸਿੱਖਦੇ ਰਹਿਣਗੇ।​—1 ਪਤ. 2:21.

“ਇਸ ਦੀ ਗੱਲ ਸੁਣੋ”

7. ਮੱਤੀ 17:1-5 ਮੁਤਾਬਕ ਯਹੋਵਾਹ ਕਿਸ ਮੌਕੇ ’ਤੇ ਸਵਰਗੋਂ ਬੋਲਿਆ ਅਤੇ ਉਸ ਨੇ ਕੀ ਕਿਹਾ?

7 ਮੱਤੀ 17:1-5 ਪੜ੍ਹੋ। ਦੂਜੀ ਵਾਰ ਯਹੋਵਾਹ ਸਵਰਗੋਂ ਉਦੋਂ ਬੋਲਿਆ ਜਦੋਂ ਯਿਸੂ ਦਾ “ਰੂਪ ਬਦਲ ਗਿਆ” ਸੀ। ਯਿਸੂ ਇਕ ਉੱਚੇ ਪਹਾੜ ’ਤੇ ਆਪਣੇ ਨਾਲ ਪਤਰਸ, ਯਾਕੂਬ ਤੇ ਯੂਹੰਨਾ ਨੂੰ ਲੈ ਕੇ ਗਿਆ ਸੀ। ਉੱਥੇ ਉਨ੍ਹਾਂ ਨੇ ਇਕ ਸ਼ਾਨਦਾਰ ਦਰਸ਼ਣ ਦੇਖਿਆ। ਯਿਸੂ ਦਾ ਮੂੰਹ ਚਮਕਣ ਲੱਗ ਪਿਆ ਅਤੇ ਉਸ ਦੇ ਕੱਪੜੇ ਲਿਸ਼ਕਣ ਲੱਗ ਪਏ। ਯਿਸੂ ਨਾਲ ਦੋ ਵਿਅਕਤੀ, ਮੂਸਾ ਤੇ ਏਲੀਯਾਹ, ਉਸ ਦੀ ਮੌਤ ਅਤੇ ਦੁਬਾਰਾ ਜੀਉਂਦੇ ਕੀਤੇ ਜਾਣ ਬਾਰੇ ਗੱਲਾਂ ਕਰਨ ਲੱਗੇ। ਭਾਵੇਂ ਕਿ ਤਿੰਨੇ ਰਸੂਲ “ਡੂੰਘੀ ਨੀਂਦ ਸੁੱਤੇ ਪਏ ਸਨ,” ਉਨ੍ਹਾਂ ਨੇ ਇਹ ਸ਼ਾਨਦਾਰ ਦਰਸ਼ਣ ਉਦੋਂ ਦੇਖਿਆ ਜਦ ਉਹ ਪੂਰੀ ਤਰ੍ਹਾਂ ਜਾਗ ਪਏ ਸਨ। (ਲੂਕਾ 9:29-32) ਫਿਰ ਇਕ ਬੱਦਲ ਨੇ ਉਨ੍ਹਾਂ ਨੂੰ ਢਕ ਲਿਆ ਅਤੇ ਉਨ੍ਹਾਂ ਨੇ ਬੱਦਲ ਵਿੱਚੋਂ ਪਰਮੇਸ਼ੁਰ ਦੀ ਆਵਾਜ਼ ਸੁਣੀ। ਜਿੱਦਾਂ ਯਹੋਵਾਹ ਨੇ ਯਿਸੂ ਦੇ ਬਪਤਿਸਮੇ ਵੇਲੇ ਕੀਤਾ, ਉੱਦਾਂ ਹੀ ਉਸ ਨੇ ਆਪਣੇ ਪੁੱਤਰ ਲਈ ਆਪਣੀ ਖ਼ੁਸ਼ੀ ਤੇ ਪਿਆਰ ਜ਼ਾਹਰ ਕਰਦਿਆਂ ਕਿਹਾ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।” ਪਰ ਇਸ ਵਾਰ ਉਸ ਨੇ ਇਹ ਵੀ ਕਿਹਾ: “ਇਸ ਦੀ ਗੱਲ ਸੁਣੋ।”

8. ਇਸ ਦਰਸ਼ਣ ਦਾ ਯਿਸੂ ਅਤੇ ਉਸ ਦੇ ਚੇਲਿਆਂ ’ਤੇ ਕੀ ਅਸਰ ਪਿਆ?

8 ਇਸ ਦਰਸ਼ਣ ਤੋਂ ਭਵਿੱਖ ਵਿਚ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਯਿਸੂ ਦੀ ਮਹਿਮਾ ਤੇ ਤਾਕਤ ਦੀ ਝਲਕ ਮਿਲੀ। ਬਿਨਾਂ ਸ਼ੱਕ, ਇਸ ਦਰਸ਼ਣ ਤੋਂ ਮਸੀਹ ਨੂੰ ਆਉਣ ਵਾਲੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨ ਅਤੇ ਦਰਦਨਾਕ ਮੌਤ ਸਹਿਣ ਲਈ ਹੌਸਲਾ ਤੇ ਤਾਕਤ ਮਿਲੀ। ਇਸ ਦਰਸ਼ਣ ਕਰਕੇ ਚੇਲਿਆਂ ਦੀ ਵੀ ਨਿਹਚਾ ਮਜ਼ਬੂਤ ਹੋਈ। ਉਹ ਭਵਿੱਖ ਵਿਚ ਆਉਣ ਵਾਲੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਅਤੇ ਸਖ਼ਤ ਮਿਹਨਤ ਕਰਨ ਲਈ ਤਿਆਰ ਹੋਏ। ਲਗਭਗ 30 ਸਾਲਾਂ ਬਾਅਦ ਪਤਰਸ ਰਸੂਲ ਨੇ ਇਸ ਦਰਸ਼ਣ ਬਾਰੇ ਗੱਲ ਕੀਤੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਇਹ ਦਰਸ਼ਣ ਅਜੇ ਵੀ ਚੰਗੀ ਤਰ੍ਹਾਂ ਯਾਦ ਸੀ।​—2 ਪਤ. 1:16-18.

9. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀਆਂ ਵਧੀਆ ਸਲਾਹਾਂ ਦਿੱਤੀਆਂ?

9 “ਇਸ ਦੀ ਗੱਲ ਸੁਣੋ।” ਯਹੋਵਾਹ ਨੇ ਸਾਫ਼ ਜ਼ਾਹਰ ਕਰ ਦਿੱਤਾ ਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਪੁੱਤਰ ਦੀਆਂ ਗੱਲਾਂ ਸੁਣੀਏ ਅਤੇ ਉਨ੍ਹਾਂ ਮੁਤਾਬਕ ਚੱਲੀਏ। ਧਰਤੀ ’ਤੇ ਹੁੰਦਿਆਂ ਯਿਸੂ ਨੇ ਕੀ ਕਿਹਾ ਸੀ? ਉਸ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਿਨ੍ਹਾਂ ਨੂੰ ਸੁਣਨਾ ਬਹੁਤ ਜ਼ਰੂਰੀ ਹੈ। ਮਿਸਾਲ ਲਈ, ਉਸ ਨੇ ਪਿਆਰ ਨਾਲ ਆਪਣੇ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਿਖਾਇਆ ਅਤੇ ਉਨ੍ਹਾਂ ਨੂੰ ਵਾਰ-ਵਾਰ ਯਾਦ ਕਰਾਇਆ ਸੀ ਕਿ ਉਹ ਖ਼ਬਰਦਾਰ ਰਹਿਣ। (ਮੱਤੀ 24:42; 28:19, 20) ਉਸ ਨੇ ਉਨ੍ਹਾਂ ਨੂੰ ਭੀੜੇ ਦਰਵਾਜ਼ੇ ਵਿੱਚੋਂ ਵੜਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਦੀ ਵੀ ਸਲਾਹ ਦਿੱਤੀ ਅਤੇ ਹੱਲਾਸ਼ੇਰੀ ਦਿੱਤੀ ਕਿ ਉਹ ਹੌਸਲਾ ਨਾ ਹਾਰਨ। (ਲੂਕਾ 13:24) ਯਿਸੂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਉਸ ਦੇ ਚੇਲੇ ਇਕ-ਦੂਜੇ ਨੂੰ ਪਿਆਰ ਕਰਨ, ਏਕਤਾ ਵਿਚ ਬੱਝੇ ਰਹਿਣ ਅਤੇ ਉਸ ਦੇ ਹੁਕਮ ਮੰਨਣ। (ਯੂਹੰ. 15:10, 12, 13) ਯਿਸੂ ਨੇ ਆਪਣੇ ਚੇਲਿਆਂ ਨੂੰ ਕਿੰਨੀਆਂ ਹੀ ਵਧੀਆ ਸਲਾਹਾਂ ਦਿੱਤੀਆਂ! ਇਹ ਸਲਾਹਾਂ ਅੱਜ ਸਾਡੇ ਲਈ ਵੀ ਉੱਨੀਆਂ ਹੀ ਅਹਿਮ ਹਨ ਜਿੰਨੀਆਂ ਉਦੋਂ ਅਹਿਮ ਸਨ।

10-11. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਦੀ ਗੱਲ ਸੁਣ ਰਹੇ ਹਾਂ?

10 ਯਿਸੂ ਨੇ ਕਿਹਾ: “ਜਿਹੜਾ ਵੀ ਸੱਚਾਈ ਵੱਲ ਹੈ, ਉਹ ਮੇਰੀ ਗੱਲ ਸੁਣਦਾ ਹੈ।” (ਯੂਹੰ. 18:37) ਜਦੋਂ ਅਸੀਂ ‘ਇਕ-ਦੂਜੇ ਦੀ ਸਹਿੰਦੇ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਹਾਂ,’ ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਮਸੀਹ ਦੀ ਗੱਲ ਸੁਣ ਰਹੇ ਹਾਂ। (ਕੁਲੁ. 3:13; ਲੂਕਾ 17:3, 4) ਅਸੀਂ “ਚੰਗੇ ਅਤੇ ਬੁਰੇ ਹਾਲਾਤਾਂ ਵਿਚ ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ” ਕਰ ਕੇ ਵੀ ਦਿਖਾਉਂਦੇ ਹਾਂ ਕਿ ਅਸੀਂ ਉਸ ਦੀ ਗੱਲ ਸੁਣ ਰਹੇ ਹਾਂ।​—2 ਤਿਮੋ. 4:2.

11 ਯਿਸੂ ਨੇ ਕਿਹਾ: “ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ।” (ਯੂਹੰ. 10:27) ਮਸੀਹ ਦੇ ਚੇਲੇ ਦਿਖਾਉਂਦੇ ਹਨ ਕਿ ਉਹ ਸਿਰਫ਼ ਯਿਸੂ ਦੀਆਂ ਗੱਲਾਂ ਸੁਣਦੇ ਹੀ ਨਹੀਂ, ਸਗੋਂ ਉਨ੍ਹਾਂ ਮੁਤਾਬਕ ਚੱਲਦੇ ਵੀ ਹਨ। ਉਹ “ਜ਼ਿੰਦਗੀ ਦੀਆਂ ਚਿੰਤਾਵਾਂ” ਕਰਕੇ ਆਪਣਾ ਧਿਆਨ ਨਹੀਂ ਭਟਕਣ ਦਿੰਦੇ। (ਲੂਕਾ 21:34) ਇਸ ਦੀ ਬਜਾਇ, ਉਹ ਔਖੇ ਹਾਲਾਤਾਂ ਵਿਚ ਵੀ ਯਿਸੂ ਦੇ ਹੁਕਮ ਮੰਨਣੇ ਜ਼ਰੂਰੀ ਸਮਝਦੇ ਹਨ। ਸਾਡੇ ਬਹੁਤ ਸਾਰੇ ਭੈਣ-ਭਰਾ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਹਨ ਜਿਨ੍ਹਾਂ ਵਿਚ ਵਿਰੋਧੀਆਂ ਵੱਲੋਂ ਹਮਲੇ, ਗ਼ਰੀਬੀ ਅਤੇ ਕੁਦਰਤੀ ਆਫ਼ਤਾਂ ਵੀ ਸ਼ਾਮਲ ਹਨ। ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਉਹ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਨ। ਯਿਸੂ ਉਨ੍ਹਾਂ ਨੂੰ ਇਹ ਭਰੋਸਾ ਦਿਵਾਉਂਦਾ ਹੈ: “ਜਿਹੜਾ ਮੇਰੇ ਹੁਕਮਾਂ ਨੂੰ ਕਬੂਲ ਕਰਦਾ ਹੈ ਅਤੇ ਇਨ੍ਹਾਂ ਨੂੰ ਮੰਨਦਾ ਹੈ, ਉਹੀ ਮੈਨੂੰ ਪਿਆਰ ਕਰਦਾ ਹੈ। ਜਿਹੜਾ ਇਨਸਾਨ ਮੈਨੂੰ ਪਿਆਰ ਕਰਦਾ ਹੈ, ਉਸ ਨੂੰ ਮੇਰਾ ਪਿਤਾ ਪਿਆਰ ਕਰੇਗਾ।”​—ਯੂਹੰ. 14:21.

ਪ੍ਰਚਾਰ ਕਰ ਕੇ ਸਾਡਾ ਧਿਆਨ ਨਹੀਂ ਭਟਕਦਾ (ਪੈਰਾ 12 ਦੇਖੋ) *

12. ਅਸੀਂ ਹੋਰ ਕਿਸ ਤਰੀਕੇ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਦੀ ਆਵਾਜ਼ ਸੁਣ ਰਹੇ ਹਾਂ?

12 ਅਗਵਾਈ ਲੈਣ ਵਾਲਿਆਂ ਨਾਲ ਮਿਲ ਕੇ ਕੰਮ ਕਰ ਕੇ ਵੀ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਦੀ ਗੱਲ ਸੁਣ ਰਹੇ ਹਾਂ। (ਇਬ. 13:7, 17) ਹਾਲ ਹੀ ਦੇ ਸਾਲਾਂ ਵਿਚ ਪਰਮੇਸ਼ੁਰ ਦੇ ਸੰਗਠਨ ਨੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹਨ, ਜਿਵੇਂ ਪ੍ਰਚਾਰ ਵਿਚ ਨਵੇਂ ਔਜ਼ਾਰਾਂ ਤੇ ਤਰੀਕਿਆਂ ਦੀ ਵਰਤੋ, ਹਫ਼ਤੇ ਦੌਰਾਨ ਹੁੰਦੀਆਂ ਸਭਾਵਾਂ ਵਿਚ ਤਬਦੀਲੀਆਂ ਅਤੇ ਕਿੰਗਡਮ ਹਾਲ ਬਣਾਉਣ, ਮੁਰੰਮਤ ਕਰਨ ਅਤੇ ਸਾਂਭ-ਸੰਭਾਲ ਕਰਨ ਦੇ ਤਰੀਕੇ। ਪਿਆਰ ਨਾਲ ਅਤੇ ਸੋਚ-ਸਮਝ ਕੇ ਦਿੱਤੀਆਂ ਹਿਦਾਇਤਾਂ ਲਈ ਅਸੀਂ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ! ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਹੀ ਸਮੇਂ ’ਤੇ ਸੰਗਠਨ ਦੁਆਰਾ ਦਿੱਤੀਆਂ ਹਿਦਾਇਤਾਂ ਮੁਤਾਬਕ ਚੱਲਣ ਕਰਕੇ ਯਹੋਵਾਹ ਸਾਨੂੰ ਜ਼ਰੂਰ ਬਰਕਤਾਂ ਦੇਵੇਗਾ।

13. ਯਿਸੂ ਦੀਆਂ ਗੱਲਾਂ ਸੁਣ ਕੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

13 ਯਿਸੂ ਦੁਆਰਾ ਸਿਖਾਈਆਂ ਸਾਰੀਆਂ ਗੱਲਾਂ ਸੁਣ ਕੇ ਸਾਨੂੰ ਫ਼ਾਇਦੇ ਹੁੰਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਕਿ ਉਸ ਦੀਆਂ ਸਿੱਖਿਆਵਾਂ ਨਾਲ ਉਨ੍ਹਾਂ ਨੂੰ ਤਾਜ਼ਗੀ ਮਿਲੇਗੀ। ਉਸ ਨੇ ਕਿਹਾ: “ਤੁਹਾਡੀਆਂ ਜਾਨਾਂ ਨੂੰ ਤਾਜ਼ਗੀ ਮਿਲੇਗੀ। ਕਿਉਂਕਿ ਮੇਰਾ ਜੂਲਾ ਚੁੱਕਣਾ ਆਸਾਨ ਹੈ ਅਤੇ ਮੈਂ ਤੁਹਾਨੂੰ ਜੋ ਚੁੱਕਣ ਲਈ ਕਹਿੰਦਾ ਹਾਂ, ਉਹ ਭਾਰਾ ਨਹੀਂ ਹੈ।” (ਮੱਤੀ 11:28-30) ਪਰਮੇਸ਼ੁਰ ਦਾ ਬਚਨ ਸਾਨੂੰ ਤਰੋ-ਤਾਜ਼ਾ ਕਰਦਾ ਹੈ ਅਤੇ ਬੁੱਧੀਮਾਨ ਬਣਾਉਂਦਾ ਹੈ। ਇਸ ਬਚਨ ਵਿਚ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਚਾਰ ਇੰਜੀਲਾਂ ਵੀ ਸ਼ਾਮਲ ਹਨ। (ਜ਼ਬੂ. 19:7; 23:3) ਯਿਸੂ ਨੇ ਕਿਹਾ: “ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!”​—ਲੂਕਾ 11:28.

‘ਮੈਂ ਆਪਣੇ ਨਾਂ ਦੀ ਮਹਿਮਾ ਕਰਾਂਗਾ’

14-15. (ੳ) ਯੂਹੰਨਾ 12:27, 28 ਅਨੁਸਾਰ ਤੀਜਾ ਮੌਕਾ ਕਿਹੜਾ ਸੀ ਜਦੋਂ ਯਹੋਵਾਹ ਸਵਰਗੋਂ ਬੋਲਿਆ ਸੀ? (ਅ) ਯਹੋਵਾਹ ਦੀਆਂ ਗੱਲਾਂ ਤੋਂ ਯਿਸੂ ਨੂੰ ਤਸੱਲੀ ਤੇ ਹੌਸਲਾ ਕਿਉਂ ਮਿਲਿਆ ਹੋਣਾ?

14 ਯੂਹੰਨਾ 12:27, 28 ਪੜ੍ਹੋ। ਯੂਹੰਨਾ ਨੇ ਆਪਣੀ ਇੰਜੀਲ ਵਿਚ ਉਹ ਤੀਜਾ ਮੌਕਾ ਦਰਜ ਕੀਤਾ ਜਦੋਂ ਯਹੋਵਾਹ ਸਵਰਗੋਂ ਬੋਲਿਆ ਸੀ। ਯਿਸੂ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਯਰੂਸ਼ਲਮ ਵਿਚ ਆਪਣਾ ਆਖ਼ਰੀ ਪਸਾਹ ਦਾ ਤਿਉਹਾਰ ਮਨਾਇਆ। ਉਸ ਨੇ ਕਿਹਾ: “ਮੇਰਾ ਮਨ ਬੜਾ ਪਰੇਸ਼ਾਨ ਹੈ।” ਫਿਰ ਉਸ ਨੇ ਪ੍ਰਾਰਥਨਾ ਕੀਤੀ: “ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ।” ਜਵਾਬ ਵਿਚ ਉਸ ਦਾ ਪਿਤਾ ਸਵਰਗੋਂ ਬੋਲਿਆ: “ਮੈਂ ਇਸ ਦੀ ਮਹਿਮਾ ਕੀਤੀ ਹੈ ਅਤੇ ਦੁਬਾਰਾ ਕਰਾਂਗਾ।”

15 ਯਿਸੂ ਪਰੇਸ਼ਾਨ ਸੀ ਕਿਉਂਕਿ ਉਸ ਦੇ ਮੋਢਿਆਂ ’ਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਵੱਡੀ ਜ਼ਿੰਮੇਵਾਰੀ ਸੀ। ਯਿਸੂ ਜਾਣਦਾ ਸੀ ਕਿ ਉਸ ਨੂੰ ਕੋਰੜਿਆਂ ਦੀ ਮਾਰ ਅਤੇ ਦਰਦਨਾਕ ਮੌਤ ਸਹਿਣੀ ਪੈਣੀ ਸੀ। (ਮੱਤੀ 26:38) ਯਿਸੂ ਲਈ ਆਪਣੇ ਪਿਤਾ ਦੇ ਨਾਂ ਦੀ ਮਹਿਮਾ ਕਰਨੀ ਸਭ ਤੋਂ ਜ਼ਰੂਰੀ ਗੱਲ ਸੀ। ਯਿਸੂ ’ਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਲਈ ਉਹ ਪਰੇਸ਼ਾਨ ਸੀ ਕਿ ਉਸ ਦੀ ਮੌਤ ਨਾਲ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਹੋਣੀ ਸੀ। ਬਿਨਾਂ ਸ਼ੱਕ, ਯਿਸੂ ਨੂੰ ਯਹੋਵਾਹ ਦੇ ਸ਼ਬਦਾਂ ਤੋਂ ਹੌਸਲਾ ਮਿਲਿਆ ਹੋਣਾ! ਉਸ ਨੂੰ ਭਰੋਸਾ ਮਿਲਿਆ ਹੋਣਾ ਕਿ ਯਹੋਵਾਹ ਦੇ ਨਾਂ ਦੀ ਮਹਿਮਾ ਹੋਵੇਗੀ। ਯਿਸੂ ਨੂੰ ਆਪਣੇ ਪਿਤਾ ਦੇ ਸ਼ਬਦਾਂ ਤੋਂ ਜ਼ਰੂਰ ਤਸੱਲੀ ਮਿਲੀ ਹੋਣੀ ਅਤੇ ਆਉਣ ਵਾਲੀਆਂ ਮੁਸ਼ਕਲਾਂ ਸਹਿਣ ਦੀ ਤਾਕਤ ਮਿਲੀ ਹੋਣੀ। ਭਾਵੇਂ ਕਿ ਉਸ ਵੇਲੇ ਹਾਜ਼ਰ ਲੋਕਾਂ ਵਿੱਚੋਂ ਸਿਰਫ਼ ਉਸ ਨੂੰ ਆਪਣੇ ਪਿਤਾ ਦੀਆਂ ਗੱਲਾਂ ਸਮਝ ਆਈਆਂ ਹੋਣ, ਪਰ ਪਰਮੇਸ਼ੁਰ ਨੇ ਪੱਕਾ ਕੀਤਾ ਕਿ ਉਹ ਆਪਣੇ ਸ਼ਬਦਾਂ ਨੂੰ ਸਾਡੇ ਲਈ ਲਿਖਵਾਏ।​—ਯੂਹੰ. 12:29, 30.

ਯਹੋਵਾਹ ਆਪਣੇ ਨਾਂ ਦੀ ਮਹਿਮਾ ਕਰੇਗਾ ਅਤੇ ਆਪਣੇ ਲੋਕਾਂ ਨੂੰ ਬਚਾਵੇਗਾ (ਪੈਰਾ 16 ਦੇਖੋ) *

16. ਕਈ ਵਾਰ ਸ਼ਾਇਦ ਅਸੀਂ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਕਰਕੇ ਪਰੇਸ਼ਾਨ ਕਿਉਂ ਹੋਈਏ?

16 ਸ਼ਾਇਦ ਅਸੀਂ ਵੀ ਯਿਸੂ ਵਾਂਗ ਯਹੋਵਾਹ ਦੇ ਨਾਂ ਦੀ ਬਦਨਾਮੀ ਕਰਕੇ ਪਰੇਸ਼ਾਨ ਹੋਈਏ। ਸ਼ਾਇਦ ਯਿਸੂ ਵਾਂਗ ਸਾਡੇ ਨਾਲ ਅਨਿਆਂ ਹੋਇਆ ਹੋਵੇ। ਜਾਂ ਸ਼ਾਇਦ ਅਸੀਂ ਵਿਰੋਧੀਆਂ ਦੁਆਰਾ ਸਾਡੇ ਬਾਰੇ ਫੈਲਾਈਆਂ ਝੂਠੀਆਂ ਗੱਲਾਂ ਕਰਕੇ ਪਰੇਸ਼ਾਨ ਹੋਈਏ। ਅਸੀਂ ਸ਼ਾਇਦ ਸੋਚੀਏ ਕਿ ਇਨ੍ਹਾਂ ਝੂਠੀਆਂ ਗੱਲਾਂ ਕਰਕੇ ਯਹੋਵਾਹ ਦੇ ਨਾਂ ਅਤੇ ਉਸ ਦੇ ਸੰਗਠਨ ਦੀ ਬਦਨਾਮੀ ਹੋਵੇ। ਇਨ੍ਹਾਂ ਮੌਕਿਆਂ ’ਤੇ ਯਹੋਵਾਹ ਦੇ ਸ਼ਬਦਾਂ ਤੋਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ। ਸਾਨੂੰ ਹੱਦੋਂ ਵੱਧ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ “ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ [ਸਾਡੇ] ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿ. 4:6, 7) ਯਹੋਵਾਹ ਹਮੇਸ਼ਾ ਆਪਣੇ ਨਾਂ ਦੀ ਮਹਿਮਾ ਕਰੇਗਾ। ਆਪਣੇ ਰਾਜ ਦੇ ਜ਼ਰੀਏ ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਦੇ ਸਾਰੇ ਨੁਕਸਾਨ ਦੀ ਭਰਪਾਈ ਕਰੇਗਾ ਜੋ ਸ਼ੈਤਾਨ ਤੇ ਉਸ ਦੀ ਦੁਨੀਆਂ ਨੇ ਕੀਤਾ ਹੈ।​—ਜ਼ਬੂ. 94:22, 23; ਯਸਾ. 65:17.

ਅੱਜ ਯਹੋਵਾਹ ਦੀਆਂ ਗੱਲਾਂ ਤੋਂ ਫ਼ਾਇਦਾ ਲਓ

17. ਯਸਾਯਾਹ 30:21 ਅਨੁਸਾਰ ਅੱਜ ਯਹੋਵਾਹ ਸਾਡੇ ਨਾਲ ਕਿਵੇਂ ਗੱਲ ਕਰਦਾ ਹੈ?

17 ਯਹੋਵਾਹ ਅੱਜ ਵੀ ਸਾਡੇ ਨਾਲ ਗੱਲ ਕਰ ਰਿਹਾ ਹੈ। (ਯਸਾਯਾਹ 30:21 ਪੜ੍ਹੋ।) ਇਹ ਸੱਚ ਹੈ ਕਿ ਅਸੀਂ ਪਰਮੇਸ਼ੁਰ ਨੂੰ ਸਵਰਗੋਂ ਗੱਲ ਕਰਦਿਆਂ ਨਹੀਂ ਸੁਣਦੇ। ਪਰ ਉਸ ਨੇ ਆਪਣਾ ਬਚਨ ਬਾਈਬਲ ਦਿੱਤਾ ਹੈ ਜਿਸ ਰਾਹੀਂ ਉਹ ਸਾਨੂੰ ਹਿਦਾਇਤਾਂ ਦਿੰਦਾ ਹੈ। ਨਾਲੇ ਯਹੋਵਾਹ ਦੀ ਪਵਿੱਤਰ ਸ਼ਕਤੀ ‘ਵਫ਼ਾਦਾਰ ਪ੍ਰਬੰਧਕ’ ਨੂੰ ਪ੍ਰੇਰਦੀ ਹੈ ਕਿ ਉਹ ਉਸ ਦੇ ਸੇਵਕਾਂ ਨੂੰ ਭੋਜਨ ਦੇਵੇ। (ਲੂਕਾ 12:42) ਅੱਜ ਸਾਨੂੰ ਪਰਮੇਸ਼ੁਰ ਬਾਰੇ ਬਹੁਤ ਸਾਰੀ ਜਾਣਕਾਰੀ ਆਨ-ਲਾਈਨ, ਪ੍ਰਕਾਸ਼ਨਾਂ ਅਤੇ ਆਡੀਓ ਤੇ ਵੀਡੀਓ ਰਾਹੀਂ ਮਿਲਦੀ ਹੈ।

18. ਯਹੋਵਾਹ ਦੇ ਸ਼ਬਦਾਂ ਤੋਂ ਤੁਹਾਡੀ ਨਿਹਚਾ ਕਿਵੇਂ ਮਜ਼ਬੂਤ ਹੁੰਦੀ ਹੈ ਅਤੇ ਤੁਹਾਨੂੰ ਹੌਸਲਾ ਕਿਵੇਂ ਮਿਲਦਾ ਹੈ?

18 ਆਓ ਆਪਾਂ ਯਹੋਵਾਹ ਦੇ ਉਨ੍ਹਾਂ ਸ਼ਬਦਾਂ ਨੂੰ ਯਾਦ ਰੱਖੀਏ ਜੋ ਉਸ ਨੇ ਉਦੋਂ ਕਹੇ ਸਨ ਜਦੋਂ ਉਸ ਦਾ ਪੁੱਤਰ ਧਰਤੀ ’ਤੇ ਸੀ। ਅਸੀਂ ਚਾਹੁੰਦੇ ਹਾਂ ਕਿ ਬਾਈਬਲ ਵਿਚ ਦਰਜ ਪਰਮੇਸ਼ੁਰ ਦੇ ਸ਼ਬਦ ਸਾਨੂੰ ਭਰੋਸਾ ਦੇਣ ਕਿ ਸਾਰਾ ਕੁਝ ਯਹੋਵਾਹ ਦੇ ਹੱਥਾਂ ਵਿਚ ਹੈ ਅਤੇ ਉਹ ਸ਼ੈਤਾਨ ਤੇ ਉਸ ਦੀ ਦੁਸ਼ਟ ਦੁਨੀਆਂ ਦੁਆਰਾ ਕੀਤੇ ਕਿਸੇ ਵੀ ਨੁਕਸਾਨ ਦੀ ਭਰਪਾਈ ਕਰੇਗਾ। ਨਾਲੇ ਆਓ ਆਪਾਂ ਯਹੋਵਾਹ ਦੀ ਗੱਲ ਧਿਆਨ ਨਾਲ ਸੁਣਨ ਦਾ ਇਰਾਦਾ ਕਰੀਏ। ਇੱਦਾਂ ਕਰਨ ਕਰਕੇ ਅਸੀਂ ਅੱਜ ਅਤੇ ਭਵਿੱਖ ਵਿਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰ ਸਕਾਂਗੇ। ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: “ਤੁਹਾਨੂੰ ਧੀਰਜ ਨਾਲ ਮੁਸ਼ਕਲਾਂ ਸਹਿਣ ਦੀ ਲੋੜ ਹੈ, ਤਾਂਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਉਹ ਸਭ ਕੁਝ ਮਿਲੇ ਜਿਸ ਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ।”​—ਇਬ. 10:36.

ਗੀਤ 22 ‘ਯਹੋਵਾਹ ਮੇਰਾ ਚਰਵਾਹਾ’

^ ਪੈਰਾ 5 ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਤਿੰਨ ਮੌਕਿਆਂ ’ਤੇ ਯਹੋਵਾਹ ਸਵਰਗੋਂ ਬੋਲਿਆ। ਇਨ੍ਹਾਂ ਵਿੱਚੋਂ ਇਕ ਮੌਕੇ ’ਤੇ ਯਹੋਵਾਹ ਨੇ ਮਸੀਹ ਦੇ ਚੇਲਿਆਂ ਨੂੰ ਉਸ ਦੀ ਗੱਲ ਸੁਣਨ ਨੂੰ ਕਿਹਾ। ਅੱਜ ਯਹੋਵਾਹ ਆਪਣੇ ਬਚਨ ਰਾਹੀਂ, ਜਿਸ ਵਿਚ ਯਿਸੂ ਦਿਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਆਪਣੇ ਸੰਗਠਨ ਰਾਹੀਂ ਸਾਡੇ ਨਾਲ ਗੱਲ ਕਰਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਤੇ ਯਿਸੂ ਦੀਆਂ ਗੱਲਾਂ ਤੋਂ ਫ਼ਾਇਦਾ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ।

^ ਪੈਰਾ 52 ਤਸਵੀਰਾਂ ਬਾਰੇ ਜਾਣਕਾਰੀ: ਇਕ ਬਜ਼ੁਰਗ ਇਕ ਸਹਾਇਕ ਸੇਵਕ ਨੂੰ ਕਿੰਗਡਮ ਹਾਲ ਦੀ ਸਫ਼ਾਈ ਕਰਦਾ ਅਤੇ ਲਿਟਰੇਚਰ ਕਾਊਂਟਰ ’ਤੇ ਕੰਮ ਕਰਦਾ ਦੇਖਦਾ ਹੋਇਆ। ਉਹ ਬਜ਼ੁਰਗ ਉਸ ਦੀ ਤਾਰੀਫ਼ ਕਰਦਾ ਹੋਇਆ।

^ ਪੈਰਾ 54 ਤਸਵੀਰਾਂ ਬਾਰੇ ਜਾਣਕਾਰੀ: ਸੀਅਰਾ ਲਿਓਨ ਵਿਚ ਇਕ ਜੋੜਾ ਇਕ ਮਛੇਰੇ ਨੂੰ ਸਭਾ ਵਿਚ ਆਉਣ ਦਾ ਸੱਦਾ-ਪੱਤਰ ਦਿੰਦਾ ਹੋਇਆ।

^ ਪੈਰਾ 56 ਤਸਵੀਰਾਂ ਬਾਰੇ ਜਾਣਕਾਰੀ: ਗਵਾਹ ਉਸ ਦੇਸ਼ ਵਿਚ ਕਿਸੇ ਦੇ ਘਰ ਸਭਾ ਕਰਦੇ ਹੋਏ ਜਿੱਥੇ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਈ ਹੈ। ਉਨ੍ਹਾਂ ਨੇ ਆਮ ਕੱਪੜੇ ਪਾਏ ਹੋਏ ਹਨ ਤਾਂਕਿ ਕਿਸੇ ਦਾ ਧਿਆਨ ਉਨ੍ਹਾਂ ’ਤੇ ਨਾ ਪਵੇ।