Skip to content

Skip to table of contents

ਤੁਹਾਡਾ “ਆਮੀਨ” ਕਹਿਣਾ ਯਹੋਵਾਹ ਲਈ ਮਾਅਨੇ ਰੱਖਦਾ ਹੈ

ਤੁਹਾਡਾ “ਆਮੀਨ” ਕਹਿਣਾ ਯਹੋਵਾਹ ਲਈ ਮਾਅਨੇ ਰੱਖਦਾ ਹੈ

ਯਹੋਵਾਹ ਸਾਡੀ ਭਗਤੀ ਦੀ ਕਦਰ ਕਰਦਾ ਹੈ। ਉਹ ਆਪਣੇ ਸੇਵਕਾਂ ਦੀਆਂ ਗੱਲਾਂ “ਧਿਆਨ ਦੇ ਕੇ” ਸੁਣਦਾ ਹੈ ਅਤੇ ਉਸ ਦੀ ਮਹਿਮਾ ਲਈ ਅਸੀਂ ਜੋ ਵੀ ਕਰਦੇ ਹਾਂ ਉਹ ਉਸ ਦੀ ਕਦਰ ਕਰਦਾ ਹੈ। (ਮਲਾ. 3:16) ਮਿਸਾਲ ਲਈ, ਇਕ ਸ਼ਬਦ ’ਤੇ ਗੌਰ ਕਰੋ ਜੋ ਅਸੀਂ ਬਹੁਤ ਵਾਰ ਕਹਿੰਦੇ ਹਾਂ। ਉਹ ਸ਼ਬਦ ਹੈ “ਆਮੀਨ।” ਕੀ ਯਹੋਵਾਹ ਲਈ ਇਹ ਛੋਟਾ ਜਿਹਾ ਸ਼ਬਦ ਵੀ ਮਾਅਨੇ ਰੱਖਦਾ ਹੈ? ਬਿਲਕੁਲ ਰੱਖਦਾ ਹੈ। ਇਹ ਜਾਣਨ ਲਈ ਕਿ ਉਸ ਲਈ ਇਹ ਸ਼ਬਦ ਕਿਉਂ ਮਾਅਨੇ ਰੱਖਦਾ, ਆਓ ਆਪਾਂ ਦੇਖੀਏ ਕਿ ਇਸ ਸ਼ਬਦ ਦਾ ਕੀ ਮਤਲਬ ਹੈ ਅਤੇ ਬਾਈਬਲ ਵਿਚ ਇਹ ਸ਼ਬਦ ਕਿਵੇਂ ਵਰਤਿਆ ਗਿਆ ਹੈ।

“ਸਾਰੀ ਪਰਜਾ ਆਖੇ, ਆਮੀਨ”

“ਆਮੀਨ” ਸ਼ਬਦ ਦਾ ਮਤਲਬ ਹੈ, “ਇਸੇ ਤਰ੍ਹਾਂ ਹੋਵੇ” ਜਾਂ “ਪੱਕਾ ਹੋਵੇ”। ਇਹ ਸ਼ਬਦ ਇਬਰਾਨੀ ਭਾਸ਼ਾ ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਵਫ਼ਾਦਾਰ ਹੋਵੋ” ਜਾਂ “ਭਰੋਸੇਯੋਗ ਬਣੋ।” ਕਈ ਵਾਰ ਇਹ ਸ਼ਬਦ ਕਾਨੂੰਨੀ ਮਾਮਲਿਆਂ ਵਿਚ ਵਰਤਿਆ ਗਿਆ ਸੀ। ਸਹੁੰ ਖਾਣ ਤੋਂ ਬਾਅਦ ਇਕ ਇਨਸਾਨ “ਆਮੀਨ” ਕਹਿ ਕੇ ਪੱਕਾ ਕਰਦਾ ਸੀ ਕਿ ਉਸ ਨੇ ਜੋ ਕਿਹਾ ਉਹ ਸਹੀ ਸੀ ਅਤੇ ਉਹ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਸੀ। (ਗਿਣ. 5:22) ਜਦੋਂ ਉਹ ਸਾਰਿਆਂ ਸਾਮ੍ਹਣੇ “ਆਮੀਨ” ਕਹਿੰਦਾ ਸੀ, ਤਾਂ ਉਸ ਕੋਲ ਆਪਣਾ ਵਾਅਦਾ ਪੂਰਾ ਕਰਨ ਦਾ ਵਧੀਆ ਕਾਰਨ ਹੁੰਦਾ ਸੀ।​—ਨਹ. 5:13.

“ਆਮੀਨ” ਸ਼ਬਦ ਵਰਤੇ ਜਾਣ ਦੀ ਵਧੀਆ ਮਿਸਾਲ ਬਿਵਸਥਾ ਸਾਰ ਦੇ 27ਵੇਂ ਅਧਿਆਇ ਵਿਚ ਦਰਜ ਹੈ। ਵਾਅਦਾ ਕੀਤੇ ਦੇਸ਼ ਵਿਚ ਵੜਨ ਤੋਂ ਬਾਅਦ ਇਜ਼ਰਾਈਲੀਆਂ ਨੇ ਕਾਨੂੰਨ ਸੁਣਨ ਲਈ ਏਬਾਲ ਅਤੇ ਗਰਿੱਜ਼ੀਮ ਪਹਾੜ ਵਿਚਕਾਰ ਇਕੱਠੇ ਹੋਣਾ ਸੀ। ਉਨ੍ਹਾਂ ਨੇ ਸਿਰਫ਼ ਕਾਨੂੰਨ ਸੁਣਨ ਲਈ ਹੀ ਇਕੱਠੇ ਨਹੀਂ ਹੋਣਾ ਸੀ, ਸਗੋਂ ਉਨ੍ਹਾਂ ਨੇ ਇਹ ਕਾਨੂੰਨ ਸਵੀਕਾਰ ਕਰਨ ਦਾ ਐਲਾਨ ਵੀ ਕਰਨਾ ਸੀ। ਜਦੋਂ ਹੁਕਮਾਂ ਦੀ ਉਲੰਘਣਾ ਕਰਨ ਦੇ ਨਤੀਜਿਆਂ ਬਾਰੇ ਪੜ੍ਹਿਆ ਗਿਆ, ਤਾਂ ਉਨ੍ਹਾਂ ਨੇ “ਆਮੀਨ” ਕਿਹਾ। (ਬਿਵ. 27:15-26) ਕਲਪਨਾ ਕਰੋ ਕਿ ਹਜ਼ਾਰਾਂ ਆਦਮੀ, ਔਰਤਾਂ ਅਤੇ ਬੱਚੇ ਉੱਚੀ ਆਵਾਜ਼ ਵਿਚ ਜਵਾਬ ਦੇ ਰਹੇ ਹਨ! (ਯਹੋ. 8:30-35) ਯਕੀਨਨ ਇਜ਼ਰਾਈਲੀ ਉਸ ਦਿਨ ਕਹੇ ਇਹ ਸ਼ਬਦ ਕਦੀ ਨਹੀਂ ਭੁੱਲੇ ਹੋਣੇ। ਉਹ ਆਪਣੇ ਵਾਅਦੇ ’ਤੇ ਪੱਕੇ ਰਹੇ ਕਿਉਂਕਿ ਪਰਮੇਸ਼ੁਰ ਦਾ ਬਚਨ ਦੱਸਦਾ ਹੈ: “ਇਸਰਾਏਲ ਨੇ ਯਹੋਸ਼ੁਆ ਦੇ ਸਾਰੇ ਦਿਨਾਂ ਵਿੱਚ ਯਹੋਵਾਹ ਦੀ ਉਪਾਸਨਾ ਕੀਤੀ ਅਤੇ ਉਨ੍ਹਾਂ ਬਜ਼ੁਰਗਾਂ ਦੇ ਸਾਰੇ ਦਿਨਾਂ ਵਿੱਚ ਵੀ ਜਿਹੜੇ ਯਹੋਸ਼ੁਆ ਦੇ ਪਿੱਛੋਂ ਜੀਉਂਦੇ ਰਹੇ ਅਤੇ ਯਹੋਵਾਹ ਦਾ ਸਾਰਾ ਕੰਮ ਜਾਣਦੇ ਸਨ ਜਿਹੜਾ ਉਸ ਨੇ ਇਸਰਾਏਲ ਲਈ ਕੀਤਾ।”​—ਯਹੋ. 24:31.

ਯਿਸੂ ਵੀ “ਆਮੀਨ” ਕਹਿ ਕੇ ਆਪਣੀ ਗੱਲ ਦੀ ਸੱਚਾਈ ਪ੍ਰਗਟ ਕਰਦਾ ਸੀ। ਪਰ ਉਹ ਇਹ ਇਕ ਖ਼ਾਸ ਤਰੀਕੇ ਨਾਲ ਕਰਦਾ ਸੀ। ਕਿਸੇ ਗੱਲ ਦੇ ਜਵਾਬ ਵਿਚ “ਆਮੀਨ” ਕਹਿਣ ਦੀ ਬਜਾਇ ਉਸ ਨੇ ਆਪਣੀ ਗੱਲ ਦੇ ਸ਼ੁਰੂ ਵਿਚ “ਆਮੀਨ” (ਜਿਸ ਨੂੰ ਪੰਜਾਬੀ ਵਿਚ “ਸੱਚ ਕਹਿੰਦਾ ਹਾਂ” ਅਨੁਵਾਦ ਕੀਤਾ ਗਿਆ ਹੈ) ਕਿਹਾ। ਕਈ ਵਾਰ ਉਸ ਨੇ “ਆਮੀਨ” ਸ਼ਬਦ ਨੂੰ ਵਾਰ-ਵਾਰ ਦੁਹਰਾਇਆ। (ਮੱਤੀ 5:18; ਯੂਹੰ. 1:51) ਇਸ ਤਰ੍ਹਾਂ ਉਸ ਨੇ ਸੁਣਨ ਵਾਲਿਆਂ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਸ਼ਬਦ ਸੱਚੇ ਹਨ। ਯਿਸੂ ਪੂਰੇ ਯਕੀਨ ਨਾਲ ਇਸ ਤਰ੍ਹਾਂ ਕਹਿ ਸਕਦਾ ਸੀ ਕਿਉਂਕਿ ਸਿਰਫ਼ ਉਸ ਨੂੰ ਹੀ ਪਰਮੇਸ਼ੁਰ ਦੇ ਸਾਰੇ ਵਾਅਦੇ ਪੂਰੇ ਕਰਨ ਦਾ ਅਧਿਕਾਰ ਮਿਲਿਆ ਸੀ।​—2 ਕੁਰਿੰ. 1:20; ਪ੍ਰਕਾ. 3:14.

“ਸਾਰੀ ਪਰਜਾ ਨੇ ‘ਆਮੀਨ!’ ਆਖਿਆ ਅਤੇ ਯਹੋਵਾਹ ਦੀ ਉਸਤਤ ਕੀਤੀ”

ਯਹੋਵਾਹ ਦੀ ਵਡਿਆਈ ਕਰਦਿਆਂ ਅਤੇ ਉਸ ਨੂੰ ਪ੍ਰਾਰਥਨਾ ਕਰਦਿਆਂ ਇਜ਼ਰਾਈਲੀ ਵੀ “ਆਮੀਨ” ਸ਼ਬਦ ਵਰਤਦੇ ਸਨ। (ਨਹ. 8:6; ਜ਼ਬੂ. 41:13) ਪ੍ਰਾਰਥਨਾ ਕਰਨ ਤੋਂ ਬਾਅਦ “ਆਮੀਨ” ਕਹਿ ਕੇ ਲੋਕ ਦਿਖਾਉਂਦੇ ਸਨ ਕਿ ਜੋ ਵੀ ਕਿਹਾ ਗਿਆ ਉਹ ਉਸ ਨਾਲ ਸਹਿਮਤ ਸਨ। ਇਸ ਤਰ੍ਹਾਂ ਹਾਜ਼ਰ ਹੋਏ ਲੋਕ ਹਿੱਸਾ ਲੈ ਸਕਦੇ ਸਨ ਅਤੇ ਯਹੋਵਾਹ ਦੀ ਭਗਤੀ ਦਾ ਮਜ਼ਾ ਲੈ ਸਕਦੇ ਸਨ। ਇਸ ਤਰ੍ਹਾਂ ਉਦੋਂ ਹੋਇਆ ਸੀ ਜਦੋਂ ਰਾਜਾ ਦਾਊਦ ਯਹੋਵਾਹ ਦਾ ਸੰਦੂਕ ਯਰੂਸ਼ਲਮ ਵਿਚ ਲੈ ਕੇ ਆਇਆ ਸੀ। ਇਸ ਤੋਂ ਬਾਅਦ ਹੋਏ ਜਸ਼ਨ ਦੌਰਾਨ ਉਸ ਨੇ ਗੀਤ ਦੇ ਰੂਪ ਵਿਚ ਦਿਲੋਂ ਪ੍ਰਾਰਥਨਾ ਕੀਤੀ ਜੋ 1 ਇਤਹਾਸ 16:8-36 ਵਿਚ ਦਰਜ ਹੈ। ਉੱਥੇ ਹਾਜ਼ਰ ਹੋਏ ਲੋਕਾਂ ’ਤੇ ਉਸ ਦੇ ਸ਼ਬਦਾਂ ਦਾ ਇੰਨਾ ਅਸਰ ਪਿਆ ਕਿ “ਸਾਰੀ ਪਰਜਾ ਨੇ ‘ਆਮੀਨ!’ ਆਖਿਆ ਅਤੇ ਯਹੋਵਾਹ ਦੀ ਉਸਤਤ ਕੀਤੀ।” ਹਾਂ, ਉਹ ਇਕੱਠੇ ਹੋ ਕੇ ਯਹੋਵਾਹ ਦੀ ਭਗਤੀ ਕਰ ਕੇ ਖ਼ੁਸ਼ ਸਨ।

ਇਸੇ ਤਰ੍ਹਾਂ ਪਹਿਲੀ ਸਦੀ ਦੇ ਮਸੀਹੀ ਵੀ ਯਹੋਵਾਹ ਦੀ ਮਹਿਮਾ ਕਰਦਿਆਂ “ਆਮੀਨ” ਸ਼ਬਦ ਵਰਤਦੇ ਸਨ। ਬਾਈਬਲ ਦੇ ਲਿਖਾਰੀਆਂ ਨੇ ਅਕਸਰ ਆਪਣੀਆਂ ਚਿੱਠੀਆਂ ਵਿਚ ਇਹ ਸ਼ਬਦ ਵਰਤਿਆ। (ਰੋਮੀ. 1:25; 16:27; 1 ਪਤ. 4:11) ਇੱਥੋਂ ਤਕ ਕਿ ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਸਵਰਗ ਵਿਚ ਦੂਤ ਯਹੋਵਾਹ ਦੀ ਇਹ ਕਹਿ ਕੇ ਮਹਿਮਾ ਕਰਦੇ ਹਨ: “ਆਮੀਨ! ਯਾਹ ਦੀ ਜੈ-ਜੈਕਾਰ ਕਰੋ!” (ਪ੍ਰਕਾ. 19:1, 4) ਪਹਿਲੀ ਸਦੀ ਦੇ ਮਸੀਹੀ ਅਕਸਰ ਸਭਾਵਾਂ ਵਿਚ ਪ੍ਰਾਰਥਨਾ ਤੋਂ ਬਾਅਦ “ਆਮੀਨ” ਕਹਿੰਦੇ ਸਨ। (1 ਕੁਰਿੰ. 14:16) ਪਰ ਉਹ ਇਹ ਸ਼ਬਦ ਬਿਨਾਂ ਸੋਚੇ-ਸਮਝੇ ਨਹੀਂ ਬੋਲਦੇ ਸਨ।

ਤੁਹਾਡਾ “ਆਮੀਨ” ਕਹਿਣਾ ਇੰਨਾ ਮਾਅਨੇ ਕਿਉਂ ਰੱਖਦਾ ਹੈ?

ਇਹ ਸਿੱਖਣ ਤੋਂ ਬਾਅਦ ਕਿ ਯਹੋਵਾਹ ਦੇ ਸੇਵਕ “ਆਮੀਨ” ਸ਼ਬਦ ਕਿਉਂ ਕਹਿੰਦੇ ਸਨ, ਅਸੀਂ ਦੇਖ ਸਕਦੇ ਹਾਂ ਕਿ “ਆਮੀਨ” ਕਹਿ ਕੇ ਪ੍ਰਾਰਥਨਾ ਨੂੰ ਖ਼ਤਮ ਕਰਨਾ ਵਧੀਆ ਤਰੀਕਾ ਕਿਉਂ ਹੈ। ਪ੍ਰਾਰਥਨਾ ਕਰਨ ਤੋਂ ਬਾਅਦ ਆਮੀਨ ਕਹਿ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਜੋ ਕਿਹਾ ਉਹ ਸੱਚੇ ਦਿਲੋਂ ਕਿਹਾ ਹੈ। ਜਦੋਂ ਕੋਈ ਵਿਅਕਤੀ ਸਾਰੇ ਲੋਕਾਂ ਵੱਲੋਂ ਪ੍ਰਾਰਥਨਾ ਕਰਦਾ ਹੈ, ਉਦੋਂ ਵੀ ਸਾਨੂੰ ਅਖ਼ੀਰ ਵਿਚ ਮਨ ਵਿਚ ਜਾਂ ਉੱਚੀ ਬੋਲ ਕੇ “ਆਮੀਨ” ਕਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਕਹੀਆਂ ਗਈਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਗੌਰ ਕਰੋ ਕਿ ਹੋਰ ਕਿਸ ਤਰੀਕੇ ਨਾਲ ਸਾਡਾ “ਆਮੀਨ” ਕਹਿਣਾ ਮਾਅਨੇ ਰੱਖਦਾ ਹੈ।

ਭਗਤੀ ਦਾ ਹਿੱਸਾ ਹੋਣ ਕਰਕੇ ਅਸੀਂ ਪ੍ਰਾਰਥਨਾ ਵੱਲ ਪੂਰਾ ਧਿਆਨ ਦਿੰਦੇ ਹਾਂ। ਪ੍ਰਾਰਥਨਾ ਸਾਡੀ ਭਗਤੀ ਦਾ ਹਿੱਸਾ ਹੈ। ਇਸ ਲਈ ਪ੍ਰਾਰਥਨਾ ਕਰਦਿਆਂ ਸਾਨੂੰ ਸਿਰਫ਼ ਇਹੀ ਧਿਆਨ ਨਹੀਂ ਰੱਖਣਾ ਚਾਹੀਦਾ ਕਿ ਅਸੀਂ ਕੀ ਕਹਿੰਦੇ ਹਾਂ, ਸਗੋਂ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਕਰਦੇ ਹਾਂ। ਅਸੀਂ ਦਿਲੋਂ ਆਮੀਨ ਕਹਿਣਾ ਚਾਹੁੰਦੇ ਹਾਂ। ਇਸ ਲਈ ਪ੍ਰਾਰਥਨਾ ਦੌਰਾਨ ਸਹੀ ਰਵੱਈਆ ਰੱਖਣ ਅਤੇ ਪ੍ਰਾਰਥਨਾ ਵੱਲ ਪੂਰਾ ਧਿਆਨ ਦੇਣ ਵਿਚ ਸਾਡੀ ਮਦਦ ਹੋ ਸਕਦੀ ਹੈ।

ਅਸੀਂ ਏਕਤਾ ਵਿਚ ਬੱਝੇ ਹਾਂ। ਜਨਤਕ ਤੌਰ ’ਤੇ ਕੀਤੀਆਂ ਪ੍ਰਾਰਥਨਾਵਾਂ ਵਿਚ ਮੰਡਲੀ ਦੇ ਸਾਰੇ ਮੈਂਬਰ ਇੱਕੋ ਪ੍ਰਾਰਥਨਾ ਸੁਣਦੇ ਹਨ। (ਰਸੂ. 1:14; 12:5) ਜਦੋਂ ਅਸੀਂ ਸਾਰੇ ਜਣੇ ਮਿਲ ਕੇ ਆਮੀਨ ਕਹਿੰਦੇ ਹਾਂ, ਤਾਂ ਅਸੀਂ ਹੋਰ ਜ਼ਿਆਦਾ ਏਕਤਾ ਵਿਚ ਬੱਝਦੇ ਹਾਂ। ਚਾਹੇ ਅਸੀਂ ਸਾਰੇ ਜਣੇ ਉੱਚੀ ਆਵਾਜ਼ ਵਿਚ ਜਾਂ ਮਨ ਵਿਚ “ਆਮੀਨ” ਕਹਿੰਦੇ ਹਾਂ, ਤਾਂ ਸ਼ਾਇਦ ਯਹੋਵਾਹ ਸਾਡੀ ਪ੍ਰਾਰਥਨਾ ਸੁਣ ਕੇ ਉਹ ਕਰਨ ਲਈ ਪ੍ਰੇਰਿਤ ਹੋਵੇ ਜੋ ਪ੍ਰਾਰਥਨਾ ਵਿਚ ਮੰਗਿਆ ਗਿਆ ਸੀ।

ਸਾਡੇ “ਆਮੀਨ” ਕਹਿਣ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ

ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ। ਸਾਡੇ ਵੱਲੋਂ ਕੀਤੇ ਭਗਤੀ ਦੇ ਛੋਟੇ-ਛੋਟੇ ਕੰਮਾਂ ’ਤੇ ਵੀ ਯਹੋਵਾਹ ਧਿਆਨ ਦਿੰਦਾ ਹੈ। (ਲੂਕਾ 21:2, 3) ਉਹ ਦੇਖਦਾ ਹੈ ਕਿ ਸਾਡਾ ਇਰਾਦਾ ਕੀ ਹੈ ਅਤੇ ਸਾਡੇ ਦਲ ਵਿਚ ਕੀ ਹੈ। ਇੱਥੋਂ ਤਕ ਕਿ ਜਦੋਂ ਅਸੀਂ ਫ਼ੋਨ ’ਤੇ ਮੀਟਿੰਗ ਸੁਣਦੇ ਹਾਂ, ਤਾਂ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਵੱਲੋਂ ਕਹੇ “ਆਮੀਨ” ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਜਦੋਂ ਅਸੀਂ “ਆਮੀਨ” ਕਹਿੰਦੇ ਹਾਂ, ਤਾਂ ਅਸੀਂ ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਮਹਿਮਾ ਕਰਦੇ ਹਾਂ ਜੋ ਮੰਡਲੀ ਵਿਚ ਇਕੱਠੇ ਹੋਏ ਹਨ।

ਸ਼ਾਇਦ ਸਾਨੂੰ ਲੱਗੇ ਕਿ ਸਾਡਾ “ਆਮੀਨ” ਕਹਿਣਾ ਕੋਈ ਮਾਅਨੇ ਨਹੀਂ ਰੱਖਦਾ, ਪਰ ਇੱਦਾਂ ਨਹੀਂ ਹੈ। ਇਕ ਬਾਈਬਲ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ “ਇਸ ਇਕ ਸ਼ਬਦ ਰਾਹੀਂ” ਪਰਮੇਸ਼ੁਰ ਦੇ ਸੇਵਕ ਦਿਖਾ ਸਕਦੇ ਹਨ ਕਿ ਉਨ੍ਹਾਂ ਨੂੰ “ਦਿਲੋਂ ਭਰੋਸਾ ਹੈ, ਉਹ ਖ਼ੁਸ਼ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ।” ਸਾਡੀ ਦੁਆ ਹੈ ਕਿ ਸਾਡੇ ਵੱਲੋਂ ਕਹੇ ਹਰ “ਆਮੀਨ” ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ।​—ਜ਼ਬੂ. 19:14.