Skip to content

Skip to table of contents

ਅਧਿਐਨ ਲੇਖ 20

ਬਚਪਨ ਵਿਚ ਬਦਫ਼ੈਲੀ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ

ਬਚਪਨ ਵਿਚ ਬਦਫ਼ੈਲੀ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ

“ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ . . . ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।”​—2 ਕੁਰਿੰ. 1:3, 4.

ਗੀਤ 42 ‘ਕਮਜ਼ੋਰ ਲੋਕਾਂ ਦੀ ਮਦਦ ਕਰੋ’

ਖ਼ਾਸ ਗੱਲਾਂ *

1-2. (ੳ) ਕਿਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਇਨਸਾਨਾਂ ਵਿਚ ਦਿਲਾਸਾ ਪਾਉਣ ਦੀ ਇੱਛਾ ਕੁਦਰਤੀ ਹੈ ਤੇ ਉਨ੍ਹਾਂ ਵਿਚ ਦਿਲਾਸਾ ਦੇਣ ਦੀ ਕਾਬਲੀਅਤ ਹੈ? (ਅ) ਕੁਝ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸੱਟ ਲੱਗਦੀ ਹੈ?

ਇਹ ਕੁਦਰਤੀ ਹੈ ਕਿ ਇਨਸਾਨਾਂ ਨੂੰ ਦਿਲਾਸੇ ਦੀ ਜ਼ਰੂਰਤ ਪੈਂਦੀ ਹੀ ਹੈ ਅਤੇ ਉਨ੍ਹਾਂ ਵਿਚ ਦੂਜਿਆਂ ਨੂੰ ਦਿਲਾਸਾ ਦੇਣ ਦੀ ਅਦਭੁਤ ਕਾਬਲੀਅਤ ਵੀ ਹੁੰਦੀ ਹੈ। ਮਿਸਾਲ ਲਈ, ਜਦੋਂ ਇਕ ਛੋਟਾ ਬੱਚਾ ਖੇਡਦਾ-ਖੇਡਦਾ ਡਿਗ ਜਾਂਦਾ ਹੈ ਤੇ ਉਸ ਦੇ ਗੋਡੇ ’ਤੇ ਸੱਟ ਲੱਗ ਜਾਂਦੀ ਹੈ, ਤਾਂ ਉਹ ਰੋਂਦਾ-ਰੋਂਦਾ ਆਪਣੀ ਮੰਮੀ ਜਾਂ ਡੈਡੀ ਕੋਲ ਦੌੜਾਂ ਜਾਂਦਾ ਹੈ। ਮਾਪੇ ਉਸ ਦਾ ਜ਼ਖ਼ਮ ਤਾਂ ਠੀਕ ਨਹੀਂ ਕਰ ਸਕਦੇ, ਪਰ ਉਹ ਬੱਚੇ ਨੂੰ ਦਿਲਾਸਾ ਦੇ ਸਕਦੇ ਹਨ। ਉਹ ਬੱਚੇ ਨੂੰ ਸ਼ਾਇਦ ਪੁੱਛਣ ਕਿ ਕੀ ਹੋਇਆ, ਉਸ ਦੇ ਹੰਝੂ ਪੂੰਝਣ, ਉਸ ਨੂੰ ਗਲ਼ ਨਾਲ ਲਾਉਣ, ਉਸ ਦੀ ਸੱਟ ’ਤੇ ਫੂਕ ਮਾਰਨ ਅਤੇ ਸ਼ਾਇਦ ਦਵਾਈ ਲਾਉਣ ਜਾਂ ਪੱਟੀ ਕਰਨ। ਜਲਦੀ ਹੀ ਬੱਚਾ ਚੁੱਪ ਕਰ ਜਾਂਦਾ ਹੈ ਅਤੇ ਸ਼ਾਇਦ ਫਿਰ ਤੋਂ ਖੇਡਣ ਲੱਗ ਪਵੇ। ਸਮੇਂ ਨਾਲ ਉਸ ਦਾ ਜ਼ਖ਼ਮ ਠੀਕ ਹੋ ਜਾਵੇਗਾ।

2 ਪਰ ਕਈ ਵਾਰ ਬੱਚਿਆਂ ਨੂੰ ਹੋਰ ਤਰੀਕੇ ਨਾਲ ਗਹਿਰੀ ਸੱਟ ਲੱਗਦੀ ਹੈ। ਕੁਝ ਜਣਿਆਂ ਨਾਲ ਬਦਫ਼ੈਲੀ ਹੁੰਦੀ ਹੈ। ਹੋ ਸਕਦਾ ਹੈ ਕਿ ਕਈਆਂ ਨਾਲ ਇਕ ਵਾਰ ਬਦਫ਼ੈਲੀ ਹੋਈ ਤੇ ਕਈਆਂ ਨਾਲ ਸਾਲਾਂ ਤਕ ਇੱਦਾਂ ਹੁੰਦੀ ਰਹੀ ਹੋਵੇ। ਇਸ ਕਰਕੇ ਬੱਚੇ ਦੇ ਦਿਲ ਤੇ ਦਿਮਾਗ਼ ’ਤੇ ਗਹਿਰੀ ਸੱਟ ਵੱਜਦੀ ਹੈ ਜਿਸ ਦਾ ਦਰਦ ਉਹ ਹਮੇਸ਼ਾ ਮਹਿਸੂਸ ਕਰਦਾ ਹੈ। ਕੁਝ ਮਾਮਲਿਆਂ ਵਿਚ ਦੋਸ਼ੀ ਫੜਿਆ ਜਾਂਦਾ ਹੈ ਅਤੇ ਉਸ ਨੂੰ ਸਜ਼ਾ ਹੋ ਜਾਂਦੀ ਹੈ। ਪਰ ਕੁਝ ਮਾਮਲਿਆਂ ਵਿਚ ਸ਼ਾਇਦ ਲੱਗੇ ਕਿ ਦੋਸ਼ੀ ਸਜ਼ਾ ਤੋਂ ਬਚ ਗਿਆ ਹੈ। ਚਾਹੇ ਦੋਸ਼ੀ ਨੂੰ ਜਲਦੀ ਸਜ਼ਾ ਮਿਲ ਵੀ ਜਾਵੇ, ਪਰ ਬਦਫ਼ੈਲੀ ਦਾ ਸ਼ਿਕਾਰ ਬੱਚਾ ਵੱਡਾ ਹੋਣ ’ਤੇ ਵੀ ਸ਼ਾਇਦ ਇਸ ਦਾ ਦਰਦ ਮਹਿਸੂਸ ਕਰਦਾ ਰਹੇ।

3. ਦੂਜਾ ਕੁਰਿੰਥੀਆਂ 1:3, 4 ਅਨੁਸਾਰ ਯਹੋਵਾਹ ਕੀ ਚਾਹੁੰਦਾ ਹੈ ਅਤੇ ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

3 ਉਨ੍ਹਾਂ ਭੈਣਾਂ-ਭਰਾਵਾਂ ਨੂੰ ਮਦਦ ਕਿੱਥੋਂ ਮਿਲ ਸਕਦੀ ਹੈ ਜੋ ਬਚਪਨ ਵਿਚ ਬਦਫ਼ੈਲੀ ਦਾ ਸ਼ਿਕਾਰ ਹੋਣ ਕਰਕੇ ਹਾਲੇ ਵੀ ਉਸ ਦੁੱਖ ਵਿੱਚੋਂ ਗੁਜ਼ਰ ਰਹੇ ਹਨ? (2 ਕੁਰਿੰਥੀਆਂ 1:3, 4 ਪੜ੍ਹੋ।) ਇਹ ਗੱਲ ਸਾਫ਼ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਅਨਮੋਲ ਸੇਵਕਾਂ ਨੂੰ ਪਿਆਰ ਤੇ ਦਿਲਾਸਾ ਮਿਲੇ। ਇਸ ਲਈ ਆਓ ਆਪਾਂ ਤਿੰਨ ਸਵਾਲਾਂ ’ਤੇ ਗੌਰ ਕਰੀਏ: (1) ਬਚਪਨ ਵਿਚ ਬਦਫ਼ੈਲੀ ਦੇ ਸ਼ਿਕਾਰ ਲੋਕਾਂ ਨੂੰ ਸ਼ਾਇਦ ਦਿਲਾਸੇ ਦੀ ਕਿਉਂ ਲੋੜ ਹੋਵੇ? (2) ਉਨ੍ਹਾਂ ਨੂੰ ਕੌਣ ਦਿਲਾਸਾ ਦੇ ਸਕਦਾ ਹੈ? (3) ਅਸੀਂ ਉਨ੍ਹਾਂ ਨੂੰ ਦਿਲਾਸਾ ਕਿਵੇਂ ਦੇ ਸਕਦੇ ਹਾਂ?

ਉਨ੍ਹਾਂ ਨੂੰ ਦਿਲਾਸਾ ਦੇਣ ਦੀ ਕਿਉਂ ਲੋੜ ਹੈ?

4-5. (ੳ) ਇਹ ਗੱਲ ਸਮਝਣੀ ਜ਼ਰੂਰੀ ਕਿਉਂ ਹੈ ਕਿ ਬੱਚੇ ਵੱਡਿਆਂ ਨਾਲੋਂ ਵੱਖਰੇ ਹੁੰਦੇ ਹਨ? (ਅ) ਬਦਫ਼ੈਲੀ ਦਾ ਸ਼ਾਇਦ ਬੱਚਿਆਂ ’ਤੇ ਕੀ ਅਸਰ ਪਵੇ?

4 ਬਚਪਨ ਵਿਚ ਬਦਫ਼ੈਲੀ ਦੇ ਸ਼ਿਕਾਰ ਹੋਏ ਕੁਝ ਬੱਚਿਆਂ ਨੂੰ ਵੱਡੇ ਹੋ ਕੇ ਵੀ ਸ਼ਾਇਦ ਦਿਲਾਸੇ ਦੀ ਲੋੜ ਹੋਵੇ। ਕਿਉਂ? ਇਸ ਗੱਲ ਨੂੰ ਸਮਝਣ ਲਈ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਬੱਚੇ ਵੱਡਿਆਂ ਨਾਲੋਂ ਕਾਫ਼ੀ ਵੱਖਰੇ ਹੁੰਦੇ ਹਨ। ਬਦਸਲੂਕੀ ਹੋਣ ’ਤੇ ਜਿਸ ਤਰ੍ਹਾਂ ਬੱਚਿਆਂ ’ਤੇ ਅਸਰ ਪੈਂਦਾ ਹੈ, ਵੱਡਿਆਂ ’ਤੇ ਉਸ ਤਰ੍ਹਾਂ ਅਸਰ ਨਹੀਂ ਪੈਂਦਾ। ਕੁਝ ਮਿਸਾਲਾਂ ’ਤੇ ਗੌਰ ਕਰੋ।

5 ਜੋ ਬੱਚਿਆਂ ਦੀ ਪਰਵਰਿਸ਼ ਅਤੇ ਦੇਖ-ਭਾਲ ਕਰਦੇ ਹਨ, ਬੱਚਿਆਂ ਨੂੰ ਉਨ੍ਹਾਂ ਨਾਲ ਕਰੀਬੀ ਰਿਸ਼ਤਾ ਜੋੜਨ ਅਤੇ ਉਨ੍ਹਾਂ ’ਤੇ ਭਰੋਸਾ ਕਰਨ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਦੇ ਮਜ਼ਬੂਤ ਰਿਸ਼ਤਿਆਂ ਕਰਕੇ ਬੱਚੇ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਉਹ ਉਨ੍ਹਾਂ ’ਤੇ ਭਰੋਸਾ ਕਰਨਾ ਸਿੱਖਦੇ ਹਨ ਜੋ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ। ਦੁੱਖ ਦੀ ਗੱਲ ਹੈ ਕਿ ਬਦਫ਼ੈਲੀ ਕਰਨ ਵਾਲੇ ਅਕਸਰ ਬੱਚੇ ਦੇ ਘਰ ਦੇ ਹੀ ਹੁੰਦੇ ਹਨ ਯਾਨੀ ਪਰਿਵਾਰ ਦੇ ਮੈਂਬਰ ਜਾਂ ਪਰਿਵਾਰ ਦੇ ਦੋਸਤ-ਮਿੱਤਰ ਜਾਂ ਜਿਨ੍ਹਾਂ ਦੀ ਘਰ-ਪਰਿਵਾਰ ਵਿਚ ਆਉਣੀ-ਜਾਣੀ ਹੁੰਦੀ ਹੈ। ਜਦੋਂ ਬਦਫ਼ੈਲੀ ਕਰਨ ਵਾਲਾ ਉਹ ਵਿਅਕਤੀ ਹੁੰਦਾ ਹੈ ਜਿਸ ’ਤੇ ਬੱਚਾ ਭਰੋਸਾ ਕਰਦਾ ਸੀ, ਤਾਂ ਬੱਚੇ ਦਾ ਭਰੋਸਾ ਟੁੱਟ ਜਾਂਦਾ ਹੈ ਅਤੇ ਕਈ ਸਾਲਾਂ ਬਾਅਦ ਵੀ ਬੱਚੇ ਲਈ ਕਿਸੇ ’ਤੇ ਭਰੋਸਾ ਕਰਨਾ ਔਖਾ ਹੁੰਦਾ ਹੈ।

6. ਬਦਫ਼ੈਲੀ ਵਹਿਸ਼ੀਆਨਾ ਅਤੇ ਬਹੁਤ ਹੀ ਦੁੱਖ ਪਹੁੰਚਾਉਣ ਵਾਲਾ ਅਪਰਾਧ ਕਿਉਂ ਹੈ?

6 ਬੱਚੇ ਆਪਣੀ ਰਾਖੀ ਕਰਨ ਦੇ ਕਾਬਲ ਨਹੀਂ ਹੁੰਦੇ। ਬਦਫ਼ੈਲੀ ਇਕ ਵਹਿਸ਼ੀਆਨਾ ਅਤੇ ਬਹੁਤ ਹੀ ਦੁੱਖ ਪਹੁੰਚਾਉਣ ਵਾਲਾ ਅਪਰਾਧ ਹੈ। ਬੱਚਿਆਂ ਦੀ ਮਾਨਸਿਕ, ਜਜ਼ਬਾਤੀ ਅਤੇ ਸਰੀਰਕ ਹਾਲਤ ਅਜਿਹੀ ਨਹੀਂ ਹੁੰਦੀ ਕਿ ਉਹ ਸਰੀਰਕ ਸੰਬੰਧਾਂ ਲਈ ਤਿਆਰ ਹੋ ਸਕਣ ਜਾਂ ਉਨ੍ਹਾਂ ਸੰਬੰਧਾਂ ਨੂੰ ਸਮਝ ਸਕਣ ਜੋ ਵਿਆਹ ਤੋਂ ਬਾਅਦ ਪਤੀ-ਪਤਨੀ ਰੱਖਦੇ ਹਨ। ਇਸ ਲਈ ਜਦੋਂ ਬੱਚਿਆਂ ਨਾਲ ਬਦਫ਼ੈਲੀ ਹੁੰਦੀ ਹੈ, ਤਾਂ ਉਸ ਦੇ ਅਸਰ ਬਹੁਤ ਭੈੜੇ ਹੁੰਦੇ ਹਨ। ਬਦਫ਼ੈਲੀ ਕਰਕੇ ਬੱਚਾ ਸ਼ਾਇਦ ਸਰੀਰਕ ਸੰਬੰਧਾਂ ਬਾਰੇ, ਆਪਣੇ ਬਾਰੇ ਜਾਂ ਉਨ੍ਹਾਂ ਬਾਰੇ ਗ਼ਲਤ ਧਾਰਣਾ ਬਣਾ ਲਵੇ ਜੋ ਉਸ ਨੂੰ ਦਿਲੋਂ ਪਿਆਰ ਕਰਦੇ ਹਨ।

7. (ੳ) ਬਦਫ਼ੈਲੀ ਕਰਨ ਵਾਲੇ ਲਈ ਬੱਚਿਆਂ ਨੂੰ ਭਰਮਾਉਣਾ ਸ਼ਾਇਦ ਆਸਾਨ ਕਿਉਂ ਹੈ ਅਤੇ ਉਹ ਇਹ ਕਿਵੇਂ ਕਰਦੇ ਹਨ? (ਅ) ਇਨ੍ਹਾਂ ਸਾਰੀਆਂ ਝੂਠੀਆਂ ਗੱਲਾਂ ਦਾ ਸ਼ਾਇਦ ਕੀ ਨਤੀਜਾ ਨਿਕਲੇ?

7 ਬੱਚਿਆਂ ਕੋਲ ਵੱਡਿਆਂ ਵਾਂਗ ਸੋਚਣ-ਸਮਝਣ, ਤਰਕ ਕਰਨ ਅਤੇ ਕਿਸੇ ਖ਼ਤਰੇ ਨੂੰ ਪਛਾਣਨ ਅਤੇ ਇਸ ਤੋਂ ਬਚਣ ਦੀ ਕਾਬਲੀਅਤ ਨਹੀਂ ਹੁੰਦੀ। (1 ਕੁਰਿੰ. 13:11) ਇਸ ਲਈ ਬਦਫ਼ੈਲੀ ਕਰਨ ਵਾਲੇ ਲਈ ਬੱਚਿਆਂ ਨੂੰ ਭਰਮਾਉਣਾ ਬਹੁਤ ਆਸਾਨ ਹੁੰਦਾ ਹੈ। ਬਦਫ਼ੈਲੀ ਕਰਨ ਵਾਲੇ ਬੱਚਿਆਂ ਨਾਲ ਬਹੁਤ ਹੀ ਖ਼ਤਰਨਾਕ ਝੂਠ ਬੋਲਦੇ ਹਨ, ਜਿਵੇਂ ਬੱਚੇ ਨਾਲ ਬਦਫ਼ੈਲੀ ਹੋਣ ਵਿਚ ਬੱਚੇ ਦਾ ਕਸੂਰ ਹੈ, ਉਸ ਨੂੰ ਇਸ ਬਾਰੇ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ, ਜੇ ਉਹ ਦੱਸੇਗਾ ਵੀ, ਤਾਂ ਕੋਈ ਵੀ ਉਸ ਦੀ ਗੱਲ ਨਹੀਂ ਸੁਣੇਗਾ ਜਾਂ ਕੋਈ ਵੀ ਉਸ ਦੀ ਗੱਲ ’ਤੇ ਯਕੀਨ ਨਹੀਂ ਕਰੇਗਾ, ਵੱਡਿਆਂ ਅਤੇ ਬੱਚਿਆਂ ਵਿਚ ਪਿਆਰ ਦਿਖਾਉਣ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਗ਼ਲਤ ਨਹੀਂ ਹਨ। ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕਰਕੇ ਕਈ ਸਾਲਾਂ ਲਈ ਬੱਚੇ ਦੀ ਸੋਚਣ-ਸਮਝਣ ਅਤੇ ਇਨ੍ਹਾਂ ਮਾਮਲਿਆਂ ਬਾਰੇ ਸੱਚ ਨੂੰ ਪਛਾਣਨ ਦੀ ਉਸ ਦੀ ਕਾਬਲੀਅਤ ’ਤੇ ਗ਼ਲਤ ਅਸਰ ਪੈ ਸਕਦਾ ਹੈ। ਬਦਫ਼ੈਲੀ ਦਾ ਸ਼ਿਕਾਰ ਬੱਚਾ ਜਿੱਦਾਂ-ਜਿੱਦਾਂ ਵੱਡਾ ਹੁੰਦਾ ਹੈ, ਉਹ ਸ਼ਾਇਦ ਆਪਣੇ ਆਪ ਨੂੰ ਘਟੀਆ ਤੇ ਅਸ਼ੁੱਧ ਸਮਝਣ ਲੱਗ ਪਵੇ ਅਤੇ ਸੋਚਣ ਲੱਗ ਪਵੇ ਕਿ ਉਹ ਪਿਆਰ ਪਾਉਣ ਤੇ ਦਿਲਾਸਾ ਹਾਸਲ ਕਰਨ ਦੇ ਲਾਇਕ ਨਹੀਂ ਹੈ।

8. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਦੁੱਖ ਝੱਲ ਰਹੇ ਲੋਕਾਂ ਨੂੰ ਯਹੋਵਾਹ ਦਿਲਾਸਾ ਦੇ ਸਕਦਾ ਹੈ?

8 ਇਸ ਜਾਣਕਾਰੀ ਤੋਂ ਅਸੀਂ ਸਮਝ ਸਕਦੇ ਹਾਂ ਕਿ ਜਿਨ੍ਹਾਂ ਨਾਲ ਬਦਫ਼ੈਲੀ ਹੁੰਦੀ ਹੈ ਉਹ ਕਾਫ਼ੀ ਸਾਲਾਂ ਬਾਅਦ ਵੀ ਇਸ ਦਾ ਦਰਦ ਕਿਉਂ ਮਹਿਸੂਸ ਕਰਦੇ ਹਨ। ਕਿੰਨਾ ਹੀ ਘਿਣਾਉਣਾ ਅਪਰਾਧ! ਪੂਰੀ ਦੁਨੀਆਂ ਵਿਚ ਹੋ ਰਹੀ ਬਦਫ਼ੈਲੀ ਤੋਂ ਸਬੂਤ ਮਿਲਦਾ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ, ਅਜਿਹੇ ਸਮੇਂ ਵਿਚ ਜਿਸ ਵਿਚ ਜ਼ਿਆਦਾਤਰ ਲੋਕ “ਨਿਰਮੋਹੀ” ਹਨ ਅਤੇ ‘ਦੁਸ਼ਟ ਅਤੇ ਫਰੇਬੀ ਇਨਸਾਨ ਬੁਰੇ ਤੋਂ ਬੁਰੇ ਹੁੰਦੇ ਜਾ ਰਹੇ ਹਨ।’ (2 ਤਿਮੋ. 3:1-5, 13) ਵਾਕਈ ਸ਼ੈਤਾਨ ਬੁਰੀਆਂ ਚਾਲਾਂ ਚੱਲਦਾ ਹੈ। ਇਹ ਦੁੱਖ ਦੀ ਗੱਲ ਹੈ ਕਿ ਲੋਕ ਸ਼ੈਤਾਨ ਦੀ ਇੱਛਾ ਮੁਤਾਬਕ ਕੰਮ ਕਰਦੇ ਹਨ। ਪਰ ਯਹੋਵਾਹ ਸ਼ੈਤਾਨ ਅਤੇ ਉਸ ਦੀ ਇੱਛਾ ਪੂਰੀ ਕਰਨ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਯਹੋਵਾਹ ਸ਼ੈਤਾਨ ਦੀਆਂ ਸਾਰੀਆਂ ਚਾਲਾਂ ਜਾਣਦਾ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਅਸੀਂ ਕਿਸ ਦੁੱਖ ਵਿੱਚੋਂ ਗੁਜ਼ਰ ਰਹੇ ਹਾਂ ਅਤੇ ਉਹ ਸਾਨੂੰ ਦਿਲਾਸਾ ਦੇ ਸਕਦਾ ਹੈ। ਅਸੀਂ ਖ਼ੁਸ਼ ਹਾਂ ਕਿ ਅਸੀਂ ਜਿਸ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ ਉਹ “ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ ਤਾਂਕਿ ਅਸੀਂ ਉਸ ਤੋਂ ਦਿਲਾਸਾ ਪਾ ਕੇ ਉਸ ਦਿਲਾਸੇ ਨਾਲ ਹਰ ਤਰ੍ਹਾਂ ਦੀ ਮੁਸੀਬਤ ਵਿਚ ਦੂਸਰਿਆਂ ਨੂੰ ਦਿਲਾਸਾ ਦੇ ਸਕੀਏ।” (2 ਕੁਰਿੰ. 1:3, 4) ਪਰ ਯਹੋਵਾਹ ਕਿਨ੍ਹਾਂ ਰਾਹੀਂ ਦਿਲਾਸਾ ਦਿੰਦਾ ਹੈ?

ਕੌਣ ਦਿਲਾਸਾ ਦੇ ਸਕਦਾ ਹੈ?

9. ਜ਼ਬੂਰ 27:10 ਵਿਚ ਦਰਜ ਦਾਊਦ ਦੇ ਸ਼ਬਦਾਂ ਤੋਂ ਕੀ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਲਈ ਕੀ ਕਰਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣਿਆਂ ਨੇ ਠੁਕਰਾ ਦਿੱਤਾ ਹੈ?

9 ਉਨ੍ਹਾਂ ਲੋਕਾਂ ਨੂੰ ਖ਼ਾਸ ਕਰਕੇ ਦਿਲਾਸੇ ਦੀ ਲੋੜ ਹੈ ਜਿਨ੍ਹਾਂ ਨਾਲ ਕਿਸੇ ਆਪਣੇ ਨੇ ਬਦਫ਼ੈਲੀ ਕੀਤੀ ਸੀ ਜਾਂ ਜਿਨ੍ਹਾਂ ਦੇ ਮਾਪਿਆਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਉਨ੍ਹਾਂ ਦੇ ਬੱਚੇ ਬਦਫ਼ੈਲੀ ਦਾ ਸ਼ਿਕਾਰ ਹੋ ਰਹੇ ਸਨ। ਜ਼ਬੂਰਾਂ ਦਾ ਲਿਖਾਰੀ ਦਾਊਦ ਜਾਣਦਾ ਸੀ ਕਿ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਸਾਨੂੰ ਦਿਲਾਸਾ ਦੇਵੇਗਾ। (ਜ਼ਬੂਰਾਂ ਦੀ ਪੋਥੀ 27:10 ਪੜ੍ਹੋ।) ਦਾਊਦ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ ਉਨ੍ਹਾਂ ਲੋਕਾਂ ਲਈ ਪਿਤਾ ਵਾਂਗ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣਿਆਂ ਨੇ ਠੁਕਰਾ ਦਿੱਤਾ ਹੈ। ਯਹੋਵਾਹ ਇਹ ਕਿਵੇਂ ਕਰਦਾ ਹੈ? ਉਹ ਆਪਣੇ ਵਫ਼ਾਦਾਰ ਸੇਵਕਾਂ ਰਾਹੀਂ ਇੱਦਾਂ ਕਰਦਾ ਹੈ। ਮੰਡਲੀ ਦੇ ਭੈਣ-ਭਰਾ ਸਾਡੇ ਪਰਿਵਾਰ ਵਾਂਗ ਹਨ। ਮਿਸਾਲ ਲਈ, ਯਿਸੂ ਨੇ ਉਸ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਵਾਲਿਆਂ ਬਾਰੇ ਕਿਹਾ ਕਿ ਉਹ ਉਸ ਦੇ ਭਰਾ, ਭੈਣ ਅਤੇ ਮਾਵਾਂ ਹਨ।​—ਮੱਤੀ 12:48-50.

10. ਪੌਲੁਸ ਰਸੂਲ ਨੇ ਬਜ਼ੁਰਗ ਵਜੋਂ ਆਪਣੇ ਕੰਮ ਬਾਰੇ ਕੀ ਦੱਸਿਆ?

10 ਇਕ ਮਿਸਾਲ ’ਤੇ ਗੌਰ ਕਰੋ ਕਿ ਮਸੀਹੀ ਮੰਡਲੀ ਇਕ ਪਰਿਵਾਰ ਵਾਂਗ ਕਿਵੇਂ ਹੈ। ਪੌਲੁਸ ਰਸੂਲ ਸਖ਼ਤ ਮਿਹਨਤ ਕਰਨ ਵਾਲਾ ਵਫ਼ਾਦਾਰ ਬਜ਼ੁਰਗ ਸੀ। ਉਸ ਨੇ ਵਧੀਆ ਮਿਸਾਲ ਰੱਖੀ, ਇੱਥੋਂ ਤਕ ਕਿ ਉਹ ਦੂਜਿਆਂ ਨੂੰ ਇਹ ਕਹਿਣ ਲਈ ਪ੍ਰੇਰਿਤ ਹੋਇਆ ਕਿ ਉਹ ਉਸ ਦੀ ਰੀਸ ਕਰਨ ਜਿਵੇਂ ਉਸ ਨੇ ਮਸੀਹ ਦੀ ਰੀਸ ਕੀਤੀ। (1 ਕੁਰਿੰ. 11:1) ਗੌਰ ਕਰੋ ਉਸ ਨੇ ਬਜ਼ੁਰਗ ਵਜੋਂ ਆਪਣੇ ਕੰਮ ਬਾਰੇ ਕੀ ਕਿਹਾ: “ਅਸੀਂ ਪਿਆਰ ਨਾਲ ਤੁਹਾਡੇ ਨਾਲ ਪੇਸ਼ ਆਏ ਜਿਵੇਂ ਮਾਂ ਆਪਣੇ ਦੁੱਧ ਚੁੰਘਦੇ ਬੱਚਿਆਂ ਦੀ ਪਿਆਰ ਨਾਲ ਦੇਖ-ਭਾਲ ਕਰਦੀ ਹੈ।” (1 ਥੱਸ. 2:7) ਇਸੇ ਤਰ੍ਹਾਂ ਅੱਜ ਬਾਈਬਲ ਵਿੱਚੋਂ ਦਿਲਾਸਾ ਦਿੰਦਿਆਂ ਬਜ਼ੁਰਗ ਉਨ੍ਹਾਂ ਨਾਲ ਪਿਆਰ ਅਤੇ ਕੋਮਲਤਾ ਨਾਲ ਗੱਲ ਕਰ ਸਕਦੇ ਹਨ ਜਿਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ।

ਸਮਝਦਾਰ ਭੈਣਾਂ ਵੱਲੋਂ ਦਿੱਤੇ ਦਿਲਾਸੇ ਦਾ ਅਕਸਰ ਵਧੀਆ ਅਸਰ ਪੈਂਦਾ ਹੈ (ਪੈਰਾ 11 ਦੇਖੋ) *

11. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬਜ਼ੁਰਗਾਂ ਤੋਂ ਇਲਾਵਾ ਦੂਜੇ ਵੀ ਦਿਲਾਸਾ ਦੇ ਸਕਦੇ ਹਨ?

11 ਕੀ ਸਿਰਫ਼ ਬਜ਼ੁਰਗ ਹੀ ਬਦਫ਼ੈਲੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਦਿਲਾਸਾ ਦੇ ਸਕਦੇ ਹਨ? ਨਹੀਂ। “ਇਕ-ਦੂਜੇ ਨੂੰ ਦਿਲਾਸਾ ਦਿੰਦੇ” ਰਹਿਣ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ। (1 ਥੱਸ. 4:18) ਖ਼ਾਸ ਤੌਰ ’ਤੇ ਸਮਝਦਾਰ ਮਸੀਹੀ ਭੈਣਾਂ ਤੋਂ ਉਨ੍ਹਾਂ ਭੈਣਾਂ ਨੂੰ ਦਿਲਾਸਾ ਮਿਲ ਸਕਦਾ ਹੈ ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਇਸ ਲਈ ਕੋਈ ਸ਼ੱਕ ਨਹੀਂ ਕਿ ਯਹੋਵਾਹ ਪਰਮੇਸ਼ੁਰ ਨੇ ਕਿਉਂ ਆਪਣੀ ਤੁਲਨਾ ਉਸ ਮਾਂ ਨਾਲ ਕੀਤੀ ਜੋ ਆਪਣੇ ਪੁੱਤ ਨੂੰ ਦਿਲਾਸਾ ਦਿੰਦੀ ਹੈ। (ਯਸਾ. 66:13) ਬਾਈਬਲ ਵਿਚ ਉਨ੍ਹਾਂ ਔਰਤਾਂ ਦੀਆਂ ਮਿਸਾਲਾਂ ਵੀ ਦਰਜ ਹਨ ਜਿਨ੍ਹਾਂ ਨੇ ਦੁਖੀ ਲੋਕਾਂ ਨੂੰ ਦਿਲਾਸਾ ਦਿੱਤਾ। (ਅੱਯੂ. 42:11) ਯਹੋਵਾਹ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਜਦੋਂ ਭੈਣਾਂ ਦੁੱਖ ਵਿੱਚੋਂ ਗੁਜ਼ਰ ਰਹੀਆਂ ਭੈਣਾਂ ਨੂੰ ਦਿਲਾਸਾ ਦਿੰਦੀਆਂ ਹੋਣੀਆਂ! ਕੁਝ ਮਾਮਲਿਆਂ ਵਿਚ ਬਜ਼ੁਰਗ ਸ਼ਾਇਦ ਕਿਸੇ ਸਮਝਦਾਰ ਮਸੀਹੀ ਭੈਣ ਤੋਂ ਪੁੱਛਣ, ‘ਕੀ ਉਹ ਦੁੱਖ ਵਿੱਚੋਂ ਗੁਜ਼ਰ ਰਹੀ ਕਿਸੇ ਭੈਣ ਨੂੰ ਦਿਲਾਸਾ ਦੇ ਸਕਦੀ ਹੈ?’ *

ਅਸੀਂ ਦਿਲਾਸਾ ਕਿਵੇਂ ਦੇ ਸਕਦੇ ਹਾਂ?

12. ਅਸੀਂ ਕਿਸ ਗੱਲ ਦਾ ਧਿਆਨ ਰੱਖਾਂਗੇ?

12 ਬਿਨਾਂ ਸ਼ੱਕ, ਕਿਸੇ ਭੈਣ ਜਾਂ ਭਰਾ ਦੀ ਮਦਦ ਕਰਦਿਆਂ ਸਾਨੂੰ ਉਨ੍ਹਾਂ ਗੱਲਾਂ ਬਾਰੇ ਨਹੀਂ ਪੁੱਛਣਾ ਚਾਹੀਦਾ ਜਿਨ੍ਹਾਂ ਬਾਰੇ ਉਹ ਗੱਲ ਨਹੀਂ ਕਰਨੀ ਚਾਹੁੰਦਾ। (1 ਥੱਸ. 4:11) ਤਾਂ ਫਿਰ ਅਸੀਂ ਉਨ੍ਹਾਂ ਲਈ ਕੀ ਕਰ ਸਕਦੇ ਹਾਂ ਜੋ ਸਾਡੇ ਤੋਂ ਮਦਦ ਤੇ ਦਿਲਾਸਾ ਚਾਹੁੰਦੇ ਹਨ? ਆਓ ਆਪਾਂ ਬਾਈਬਲ ਵਿੱਚੋਂ ਪੰਜ ਤਰੀਕੇ ਦੇਖੀਏ ਜਿਨ੍ਹਾਂ ਰਾਹੀਂ ਅਸੀਂ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹਾਂ।

13. ਪਹਿਲਾ ਰਾਜਿਆਂ 19:5-8 ਵਿਚ ਯਹੋਵਾਹ ਦੇ ਦੂਤ ਨੇ ਏਲੀਯਾਹ ਲਈ ਕੀ ਕੀਤਾ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

13 ਕੁਝ ਕਰ ਕੇ ਮਦਦ ਕਰੋ। ਜਦੋਂ ਏਲੀਯਾਹ ਨਬੀ ਆਪਣੀ ਜਾਨ ਬਚਾਉਣ ਲਈ ਭੱਜ ਰਿਹਾ ਸੀ, ਤਾਂ ਉਹ ਇੰਨਾ ਨਿਰਾਸ਼ ਸੀ ਕਿ ਉਹ ਮਰਨਾ ਚਾਹੁੰਦਾ ਸੀ। ਯਹੋਵਾਹ ਨੇ ਉਸ ਨਿਰਾਸ਼ ਆਦਮੀ ਨੂੰ ਦਿਲਾਸਾ ਦੇਣ ਲਈ ਆਪਣੇ ਸ਼ਕਤੀਸ਼ਾਲੀ ਦੂਤ ਨੂੰ ਭੇਜਿਆ। ਦੂਤ ਨੇ ਕੁਝ ਕਰ ਕੇ ਉਸ ਦੀ ਮਦਦ ਕੀਤੀ। ਉਸ ਨੇ ਏਲੀਯਾਹ ਨੂੰ ਗਰਮ-ਗਰਮ ਖਾਣਾ ਦਿੱਤਾ ਅਤੇ ਪਿਆਰ ਨਾਲ ਉਸ ਨੂੰ ਖਾਣ ਲਈ ਕਿਹਾ। (1 ਰਾਜਿਆਂ 19:5-8 ਪੜ੍ਹੋ।) ਇਸ ਬਿਰਤਾਂਤ ਤੋਂ ਅਸੀਂ ਇਕ ਵਧੀਆ ਗੱਲ ਸਿੱਖਦੇ ਹਾਂ ਕਿ ਛੋਟਾ ਜਿਹਾ ਕੰਮ ਕਰਨ ਨਾਲ ਹੀ ਕਿਸੇ ਦੀ ਬਹੁਤ ਮਦਦ ਹੋ ਸਕਦੀ ਹੈ। ਅਸੀਂ ਦੁੱਖ ਝੱਲ ਰਹੇ ਭੈਣ ਜਾਂ ਭਰਾ ਲਈ ਖਾਣਾ ਬਣਾ ਕੇ, ਉਸ ਨੂੰ ਛੋਟਾ ਜਿਹਾ ਤੋਹਫ਼ਾ ਦੇ ਕੇ, ਉਸ ਨੂੰ ਆਪਣੇ ਘਰ ਬੁਲਾ ਕੇ ਜਾਂ ਉਸ ਨੂੰ ਮਿਲਣ ਜਾ ਕੇ ਆਪਣਾ ਪਿਆਰ ਅਤੇ ਪਰਵਾਹ ਜ਼ਾਹਰ ਕਰ ਸਕਦੇ ਹਾਂ। ਇਹ ਕੁਝ ਕੰਮ ਕਰ ਕੇ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ ਜੇ ਸਾਨੂੰ ਲੱਗਦਾ ਹੈ ਕਿ ਸਾਡੇ ਲਈ ਉਨ੍ਹਾਂ ਦੀਆਂ ਕੌੜੀਆਂ ਯਾਦਾਂ ਜਾਂ ਭਾਵਨਾਵਾਂ ਬਾਰੇ ਗੱਲ ਕਰਨੀ ਔਖੀ ਹੈ।

14. ਅਸੀਂ ਏਲੀਯਾਹ ਦੇ ਬਿਰਤਾਂਤ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ?

14 ਨਿਰਾਸ਼ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਓ ਤਾਂਕਿ ਉਹ ਬੇਝਿਜਕ ਹੋ ਕੇ ਗੱਲ ਕਰ ਸਕਣ। ਏਲੀਯਾਹ ਦੇ ਬਿਰਤਾਂਤ ਤੋਂ ਅਸੀਂ ਇਕ ਹੋਰ ਸਬਕ ਸਿੱਖ ਸਕਦੇ ਹਾਂ। ਯਹੋਵਾਹ ਨੇ ਚਮਤਕਾਰੀ ਢੰਗ ਨਾਲ ਨਬੀ ਨੂੰ ਦੂਰ ਹੋਰੇਬ ਪਹਾੜ ਤਕ ਜਾਣ ਵਿਚ ਮਦਦ ਕੀਤੀ। ਸ਼ਾਇਦ ਇਸ ਦੂਰ-ਦੁਰਾਡੀ ਜਗ੍ਹਾ ’ਤੇ ਏਲੀਯਾਹ ਨੇ ਆਪਣੇ ਆਪ ਵਿਚ ਸੁਰੱਖਿਅਤ ਮਹਿਸੂਸ ਕੀਤਾ ਜਿੱਥੇ ਕਾਫ਼ੀ ਸਮਾਂ ਪਹਿਲਾਂ ਯਹੋਵਾਹ ਨੇ ਆਪਣੇ ਲੋਕਾਂ ਨਾਲ ਇਕਰਾਰ ਕੀਤਾ ਸੀ। ਉਸ ਨੂੰ ਸ਼ਾਇਦ ਲੱਗਦਾ ਹੋਣਾ ਕਿ ਅਖ਼ੀਰ ਉਹ ਆਪਣੇ ਦੁਸ਼ਮਣਾਂ ਦੀ ਪਹੁੰਚ ਤੋਂ ਬਹੁਤ ਦੂਰ ਆ ਗਿਆ ਸੀ ਜੋ ਉਸ ਨੂੰ ਮਾਰਨਾ ਚਾਹੁੰਦੇ ਸਨ। ਇਸ ਤੋਂ ਅਸੀਂ ਕਿਹੜਾ ਸਬਕ ਸਿੱਖ ਸਕਦੇ ਹਾਂ? ਜੇ ਅਸੀਂ ਬਦਫ਼ੈਲੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਦਿਲਾਸਾ ਦੇਣਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਪਹਿਲਾਂ ਅਸੀਂ ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਕਰਾਈਏ। ਮਿਸਾਲ ਲਈ, ਬਜ਼ੁਰਗਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਕ ਨਿਰਾਸ਼ ਭੈਣ ਸ਼ਾਇਦ ਕਿੰਗਡਮ ਹਾਲ ਦੀ ਬਜਾਇ ਆਪਣੇ ਘਰ ਵਿਚ ਸੁਰੱਖਿਅਤ ਮਹਿਸੂਸ ਕਰੇ ਅਤੇ ਉੱਥੇ ਬੇਝਿਜਕ ਗੱਲ ਕਰ ਸਕੇ। ਦੂਜੇ ਪਾਸੇ, ਕੋਈ ਹੋਰ ਭੈਣ ਸ਼ਾਇਦ ਆਪਣੇ ਨਾਲ ਹੋਈ ਬਦਫ਼ੈਲੀ ਬਾਰੇ ਕਿੰਗਡਮ ਹਾਲ ਵਿਚ ਗੱਲ ਕਰਨੀ ਚਾਹੇ।

ਅਸੀਂ ਉਨ੍ਹਾਂ ਦੀ ਗੱਲ ਸੁਣ ਕੇ, ਦਿਲੋਂ ਪ੍ਰਾਰਥਨਾ ਕਰ ਕੇ ਅਤੇ ਵਧੀਆ ਸ਼ਬਦ ਬੋਲ ਕੇ ਉਨ੍ਹਾਂ ਦੇ ਦਰਦ ਨੂੰ ਘਟਾ ਸਕਦੇ ਹਾਂ (ਪੈਰੇ 15-20 ਦੇਖੋ) *

15-16. ਚੰਗੇ ਸੁਣਨ ਵਾਲੇ ਬਣਨ ਦਾ ਕੀ ਮਤਲਬ ਹੈ?

15 ਚੰਗੇ ਸੁਣਨ ਵਾਲੇ ਬਣੋ। ਬਾਈਬਲ ਸਾਫ਼-ਸਾਫ਼ ਇਹ ਸਲਾਹ ਦਿੰਦੀ ਹੈ: “ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ।” (ਯਾਕੂ. 1:19) ਕੀ ਅਸੀਂ ਆਰਾਮ ਨਾਲ ਦੂਜਿਆਂ ਦੀ ਗੱਲ ਸੁਣਦੇ ਹਾਂ? ਅਸੀਂ ਸ਼ਾਇਦ ਸੋਚੀਏ ਕਿ ਚੰਗੇ ਸੁਣਨ ਵਾਲੇ ਬਣਨ ਦਾ ਮਤਲਬ ਹੈ, ਬਿਨਾਂ ਕੁਝ ਕਹੇ ਗੱਲ ਕਰ ਰਹੇ ਵਿਅਕਤੀ ਵੱਲ ਦੇਖਣਾ। ਪਰ ਚੰਗੇ ਸੁਣਨ ਵਾਲੇ ਬਣਨ ਵਿਚ ਹੋਰ ਵੀ ਕੁਝ ਕਰਨਾ ਸ਼ਾਮਲ ਹੈ। ਮਿਸਾਲ ਲਈ, ਏਲੀਯਾਹ ਨੇ ਆਪਣੇ ਦਿਲ ਦੀਆਂ ਗੱਲਾਂ ਯਹੋਵਾਹ ਨੂੰ ਦੱਸੀਆਂ ਕਿ ਉਹ ਕਿੰਨਾ ਦੁਖੀ ਸੀ ਅਤੇ ਯਹੋਵਾਹ ਨੇ ਉਸ ਦੀਆਂ ਗੱਲਾਂ ਸੁਣੀਆਂ। ਯਹੋਵਾਹ ਨੇ ਸਮਝਿਆ ਕਿ ਏਲੀਯਾਹ ਡਰਿਆ ਤੇ ਇਕੱਲਾ ਮਹਿਸੂਸ ਕਰਦਾ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਉਹ ਜੋ ਕਰ ਰਿਹਾ ਸੀ ਸਭ ਬੇਕਾਰ ਸੀ। ਯਹੋਵਾਹ ਨੇ ਉਸ ਦੀ ਹਰ ਚਿੰਤਾ ਨੂੰ ਪਿਆਰ ਨਾਲ ਦੂਰ ਕੀਤਾ। ਉਸ ਨੇ ਦਿਖਾਇਆ ਕਿ ਉਸ ਨੇ ਸੱਚ-ਮੱਚ ਏਲੀਯਾਹ ਦੀ ਗੱਲ ਧਿਆਨ ਨਾਲ ਸੁਣੀ ਸੀ।​—1 ਰਾਜ. 19:9-11, 15-18.

16 ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਗੱਲ ਸੁਣਦਿਆਂ ਉਨ੍ਹਾਂ ਨੂੰ ਦਇਆ ਅਤੇ ਹਮਦਰਦੀ ਕਿਵੇਂ ਦਿਖਾ ਸਕਦੇ ਹਾਂ? ਕਦੇ-ਕਦੇ ਸੋਚ-ਸਮਝ ਕੇ ਅਤੇ ਪਿਆਰ ਨਾਲ ਕਹੇ ਕੁਝ ਸ਼ਬਦਾਂ ਤੋਂ ਹੀ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਤੁਸੀਂ ਕਹਿ ਸਕਦੇ ਹੋ: “ਮੈਨੂੰ ਬਹੁਤ ਦੁੱਖ ਲੱਗਾ ਕਿ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ। ਕਿਸੇ ਵੀ ਬੱਚੇ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।” ਤੁਸੀਂ ਆਪਣੇ ਦੁਖੀ ਦੋਸਤ ਦੀ ਗੱਲ ਸਮਝਣ ਲਈ ਉਸ ਨੂੰ ਇਕ ਜਾਂ ਦੋ ਸਵਾਲ ਪੁੱਛ ਸਕਦੇ ਹੋ? ਤੁਸੀਂ ਪੁੱਛ ਸਕਦੇ ਹੋ, “ਜੇ ਤੁਸੀਂ ਬੁਰਾ ਨਾ ਮੰਨੋ, ਤਾਂ ਕੀ ਤੁਸੀਂ ਮੈਨੂੰ ਦੁਬਾਰਾ ਦੱਸ ਸਕਦੇ ਹੋ?” ਜਾਂ “ਜਦੋਂ ਤੁਸੀਂ ਮੈਨੂੰ ਦੱਸਿਆ, ਤਾਂ ਮੈਨੂੰ ਸਮਝ ਆਈ ਕਿ . . . ਕੀ ਤੁਸੀਂ ਇਹੀ ਕਹਿਣਾ ਚਾਹੁੰਦੇ ਸੀ?” ਇਸ ਤਰ੍ਹਾਂ ਪਿਆਰ ਨਾਲ ਗੱਲ ਕਰਨ ਨਾਲ ਉਸ ਨੂੰ ਭਰੋਸਾ ਹੋਵੇਗਾ ਕਿ ਤੁਸੀਂ ਉਸ ਦੀ ਗੱਲ ਧਿਆਨ ਨਾਲ ਸੁਣ ਰਹੇ ਹੋ ਅਤੇ ਉਸ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ।​—1 ਕੁਰਿੰ. 13:4, 7.

17. ਸਾਨੂੰ ਧੀਰਜ ਰੱਖਣ ਅਤੇ “ਬੋਲਣ ਵਿਚ ਕਾਹਲੀ” ਕਿਉਂ ਨਹੀਂ ਕਰਨੀ ਚਾਹੀਦੀ?

17 ਧਿਆਨ ਰੱਖੋ ਕਿ “ਬੋਲਣ ਵਿਚ ਕਾਹਲੀ ਨਾ” ਕਰੋ। ਉਸ ਦੀ ਗੱਲ ਵਿੱਚੋਂ ਹੀ ਟੋਕ ਕੇ ਸਲਾਹ ਨਾ ਦਿਓ ਜਾਂ ਉਸ ਦੀ ਸੋਚ ਸੁਧਾਰਨ ਦੀ ਕੋਸ਼ਿਸ਼ ਨਾ ਕਰੋ। ਨਾਲੇ ਧੀਰਜ ਰੱਖੋ। ਅਖ਼ੀਰ ਜਦੋਂ ਏਲੀਯਾਹ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ, ਤਾਂ ਉਹ ਬਹੁਤ ਦੁਖੀ ਸੀ ਤੇ ਉਸ ਨੇ ਨਿਰਾਸ਼ਾ ਵਾਲੀਆਂ ਗੱਲਾਂ ਕਹੀਆਂ। ਬਾਅਦ ਵਿਚ, ਜਦੋਂ ਯਹੋਵਾਹ ਨੇ ਏਲੀਯਾਹ ਦੀ ਨਿਹਚਾ ਮਜ਼ਬੂਤ ਕੀਤੀ, ਤਾਂ ਉਸ ਨੇ ਫਿਰ ਤੋਂ ਆਪਣੇ ਦਿਲ ਦੀਆਂ ਗੱਲਾਂ ਦੱਸਦਿਆਂ ਉਹੀ ਨਿਰਾਸ਼ਾ ਵਾਲੀਆਂ ਗੱਲਾਂ ਦੁਹਰਾਈਆਂ। (1 ਰਾਜ. 19:9, 10, 13, 14) ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਕਈ ਵਾਰ ਨਿਰਾਸ਼ ਲੋਕ ਇਕ ਤੋਂ ਜ਼ਿਆਦਾ ਵਾਰ ਆਪਣੇ ਦਿਲ ਦੀਆਂ ਗੱਲਾਂ ਦੱਸਣੀਆਂ ਚਾਹੁੰਦੇ ਹਨ। ਯਹੋਵਾਹ ਵਾਂਗ ਅਸੀਂ ਉਨ੍ਹਾਂ ਦੀ ਗੱਲ ਧੀਰਜ ਨਾਲ ਸੁਣਨੀ ਚਾਹੁੰਦੇ ਹਾਂ। ਸਮੱਸਿਆ ਦਾ ਹੱਲ ਦੱਸਣ ਦੀ ਬਜਾਇ ਅਸੀਂ ਉਨ੍ਹਾਂ ਨੂੰ ਦਇਆ ਅਤੇ ਹਮਦਰਦੀ ਦਿਖਾਵਾਂਗੇ।​—1 ਪਤ. 3:8.

18. ਦੁਖੀ ਭੈਣ ਜਾਂ ਭਰਾ ਨਾਲ ਪ੍ਰਾਰਥਨਾ ਕਰ ਕੇ ਉਸ ਨੂੰ ਦਿਲਾਸਾ ਕਿਉਂ ਮਿਲ ਸਕਦਾ ਹੈ?

18 ਦੁਖੀ ਭੈਣ ਜਾਂ ਭਰਾ ਨਾਲ ਦਿਲੋਂ ਪ੍ਰਾਰਥਨਾ ਕਰੋ। ਦੁਖੀ ਵਿਅਕਤੀ ਸ਼ਾਇਦ ਪ੍ਰਾਰਥਨਾ ਨਾ ਕਰ ਸਕੇ। ਉਹ ਸ਼ਾਇਦ ਪ੍ਰਾਰਥਨਾ ਰਾਹੀਂ ਯਹੋਵਾਹ ਦੇ ਸਾਮ੍ਹਣੇ ਜਾਣ ਦੇ ਆਪਣੇ ਆਪ ਨੂੰ ਲਾਇਕ ਨਾ ਸਮਝੇ। ਜੇ ਅਸੀਂ ਅਜਿਹੇ ਵਿਅਕਤੀ ਨੂੰ ਦਿਲਾਸਾ ਦੇਣਾ ਚਾਹੁੰਦੇ ਹਾਂ, ਤਾਂ ਸ਼ਾਇਦ ਅਸੀਂ ਉਸ ਨਾਲ ਉਸ ਦਾ ਨਾਂ ਲੈ ਕੇ ਪ੍ਰਾਰਥਨਾ ਕਰ ਸਕਦੇ ਹਾਂ। ਅਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਦੱਸ ਸਕਦੇ ਹਾਂ ਕਿ ਨਿਰਾਸ਼ ਭੈਣ ਜਾਂ ਭਰਾ ਸਾਡੇ ਲਈ ਅਤੇ ਮੰਡਲੀ ਲਈ ਕਿੰਨਾ ਪਿਆਰਾ ਹੈ। ਅਸੀਂ ਯਹੋਵਾਹ ਨੂੰ ਕਹਿ ਸਕਦੇ ਹਾਂ ਕਿ ਉਹ ਆਪਣੇ ਉਸ ਅਨਮੋਲ ਸੇਵਕ ਨੂੰ ਸ਼ਾਂਤੀ ਅਤੇ ਦਿਲਾਸਾ ਦੇਵੇ। ਇਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਤੋਂ ਬਹੁਤ ਦਿਲਾਸਾ ਮਿਲ ਸਕਦਾ ਹੈ।​—ਯਾਕੂ. 5:16.

19. ਅਸੀਂ ਕਿਹੜੀ ਗੱਲ ਦੀ ਮਦਦ ਨਾਲ ਕਿਸੇ ਨੂੰ ਦਿਲਾਸਾ ਦੇਣ ਲਈ ਤਿਆਰ ਹੋ ਸਕਦੇ ਹਾਂ?

19 ਅਜਿਹੇ ਸ਼ਬਦ ਕਹੋ ਜਿਸ ਨਾਲ ਉਸ ਦਾ ਦੁੱਖ ਘਟੇ ਅਤੇ ਉਸ ਨੂੰ ਦਿਲਾਸਾ ਮਿਲੇ। ਬੋਲਣ ਤੋਂ ਪਹਿਲਾਂ ਸੋਚੋ। ਬੇਸੋਚੇ ਬੋਲ ਦੁੱਖ ਪਹੁੰਚਾ ਸਕਦੇ ਹਨ। ਪਿਆਰ ਭਰੇ ਸ਼ਬਦ ਚੰਗਾ ਕਰ ਸਕਦੇ ਹਨ। (ਕਹਾ. 12:18) ਇਸ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਪਿਆਰ ਭਰੇ ਅਤੇ ਦਿਲਾਸਾ ਦੇਣ ਵਾਲੇ ਸ਼ਬਦ ਕਹਿਣ ਵਿਚ ਤੁਹਾਡੀ ਮਦਦ ਕਰੇ। ਯਾਦ ਰੱਖੋ ਕਿ ਕੋਈ ਵੀ ਸ਼ਬਦ ਬਾਈਬਲ ਵਿਚ ਦਿੱਤੇ ਯਹੋਵਾਹ ਦੇ ਸ਼ਬਦਾਂ ਤੋਂ ਜ਼ਿਆਦਾ ਤਾਕਤਵਰ ਨਹੀਂ ਹਨ।​—ਇਬ. 4:12.

20. ਬਦਫ਼ੈਲੀ ਦੇ ਸ਼ਿਕਾਰ ਹੋਣ ਕਰਕੇ ਸਾਡੇ ਕੁਝ ਭੈਣ-ਭਰਾ ਸ਼ਾਇਦ ਆਪਣੇ ਬਾਰੇ ਕਿਵੇਂ ਮਹਿਸੂਸ ਕਰਨ ਅਤੇ ਅਸੀਂ ਉਨ੍ਹਾਂ ਨੂੰ ਕੀ ਯਾਦ ਕਰਾਉਣਾ ਚਾਹੁੰਦੇ ਹਾਂ?

20 ਭੈਣ-ਭਰਾ ਜਿਨ੍ਹਾਂ ਨਾਲ ਬਚਪਨ ਵਿਚ ਬਦਫ਼ੈਲੀ ਹੋਈ ਸੀ ਉਹ ਸ਼ਾਇਦ ਆਪਣੇ ਬਾਰੇ ਘਟੀਆ ਅਤੇ ਬੇਕਾਰ ਮਹਿਸੂਸ ਕਰਨ ਅਤੇ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਨੂੰ ਕੋਈ ਪਿਆਰ ਨਹੀਂ ਕਰਦਾ ਕਿਉਂਕਿ ਉਹ ਕਿਸੇ ਦੇ ਪਿਆਰ ਦੇ ਲਾਇਕ ਹੀ ਨਹੀਂ ਹਨ। ਕਿੰਨਾ ਹੀ ਭੈੜਾ ਝੂਠ! ਇਸ ਲਈ ਬਾਈਬਲ ਵਰਤ ਕੇ ਉਨ੍ਹਾਂ ਨੂੰ ਅਹਿਸਾਸ ਕਰਾਓ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਕਿੰਨੇ ਅਨਮੋਲ ਹਨ। (“ ਧਰਮ-ਗ੍ਰੰਥ ਤੋਂ ਦਿਲਾਸਾ” ਨਾਂ ਦੀ ਡੱਬੀ ਦੇਖੋ।) ਯਾਦ ਕਰੋ ਕਿ ਇਕ ਦੂਤ ਨੇ ਦਾਨੀਏਲ ਨੂੰ ਕਿਵੇਂ ਤਕੜਾ ਕੀਤਾ ਸੀ ਜਦੋਂ ਉਹ ਬਹੁਤ ਜ਼ਿਆਦਾ ਨਿਰਾਸ਼ ਅਤੇ ਕਮਜ਼ੋਰ ਮਹਿਸੂਸ ਕਰ ਰਿਹਾ ਸੀ। ਯਹੋਵਾਹ ਚਾਹੁੰਦਾ ਸੀ ਕਿ ਉਸ ਦਾ ਪਿਆਰਾ ਸੇਵਕ ਦਾਨੀਏਲ ਇਹ ਗੱਲ ਜਾਣੇ ਕਿ ਉਹ ਕਿੰਨਾ ਅਨਮੋਲ ਸੀ। (ਦਾਨੀ. 10:2, 11, 19) ਇਸੇ ਤਰ੍ਹਾਂ ਸਾਡੇ ਦੁਖੀ ਭੈਣ-ਭਰਾ ਯਹੋਵਾਹ ਲਈ ਅਨਮੋਲ ਹਨ।

21. ਤੋਬਾ ਨਾ ਕਰਨ ਵਾਲੇ ਸਾਰੇ ਪਾਪੀਆਂ ਨਾਲ ਭਵਿੱਖ ਵਿਚ ਕੀ ਹੋਵੇਗਾ, ਪਰ ਉਹ ਸਮਾਂ ਆਉਣ ਤਕ ਸਾਨੂੰ ਕੀ ਕਰਨ ਦਾ ਇਰਾਦਾ ਕਰਨਾ ਚਾਹੀਦਾ ਹੈ?

21 ਦੂਜਿਆਂ ਨੂੰ ਦਿਲਾਸਾ ਦੇ ਕੇ ਅਸੀਂ ਉਨ੍ਹਾਂ ਨੂੰ ਯਾਦ ਕਰਾਉਂਦੇ ਹਾਂ ਕਿ ਯਹੋਵਾਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦਾ ਹੈ। ਨਾਲੇ ਸਾਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਯਹੋਵਾਹ ਨਿਆਂ ਦਾ ਪਰਮੇਸ਼ੁਰ ਵੀ ਹੈ। ਬਦਫ਼ੈਲੀ ਦੀ ਕੋਈ ਵੀ ਗੱਲ ਯਹੋਵਾਹ ਕੋਲੋਂ ਛੁਪੀ ਹੋਈ ਨਹੀਂ ਹੈ। ਯਹੋਵਾਹ ਸਭ ਕੁਝ ਦੇਖਦਾ ਹੈ ਅਤੇ ਉਹ ਤੋਬਾ ਨਾ ਕਰਨ ਵਾਲੇ ਪਾਪੀਆਂ ਨੂੰ ਸਜ਼ਾ ਜ਼ਰੂਰ ਦੇਵੇਗਾ। (ਗਿਣ. 14:18) ਉਦੋਂ ਤਕ ਆਓ ਆਪਾਂ ਬਦਫ਼ੈਲੀ ਦੇ ਸ਼ਿਕਾਰ ਹੋਏ ਭੈਣਾਂ-ਭਰਾਵਾਂ ਨੂੰ ਦਿਲਾਸਾ ਦਿੰਦੇ ਰਹੀਏ। ਇਸ ਤੋਂ ਜ਼ਿਆਦਾ ਸਾਨੂੰ ਇਹ ਗੱਲ ਜਾਣ ਕੇ ਦਿਲਾਸਾ ਮਿਲਦਾ ਹੈ ਕਿ ਸ਼ੈਤਾਨ ਅਤੇ ਉਸ ਦੀ ਦੁਨੀਆਂ ਦਾ ਸ਼ਿਕਾਰ ਹੋਣ ਕਰ ਕੇ ਜੋ ਜ਼ਖ਼ਮ ਸਾਨੂੰ ਮਿਲੇ ਹਨ ਯਹੋਵਾਹ ਉਨ੍ਹਾਂ ਜ਼ਖ਼ਮਾਂ ਨੂੰ ਹਮੇਸ਼ਾ ਲਈ ਭਰ ਦੇਵੇਗਾ। ਜਲਦੀ ਹੀ ਉਹ ਸਮਾਂ ਆਵੇਗਾ ਜਦੋਂ ਇਹ ਦੁੱਖ ਦੇਣ ਵਾਲੀਆਂ ਗੱਲਾਂ ਫਿਰ ਕਦੀ ਵੀ ਸਾਡੇ ਦਿਲ ਤੇ ਦਿਮਾਗ਼ ਵਿਚ ਨਹੀਂ ਆਉਣਗੀਆਂ।​—ਯਸਾ. 65:17.

ਗੀਤ 25 ਪਿਆਰ ਹੈ ਸਾਡੀ ਪਛਾਣ

^ ਪੈਰਾ 5 ਬਚਪਨ ਵਿਚ ਬਦਫ਼ੈਲੀ ਦੇ ਸ਼ਿਕਾਰ ਲੋਕਾਂ ਨੂੰ ਸ਼ਾਇਦ ਕਈ ਸਾਲਾਂ ਬਾਅਦ ਵੀ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਹ ਲੇਖ ਸਾਡੀ ਇਹ ਸਮਝਣ ਵਿਚ ਮਦਦ ਕਰੇਗਾ ਕਿ ਉਨ੍ਹਾਂ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਹੈ। ਅਸੀਂ ਇਸ ਗੱਲ ’ਤੇ ਵੀ ਗੌਰ ਕਰਾਂਗੇ ਕਿ ਕੌਣ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹਨ। ਅਖ਼ੀਰ ਅਸੀਂ ਦਿਲਾਸਾ ਦੇਣ ਦੇ ਕੁਝ ਵਧੀਆ ਤਰੀਕੇ ਵੀ ਸਿੱਖਾਂਗੇ।

^ ਪੈਰਾ 11 ਬਦਫ਼ੈਲੀ ਦੇ ਸ਼ਿਕਾਰ ਵਿਅਕਤੀ ਨੇ ਡਾਕਟਰੀ ਮਦਦ ਲੈਣੀ ਹੈ ਜਾਂ ਨਹੀਂ, ਇਹ ਉਸ ਦਾ ਆਪਣਾ ਫ਼ੈਸਲਾ ਹੈ।

^ ਪੈਰਾ 76 ਤਸਵੀਰਾਂ ਬਾਰੇ ਜਾਣਕਾਰੀ: ਇਕ ਸਮਝਦਾਰ ਭੈਣ ਇਕ ਦੁਖੀ ਭੈਣ ਨੂੰ ਦਿਲਾਸਾ ਦਿੰਦੀ ਹੋਈ।

^ ਪੈਰਾ 78 ਤਸਵੀਰਾਂ ਬਾਰੇ ਜਾਣਕਾਰੀ: ਦੋ ਬਜ਼ੁਰਗ ਇਕ ਦੁਖੀ ਭੈਣ ਨੂੰ ਮਿਲਣ ਆਏ। ਉਸ ਦੁਖੀ ਭੈਣ ਨੇ ਇਸ ਮੌਕੇ ’ਤੇ ਉਸ ਸਮਝਦਾਰ ਭੈਣ ਨੂੰ ਵੀ ਬੁਲਾਇਆ ਹੈ।